ਜੈ ਮਾਲਾ

by Sandeep Kaur

ਮੇਲੇ ਵਿੱਚ ਪੂਰੀ ਗਹਿਮਾ ਗਹਿਮੀ ਸੀ। ਮੋਢੇ ਨਾਲ ਮੋਢਾ ਖਹਿ ਰਿਹਾ ਸੀ। ਆਮ ਲੋਕਾਂ ਨਾਲ ਮੋਡਿਆਂ ਅਤੇ ਕੁੜੀਆਂ ਦੀਆਂ ਵੱਖ ਵੱਖ ਢਾਣੀਆਂ ਮੇਲੇ ਦਾ ਅਨੰਦ ਮਾਣ ਰਹੀਆਂ ਸਨ। ‘ਮੇਲਾ ਮੇਲੀ ਦਾ, ਰੁਪਏ ਧੇਲੀ ਦਾ’ ਦੇ ਅਖਾਣ ਅਨੁਸਾਰ ਪੁਰਾਣੇ ਦੋਸਤ ਮਿੱਤਰ ਅਤੇ ਸਹੇਲੀਆਂ ਮਿਲ ਰਹੀਆਂ ਸਨ ਅਤੇ ਜੇਬਾਂ ਹੌਲੀਆਂ ਹੁੰਦੀਆਂ ਜਾ ਰਹੀਆਂ ਸਨ।
ਮੇਲੇ ਦੇ ਇੱਕ ਪਾਸੇ ਮਨੋਰੰਜਨ ਦੇ ਸਾਧਨ ਚੱਲ ਰਹੇ ਸਨ। ਇੱਕ ਨਵੇਕਲੀ ਜਿਹੀ ਸਟਾਲ ਉੱਤੇ ਬਹੁਤ ਸਾਰੇ ਭਕਾਣੇ ਭਰ ਕੇ ਟੰਗੇ ਹੋਏ ਸਨ। ਛੋਟੀ ਜਿਹੀ ਰੋੜਾਂ ਵਾਲੀ ਬੰਦੂਕ ਨਾਲ ਨਿਸ਼ਾਨੇਬਾਜ਼ੀ ਚਲ ਰਹੀ ਸੀ। ਇੱਕ ਪ੍ਰੇਮ-ਜੋੜੀ ਬੜੀ ਦਿਲਚਸਪੀ ਨਾਲ ਉਸ ਨੂੰ ਵੇਖ ਰਹੀ ਸੀ।
‘ਕਿਉਂ ਰਚਾਉਣੇ ਮੈਚ?? ਕੁੜੀ ਨੇ ਪੁੱਛਿਆ। ‘ਹੋ ਜੇ ਫਿਰ, ਨਾਲੇ ਪਰਖ ਹੋਜੂ ਗੀ’ ਮੁੰਡਾ ਜਿਵੇਂ ਪਹਿਲਾਂ ਹੀ ਤਿਆਰ ਸੀ।
ਕੁੜੀ ਨੇ ਪੰਜ ਨਸ਼ਾਨਿਆਂ ਵਿੱਚ ਪੰਜ ਭਕਾਣੇ ਤੋੜ ਦਿੱਤੇ, ਪਰ ਮੁੰਡਾ ਪੰਜ ਨਿਸ਼ਾਨਿਆਂ ਵਿੱਚੋਂ ਕੇਵਲ ਤਿੰਨ ਵਿੱਚ ਸਫਲ ਹੋ ਸਕਿਆ।
‘ਸਵੰਬਰ ਤਾਂ ਤੁਸੀਂ ਹਾਰ ਗਏ।’ ਮੁੰਡੇ ਦਾ ਮੂੰਹ ਉੱਤਰਿਆ ਹੋਇਆ ਸੀ।
‘ਘਬਰਾਓ ਨਾ ਜੈ ਮਾਲਾ ਹਾਲੀ ਵੀ ਮੇਰੇ ਹੱਥ ਏ।” ਕੁੜੀ ਦੀ ਮੁਸ਼ਕਰਾਹਟ ਨੇ ਮੁੰਡੇ ਨੂੰ ਫਿਰ ਟਹਿਕਾ ਦਿੱਤਾ ਸੀ।

You may also like