ਰੱਬ ਸਦਾ ਚੰਗਾ ਕਰਦਾ ਹੈ 

by Sandeep Kaur

ਇਕ ਵਪਾਰੀ ਬਹੁਤ ਸਾਰਾ ਪੈਸਾ ਕਮਾ ਕੇ ਆਪਣੇ ਘਰ ਵਾਪਸ ਆ ਰਿਹਾ ਸੀ। ਉਸਦਾ ਰਸਤਾ ਜੰਗਲ ਵਿਚੋਂ ਹੋ ਕੇ ਜਾਂਦਾ ਸੀ। ਉਹ ਹਾਲੇ ਘਰ ਤੋਂ ਦੂਰ ਹੀ ਸੀ ਕਿ ਵਰਖਾ ਸ਼ੁਰੂ ਹੋ ਗਈ। ਤੇਜ਼ ਵਰਖਾ ਕਾਰਨ ਉਹ ਅਤੇ ਉਸ ਦਾ ਘੋੜਾ ਦੁੱਖੀ ਹੋ ਰਹੇ ਸਨ। ਵਪਾਰੀ ਤਾਂ ਬੁੜਬੁੜ ਕਰਨ ਲੱਗ ਪਿਆ। ਜਦੋਂ ਠੰਡੀ ਹਵਾ ਦੇ ਹੁਲਾਰੇ ਉਸਦੇ ਚੇਹਰੇ ਤੇ ਪੈਂਦੇ ਤਾਂ ਉਹ ਰੱਬ ਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ। 

ਜੰਗਲ ਦੇ ਇਕ ਮੋੜ ਤੇ ਇੱਕਦਮ ਦੋ ਡਾਕੂ ਉਸਦੇ ਸਾਹਮਣੇ ਆ ਗਏ। ਉਹਨਾਂ ਦੇ ਹੱਥਾਂ ਵਿਚ ਰਾਈਫਲਾਂ ਸਨ। ਉਹਨਾਂ ਨੇ ਉਸ ਵਪਾਰੀ ਨੂੰ ਰੁਕਣ ਲਈ ਕਿਹਾ। ਵਪਾਰੀ ਨੇ ਘੋੜੇ ਨੂੰ ਇੱਧਰ-ਉੱਧਰ ਕੀਤਾ ਅਤੇ ਡਾਕੂਆਂ ਤੋਂ ਬੱਚ ਨਿਕਲਿਆ। ਇਕਦਮ ਡਾਕੂਆਂ ਨੇ ਉਸ ਵਪਾਰੀ ਉੱਤੇ ਗੋਲੀ ਚਲਾ ਦਿੱਤੀ। ਪਰ ਗੋਲੀ ਨਾ ਚੱਲੀ। ਹਕੀਕਤ ਵਿਚ ਵਰਖਾ ਪੈਣ ਕਰਕੇ ਡਾਕੂਆਂ ਦੀ ਗੋਲੀ ਸਿੱਕਾ ਖਰਾਬ ਹੋ ਗਿਆ ਸੀ। 

ਵਪਾਰੀ ਦੀ ਜ਼ਿੰਦਗੀ ਅਤੇ ਸਮਾਨ ਬੱਚ ਗਏ। ਉਸਨੇ ਪ੍ਰਮਾਤਮਾ ਦਾ ਲੱਖ-ਲੱਖ ਧੰਨਵਾਦ ਕੀਤਾ। ਉਹ ਹੁਣ ਰੱਬ ਦੀ ਬੰਦਗੀ ਕਰ ਰਿਹਾ ਸੀ ਜਿਸ ਨੇ ਮੀਂਹ ਪਾ ਕੇ ਡਾਕੂਆਂ ਦਾ ਅਸਲਾ ਗਿੱਲਾ ਕਰ ਦਿੱਤਾ ਸੀ ਅਤੇ ਜਿਸ ਕਾਰਨ ਉਸ ਦੀ ਜਾਨ ਬੱਚ ਗਈ। ਹੁਣ ਮੀਂਹ ਬੰਦ ਹੋ ਗਿਆ ਸੀ ਤੇ ਧੁੱਪ ਨਿਕਲ ਆਈ ਸੀ।ਉਸਨੇ ਸੋਚਿਆ ਕਿ ਭਗਵਾਨ ਜੋ ਵੀ ਕਰਦਾ ਹੈ, ਸਭ ਠੀਕ ਅਤੇ ਚੰਗਾ ਹੀ ਕਰਦਾ ਹੈ।

ਸਿੱਖਿਆ-ਰੱਬ ਦੇ ਕੰਮਾਂ ਵਿਚ ਨੁਕਸ ਨਾ ਲੱਭੋ।

 

You may also like