ਦੀਵਾਲੀ

by Sandeep Kaur

ਮੰਡੀ ਵਿੱਚ ਪਿਆ ਝੋਨਾ ਭਾਵੇਂ ਹਾਲੀ ਵਿਕਿਆ ਨਹੀਂ ਸੀ ਪਰ ਬੱਚਿਆਂ ਲਈ ਦੀਵਾਲੀ ਉੱਤੇ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਸੀ। ਆੜਤੀਏ ਅੱਗੇ ਫਿਰ ਹੱਥ ਅੱਡਣ ਤੋਂ ਸਿਵਾ ਹੋਰ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ ਸੀ। ਪਹਿਲੀ ਫੜੀ ਰਕਮ ਤਾਂ ਕਬੀਲਦਾਰੀ ਦੀਆਂ ਲੋੜਾਂ ਨੇ ਕਦ ਦੀ ਨਿਗਲ ਲਈ ਸੀ।
ਨਿਧਾਨ ਸਿੰਘ ਨੇ ਦਬਮੀ ਜਿਹੀ ਜੀਭ ਨਾਲ ਆੜਤੀਏ ਅੱਗੇ ਫਿਰ ਆਪਣੀ ਮਜਬੂਰੀ ਰੱਖ ਦਿੱਤੀ ਸੀ। “ਕਰਾਂਗੇ ਕੋਈ ਬੰਨ ਸੁੱਬ, ਜੇ ਹੋ ਸਕਿਆ।’’ ਕਹਿਕੇ ਉਹ ਆਪਣੀ ਬਹੀ ਵਿੱਚ ਖੁੱਭ ਗਿਆ ਸੀ।
ਸ਼ਾਮ ਦੇ ਚਾਰ ਵੱਜ ਚੁੱਕੇ ਸਨ। ਪਿੰਡ ਵਾਲੀ ਆਖਰੀ ਬੱਸ ਵੀ ਪੰਜ ਵਜੇ ਨਿਕਲ ਜਾਂਦੀ ਸੀ। ਉਸ ਨੇ ਹੱਥ ਅੱਗੇ ਕੱਢਕੇ ਇਸ਼ਾਰੇ ਨਾਲ ਸੇਠ ਤੋਂ ਅੰਤਮ ਵਾਰ ਫਿਰ ਮੰਗ ਕੀਤੀ। ਬੁਝੇ ਜਿਹੇ ਮਨ ਨਾਲ ਉਸਨੇ ਸੌ ਸੌ ਦੇ ਦੋ ਨੋਟ ਉਸ ਦੀ ਵਧੀ ਹਥੇਲੀ ਉੱਤੀ ਧਰਕੇ ਨਾਲ ਹੀ ਬਹੀ ਵਿੱਚ ਝਰੀਟ ਮਾਰ ਦਿੱਤੀ।
ਨਿਧਾਨ ਸਿੰਘ ਨੇ ਬਜਾਰ ਵਿੱਚੋਂ ਦੀ ਲੰਘਦਿਆਂ ਕਾਹਲੀ ਨਾਲ ਪਟਾਕੇ, ਫੁਲਝੜੀਆਂ, ਆਤਸਵਾਜੀਆਂ ਨਾਲ ਮਠਿਆਈ ਖਰੀਦ ਕੇ ਪਰਨੇ ਦੇ ਲੜ ਬੰਨ ਲਈਆਂ ਸਨ। ਸਰੋਂ ਦੇ ਤੇਲ ਦੀ ਬੋਤਲ ਹੱਥ ਵਿੱਚ ਫੜ ਕੇ ਉਹ ਚੱਕਵੇਂ ਪੈਰੀਂ ਬੱਸਾਂ ਦੇ ਅੱਡੇ ਵੱਲ ਚਲ ਪਿਆ ਸੀ।
ਉਸ ਦੇ ਪਿੰਡ ਨੂੰ ਜਾਣ ਵਾਲੀ ਆਖਰੀ ਬੱਸ, ਅੱਡੇ ਤੋਂ ਬਾਹਰ ਨਿਕਲਦੀ ਹੀ ਮਿਲ ਗਈ ਸੀ। ਬੱਸ ਸਵਾਰੀਆਂ ਚੜਾਉਂਦੀ, ਲਾਹੁੰਦੀ ਕੱਚੇ ਰਾਹ ਉੱਤੇ ਕੀੜੀ ਦੀ ਚਾਲ ਚੱਲ ਰਹੀ ਸੀ। ਸੂਰਜ ਛੁਪ ਰਿਹਾ ਸੀ, ਉਸਦਾ ਪਿੰਡ ਹਾਲੀ ਵੀ ਪੰਜ ਮੀਲ ਦੂਰ ਸੀ ਅਤੇ ਬੱਸ ਖਰਾਬ ਹੋ ਕੇ ਖੜ੍ਹ ਗਈ ਸੀ। ਜਦ ਉਹ ਟੁਰਕੇ ਪਿੰਡ ਪੁੱਜਿਆ, ਦੀਵਾਲੀ ਦੇ ਦੀਵੇ ਬੁੱਝ ਚੁੱਕੇ ਸਨ, ਗਲੀਆਂ ਵਿੱਚ ਮੌਤ ਵਰਗੀ ਚੁੱਪ ਸੀ। ਉਸ ਦੇ ਘਰ ਪੁੱਜਦੇ ਨੂੰ ਸਾਰੇ ਬੱਚੇ ਸੌਂ ਚੁੱਕੇ ਸਨ ਅਤੇ ਉਨ੍ਹਾਂ ਦੀਆਂ ਗੱਲਾਂ ਉੱਤੇ ਹੰਝੂਆਂ ਦੀਆਂ ਘਰਾਲਾਂ ਜੰਮੀਆਂ ਹੋਈਆਂ ਸਨ।

You may also like