ਤੀਜੀ ਔਰਤ

by Sandeep Kaur

ਨਵਦੀਪ ਸਿੰਘ ਤੀਹ ਸਾਲ ਦਾ ਸੁੰਦਰ, ਸਡੌਲ ਅਤੇ ਸੰਵੇਦਨਸ਼ੀਲ ਨੌਜਵਾਨ ਸੀ। ਉਸ ਦਾ ਮਿੱਠਾ ਬਚਪਣ ਇੱਕ ਅੱਤ ਸੋਹਣੀ, ਸੁਸ਼ੀਲ ਅਤੇ ਸੁਚੱਜੀ ਔਰਤ ਨਾਲ ਬੀਤਿਆ, ਜਿਸ ਨੇ ਉਸ ਦੀਆਂ ਸਰੀਰਕ, ਮਾਨਸਿਕ ਅਤੇ ਸਮਾਜਿਕ ਲੋੜਾਂ ਦਾ ਪੂਰਾ ਧਿਆਨ ਹੀ ਨਹੀਂ ਰੱਖਿਆ ਸਗੋਂ ਉਨ੍ਹਾਂ ਦੀ ਪੂਰਤੀ ਲਈ ਸਖਤ ਪਹਿਰਾ ਦੇ ਕੇ ਉਸ ਨੂੰ ਜਵਾਨੀ ਦੀ ਉਂਗਲੀ ਲਾ ਦਿੱਤਾ ਸੀ।
ਦੂਜੀ ਔਰਤ ਉਸ ਨੂੰ ਬਹੁਤ ਹੀ ਕੋਮਲ ਪਿਆਰੀ ਅਤੇ ਸਹਿਣ-ਸ਼ੀਲ ਮਿਲੀ । ਜਿਸ ਨੇ ਉਸ ਦੇ ਰੱਖੜੀਆਂ ਬੰਨੀਆਂ, ਉਂਗਲਾਂ ਫੜੀਆਂ, ਖੇਡਾਂ ਵਿੱਚ ਸਾਥੀ ਬਣੀ, ਉਸ ਲਈ ਕੁੱਟਾਂ ਖਾਦੀਆਂ ਅਤੇ ਆਪਣਾ ਸਾਰਾ ਪਿਆਰ ਉਸ ਤੋਂ ਨਿਛਾਵਰ ਕਰ ਦਿੱਤਾ ਸੀ।
ਉਹ ਸਭ ਕੁਝ ਸਰਹੱਦੋਂ ਪਾਰ ਛੱਡ ਕੇ ਨਵੇਂ ਦੇਸ਼ ਆ ਗਿਆ ਸੀ। ਉਹ ਲੰਮਾ ਸਮਾਂ ਕਿਸੇ ਆਪਣੇ ਨੂੰ ਢੂੰਡਦਾ ਰਿਹਾ ਸੀ। ਆਪਣਾ ਤਾਂ ਉਸ ਨੂੰ ਕੀ ਮਿਲਣਾ ਸੀ, ਕਿਸੇ ਚਿਹਰੇ ਤੋਂ ਆਪਣੇ ਹੋਣ ਦਾ ਝੌਲਾ ਵੀ ਨਹੀਂ ਪਿਆ ਸੀ। ਉਹ ਕਿਸੇ ਤੀਜੀ ਔਰਤ ਦੀ ਭਾਲ ਕਰ ਰਿਹਾ ਸੀ, ਜੋ ਉਸ ਨਾਲ ਗੁੜੀ ਸਾਂਝ ਪਾਕੇ ਉਸਦਾ ਹੱਥ ਫੜ ਸਕੇ। ਉਸ ਦਾ ਅੰਦਰਲਾ ਫਰੋਲ ਕੇ ਆਪਣੇ ਅੰਦਰ ਦੀ ਝਾਤ ਪਵਾ ਸਕੇ। ਉਸ ਨੂੰ ਕਦੇ ਮਨ-ਇੱਛਤ ਚਿਹਰੇ ਦਾ ਨਿੱਘਾ ਹੁੰਗਾਰਾ ਨਾ ਮਿਲ ਸਕਿਆ। ਉਹ ਆਪਣੀ ਜਵਾਨੀ ਤੋਂ ਅੱਕ ਗਿਆ ਸੀ। ਹਰ ਸਮੇਂ ਦੇ ਸੀਰੀਰਕ ਤਨਾਓ ਉਸ ਨੂੰ ਅਸਹਿ ਜਾਪਣ ਲੱਗ ਗਏ ਸਨ। ਹੋਰ ਉਡੀਕ ਹੁਣ ਉਸ ਦੀ ਸਹਿਣ-ਸਮਰਥਾ ਤੋਂ ਬਾਹਰ ਹੁੰਦੀ ਜਾ ਰਹੀ ਸੀ। ਲੋਕ ਅੱਖਾਂ ਤੋਂ ਬਚਦਾ ਅਤੇ ਆਪਦੀਆਂ ਅੱਖਾਂ ਮੀਚਦਾ ਕਿਸੇ ਤੀਜੀ ਔਰਤ ਦੀ ਭਾਲ ਵਿੱਚ ਉਹ ਚੁਬਾਰੇ ਦੀਆਂ ਪੌੜੀਆਂ ਚੜ੍ਹ ਰਿਹਾ ਸੀ।

You may also like