ਨਿੱਕੂ ਅਤੇ ਸੁੱਖੀ ਦੋਵੇਂ ਭੈਣ-ਭਰਾ ਅੱਜ ਗੁਰਦੁਆਰਾ ਸਾਹਿਬ ਬੈਠੇ ਸਨ। ਅੱਜ ਤਾਂ ਦੋਵੇਂ ਪਹਿਲਾਂ ਹੀ ਮਿੱਥ ਕੇ ਆਏ ਸਨ ਕਿ ਅੱਜ ਤਾਂ ਉਹ ਜਿਆਦਾ ਦੇਰ ਆਪਣੇ ਗੁਰੂ ਜੀ ਨਾਲ ਬੈਠਣਗੇ ਜਿਵੇਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਹੋਣ …ਨਹੀਂ ਤਾਂ ਰੋਜ਼ ਹੀ ਮੱਥਾ ਟੇਕਣ ਜਿੰਨਾ ਕੁ ਸਮਾਂ ਲੈਕੇ ਗੁਰੂ ਘਰ ਪੁੱਜਦੇ। ਥੋੜ੍ਹੇ ਕੁ ਸਮੇਂ ਬਾਅਦ ਹੀ ਇੱਕ ਛੋਟੀ ਜਿਹੀ ਬੱਚੀ ਗੁਰੂ ਸਾਹਿਬ ਵੱਲ ਮੱਥਾ ਟੇਕਣ ਲਈ ਝੁਕਦੀ ਹੈ ਤਾਂ ਅਚਾਨਕ ਹੀ ਉਹ ਡਿੱਗਣ ਹੀ ਲੱਗਦੀ ਹੈ। ਕਿ ਪਿੱਛੋਂ ਉਸਦੇ ਮਾਤਾ ਜੀ ਉਸਨੂੰ ਫੜ ਲੈਂਦੇ ਹਨ …..ਤਾਂ ਸੁੱਖੀ ਨੂੰ ਉਹ ਗੱਲ ਸੱਚ ਜਾਪਦੀ ਹੈ ਕਿ ਰੱਬ ਜੀ ਹਰ ਜਗ੍ਹਾ ਸਾਨੂੰ ਬਚਾਉਣ ਲਈ ਨਹੀਂ ਪਹੁੰਚ ਸਕਦੇ ਤਾਂ ਹੀ ਗੁਰੂ ਜੀ ਨੇ ਸਾਨੂੰ ਮਾਂ ਦਿੱਤੀ।…
ਇਹੋ ਸੋਚ ਕੇ ਹੀ ਉਸਦੀ ਅੱਖਾਂ ਭਰਨ ਹੀ ਲੱਗਦੀਆਂ ਹਨ ਕਿ ਇਕਦਮ ਹੀ ਉਹ ਆਪਣੀਆਂ ਅੱਖਾਂ ਘੁੱਟ ਕੇ ਬੰਦ ਕਰ ਲੈਂਦੀ ਹੈ ਅਤੇ ਵਾਹਿਗੁਰੂ ਵਾਹਿਗੁਰੂ ਜਾਪ ਕਰਨਾ ਸ਼ੁਰੂ ਕਰ ਦਿੰਦੀ ਹੈ …ਪਰ ਦੋ-ਤਿੰਨ ਕੁ ਮਿੰਟਾਂ ਬਾਅਦ ਉਹ ਫਿਰ ਉਹ ਬੱਚੀ ਬਾਰੇ ਸੋਚਣ ਲੱਗ ਪੈਂਦੀ ਹੈ ਅਤੇ ਫਿਰ ਉਹ ਇੱਕ ਡੂੰਘੀ ਸੋਚ ‘ਚ ਗੁੰਮ ਹੋ ਜਾਂਦੀ ਹੈ ਅਤੇ ਆਪਣੀ ਮਾਂ ਨੂੰ ਆਏ ਸੁਪਨੇ ਨੂੰ ਯਾਦ ਕਰਨ ਲੱਗ ਪੈਂਦੀ ਹੈ। ਬਹੁਤ ਸਾਲ ਪਹਿਲਾਂ ਜਦੋਂ ਨਿੱਕੂ ਕੁਝ ਦੋ-ਤਿੰਨ ਕੁ ਵਰ੍ਹਿਆਂ ਦਾ ਹੀ ਸੀ ਤਾਂ ਉਸਦੀ ਮਾਂ ਨੂੰ ਇਕ ਸੁਪਨਾ ਆਂਦਾ ।ਅਗਲੇ ਦਿਨ ਉਸ ਦੀ ਮਾਂ ਸਾਰੇ ਪਰਿਵਾਰ ਨੂੰ ਉਸ ਸੁਪਨੇ ਬਾਰੇ ਦੱਸਦੀ ਹੈ ਕਿ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਉਮਰ ਬਹੁਤ ਘੱਟ ਹੈ ਅਤੇ ਕਿੰਝ ਮਾਂ ਨਿੱਕੂ ਨੂੰ ਬੁੱਕਲ ‘ਚ ਲੈਂਦੇ ਹੋਏ ਸਾਰਾ ਕੁਝ ਬਿਆਨ ਕਰ ਰਹੇ ਸਨ …
ਸੁੱਖੀ ਦੇ ਬਾਪੂ ਨੇ ਉਸਨੂੰ ਇਕ ਬੁਰਾ ਸੁਪਨਾ ਸਮਝ ਕੇ ਭੁੱਲ ਜਾਣ ਲਈ ਕਿਹਾ …ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿੰਝ ਉਨ੍ਹਾਂ ਨੇ ਉਸ ਤੋਂ ਬਾਅਦ ਗੁਰੂ ਜੀ ਅੱਗੇ ਏਨੀ ਕੁ ਬੇਨਤੀ ਕੀਤੀ ਕਿ ਮਾਲਕਾ ਮੇਰੇ ਬੱਚੇ ਬਹੁਤ ਛੋਟੇ ਨੇ…ਬਸ ਮੈਨੂੰ ਏਨੀ ਕੁ ਉਮਰ ਬਖਸ਼ ਦੇ ਕਿ ਮੈਂ ਆਪਣੇ ਬੱਚੇ ਪਾਲ ਸਕਾਂ।ਸੁੱਖੀ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਉਸਦੀ ਮਾਂ ਕੋਲ ਰੋਟੀ ਖਾਣ ਲਈ ਸਮਾਂ ਹੋਵੇ ਜਾਂ ਨਾ ਹੋਵੇ …ਪਰ ਉਹ ਕਦੇ ਵੀ ਬਾਣੀ ਪੜ੍ਹਨ ਤੋਂ ਪਿਛੇ ਨਹੀਂ ਰਹਿੰਦੇ ਸਨ । ਜਿਵੇਂ ਗੁਰੂ ਜੀ ਨਾਲ ਪਹਿਲਾਂ ਤੋਂ ਹੀ ਬਹੁਤ ਮੋਹ ਸੀ ਅਤੇ ਹਰ ਸਮੇਂ ਬੱਚਿਆਂ ਨੂੰ ਬਾਣੀ ਪੜ੍ਹਨ ਲਈ ਪ੍ਰੇਰਿਤ ਕਰਦੇ। ਪਰ ਜਦੋਂ ਉਹਨਾਂ ਨੇ ਸੁਪਨਾ ਵੇਖਿਆ ਸੀ ਤਾਂ ਉਨ੍ਹਾਂ ਨੂੰ ਆਪਣੀ ਤਾਂ ਬਿਲਕੁਲ ਵੀ ਪਰਵਾਹ ਨਹੀਂ ਸੀ ਬਸ ਆਪਣੇ ਬੱਚਿਆਂ ਬਾਰੇ ਹੀ ਸੋਚਿਆ ….ਆਖਰ ਰੱਬ ਰੂਪੀ ਮਾਂ ਦੀ ਗੱਲ ਰੱਬ ਵੀ ਕਿਵੇਂ ਟਾਲ ਸਕਦਾ ਸੀ ।ਸੱਚ ਹੀ ਕਿਹਾ ਜਾਂਦਾ ਹੈ ਕਿ ਅਰਦਾਸ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਕਈ ਵਾਰ ਕੁਦਰਤ ਨੇੜੇ ਹੋ ਕੇ ਸੁਣਦੀ ਹੈ । ਸੁੱਖੀ ਦੇ ਮਨ ‘ਚ ਸਾਰੀਆਂ ਗੱਲਾਂ ਘੁੰਮਣ ਲੱਗ ਪਈਆਂ …ਅਤੇ ਸੋਚਣ ਲੱਗੀ ਕਿ ਕਿੰਝ ਉਨ੍ਹਾਂ ਦੀ ਮਾਂ ਨੂੰ ਸਿਰਫ ਇਹੋ ਚਿੰਤਾ ਸੀ …ਆਪਣੇ ਬੱਚਿਆਂ ਦੀ।ਉਹ ਇਹ ਸੋਚ ਕੇ ਖੁਸ਼ ਵੀ ਸੀ ਤੇ ਹੈਰਾਨ ਵੀ….ਮਾਂਵਾ ਨੂੰ ਭਾਵੇਂ ਸੂਲ ਵੀ ਚੁੱਭ ਜਾਵੇ ਤਾਂ ਵੀ ਉਹ ਆਪਣੇ ਤੋਂ ਪਹਿਲਾਂ ਆਪਣੇ ਬੱਚਿਆਂ ਦਾ ਹੀ ਸੋਚਦੀਆਂ ਹਨ।ਇਹੋ ਸੋਚ ਕੇ ਉਸਦੀਆਂ ਅੱਖਾਂ ਹੰਝੂ ਨਾਲ ਭਰ ਜਾਂਦੀਆਂ ਹਨ ਅਤੇ ਫਿਰ ਉਹ ਇੱਕ ਸਵਾਲ ਆਪਣੇ ਗੁਰੂ ਜੀ ਨੂੰ ਪੁੱਛਦੀ ਹੈ ਜੇਕਰ ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦੇ..ਤਾਂ ਬੱਚੇ ਵੀ ਤਾਂ ਉਸਦਾ ਰੂਪ ਹਨ…ਤਾਂ ਕਿਉਂ ਗੁਰੂ ਜੀ ਨੇ ਸਿਰਫ ਮਾਂ ਦੀ ਅਰਦਾਸ ਸੁਣੀ ਬੱਚਿਆਂ ਦੀ ਕਿਉਂ ਨਹੀਂ????
ਅਚਾਨਕ ਉਸਦੇ ਮੋਢੇ ਕੋਈ ਹੱਥ ਰੱਖਦਾ ਹੈ ਉਸਨੂੰ ਜਾਪਦਾ ਹੈ ਕਿ ਅੱਜ ਤਾਂ ਉਸਨੂੰ ਉਹਦੀਆਂ ਗੱਲਾਂ ਦਾ ਮਿਲ ਹੀ ਜਾਵੇਗਾ ਕਿ ਅੱਖਾਂ ਖੋਲ ਕੇ ਵੇਖਦੀ ਹਾਂ ਤਾਂ ਉਸਦਾ ਛੋਟਾ ਵੀਰ ਨਿੱਕੂ ਘਰ ਜਾਣ ਬਾਰੇ ਪੁੱਛਦਾ ਹੈ । ਸੁੱਖੀ ਫਿਰ ਤੋਂ ਉਹੀ ਸਵਾਲਾਂ ਨਾਲ ਘਿਰਿਆ ਮਹਿਸੂਸ ਕਰਦੀ ਹੈ ਅਤੇ ਆਪਣੇ ਛੋਟੇ ਭਰਾ ਨੂੰ ਇੰਤਜ਼ਾਰ ਕਰਨ ਲਈ ਆਖਦੀ ਹੈ …ਅਸਲ ਵਿਚ ਜਦੋਂ ਨਿੱਕੂ 14-15 ਕੁ ਵਰ੍ਹਿਆਂ ਦਾ ਹੀ ਸੀ ਤਾਂ ਉਨ੍ਹਾਂ ਦੀ ਮਾਂ ਬਿਮਾਰ ਰਹਿਣ ਲੱਗ ਪੈਂਦੀ ਹੈ ਤੇ ਕੁਝ ਮਹੀਨਿਆਂ ਮਗਰੋਂ ਉਨ੍ਹਾਂ ਦਾ ਦਿਹਾਂਤ ਹੋ ਜਾਂਦਾ ਹੈ ।
ਫਿਰ ਸੁੱਖੀ ਨੂੰ ਜਾਪਦਾ ਹੈ ਕਿ ਸ਼ਾਇਦ ਅੱਜ ਵੀ ਮੇਰੀ ਮਾਂ ਮੇਰੇ ਨਾਲ ਹੀ ਹੈ ।
ਜਦੋਂ ਬਿਨ੍ਹਾਂ ਕਹੇ ਮੇਰਾ ਬਾਪੂ ਮੇਰੀਆਂ ਲੋੜਾਂ ਪੂਰੀਆਂ ਕਰਦਾ …ਪਿਤਾ ਦੇ ਰੂਪ ‘ਚ ।
ਜਦੋਂ ਮੇਰੀ ਵੱਡੀ ਭੈਣ ਮੇਰੇ ਕੰਨ ਨੂੰ ਮਰੋੜ ਕੇ ਮੇਰੀਆਂ ਗਲਤੀਆਂ ਦੱਸਦੇ ਹਨ….ਭੈਣ ਦੇ ਰੂਪ ‘ਚ
ਜਦੋਂ ਮੇਰਾ ਵੀਰ ਮੈਂ ਉਦਾਸ ਹੁੰਦੀ ਹਾਂ ਤਾਂ ਸਭ ਤੋਂ ਪਹਿਲਾਂ ਹਸਾਉਣ ਲਈ ਅੱਗੇ ਵਧਦਾ ਹੈ ….ਵੀਰ ਦੇ ਰੂਪ ‘ਚ ।
ਅੱਜ ਬੇਝਿਜਕ ਹੋ ਕੇ ਜਿਸ ਨਾਲ ਗੱਲਾਂ ਸਾਂਝੀਆਂ ਕਰ ਰਹੀ ਹਾਂ …ਗੁਰੂ ਦੇ ਰੂਪ ‘ਚ ………..
ਅਰਦਾਸ ਕਰਨ ਉਪਰੰਤ ਉਹ ਮੱਥਾ ਟੇਕ ਕੇ ਕਹਿੰਦੀ ਹੈ ਨਜ਼ਰੀਆ ਹੋਣਾ ਚਾਹੀਦਾ ਮਾਂ ਤਾਂ ਅੱਜ ਵੀ ਮੇਰੇ ਅੰਦਰ ਹੈ…। ਫਿਰ ਇਹ ਕਹਿ ਕੇ ਫਤਿਹ ਬੁਲਾ ਕੇ ਗੁਰੂ ਜੀ ਅੱਗੋਂ ਵਿਦਾ ਲੈਂਦੀ ਹੈ ਅਤੇ ਆਪਣੇ ਛੋਟੇ ਵੀਰ ਦਾ ਹੱਥ ਫੜ ਕੇ ਘਰ ਵੱਲ ਨੂੰ ਤੁਰ ਪੈਂਦੀ ਹੈ ।
ਗੁਰਦੀਪ ਕੌਰ
maa
ਨਿੱਕੀ ਜਿਹੀ
ਅੱਜ ਸੁਰਜੀਤ ਕੌਰ ਦੇ ਪੈਰਾਂ ਵਿਚ ਬਹੁਤ ਦਰਦ ਸੀ। ਪਿੰਡ ਵਾਲੇ ਡਾਕਟਰ ਤੋਂ ਅਰਾਮ ਨਾ ਆਉਣ ਕਾਰਨ ਸ਼ਹਿਰ ਜਾਣ ਦਾ ਫੈਸਲਾ ਲਿਆ ਅਤੇ ਇਕੱਲੀ ਹੀ ਤੁਰ ਪਈ । ਸ਼ਹਿਰ ਦੇ ਹਸਪਤਾਲ ਵਿੱਚ ਪਹੁੰਚ ਕੇ ਵੇਖਿਆ ਬਹੁਤ ਭੀੜ ਸੀ। ਆਪਣੀ ਦਵਾਈ ਦੀ ਪਰਚੀ ਕਟਵਾ ਕੇ ਜਦੋਂ ਖੜ੍ਹ ਖੜ੍ਹ ਕੇ ਥਕ ਗਈ…ਤਾਂ ਉਸਦੀ ਨਜਰ ਸਾਹਮਣੇ ਪਏ ਮੇਜ਼ ‘ਤੇ ਗਈ। ਉਸ ਉਪਰ ਇਕ ਔਰਤ ਪਹਿਲਾਂ ਤੋਂ ਹੀ ਬੈਠੀ ਸੀ..ਜਿਸ ਦੀਆਂ ਅੱਖਾਂ ਨਮ ਸੀ ਅਤੇ ਲਗਾਤਾਰ ਪਾਠ ਕਰ ਰਹੀ ਸੀ ..ਇਉਂ ਜਾਪਿਆ ਜਿਵੇਂ ਉਸਦਾ ਕੋਈ ਕਰੀਬੀ ਬਿਮਾਰ ਹੋਵੇ ..। ਸੁਰਜੀਤ ਕੌਰ ਵੀ ਥਕਾਵਟ ਹੋਣ ਕਰਕੇ ਮੇਜ਼ ਉਪਰ ਜਾ ਬੈਠੀ । ਹੁਣ ਉਹਦੇ ਨਾਲ ਬੈਠੀ ਔਰਤ ਨੇ ਪਾਠ ਕਰਨ ਤੋਂ ਬਾਅਦ ਅਰਦਾਸ ਕੀਤੀ ਅਤੇ ਸੁਰਜੀਤ ਕੌਰ ਵੱਲ ਤੱਕਿਆ..ਤਾਂ ਦੋਵਾਂ ਨੇ ਮੁਸਕਰਾਉਂਦੇ ਹੋਏ ਅੱਖਾਂ ਨਾਲ ਹੀ ਇਕ ਦੂਜੇ ਨੂੰ ਬੁਲਾਇਆ । ਸੁਰਜੀਤ ਕੌਰ ਨੇ ਉਸ ਔਰਤ ਨੂੰ ਪੁੱਛਿਆ ਕਿ ਤੁਸੀਂ ਠੀਕ ਹੋ?? ਕਿੰਨੀ ਦੇਰ ਤੋਂ ਵੇਖ ਰਹੀ ਹਾਂ ਤੁਸੀਂ ਪਾਠ ਕਰਦੇ ਜਾ ਰਹੇ ਹੋ..ਤੁਹਾਡਾ ਕੋਈ ਆਪਣਾ ਬਿਮਾਰ ਹੈ??
ਉਹਨਾਂ ਨੇ ਆਖਿਆ,”ਹਾਂ ਜੀ ਮੇਰੀ ਧੀ ਦੋ ਦਿਨ ਹੋ ਗਏ ਦਾਖਲ ਹੈ ਹਸਪਤਾਲ ਵਿੱਚ .. ਬੁਖਾਰ ਹੀ ਸੀ ਪਰ ਘਰ ਅਰਾਮ ਨਹੀਂ ਆ ਰਿਹਾ ਸੀ.. ਸ਼ਾਇਦ ਅੱਜ ਛੁੱਟੀ ਹੋ ਜਾਵੇ ..ਵੇਖਦਿਆਂ ਕੀ ਕਹਿੰਦੇ ਨੇ ਡਾਕਟਰ ਸਾਬ”। ਸੁਰਜੀਤ ਕੌਰ ਪੁੱਛਦੀ ਹੈ,”ਤੁਸੀਂ ਅੰਦਰ ਕਿਉਂ ਨਹੀਂ ਗਏ ਡਾਕਟਰ ਕੋਲ??” ਤਾਂ ਉਹ ਆਖਦੀ ਹੈ ਵਿਆਹ ਹੋ ਚੁੱਕਾ ਉਸਦਾ .. ਘਰਵਾਲਾ ਅੰਦਰ ਹੀ ਉਹਦਾ… ਇਕ ਚਾਰ ਸਾਲ ਦਾ ਮੁੰਡਾ ਵੀ ਹੈ…। ਹੁਣ ਉਹ ਔਰਤ ਸੁਰਜੀਤ ਕੌਰ ਬਾਰੇ ਪੁੱਛਦੀ ਹਾਂ ਤਾਂ ਉਹ ਆਖਦੀ ਹੈ ਮੇਰੇ ਤਾਂ ਪੈਰਾਂ ਵਿਚ ਦਰਦ ਹੋ ਰਿਹਾ… ਉਹੀ ਵਿਖਾਉਣਾ ਹੈ.. ਬਹੁਤ ਭੀੜ ਹੈ ਅੱਜ..ਮੈਂ ਤਾਂ ਬਸ ਲੇਟ ਹੋ ਗਈ ਨਹੀਂ ਤਾਂ ਜਲਦੀ ਆਉਣਾ ਸੀ..ਦਰਅਸਲ ਮੇਰੀ ਧੀ ਨੇ ਆਉਣਾ ਸੀ ਕਾਲਜ ਤੋਂ ..ਉਹਦੀ ਰੋਟੀ ਬਣਾ ਕੇ ਆਈ ਹਾਂ …ਮੈਂ ਤਾਂ ਹੱਸਦੀ ਹੁੰਦੀ ਹਾਂ ਕਰ ਲਵੋ ਮੌਜਾਂ ਸਾਡੇ ਸਿਰ ਉਤੇ …ਸਹੁਰੇ ਘਰ ਕਿਸੇ ਨੇ ਨਹੀਂ ਪੁੱਛਣਾ …ਮਾਵਾਂ ਹੀ ਕਰ ਸਕਦੀਆਂ ਨੇ ਧੀਆਂ ਦਾ। ਇੰਨੇ ਨੂੰ ਅੰਦਰੋਂ ਇਕ ਜਵਾਕ ਪੀਲਾ ਰੰਗ ਦੀ ਕਮੀਜ਼ ਅਤੇ ਨੀਲੇ ਰੰਗ ਦੀ ਪੈਂਟ ਪਾਈ ਹੋਈ ..ਗੋਰਾ ਰੰਗ ਅੱਖਾਂ ਮੋਟੀਆਂ- ਮੋਟੀਆਂ….ਅਤੇ ਸਿਰ ਉਤੇ ਦਸਤਾਰ ਬੰਨੀ ਹੋਈ ਉਸ ਔਰਤ ਦੀਆਂ ਲੱਤਾਂ ਨੂੰ ਚਿੰਬੜਦਿਆਂ ਦਾਦੀ- ਦਾਦੀ ਆਖਦੇ ..ਬੋਲੇ ਤਾਂ ਇਉਂ ਜਾਪੇ ਜਿਵੇਂ ਸ਼ਹਿਦ ਚੋ ਰਿਹਾ ਹੋਵੇ । ਹੁਣ ਸੁਰਜੀਤ ਕੌਰ ਹੱਸ ਕੇ ਉਸ ਔਰਤ ਨੂੰ ਆਖਦੀ ਹੈ….ਇਹ ਤੁਹਾਡਾ ਦੋਹਤਾ ਤੁਹਾਨੂੰ ਦਾਦੀ ਕਿਉਂ ਆਖੀ ਜਾ ਰਿਹਾ ਹੈ??? ਹੁਣ ਉਹ ਔਰਤ ਉਸਦਾ ਮੱਥਾ ਚੁੰਮਦੇ ਹੋਏ ਜਵਾਬ ਦਿੰਦੀ ਹੈ,” ਇਹ ਮੇਰਾ ਪੋਤਾ ਹੀ ਹੈ”। ਹੁਣ ਸੁਰਜੀਤ ਕੌਰ ਬਸ ਹੈਰਾਨੀ ਨਾਲ ਉਸ ਔਰਤ ਨੂੰ ਵੇਖਦੀ ਹੈ । ਉਹਨਾਂ ਦਾ ਪੋਤਾ ਆਖਦੇ ..”ਮੰਮੀ ਹੁਣ ਠੀਕ ਨੇ ..ਆਪਾਂ ਅੱਜ ਹੀ ਘਰ ਚੱਲੇ ਹਾਂ”।ਇਹ ਆਖ ਕੇ ਅੰਦਰ ਵੱਲ ਨੂੰ ਦੌੜ ਜਾਂਦੇ । ਹੁਣ ਉਹ ਔਰਤ ਸੁਰਜੀਤ ਕੌਰ ਨੂੰ ਆਖਦੀ ਹੈ ਤੁਸੀਂ ਹੈਰਾਨ ਕਿਉਂ ਹੋ?? ਇਹ ਮੇਰਾ ਪੋਤਾ ..ਨਿੱਕੂ। ਜੋ ਬਿਮਾਰ ਹੈ ਉਹ ਮੇਰੀ ਨੂੰਹ ਹੈ…ਪਰ ਆਪਾਂ ਤਾਂ ਧੀ ਹੀ ਆਖਦੇ ਹਾਂ ..ਕਿਉਂਕਿ ਧੀ ਹੀ ਮੰਨਿਆ ਅਤੇ ਉਸਨੇ ਮਾਂ … ਭੈਣ ਜੀ ਸੱਸਾਂ ਵੀ ਮਾਵਾਂ ਹੁੰਦੀਆਂ ਨੇ ..ਪਰ ਪਤਾ ਨਹੀਂ ਅਸੀਂ ਨਾਵਾਂ ਵਿੱਚ ਕਿਉਂ ਫਸ ਕੇ ਰਹਿ ਗਏ ਹਾਂ ਕਿ ਸੱਸਾਂ ਮਾਵਾਂ ਨਹੀਂ ਹੁੰਦੀਆਂ..ਜਦੋਂ ਮਾਵਾਂ ਡਾਂਟਦੀਆਂ ਨੇ ਤਾਂ ਪਿਆਰ ਜਾਪਦਾ ਹੈ ਅਤੇ ਜਦੋਂ ਸੱਸਾਂ ਤਾਂ ਪਤਾ ਨਹੀਂ ਕਿਉਂ ਉਹ ਪਿਆਰ ਕਿਧਰੇ ਗੁਆਚ ਜਾਂਦਾ ਹੈ… ਬਾਕੀ ਤਾਂ ਜੀ ਆਪੋ ਆਪਣਾ ਨਜ਼ਰੀਆ ..ਜੇ ਤੁਸੀਂ ਪਹਿਲਾਂ ਹੀ ਆਪਣੀ ਧੀ ਨੂੰ ਇਹ ਸਮਝਾਈ ਬੈਠੇ ਹੋ ਤਾਂ ਇਹ ਤੁਹਾਡੀ ਸੋਚ ਹੈ…ਕਿਸੇ ਨੂੰ ਬਿਨਾਂ ਜਾਣੇ ਕਿਸੇ ਨਤੀਜੇ ਉੱਤੇ ਨਹੀਂ ਪਹੁੰਚਿਆ ਜਾ ਸਕਦਾ ਹੈ …ਬਾਕੀ ਰਿਸ਼ਤਿਆਂ ਵਿਚ ਮਿਠਾਸ ਤਾਂ ਸਾਨੂੰ ਆਪ ਹੀ ਬਣਾਉਣੀ ਪੈਂਦੀ ਹੈ। ਇਹ ਆਖਦੇ ਹੋਏ ਉਹ ਔਰਤ ਸੁਰਜੀਤ ਕੌਰ ਤੋਂ ਇਜਾਜ਼ਤ ਲੈਂਦੇ ਹੋਏ ਕਮਰੇ ਵਿੱਚ ਚਲੀ ਜਾਂਦੀ ਹੈ ਅਤੇ ਸੁਰਜੀਤ ਕੌਰ ਆਪਣੀ ਸੋਚ ਨੂੰ ਦੁਬਾਰਾ ਸੋਚਣ ‘ਤੇ ਮਜਬੂਰ ਹੋ ਜਾਂਦੀ ਹੈ ।
ਸੱਸਾਂ ਵੀ ਮਾਵਾਂ ਹੁੰਦੀਆਂ ਨੇ ..
ਲੈਣ ਵਾਲੇ ਬਣੋ…
ਠੰਢੀਆਂ ਛਾਵਾਂ ਦਿੰਦੀਆਂ ਨੇ।
~ਗੁਰਦੀਪ ਕੌਰ
ਬੰਤੋ ਦੀ ਉਮਰ ਲਗਭਗ 50 ਕੁ ਸਾਲ ਦੀ ਸੀ…ਬੰਤੋ ਦਾ ਇੱਕ ਪੁੱਤ ਸੀ… ਬੰਤੋ ਘਰਾ ਵਿੱਚ ਗੋਹਾ-ਕੂੜਾ ਕਰਦੀ ਸੀ ਤੇ ਬੰਤੋ ਦਾ ਮੁੰਡਾ ਦਿਹਾੜੀਆਂ ਕਰਦਾ ਸੀ…ਘਰਵਾਲਾ ਕੁਝ ਵਰੇ ਪਹਿਲਾ ਦਿਹਾੜੀ ਗਿਆ ਬੋਰ ਵਿੱਚ ਦੱਬ ਗਿਆ ਸੀ ਜਿਸ ਨਾਲ ਉਸਦੀ ਮੌਤ ਹੋ ਗਈ …ਬੇਸ਼ੱਕ ਘਰ ਦ ਹਾਲਤ ਕੋਈ ਬਹੁਤ ਚੰਗੀ ਨਹੀ ਸੀ ..ਗਰੀਬੀ ਦਾ ਜੀਵਨ ਜਿਉਂਦੇ ਵੀ ਉਹਨਾ ਦੇ ਮਨ ਸੰਤੁਸ਼ਟੀ ਸੀ ,,ਬੰਤੋ ਅਕਸਰ ਹੀ ਕਹਿੰਦੀ ਰਹਿੰਦੀ ਸ਼ੁਕਰ ਹੈ ਮਾਲਕ ਨੇ ਜੋ ਕੁਝ ਦਿੱਤਾ ਹੈ,ਕਈਆਂ ਕੋਲ ਤਾਂ ਸਿਰ ਤੇ ਛੱਤ ਵੀ ਨਹੀ,ਘੱਟੋ ਘੱਟ ਦੋ ਕਮਰੇ ਤਾਂ ਹੈ ਆਪਨੇ ਕੋਲ,ਕੀ ਹੋਇਆ ਜੇ ਕੱਚੇ ਨੇ ਹੌਲੀ ਪੱਕੇ ਵੀ ਹੋ ਜਾਣਗੇ…ਸ਼ਾਮ ਦਾ ਵੇਲਾ ਸੀ,ਬੰਤੋ ਘਰ ਦਾ ਕੰਮਕਾਰ ਕਰੀ ਜਾ ਰਹੀ ਸੀ ਕਿ ਅਚਾਨਕ ਭੱਜਿਆ-ਭੱਜਿਆ ਗੁਵਾੰਡੀਆਂ ਦਾ ਮੁੰਡਾ ਆਇਆ ਤੇ ਇੱਕੋ ਸਾਹ ਬੋਲਣ ਲੱਗ ਪਿਆ, ਤਾਈ-ਤਾਈ ,ਆਪਣੇ ਤਾਰੀ ਦਾ ਐਕਸੀਡੇੰਟ ਹੋ ਗਿਆ ,,”
“ਹਾਏ ਵੇ ਆਹ ਕੀ ਹੋ ਗਿਆ,,ਕਿਵੇ ਵਰਤ ਗਿਆ ਏ ਭਾਣਾ ..” ਬੰਤੋ ਦੇ ਮੂੰਹੋ ਹੂਕ ਨਿਕਲ ਗਈ
“ਤਾਈ ਆਪਣਾ ਤਾਰੀ ਸਾਈਕਲ ਤੇ ਕੰਮ ਤੋਂ ਮੁੜ ਹੀ ਰਿਹਾ ਸੀ ਕਿ ਰਾਹ ਵਿੱਚ ਕਿਸੇ ਸ਼ਰਾਬੀ ਨੇ ਗੱਡੀ ਮਾਰੀ ਤੇ ਤਾਰੀ ਕਾਫੀ ਜਖਮੀ ਹੋ ਗਿਆ..” ਗੁਵਾੰਡੀਆਂ ਦੇ ਮੁੰਡੇ ਨੇ ਜਵਾਬ ਦਿੱਤਾ
ਗਵਾਂਡੀਆਂ ਦਾ ਮੁੰਡਾ ਤੇ ਬੰਤੋ ਸ਼ਹਿਰ ਦੇ ਹਸਪਤਾਲ ਲਈ ਚੱਲ ਪਏ ਜਿਥੇ ਤਾਰੀ ਜੇਰੇ ਇਲਾਜ ਸੀ…
ਡਾਕਟਰ ਨਾਲ ਜਾ ਕੇ ਗੱਲ ਕਰੀ ਤਾਂ ਡਾਕਟਰ ਕਹਿੰਦਾ ਸਿਰ ਵਿੱਚ ਕਾਫੀ ਸੱਟ ਲੱਗੀ ਹੋਈ ਹੈ,,ਕੋਈ ਤਿੱਖੀ ਚੀਜ ਸਿਰ ਵਿੱਚ ਖੁੱਬ ਚੁੱਕੀ ਹੈ ,,ਇਸ ਲਈ ਕੱਲ ਓਪਰੇਸ਼ਨ ਕਰਨਾ ਪਵੇਗਾ ਤੇ ਓਪਰੇਸ਼ਨ ਦਾ ਖਰਚਾ ਲਗਭਗ 1 ਲੱਖ ਰੁਪੇ ਦਾ ਹੋਵੇਗਾ…
ਬੰਤੋ ਦੇ ਪੈਰਾਂ ਹੇਠੋ ਜਮੀਨ ਨਿਕਲ ਗਈ,,ਉਹ ਸੋਚ ਰਹੀ ਸੀ ਕਿ ਏਨਾ ਪੈਸਾ ਆਉ ਕਿਥੋ,,ਅਸੀਂ ਤਾਂ ਸਾਰੀ ਉਮਰ ਚ ਕਦੇ ਏਨਾ ਪੇਸਾ ਇੱਕਠਾ ਨਹੀ ਦੇਖਿਆ …ਫੇਰ ਬੰਤੋ ਦੇ ਮਨ ਵਿੱਚ ਆਈ ਕਿ ਜਿਸ ਸਰਦਾਰ ਸੋਹਣ ਸਿੰਘ ਦੇ ਘਰ ਉਹ ਕੰਮ ਕਰਦੀ ਹੈ ,ਉਸ ਤੋਂ ਮੰਗ ਸਕਦੀ ਹੈ,ਨਾਲੇ ਅੱਜ-ਕੱਲ ਤਾਂ ਉਹਨਾ ਦਾ ਮੁੰਡਾ ਵੀ ਬਾਹਰਲੇ ਮੁਲਕੋ ਆਇਆ ਹੋਇਆ ਹੈ..ਸ਼ਾਇਦ ਉਹੀ ਮਦਦ ਕਰ ਦੇਣ…
ਬੰਤੋ ਰਾਤੋ ਰਾਤ ਪਿੰਡ ਵਾਪਸ ਪਰਤ ਆਈ ਤੇ ਸਵੇਰੇ ਸਵੇਰੇ ਸਰਦਾਰਾ ਦੇ ਘਰ ਚਲੀ ਗਈ,,ਬੰਤੋ ਨੇ ਸਾਰੀ ਗੱਲ ਦੱਸੀ ਤੇ ਪੈਸਿਆ ਦੀ ਮੰਗ ਕੀਤੀ..
“ਦੇਖ ਬੰਤੋ ਅਸੀਂ ਸਮਝ ਸਕਦੇ ਹਾਂ ,ਤੇਰਾ ਦੁੱਖ ਬਹੁਤ ਵੱਡਾ ਏ…ਅਸੀਂ ਤੇਰੀ ਮਦਦ ਵੀ ਕਰਦੇ ਪਰ ਏਸ ਵਾਰ ਹੱਥ ਬਹੁਤ ਤੰਗ ਹੈ…ਮੁੰਡੇ ਦੇ ਬਾਹਰ ਪੱਕੇ ਹੋਣ ਲਈ ਅਸੀਂ ਸੁੱਖ ਸੁੱਖੀ ਹੋਈ ਸੀ ਗੁਰੂਘਰ ਦੇ ਗੁੰਬਦ ਤੇ ਸੋਨਾ ਚੜਾਉਣ ਦੀ ਸੇਵਾ ਵਿੱਚ ਹਿੱਸਾ ਪਾਵਾਗੇ,, ਪੈਸੇ ਤਾਂ ਘਰ ਪਏ ਨੇ ਪਰ ਲਗਭਗ ਦੋ ਲੱਖ ਤਾਂ ਸੋਨੇ ਲਈ ਕੱਡਿਆ ਸੀ ਹੁਣ ਚੁੱਕੇ ਹੋਏ ਪੈਸਿਆ ਚੋ ਤਾਂ ਤੈਨੂੰ ਦੇ ਨਹੀ ਸਕਦੇ..ਅਸੀਂ ਤਾਂ ਅੱਜ ਚੱਲੇ ਹੀ ਸੀ ਸੋਨਾ ਲੈਣ ..” ਸਰਦਾਰ ਨੇ ਲੰਬਾ ਸਾਰਾ ਧਾਰਮਿਕ ਰੰਗਤ ਨਾਲ ਭਰਿਆ ਜਵਾਬ ਦੇ ਦਿੱਤਾ ਤੇ ਬੰਤੋ ਨੂੰ ਮੋੜ ਦਿੱਤਾ..ਬੰਤੋ ਨੇ ਹਰ ਇੱਕ ਬੰਦੇ ਅੱਗੇ ਹੱਥ ਅੱਡਿਆ ਪਰ ਗਰੀਬ ਨੂੰ ਕੌਣ ਪੈਸੇ ਦਿੰਦਾ ਹੈ ,ਹਰ ਕੋਈ ਇਹੀ ਸੋਚ ਜਾਂਦਾ ਹੈ ਕਿ ਇਹਨਾ ਕੇਹੜੇ ਮੋੜਨੇ ਨੇ …ਥੱਕ ਹਾਰ ਬੰਤੋ ਹਸਪਤਾਲ ਵਾਪਸ ਮੁੜ ਗਈ ਤੇ ਰੋਂਦੀ ਕਰਲਾਉਂਦੀ ਡਾਕਟਰ ਅੱਗੇ ਵਾਸਤੇ ਪਾਉਣ ਲੱਗੀ ਕਿ , “ਇੱਕ ਵਾਰ ਉਪਰੇਸਨ ਕਰਦੇ ਮੈ ਸਾਰੀ ਉਮਰ ਤੇਰੇ ਘਰ ਮੁਫਤ ਚ ਕੰਮ ਕਰੁ…ਮੇਰਾ ਇੱਕੋ ਇੱਕ ਸਹਾਰਾ ਬਚਾ ਲੈ”
ਪਰ ਡਾਕਟਰ ਵੀ ਇੱਕ ਵਪਾਰੀ ਦੀ ਤਰਾ ਸਿੱਧਾ ਕਹਿ ਗਿਆ , ਮਾਤਾ ਜੀ ਇਲਾਜ ਤਾਂ ਫੇਰ ਹੀ ਹੋਊ ਜੇ ਪੈਸੇ ਪਹਿਲਾ ਜਮਾ ਕਰਵਾਓਗੇ”
ਬੰਤੋ ਦੀ ਹੁਣ ਕੋਈ ਵੱਸ ਨਹੀ ਚੱਲ ਰਹੀ ਸੀ ,ਉਹ ਮੁੰਡੇ ਦੇ ਕਮਰੇ ਬਾਹਰ ਬੈਠ ਰੱਬ ਅੱਗੇ ਅਰਦਾਸਾ ਕਰਨ ਲੱਗੀ ਕਿ “ ਹੇ,ਮਾਲਕਾ ਮੇਰੇ ਮੁੰਡੇ ਨੂੰ ਬਚਾ ਲੈ ,ਮੈ ਸਦਾ ਤੇਰੀ ਰਜਾ ਵਿੱਚ ਖੁਸ਼ ਰਹੀ ਹਾਂ ,ਪਰ ਇੱਕ ਵਾਰ ਮੇਰੀ ਰਜਾ ਮੰਨ ਲੈ ਮੇਰੇ ਮੁੰਡੇ ਨੂੰ ਬਚਾ ਲੈ”…ਬੰਤੋ ਬੈਠੀ ਅਰਦਾਸਾ ਕਰ ਹੀ ਰਹੀ ਸੀ ਕਿ ਗਵਾਂਡੀਆਂ ਦਾ ਮੁੰਡਾ ਅੱਖਾ ਭਰੀ ਆ ਕਿ ਬੋਲਿਆ ,”ਚੱਲ ਤਾਈ ਘਰ ਚੱਲੀਏ ,ਸਾਡੀ ਰੱਬ ਵੀ ਨਹੀ ਸੁਣਦਾ ,,ਵੀਰਾ ਨਹੀ ਰਿਹਾ ..”
ਬੰਤੋ ਦੀਆਂ ਧਾਹਾ ਅੱਗੇ ਜੇ ਰੱਬ ਖੁਦ ਵੀ ਖੜਾ ਹੁੰਦਾ ਸ਼ਾਇਦ ਉਹਦੀ ਵੀ ਭੱਬ ਨਿਕਲ ਜਾਂਦੀ …
ਲਾਸ਼ ਨੂੰ ਲੈ ਬੰਤੋ ਘਰ ਪਹੁੰਚ ਗਈ ਤੇ ਮੁੰਡਿਆ ਨੇ ਲਾਸ਼ ਨੂੰ ਇੱਕ ਮੰਜੇ ਤੇ ਰੱਖਿਆ ਤੇ ਹੋਰ ਪਿੰਡ ਵਾਸੀ ਵੀ ਅਫਸੋਸ ਜਾਹਿਰ ਕਰਨ ਲਈ ਇਕਠੇ ਹੋਣ ਲੱਗੇ …ਬੰਤੋ ਦੇ ਘਰ ਕਹਿਰ ਚੀਕਾ ਮਾਰ ਰਿਹਾ ਸੀ ,,ਬੰਤੋ ਦੇ ਕੀਰਨੇ ਸਬ ਦਾ ਕਲੇਜਾ ਪਾੜ ਰਹੇ ਸੀ ਕਿ ਅਚਾਨਕ ਪਿੰਡ ਦੇ ਗੁਰੂਘਰ ਦਾ ਸਪੀਕਰ ਚੱਲਿਆ ਤੇ ਪਾਠੀ ਨੇ ਅਨਾਉਂਸਮੇੰਟ ਕੀਤੀ , ‘ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕਿ ਫਤਿਹ ,,ਭਾਈ ਕੱਲ ਗੁਰੂਘਰ ਦੇ ਗੁੰਬਦ ਉੱਪਰ ਸੋਨਾ ਚੜਾਇਆ ਜਾਣਾ ਹੈ ,ਜੋ ਸੋਨੇ ਦੀ ਕਮੀ ਸੀ, ਉਹ ਸਰਦਾਰ ਸੋਹਣ ਸਿੰਘ ਹੋਣਾ ਨੇ ਮੁੰਡੇ ਦੇ ਬਾਹਰ ਪੱਕੇ ਹੋਣ ਦੀ ਖੁਸ਼ੀ ਵਿੱਚ ਅੱਜ ਦੋ ਲੱਖ ਦਾ ਸੋਨਾ ਚੜਾ ਕੇ ਪੂਰੀ ਕਰ ਦਿੱਤੀ ਹੈ ,ਕੱਲ ਸਬ ਨੇ ਸੇਵਾ ਵਿੱਚ ਹਿੱਸਾ ਪਾਉਣਾ ਤੇ ਸਮੂਹ ਨਿਵਾਸੀਆ ਨੇ ਗੁਰੂ ਦੀਆਂ ਮਹਿਰਾ ਪ੍ਰਾਪਤ ਕਰਨੀਆ …”
ਇੱਕ ਪਾਸੇ ਬੰਤੋ ਇਲਾਜ ਨਾ ਹੋਣ ਕਰਕੇ ਮੋਹੇ ਪੁੱਤ ਦੀ ਲਾਸ਼ ਨੂੰ ਦੇਖ ਰਹੀ ਸੀ ਤੇ ਦੂਜੇ ਪਾਸੇ ਕੰਨਾ ਵਿੱਚ ਪੈ ਰਹੀ ਗ੍ਰੰਥੀ ਦੀ ਆਵਾਜ ਨੂੰ ਸੁਣ ਰਹੀ ਸੀ ,ਤੇ ਮਨੋ ਮਨ ਸੋਚ ਰਹੀ ਸੀ ਕਿੰਨਾ ਫਰਕ ਹੈ ਬਾਬੇ ਨਾਨਕ ਦੀ ਬਾਣੀ ਵਿੱਚ ਤੇ ਅੱਜ ਦੇ ਸਿੱਖਾ ਦੀ ਕਰਨੀ ਵਿੱਚ ,,, ਸੋਨੇ ਦਾ ਗੁੰਬਦ ਜਿਆਦਾ ਕੀਮਤੀ ਸੀ ਜਾ ਮੇਰੇ ਪੁੱਤ ਦੀ ਜਾਨ…
………..
ਗਰੀਬ ਦਾ ਮੂੰਹ ,ਗੁਰੂ ਦੀ ਗੋਲਕ
ਜਗਮੀਤ ਸਿੰਘ ਹਠੂਰ
ਕੁਝ ਦਿਨ ਪਹਿਲਾਂ ਮੇਰੇ ਬੇਟੇ ਦੇ ਦੋਸਤ ਦਾ ਫੋਨ ਆਇਆ। “ਆਂਟੀ !ਤੁਹਾਨੂੰ ਬਹੁਤ ਜ਼ਰੂਰੀ ਗੱਲ ਦੱਸਣੀ ਸੀ।” ਮੈਂ ਥੋੜ੍ਹਾ ਘਬਰਾ ਗਈ ,”ਹਾਂ !ਦੱਸੋ ਬੇਟਾ ਦੀ ਗੱਲ ਹੈ?” ਉਹ ਬੋਲਿਆ ,”ਆਂਟੀ ! ਜੋਤ ਨੂੰ ਕਲਾਸ ਵਿੱਚ ਬਲੈਕ ਬੋਰਡ ਦਿਖਾਈ ਨਹੀਂ ਦਿੰਦਾ। ਤੁਸੀਂ ਉਸਦੀ ਨਿਗ੍ਹਾ ਚੈੱਕ ਕਰਵਾਓ ।” ਪਹਿਲਾਂ ਤਾਂ ਮੈਂ ਸੋਚਿਆ ਕਿ ਬੱਚਾ ਹੈ। ਐਵੇਂ ਮਜ਼ਾਕ ਕਰ ਰਿਹਾ ਹੋਣਾ। ਫਿਰ ਮੈਂ ਸਹੀ ਗੱਲ ਪਤਾ ਕਰਨ ਦੀ ਸੋਚੀ। ਮੈਂ ਬਿਲਕੁਲ ਹੈਰਾਨ ਰਹਿ ਗਈ, ਜਦੋਂ ਮੈਂ ਉਸ ਨੂੰ ਥੋੜ੍ਹੀ ਦੂਰ ਲਿਖੇ ਕੁਝ ਅੱਖਰ ਪੜ੍ਹਾ ਕੇ ਦੇਖਣ ਦੀ ਕੋਸ਼ਿਸ਼ ਕੀਤੀ । ਉਹ ਬਿਲਕੁਲ ਵੀ ਨਹੀਂ ਪੜ੍ਹ ਸਕਿਆ । ਪਹਿਲਾਂ ਤਾਂ ਮੈਂ ਉਸ ਨੂੰ ਡਾਂਟਿਆ ਕਿ ਕਿੰਨੀ ਦੇਰ ਹੋ ਗਈ ਤੂੰ ਇਸ ਬਾਰੇ ਦੱਸਿਆ ਕਿਉਂ ਨਹੀਂ। ਉਸ ਤੋਂ ਬਾਅਦ ਅਸੀਂ ਜਲਦੀ ਨਾਲ ਉਸ ਨੂੰ ਡਾਕਟਰ ਕੋਲ ਲੈ ਕੇ ਗਏ। ਜਦੋਂ ਡਾਕਟਰ ਨੇ ਨਜ਼ਰ ਚੈੱਕ ਕੀਤੀ ਤਾਂ ਕਿਹਾ ਕਿ ਇਸਦੇ ਦਾ ਸਾਢੇ ਤਿੰਨ ਨੰਬਰ ਦੀ ਐਨਕ ਲੱਗੇਗੀ। ਬੇਟੇ ਦੇ ਐਨਕ ਤਾਂ ਲੱਗ ਗਈ ਪਰ ਮੈਨੂੰ ਫਿਰ ਮੈਨੂੰ ਉਸਦੇ ‘ਫਰਿਸ਼ਤੇ’ ਵਰਗੇ ਦੋਸਤ ਦਾ ਧਿਆਨ ਆਇਆ , ਜਿਸ ਨੇ ਕਿ ਸਾਨੂੰ ਦੱਸਣਾ ਆਪਣਾ ਫਰਜ਼ ਸਮਝਿਆ ।ਨਹੀਂ ਤਾਂ ਪਤਾ ਨਹੀਂ ਕਿੰਨੀ ਕੁ ਦੇਰ ਲੱਗ ਜਾਂਦੀ ਤੇ ਹੋਰ ਵੀ ਜ਼ਿਆਦਾ ਨੁਕਸਾਨ ਹੋ ਜਾਂਦਾ ।ਅਸੀਂ ਉਸ ਦੇ ਫਰਿਸ਼ਤੇ ਵਰਗੇ ਦੋਸਤ ਦਾ ਵਾਰ ਵਾਰ ਸ਼ੁਕਰੀਆ ਅਦਾ ਕੀਤਾ ਅਤੇ ਆਪਣੇ ਬੇਟੇ ਨੂੰ ਤਾਕੀਦ ਕੀਤੀ , “ਸੱਚੇ ਦੋਸਤ ਬੜੀ ਮੁਸ਼ਕਿਲ ਨਾਲ ਮਿਲਦੇ ਨੇ । ਰੱਬ ਨੇ ਤੈਨੂੰ ਇਹ ਇੰਨਾ ਪ੍ਰਵਾਹ ਕਰਨ ਵਾਲਾ ਦੋਸਤ ਦੇ ਕੇ ਤੈਨੂੰ ਜ਼ਿੰਦਗੀ ਦਾ ਬਹੁਮੁੱਲਾ ਤੋਹਫ਼ਾ ਦਿੱਤਾ ਹੈ । ਇਸ ਨੂੰ ਕਦੇ ਨਾ ਛੱਡੀਂ ।”
ਰਮਨਦੀਪ ਕੌਰ ਵਿਰਕ
ਸੀਮਾ ਇੱਕ ਪੜ੍ਹੀ ਲਿਖੀ ਘਰੇਲੂ ਔਰਤ ਸੀ। ਉਹ ਸਾਰਾ ਦਿਨ ਆਪਣੇ ਬੱਚਿਆਂ ਵਿੱਚ ਮਸਤ ਰਹਿੰਦੀ । ਕਦੇ ਉਨ੍ਹਾਂ ਨੂੰ ਪੜ੍ਹਾ ਰਹੀ ਹੁੰਦੀ ,ਕਦੇ ਉਨ੍ਹਾਂ ਨੂੰ ਖਾਣ ਪੀਣ ਲਈ ਦਿੰਦੀ । ਉਹ ਘਰ ਦੇ ਨਿੱਕੇ ਨਿੱਕੇ ਕੰਮ ਕਰਦਿਆਂ ਬੜਾ ਖੁਸ਼ੀ ਮਹਿਸੂਸ ਕਰਦੀ। ਆਪਣੇ ਬੱਚਿਆਂ ਨਾਲ ਰਲ ਮਿਲ ਕੇ ਹੱਸਣਾ ਉਸ ਨੂੰ ਬਹੁਤ ਚੰਗਾ ਲਗਦਾ। ਇੱਕ ਦਿਨ ਉਹ ਬੱਚਿਆਂ ਨਾਲ ਗੱਲਾਂ ਗੱਲਾਂ ਬਾਤਾਂ ਕਰ ਰਹੀ ਸੀ। ਉਸ ਨੇ ਆਪਣੇ ਬੱਚਿਆਂ ਨੂੰ ਪੁੱਛਿਆ ,”ਬੇਟੇ ਤੁਸੀਂ ਵੱਡੇ ਹੋ ਕੇ ਕੀ ਬਣੋਗੇ ?”ਉਸ ਦੀ ਅੱਠਵੀਂ ਚ ਪੜ੍ਹਦੀ ਬੇਟੀ ਰੀਤ ਬੋਲੀ ,”ਮੰਮੀ !ਮੈਂ ਤਾਂ ਡਾਕਟਰ ਬਣਨਾ।” ਉਸ ਨੇ ਕਿਹਾ ,”ਹਾਂ ਬੇਟੇ ਸਾਰਿਆਂ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਉਦੇਸ਼ ਹੋਣਾ ਚਾਹੀਦਾ ।ਬਹੁਤ ਵਧੀਆ ਲੱਗਿਆ ਕਿ ਤੂੰ ਡਾਕਟਰ ਬਣਨਾ । ਫਿਰ ਉਸ ਦੇ ਬੇਟੇ ਨੇ ਕਿਹਾ,”ਪਰ ਮੰਮੀ ਤੁਸੀਂ ਸਾਡੀ ਛੱਡੋ !ਤੁਸੀਂ ਇਹ ਦੱਸੋ ਕੀ ਤੁਸੀਂ ਜਦੋਂ ਸਾਡੇ ਜਿੱਡੇ ਹੁੰਦੇ ਸੀ ਤਾਂ ਤੁਹਾਡਾ ਦਿਲ ਕਰਦਾ ਸੀ ਕਿ ਮੈਂ ਕੀ ਬਣਾਂ?” ਸੀਮਾ ਹੱਸ ਕੇ ਬੋਲੀ ,”ਮੇਰਾ ਤਾਂ ਬਹੁਤ ਕੁਝ ਬਣਨ ਨੂੰ ਦਿਲ ਕਰਦਾ ਸੀ ਬੇਟਾ!” ਤਾਂ
ਮੰਮੀ ਬਣੇ ਕਿਉਂ ਨਹੀਂ ?”ਉਸ ਦੇ ਬੇਟੇ ਨੇ ਪੁੱਛਿਆ।” ਤੁਸੀਂ ਤਾਂ ਪੜ੍ਹ ਲਿਖ ਕੇ ਘਰ ਵਿੱਚ ਹੀ ਕੰਮ ਕਰਦੇ ਹੋ ।” “ਦੱਸਦੀ ਹਾਂ ਬੇਟਾ, ਛੋਟੀ ਹੁੰਦੀ ਜਦੋਂ ਆਪਣੀ ਮੰਮੀ ਨਾਲ ਹਸਪਤਾਲ ਜਾਇਆ ਕਰਨਾ, ਉੱਥੇ ਡਾਕਟਰ ਨੂੰ ਵੇਖ ਕੇ ਮੇਰਾ ਬੜਾ ਦਿਲ ਕਰਨਾ ਕਿ ਮੈਂ ਇਸ ਵਰਗੀ ਡਾਕਟਰ ਬਣਾਂ । ਜਦੋਂ ਮੈਂ ਆਪਣੇ ਅਧਿਆਪਕਾਂ ਨੂੰ ਪੜ੍ਹਾਉਂਦੇ ਦੇਖਦੀ ਸੀ ਤਾਂ ਮੇਰਾ ਮਨ ਅਧਿਆਪਕ ਬਣਨ ਨੂੰ ਕਰਦਾ ਸੀ ਤੇ ਜਦੋਂ ਕਦੇ ਕਦੇ ਸਕੂਲ ਦੇ ਬਗੀਚੇ ਵਿੱਚ ਮਾਲੀ ਨੂੰ ਕੰਮ ਕਰਦੇ ਦੇਖਣਾ ਤਾਂ ਮੇਰਾ ਦਿਲ ਕਰਿਆ ਕਰਨਾ ਕਿ ਚੱਲ ਮੈਂ ਤਾਂ ਮਾਲੀ ਹੀ ਬਣ ਜਾਵਾਂ। ਸਾਰਾ ਦਿਨ ਫੁੱਲਾਂ ਬੂਟਿਆਂ ‘ਚ ਰਿਹਾ ਕਰਾਂਗੀ । ਕਈ ਵਾਰੀ ਜਦੋਂ ਵਿਆਹ ਸ਼ਾਦੀ ਵਿੱਚ ਸਵਾਦ ਚੀਜ਼ਾਂ ਖਾਂਦੀ ਫੇਰ ਮੇਰਾ ਜੀਅ ਕਰਦਾ, ਲੈ ਮੈਂ ਤਾਂ ਸ਼ੈੱਫ ਬਣਜਾਂ ਤੇ ਬਹੁਤ ਸਵਾਦ ਸਵਾਦ ਚੀਜ਼ਾਂ ਬਣਾਇਆ ਕਰਾਂ। ਇਸ ਤਰ੍ਹਾਂ ਮੇਰੇ ਤਾਂ ਬਹੁਤ ਕੁਝ ਬਣਨ ਨੂੰ ਦਿਲ ਕਰਦਾ ਸੀ ।”ਅੱਛਾ ਮੰਮੀ ,ਤੁਸੀਂ ਐਨਾ ਕੁਝ ਬਣਨਾ ਚਾਹੁੰਦੇ ਸੀ ?”ਅਵੀ ਹੈਰਾਨੀ ਨਾਲ ਬੋਲਿਆ। ਫੇਰ ਸੀਮਾ ਨੇ ਗੱਲ ਜਾਰੀ ਰੱਖੀ ਏਨਾ ਹੀ ਨਹੀਂ ਬੇਟੇ ! ਜਦੋਂ ਕਦੇ ਮੈਂ ਸੋਹਣੀਆਂ ਕਹਾਣੀਆਂ ਪੜ੍ਹਦੀ ਸੀ ਤਾਂ ਮੇਰਾ ਜੀਅ ਕਰਦਾ ਸੀ ਕਿ ਮੈਂ ਤਾਂ ਕਹਾਣੀਆਂ ਲਿਖਿਆ ਕਰਾਂ। ਮੇਰਾ ਕਹਾਣੀਕਾਰ ਬਣਨ ਨੂੰ ਵੀ ਦਿਲ ਕਰਦਾ ਸੀ। ” ਇਹ ਸੁਣ ਕੇ ਦੋਵੇਂ ਬੱਚੇ ਹੈਰਾਨ ਹੋ ਗਏ ਤੇ ਉਸ ਦੀ ਬੇਟੀ ਰੀਤ ਉਦਾਸ ਜੀ ਹੋ ਕੇ ਬੋਲੀ ,”ਹੈਂ ਮੰਮੀ! ਤੁਸੀਂ ਤਾਂ ਪੜ੍ਹ ਲਿਖ ਕੇ ਘਰ ਵਿੱਚ ਹੀ ਰਹਿ ਗਏ ।ਤੁਸੀਂ ਤਾਂ ਕੁਝ ਵੀ ਨਹੀਂ ਬਣ ਸਕੇ।” ਇਹ ਸੋਚ ਕੇ ਸੀਮਾ ਹੱਸ ਪਈ ,”ਨਹੀਂ ਬੇਟੇ ਮੇਰੀ ਗੱਲ ਧਿਆਨ ਨਾਲ ਸੁਣੋ ! ਭਾਵੇਂ ਮੈਂ ਘਰ ਵਿੱਚ ਕੰਮ ਕਰਦੀ ਹਾਂ ਪਰ ਜਦੋਂ ਤੁਸੀਂ ਬੀਮਾਰ ਹੁੰਦੇ ਓ ਨਵੇਂ ਨਵੇਂ ਨੁਸਖੇ ਵਰਤ ਕੇ ਤੁਹਾਨੂੰ ਮਿੰਟਾਂ ਵਿੱਚ ਠੀਕ ਕਰਦੀਆਂ ਕਿ ਨਹੀਂ?” “ਹਾਂ ਮੰਮੀ ਪਿਛਲੀ ਵਾਰ ਜਦੋਂ ਮੈਨੂੰ ਜ਼ੁਕਾਮ ਹੋਇਆ ਸੀ ਤੁਸੀਂ ਇੱਕ ਦਿਨ ਚ ਮੈਨੂੰ ਠੀਕ ਕਰ ਦਿੱਤਾ ਸੀ। ਤੁਸੀਂ ਸੱਚੀ ਮੁੱਚੀ ਡਾਕਟਰ ਹੋ ।” “ਬੇਟੇ !ਜਦੋਂ ਮੈਂ ਤੈਨੂੰ ਸਵਾਦ ਸਵਾਦ ਚੀਜ਼ਾਂ ਬਣਾ ਕੇ ਖੁਆਉਂਦੀ ਹਾਂ ਤਾਂ?” ਸੀਮਾ ਨੇ ਪੁੱਛਿਆ । ” ਮੰਮੀ! ਵੱਡੇ ਵੱਡੇ ਸ਼ੈਫ ਵੀ ਤੁਹਾਡੇ ਵਰਗਾ ਖਾਣਾ ਨਹੀਂ ਬਣਾ ਸਕਦੇ ।ਸਾਨੂੰ ਤਾਂ ਘਰ ਦੇ ਖਾਣੇ ਚ ਇੰਨਾ ਸੁਆਦ ਆਉਂਦਾ ਕਿ ਕਿਸੇ ਹੋਟਲ ਚ ਵੀ ਨਹੀਂ ਆ ਸਕਦਾ।” ਤੇ ਮੈਂ ਜਦੋਂ ਤੁਹਾਨੂੰ ਪੜ੍ਹਾਉਂਦੀਆਂ ,ਉਦੋਂ ਮੈਂ ਮੈਨੂੰ ਆਪਣਾ ਆਪ ਕਿਸੇ ਅਧਿਆਪਕ ਤੋਂ ਘੱਟ ਨਹੀਂ ਲੱਗਦਾ।” ” ਮੰਮੀ ਸੱਚੀਂ ਅਧਿਆਪਕ ਵੀ ਤੁਹਾਡੇ ਤੋਂ ਵਧੀਆ ਨਹੀਂ ਪੜ੍ਹਾ ਸਕਦੇ।” ਦੋਵੇਂ ਬੱਚੇ ਇਕੱਠੇ ਬੋਲੇ। ” ਤੇ ਉਹ ਜਿਹੜੀ ਤੁਸੀਂ ਕਹਾਣੀਆਂ ਲਿਖਣ ਦੀ ਗੱਲ ਕਰਦੇ ਸੀ, ਉਹਦਾ ਕੀ ਬਣਿਆ ? ਸੀਮਾ ਨੇ ਜਵਾਬ ਦਿੱਤਾ ,”ਜਦੋਂ ਤੁਸੀਂ ਰਾਤ ਨੂੰ ਸੌਣ ਵੇਲੇ ਕਹਾਣੀ ਸੁਣਨ ਦੀ ਜ਼ਿੱਦ ਕਰਦੇ ਓ ,ਉਹ ਜਿਹੜੀਆਂ ਕਹਾਣੀਆਂ ਮੈਂ ਸੁਣਾਉਂਦੀ ਹਾਂ, ਉਹ ਮੈਂ ਆਪਣੇ ਆਪ ਨੂੰ ਬਣਾ ਕੇ ਤੁਹਾਨੂੰ ਸੁਣਾਉਂਦੀਆਂ ਤੇ ਫਿਰ ਮੈਂ ਕਹਾਣੀਕਾਰ ਵੀ ਹੋ ਗਈ। ਹਾਂ ,ਜਦੋਂ ਮੈਂ ਘਰ ਲੱਗੇ ਬੂਟਿਆਂ ਨੂੰ ਪਾਲ ਪੋਸ ਕੇ ਵੱਡਾ ਕਰਦੀਆਂ ਤਾਂ ਉਦੋਂ ਮੈਂ ਕਿਸੇ ਮਾਲੀ ਤੋਂ ਘੱਟ ਨਹੀਂ ਹੁੰਦੀ ।” ਦੋਨੋਂ ਬੱਚੇ ਬਹੁਤ ਖੁਸ਼ ਹੋਏ ।”ਤਾਂ ਮੰਮੀ ਹੁਣ ਇਸ ਤੋਂ ਬਾਅਦ ਕੀ ਬਣਨ ਦਾ ਇਰਾਦਾ ਹੈ? ਇਨ੍ਹਾਂ ਵਿੱਚੋਂ ਸਾਰਾ ਕੁਝ ਬਣ ਗਏ ਕਿ ਕੁਝ ਰਹਿ ਵੀ ਗਿਆ ?” ਰੀਤ ਨੇ ਪੁੱਛਿਆ।” ਹਾਂ ਬੇਟੇ ,ਇੱਕ ਚੀਜ਼ ਰਹਿਗੀ ।” “ਉਹ ਕੀ ਮੰਮੀ ? ਅਵੀ ਬੋਲਿਆ।” ਹੁਣ ਤਾਂ ਮੈਂ ਬੱਸ ‘ ਪਾਇਲਟ ‘ਬਣਨਾ ਹੈ ।”ਪਾਇਲਟ ?”ਦੋਨੋਂ ਬੱਚਿਆਂ ਨੇ ਪੁੱਛਿਆ।” ਹਾਂ ਜੀ ਬਿਲਕੁਲ ‘ਪਾਇਲਟ ‘ ਬਣਨਾ।” ” ਪਰ ਕਿਵੇਂ ਮੰਮੀ ?” ਬੱਚੇ ਹੈਰਾਨ ਹੋ ਗਏ। ” ਦੇਖੋ ਬੇਟੇ ਹੁਣ ਤੁਹਾਡੇ ਸੁਪਨਿਆਂ ਨੂੰ ਉਡਾਣ ਦੇ ਕੇ ਮੈਂ ਪਾਇਲਟ ਬਣਾਂਗੀ । ਸਮਝੇ ਕਿ ਨਹੀਂ ?” ਤੇ ਤਿੰਨੋਂ ਉੱਚੀ ਉੱਚੀ ਹੱਸ ਪਏ ।
ਰਮਨਦੀਪ ਕੌਰ ਵਿਰਕ
ਮਤਰੇਈ ਮਾਂ ਕਈ ਦਿਨਾਂ ਤੋਂ ਦੇਖ ਰਿਹਾ ਸੀ ਕਿ ਇੱਕ ਨਰਸਰੀ ਕਲਾਸ ਵਿੱਚ ਪੜ੍ਹਦੀ6 ਕੋ ਸਾਲ ਦੀ ਮਾਸੂਮ ਜਿਹੇ ਚੇਹਰੇ ਵਾਲੀ ਕੁੜੀ ਛੁੱਟੀ ਹੋਣ ਤੋਂ ਬਾਅਦ ਵੀ ਕਦੇ ਘਰ ਜਾਣ ਨੂੰ ਕਾਹਲੀ ਨਹੀਂ ਸੀ, ਬਾਕੀ ਬੱਚਿਆਂ ਦੀ ਤਰਾਂ ਛੁੱਟੀ ਹੋਣ ਤੇ ਕਦੇ ਖੁਸ਼ ਨਹੀਂ ਸੀ ਹੋਈ ਉਹ, ਘਰ ਜਾਣ ਨੂੰ ਕਦੇ ਕਾਹਲੇ ਨਹੀਂ ਸਨ ਪੈਰ ਉਸਦੇ ਨਾਂ ਹੀ ਕਦੇ ਉਸਨੂੰ ਅਗਾਊਂ ਛੁੱਟੀ ਦੀ ਖੁਸ਼ੀ ਮਹਿਸੂਸ ਹੋਈ ਸੀ, ਕਈਆਂ ਦਿਨਾਂ ਤੋਂ ਮੇਰੇ ਮਨ ਦੇ ਵਿੱਚ ਵਿਚਾਰ ਆ ਰਹੇ ਸਨ ਕਿ ਕੀ ਵਜਾ ਹੋ ਸਕਦੀ, ਫਿਰ ਇੱਕ ਦਿਨ ਸਕੂਲ ਵਿੱਚ ਕੋਈ ਅਚਾਨਕ ਛੁੱਟੀ ਕਰਨੀ ਪਈ ਜਦੋਂ ਬੱਚਿਆਂ ਅਚਾਨਕ ਛੁਟੀ ਦੀ ਅਨਾਉਂਸਮੈਂਟ ਸੁਣੀ ਤਾਂ ਬਹੁਤ ਖ਼ੁਸ਼ ਹੋ ਕੇ ਆਪਣੇ ਬੈਗ ਲੈ ਕੇ ਬੱਸ ਵੈਨਾ ਵਿੱਚ ਬੈਠਣ ਨੂੰ ਕਾਹਲੇ ਸਨ ਪਰ ਓਹ ਕੁੜੀ ਨੂੰ ਮੈਂ ਕਿਹਾ ਤੁਸੀਂ ਵੀ ਜਾਓ ਆਪਣੇ ਘਰ ਤਾਂ ਬਿਨਾਂ ਕੁਝ ਬੋਲਣ ਤੋਂ ਮੇਰੇ ਮੂੰਹ ਵੱਲ ਝਾਕੀ ਜਾ ਰਹੀ, ਪਰ ਕੁਛ ਬੋਲਦੀ ਨਹੀਂ ਸੀ, ਮੇਰੇ ਵਾਰ ਵਾਰ ਕਹਿਣ ਤੇ ਉਹ ਨਹੀਂ ਬੋਲੀ ਅਤੇ ਆਪਣੀ ਨਿਗ੍ਹਾ ਆਪਣੇ ਬੈਗ ਵਿੱਚ ਰੱਖੀ, ਜਦੋਂ ਮੈਂ ਕੋਲ ਜਾ ਕੇ ਸਿਰ ਉੱਪਰ ਹੱਥ ਰੱਖਦੇ ਨੇ ਉਹੀ ਗੱਲ ਦੁਰਹਾਈ ਤਾਂ ਉਸ ਬੱਚੀ ਦੀਆਂ ਅੱਖਾਂ ਵਿੱਚੋਂ ਪਤਾ ਨਹੀਂ ਕਿੰਨੇ ਕੋ ਅਥਰੂ ਵਹਿ ਤੁਰੇ, ਮੇਰੀ ਸਮਝ ਤੋਂ ਗੱਲ ਬਾਹਰ ਸੀ, ਜਦੋਂ ਮੈਂ ਉਸਦੇ ਇੱਕ ਕਲਾਸ ਮੇਟ ਬੱਚੇ ਨੂੰ ਪੁੱਛਿਆ ਜੋ ਉਸਦਾ ਗੁਆਂਢੀ ਸੀ ਤਾਂ ਉਸਨੇ ਜੋ ਉੱਤਰ ਦਿੱਤਾ ਉਸਨੇ ਮੈਨੂੰ ਵੀ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ, ਜਿਸਨੇ ਉਸਦੀ ਕਹਾਣੀ ਦਸਦਿਆਂ ਕਿਹਾ ਕਿ ਸਰ ਜੀ ਇਹ ਕੁੜੀ ਮਤਰੇਈ ਮਾਂ ਪਾਲ ਰਹੀ ਹੈ, ਜੋ ਘਰ ਜਾਣ ਤੇ ਇਸ ਬੱਚੀ ਤੇ ਕਈ ਤਰ੍ਹਾਂ ਦੇ ਤਸ਼ੱਦਦਤ ਕਰਦੀ, ਹਾਲਾਂਕਿ ਬਾਪ ਮਤਰੇਆ ਨਹੀਂ ਪਰ ਪਿਓ ਦੀ ਕੋਈ ਵੁੱਕਤ ਨਹੀਂ ਘਰ ਵਿੱਚ ਇਸਦੀ ਮਾਂ ਦੀ ਚੱਲਦੀ, ਜਦੋਂ ਇਹ ਕੁੜੀ ਘਰ ਹੋਏ ਤਾਂ ਇਸਨੂੰ ਘਰ ਵਿੱਚ ਹਰ ਰੋਜ ਕੁੱਟਿਆ ਜਾਂਦਾ, ਅਤੇ ਕਈ ਵਾਰ ਤਾਂ ਰੋਟੀ ਵੀ ਨਹੀਂ ਦਿੱਤੀ ਜਾਂਦੀ, ਇਹ ਸਭ ਕੁਝ ਸੁਣ ਕੇ ਮੈਂ ਸੁਨ ਹੋ ਗਿਆ, ਸਭ ਕੁਛ ਸੁਣਨ ਤੋਂ ਬਾਅਦ ਮੇਰੇ ਕੋਲ ਕੋਈ ਸ਼ਬਦ ਨਹੀਂ ਸੀ ਕੁੜੀ ਨੂੰ ਦੁਬਾਰਾ ਘਰ ਜਾਣ ਨੂੰ ਕਹਾ, ਅਤੇ ਉਹ ਮਾਸੂਮ ਕੁੜੀ ਆਪਣੀ ਆਪ ਬੀਤੀ ਸੁਣ ਕੇ ਹੋਰ ਜਿਆਦਾ ਭਾਵੁਕ ਹੋ ਕੇ ਰੋਣ ਲੱਗੀ। ਅਤੇ ਮੇਰੇ ਪੈਰਾਂ ਵਿੱਚ ਡਿੱਗ ਕੇ ਕਹਿਣ ਲੱਗੀ ਮੈਂ ਘਰ ਨਹੀਂ ਜਾਣਾ ਨਹੀਂ ਜਾਣਾ ਮੈਂ ਪੂਰੀ ਛੁੱਟੀ ਹੀ ਜਾਊਂ।।।
ਲੇਖਕ ਜਗਜੀਤ ਸਿੰਘ ਡੱਲ
ਮਾਂ ਦਾ ਧੀਆਂ ਤੋਂ ਚੋਰੀ ਪੁੱਤਰਾਂ ਨੂੰ ਮਲਾਈ ਖਿਲਾਂਉਣਾ ਤੇ ਪੁੱਤਰਾਂ ਤੋਂ ਚੋਰੀ ਧੀਆਂ ਦਾ ਦਹੇਜ ਤਿਆਰ ਕਰਨਾ ਤੇ ਪਤੀ ਤੋਂ ਚੋਰੀ ਪੇਕਿਆਂ ਦੀ ਸਾਰ ਪੁੱਛਣੀ…..!!!! ਸਭ ਕੀ ਹੈ “ਸਿਰਫ ਲਹੂ ਦੇ ਰਿਸ਼ਤਿਆਂ ਨੂੰ ਨਿਭਾਉਂਣਾ”…!!!!
ਦਾਦੀ ਦੇ ਤਾਹਨਿਆਂ ਨੂੰ ਸਹਿਣਾ……ਭੂਆ ਨੂੰ “ਬੀਬੀ” ਕਹਿ ਕੇ ਪੈਰੀ ਹੱਥ ਲਾਉਂਣਾ……ਫਿਰ ਵੀ “ਗਏ ਘਰ ਦੀ” ਅਖਾਣ ਦਾ ਮੇਹਣਾ ਸੁਣਨਾ ਆਪਣੇ ਅਸਤਿਤਵ ਨੂੰ ਜ਼ਿਊਦਾਂ ਰੱਖਣ ਲਈ ਮਾਂ ਹੋਰ ਕੀ ਕਰੇ…….!!!!!!
ਧੀਆਂ ਜੰਮਣ ਦਾ ਕਸੂਰ……..ਮੱਝ ਦੇ ਨਾ ਮਿਲਣ ਦਾ ਡਰ…….ਪਤੀ ਦਾ ਸ਼ਰਾਬ ਪੀਣ ਦਾ ਡਰ …..ਸੌਕਣ ਆ ਜਾਣ ਦਾ ਡਰ …….ਬੱਚੇ ਦੇ ਮਲ-ਮੂਤਰ ਦਾ ਡਰ…….ਸਾਰੇ ਜ਼ੁਰਮਾਂ ਦੀ ਸਜ਼ਾ ਸਿਰਫ ਮਾਂ ਨੇ ਹੀ ਭੁਗਤੀ ਹੈ ਆਪਣੇ ਅਸਤਿਤਵ ਨੂੰ ਜ਼ਿਊਦਾਂ ਰੱਖਣ ਲਈ ਮਾਂ ਹੋਰ ਕੀ ਕਰੇ…….!!!! ਮਾਂ ਕੀ ਕਰੇ……..!!!!
ਅਗਿਆਤ
ਮੈਨੂੰ ਬੜਾ ਗੁੱਸਾ ਆਉਣਾਂ , ਕਈ ਵਾਰ ਆਖਣਾਂ ਮੈਂ , ” ਅੰਮੀਂ ਇੰਨੇਂ ਗਰਮ ਮਿਜਾਜ਼ ਬੰਦੇ ਨਾਲ ਵਿਆਹ ਕਿਓਂ ਕਰਾਇਆ ਤੂੰ?
ਜਦੋਂ ਬਾਪੂ ਨੂੰ ਰੋਟੀ ਫੜਾ ਖੇਤੋਂ ਪਿੰਡ ਵੱਲ ਨੂੰ ਮੁੜਨਾਂ ਤਾਂ ਬਾਪੂ ਨੇਂ ਸਦਾ ਖਰਵੇ ਜਿਹੇ ਬੋਲਾਂ ਚ ਕਹਿਣਾਂ, ” ਵੀਰਾਂ ਸਿੱਧੀ ਪਿੰਡ ਨੂੰ ਜਾਈਂ , ਰਾਹ ਚ ‘ ਬਖਤਾਵਰ ‘ ਹੁਣਾਂ ਦੀ ਢਾਣੀਂ ਤੇ ਨਿਆਣਿਆਂ ਨਾਲ ਨਾਂ ਖੇਡ ਪੈ ਜਾਵੀਂ , ਤੇਰੀ ਅੰਮੀਂ ਉਡੀਕਦੀ ਰਹੇ ਕਿੱਧਰੇ।
ਮੈਂ ਸਿਰ ਹਿਲਾ ਘਰ ਨੂੰ ਤੁਰ ਪੈਂਦੀ ।
ਮੇਰੀ ਅੰਮੀਂ ਹਵੇਲੀ ਵਾਲੇ ਸਰਦਾਰਾਂ ਦੀ ਧੀ ਸੀ , ਤੇ ਮੇਰੀ ਮਾਸੀ ਕਿਸੇ ਵੱਡੇ ਅਹੁਦੇਦਾਰ ਨੂੰ ਵਿਆਹੀ ਹੋਈ, ਜਦੋਂ ਨਾਨਾ ਮੋਟਰ ਗੱਡੀ ਤੇ ਮੇਰੀ ਅੰਮੀਂ ਨੂੰ ਮਿਲਣ ਆਉਂਦਾ ਤਾਂ ਅੰਮੀਂ ਲਈ ਮਹਿੰਗੇ ਸੂਟ ਤੇ ਮਖਮਲੀ ਦਪੁੱਟਿਆਂ ਦੇ ਕਿੰਨੇਂ ਜੋੜੇ ਨਾਨੀ ਘੱਲਦੀ ਤੇ ਸਾਨੂੰ ਚਾਰਾਂ ਭੈਣਾਂ ਨੂੰ ਕਿੰਨੀਆਂ ਸੁਗਾਤਾਂ।
ਕਦੀ ਕਦੀ ਮੈਂ ਅੰਮੀਂ ਨੂੰ ਪੁੱਛਦੀ , ” ਬੀਬੀ ਤੇਰਾ ਬਾਪੂ ਮੋਟਰ ਗੱਡੀਆਂ ਵਾਲਾ ਤੇ ਸਾਡੀ ਮਾਸੀ ਵੀ ਵੱਡੇ ਸ਼ਹਿਰ ਰਹਿੰਦੀ ਏ , ਡਾਢੀ ਰਸੂਖ ਵਾਲੀ ਏ , ਤੂੰ ਕਿਓਂ ਬਾਪੂ ਨਾਲ ਵਿਆਹ ਕਰਾਇਆ?
ਤਾਂ ਅੰਮੀਂ ਝੱਟ ਆਖਦੀ , ” ਬੀਬੀਆਂ ਧੀਆਂ ਇਹੋ ਜਿਹੀਆਂ ਗੱਲਾਂ ਨੀਂ ਕਰਦੀਆਂ ਹੁੰਦੀਆਂ, ਤੇਰਾ ਬਾਪੂ ਵੀ ਜੈਲਦਾਰਾਂ ਦਾ ਪੁੱਤਰ ਏ , ਬਸ ਤੇਰੇ ਵੱਡੇ ਬਾਪੂ ਨੇਂ ਤੇਰੇ ਦੋਵੇਂ ਤਾਇਆਂ ਨਾਲੋਂ ਅੱਧੀ ਪੈਲੀ ਦਿੱਤੀ ਏ ਤੇਰੇ ਬਾਪੂ ਨੂੰ , ਕਹਿੰਦਾ ਧੀਆਂ ਦਾ ਪਿਓ ਏਂ ਤੂੰ , ਕੋਈ ਪੁੱਤਰ ਤਾਂ ਹੈ ਨਈਂ , ਬੇਗਾਨੇ ਪੁੱਤਰਾਂ ਹੀ ਵਾਹੁਣੀ ਏ, ਉਂਝ ਤੇਰਾ ਬਾਪੂ ਬੜਾ ਚੰਗਾ ਏ । ਦੁਨੀਆਂ ਦੀ ਹਰ ਸ਼ੈਅ ਨਾਲੋਂ ਸੋਹਣੀ ਏ ਤੇਰੇ ਬਾਪੂ ਦੀ ਰੂਹ । ਪਰ ਮੈਂ ਕਹਿਣਾਂ ” ਮੈਨੂੰ ਤਾਂ ਕਦੀ ਨਹੀਂ ਇੰਝ ਲੱਗਿਆ ।
ਤਾਂ ਉਹਨੇਂ ਕਹਿਣਾਂ , ” ਮੈਨੂੰ ਪਤਾ ਏ । ਧੀਆਂ ਨਾਲ ਪਿਓ ਇੰਝ ਹੀ ਹੁੰਦੇ ਨੇਂ।
ਮੈਂ ਕਹਿਣਾ , “ਪਰ ਤੇਰਾ ਬਾਪੂ ਤਾਂ ਇੰਝ ਨੀਂ ਤੇਰੇ ਨਾਲ ।
ਤਾਂ ਅੰਮੀਂ ਕਹਿਣਾਂ , ” ਜਦੋਂ ਤੁਸੀਂ ਵਿਆਹੀਆਂ ਗਈਆਂ , ਤਾਂ ਤੁਹਾਡੇ ਬਾਪੂ ਨੇਂ ਵੀ ਮੇਰੇ ਬਾਪੂ ਵਰਗੇ ਹੋ ਜਾਣਾਂ। ਮੈਂ ਸ਼ੋਚਦੀ ਸਾਂ ਇਹ ਝੂਠ ਬੋਲਦੀ ਏ ।
ਮੈਨੂੰ ਮੇਰੀ ਅੰਮੀਂ ਦੀ ਸਮਝ ਨਹੀਂ ਸੀ ਆਉਂਦੀ , ਬਹੁਤੇ ਸਬਰ ਵਾਲੀ ਸੀ ਮੇਰੀ ਅੰਮੀਂ । ਉਹਦੀ ਮਾਂ ਉਹਨੂੰ ਮੁੱਠੀ ਚ ਚੋਰੀ ਕੁੱਝ ਪੈਸੇ ਦਿੰਦੀ ਪੇਕੇ ਗਈ ਨੂੰ ਤਾਂ ਉਹ ਸਾਰੇ ਦੇ ਸਾਰੇ ਉਹ ਵੀ ਬਾਪੂ ਨੂੰ ਫੜਾ ਛੱਡਦੀ । ਕਦੀ ਕਦੀ ਵੱਡੀ ਬੀਬੀ ( ਮੇਰੀ ਦਾਦੀ ) ਮੇਰੇ ਬਾਪੂ ਨੂੰ ਆਖਿਆ ਕਰਦੀ ਸੀ , “ਗਠੀਏ ਨਾਲ ਖੁਰੀ ਇਸ ਗਿੱਲੀ ਦੇਹੀ ਚੋਂ ਹੁਣ ਪੁੱਤਰ ਦੀ ਆਸ ਛੱਡ ਅਮਰ ਸਿਹੁੰ , ਲੋਕੀ ਬਥੇਰੇ ਹੋਰ ਜੁਗਾੜ ਕਰਦੇ ਨੇਂ। ਉਦੋਂ ਮੈਨੂੰ ਇਨ੍ਹਾਂ ਹੋਰ ਜੁਗਾੜਾਂ ਦੀ ਸਮਝ ਕੋਈ ਨਹੀਂ ਸੀ । ਪਰ ਅੰਮੀਂ ਪਤਾ ਨਹੀਂ ਕਿਓਂ ਇਹੋ ਜਿਹੀਆਂ ਗੱਲਾਂ ਸੁਣਕੇ ਲੁਕ -ਲੁਕ ਕੇ ਅੱਖਾਂ ਦੇ ਕੋਏ ਪੂੰਝਦੀ ਰਹਿੰਦੀ ਸੀ। ਤੇ ਕਦੀ ਕਦੀ ਨਾਨਾ ਆਉਂਦਾ ਤਾਂ ਮੈਂ ਆਪ ਆਖਦਾ ਸੁਣਦੀ ਸਾਂ ਕਈ ਵਾਰ ਨਾਨੇ ਨੂੰ , ” ਬੀਬੀ ਧੀ ਬਸੰਤ ਸਿਹੁੰ ਸਰਦਾਰ ਦੀ ਧੀ ਏਂ ਤੂੰ , ਸਾਰੀ ਉਮਰ ਖਵਾ ਸਕਦਾ ਤੇਰਾ ਪਿਓ ਤੈਨੂੰ , ਇੰਨਾਂ ਨਿਆਣੀਂਆਂ ਦਾ ਸੋਚਕੇ ਜੇਰਾ ਰੱਖਿਆ ਕਰ ।
ਜਦੋਂ ਵੱਡੀਆਂ ਦੋ ਭੈਣਾਂ ਹੀ ਵਿਆਹੀਆਂ ਸੀ ਹਲੇ , ਅੰਮੀਂ ਕੁੱਝ ਸਮਾਂ ਮੰਜੇ ਤੇ ਪੈ ਇਸ ਦੁਨੀਆਂ ਤੋਂ ਰੁਖਸਤ ਹੋ ਗਈ।
ਅਖੀਰੀ ਵੇਲਿਆਂ ਚ ਬਾਪੂ ਨੂੰ ਕੁੱਝ ਸਮਝਾਉਂਦੀ ਰਹਿੰਦੀ ਸੀ ਜਿਵੇਂ। ਅੰਮੀਂ ਦੇ ਮੁੱਕਣ ਤੋਂ ਅੱਠਾਂ ਕੁ ਵਰ੍ਹਿਆਂ ਬਾਅਦ ਮੇਰਾ ਵਿਆਹ ਹੋਇਆ ਤਾਂ ਵਿਆਹ ਤੋਂ ਵੀਹਾਂ ਕੁ ਦਿਨਾਂ ਬਾਅਦ ਮੇਰਾ ਬਾਪੂ ਮੇਰੇ ਸਹੁਰੀਂ ਆਇਆਂ ਤਾਂ ਵੱਡੀ ਸਵਾਤ ਚ ਸਾਰਿਆਂ ਤੋਂ ਪਾਸੇ ਪੁੱਛਿਆ , ” ਤੇਰੀ ਮਾਂ ਹੁੰਦੀ ਤਾਂ ਉਹ ਪੁੱਛਦੀ ਪੁੱਤਰ , ਕੋਈ ਦੁੱਖ -ਸੁੱਖ ਹੋਵੇ ਤਾਂ ਦੱਸਦੀਂ ਮੇਰੀ ਧੀ , ਤੇਰਾ ਬਾਪੂ ਬੈਠਾ ਏ।
ਗੱਲ ਸੁਣਦਿਆਂ ਹੀ ਮੇਰੀ ਭੁੱਬ ਨਿੱਕਲ ਗਈ । ਬਾਪੂ ਹੁਣ ਜਾ ਚੁੱਕਿਆ ਸੀ , ਤੇ ਉਹਦੇ ਵੱਲੋਂ ਮੇਰੀ ਮੁੱਠੀ ਚ ਦਿੱਤੇ ਪੈਸੇ ਮੇਰੇ ਹੰਝੂਆਂ ਨਾਲ ਗਿੱਲੇ ਹੋ ਗਏ ਸੈਣ , ਤੇ ਮੈਂ ਸੋਚ ਰਹੀ ਸਾਂ ,” ਸੱਚੀਂ ਦੁਨੀਆਂ ਦੀ ਹਰ ਸ਼ੈਅ ਨਾਲੋਂ ਸੋਹਣੀਂ ਸੀ ਮੇਰੇ ਬਾਪੂ ਦੀ ਰੂਹ , ਜੋ ਮੈਂ ਅੱਜ ਪਹਿਲੀ ਵਾਰ ਵੇਖੀ ਸੀ ।
ਮੰਮੀ
ਉਸਦਾ ਨਾਂ ਮਿਸੇਜ਼ ਸਟੈਲਾ ਸੀ, ਪਰ ਸਾਰੇ ਉਸਨੂੰ ਮੰਮੀ ਕਹਿੰਦੇ ਸਨ। ਦਰਮਿਆਨੇ ਕੱਦ ਤੇ ਪੱਕੀ ਉਮਰ ਦੀ ਔਰਤ ਸੀ ਉਹ। ਉਸਦਾ ਪਤੀ ਜੈਕਸਨ ਪਹਿਲੇ ਮਹਾ-ਯੁੱਧ ਵਿਚ ਮਾਰਿਆ ਗਿਆ ਸੀ। ਜਿਸਦੀ ਪੈਨਸ਼ਨ ਸਟੈਲਾ ਨੂੰ ਲਗਭਗ ਦਸ ਸਾਲ ਤੋਂ ਮਿਲ ਰਹੀ ਸੀ।
ਉਹ ਪੂਨੇ ਵਿਚ ਕਿੰਜ ਆਈ, ਕਦੋਂ ਦੀ ਉੱਥੇ ਹੈ, ਇਸ ਬਾਰੇ ਮੈਨੂੰ ਕੁਝ ਵੀ ਨਹੀਂ ਸੀ ਪਤਾ। ਅਸਲ ਵਿਚ ਮੈਂ ਇਸ ਬਾਰੇ ਜਾਣਨ ਦੀ ਕਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ। ਉਹ ਏਨੀ ਦਿਲਚਸਪ ਜ਼ਨਾਨੀ ਸੀ ਕਿ ਉਸਨੂੰ ਮਿਲ ਕੇ ਸਿਵਾਏ ਉਸਦੇ ਵਿਅੱਕਤੀਤਵ ਦੇ ਹੋਰ ਕਿਸੇ ਸ਼ੈ ਵਿਚ ਦਿਲਚਸਪੀ ਵੀ ਨਹੀਂ ਸੀ ਰਹਿੰਦੀ। ਉਸਦੇ ਸਬੰਧ ਕਿਸ ਨਾਲ ਨੇ, ਕਿਸ ਨਾਲ ਨਹੀਂ—ਇਹ ਜਾਣਨ ਦੀ ਲੋੜ ਹੀ ਮਹਿਸੂਸ ਨਹੀਂ ਸੀ ਹੁੰਦੀ, ਕਿਉਂਕਿ ਉਹ ਪੂਨੇ ਦੇ ਕਣ-ਕਣ ਨੂੰ ਜਾਣਦੀ ਸੀ। ਹੋ ਸਕਦਾ ਹੈ ਕਿ ਇਹ ਇਕ ਹੱਦ ਤੱਕ ਕਿਸੇ ਲਈ ਹੈਰਾਨ ਕਰ ਦੇਣ ਵਾਲੀ ਗੱਲ ਹੋਵੇ, ਪਰ ਮੇਰੇ ਲਈ ਪੂਨਾ ਉਹੀ ਪੂਨਾ ਸੀ। ਉਸਦੇ ਉਹ ਕਣ—ਉਹੀ ਸਾਰੇ ਕਣ ਨੇ, ਜਿਹਨਾਂ ਨਾਲ ਮੇਰੀਆਂ ਕੁਝ ਯਾਦਾਂ ਜੁੜੀਆਂ ਹੋਈਆਂ ਨੇ ਤੇ ਮੰਮੀ ਦਾ ਵਚਿੱਤਰ ਵਿਅੱਕਤੀਤਵ ਉਹਨਾਂ ਸਾਰਿਆਂ ਵਿਚ ਬਿਰਾਜਮਾਨ ਹੈ।
ਉਸ ਨਾਲ ਮੇਰੀ ਪਹਿਲੀ ਮੁਲਾਕਾਤ ਪੂਨੇ ਵਿਚ ਹੀ ਹੋਈ ਸੀ…ਮੈਂ ਬੜਾ ਹੀ ਸੁਸਤ ਕਿਸਮ ਦਾ ਆਦਮੀ ਹਾਂ। ਉਂਜ ਘੁੰਮਣ-ਫਿਰਨ ਦੀਆਂ ਵੱਡੀਆਂ-ਵੱਡੀਆਂ ਉਮੰਗਾਂ ਨੇ ਮੇਰੇ ਦਿਲ ਵਿਚ, ਤੇ ਜੇ ਤੁਸੀਂ ਮੇਰੇ ਬਾਰੇ ਗੱਲਾਂ ਸੁਣੋ ਤਾਂ ਤੁਹਾਨੂੰ ਇੰਜ ਲੱਗੇਗਾ ਕਿ ਮੈਂ ਕੰਚਨਜੰਗਾ ਜਾਂ ਹਿਮਾਲਿਆ ਦੀ ਇਸੇ ਵਰਗੀ ਕਿਸੇ ਹੋਰ ਚੋਟੀ ਨੂੰ ਫਤਿਹ ਕਰਨ ਲਈ ਤੁਰ ਜਾਣ ਵਾਲਾ ਹਾਂ। ਇੰਜ ਹੋ ਸਕਦਾ ਹੈ, ਪਰ ਇਸ ਨਾਲੋਂ ਵੀ ਵਧ ਸੰਭਾਵਨਾ ਇਸ ਗੱਲ ਦੀ ਹੈ ਕਿ ਉਹ ਚੋਟੀ ਫਤਿਹ ਕਰਕੇ ਮੈਂ ਉੱਥੋਂ ਦਾ ਹੋ ਕੇ ਹੀ ਰਹਿ ਜਾਵਾਂ।
ਰੱਬ ਜਾਣੇ ਕਿੰਨੇ ਵਰ੍ਹਿਆਂ ਦਾ ਬੰਬਈ ਵਿਚ ਸਾਂ। ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਪੂਨੇ ਗਿਆ ਤਾਂ ਪਤਨੀ ਮੇਰੇ ਨਾਲ ਸੀ। ਮੁੰਡਾ ਹੋ ਕੇ ਗੁਜਰੇ ਨੂੰ ਲਗਭਗ ਚਾਰ ਸਾਲ ਹੋ ਚੁੱਕੇ ਸਨ। ਇਸ ਦੌਰਾਨ ਮੈਂ…ਠਹਿਰਨਾ, ਮੈਂ ਹਿਸਾਬ ਲਾ ਲਵਾਂ…ਤੁਸੀਂ ਇਹ ਸਮਝ ਲਓ ਕਿ ਅੱਠ ਸਾਲਾਂ ਤੋਂ ਬੰਬਈ ਵਿਚ ਸਾਂ, ਪਰ ਹਾਲੇ ਤੀਕ ਮੈਨੂੰ ਉੱਥੋਂ ਦਾ ਵਿਕਟੋਰੀਆ ਗਾਰਡਨ ਤੇ ਮਿਊਜ਼ਿਅਮ ਦੇਖਣ ਦੀ ਵਿਹਲ ਨਹੀਂ ਸੀ ਮਿਲੀ। ਇਹ ਤਾਂ ਸਿਰਫ ਸਬੱਬ ਦੀ ਗੱਲ ਸੀ ਕਿ ਮੈਂ ਯਕਦਮ ਪੂਨੇ ਜਾਣ ਲਈ ਤਿਆਰ ਹੋ ਗਿਆ—ਜਿਸ ਫ਼ਿਲਮ ਕੰਪਨੀ ਵਿਚ ਨੌਕਰ ਸਾਂ, ਉਸਦੇ ਮਾਲਕ ਨਾਲ ਇਕ ਨਿੱਕੀ-ਜਿਹੀ ਗੱਲ ਉੱਤੇ ਤਕਰਾਰ ਹੋ ਗਿਆ ਤਾਂ ਮੈਂ ਸੋਚਿਆ ਕਿ ਏਸ ਕੁਸੈਲ ਨੂੰ ਦੂਰ ਕਰਨ ਲਈ ਪੂਨੇ ਹੋ ਆਵਾਂ। ਉਹ ਵੀ ਇਸ ਲਈ ਕਿ ਉਹ ਨੇੜੇ ਸੀ ਤੇ ਮੇਰੇ ਕੁਝ ਦੋਸਤ ਉੱਥੇ ਰਹਿੰਦੇ ਸਨ।
ਮੈਂ ਪ੍ਰਭਾਤ ਨਗਰ ਜਾਣਾ ਸੀ, ਜਿੱਥੇ ਮੇਰਾ ਫ਼ਿਲਮਾਂ ਦਾ ਇਕ ਪੁਰਾਣਾ ਸਾਥੀ ਰਹਿੰਦਾ ਸੀ। ਸਟੇਸ਼ਨ ‘ਚੋਂ ਬਾਹਰ ਨਿਕਲ ਕੇ ਪਤਾ ਲੱਗਿਆ ਕਿ ਉਹ ਜਗ੍ਹਾ ਕਾਫੀ ਦੂਰ ਹੈ, ਪਰ ਤਦ ਤੀਕ ਅਸੀਂ ਤਾਂਗਾ ਕਰ ਚੁੱਕੇ ਸਾਂ।
ਸੁਸਤ ਰਿਫ਼ਤਾਰ ਨਾਲ ਚੱਲਣ ਵਾਲੀਆਂ ਚੀਜ਼ਾਂ ਤੋਂ ਮੇਰੀ ਤਬੀਅਤ ਬੜੀ ਖਿਝ ਜਾਂਦੀ ਹੈ…ਤੇ ਮੈਂ ਆਪਣੇ ਦਿਲ ਦੀ ਖਿਝ ਮਿਟਾਉਣ ਖਾਤਰ ਇੱਥੇ ਆਇਆ ਸਾਂ, ਇਸ ਲਈ ਮੈਨੂੰ ਪ੍ਰਭਾਤ ਨਗਰ ਪਹੁੰਚਣ ਦੀ ਬੜੀ ਜਲਦੀ ਸੀ। ਤਾਂਗਾ ਬੜਾ ਹੀ ਘਟੀਆ ਕਿਸਮ ਦਾ ਸੀ, ਅਲੀਗੜ੍ਹ ਦੇ ਯੱਕਿਆਂ ਨਾਲੋਂ ਵੀ ਗਿਆ-ਬੀਤਿਆ, ਜਿਹਨਾਂ ਵਿਚੋਂ ਹਰ ਪਲ ਡਿੱਗਣ ਦਾ ਖਤਰਾ ਰਹਿੰਦਾ ਸੀ। ਘੋੜਾ ਅੱਗੇ ਵੱਲ ਘਿਸਟਦਾ ਰਹਿੰਦਾ ਹੈ ਤੇ ਸਵਾਰੀ ਪਿੱਛੇ ਵੱਲ ਰਿਸਕਦੀ ਰਹਿੰਦੀ ਹੈ। ਇਕ ਦੋ ਧੂੜ ਭਰੇ ਬਾਜ਼ਾਰਾਂ ਤੇ ਸੜਕਾਂ ਨੂੰ ਪਾਰ ਕਰਦੇ-ਕਰਦੇ ਮੇਰੀ ਤਬੀਅਤ ਬੇਹੱਦ ਖਰਾਬ ਹੋ ਗਈ। ਮੈਂ ਆਪਣੀ ਪਤਨੀ ਨਾਲ ਸਲਾਹ ਕੀਤੀ ਤੇ ਪੁੱਛਿਆ ਕਿ ਅਜਿਹੀ ਹਾਲਤ ਵਿਚ ਕੀ ਕਰਨਾ ਚਾਹੀਦਾ ਹੈ। ਉਸਨੇ ਕਿਹਾ ਕਿ ‘ਧੁੱਪ ਤੇਜ਼ ਹੈ। ਮੈਂ ਜਿਹੜੇ ਹੋਰ ਤਾਂਗੇ ਦੇਖੇ ਨੇ ਉਹ ਵੀ ਇਸੇ ਕਿਸਮ ਦੇ ਨੇ। ਜੇ ਇਸ ਨੂੰ ਛੱਡ ਦਿੱਤਾ ਤਾਂ ਪੈਦਲ ਤੁਰਨਾ ਪਏਗਾ, ਜਿਹੜਾ ਪਰਤੱਖ ਹੈ ਸੀ ਕਿ ਇਸ ਸਵਾਰੀ ਨਾਲੋਂ ਵਧੇਰੇ ਤਕਲੀਫ ਦੇਅ ਸਿੱਧ ਹੋਏਗਾ।’ ਗੱਲ ਠੀਕ ਸੀ। ਧੁੱਪ ਸੱਚਮੁੱਚ ਬੜੀ ਤੇਜ਼ ਸੀ।
ਘੋੜਾ ਇਕ ਫਰਲਾਂਗ ਅੱਗੇ ਵਧਿਆ ਹੋਏਗਾ ਕਿ ਨੇੜਿਓਂ ਉਸ ਵਰਗਾ ਹੀ ਇਕ ਵਾਹਿਯਾਤ ਕਿਸਮ ਦਾ ਟਾਂਗਾ ਲੰਘਿਆ। ਮੈਂ ਸਰਸਰੀ ਤੌਰ ‘ਤੇ ਉਧਰ ਦੇਖਿਆ। ਉਦੋਂ ਹੀ ਯਕਦਮ ਕੋਈ ਚੀਕਿਆ, “ਓਇ, ਮੰਟੋ ਦੇ ਘੋੜੇ!”
ਮੈਂ ਹੈਰਾਨੀ ਨਾਲ ਤ੍ਰਬਕਿਆ। ਚੱਡਾ ਸੀ, ਇਕ ਘਿਸੀ ਹੋਈ ਮੇਮ ਨਾਲ। ਦੋਵੇਂ ਨਾਲੋ-ਨਾਲ ਜੁੜੇ ਬੈਠੇ ਸਨ। ਮੇਰੀ ਪਹਿਲੀ ਪ੍ਰਤੀਕ੍ਰਿਆ ਬੜੀ ਦੁਖਦਾਈ ਸੀ ਕਿ ਚੱਡੇ ਦਾ ਸੁੰਦਰਤਾ ਪ੍ਰਤੀ ਪ੍ਰੇਮ ਕਿੱਥੇ ਗਿਆ, ਜਿਹੜਾ ਇਸ ਲਾਲ-ਲਗਾਮੀਂ (ਬੁੱਢੀ ਘੋੜੀ ਲਾਲ ਲਗਾਮ) ਨਾਲ ਢੁੱਕ ਕੇ ਬੈਠਾ ਹੋਇਆ ਹੈ। ਉਮਰ ਦਾ ਠੀਕ ਅੰਦਾਜ਼ਾ ਤਾਂ ਮੈਂ ਉਸ ਵੇਲੇ ਨਹੀਂ ਸਾਂ ਲਾ ਸਕਿਆ, ਪਰ ਔਰਤ ਦੀਆਂ ਝੁਰੜੀਆਂ, ਪਾਊਡਰ ਤੇ ਰੂਜ਼ ਦੀਆਂ ਪਰਤਾਂ ਹੇਠੋਂ ਵੀ ਸਾਫ ਦਿਖਾਈ ਦਿੰਦੀਆਂ ਸਨ। ਏਨਾ ਗੂੜ੍ਹਾ ਮੇਕਅੱਪ ਸੀ ਕਿ ਦੇਖਣ ਨਾਲ ਅੱਖਾਂ ਨੂੰ ਤਕਲੀਫ ਹੁੰਦੀ ਸੀ।
ਮੈਂ ਚੱਡੇ ਨੂੰ ਕਾਫੀ ਅਰਸੇ ਪਿੱਛੋਂ ਦੇਖਿਆ ਸੀ। ਉਹ ਮੇਰੇ ਨਾਲ ਕਾਫੀ ਖੁੱਲਿਆ ਹੋਇਆ ਸੀ। ‘ਓਇ, ਮੰਟੋ ਦੇ ਘੋੜੇ’ ਦੇ ਜਵਾਬ ਵਿਚ ਮੈਂ ਵੀ ਕੁਝ ਇਸੇ ਕਿਸਮ ਦਾ ਨਾਅਰਾ ਲਾਇਆ ਹੁੰਦਾ, ਪਰ ਉਸ ਔਰਤ ਨੂੰ ਦੇਖ ਕੇ ਮੇਰੀ ਸਾਰੀ ਖੁੱਲ੍ਹ-ਦਿਲੀ ਝਿਰਖੀ-ਝਰੀਟੀ ਗਈ।
ਮੈਂ ਆਪਣਾ ਤਾਂਗਾ ਰੁਕਵਾ ਲਿਆ। ਚੱਡੇ ਨੇ ਵੀ ਆਪਣੇ ਕੋਚਵਾਨ ਨੂੰ ਰੁਕਣ ਲਈ ਕਿਹਾ। ਫੇਰ ਉਸਨੇ ਉਸ ਔਰਤ ਨੂੰ ਅੰਗਰੇਜ਼ੀ ਵਿਚ ਕਿਹਾ, “ਮੰਮੀ, ਜਸਟ ਏ ਮਿੰਟ।”
ਤਾਂਗੇ ਵਿਚੋਂ ਛਾਲ ਮਾਰ ਕੇ ਉਹ ਮੇਰੇ ਵੱਲ ਆਪਣਾ ਹੱਥ ਲਹਿਰਾਉਂਦਾ ਹੋਇਆ ਬੋਲਿਆ, “ਤੂੰ…ਏਥੇ ਕਿਵੇਂ ਬਈ?” ਫੇਰ ਆਪਣਾ ਵਧਿਆ ਹੋਇਆ ਹੱਥ ਮੇਰੀ ਖੁੱਲ੍ਹ-ਦਿਲੀ-ਪਤਨੀ ਨਾਲ ਮਿਲਾਉਂਦਿਆਂ ਹੋਇਆਂ ਕਿਹਾ, “ਭਾਬੀ ਜਾਨ, ਤੁਸੀਂ ਤੇ ਕਮਾਲ ਈ ਕਰ ਦਿੱਤੈ! ਇਸ ਗੁਲਮੁਹੰਮਦ ਨੂੰ ਆਖ਼ਰ ਖਿੱਚ ਕੇ ਲੈ ਹੀ ਆਏ ਇੱਥੇ!”
ਮੈਂ ਉਸਨੂੰ ਪੁੱਛਿਆ, “ਤੂੰ ਜਾ ਕਿੱਥੇ ਰਿਹੈਂ?”
ਚੱਡੇ ਨੇ ਉੱਚੀ ਆਵਾਜ਼ ਵਿਚ ਕਿਹਾ, “ਇਕ ਕੰਮ ਜਾ ਰਿਹਾਂ—ਤੁਸੀਂ ਇੰਜ ਕਰੋ, ਸਿੱਧੇ…” ਉਹ ਇਕੋਦਮ ਪਲਟ ਕੇ ਸਾਡੇ ਤਾਂਗੇ ਵਾਲੇ ਨੂੰ ਕਹਿਣ ਲੱਗਾ, “ਦੇਖ, ਸਾਹਬ ਨੂੰ ਸਾਡੇ ਘਰ ਲੈ ਜਾਅ—ਕਿਰਾਇਆ-ਕਰੂਆ ਨਹੀਂ ਲੈਣਾ ਇਹਨਾਂ ਤੋਂ।” ਓਧਰੋਂ ਤੁਰੰਤ ਨਿੱਬੜ ਕੇ ਉਸਨੇ ਨਿਸ਼ਚਿੰਤ ਜਿਹਾ ਹੋ ਕੇ ਮੈਨੂੰ ਕਿਹਾ, “ਤੂੰ ਜਾਹ, ਨੌਕਰ ਹੋਏਗਾ ਉੱਥੇ, ਬਾਕੀ ਤੂੰ ਦੇਖ ਲਵੀਂ।”
ਤੇ ਉਹ ਭੁੜਕ ਕੇ ਆਪਣੇ ਤਾਂਗੇ ਵਿਚ ਉਸ ਬੁੱਢੀ ਮੇਮ ਕੋਲ ਜਾ ਬੈਠਾ, ਜਿਸਨੂੰ ਉਸਨੇ ਮੰਮੀ ਕਿਹਾ ਸੀ। ਇਸ ਨਾਲ ਮੇਰੇ ਮਨ ਨੂੰ ਇਕ ਤਸੱਲੀ ਜਿਹੀ ਹੋਈ ਜਾਂ ਇੰਜ ਕਹਿ ਲਓ ਕਿ ਜਿਹੜਾ ਬੋਝ ਉਹਨਾਂ ਦੋਵਾਂ ਨੂੰ ਇਕੱਠਿਆਂ ਦੇਖ ਕੇ ਮੇਰੇ ਦਿਲ ਨੇ ਮੰਨ ਲਿਆ ਸੀ, ਕਾਫੀ ਹੱਦ ਤਕ ਲੱਥ ਗਿਆ ਸੀ।
ਉਸਦਾ ਤਾਂਗਾ ਤੁਰ ਪਿਆ। ਮੈਂ ਆਪਣੇ ਤਾਂਗੇ ਵਾਲੇ ਨੂੰ ਕੁਝ ਨਹੀਂ ਕਿਹਾ। ਤਿੰਨ ਚਾਰ ਫਰਲਾਂਗ ਜਾਣ ਪਿੱਛੋਂ ਉਹ ਇਕ ਡਾਕ-ਬੰਗਲੇ ਵਰਗੀ ਇਮਾਰਤ ਅੱਗੇ ਰੁਕਿਆ ਤੇ ਹੇਠਾਂ ਉਤਰ ਕੇ ਬੋਲਿਆ, “ਚੱਲੋ ਸਾਹਬ…”
ਮੈਂ ਪੁੱਛਿਆ, “ਕਿੱਥੇ?”
ਉਸਨੇ ਉਤਰ ਦਿੱਤਾ, “ਚੱਡਾ ਸਾਹਬ ਦਾ ਮਕਾਨ ਇਹੀ ਏ।”
“ਓ-ਅ!” ਮੈਂ ਸਵਾਲੀਆ ਨਿਗਾਹਾਂ ਨਾਲ ਆਪਣੀ ਪਤਨੀ ਵੱਲ ਤੱਕਿਆ। ਉਸਦੀ ਤਿਊੜੀ ਨੇ ਉਤਰ ਦਿੱਤਾ ਕਿ ਉਹ ਚੱਡੇ ਦੇ ਮਕਾਨ ਵਿਚ ਰਹਿਣ ਦੇ ਹੱਕ ਵਿਚ ਨਹੀਂ। ਸੱਚ ਪੁੱਛੋ ਤਾਂ ਉਹ ਪੂਨੇ ਆਉਣ ਦੇ ਹੱਕ ਵਿਚ ਵੀ ਨਹੀਂ ਸੀ। ਉਸਨੂੰ ਯਕੀਨ ਸੀ, ਮੈਨੂੰ ਉੱਥੇ ਪੀਣ-ਪਿਆਉਣ ਵਾਲੇ ਦੋਸਤ ਮਿਲ ਜਾਣਗੇ। ਮਨ ਦਾ ਸੰਤਾਪ ਦੂਰ ਕਰਨ ਦਾ ਬਹਾਨਾ ਤਾਂ ਪਹਿਲਾਂ ਹੈ ਹੀ—ਇਸ ਲਈ ਦਿਨ ਰਾਤ ਉੱਡੇਗੀ। ਮੈਂ ਤਾਂਗੇ ਵਿਚੋਂ ਉਤਰ ਗਿਆ। ਛੋਟਾ ਜਿਹਾ ਅਟੈਚੀ ਕੇਸ ਸੀ, ਉਹ ਮੈਂ ਚੁੱਕ ਲਿਆ ਤੇ ਆਪਣੀ ਪਤਨੀ ਨੂੰ ਕਿਹਾ, “ਚੱਲ ਉਤਰ!”
ਉਹ ਸ਼ਾਇਦ ਮੇਰੇ ਤੇਵਰ ਤਾੜ ਗਈ ਸੀ ਕਿ ਹਰ ਹਾਲਤ ਵਿਚ ਉਸਨੂੰ ਮੇਰਾ ਫ਼ੈਸਲਾ ਮੰਨਣਾ ਪਏਗਾ, ਇਸ ਲਈ ਉਸਨੇ ਕੋਈ ਹੀਲ-ਹੁੱਜਤ ਨਹੀਂ ਸੀ ਕੀਤੀ ਤੇ ਚੁੱਪਚਾਪ ਮੇਰੇ ਨਾਲ ਤੁਰ ਪਈ ਸੀ।
ਬੜਾ ਸਾਧਾਰਣ ਕਿਸਮ ਦਾ ਮਕਾਨ ਸੀ। ਇੰਜ ਲੱਗਦਾ ਸੀ ਜਿਵੇਂ ਮਿਲਟਰੀ ਵਾਲਿਆਂ ਨੇ ਟੈਂਪਰੇਰੀ ਤੌਰ ‘ਤੇ ਇਹ ਛੋਟਾ ਜਿਹਾ ਬੰਗਾਲ ਬਣਾਇਆ ਸੀ ਤੇ ਕੁਝ ਚਿਰ ਇਸਤੇਮਾਲ ਕਰਨ ਪਿੱਛੋਂ ਛੱਡ ਕੇ ਚਲੇ ਗਏ ਸਨ। ਗਾਰੇ-ਚੂਨੇ ਦਾ ਕੰਮ ਬੜਾ ਕੱਚਾ ਸੀ। ਜਗ੍ਹਾ-ਜਗ੍ਹਾ ਤੋਂ ਪਲਸਤਰ ਉੱਖੜਿਆ ਹੋਇਆ ਸੀ ਤੇ ਘਰ ਦੇ ਅੰਦਰਲਾ ਹਿੱਸਾ ਵੀ ਓਹੋ-ਜਿਹਾ ਹੀ ਸੀ ਜਿਹੋ-ਜਿਹਾ ਕਿਸੇ ਕੁਆਰੇ ਆਦਮੀ ਦੇ ਘਰ ਦਾ ਹੋ ਸਕਦਾ ਹੈ, ਜਿਹੜਾ ਫ਼ਿਲਮਾਂ ਦਾ ਹੀਰੋ ਹੋਏ ਤੇ ਕਿਸੇ ਅਜਿਹੀ ਕੰਪਨੀ ਵਿਚ ਨੌਕਰ ਹੋਏ, ਜਿੱਥੇ ਮਹੀਨੇ ਦੀ ਤਨਖ਼ਾਹ ਹਰ ਤੀਸਰੇ ਮਹੀਨੇ ਮਿਲਦੀ ਹੋਏ ਤੇ ਉਹ ਵੀ ਕਿਸ਼ਤਾਂ ਵਿਚ।
ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਉਹ ਜ਼ਨਾਨੀ ਜਿਹੜੀ ਘਰਵਾਲੀ ਹੋਏ ਅਜਿਹੇ ਗੰਦੇ ਵਾਤਾਵਰਣ ਵਿਚ ਲਾਜ਼ਮੀਂ ਘੁਟਨ ਤੇ ਪ੍ਰੇਸ਼ਾਨੀ ਮਹਿਸੂਸ ਕਰੇਗੀ। ਪਰ ਮੈਂ ਸੋਚਿਆ ਸੀ ਕਿ ਚੱਡਾ ਆ ਜਾਏ ਤਾਂ ਉਸਦੇ ਨਾਲ ਹੀ ਪ੍ਰਭਾਤ ਨਗਰ ਚੱਲਾਂਗੇ। ਉੱਥੇ ਜਿਹੜਾ ਮੇਰਾ ਫ਼ਿਲਮਾਂ ਦਾ ਪੁਰਾਣਾ ਸਾਥੀ ਰਹਿੰਦਾ ਸੀ, ਉਸਦੀ ਪਤਨੀ ਤੇ ਬਾਲ-ਬੱਚੇ ਵੀ ਸਨ। ਉਸ ਵਾਤਾਵਾਰਣ ਵਿਚ ਮੇਰੀ ਪਤਨੀ ਜਿਵੇਂ-ਤਿਵੇਂ ਕਰਕੇ ਦੋ-ਤਿੰਨ ਦਿਨ ਕੱਟ ਸਕਦੀ ਸੀ।
ਨੌਕਰ ਵੀ ਅਜੀਬ ਬੇਫਿਕਰਾ ਆਦਮੀ ਸੀ। ਜਦੋਂ ਅਸੀਂ ਉਸ ਘਰ ਵਿਚ ਪਹੁੰਚੇ ਤਾਂ ਸਾਰੇ ਦਰਵਾਜ਼ੇ ਖੁੱਲ੍ਹੇ ਪਏ ਸਨ ਤੇ ਉਹ ਮੌਜ਼ੂਦ ਨਹੀਂ ਸੀ। ਜਦੋਂ ਉਹ ਆਇਆ ਤਾਂ ਉਸਨੇ ਸਾਡੀ ਹੋਂਦ ਵੱਲ ਕੋਈ ਧਿਆਨ ਹੀ ਨਾ ਦਿੱਤਾ, ਜਿਵੇਂ ਅਸੀਂ ਵਰ੍ਹਿਆਂ ਤੋਂ ਉੱਥੇ ਹੀ ਰਹਿੰਦੇ ਹੋਈਏ ਤੇ ਇਸੇ ਤਰ੍ਹਾਂ ਬੈਠੇ ਰਹਿਣ ਦੇ ਆਦੀ ਹੋਈਏ।
ਜਦੋਂ ਉਹ ਕਮਰੇ ਵਿਚ ਆਇਆ ਤੇ ਸਾਨੂੰ ਦੇਖੇ ਬਿਨਾਂ ਕੋਲੋਂ ਦੀ ਲੰਘ ਗਿਆ ਤਾਂ ਮੈਂ ਸੋਚਿਆ ਕਿ ਕੋਈ ਮਾਮੂਲੀ ਐਕਟਰ ਹੈ, ਜਿਹੜਾ ਚੱਡੇ ਨਾਲ ਰਹਿੰਦਾ ਹੈ…ਪਰ ਜਦੋਂ ਮੈਂ ਉਸ ਤੋਂ ਨੌਕਰ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਇਹੀ ਜਨਾਬ, ਚੱਡਾ ਸਾਹਬ ਦੇ ਚਹੇਤੇ ਨੌਕਰ ਨੇ।
ਮੈਨੂੰ ਤੇ ਮੇਰੀ ਪਤਨੀ ਦੋਵਾਂ ਨੂੰ ਹੀ ਪਿਆਸ ਲੱਗੀ ਹੋਈ ਸੀ। ਉਸਨੂੰ ਪਾਣੀ ਲਿਆਉਣ ਲਈ ਕਿਹਾ ਤਾਂ ਉਹ ਗ਼ਲਾਸ ਲੱਭਣ ਲੱਗ ਪਿਆ। ਬੜੀ ਦੇਰ ਬਾਅਦ ਉਸਨੇ ਇਕ ਟੁੱਟਿਆ ਹੋਇਆ ਜੱਗ ਅਲਮਾਰੀ ਹੇਠੋਂ ਕੱਢਿਆ ਤੇ ਬੜਬੜਾਇਆ, “ਰਾਤੀਂ ਇਕ ਦਰਜਨ ਗ਼ਿਲਾਸ ਸਾਹਬ ਨੇ ਮੰਗਵਾਏ ਸੀ, ਪਤਾ ਨਹੀਂ ਕਿੱਧਰ ਗਏ…”
ਮੈਂ ਉਸਦੇ ਹੱਥ ਵਿਚ ਫੜੇ ਜੱਗ ਵੱਲ ਇਸ਼ਾਰਾ ਕੀਤਾ, “ਕੀ ਤੁਸੀਂ ਇਸ ਵਿਚ ਤੇਲ ਲੈਣ ਜਾਓਗੇ?”
‘ਤੇਲ ਲੈਣ ਜਾਣਾ’ ਬੰਬਈ ਦਾ ਇਕ ਖਾਸ ਮੁਹਾਵਰਾ ਹੈ। ਮੇਰੀ ਪਤਨੀ ਇਸ ਦਾ ਮਤਲਬ ਨਹੀਂ ਸਮਝਦੀ, ਪਰ ਹੱਸ ਪਈ। ਨੌਕਰ ਬੌਂਦਲ ਗਿਆ, “ਨ-ਨਹੀਂ ਸਾਹਬ…ਮੈਂ ਤਾਂ…ਲੱਭ ਰਿਹਾਂ ਬਈ ਗ਼ਿਲਾਸ ਕਿੱਥੇ ਨੇ!”
ਮੇਰੀ ਪਤਨੀ ਨੇ ਉਸਨੂੰ ਪਾਣੀ ਲਿਆਉਣ ਤੋਂ ਮਨ੍ਹਾਂ ਕਰ ਦਿੱਤਾ। ਉਸਨੇ ਉਹ ਟੁੱਟਿਆ ਹੋਇਆ ਜੱਗ ਮੁੜ ਅਲਮਾਰੀ ਹੇਠ ਇੰਜ ਰੱਖ ਦਿੱਤਾ ਜਿਵੇਂ ਉਹੀ ਉਸਦੀ ਪੱਕੀ ਥਾਂ ਹੋਵੇ…ਜੇ ਉਸਨੂੰ ਕਿਤੇ ਹੋਰ ਰੱਖ ਦਿੱਤਾ ਗਿਆ ਤਾਂ ਸਾਰੀ ਸੈਟਿੰਗ ਖ਼ਰਾਬ ਹੋ ਜਾਏਗੀ। ਇਸ ਪਿੱਛੋਂ ਉਹ ਕਮਰੇ ਵਿਚੋਂ ਇੰਜ ਬਾਹਰ ਨੱਸਿਆ ਜਿਵੇਂ ਉਸਨੂੰ ਪਤਾ ਹੋਏ ਕਿ ਸਾਡੇ ਮੂੰਹ ਵਿਚ ਕਿੰਨੇ ਦੰਦ ਨੇ।
ਮੈਂ ਪਲੰਘ ਉੱਤੇ ਬੈਠ ਗਿਆ ਸਾਂ, ਜਿਹੜਾ ਸ਼ਾਇਦ ਚੱਡੇ ਦਾ ਸੀ। ਇਸ ਤੋਂ ਕੁਝ ਦੂਰੀ ਉੱਤੇ ਦੋ ਆਰਾਮ ਕੁਰਸੀਆਂ ਪਈਆਂ ਸਨ, ਉਹਨਾਂ ਵਿਚੋਂ ਇਕ ਉੱਤੇ ਬੈਠੀ ਮੇਰੀ ਪਤਨੀ ਪਾਸੇ ਪਰਤ ਰਹੀ ਸੀ। ਕਾਫੀ ਦੇਰ ਤਕ ਅਸੀਂ ਦੋਵੇਂ ਚੁੱਪ ਬੈਠੇ ਰਹੇ; ਏਨੇ ਵਿਚ ਚੱਡਾ ਆ ਗਿਆ। ਉਹ ਇਕੱਲਾ ਸੀ। ਉਸਨੂੰ ਇਸ ਗੱਲ ਦਾ ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਅਸੀਂ ਉਸਦੇ ਮਹਿਮਾਨ ਹਾਂ ਤੇ ਇਸ ਲਿਹਾਜ਼ ਨਾਲ ਉਸਨੂੰ ਸਾਡੀ ਖਾਤਰਦਾਰੀ ਕਰਨੀ ਚਾਹੀਦੀ ਹੈ। ਕਮਰੇ ਅੰਦਰ ਵੜਦਿਆਂ ਹੀ ਉਸਨੇ ਮੈਨੂੰ ਕਿਹਾ, “ਵੇਟ ਇਜ਼ ਵੇਟ। ਤਾਂ ਤੂੰ ਆ ਗਿਐਂ ਓਲਡ ਬੁਆਏ! ਚੱਲ ਜ਼ਰਾ ਸਟੂਡੀਓ ਤਕ ਹੋ ਆਈਏ। ਤੂੰ ਨਾਲ ਹੋਏਂਗਾ ਤਾਂ ਐਡਵਾਂਸ ਮਿਲਣ ਵਿਚ ਆਸਾਨੀ ਹੋ ਜਾਏਗੀ…ਅੱਜ ਸ਼ਾਮੀਂ…” ਮੇਰੀ ਪਤਨੀ ਉੱਤੇ ਨਜ਼ਰ ਪਈ ਤਾਂ ਉਹ ਰੁਕ ਗਿਆ ਤੇ ਖਿੜ-ਖਿੜ ਕਰਕੇ ਹੱਸਣ ਲੱਗਾ, “ਭਾਬੀ ਜਾਨ, ਕਿਤੇ ਤੁਸੀਂ ਇਸਨੂੰ ਮੌਲਵੀ ਤਾਂ ਨਹੀਂ ਬਣਾ ਦਿੱਤਾ ਨਾ?” ਫੇਰ ਹੋਰ ਜ਼ੋਰ ਨਾਲ ਹੱਸਿਆ, “ਤੇਰੇ ਮੌਲਵੀ ਦੀ ਐਸੀ ਦੀ ਤੈਸੀ! ਉੱਠ ਮੰਟੋ, ਭਾਬੀ ਜਾਨ ਇੱਥੇ ਬੈਠਦੇ ਨੇ, ਆਪਾਂ ਹੁਣੇ ਆਏ।”
ਮੇਰੀ ਪਤਨੀ ਬਲ ਕੇ ਕੋਇਲਾ ਹੋਈ ਹੋਈ ਸੀ, ਹੁਣ ਬੁਝ ਕੇ ਰਾਖ ਹੋ ਗਈ ਹੋਏਗੀ। ਮੈਂ ਉੱਠਿਆ ਤੇ ਚੱਡੇ ਨਾਲ ਹੋ ਲਿਆ। ਮੈਨੂੰ ਪਤਾ ਸੀ ਕਿ ਕੁਝ ਚਿਰ ਗੁੱਸੇ ਰਹੇਗੀ ਫੇਰ ਉਹ ਸੌਂ ਜਾਏਗੀ। ਸੋ ਇੰਜ ਹੀ ਹੋਇਆ। ਸਟੂਡੀਓ ਨੇੜੇ ਹੀ ਸੀ। ਹਫ਼ੜਾ-ਦਫ਼ੜੀ ਵਿਚ ਮਹਿਤਾ ਜੀ ਦੇ ਸਿਰ ‘ਤੇ ਸਵਾਰ ਹੋ ਕੇ ਚੱਢੇ ਨੇ ਦੋ ਸੌ ਰੁਪਏ ਵਸੂਲ ਲਏ ਤੇ ਪੌਣੇ ਦੋ ਘੰਟੇ ਬਾਅਦ ਜਦੋਂ ਅਸੀਂ ਵਾਪਸ ਆਏ ਤਾਂ ਦੇਖਿਆ ਕਿ ਉਹ ਬੜੇ ਆਰਾਮ ਨਾਲ, ਆਰਾਮ ਕੁਰਸੀ ਉੱਤੇ ਸੁੱਤੀ ਹੋਈ ਸੀ। ਅਸੀਂ ਉਸਨੂੰ ਪ੍ਰੇਸ਼ਾਨ ਕਰਨਾ ਠੀਕ ਨਹੀਂ ਸਮਝਿਆ ਤੇ ਦੂਜੇ ਕਮਰੇ ਵਿਚ ਚਲੇ ਗਏ, ਜਿਹੜਾ ਕਿਸੇ ਕਬਾੜਖਾਨੇ ਨਾਲ ਰਲਦਾ-ਮਿਲਦਾ ਸੀ। ਇਸ ਵਿਚ ਜਿਹੜੀਆਂ ਵੀ ਚੀਜ਼ਾਂ ਸਨ, ਅਜੀਬ ਢੰਗ ਨਾਲ ਟੁੱਟੀਆਂ-ਭੱਜੀਆਂ ਹੋਈਆਂ ਸਨ ਤੇ ਸਾਰੀਆਂ ਰਲ ਕੇ ਇਕ ਪੂਰਨਤਾ ਦਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ।
ਹਰ ਚੀਜ਼ ਉੱਤੇ ਧੂੜ ਦੀ ਪਰਤ ਜੰਮੀ ਹੋਈ ਸੀ ਤੇ ਉਸ ਜੰਮੀ ਹੋਈ ਧੂੜ ਵਿਚ ਵੀ ਇਕ ਤਰ੍ਹਾਂ ਦੀ ਅਪਣੱਤ ਸੀ, ਜਿਵੇਂ ਉਸਦੀ ਮੌਜ਼ੂਦਗੀ ਉਸ ਕਮਰੇ ਵਿਚ ਜ਼ਰੂਰੀ ਹੋਏ। ਚੱਡੇ ਨੇ ਤੁਰੰਤ ਆਪਣੇ ਨੌਕਰ ਨੂੰ ਲੱਭ ਲਿਆ ਤੇ ਉਸਨੂੰ ਸੌ ਰੁਪਏ ਦਾ ਨੋਟ ਦੇ ਕੇ ਕਿਹਾ, “ਚੀਨ ਦੇ ਸ਼ਹਿਜ਼ਾਦੇ! ਦੋ ਬੋਤਲਾਂ ਥਰਡ ਕਲਾਸ ਰੰਮ ਦੀਆਂ ਫੜ ਲਿਆ…ਮੇਰਾ ਮਤਲਬ ਏ, ‘ਥਰੀ ਐਕਸ ਰੰਮ’ ਦੀਆਂ ਤੇ ਅੱਧੀ ਦਰਜਨ ਗ਼ਿਲਾਸ।”
ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਉਸਦਾ ਨੌਕਰ ਸਿਰਫ ਚੀਨ ਦਾ ਹੀ ਨਹੀਂ, ਦੁਨੀਆਂ ਦੇ ਹਰ ਵੱਡੇ ਦੇਸ਼ ਦਾ ਸ਼ਹਿਜ਼ਾਦਾ ਸੀ। ਚੱਡੇ ਦੀ ਜ਼ਬਾਨ ‘ਤੇ ਜਿਸ ਦੇਸ਼ ਦਾ ਨਾਂਅ ਆ ਜਾਂਦਾ, ਉਹ ਉਸੇ ਦਾ ਸ਼ਹਿਜ਼ਾਦਾ ਬਣ ਜਾਂਦਾ ਸੀ। ਉਸ ਸਮੇਂ ਦਾ ਚੀਨ ਦਾ ਸ਼ਹਿਜ਼ਾਦਾ ਸੌ ਦੇ ਨੋਟ ਨੂੰ ਉਂਗਲਾਂ ਵਿਚ ਖੜਖੜਾਉਂਦਾ ਹੋਇਆ ਚਲਾ ਗਿਆ।
ਚੱਡੇ ਨੇ ਟੁੱਟੇ ਹੋਏ ਸਪਰਿੰਗਾਂ ਵਾਲੇ ਪਲੰਘ ਉੱਤੇ ਬੈਠ ਕੇ ਆਪਣੇ ਬੁੱਲ੍ਹ ਥਰੀ ਐਕਸ ਰੰਮ ਦੇ ਸਵਾਗਤ ਵਿਚ ਚਟਖਾਰਦਿਆਂ ਕਿਹਾ, “ਵੇਟ ਇੰਜ ਵੇਟ—ਆਫਟਰ ਆਲ, ਤੂੰ ਇੱਥੇ ਆ ਹੀ ਗਿਆ।” ਫੇਰ ਇਕਦਮ ਚਿੰਤਤ ਹੋ ਕੇ ਬੋਲਿਆ, “ਯਾਰ ਭਾਬੀ ਦਾ ਕੀ ਬਣੇਗਾ? ਇਹ ਤਾਂ ਘਬਰਾਅ ਜਾਏਗੀ!”
ਚੱਡਾ ਅਜੇ ਕੁਆਰਾ ਸੀ, ਪਰ ਉਸਨੂੰ ਦੂਜਿਆਂ ਦੀਆਂ ਪਤਨੀਆਂ ਦਾ ਬੜਾ ਖ਼ਿਆਲ ਰਹਿੰਦਾ ਸੀ। ਉਹ ਓਹਨਾਂ ਦਾ ਏਨਾਂ ਸਨਮਾਣ ਕਰਦਾ ਸੀ, ਜਿਵੇਂ ਸਾਰੀ ਉਮਰ ਕੁਆਰਾ ਰਹਿਣਾ ਚਾਹੁੰਦਾ ਹੋਵੇ। ਉਹ ਕਹਿੰਦਾ ਹੁੰਦਾ ਸੀ, ‘ਇਹ ਹੀਣ ਭਾਵਨਾਂ ਹੈ, ਜਿਸ ਨੇ ਮੈਨੂੰ ਹੁਣ ਤਕ ਇਸ ਨੇਅਮਤ ਤੋਂ ਸੱਖਣਾ ਰੱਖਿਆ ਹੋਇਆ ਹੈ। ਜਦੋਂ ਸ਼ਾਦੀ ਦਾ ਸਵਾਲ ਆਉਂਦਾ ਏ ਤਾਂ ਫੌਰਨ ਤਿਆਰ ਹੋ ਜਾਂਦਾ ਹਾਂ, ਪਰ ਬਾਅਦ ਵਿਚ ਇਹ ਸੋਚ ਕੇ ਕਿ ਮੈਂ ਪਤਨੀ ਰੱਖਣ ਦੇ ਕਾਬਿਲ ਨਹੀਂ ਹਾਂ ਤਾਂ ਸਾਰੀ ਤਿਆਰੀ ਕੋਲਡ ਸਟੋਰ ਵਿਚ ਸੁੱਟ ਦੇਂਦਾ ਹਾਂ।’
ਰੰਮ ਬੜੀ ਜਲਦੀ ਆ ਗਈ, ਗ਼ਲਾਸ ਵੀ। ਚੱਡੇ ਨੇ ਛੇ ਮੰਗਵਾਏ ਸਨ ਤੇ ਚੀਨ ਦਾ ਸ਼ਹਿਜ਼ਾਦਾ ਤਿੰਨ ਲਿਆਇਆ ਸੀ, ਬਾਕੀ ਦੇ ਤਿੰਨ ਰਸਤੇ ਵਿਚ ਟੁੱਟ ਗਏ ਸਨ। ਚੱਡੇ ਨੇ ਉਹਨਾਂ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਭਗਵਾਨ ਨੂੰ ਧੰਨਵਾਦ ਦਿੱਤਾ ਕਿ ਬੋਤਲਾਂ ਸਲਾਮਤ ਰਹਿ ਗਈਆਂ ਸਨ। ਇਕ ਬੋਤਲ ਕਾਹਲ ਨਾਲ ਖੋਹਲ ਕੇ ਉਸਨੇ ਕੋਰੇ ਗ਼ਲਾਸਾਂ ਵਿਚ ਰੰਮ ਪਾਈ ਤੇ ਕਿਹਾ, “ਤੇਰੇ ਪੂਨੇ ਆਉਣ ਦੀ ਖੁਸ਼ੀ ਵਿਚ।”
ਅਸਾਂ ਦੋਵਾਂ ਨੇ ਲੰਮੇਂ-ਲੰਮੇਂ ਘੁੱਟ ਭਰੇ ‘ਤੇ ਗ਼ਲਾਸ ਖ਼ਾਲੀ ਕਰ ਦਿੱਤੇ।
ਦੂਜਾ ਦੌਰ ਸ਼ੁਰੂ ਕਰਕੇ ਚੱਡਾ ਉੱਠਿਆ ਤੇ ਕਮਰੇ ਵਿਚ ਦੇਖ ਆਇਆ ਕਿ ਮੇਰੀ ਪਤਨੀ ਅਜੇ ਤਕ ਸੁੱਤੀ ਹੋਈ ਹੈ। ਉਸਨੂੰ ਬੜਾ ਤਰਸ ਆਇਆ। ਕਹਿਣ ਲੱਗਾ, “ਮੈਂ ਬੜਾ ਰੌਲਾ ਪਾਂਨਾਂ ਯਾਰ, ਉਸਦੀ ਨੀਂਦ ਟੁੱਟ ਜਾਏਗੀ—ਫੇਰ ਇੰਜ ਕਰਾਂਗੇ…ਠਹਿਰ…ਪਹਿਲਾਂ ਮੈਂ ਚਾਹ ਮੰਗਵਾ ਲਵਾਂ।”
ਇਹ ਕਹਿ ਕੇ ਉਸਨੇ ਰੰਮ ਦਾ ਇਕ ਛੋਟਾ ਜਿਹਾ ਘੁੱਟ ਭਰਿਆ ਤੇ ਨੌਕਰ ਨੂੰ ਆਵਾਜ਼ ਮਾਰੀ, “ਓਇ…ਜਮੀਕਾ ਦੇ ਸ਼ਹਿਜ਼ਾਦੇ!”
ਜਮੀਕਾ ਦਾ ਸ਼ਹਿਜ਼ਾਦਾ ਤੁਰੰਤ ਆ ਬਹੁੜਿਆ। ਚੱਡੇ ਨੇ ਉਸਨੂੰ ਕਿਹਾ, “ਜਾਹ, ਮੰਮੀ ਨੂੰ ਕਹਿ, ਇਕਦਮ ਫਸਟ ਕਲਾਸ ਚਾਹ ਤਿਆਰ ਕਰਕੇ ਭੇਜ ਦਏ।”
ਨੌਕਰ ਚਲਾ ਗਿਆ। ਚੱਡੇ ਨੇ ਆਪਣਾ ਗ਼ਲਾਸ ਖ਼ਾਲੀ ਕੀਤਾ ਤੇ ਇਕ ਸਾਊਆਂ ਵਾਲਾ ਪੈਗ ਪਾ ਕੇ ਬੋਲਿਆ, “ਮੈਂ ਵੀਰੇ, ਜ਼ਿਆਦਾ ਨਹੀਂ ਪੀਆਂਗਾ। ਪਹਿਲੇ ਚਾਰ ਪੈਗ ਮੈਨੂੰ ਬੜਾ ਜਜ਼ਬਾਤੀ ਬਣਾ ਦੇਂਦੇ ਨੇ। ਮੈਂ ਭਾਬੀ ਨੂੰ ਛੱਡਣ ਤੇਰੇ ਨਾਲ ਪ੍ਰਭਾਤਨਗਰ ਵੀ ਤਾਂ ਜਾਣਾ ਏਂ।”
ਅੱਧੇ ਘੰਟੇ ਬਾਅਦ ਚਾਹ ਆ ਗਈ। ਬੜੇ ਸਾਫ-ਸੁਥਰੇ ਭਾਂਡੇ ਸਨ ਤੇ ਬੜੇ ਹੀ ਸੁਚੱਜੇ ਢੰਗ ਨਾਲ ਟਰੇ ਵਿਚ ਰੱਖੇ ਹੋਏ ਸਨ। ਚੱਡੇ ਨੇ ਟੀਕੋਜੀ ਚੁੱਕ ਕੇ ਚਾਹ ਦੀ ਖ਼ੁਸ਼ਬੂ ਸੁੰਘੀ ਤੇ ਖ਼ੁਸ਼ੀ ਪ੍ਰਗਟ ਕਰਦਾ ਹੋਇਆ ਬੋਲਿਆ, “ਮੰਮੀ ਇਜ਼ ਏ ਜਿਊਲ…” ਫੇਰ ਉਸਨੇ ਇਥੋਪੀਆ ਦੇ ਸ਼ਹਿਜ਼ਾਦੇ ਉੱਤੇ ਵਰ੍ਹਣਾ ਸ਼ੁਰੂ ਕਰ ਦਿੱਤਾ। ਉਸਨੇ ਏਨਾ ਰੌਲਾ ਪਾਇਆ ਕਿ ਮੇਰੇ ਕੰਨ ਸਾਂ-ਸਾਂ ਕਰਨ ਲੱਗ ਪਏ। ਉਸ ਪਿੱਛੋਂ ਉਸਨੇ ਟਰੇ ਚੁੱਕੀ ਤੇ ਕਿਹਾ, “ਆ…!”
ਮੇਰੀ ਪਤਨੀ ਜਾਗ ਪਈ ਸੀ। ਚੱਡੇ ਨੇ ਟਰੇ ਬੜੀ ਸਾਵਧਾਨੀ ਨਾਲ ਟੁੱਟੀ ਹੋਈ ਤਿਪਾਈ ਉੱਤੇ ਰੱਖ ਦਿੱਤੀ ਤੇ ਬੜੇ ਅਦਬ ਨਾਲ ਕਿਹਾ, “ਹਾਜ਼ਿਰ ਹੈ, ਬੇਗ਼ਮ ਸਾਹਿਬਾ…” ਮੇਰੀ ਪਤਨੀ ਨੂੰ ਇਹ ਮਜ਼ਾਕ ਪਸੰਦ ਨਹੀਂ ਸੀ ਆਇਆ, ਪਰ ਚਾਹ ਦਾ ਸਾਮਾਨ ਕਿਉਂਕਿ ਸਾਫ-ਸੁਥਰਾ ਸੀ, ਇਸ ਲਈ ਉਸਨੇ ਨਾਂਹ ਨਹੀਂ ਕੀਤੀ ਤੇ ਦੋ ਪਿਆਲੀਆਂ ਪੀ ਲਈਆਂ। ਇਸ ਨਾਲ ਉਸਨੂੰ ਕੁਝ ਤਾਜ਼ਗੀ ਮਿਲੀ। ਇਸ ਪਿੱਛੋਂ ਸਾਡੇ ਦੋਵਾਂ ਵੱਲ ਭੌਂ ਕੇ ਬੜੀ ਰਹੱਸਮਈ ਆਵਾਜ਼ ਵਿਚ ਕਿਹਾ, “ਤੁਸੀਂ ਆਪਣੀ ਚਾਹ ਤਾਂ ਪਹਿਲਾਂ ਹੀ ਪੀਤੀ ਬੈਠੇ ਓ!”
ਮੈਂ ਕੋਈ ਜਵਾਬ ਨਾ ਦਿੱਤਾ ਪਰ ਚੱਡੇ ਨੇ ਝੁਕ ਕੇ ਬੜੀ ਈਮਾਨਦਾਰੀ ਦਿਖਾਂਦਿਆਂ ਹੋਇਆਂ ਕਿਹਾ, “ਜੀ ਹਾਂ, ਇਹ ਗ਼ਲਤੀ ਅਸੀਂ ਕਰੀ ਬੈਠੇ ਆਂ…ਪਰ ਸਾਨੂੰ ਵਿਸ਼ਵਾਸ ਸੀ ਕਿ ਤੁਸੀਂ ਜ਼ਰੂਰ ਮੁਆਫ਼ ਕਰ ਦਿਓਗੇ।”
ਮੇਰੀ ਪਤਨੀ ਮੁਸਕਰਾਈ ਤਾਂ ਉਹ ਖਿੜ-ਖਿੜ ਕਰਕੇ ਹੱਸਦਾ ਬੋਲਿਆ, “ਅਸੀਂ ਦੋਵੇਂ ਬੜੀ ਉੱਚੀ ਨਸਲ ਦੇ ਸੂਰ ਆਂ, ਜਿਹਨਾਂ ਲਈ ਹਰ ਹਰਾਮ ਚੀਜ਼, ਹਲਾਲ ਏ। ਚੱਲੋ, ਹੁਣ ਤੁਹਾਨੂੰ ਮਸਜਿਦ ਤੀਕ ਛੱਡ ਆਈਏ।”
ਮੇਰੀ ਪਤਨੀ ਨੂੰ ਫੇਰ ਚੱਡੇ ਦਾ ਇਹ ਮਜ਼ਾਕ ਪਸੰਦ ਨਹੀਂ ਸੀ ਆਇਆ। ਅਸਲ ਵਿਚ ਉਸਨੂੰ ਚੱਡੇ ਨਾਲ ਨਫ਼ਰਤ ਸੀ ਜਾਂ ਇੰਜ ਕਹੀਏ ਉਸਨੂੰ ਮੇਰੇ ਹਰੇਕ ਦੋਸਤ ਨਾਲ ਨਫ਼ਰਤ ਸੀ, ਤੇ ਚੱਡਾ ਉਸਨੂੰ ਸਭ ਤੋਂ ਵੱਧ ਰੜਕਦਾ ਸੀ, ਕਿਉਂਕਿ ਕਦੀ ਕਦੀ ਉਹ ਸਭਿਅਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਸੀ। ਪਰ ਚੱਡੇ ਨੂੰ ਇਸਦੀ ਕੋਈ ਪ੍ਰਵਾਹ ਨਹੀਂ ਸੀ। ਮੇਰਾ ਖ਼ਿਆਲ ਹੈ ਕਿ ਉਸਨੇ ਕਦੀ ਇਸ ਬਾਰੇ ਸੋਚਿਆ ਹੀ ਨਹੀਂ ਸੀ। ਉਹ ਅਜਿਹੀਆਂ ਬੇਕਾਰ ਗੱਲਾਂ ‘ਤੇ ਦਿਮਾਗ਼ ਖਰਚ ਕਰਨ ਨੂੰ ਇਕ ਅਜਿਹੀ ‘ਇਨ ਡੋਰ ਗੇਮ’ ਸਮਝਦਾ ਸੀ, ਜਿਹੜੀ ਲੁੱਡੋ ਨਾਲੋਂ ਵੀ ਵੱਧ ਅਰਥਹੀਣ ਹੁੰਦੀ ਹੈ। ਉਸਨੇ ਮੇਰੀ ਪਤਨੀ ਦੇ ਵਿਗੜੇ ਤੇਵਰਾਂ ਨੂੰ ਬੜੀਆਂ ਖੁਸ਼-ਖੁਸ਼ ਨਜ਼ਰਾਂ ਨਾਲ ਦੇਖਿਆ ਤੇ ਨੌਕਰ ਨੂੰ ਆਵਾਜ਼ ਮਾਰੀ, “ਓਇ ਓ, ਕਬਾਬਿਸਤਾਨ ਦੇ ਸ਼ਹਿਜ਼ਾਦੇ! ਇਕ ਅੱਧਾ ਟਾਂਗਾ ਫੜ੍ਹ ਲਿਆ—ਰੋਲਸ ਰਾਏਸ ਵਰਗਾ।”
ਕਬਾਬਿਸਤਾਨ ਦਾ ਸ਼ਹਿਜ਼ਾਦਾ ਚਲਾ ਗਿਆ ਤੇ ਨਾਲ ਹੀ ਚੱਡਾ ਵੀ। ਉਹ ਸ਼ਾਇਦ ਦੂਜੇ ਕਮਰੇ ਵਿਚ ਗਿਆ ਸੀ। ਇਕਾਂਤ ਮਿਲਿਆ ਤਾਂ ਮੈਂ ਆਪਣੀ ਪਤਨੀ ਨੂੰ ਸਮਝਾਇਆ ਕਿ ਕਬਾਬ ਹੋਣ (ਖਿਝਣ-ਕਰਿਝਣ) ਦੀ ਕੋਈ ਲੋੜ ਨਹੀਂ। ਆਦਮੀ ਦੀ ਜ਼ਿੰਦਗੀ ਵਿਚ ਕਦੀ ਕਦੀ ਅਜਿਹੇ ਪਲ ਵੀ ਆ ਹੀ ਜਾਂਦੇ ਨੇ, ਜਿਹੜੇ ਚਿੱਤ-ਚੇਤੇ ਵੀ ਨਹੀਂ ਹੁੰਦੇ। ਉਹਨਾਂ ਨੂੰ ਬਿਤਾਉਣ ਦਾ ਸਭ ਤੋਂ ਚੰਗਾ ਢੰਗ ਇਹੀ ਹੈ ਕਿ ਉਹਨਾਂ ਨੂੰ ਬੀਤ ਜਾਣ ਦਿੱਤਾ ਜਾਏ। ਪਰ ਸੁਭਾਅ ਅਨੁਸਾਰ ਉਸਨੇ ਮੇਰੀ ਇਸ ਸਿੱਖਿਆ ਵੱਲ ਕੋਈ ਧਿਆਨ ਨਾ ਦਿੱਤਾ ਤੇ ਬੁੜ-ਬੁੜ ਕਰਦੀ ਰਹੀ। ਏਨੇ ਵਿਚ ਕਬਾਬਿਸਤਾਨ ਦਾ ਸ਼ਹਿਜ਼ਾਦਾ ਰੋਲਸ ਰਾਏਸ ਕਿਸਮ ਦਾ ਤਾਂਗਾ ਲੈ ਕੇ ਆ ਗਿਆ ਤੇ ਅਸੀਂ ਪ੍ਰਭਾਤ ਨਗਰ ਵੱਲ ਤੁਰ ਪਏ।
ਬੜਾ ਹੀ ਚੰਗਾ ਹੋਇਆ ਮੇਰਾ ਫ਼ਿਲਮਾਂ ਦਾ ਪੁਰਾਣਾ ਸਾਥੀ ਘਰੇ ਹੈ ਨਹੀਂ ਸੀ, ਉਸਦੀ ਪਤਨੀ ਸੀ। ਚੱਡੇ ਨੇ ਮੇਰੀ ਪਤਨੀ ਨੂੰ ਉਸਦੇ ਹਵਾਲੇ ਕਰਦਿਆਂ ਕਿਹਾ, “ਖਰਬੂਜਾ, ਖਰਬੂਜੇ ਨੂੰ ਦੇਖ ਕੇ ਰੰਗ ਫੜਦਾ ਏ…ਪਤਨੀ, ਪਤਨੀ ਨੂੰ ਦੇਖ ਕੇ ਰੰਗ ਫੜਦੀ ਏ, ਇਹ ਹੁਣੇ ਆ ਕੇ ਦੇਖਦੇ ਹਾਂ ਬਈ ਕੀ ਬਣਦਾ ਏ।” ਫੇਰ ਉਹ ਮੇਰੇ ਵੱਲ ਭੌਂ ਕੇ ਬੋਲਿਆ, “ਚੱਲ ਮੰਟੋ, ਸਟੂਡੀਓ ਵਿਚ ਚੱਲ ਕੇ ਤੇਰੇ ਦੋਸਤ ਨੂੰ ਫੜਦੇ ਆਂ।”
ਚੱਡਾ ਕੁਝ ਅਜਿਹੀ ਹਫੜਾ-ਦਫੜੀ ਮਚਾਅ ਦਿੰਦਾ ਸੀ ਕਿ ਦੂਜੇ ਨੂੰ ਸੋਚਣ-ਸਮਝਣ ਦਾ ਬੜਾ ਘੱਟ ਮੌਕਾ ਮਿਲਦਾ ਸੀ। ਉਸਨੇ ਮੇਰੀ ਬਾਂਹ ਫੜ੍ਹੀ ਤੇ ਬਾਹਰ ਲੈ ਗਿਆ ਤੇ ਮੇਰੀ ਪਤਨੀ ਦੇਖਦੀ ਹੀ ਰਹਿ ਗਈ। ਤਾਂਗੇ ਵਿਚ ਸਵਾਰ ਹੋ ਕੇ ਜਦੋਂ ਚੱਡੇ ਨੇ ਕੁਝ ਸੋਚਦਿਆਂ ਹੋਇਆਂ ਕਿਹਾ, “ਇਹ ਤਾਂ ਨਿਬੜਿਆ, ਹੁਣ ਕੀ ਪ੍ਰੋਗਰਾਮ ਏਂ?” ਫੇਰ ਖਿੜ-ਖਿੜ ਕਰਕੇ ਹੱਸਿਆ, “ਮੰਮੀ…ਗ੍ਰੇਟ ਮੰਮੀ!”
ਮੈਂ ਉਸ ਤੋਂ ਪੁੱਛਣ ਹੀ ਵਾਲਾ ਸਾਂ ਕਿ ਇਹ ਮੰਮੀ ਕਿਸ ਚਿੜੀਮਾਰ ਦੀ ਔਲਾਦ ਹੈ ਕਿ ਚੱਡੇ ਨੇ ਗੱਲਾਂ ਦਾ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਤੇ ਮੇਰਾ ਪ੍ਰਸ਼ਨ ਬੇਮੌਤ ਮਰ ਗਿਆ।
ਤਾਂਗਾ ਵਾਪਸ ਉਸ ਡਾਕ-ਬੰਗਲੇ ਵਰਗੀ ਕੋਠੀ ਸਾਹਮਣੇ ਆ ਪਹੁੰਚਿਆ, ਜਿਸਦਾ ਨਾਂਅ ਸਈਦਾ ਕਾਟੇਜ ਸੀ, ਪਰ ਚੱਡਾ ਉਸਨੂੰ ‘ਰੰਜੀਦਾ ਕਾਟੇਜ’ ਕਹਿੰਦਾ ਹੁੰਦਾ ਸੀ, ‘ਕਿਉਂਕਿ ਉਸ ਵਿਚ ਰਹਿਣ ਵਾਲੇ ਸਾਰੇ ਹੀ ਰੰਜੀਦਾ (ਦੁੱਖੀ) ਰਹਿੰਦੇ ਨੇ।’ ਹਾਲਾਂਕਿ ਇਹ ਗ਼ਲਤ ਸੀ, ਜਿਵੇਂ ਕਿ ਮੈਨੂੰ ਬਾਅਦ ਵਿਚ ਪਤਾ ਲੱਗਿਆ।
ਉਸ ਕਾਟੇਜ ਵਿਚ ਕਈ ਆਦਮੀ ਰਹਿੰਦੇ ਸਨ, ਹਾਲਾਂਕਿ ਪਹਿਲੀ ਨਜ਼ਰ ਨਾਲ ਦੇਖਣ ਨਾਲ ਇਹ ਜਗ੍ਹਾ ਬਿਲਕੁਲ ਗੈਰ-ਆਬਾਦ ਜਾਪਦੀ ਸੀ। ਸਾਰੇ ਹੀ ਉਸੇ ਫ਼ਿਲਮ ਕੰਪਨੀ ਦੇ ਨੌਕਰ ਸਨ, ਜਿਹੜੀ ਮਹੀਨੇ ਦੀ ਤਨਖ਼ਾਹ ਹਰ ਤਿੰਨ ਮਹੀਨਿਆਂ ਬਾਅਦ ਦਿੰਦੀ ਸੀ ਤੇ ਉਹ ਵੀ ਕਈ ਕਿਸ਼ਤਾਂ ਵਿਚ। ਇਕ ਇਕ ਕਰਕੇ ਜਦੋਂ ਉੱਥੇ ਦੇ ਵਾਸੀਆਂ ਨਾਲ ਮੇਰੀ ਜਾਣ-ਪਛਾਣ ਹੋਈ, ਤਾਂ ਪਤਾ ਲੱਗਾ ਕਿ ਸਾਰੇ ਹੀ ਅਸਿਸਟੈਂਟ ਡਾਇਰੈਕਟਰ ਸਨ, ਕੋਈ ਚੀਫ਼ ਅਸਿਸਟੈਂਟ ਡਾਇਰੈਕਟਰ ਸੀ ਕੋਈ ਉਸਦਾ ਸਹਾਇਕ ਤੇ ਕੋਈ ਉਸਦਾ ਸਹਾਇਕ। ਹਰ ਦੂਸਰਾ ਕਿਸੇ ਪਹਿਲੇ ਦਾ ਸਹਾਇਕ ਸੀ ਤੇ ਆਪਣੀ ਨਿੱਜੀ ਫ਼ਿਲਮ ਕੰਪਨੀ ਬਣਾਉਣ ਲਈ ਪੈਸੇ ਜੋੜ ਰਿਹਾ ਸੀ। ਆਪਣੇ ਪਹਿਰਾਵੇ, ਹਾਵ-ਭਾਵ ਤੇ ਚਾਲ-ਢਾਲ ਤੋਂ ਹਰੇਕ ਹੀ ਕੋਈ ਹੀਰੋ ਲੱਗਦਾ ਸੀ। ਕੰਟਰੋਲ ਦਾ ਜ਼ਮਾਨਾ ਸੀ, ਪਰ ਕਿਸੇ ਕੋਲ ਕੋਈ ਰਾਸ਼ਨ ਕਾਰਡ ਨਹੀਂ ਸੀ। ਉਹ ਚੀਜ਼ਾਂ ਵੀ ਜਿਹੜੀਆਂ ਥੋੜ੍ਹੀ ਜਿਹੀ ਤਕਲੀਫ਼ ਪਿੱਛੋਂ ਆਸਾਨੀ ਨਾਲ ਘੱਟ ਕੀਮਤ ‘ਤੇ ਮਿਲ ਸਕਦੀਆਂ ਸਨ, ਇਹ ਲੋਕ ਬਲੈਕ ਮਾਰਕੀਟ ਵਿਚੋਂ ਖਰੀਦਦੇ ਸਨ। ਪਿਕਚਰ ਜ਼ਰੂਰ ਦੇਖਦੇ ਸਨ, ਰੇਸ ਦਾ ਦਿਨ ਹੁੰਦਾ ਤਾਂ ਰੇਸ ਖੇਡਦੇ ਸਨ, ਨਹੀਂ ਤਾਂ ਸੱਟਾ…ਜਿੱਤਦੇ ਕਦੀ-ਕਦਾਰ ਹੀ ਸਨ, ਪਰ ਹਾਰਦੇ ਰੋਜ਼ ਹੀ ਸਨ।
ਸਈਦਾ ਕਾਟੇਜ ਦੀ ਆਬਾਦੀ ਬੜੀ ਸੰਘਣੀ ਸੀ। ਕਿਉਂਕਿ ਜਗ੍ਹਾ ਘੱਟ ਸੀ, ਇਸ ਲਈ ਮੋਟਰ ਗੈਰੇਜ ਤੋਂ ਵੀ ਰਿਹਾਇਸ਼ ਦਾ ਕੰਮ ਲਿਆ ਜਾ ਰਿਹਾ ਸੀ। ਉਸ ਵਿਚ ਇਕ ਪਰਿਵਾਰ ਰਹਿੰਦਾ ਸੀ। ਸ਼ੀਰੀਂ ਨਾਂਅ ਦੀ ਇਕ ਜ਼ਨਾਨੀ ਸੀ, ਜਿਸ ਦਾ ਪਤੀ ਸ਼ਾਇਦ ਇਕਰੂਪਤਾ ਤੋੜਨ ਲਈ ਅਸਿਸਟੈਂਟ ਡਾਇਰੈਕਟਰ ਨਹੀਂ ਸੀ। ਉਹ ਉਸੇ ਫ਼ਿਲਮ ਕੰਪਨੀ ਦਾ ਨੌਕਰ ਸੀ, ਪਰ ਮੋਟਰ ਡਰਾਈਵਰ ਸੀ। ਪਤਾ ਨਹੀਂ ਉਹ ਕਦੋਂ ਆਉਂਦਾ ਸੀ ਤੇ ਕਦੋਂ ਚਲਾ ਜਾਂਦਾ ਸੀ, ਕਿਉਂਕਿ ਮੈਂ ਉਸ ਸ਼ਰੀਫ ਆਦਮੀ ਨੂੰ ਕਦੀ ਉੱਥੇ ਨਹੀਂ ਸੀ ਦੇਖਿਆ। ਸ਼ੀਰੀਂ ਦਾ ਇਕ ਛੋਟਾ ਜਿਹਾ ਮੁੰਡਾ ਸੀ, ਜਿਸਨੂੰ ਸਈਦਾ ਕਾਟੇਜ ਦੇ ਸਾਰੇ ਵਾਸੀ ਵਿਹਲੇ ਸਮੇਂ ਵਿਚ ਪਿਆਰ ਕਰਦੇ ਸਨ। ਸ਼ੀਰੀਂ, ਜਿਹੜੀ ਕਾਫੀ ਸੁੰਦਰ ਸੀ, ਆਪਣਾ ਵਧੇਰੇ ਸਮਾਂ ਗੈਰੇਜ ਵਿਚ ਹੀ ਬਿਤਾਉਂਦੀ ਸੀ।
ਕਾਟੇਜ ਦਾ ਸਭ ਨਾਲੋਂ ਵਧੀਆ ਹਿੱਸਾ ਚੱਡੇ ਤੇ ਉਸਦੇ ਦੋ ਸਾਥੀਆਂ ਕੋਲ ਸੀ। ਉਹ ਦੋਵੇਂ ਵੀ ਐਕਟਰ ਸਨ, ਪਰ ਹੀਰੋ ਨਹੀਂ ਸਨ। ਇਕ ਸਈਦ ਸੀ, ਜਿਸਦਾ ਫ਼ਿਲਮੀ ਨਾਂ ਰਣਜੀਤ ਕੁਮਾਰ ਸੀ। ਚੱਡਾ ਕਹਿੰਦਾ ਸੀ ਕਿ ਸਈਦਾ ਕਾਟੇਜ ਉਸੇ ਗਧੇ ਦੇ ਨਾਂਅ ਨਾਲ ਪ੍ਰਸਿੱਧ ਹੈ, ਨਹੀਂ ਤਾਂ ਇਸਦਾ ਨਾਂਅ ‘ਰੰਜੀਦਾ ਕਾਟੇਜ’ ਹੋਣਾ ਸੀ। ਉਹ ਬੜਾ ਸੁੰਦਰ ਤੇ ਘੱਟ ਬੋਲਣ ਵਾਲਾ ਆਦਮੀ ਸੀ। ਚੱਡਾ ਕਦੀ ਕਦੀ ਉਸਨੂੰ ਕੱਛੂ ਵੀ ਕਹਿੰਦਾ ਸੀ, ਕਿਉਂਕਿ ਉਹ ਹਰ ਕੰਮ ਬੜੀ ਧੀਮੀ ਰਫ਼ਤਾਰ ਨਾਲ ਕਰਦਾ ਸੀ।
ਦੂਜੇ ਐਕਟਰ ਦਾ ਨਾਂਅ ਪਤਾ ਨਹੀਂ ਕੀ ਸੀ, ਪਰ ਸਾਰੇ ਉਸਨੂੰ ਗ਼ਰੀਬ ਨਵਾਜ਼ ਕਹਿੰਦੇ ਸਨ। ਉਹ ਹੈਦਰਾਬਾਦ ਦੇ ਇਕ ਸਰਦੇ-ਵਰਦੇ ਘਰਾਣੇ ਨਾਲ ਸੰਬੰਧ ਰੱਖਦਾ ਸੀ ਤੇ ਐਕਟਿੰਗ ਦੇ ਸ਼ੌਕ ਸਦਕਾ ਇੱਥੇ ਆ ਗਿਆ ਸੀ। ਤਨਖ਼ਾਹ ਢਾਈ ਸੌ ਰੁਪਏ ਮਹੀਨਾ ਵੱਝੀ ਸੀ, ਪਰ ਉਸਨੂੰ ਨੌਕਰੀ ਕਰਦਿਆਂ ਇਕ ਸਾਲ ਹੋ ਗਿਆ ਸੀ ਤੇ ਇਸ ਦੌਰਾਨ ਉਸਨੇ ਸਿਰਫ ਇਕ ਵਾਰੀ ਢਾਈ ਸੌ ਰੁਪਏ ਐਡਵਾਂਸ ਦੇ ਰੂਪ ਵਿਚ ਲਏ ਸਨ…ਉਹ ਵੀ ਚੱਡੇ ਦੀ ਖਾਤਰ, ਜਿਸਨੇ ਇਕ ਖ਼ੂੰਖ਼ਾਰ ਪਠਾਨ ਦੇ ਪੈਸੇ ਦੇਣੇ ਸਨ। ਊਟ-ਪਟਾਂਗ ਕਿਸਮ ਦੀ ਭਾਸ਼ਾ ਵਿਚ ਫ਼ਿਲਮੀ ਕਹਾਣੀਆਂ ਲਿਖਣਾ ਉਸਦਾ ਸ਼ੁਗਲ ਸੀ ਤੇ ਕਦੀ ਕਦੀ ਉਹ ਸ਼ਾਇਰੀ ਵੀ ਕਰ ਲੈਂਦਾ ਸੀ। ਕਾਟੇਜ਼ ਦਾ ਹਰ ਆਦਮੀ ਉਸਦਾ ਕਰਜਾਈ ਸੀ।
ਸ਼ਕੀਲ ਤੇ ਅਕੀਲ ਦੋ ਭਰਾ ਸਨ। ਦੋਵੇਂ ਕਿਸੇ ਅਸਿਸਟੈਂਟ ਡਾਇਰੈਕਟਰ ਦੇ ਅਸਿਸਸਟੈਂਟ ਸਨ ਤੇ ਸਾਰਿਆਂ ਵਾਂਗ ਆਪਣੀ ਫ਼ਿਲਮ ਕੰਪਨੀ ਬਣਾਉਣ ਲਈ ਪੈਸੇ ਇਕੱਠੇ ਕਰਨ ਦੇ ਚੱਕਰ ਵਿਚ ਸਨ।
ਤਿੰਨੇ ਵੱਡੇ—ਯਾਨੀ ਚੱਡਾ, ਸਈਦ ਤੇ ਗਰੀਬ ਨਵਾਜ਼ ਸ਼ੀਂਰੀ ਦਾ ਬੜਾ ਖ਼ਿਆਲ ਰੱਖਦੇ ਸਨ। ਕਦੀ ਉਸਨੂੰ ਬਾਜ਼ਾਰੋਂ ਸੌਦਾ-ਪੱਤਾ ਲਿਆ ਦਿੰਦੇ, ਕਦੀ ਲਾਂਡਰੀ ਵਿਚ ਉਸਦੇ ਕੱਪੜੇ ਧੋਣੇ ਦੇ ਆਉਂਦੇ ਤੇ ਕਦੀ ਉਸਦੇ ਰੋਂਦੇ ਹੋਏ ਬੱਚੇ ਨੂੰ ਖਿਡਾਉਣ-ਵਰਾਉਣ ਜਾ ਬਹਿੰਦੇ। ਉਹਨਾਂ ਵਿਚੋਂ ‘ਰੰਜੀਦਾ’ ਕੋਈ ਵੀ ਨਹੀਂ ਸੀ ਲੱਗਿਆ, ਸਾਰੇ ਹੀ ਪ੍ਰਸੰਨ ਚਿੱਤ ਸਨ। ਆਪਣੀਆਂ ਔਖੀਆਂ ਪ੍ਰਸਥਿਤੀਆਂ ਦੀ ਚਰਚਾ ਵੀ ਕਰਦੇ ਸਨ ਤਾਂ ਬੜੇ ਉਤਸਾਹ ਨਾਲ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੀ ਜ਼ਿੰਦਗੀ ਬੜੀ ਦਿਲਚਸਪ ਸੀ।
ਅਸੀਂ ਕਾਟੇਜ਼ ਦੇ ਗੇਟ ਅੰਦਰ ਵੜ ਰਹੇ ਸਾਂ ਤੇ ਗਰੀਬ ਨਵਾਜ਼ ਬਾਹਰ ਆ ਰਿਹਾ ਸੀ। ਚੱਡੇ ਨੇ ਉਸ ਵੱਲ ਗਹੁ ਨਾਲ ਦੇਖਿਆ ਤੇ ਆਪਣੀ ਜੇਬ ਵਿਚ ਹੱਥ ਪਾ ਕੇ ਨੋਟ ਕੱਢੇ। ਬਿਨਾਂ ਗਿਣੇ ਉਸਨੇ ਉਹ ਗਰੀਬ ਨਵਾਜ਼ ਨੂੰ ਫੜਾਂਦਿਆਂ ਹੋਇਆਂ ਕਿਹਾ, “ਚਾਰ ਬੋਤਲਾਂ ਸਕਾਚ ਦੀਆਂ ਚਾਹੀਦੀਆਂ ਨੇ। ਘੱਟ ਹੋਣ ਤਾਂ ਆਪਣੇ ਕੋਲੋਂ ਪਾ ਲਵੀਂ, ਵੱਧਣ ਤਾਂ ਮੈਨੂੰ ਵਾਪਸ ਕਰ ਦਵੀਂ।”
ਗਰੀਬ ਨਵਾਜ਼ ਦੇ ਹੈਦਰਾਬਾਦੀ ਬੁੱਲ੍ਹਾਂ ਉੱਤੇ ਗੂੜ੍ਹੀ, ਕਣਕ-ਵੰਨੀ ਮੁਸਕਾਨ ਆ ਗਈ। ਚੱਡਾ ਖਿੜ-ਖਿੜ ਕਰਕੇ ਹੱਸਿਆ ਤੇ ਮੇਰੇ ਵੱਲ ਦੇਖ ਕੇ ਉਸਨੇ ਗਰੀਬ ਨਵਾਜ਼ ਨੂੰ ਕਿਹਾ, “ਇਹ ਮਿਸਟਰ ਮੰਟੋ ਨੇ…ਪਰ ਇਹਨਾਂ ਨਾਲ ਭਰਪੂਰ ਮੁਲਾਕਾਤ ਦਾ ਸਮਾਂ ਇਸ ਸਮੇਂ ਨਹੀਂ ਦਿੱਤਾ ਜਾ ਸਕਦਾ। ਇਹਨਾਂ ਰੰਮ ਪੀਤੀ ਹੋਈ ਏ। ਸ਼ਾਮੀਂ ਸਕਾਚ ਆ ਜਾਏ ਤਾਂ…ਤੋ ਤੁਸੀਂ ਹੁਣ ਜਾ ਸਕਦੇ ਓ।”
ਗਰੀਬ ਨਵਾਜ਼ ਚਲਾ ਗਿਆ। ਅਸੀਂ ਅੰਦਰ ਚਲੇ ਗਏ। ਚੱਡੇ ਨੇ ਇਕ ਭਰਪੂਰ ਅੰਗੜਾਈ ਲਈ ਤੇ ਰੰਮ ਦੀ ਬੋਤਲ ਚੁੱਕ ਲਈ, ਜਿਹੜੀ ਅੱਧੀ ਤੋਂ ਵੱਧ ਖ਼ਾਲੀ ਸੀ। ਉਸਨੇ ਰੌਸ਼ਨੀ ਵਿਚ ਕਰਕੇ ਉਸਦੀ ਮਾਤਰਾ ਦਾ ਸਰਸਰੀ ਨਜ਼ਰੇ ਅੰਦਾਜ਼ਾ ਲਾਇਆ ਤੇ ਨੌਕਰ ਨੂੰ ਆਵਾਜ਼ ਮਾਰੀ,
“ਕਜਾਕਿਸਤਾਨ ਦੇ ਸ਼ਹਿਜ਼ਾਦੇ!” ਜਦੋਂ ਉਹ ਨਾ ਆਇਆ ਤਾਂ ਉਸਨੇ ਆਪਣੇ ਗ਼ਲਾਸ ਵਿਚ ਵੱਡਾ ਸਾਰਾ ਪੈਗ ਪਾਂਦਿਆਂ ਕਿਹਾ, “ਵਹਵਾ ਪੀ ਗਿਆ ਏ ਕੰਮਬਖ਼ਤ!”
ਗ਼ਲਾਸ ਖ਼ਤਮ ਕਰਦਿਆਂ ਹੋਇਆਂ ਉਹ ਕੁਝ ਫਿਕਰਮੰਦ ਜਿਹਾ ਹੋ ਗਿਆ, “ਯਾਰ, ਭਾਬੀ ਨੂੰ ਤੂੰ ਖ਼ਾਹਮ-ਖ਼ਾਹ ਇੱਥੇ ਲੈ ਆਇਐਂ। ਸੌਂਹ ਖ਼ੁਦਾ ਦੀ ਮੈਨੂੰ ਆਪਣੀ ਛਾਤੀ ਤੇ ਬੋਝ ਮਹਿਸੂਸ ਹੋ ਰਿਹੈ।” ਫੇਰ ਆਪੇ ਹੀ ਉਸਨੇ ਆਪਣੇ ਆਪ ਨੂੰ ਹੌਸਲਾ ਜਿਹਾ ਦਿੱਤਾ, “ਪਰ ਮੇਰਾ ਖ਼ਿਆਲ ਏ ਕਿ ਉਹ ਬੋਰ ਨਹੀਂ ਹੋਏਗੀ ਉੱਥੇ।”
ਮੈਂ ਕਿਹਾ, “ਹਾਂ, ਉੱਥੇ ਰਹਿ ਕੇ ਉਹ ਮੈਨੂੰ ਕਤਲ ਕਰਨ ਦਾ ਇਰਾਦਾ ਜਲਦੀ ਨਹੀਂ ਕਰ ਸਕਦੀ।” ਇਹ ਕਹਿ ਕੇ ਮੈਂ ਆਪਣੇ ਗ਼ਲਾਸ ਵਿਚ ਰੰਮ ਪਾਈ, ਜਿਸਦਾ ਸਵਾਦ ਬੁਸੇ ਹੋਏ ਗੁੜ ਵਰਗਾ ਸੀ।
ਜਿਸ ਕਬਾੜਖਾਨੇ ਵਿਚ ਅਸੀਂ ਬੈਠੇ ਸਾਂ, ਉਸ ਵਿਚ ਸਰੀਆਂ ਵਾਲੀਆਂ ਦੋ ਤਾਕੀਆਂ ਵੀ ਸਨ ਜਿਹਨਾਂ ਵਿਚੋਂ ਕਾਟੇਜ ਦਾ ਬਾਹਰਲਾ ਖ਼ਾਲੀ ਹਿੱਸਾ ਨਜ਼ਰ ਆਉਂਦਾ ਸੀ। ਇਧਰੋਂ ਕਿਸੇ ਨੇ ਚੱਡੇ ਦਾ ਨਾਂਅ ਲੈ ਕੇ ਜ਼ੋਰ ਨਾਲ ਆਵਾਜ਼ ਮਾਰੀ। ਮੈਂ ਤ੍ਰਬਕ ਗਿਆ ਤੇ ਦੇਖਿਆ ਮਿਊਜ਼ਿਕ ਡਾਇਰੈਕਟਰ ਵਣਕਤਰੇ ਹੈ। ਕੁਝ ਸਮਝ ਵਿਚ ਨਹੀਂ ਸੀ ਆਇਆ ਕਿ ਉਹ ਕਿਸ ਨਸਲ ਦਾ ਹੈ—ਮੰਗੋਲ ਹੈ, ਹਬਸ਼ੀ ਹੈ, ਆਰੀਆ ਹੈ ਜਾਂ ਕੀ ਬਲਾਅ ਹੈ! ਕਦੀ-ਕਦੀ ਉਸਨੂੰ ਕਿਸੇ ਇਕ ਕੋਨ ਤੋਂ ਦੇਖਦਾ ਹੋਇਆ ਆਦਮੀ ਕਿਸੇ ਸਿੱਟੇ ‘ਤੇ ਪਹੁੰਚਣ ਵਾਲਾ ਹੁੰਦਾ ਕਿ ਬਦਲੇ ਹੋਏ ਕੋਨ ਤੋਂ ਉਹ ਕੁਝ ਹੋਰ ਹੀ ਨਜ਼ਰ ਆਉਣ ਲੱਗ ਪੈਂਦਾ ਤੇ ਆਦਮੀ ਨੂੰ ਨਵੇਂ ਸਿਰੇ ਤੋਂ ਵਿਚਾਰ ਕਰਨੀ ਪੈ ਜਾਂਦੀ। ਵੈਸੇ ਉਹ ਮਰਾਠਾ ਸੀ, ਪਰ ਸ਼ਿਵਾ ਜੀ ਦੀ ਤਿੱਖੀ ਨੱਕ ਦੀ ਬਜਾਏ ਉਸਦੇ ਚਿਹਰੇ ਉੱਤੇ ਬੜੀ ਹੈਰਾਨ ਕਰ ਦੇਣ ਵਾਲੀ ਮੁੜੀ-ਤੁੜੀ, ਚਪਟੀ ਜਿਹੀ ਨੱਕ ਸੀ, ਜਿਹੜੀ ਉਸਦੇ ਵਿਚਾਰ ਅਨੁਸਾਰ ਉਹਨਾਂ ਸੁਰਾਂ ਲਈ ਬੜੀ ਜ਼ਰੂਰੀ ਸੀ, ਜਿਹਨਾਂ ਦਾ ਸਿੱਧਾ ਸੰਬੰਧ ਨੱਕ ਨਾਲ ਹੁੰਦਾ ਹੈ। ਉਸਨੇ ਮੈਨੂੰ ਦੇਖਿਆ ਤਾਂ ਕੂਕਿਆ, “ਮੰਟੋ—ਮੰਟੋ ਸੇਠ!”
ਚੱਡੇ ਨੇ ਉਸ ਨਾਲੋਂ ਉੱਚੀ ਆਵਾਜ਼ ਵਿਚ ਕਿਹਾ, “ਸੇਠ ਦੀ ਐਸੀ ਦੀ ਤੈਸੀ—ਚੱਲ, ਅੰਦਰ ਆ!”
ਉਹ ਝੱਟ ਅੰਦਰ ਆ ਗਿਆ। ਉਸਨੇ ਹੱਸਦਿਆਂ ਹੋਇਆਂ ਆਪਣੀ ਜੇਬ ਵਿਚੋਂ ਰੰਮ ਦੀ ਇਕ ਬੋਤਲ ਕੱਢੀ ਤੇ ਤਿਪਾਈ ਉੱਤੇ ਰੱਖ ਦਿੱਤੀ, “ਮੈਂ ਸਾਲਾ ਉਧਰ ਮੰਮੀ ਕੋਲ ਗਿਆ। ਉਹ ਬੋਲੀ, ‘ਤੁਹਾਡਾ ਫਰੈਂਡ ਆਇਆ ਹੋਇਐ।’ ਮੈਂ ਬੋਲਾ, ‘ਸਾਲਾ ਇਹ ਫਰੈਂਡ ਕਿਹੜਾ ਆ ਗਿਆ…ਸਾਲਾ ਪਤਾ ਈ ਨਈਂ ਸੀ, ਸਾਲਾ ਮੰਟੋ ਐ!”
ਚੱਡੇ ਨੇ ਵਣਕਤਰੇ ਦੇ ਕੱਦੂ ਵਰਗੇ ਸਿਰ ਉੱਤੇ ਇਕ ਥੱਫਾ ਜੜ ਦਿੱਤਾ, “ਚੁੱਪ ਵੀ ਕਰ ਸਾਲੇ ਦਿਆ ਸਾਲਿਆ…ਤੂੰ ਰੰਮ ਲੈ ਆਇਐਂ…ਬਸ ਠੀਕ ਏ!” ਵਣਕਤਰੇ ਨੇ ਆਪਣਾ ਸਿਰ ਪਲੋਸਿਆ ਤੇ ਮੇਰਾ ਖ਼ਾਲੀ ਗ਼ਲਾਸ ਚੁੱਕ ਕੇ ਆਪਣੇ ਲਈ ਪੈਗ ਬਣਾਇਆ—”ਮੰਟੋ, ਇਹ ਸਾਲਾ ਅੱਜ ਮਿਲਦਾ ਹੀ ਕਹਿਣ ਲੱਗਾ, ‘ਅੱਜ ਪੀਣ ਨੂੰ ਜੀਅ ਕਰਦੈ’…ਮੈਂ ਯਕਦਮ ਖਾਲੀ-ਖੀਸੇ…ਸੋਚਿਆ, ਕੀ ਕਰਾਂ…”
ਚੱਡੇ ਨੇ ਇਕ ਹੋਰ ਥੱਫਾ ਉਸਦੇ ਸਿਰ ਉੱਤੇ ਮਾਰਿਆ, “ਚੁੱਪ ਕਰਕੇ ਬੈਠ, ਜਿਵੇਂ ਤੂੰ ਸੱਚਮੁੱਚ ਹੀ ਕੁਝ ਸੋਚ ਲਿਆ ਹੋਏਗਾ।”
“ਸੋਚਿਆ ਨਾ ਹੁੰਦਾ ਤਾਂ ਇਹ ਸਾਲੀ ਐਡੀ ਵੱਡੀ ਬੋਤਲ ਕਿੱਥੋ ਆਉਂਦੀ—ਤੇਰਾ ਪਿਤਾਜੀ ਦੇ ਗਿਆ ਕੋਈ?” ਵਣਕਤਰੇ ਨੇ ਇਕੋ ਘੁੱਟ ਵਿਚ ਗ਼ਲਾਸ ਖ਼ਾਲੀ ਕਰ ਦਿੱਤਾ। ਚੱਡੇ ਨੇ ਉਸਦੀ ਗੱਲ ਸੁਣੀ-ਅਣਸੁਣੀ ਕਰ ਦਿੱਤੀ ਤੇ ਉਸਨੂੰ ਪੁੱਛਿਆ, “ਤੂੰ ਇਹ ਤਾਂ ਦੱਸ ਬਈ ਮੰਮੀ ਕੀ ਕਹਿ ਰਹੀ ਸੀ?—ਦੱਸਿਐ, ਕੁਝ ਕਿ ਮੋਜ਼ੇਲ ਕਦ ਆਵੇਗੀ?…ਤੇ ਹਾਂ…ਉਹ ਪਲੇਟੀਨਮ ਬਲੌਂਡ!” ਵਣਕਤਰੇ ਨੇ ਜਵਾਬ ਵਿਚ ਕੁਝ ਕਹਿਣਾ ਚਾਹਿਆ, ਪਰ ਚੱਡੇ ਨੇ ਮੇਰੀ ਬਾਂਹ ਫੜ੍ਹ ਕੇ ਕਹਿਣਾ ਸ਼ੁਰੂ ਕਰ ਦਿੱਤਾ, “ਮੰਟੋ ਸੌਂਹ ਖ਼ੁਦਾ ਦੀ, ਕਿਆ ਚੀਜ਼ ਏ! ਸੁਣਦੇ ਹੁੰਦੇ ਸਾਂ ਕਿ ਇਕ ਚੀਜ਼ ਪਲਾਟੀਨਮ ਬਲੌਂਡ ਵੀ ਹੁੰਦੀ ਏ, ਪਰ ਦੇਖਣ ਦਾ ਮੌਕਾ ਕੱਲ੍ਹ ਮਿਲਿਆ—ਵਾਲ ਨੇ, ਜਿਵੇਂ ਚਾਂਦੀ ਦੇ ਬਰੀਕ-ਬਰੀਕ ਤਾਰ…ਗ੍ਰੇਟ…ਸੌਂਹ ਖ਼ੁਦਾ ਦੀ ਮੰਟੋ, ਅਤਿ ਗ੍ਰੇਟ…ਮੰਮੀ ਜ਼ਿੰਦਾਬਾਦ!” ਫੇਰ ਉਸਨੇ ਗੁਸੈਲੀਆਂ ਨਜ਼ਰਾਂ ਨਾਲ ਵਣਕਤਰੇ ਵੱਲ ਦੇਖਿਆ ਤੇ ਕੜਕ ਕੇ ਕਿਹਾ, “ਓਇ ਕੰਨਕੁਤਰੇ ਦੇ ਬੱਚੇ—ਨਾਅਰਾ ਕਿਉਂ ਨਹੀਂਓਂ ਲਗਾਂਦਾ ਪਿਆ—ਮੰਮੀ ਜ਼ਿੰਦਾਬਾਦ!”
ਚੱਡੇ ਤੇ ਵਣਕਤਰੇ ਦੋਵਾਂ ਨੇ ਰਲ ਕੇ ‘ਮੰਮੀ ਜ਼ਿੰਦਾਬਾਦ!’ ਦੇ ਕਈ ਨਾਅਰੇ ਲਾਏ। ਇਸ ਪਿੱਛੋਂ ਵਣਕਤਰੇ ਨੇ ਫੇਰ ਚੱਡੇ ਦੇ ਸਵਾਲ ਦਾ ਜਵਾਬ ਦੇਣਾ ਚਾਹਿਆ, ਪਰ ਉਸਨੇ ਚੁੱਪ ਕਰਵਾ ਦਿੱਤਾ, “ਛੱਡ ਯਾਰ…ਮੈਂ ਜਜ਼ਬਾਤੀ ਹੋ ਗਿਆ ਆਂ—ਇਸ ਵੇਲੇ ਇਹ ਸੋਚ ਰਿਹਾਂ ਬਈ ਆਮ ਕਰਕੇ ਮਾਸ਼ੂਕਾਵਾਂ ਦੇ ਵਾਲ ਕਾਲੇ ਹੁੰਦੇ ਨੇ, ਜਿਹਨਾਂ ਨੂੰ ਕਾਲੀਆਂ ਘਟਾਵਾਂ ਕਿਹਾ ਜਾਂਦਾ ਏ…ਪਰ ਇਹ ਤਾਂ ਕੁਝ ਹੋਰ ਹੀ ਮਾਮਲਾ ਹੋ ਗਿਆ।” ਫੇਰ ਉਹ ਮੇਰੇ ਵੱਲ ਭੌਂ ਕੇ ਕਹਿਣ ਲੱਗਾ, “ਮੰਟੋ—ਬੜੀ ਗੜਬੜ ਹੋ ਗਈ ਏ, ਉਸਦੇ ਵਾਲ ਚਾਂਦੀ ਦੀਆਂ ਤਾਰਾਂ ਵਰਗੇ ਨੇ—ਚਾਂਦੀ-ਰੰਗੇ ਵੀ ਨਹੀਂ ਕਹੇ ਜਾ ਸਕਦੇ—ਪਤਾ ਨਹੀਂ, ਪਲੇਟੀਨਮ ਦਾ ਰੰਗ ਕੈਸਾ ਹੁੰਦੈ, ਕਿਉਂਕਿ ਮੈਂ ਅਜੇ ਤੀਕ ਇਹ ਧਾਤ ਦੇਖੀ ਨਹੀਂ…ਕੁਝ ਅਜੀਬ ਜਿਹਾ ਹੀ ਰੰਗ ਏ—ਫੌਲਾਦ ਤੇ ਚਾਂਦੀ ਦੋਵਾਂ ਨੂੰ ਮਿਲਾ ਦਿੱਤਾ ਜਾਏ…”
ਵਣਕਤਰੇ ਨੇ ਦੂਜਾ ਪੈਗ ਖ਼ਤਮ ਕਰਦਿਆਂ ਹੋਇਆਂ ਕਿਹਾ, “ਤੇ ਉਸ ਵਿਚ ਥੋੜ੍ਹੀ ਜਿਹੀ ਥ੍ਰੀ ਐਕਸ ਰੰਮ ਵੀ ਮਿਕਸ ਕਰ ਦਿੱਤੀ ਜਾਏ।”
ਚੱਡੇ ਨੇ ਹਿਰਖ ਕੇ ਉਸਨੂੰ ਇਕ ਮੋਟੀ ਸਾਰੀ ਗਾਲ੍ਹ ਕੱਢੀ। “…ਬਕਵਾਸ ਨਾ ਕਰ!” ਫੇਰ ਉਸਨੇ ਬੜੀਆਂ ਉਦਾਸੀਆਂ ਹੋਈਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ, “ਯਾਰ…ਮੈਂ ਸੱਚਮੁੱਚ ਜਜ਼ਬਾਤੀ ਹੋ ਗਿਆਂ…ਹਾਂ…ਉਹ ਰੰਗ…ਸੌਂਹ ਖ਼ੁਦਾ ਦੀ, ਲਾਜਵਾਬ ਰੰਗ ਏ…ਉਹ ਤੂੰ ਦੇਖਿਐ…ਉਹ ਜਿਹੜਾ ਮੱਛੀ ਦੇ ਢਿੱਡ ‘ਤੇ ਹੁੰਦੈ…ਨਹੀਂ-ਨਹੀਂ, ਸਾਰੇ ਪਿੰਡੇ ‘ਤੇ ਨਹੀਂ ਹੁੰਦਾ…ਪੋਮਫ੍ਰੇਟ ਮੱਛੀ…ਉਸਦੇ ਉਹ ਕੀ ਹੁੰਦੇ ਨੇ?…ਨਹੀਂ, ਸੱਪਾਂ ਦੇ ਨਹੀਂ…ਉਹ ਛੋਟੇ-ਛੋਟੇ ਖਪਰੇ…ਹਾਂ, ਖਪਰੇ…ਬਸ, ਉਸਦਾ ਰੰਗ…ਖਪਰੇ..ਇਹ ਸ਼ਬਦ ਮੈਨੂੰ ਇਸ ਹਿੰਦੁਸਤੋੜੇ ਨੇ ਦੱਸਿਆ ਸੀ…ਏਡੀ ਸੁੰਦਰ ਚੀਜ਼ ਤੇ ਏਡਾ ਕੋਝਾ ਨਾਂਅ…ਪੰਜਾਬੀ ਵਿਚ ਆਪਾਂ ਲੋਕ ਇਹਨਾਂ ਨੂੰ ਚਾਣੇ ਕਹਿੰਦੇ ਆਂ। ਇਸ ਸ਼ਬਦ ਵਿਚ ਇਕ ਚਿਣਤੀ ਏ…ਉਹੀ, ਬਿਲਕੁਲ ਉਹੀ, ਜਿਹੜੀ ਉਸਦੇ ਵਾਲਾਂ ਦੀ ਏ। ਨਿੱਕੀਆਂ ਨਿੱਕੀਆਂ ਲਿਟਾਂ ਉਹਨਾਂ ਸਪੋਲੀਆਂ ਵਰਗੀਆਂ ਲੱਗਦੀਆਂ ਨੇ, ਜਿਹੜੇ ਵਲ-ਵਲੇਵੇਂ ਖਾ ਰਹੇ ਹੁੰਦੇ ਨੇ…।” ਉਹ ਅਚਾਨਕ ਉੱਠਿਆ। “ਸਪੋਲੀਆਂ ਦੀ ਐਸੀ ਦੀ ਤੈਸੀ! ਮੈਂ ਜਜ਼ਬਾਤੀ ਹੋ ਗਿਆਂ…।”
ਵਣਕਤਰੇ ਨੇ ਬੜੇ ਭੋਲੇਪਨ ਨਾਲ ਪੁੱਛਿਆ, “ਉਹ ਕੀ ਹੁੰਦੈ…?”
“ਸੈਂਟੀਮੈਂਟਲ,” ਚੱਡੇ ਨੇ ਜਵਾਬ ਦਿੱਤਾ, “ਪਰ ਤੂੰ ਕੀ ਸਮਝੇਂਗਾ ਬਾਲਾਜੀ ਬਾਜੀਰਾਵ ਤੇ ਨਾਨਾ ਫਰਨਵੀਸ ਦੀਏ ਔਲਾਦੇ…!”
ਵਣਕਤਰੇ ਨੇ ਆਪਣੇ ਲਈ ਇਕ ਹੋਰ ਪੈਗ ਬਣਾਇਆ ਤੇ ਮੇਰੇ ਵੱਲ ਭੌਂ ਕੇ ਕਹਿਣ ਲੱਗਾ, “ਇਹ ਸਾਲਾ ਚੱਡਾ ਸਮਝਦਾ ਏ ਕਿ ਮੈਂ ਇੰਗਲਿਸ਼ ਨਹੀਂ ਸਮਝਦਾ। ਮੈਟ੍ਰੀਕੁਲੇਟ ਹਾਂ…ਸਾਲਾ ਮੇਰਾ ਪਿਤਾਜੀ ਮੈਨੂੰ ਬੜਾ ਪਿਆਰ ਕਰਦਾ ਸੀ…ਉਸਨੇ…।”
ਚੱਡੇ ਨੇ ਚਿੜ ਕੇ ਕਿਹਾ, “ਉਸਨੇ ਤੈਨੂੰ ਤਾਨਸੈਨ ਬਣਾ ਦਿੱਤਾ…ਤੇ ਤੇਰੀ ਨੱਕ ਮਰੋੜ ਦਿੱਤੀ, ਤਾਂ ਕਿ ਨੁਕਰੇ ਸੁਰ ਆਸਾਨੀ ਨਾਲ ਤੇਰੀ ਨੱਕ ਵਿਚੋਂ ਨਿਕਲ ਸਕਣ। ਬਚਪਨ ਵਿਚ ਹੀ ਉਸਨੇ ਤੈਨੂੰ ਧੁਰਪਦ ਗਾਉਣਾ ਸਿਖਾਅ ਦਿੱਤਾ ਸੀ, ਤੇ ਦੁੱਧ ਪੀਣ ਲਈ ਤੂੰ ਮੀਆਂ ਦੀ ਟੋੜੀ ਵਿਚ ਰੋਂਦਾ ਹੁੰਦਾ ਸੈਂ ਤੇ ਪਿਸ਼ਾਬ ਕਰਨ ਵੇਲੇ ਅੜਾਨਾ ਰਾਗ ਵਿਚ…ਤੇ ਤੂੰ ਪਹਿਲੀ ਗੱਲ ਪਟਦੀਪ ਵਿਚ ਕੀਤੀ ਸੀ…ਤੇ ਤੇਰਾ ਪਿਤਾਜੀ… ਜਗਤ-ਉਸਤਾਦ ਸੀ, ਬੈਜੂ ਬਾਵਰੇ ਦੇ ਵੀ ਕੰਨ ਕੁਤਰਦਾ ਸੀ…ਤੇ ਤੂੰ ਅੱਜ ਕੱਲ੍ਹ ਉਸਦੇ ਕੰਨ ਕੁਤਰਦਾ ਏਂ, ਇਸ ਲਈ ਤੇਰਾ ਨਾਂਅ ਕੰਨਕੁਤਰੇ ਹੈ।” ਏਨਾ ਕਹਿ ਕੇ ਉਹ ਮੇਰੇ ਵੱਲ ਮੁੜਿਆ, “ਮੰਟੋ, ਇਹ ਸਾਲਾ ਜਦੋਂ ਵੀ ਪੀਂਦਾ ਏ, ਆਪਣੇ ਪਿਓ ਦੀ ਤਾਰੀਫ਼ ਸ਼ੁਰੂ ਕਰ ਦੇਂਦਾ ਏ। ਉਹ ਇਸਨੂੰ ਪਿਆਰ ਕਰਦਾ ਸੀ ਤਾਂ ਮੇਰੇ ‘ਤੇ ਕੀ ਅਹਿਸਾਨ ਕਰਦਾ ਸੀ ? ਉਸਨੇ ਇਸਨੂੰ ਮੈਟ੍ਰੀਕੁਲੇਟ ਬਣਾ ਦਿੱਤਾ ਤਾਂ ਇਸਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਆਪਣੀ ਬੀ.ਏ. ਦੀ ਡਿਗਰੀ ਪਾੜ ਕੇ ਸੁੱਟ ਦਿਆਂ।”
ਵਣਕਤਰੇ ਨੇ ਇਸ ਬੌਛਾਰ ਉੱਤੇ ਇਤਰਾਜ਼ ਕਰਨਾ ਚਾਹਿਆ, ਪਰ ਚੱਡੇ ਨੇ ਉਸਨੂੰ ਉੱਥੇ ਹੀ ਰੋਕ ਦਿੱਤਾ, “ਚੁੱਪ ਰਹਿ…ਮੈਂ ਕਹਿ ਚੁੱਕਿਆਂ ਕਿ ਮੈਂ ਸੈਂਟੀਮੈਂਟਲ ਹੋ ਗਿਆਂ…ਹਾਂ, ਉਹ ਰੰਗ…ਪੋਮਫ੍ਰੇਟ ਮੱਛੀ ਦੇ…ਨਹੀਂ-ਨਹੀਂ—ਸੱਪ ਦੇ ਨੰਨ੍ਹੇ-ਨੰਨ੍ਹੇ ਛਿੰਬ੍ਹ…ਬਸ, ਅਜਿਹਾ ਹੀ ਰੰਗ…ਮੰਮੀ ਨੇ ਰੱਬ ਜਾਣੇ ਆਪਣੀ ਬੀਨ ਉੱਤੇ ਕਿਹੜਾ ਰਾਗ ਵਜਾਅ ਕੇ ਉਸ ਨਾਗਨ ਨੂੰ ਬਾਹਰ ਕੱਢਿਆ ਏ!”
ਵਣਕਤਰੇ ਸੋਚਣ ਲੱਗਾ। ਫੇਰ ਬੋਲਿਆ, “ਪੇਟੀ ਮੰਗਾਓ, ਮੈਂ ਵਜਾਅ ਕੇ ਦਸਦਾਂ।”
ਚੱਡਾ ਠਹਾਕਾ ਮਾਰ ਕੇ ਹੱਸਿਆ, “ਚੁੱਪ ਬੈਠ ਓ ਮੈਟ੍ਰੀਕੁਲੇਟ ਦੇ ਚਾਕਲੇਟ…!” ਉਸਨੇ ਰੰਮ ਦੀ ਬੋਤਲ ਵਿਚ ਬਚੀ ਹੋਈ ਸ਼ਰਾਬ ਨੂੰ ਆਪਣੇ ਗ਼ਲਾਸ ਵਿਚ ਪਾਇਆ ਤੇ ਮੈਨੂੰ ਕਿਹਾ, “ਮੰਟੋ, ਜੇ ਉਹ ਪਲੇਟੀਨਮ ਬਲੌਂਡ ਨਾ ਫਸੀ ਤਾਂ ਚੱਡਾ ਹਿਮਾਲਿਆ ਪਹਾੜ ਦੀ ਕਿਸੇ ਚੋਟੀ ਉੱਤੇ ਧੂੰਨੀ ਰਮਾ ਕੇ ਬੈਠ ਜਾਏਗਾ…।” ਤੇ ਉਸਨੇ ਗ਼ਲਾਸ ਖ਼ਾਲੀ ਕਰ ਦਿੱਤਾ।
ਵਣਕਤਰੇ ਨੇ ਆਪਣੀ ਲਿਆਂਦੀ ਹੋਈ ਬੋਤਲ ਖੋਲ੍ਹਣੀ ਸ਼ੁਰੂ ਕੀਤੀ। “ਮੰਟੋ ਮੁਲਗੀ (ਕੁੜੀ) ਏਕਦਮ ਚਾਂਗਲੀ (ਸੋਹਣੀ) ਹੈ।”
ਮੈਂ ਕਿਹਾ, “ਦੇਖ ਲਵਾਂਗੇ।”
“ਅੱਜ ਹੀ…ਅੱਜ ਰਾਤੀਂ ਮੈਂ ਇਕ ਪਾਰਟੀ ਦੇ ਰਿਹਾਂ। ਇਹ ਬੜਾ ਹੀ ਚੰਗਾ ਹੋਇਆ ਕਿ ਤੂੰ ਆ ਗਿਐਂ ਤੇ ਸ਼੍ਰੀ-ਸ਼੍ਰੀ ਇਕ ਸੌ ਅੱਠ ਮਹਿਤਾ ਜੀ ਨੇ ਤੇਰੇ ਕਰਕੇ ਐਡਵਾਂਸ ਵੀ ਦੇ ਦਿੱਤੈ, ਨਹੀਂ ਤਾਂ ਬੜੀ ਮੁਸ਼ਕਿਲ ਹੋ ਜਾਣੀ ਸੀ…ਅੱਜ ਰਾਤ…” ਚੱਡੇ ਨੇ ਬੜੀਆਂ ਬੇਸੁਰੀਆਂ ਸੁਰਾਂ ਵਿਚ ਗਾਉਣਾ ਸ਼ੁਰੂ ਕਰ ਦਿੱਤਾ, “ਅੱਜ ਦੀ ਰਾਤ ਸਾਜੇ ਦਰਦ ਨਾ ਛੇੜ…ਓਇ!”
ਵਿਚਾਰਾ ਵਣਕਤਰੇ ਉਸਦੀ ਇਸ ਵਧੀਕੀ ਬਾਰੇ ਕੁਝ ਕਹਿਣ ਹੀ ਲੱਗਾ ਸੀ ਕਿ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਆ ਗਏ। ਦੋਵਾਂ ਕੋਲ ਸਕਾਚ ਦੀਆਂ ਦੋ ਦੋ ਬੋਤਲਾਂ ਸਨ। ਉਹ ਉਹਨਾਂ ਮੇਜ਼ ਉੱਤੇ ਰੱਖ ਦਿੱਤੀਆਂ।
ਰਣਜੀਤ ਕੁਮਾਰ ਨਾਲ ਮੇਰੇ ਚੰਗੇ ਸਬੰਧ ਸਨ; ਪਰ ਅਸੀਂ ਬਹੁਤੇ ਖੁੱਲ੍ਹੇ ਨਹੀਂ ਸਾਂ, ਇਸ ਲਈ ਦੋਵਾਂ ਨੇ ਥੋੜ੍ਹੀ ਜਿਹੀ, ‘ਤੁਸੀਂ ਕਦੋਂ ਆਏ?’, ‘ਅੱਜ ਹੀ ਆਇਆਂ।’ ਵਰਗੀਆਂ ਰਸਮੀਂ ਗੱਲਾਂ ਕੀਤੀਆਂ ਤੇ ਗ਼ਲਾਸ ਟਕਰਾਅ ਕੇ ਪੀਣ ਲੱਗ ਪਏ।
ਚੱਡਾ ਸੱਚਮੁੱਚ ਬੜਾ ਜਜ਼ਬਾਤੀ ਹੋ ਗਿਆ ਸੀ। ਹਰ ਗੱਲ ਵਿਚ ਉਸ ਪਲੈਟੀਨਮ ਬਲੌਂਡ ਦਾ ਜ਼ਿਕਰ ਲੈ ਆਉਂਦਾ। ਰਣਜੀਤ ਕੁਮਾਰ ਦੂਜੀ ਬੋਤਲ ਦਾ ਚੌਥਾ ਹਿੱਸਾ ਚੜ੍ਹਾ ਗਿਆ ਸੀ। ਗਰੀਬ ਨਿਵਾਜ਼ ਨੇ ਸਕਾਚ ਦੇ ਤਿੰਨ ਪੈਗ ਪੀਤੇ ਸਨ। ਨਸ਼ੇ ਦੇ ਮਾਮਲੇ ਵਿਚ ਓਹਨਾਂ ਸਭਨਾਂ ਦੀ ਹਾਲਤ ਇਕੋ ਜਿਹੀ ਸੀ। ਮੈਂ ਕਿਉਂਕਿ ਜ਼ਿਆਦਾ ਪੀਣ ਦਾ ਆਦੀ ਸਾਂ, ਇਸ ਲਈ ਮੈਂ ਜਿਉਂ ਦਾ ਤਿਉਂ ਬੈਠਾ ਸਾਂ। ਉਹਨਾਂ ਦੀ ਗੱਲਬਾਤ ਤੋਂ ਮੈਂ ਅੰਦਾਜ਼ਾ ਲਾਇਆ ਕਿ ਉਹ ਚਾਰੇ ਉਸ ਨਵੀਂ ਕੁੜੀ ਉੱਤੇ ਬੁਰੀ ਤਰ੍ਹਾਂ ਮਰ ਮਿਟੇ ਸਨ, ਜਿਹੜੀ ਮੰਮੀ ਨੇ ਪਤਾ ਨਹੀਂ ਕਿੱਧਰੋਂ ਪੈਦਾ ਕੀਤੀ ਸੀ। ਇਸ ਅਮੁੱਲ ਮੋਤੀ ਦਾ ਨਾਂ ਫਿਲਿਸ ਸੀ। ਪੂਨੇ ਵਿਚ ਕੋਈ ਹੇਅਰ ਡਰੈਸਿੰਗ ਸੈਲੂਨ ਸੀ, ਜਿੱਥੇ ਉਹ ਨੌਕਰੀ ਕਰਦੀ ਸੀ। ਉਸਦੇ ਨਾਲ ਆਮ ਕਰਕੇ ਇਕ ਖੁਸਰਿਆਂ ਵਰਗਾ ਮੁੰਡਾ ਹੁੰਦਾ ਸੀ। ਕੁੜੀ ਦੀ ਉਮਰ ਚੌਦਾਂ ਪੰਦਰਾਂ ਸਾਲ ਦੇ ਨੇੜੇ-ਤੇੜੇ ਸੀ। ਗਰੀਬ ਨਿਵਾਜ਼ ਤਾਂ ਇੱਥੋਂ ਤਕ ਉਸ ਉੱਤੇ ਰੀਝਿਆ ਹੋਇਆ ਸੀ ਕਿ ਉਹ ਹੈਦਰਾਬਾਦ ਵਿਚ ਆਪਣੇ ਹਿੱਸੇ ਦੀ ਜਾਇਦਾਦ ਵੇਚ ਕੇ ਵੀ ਉਸਦੇ ਦਾਅ ‘ਤੇ ਲਾਉਣ ਲਈ ਤਿਆਰ ਸੀ। ਚੱਡੇ ਕੋਲ ਇਕੋਇਕ ਕੰਮ ਦਾ ਪੱਤਾ ਸੀ, ਆਪਣੇ ਰੂਪ ਦਾ। ਵਣਕਤਰੇ ਦਾ ਖ਼ਿਆਲ ਸੀ ਕਿ ਉਸਦੀ ਪੇਟੀ ਸੁਣ ਕੇ ਉਹ ਪਰੀ ਜ਼ਰੂਰ ਸ਼ੀਸ਼ੇ ਵਿਚ ਉਤਰ ਆਵੇਗੀ, ਤੇ ਰਣਜੀਤ ਕੁਮਾਰ ਦਾ ਵਿਸ਼ਵਾਸ ਜ਼ੋਰ ਜਬਰਦਸਤੀ ਵਿਚ ਸੀ…ਪਰ ਅੰਤ ਵਿਚ ਸਾਰੇ ਇਹੋ ਸੋਚਦੇ ਸਨ ਕਿ ਦੇਖੋ, ਮੰਮੀ ਕਿਸ ਉੱਤੇ ਕਿਰਪਾਲੂ ਹੁੰਦੀ ਹੈ। ਇਸ ਤੋਂ ਪਤਾ ਲੱਗਦਾ ਸੀ ਕਿ ਉਸ ਪਲੇਟੀਨਮ ਬਲੌਂਡ ਫਿਲਿਸ ਨੂੰ ਉਹ ਜ਼ਨਾਨੀ, ਜਿਸ ਨੂੰ ਮੈਂ ਚੱਡੇ ਨਾਲ ਤਾਂਗੇ ਵਿਚ ਦੇਖਿਆ ਸੀ, ਕਿਸੇ ਦੇ ਵੀ ਹਵਾਲੇ ਕਰ ਸਕਦੀ ਸੀ।
ਫਿਲਿਸ ਦੀਆਂ ਗੱਲਾਂ ਕਰਦਿਆਂ, ਚੱਡੇ ਨੇ, ਅਚਾਨਕ ਆਪਣੀ ਘੜੀ ਦੇਖੀ ਤੇ ਮੈਨੂੰ ਕਿਹਾ, “ਜਹਨੁੱਮ ‘ਚ ਜਾਏ ਇਹ ਛੋਹਰੀ—ਚੱਲ ਯਾਰ…ਭਾਬੀ ਉੱਥੇ ਕੋਇਲੇ ਹੋ ਰਹੀ ਹੋਵੇਗੀ—ਪਰ ਮੁਸੀਬਤ ਇਹ ਹੈ ਕਿ ਮੈਂ ਉੱਥੇ ਵੀ ਕਿਤੇ ਸੈਂਟੀਮੈਂਟਲ ਨਾ ਹੋ ਜਾਵਾਂ…ਖ਼ੈਰ, ਤੂੰ ਮੈਨੂੰ ਸੰਭਾਲ ਲਵੀਂ।” ਆਪਣੇ ਗ਼ਲਾਸ ਦੀਆਂ ਕੁਝ ਬੂੰਦਾਂ ਆਪਣੇ ਮੂੰਹ ਵਿਚ ਉਲੱਦ ਕੇ ਉਸਨੇ ਨੌਕਰ ਨੂੰ ਆਵਾਜ਼ ਮਾਰੀ, “ਮੰਮੀਆਂ ਦੇ ਮੁਲਕ, ਮਿਸਰ ਦੇ ਸ਼ਹਿਜ਼ਾਦੇ…”
ਮੰਮੀਆਂ ਦੇ ਮੁਲਕ, ਮਿਸਰ ਦਾ ਸ਼ਹਿਜਾਦਾ ਇੰਜ ਅੱਖਾਂ ਮਲਦਾ ਹੋਇਆ ਉੱਥੇ ਆਇਆ, ਜਿਵੇਂ ਉਸਨੂੰ ਸਦੀਆਂ ਪਿੱਛੋਂ ਖੋਦ ਕੇ ਬਾਹਰ ਕੱਢਿਆ ਗਿਆ ਹੋਵੇ। ਚੱਡੇ ਨੇ ਉਸਦੇ ਮੂੰਹ ਉੱਤੇ ਰੰਮ ਦੇ ਛਿੱਟੇ ਮਾਰੇ ਤੇ ਕਿਹਾ, “ਦੋ ਵਧੀਆ ਤਾਂਗੇ ਲੈ ਆ…ਜਿਹੜੇ ਮਿਸਰ ਦੇ ਰਥ ਲੱਗਦੇ ਹੋਣ।” ਤਾਂਗੇ ਆ ਗਏ। ਅਸੀਂ ਸਾਰੇ ਉਹਨਾਂ ਉੱਤੇ ਚੜ੍ਹ ਕੇ ਪ੍ਰਭਾਤਨਗਰ ਵੱਲ ਤੁਰ ਪਏ। ਮੇਰਾ ਪੁਰਾਣਾ ਫ਼ਿਲਮਾਂ ਦਾ ਸਾਥੀ ਹਰੀਸ਼ ਘਰੇ ਹੀ ਸੀ। ਏਨੀ ਦੂਰ ਸਥਿੱਤ ਸਥਾਨ ਉੱਤੇ ਰਹਿਣ ਦੇ ਬਾਵਜ਼ੂਦ ਉਸਨੇ ਮੇਰੀ ਪਤਨੀ ਦੀ ਖਾਤਰਦਾਰੀ ਵਿਚ ਕੋਈ ਕਸਰ ਨਹੀਂ ਸੀ ਰਹਿਣ ਦਿੱਤੀ। ਚੱਡੇ ਨੇ ਅੱਖ ਦੇ ਇਸ਼ਾਰੇ ਨਾਲ ਉਸਨੂੰ ਸਾਰਾ ਮਾਮਲਾ ਸਮਝਾ ਦਿੱਤਾ ਸੀ, ਸੋ ਉਹ ਬੜਾ ਲਾਭਕਾਰੀ ਸਾਬਤ ਹੋਇਆ। ਮੇਰੀ ਪਤਨੀ ਨੇ ਆਪਣਾ ਕੋਪ ਜ਼ਾਹਰ ਨਹੀਂ ਕੀਤਾ। ਉਸਦਾ ਸਮਾਂ ਉੱਥੇ ਕੁਝ ਚੰਗਾ ਹੀ ਬੀਤਿਆ ਜਾਪਦਾ ਸੀ। ਹਰੀਸ਼ ਨੇ ਜਿਹੜਾ ਔਰਤਾਂ ਦੇ ਸੁਭਾਅ ਦਾ ਚੰਗਾ ਜਾਣਕਾਰ ਸੀ, ਬੜੀਆਂ ਮਜ਼ੇਦਾਰ ਗੱਲਾਂ ਕੀਤੀਆਂ ਤੇ ਅੰਤ ਵਿਚ ਮੇਰੀ ਪਤਨੀ ਨੂੰ ਬੇਨਤੀ ਕੀਤੀ ਕਿ ਉਹ ਉਸਦੀ ਸ਼ੂਟਿੰਗ ਦੇਖਣ ਚੱਲੇ, ਜਿਹੜੀ ਉਸ ਦਿਨ ਹੋਣੀ ਸੀ। ਮੇਰੀ ਪਤਨੀ ਨੇ ਪੁੱਛਿਆ, “ਕੋਈ ਗਾਣਾ ਫ਼ਿਲਮਾ ਰਹੇ ਹੋ ਤੁਸੀਂ?”
ਹਰੀਸ਼ ਨੇ ਉਤਰ ਦਿੱਤਾ, “ਜੀ ਨਹੀਂ—ਉਹ ਕੱਲ੍ਹ ਦਾ ਪ੍ਰੋਗਰਾਮ ਏਂ—ਮੇਰਾ ਖ਼ਿਆਲ ਏ ਤੁਸੀਂ ਕੱਲ੍ਹ ਹੀ ਚੱਲਿਓ।”
ਹਰੀਸ਼ ਦੀ ਪਤਨੀ ਸ਼ੂਟਿੰਗ ਦੇਖ-ਦੇਖ ਕੇ ਤੇ ਦਿਖਾਅ-ਦਿਖਾਅ ਕੇ ਤੰਗ ਆਈ ਹੋਈ ਜਾਪਦੀ ਸੀ। ਉਸਨੇ ਝੱਟ ਮੇਰੀ ਪਤਨੀ ਨੂੰ ਕਿਹਾ, “ਹਾਂ, ਕੱਲ੍ਹ ਠੀਕ ਰਹੇਗਾ।” ਫੇਰ ਸਾਰਿਆਂ ਵੱਲ ਦੇਖ ਕੇ ਬੋਲੀ, “ਅੱਜ ਇਹਨਾਂ ਨੂੰ ਸਫ਼ਰ ਦੀ ਥਕਾਣ ਵੀ ਹੈ।”
ਅਸਾਂ ਸਾਰਿਆਂ ਨੇ ਸੁਖ ਦਾ ਸਾਹ ਲਿਆ। ਹਰੀਸ਼ ਨੇ ਫੇਰ ਕੁਝ ਚਿਰ ਹੋਰ ਮਜ਼ੇਦਾਰ ਗੱਲਾਂ ਕੀਤੀਆਂ, ਅਖੀਰ ਵਿਚ ਮੈਨੂੰ ਕਿਹਾ, “ਚੱਲ ਯਾਰ, ਤੂੰ ਚੱਲ ਮੇਰੇ ਨਾਲ,” ਫੇਰ ਮੇਰੇ ਤਿੰਨਾਂ ਸਾਥੀਆਂ ਵੱਲ ਦੇਖਿਆ, “ਇਹਨਾਂ ਨੂੰ ਛੱਡੋ…ਸੇਠ ਸਾਹਬ ਤੁਹਾਡੀ ਕਹਾਣੀ ਸੁਣਨਾ ਚਾਹੁੰਦੇ ਨੇ।”
ਮੈਂ ਪਤਨੀ ਵੱਲ ਦੇਖਿਆ ਤੇ ਹਰੀਸ਼ ਨੂੰ ਕਿਹਾ, “ਇਹਨਾਂ ਤੋਂ ਇਜਾਜ਼ਤ ਲੈ ਲੈ ਬਈ।”
ਮੇਰੀ ਭੋਲੀ-ਭਾਲੀ ਪਤਨੀ ਜਾਲ ਵਿਚ ਫਸ ਚੁੱਕੀ ਸੀ। ਉਸਨੇ ਹਰੀਸ਼ ਨੂੰ ਕਿਹਾ, “ਮੈਂ ਬੰਬਈ ਤੋਂ ਤੁਰਨ ਲੱਗਿਆਂ ਇਹਨਾਂ ਨੂੰ ਪੁੱਛਿਆ ਵੀ ਸੀ ਕਿ ਆਪਣਾ ਡਾਕੂਮੈਂਟ ਵਾਲਾ ਬਕਸ ਨਾਲ ਲੈ ਚੱਲੀਏ, ਪਰ ਇਹਨਾਂ ਨੇ ਕਿਹਾ, ਕੋਈ ਲੋੜ ਨਹੀਂ। ਹੁਣ ਇਹ ਕਹਾਣੀ ਕੀ ਸੁਣਾਉਣਗੇ?”
ਹਰੀਸ਼ ਨੇ ਕਿਹਾ, “ਜ਼ਬਾਨੀ ਸੁਣਾ ਦਏਗਾ।” ਫੇਰ ਉਸਨੇ ਮੇਰੇ ਵੱਲ ਇੰਜ ਦੇਖਿਆ, ਜਿਵੇਂ ਕਹਿ ਰਿਹਾ ਹੋਵੇ ਕਿ ਜਲਦੀ ਹਾਂ ਕਹਿ ਬਈ।
ਮੈਂ ਹੌਲੀ ਜਿਹੇ ਕਿਹਾ, “ਹਾਂ, ਇੰਜ ਹੋ ਸਕਦਾ ਏ।”
ਚੱਡੇ ਨੇ ਉਸ ਡਰਾਮੇਂ ਨੂੰ ਅੰਤਿਮ ਟੱਚ ਦਿੱਤਾ, “ਤਾਂ ਭਰਾ ਅਸੀਂ ਚੱਲਦੇ ਆਂ।” ਤੇ ਉਹ ਤਿੰਨੇ ਸਲਾਮ-ਨਮਸਤੇ ਕਰਕੇ ਚਲੇ ਗਏ। ਥੋੜ੍ਹੇ ਚਿਰ ਪਿੱਛੋਂ ਮੈਂ ਤੇ ਹਰੀਸ਼ ਨਿਕਲੇ। ਪ੍ਰਭਾਤਨਗਰ ਦੇ ਬਾਹਰ ਤਾਂਗੇ ਖੜ੍ਹੇ ਸਨ। ਚੱਡੇ ਨੇ ਸਾਨੂੰ ਦੇਖਿਆ ਤੇ ਜ਼ੋਰਦਾਰ ਨਾਅਰਾ ਲਾਇਆ, “ਰਾਜਾ ਹਰੀਸ਼ ਚੰਦਰ ਦੀ, ਜੈ!”
— — —
ਸ਼ਾਮੀਂ ਸਾਡੀ ਮਹਿਫ਼ਿਲ ਜੰਮੀ, ਮੰਮੀ ਦੇ ਘਰ।
ਇਹ ਵੀ ਇਕ ਕਾਟੇਜ ਸੀ—ਸ਼ਕਲ ਸੂਰਤ ਤੇ ਬਨਾਵਟ ਵਿਚ ਸਈਦਾ ਕਾਟੇਜ ਵਰਗਾ ਹੀ—ਪਰ ਬੜਾ ਸਾਫ-ਸੂਥਰਾ, ਜਿਸ ਵਿਚ ਮੰਮੀ ਦੇ ਸਲੀਕੇ ਦਾ ਪਤਾ ਲੱਗਦਾ ਸੀ। ਫਰਨੀਚਰ ਆਮ ਵਰਗਾ ਹੀ ਸੀ, ਪਰ ਜਿਹੜੀਆਂ ਚੀਜਾਂ ਇੱਥੇ ਸਨ, ਸਜੀਆਂ ਹੋਈਆਂ ਸਨ। ਮੈਂ ਸੋਚਿਆ ਸੀ ਮੰਮੀ ਦਾ ਘਰ ਕੋਈ ਰੰਡੀਖਾਨਾ ਹੋਏਗਾ, ਪਰ ਉਸ ਘਰ ਦੀ ਕਿਸੇ ਚੀਜ ਤੋਂ ਵੀ ਨਜ਼ਰਾਂ ਨੂੰ ਅਜਿਹੀ ਸ਼ੰਕਾ ਨਹੀਂ ਸੀ ਹੁੰਦੀ। ਉਹ ਓਨਾਂ ਹੀ ਸ਼ਰੀਫ਼ਾਨਾ ਸੀ ਜਿੰਨਾਂ ਇਕ ਮੱਧ ਵਰਗੀ ਈਸਾਈ ਦਾ ਘਰ ਹੁੰਦਾ ਹੈ। ਪਰ ਮੰਮੀ ਦੀ ਉਮਰ ਦੇ ਮੁਕਾਬਲੇ ਉਹ ਕੁਝ ਵਧੇਰੇ ਹੀ ਜਵਾਨ ਦਿਖਾਈ ਦਿੱਤਾ ਸੀ। ਉਸ ਉੱਤੇ ਉਹ ਮੇਕਅੱਪ ਨਹੀਂ ਸੀ, ਜਿਹੜਾ ਮੈਂ ਮੰਮੀ ਦੇ ਝੁਰੜੀਆਂ ਵਾਲੇ ਚਿਹਰੇ ਉੱਤੇ ਦੇਖਿਆ ਸੀ। ਜਦੋਂ ਮੰਮੀ ਡਰਾਇੰਗ-ਰੂਮ ਵਿਚ ਆਈ ਤਾਂ ਮੈਂ ਸੋਚਿਆ ਕਿ ਆਲੇ ਦੁਆਲੇ ਦੀਆਂ ਜਿੰਨੀਆਂ ਚੀਜਾਂ ਨੇ, ਉਹ ਅੱਜ ਦੀਆਂ ਨਹੀਂ ਕਈ ਵਰ੍ਹੇ ਪੁਰਾਣੀਆਂ ਨੇ, ਸਿਰਫ ਮੰਮੀ ਅੱਗੇ ਨਿਕਲ ਕੇ ਬੁੱਢੀ ਹੋ ਗਈ ਹੈ ਤੇ ਉਹ ਜਿਵੇਂ ਦੀਆਂ ਤਿਵੇਂ ਹੀ ਪਈਆਂ ਨੇ। ਉਹਨਾਂ ਦੀ ਜੋ ਉਮਰ ਸੀ, ਉਹ ਉੱਥੇ ਹੀ ਅਟਕੀ ਰਹੀ…ਪਰ ਜਦੋਂ ਮੈਂ ਉਸਦੇ ਗੂੜ੍ਹੇ ਭੜਕੀਲੇ ਮੇਕਅੱਪ ਵੱਲ ਦੇਖਿਆ ਤਾਂ ਮੇਰੇ ਦਿਲ ਵਿਚ ਪਤਾ ਨਹੀਂ ਕਿਉਂ, ਇਹ ਇੱਛਾ ਪੈਦਾ ਹੋਈ ਕਿ ਉਹ ਵੀ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਵਾਂਗ ਜਵਾਨ ਬਣ ਜਾਏ।
ਚੱਡੇ ਨੇ ਉਸ ਨਾਲ ਮੇਰੀ ਜਾਣ-ਪਛਾਣ ਕਰਵਾਈ, ਜਿਹੜੀ ਬੜੀ ਸੰਖੇਪ ਸੀ ਤੇ ਫੇਰ ਸੰਖੇਪ ਵਿਚ ਹੀ ਉਸਨੇ ਮੈਨੂੰ ਮੰਮੀ ਬਾਰੇ ਇਹ ਦੱਸਿਆ, “ਇਹ ਮੰਮੀ ਏਂ…ਦੀ ਗਰੇਟ ਮੰਮੀ…।”
ਮੰਮੀ ਆਪਣੀ ਪ੍ਰਸ਼ੰਸਾ ਸੁਣ ਕੇ ਮੁਸਕਰਾ ਪਈ ਤੇ ਮੇਰੇ ਵੱਲ ਦੇਖ ਕੇ ਉਸਨੇ ਚੱਡੇ ਨੂੰ ਅੰਗਰੇਜ਼ੀ ਵਿਚ ਕਿਹਾ, “ਤੂੰ ਜਿਹੜੀ ਚਾਹ ਮੰਗਵਾਈ ਸੀ, ਉਹ ਬੜੀ ਕਾਹਲੀ ਵਿਚ ਬਣੀ ਸੀ, ਉਹ ਸ਼ਾਇਦ ਇਹਨਾਂ ਨੂੰ ਪਸੰਦ ਨਾ ਆਈ ਹੋਵੇ।” ਫੇਰ ਉਸਨੇ ਮੇਰੇ ਵੱਲ ਭੌਂ ਕੇ ਕਿਹਾ, “ਮਿਸਟਰ ਮੰਟੋ, ਮੈਂ ਬੜੀ ਸ਼ਰਮਿੰਦਾ ਆਂ। ਅਸਲ ਵਿਚ ਸਾਰਾ ਕਸੂਰ ਤੁਹਾਡੇ ਦੋਸਤ ਚੱਡੇ ਦਾ ਏ, ਜਿਹੜਾ ਮੇਰਾ ਬੜਾ ਹੀ ਵਿਗੜਿਆ ਹੋਇਆ ਬੱਚਾ ਏ।”
ਮੈਂ ਯੋਗ ਸ਼ਬਦਾਂ ਵਿਚ ਚਾਹ ਦੀ ਪ੍ਰਸ਼ੰਸਾ ਕੀਤੀ ਤੇ ਉਸਨੂੰ ਧੰਨਵਾਦ ਦਿੱਤਾ। ਮੰਮੀ ਨੇ ਮੈਨੂੰ ਵਾਧੂ ਦੀ ਤਾਰੀਫ ਨਾ ਕਰਨ ਲਈ ਕਿਹਾ ਤੇ ਫੇਰ ਚੱਡੇ ਨੂੰ ਕਿਹਾ, “ਰਾਤ ਦਾ ਖਾਣਾ ਤਿਆਰ ਏ…ਇਹ ਮੈਂ ਇਸ ਲਈ ਕੀਤਾ ਕਿ ਤੂੰ ਐਨ ਮੌਕੇ ‘ਤੇ ਮੇਰੇ ਸਿਰ ‘ਤੇ ਸਵਾਰ ਹੋ ਜਾਏਂਗਾ…।”
ਚੱਡੇ ਨੇ ਮੰਮੀ ਨੂੰ ਗਲ਼ੇ ਲਾ ਲਿਆ, “ਯੂ ਆਰ ਏ ਜਿਊਲ ਮੰਮੀ! ਇਹ ਖਾਣਾ ਹੁਣ ਅਸੀਂ ਖਾਵਾਂਗੇ।”
ਮੰਮੀ ਨੇ ਤ੍ਰਬਕ ਕੇ ਕਿਹਾ, “ਕੀ?…ਨਹੀਂ, ਬਿਲਕੁਲ ਨਹੀਂ।” ਚੱਡੇ ਨੇ ਉਸਨੂੰ ਦੱਸਿਆ, “ਮਿਸੇਜ ਮੰਟੋ ਨੂੰ ਅਸੀਂ ਪ੍ਰਭਾਤ ਨਗਰ ਛੱਡ ਆਏ ਆਂ।”
ਮੰਮੀ ਕੂਕੀ, “ਖ਼ੁਦਾ ਤੈਨੂੰ ਗਰਕ ਕਰੇ ਇਹ ਤੁਸੀਂ ਕੀ ਕੀਤਾ—ਇਹ ਤੂੰ ਕੀ ਕੀਤਾ!” ਚੱਡਾ ਖਿੜਖਿੜ ਕਰਕੇ ਹੱਸਿਆ, “ਅੱਜ ਪਾਰਟੀ ਜੋ ਹੋਣੀ ਸੀ।”
“ਉਹ ਤਾਂ ਮੈਂ ਮਿਸਟਰ ਮੰਟੋ ਨੂੰ ਦੇਖਦਿਆਂ ਹੀ ਆਪਣੇ ਵੱਲੋਂ ਕੈਂਸਲ ਕਰ ਦਿੱਤੀ ਸੀ।” ਮੰਮੀ ਨੇ ਆਪਣੀ ਸਿਗਰੇਟ ਸੁਲਗਾਈ।
ਚੱਡੇ ਦਾ ਦਿਲ ਬੈਠ ਗਿਆ। “ਖ਼ੁਦਾ ਹੁਣ ਤੈਨੂੰ ਗਰਕ ਕਰੇ…ਤੇ ਇਹ ਸਾਰਾ ਪਲਾਨ ਤਾਂ ਅਸੀਂ ਇਸੇ ਪਾਰਟੀ ਲਈ ਬਣਾਇਆ ਸੀ।” ਉਹ ਕੁਰਸੀ ਉੱਤੇ ਨਿਰਾਸ਼ ਜਿਹਾ ਹੋ ਕੇ ਬੈਠ ਗਿਆ ਤੇ ਕਮਰੇ ਦੇ ਕਣ-ਕਣ ਨੂੰ ਸੰਬੋਧਤ ਕਰਕੇ ਕਹਿਣ ਲੱਗਾ, “ਲੈ, ਸਾਰੇ ਸੁਪਨੇ ਮਲੀਆਮੇਟ ਹੋ ਗਏ ਨੇ…ਪਲੇਟੀਨਮ ਬਲੌਂਡ…ਮੂਧੇ ਸੱਪ ਦੇ ਨਿੱਕੇ-ਨਿੱਕੇ ਛਿੰਭਾਂ ਤੇ ਚਾਣਿਆਂ ਰੰਗੇ ਵਾਲਾਂ ਵਾਲੀਏ ਕੁੜੀਏ…।” ਯਕਦਮ ਉੱਠ ਕੇ ਉਸਨੇ ਮੰਮੀ ਨੂੰ ਬਾਹਾਂ ਤੋਂ ਫੜ੍ਹ ਲਿਆ, “ਕੈਂਸਲ ਕਰ ਦਿੱਤੀ—ਆਪਣੇ ਵੱਲੋਂ ਕੈਂਸਲ ਕੀਤੀ ਸੀ ਨਾ…ਲਓ, ਮੈਂ ਉਸ ਉੱਤੇ ਸਹੀ ਦਾ ਨਿਸ਼ਾਨ ਲਾ ਦੇਂਦਾ ਆਂ।” ਤੇ ਉਸਨੇ ਮੰਮੀ ਦੇ ਦਿਲ ਵਾਲੀ ਥਾਂ ਬੜੀ ਵੱਡੀ ਸਹੀ ਮਾਰੀ ਤੇ ਉੱਚੀ ਆਵਾਜ਼ ਵਿਚ ਕੂਕਿਆ, “ਹੁਰ-ਰੇ!”
ਮੰਮੀ ਸਬੰਧਤ ਲੋਕਾਂ ਨੂੰ ਸੁਨੇਹੇ ਭੇਜ ਚੁੱਕੀ ਸੀ ਕਿ ਪਾਰਟੀ ਕੈਂਸਲ ਹੋ ਚੁੱਕੀ ਹੈ। ਪਰ ਮੈਂ ਮਹਿਸੂਸ ਕੀਤਾ ਕਿ ਉਹ ਚੱਡੇ ਦਾ ਦਿਲ ਨਹੀਂ ਸੀ ਤੋੜਨਾ ਚਾਹੁੰਦੀ। ਇਸ ਲਈ ਉਸਨੇ ਬੜੇ ਲਾਡ ਨਾਲ ਉਸ ਦੀਆਂ ਗੱਲ੍ਹਾਂ ਥਾਪੜਦਿਆਂ ਹੋਇਆਂ ਕਿਹਾ, “ਤੂੰ ਫਿਕਰ ਨਾ ਕਰ ਮੈਂ ਹੁਣੇ ਇੰਤਜ਼ਾਮ ਕਰਦੀ ਆਂ।”
ਉਹ ਇੰਤਜ਼ਾਮ ਕਰਨ ਬਾਹਰ ਚਲੀ ਗਈ। ਚੱਡੇ ਨੇ ਖੁਸ਼ੀ ਦਾ ਇਕ ਹੋਰ ਨਾਅਰਾ ਲਾਇਆ ਤੇ ਵਣਕਤਰੇ ਨੂੰ ਕਿਹਾ, “ਜਨਰਲ ਵਣਕਤਰੇ—ਜਾਓ, ਹੈਡਕਵਾਰਟਰ ਤੋਂ ਸਾਰੀਆਂ ਤੋਪਾਂ ਲੈ ਆਓ।”
ਵਣਕਤਰੇ ਨੇ ਸੈਲਸੂਟ ਕੀਤਾ ਤੇ ਆਗਿਆ ਦਾ ਪਾਲਨ ਕਰਨ ਲਈ ਚਲਾ ਗਿਆ। ਸਈਦਾ ਕਾਟੇਜ ਬਿਲਕੁਲ ਨੇੜੇ ਹੀ ਸੀ। ਦਸ ਮਿੰਟ ਦੇ ਅੰਦਰ-ਅੰਦਰ ਉਹ ਬੋਤਲਾਂ ਲੈ ਕੇ ਵਾਪਸ ਆ ਗਿਆ। ਉਸਦੇ ਨਾਲ ਚੱਡੇ ਦਾ ਨੌਕਰ ਵੀ ਸੀ। ਚੱਡੇ ਨੇ ਉਸਨੂੰ ਦੇਖਿਆ ਤਾਂ ਉਸਦਾ ਸਵਾਗਤ ਕੀਤਾ, “ਆਓ, ਆਓ—ਮੇਰੇ ਕੋਹਕਾਫ ਦੇ ਸ਼ਹਿਜ਼ਾਦੇ…ਉਹ…ਉਹ ਸੱਪ ਦੇ ਛਿੰਬਾਂ ਤੇ ਚਾਣਿਆਂ ਦੀ ਰੰਗਤ ਵਾਲੇ ਵਾਲਾਂ ਵਾਲੀ ਕੁੜੀ ਆ ਰਹੀ ਹੈ…ਤੂੰ ਵੀ ਕਿਸਮਤ ਆਜ਼ਮਾਈ ਕਰ ਲਵੀਂ।”
ਰਣਜੀਤ ਕੁਮਾਰ ਤੇ ਗਰੀਬ ਨਿਵਾਜ਼ ਨੂੰ ਚੱਡੇ ਦਾ ਇੰਜ ਖੁੱਲ੍ਹਾ ਸੱਦਾ ਦੇਣਾ ਚੰਗਾ ਨਹੀਂ ਸੀ ਲੱਗਿਆ। ਦੋਵਾਂ ਨੇ ਮੈਨੂੰ ਕਿਹਾ ਕਿ ਇਹ ਚੱਡੇ ਨੇ ਬੜੀ ਘਟੀਆ ਗੱਲ ਕੀਤੀ ਹੈ। ਇਹ ਘਟੀਆ ਗੱਲ ਉਹਨਾਂ ਨੂੰ ਚੁਭ ਗਈ ਜਾਪਦੀ ਸੀ। ਚੱਡਾ ਆਦਤ ਅਨੁਸਾਰ ਆਪਣੇ ਘੋੜੇ ਦੌੜਾਉਂਦਾ ਰਿਹਾ ਤੇ ਉਹ ਚੁੱਪਚਾਪ ਇਕ ਨੁੱਕਰੇ ਬੈਠੇ, ਰੰਮ ਪੀਂਦੇ ਤੇ ਇਕ ਦੂਜੇ ਨਾਲ ਆਪਣਾ ਸੁਖ-ਦੁਖ ਸਾਂਝਾ ਕਰਦੇ ਰਹੇ।
ਮੈਂ ਮੰਮੀ ਬਾਰੇ ਸੋਚ ਰਿਹਾ ਸਾਂ। ਡਰਾਇੰਗ-ਰੂਮ ਵਿਚ ਗਰੀਬ ਨਿਵਾਜ਼, ਰਣਜੀਤ ਕੁਮਾਰ ਤੇ ਚੱਡਾ ਬੈਠੇ ਸਨ। ਇੰਜ ਲੱਗਦਾ ਸੀ ਕਿ ਛੋਟੇ-ਛੋਟੇ ਬੱਚੇ ਬੈਠੇ ਨੇ ਤੇ ਇਹਨਾਂ ਦੀ ਮਾਂ ਬਾਹਰ ਖਿਡੌਣੇ ਲੈਣ ਗਈ ਹੈ ਤੇ ਇਹ ਸਾਰੇ ਉਸ ਦੀ ਉਡੀਕ ਕਰ ਰਹੇ ਨੇ। ਚੱਡਾ ਸੰਤੁਸ਼ਟ ਹੈ ਕਿ ਸਭ ਤੋਂ ਵਧੀਆ ਖਿਡੌਣਾ ਉਸਨੂੰ ਮਿਲੇਗਾ, ਇਸ ਲਈ ਕਿ ਉਹ ਆਪਣੀ ਮਾਂ ਦਾ ਚਹੇਤਾ ਹੈ। ਬਾਕੀ ਦੋਵਾਂ ਦਾ ਦੁੱਖ ਕਿਉਂਕਿ ਇਕੋ ਜਿਹਾ ਸੀ, ਇਸ ਲਈ ਉਹ ਇਕ ਦੂਜੇ ਦੇ ਹਿਤੈਸ਼ੀ ਬਣ ਗਏ ਸਨ। ਸ਼ਰਾਬ ਇਸ ਵਾਤਾਵਰਣ ਵਿਚ ਦੁੱਧ ਜਾਪਦੀ ਸੀ। ਉਹ ਪਲੈਟੀਨਮ ਬਲੌਂਡ…ਉਸਦੀ ਕਲਪਣਾ ਦਿਮਾਗ਼ ਵਿਚ ਇਕ ਛੋਟੀ ਜਿਹੀ ਗੁੱਡੀਆ ਵਾਂਗ ਆਉਂਦੀ ਸੀ…ਹਰ ਵਾਤਾਵਰਣ ਦਾ ਆਪਣਾ ਇਕ ਵਿਸ਼ੇਸ਼ ਸੰਗੀਤ ਹੁੰਦਾ ਹੈ। ਉਸ ਸਮੇਂ ਜਿਹੜਾ ਸੰਗੀਤ ਮੇਰੇ ਦਿਲ ਤੇ ਕੰਨਾਂ ਤਕ ਪਹੁੰਚ ਰਿਹਾ ਸੀ, ਉਸ ਵਿਚ ਕੋਈ ਸੁਰ ਉਤੇਜਕ ਨਹੀਂ ਸੀ। ਹਰ ਚੀਜ ਮਾਂ ਤੇ ਉਸਦੇ ਬੱਚਿਆਂ ਦੇ ਆਪਸੀ ਸੰਬੰਧਾਂ ਵਾਂਗ ਸਪਸ਼ਟ ਸੀ।
ਮੈਂ ਜਦੋਂ ਉਸਨੂੰ ਤਾਂਗੇ ਵਿਚ ਚੱਡੇ ਨਾਲ ਦੇਖਿਆ ਸੀ, ਉਦੋਂ ਮੈਨੂੰ ਧੱਕਾ ਜਿਹਾ ਲੱਗਾ ਸੀ। ਮੈਨੂੰ ਅਫ਼ਸੋਸ ਹੋਇਆ ਕਿ ਮੇਰੇ ਦਿਲ ਵਿਚ ਉਹਨਾਂ ਦੋਵਾਂ ਦੇ ਸੰਬੰਧ ਬਾਰੇ ਬੁਰੇ ਵਿਚਾਰ ਪੈਦਾ ਹੋਏ; ਪਰ ਇਹ ਚੀਜ ਮੈਨੂੰ ਵਾਰ ਵਾਰ ਸਤਾਅ ਰਹੀ ਸੀ ਕਿ ਉਹ ਏਨਾ ਗੂੜ੍ਹਾ ਮੇਕਅੱਪ ਕਿਉਂ ਕਰਦੀ ਹੈ, ਜਿਹੜਾ ਉਸਦੀਆਂ ਝੁਰੜੀਆਂ ਦੀ ਬੇਅਦਬੀ ਹੈ। ਉਸ ਮਮਤਾ ਦਾ ਅਪਮਾਨ ਹੈ, ਜਿਹੜੀ ਉਸਦੇ ਦਿਲ ਵਿਚ ਚੱਡੇ, ਗਰੀਬ ਨਿਵਾਜ਼ ਤੇ ਵਣਕਤਰੇ ਲਈ ਮੌਜ਼ੂਦ ਹੈ…ਤੇ ਰੱਬ ਜਾਣੇ ਹੋਰ ਕਿਸ ਕਿਸ ਲਈ…
ਗੱਲਾਂ ਗੱਲਾਂ ਵਿਚ ਮੈਂ ਚੱਡੇ ਤੋਂ ਪੁੱਛਿਆ, “ਯਾਰ, ਇਹ ਤਾਂ ਦੱਸ ਕਿ ਤੇਰੀ ਮੰਮੀ ਏਨਾ ਭੜਕੀਲਾ ਮੇਕਅੱਪ ਕਿਉਂ ਕਰਦੀ ਏ?”
“‘ਇਸ ਲਈ ਕਿ ਦੁਨੀਆਂ ਹਰੇਕ ਭੜਕੀਲੀ ਚੀਜ਼ ਨੂੰ ਪਸੰਦ ਕਰਦੀ ਏ—ਤੇਰੇ ਤੇ ਮੇਰੇ ਵਰਗੇ ਉੱਲੂ ਇਸ ਦੁਨੀਆਂ ਵਿਚ ਬੜੇ ਘੱਟ ਨੇ, ਜਿਹੜੇ ਮੱਧਮ ਸੁਰਾਂ ਤੇ ਫਿੱਕੇ ਰੰਗ ਨੂੰ ਪਸੰਦ ਕਰਦੇ ਨੇ। ਜਿਹੜੇ ਜਵਾਨੀ ਨੂੰ ਬਚਪਨ ਦੇ ਰੂਪ ਵਿਚ ਨਹੀਂ ਦੇਖਣਾ ਚਾਹੁੰਦੇ ਤੇ…ਤੇ ਜਿਹੜੇ ਬੁਢੇਪੇ ਵਿਚ ਜਵਾਨੀ ਦੀ ਟਿੱਪ-ਟਾਪ ਨੂੰ ਪਸੰਦ ਨਹੀਂ ਕਰਦੇ। ਅਸੀਂ ਜਿਹੜੇ ਖ਼ੁਦ ਨੂੰ ਕਲਾਕਾਰ ਕਹਿੰਦੇ ਹਾਂ, ਉੱਲੂ ਦੇ ਪੱਠੇ ਆਂ…ਮੈਂ ਤੈਨੂੰ ਇਕ ਦਿਲਚਸਪ ਘਟਨਾ ਸੁਣਾਉਦਾ ਆਂ…ਵਿਸਾਖੀ ਦਾ ਮੇਲਾ ਸੀ…ਤੁਹਾਡੇ ਅੰਮ੍ਰਿਤਸਰ ਵਿਚ…ਰਾਮ ਬਾਗ ਦੇ ਉਸ ਬਾਜ਼ਾਰ ਵਿਚੋਂ, ਜਿੱਥੇ ਟਕੈਈਆਂ (ਵੇਸ਼ਵਾਵਾਂ) ਰਹਿੰਦੀਆਂ ਨੇ, ਕੁਝ ਜੱਟ ਲੰਘ ਰਹੇ ਸਨ…ਇਕ ਤੰਦਰੁਸਤ ਜਵਾਨ, ਖਾਲਸ ਦੁੱਧ ਤੇ ਮੱਖਣ ਉੱਤੇ ਪਲੇ ਹੋਏ ਜਵਾਨ ਨੇ, ਜਿਸਦੀ ਨਵੀਂ ਜੁੱਤੀ ਉਸਦੀ ਡਾਂਗ ਉੱਤੇ ਬਾਜ਼ੀਗਰੀ ਕਰ ਰਹੀ ਸੀ, ਉਪਰ ਇਕ ਕੋਠੇ ਵੱਲ ਦੇਖਿਆ, ਇਕ ਟਕੈਈ ਦੀਆਂ ਤੇਲ ਨਾਲ ਤਰ ਜੁਲਫ਼ਾਂ ਉਸਦੇ ਮੱਥੇ ਉੱਤੇ ਬੜੇ ਬਦਸੂਰਤ ਢੰਗ ਨਾਲ ਜੰਮੀਆਂ ਹੋਈਆਂ ਸਨ। ਉਸਨੇ ਆਪਣੇ ਸਾਥੀ ਦੀ ਵੱਖੀ ਵਿਚ ਹੁੱਜਾ ਜਿਹਾ ਮਾਰ ਕੇ ਕਿਹਾ, ‘ਓਇ ਲਹਿਣਾ ਸਿਆਂ…ਵੇਖ, ਔਹ ਉਪਰ ਵੇਖ, ਅਸੀਂ ਤੇ ਪਿੰਡ ਵਿਚ ਮੱਝਾਂ ਈ…'” ਅੰਤਮ ਸ਼ਬਦ ਪਤਾ ਨਹੀਂ ਚੱਡੇ ਨੇ ਕਿਉਂ ਗੋਲ ਕਰ ਦਿੱਤੇ ਸਨ। ਹਾਲਾਂਕਿ ਉਹ ਕਿਸੇ ਕਿਸਮ ਦੀ ਫਾਰਮੈਲਟੀ ਵਰਤਨ ਵਾਲਾ ਬੰਦਾ ਨਹੀਂ ਸੀ। ਫੇਰ ਉਹ ਖਿੜਖਿੜ ਕਰਕੇ ਹੱਸਣ ਲੱਗਾ ਤੇ ਮੇਰੇ ਗ਼ਲਾਸ ਵਿਚ ਰੰਮ ਪਾ ਕੇ ਬੋਲਿਆ, “ਉਸ ਜੱਟ ਲਈ ਉਹ ਚੁੜੈਲ ਹੀ ਉਦੋਂ ਕੋਹਕਾਫ ਦੀ ਪਰੀ ਸੀ ਤੇ ਨਰੋਈਆਂ ਮੁਇਆਰਾਂ ਬੇਡੌਲ ਮੱਝਾਂ…ਅਸੀਂ ਸਾਰੇ ਝੱਬੂ ਹਾਂ…ਵਿਚਾਲੜੇ ਦਰਜ਼ੇ ਦੇ…ਇਸੇ ਲਈ ਕਿ ਇਸ ਦੁਨੀਆਂ ਵਿਚ ਕੋਈ ਚੀਜ ਅੱਵਲ ਦਰਜੇ ਦੀ ਨਹੀਂ…ਤੀਜੇ ਦਰਜੇ ਦੀ ਏ ਜਾਂ ਵਿਚਾਲੜੇ ਦਰਜੇ ਦੀ…ਪਰ…ਪਰ ਫਿਲਿਸ ਖਾਸਮ-ਖਾਸ ਦਰਜੇ ਦੀ ਚੀਜ ਹੈ…ਉਹ ਸੱਪ ਦੇ ਛਿੰਬ…।”
ਵਣਕਤਰੇ ਨੇ ਆਪਣਾ ਗ਼ਲਾਸ ਚੁੱਕ ਕੇ ਚੱਡੇ ਦੇ ਸਿਰ ਉੱਤੇ ਉਲਟ ਦਿੱਤਾ। “ਛਿੰਬ…ਚਾਣੇ…ਤੇਰਾ ਦਿਮਾਗ਼ ਖ਼ਰਾਬ ਹੋ ਗਿਐ।”
ਚੱਡੇ ਨੇ ਮੱਥੇ ਤੋਂ ਚੋ ਰਹੀ ਰੰਮ ਦੀਆਂ ਬੁੰਦਾਂ ਨੂੰ ਚੱਟਣਾ ਸ਼ੁਰੂ ਕਰ ਦਿੱਤਾ ਤੇ ਵਣਕਤਰੇ ਨੂੰ ਕਿਹਾ, “ਲੈ, ਹੁਣ ਸੁਣਾਅ…ਤੇਰਾ ਪਿਓ ਸਾਲਾ ਤੈਨੂੰ ਕਿੰਨੀ ਮੁਹੱਬਤ ਕਰਦਾ ਸੀ…ਮੇਰਾ ਦਿਮਾਗ਼ ਹੁਣ ਕਾਫੀ ਠੰਡਾ ਹੋ ਗਿਆ ਏ।”
ਵਣਕਤਰੇ ਬੜਾ ਗੰਭੀਰ ਹੋ ਕੇ ਮੈਨੂੰ ਕਹਿਣ ਲੱਗਾ, “ਬਾਈ ਗਾਡ, ਉਹ ਮੈਨੂੰ ਬੜੀ ਮੁਹੱਬਤ ਕਰਦਾ ਸੀ…ਮੈਂ ਫਿਫਟੀਨ ਈਅਰ ਦਾ ਸੀ ਕਿ ਉਸਨੇ ਮੇਰੀ ਸ਼ਾਦੀ ਕਰ ਦਿੱਤੀ।”
ਚੱਡਾ ਉੱਚੀ ਸਾਰੀ ਹੱਸਿਆ, “ਕਾਰਟੂਨ ਬਣਾ ਦਿੱਤਾ ਏ ਉਸ ਸਾਲੇ ਨੇ ਤੈਨੂੰ…ਭਗਵਾਨ ਉਸਨੂੰ ਸਵਰਗ ਵਿਚ ਵੀ ਕੇਸਰੀਅਲ ਦੀ ਪੇਟੀ ਦਏ ਕਿ ਉਹ ਉੱਥੇ ਵੀ ਉਸਨੂੰ ਵਜਾ-ਵਜਾ ਕੇ ਤੇਰੀ ਲਈ ਕੋਈ ਖ਼ੂਬਸੂਰਤ ਹੂਰ ਲੱਭਦਾ ਫਿਰੇ…ਤੇ ਤੇਰੀ ਖ਼ੂਸੂਰਤ ਪਤਨੀ ਦੀ ਐਸੀ ਦੀ ਤੈਸੀ…ਇਸ ਵੇਲੇ ਫਿਲਿਸ ਦੀ ਗੱਲ ਕਰ…ਉਸ ਨਾਲੋਂ ਵੱਧ ਕੋਈ ਹੋਰ ਖ਼ੂਬਸੂਰਤ ਨਹੀਂ ਹੋ ਸਕਦੀ।” ਚੱਡੇ ਨੇ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਵੱਲ ਦੇਖਿਆ, ਜਿਹੜੇ ਇਕ ਨੁੱਕਰ ਵਿਚ ਬੈਠੇ ਫਿਲਿਸ ਦੀ ਸੁੰਦਰਤਾ ਬਾਰੇ ਆਪਣੀ ਰਾਏ ਇਕ ਦੂਜੇ ਨਾਲ ਸਾਂਝੀ ਕਰਨ ਵਾਲੇ ਸਨ। “ਗਨ ਪਾਊਡਰ ਪਲਾਂਟ ਦੇ ਬਾਣੀਓਂ…ਸੁਣ ਲਓ, ਤੁਹਾਡੀ ਕੋਈ ਸਾਜਿਸ਼ ਕਾਮਯਾਬ ਨਹੀਂ ਹੋ ਸਕਦੀ—ਮੈਦਾਨ ਚੱਡੇ ਦੇ ਹੱਥ ਰਹੇਗਾ…ਕਿਉਂ ਵੇਲਜ਼ ਦੇ ਸ਼ਹਿਜ਼ਾਦੇ?”
ਵੇਲਜ਼ ਦਾ ਸ਼ਹਿਜ਼ਾਦਾ ਰੰਮ ਦੀ ਖਾਲੀ ਹੋ ਰਹੀ ਬੋਤਲ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਚੱਡੇ ਨੇ ਠਹਾਕਾ ਲਾਇਆ ਤੇ ਉਸਨੂੰ ਅੱਧਾ ਗ਼ਲਾਸ ਭਰ ਕੇ ਦੇ ਦਿੱਤਾ। ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਇਕ ਦੂਜੇ ਨਾਲ ਫਿਲਿਸ ਬਾਰੇ ਘੁਲ ਮਿਲ ਕੇ ਗੱਲਾਂ ਤਾਂ ਕਰ ਰਹੇ ਸਨ, ਪਰ ਆਪਣੇ ਦਿਮਾਗ਼ ਵਿਚ ਉਸਨੂੰ ਪ੍ਰਾਪਤ ਕਰਨ ਦੇ ਵੱਖੋ-ਵੱਖ ਪ੍ਰੋਗਰਾਮ ਬਣਾ ਰਹੇ ਸਨ—ਇਹ ਉਹਨਾਂ ਦੀ ਗੱਲਬਾਤ ਦੇ ਢੰਗ ਤੋਂ ਸਾਫ ਨਜ਼ਰ ਆ ਰਿਹਾ ਸੀ।
ਡਰਾਇੰਗ ਰੂਮ ਵਿਚ ਹੁਣ ਬਿਜਲੀ ਦੇ ਬਲਬ ਜਗਾ ਦਿੱਤੇ ਗਏ ਸਨ, ਕਿਉਂਕਿ ਸ਼ਾਮ ਗੂੜ੍ਹੀ ਹੁੰਦੀ ਜਾ ਰਹੀ ਸੀ। ਚੱਡਾ ਮੈਨੂੰ ਬੰਬਈ ਦੀ ਫ਼ਿਲਮ ਇੰਡਸਟਰੀ ਦੇ ਤਾਜ਼ੇ ਸਮਾਚਾਰ ਸੁਣਾ ਰਿਹਾ ਸੀ ਕਿ ਬਾਹਰ ਵਰਾਂਡੇ ਵਿਚ ਮੰਮੀ ਦੀ ਤੇਜ਼ ਆਵਾਜ਼ ਸੁਣਾਈ ਦਿੱਤੀ। ਚੱਡੇ ਨੇ ਨਾਅਰਾ ਲਾਇਆ ਤੇ ਬਾਹਰ ਚਲਾ ਗਿਆ। ਗਰੀਬ ਨਿਵਾਜ਼ ਨੇ ਰਣਜੀਤ ਕੁਮਾਰ ਵੱਲ ਭੇਤ-ਭਰੀਆਂ ਨਜ਼ਰਾਂ ਨਾਲ ਦੇਖਿਆ। ਫੇਰ ਦੋਵੇਂ ਦਰਵਾਜ਼ੇ ਵੱਲ ਦੇਖਣ ਲੱਗੇ।
ਮੰਮੀ ਖਿੜੀ-ਪੁੜੀ ਅੰਦਰ ਆਈ। ਉਸ ਦੇ ਨਾਲ ਚਾਰ ਪੰਜ ਐਂਗਲੋ ਇੰਡੀਅਨ ਕੁੜੀਆਂ ਸਨ। ਵਚਿੱਤਰ ਜਿਹੇ ਨੈਣ-ਨਕਸ਼ਾਂ ਤੇ ਕੱਦ-ਕਾਠੀ ਵਾਲੀਆਂ। ਪੋਲੀ, ਡੋਲੀ, ਐਲੀਮਾ ਤੇ ਥੈਲੀਮਾ…ਤੇ ਉਹ ਖੁਸਰੇ ਵਰਗਾ ਮੂੰਡਾ…ਉਸਨੂੰ ਚੱਡਾ ਸਿਸੀ ਕਹਿ ਕੇ ਬੁਲਾਉਂਦਾ ਸੀ। ਫਿਲਿਸ ਸਭ ਤੋਂ ਪਿੱਛੋਂ ਆਈ ਤੇ ਉਹ ਵੀ ਚੱਡੇ ਦੇ ਨਾਲ। ਉਸਦੀ ਇਕ ਬਾਂਹ ਪਲੇਟੀਨਮ-ਬਲੌਂਡ ਦੇ ਪਤਲੇ ਲੱਕ ਪਿੱਛੇ ਸੀ। ਮੈਂ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਦੀ ਪ੍ਰਤੀਕ੍ਰਿਆ ਨੋਟ ਕੀਤੀ। ਉਹਨਾਂ ਨੂੰ ਚੱਡੇ ਦੀ ਇਹ ਬਨਾਉਟੀ ਜੈਤੂਆਂ ਵਾਲੀ ਹਰਕਤ ਪਸੰਦ ਨਹੀਂ ਸੀ ਆਈ।
ਕੁੜੀਆਂ ਦੇ ਅੰਦਰ ਆਉਂਦਿਆਂ ਹੀ ਰੌਲਾ-ਰੱਪਾ ਤੇਜ਼ ਹੋ ਗਿਆ। ਯਕਦਮ ਏਨੀ ਅੰਗਰੇਜ਼ੀ ਵਰ੍ਹੀ ਕਿ ਵਣਕਤਰੇ ਮੈਟਰੀਕੂਲੇਸ਼ਨ, ਇਮਤਿਹਾਨ ਵਿਚ ਕਈ ਵਾਰੀ ਫੇਲ੍ਹ ਹੋਇਆ। ਪਰ ਉਸਨੇ ਕੋਈ ਪ੍ਰਵਾਹ ਨਹੀਂ ਕੀਤੀ ਤੇ ਲਗਾਤਾਰ ਬੋਲਦਾ ਰਿਹਾ। ਜਦੋਂ ਕਿਸੇ ਨੇ ਉਸਦਾ ਨੋਟਸ ਨਾ ਲਿਆ ਤਾਂ ਉਹ ਐਲੀਮਾ ਦੀ ਵੱਡੀ ਭੈਣ ਥੈਲੀਮਾ ਨਾਲ ਇਕ ਸੋਫੇ ਉੱਤੇ ਇਕ ਪਾਸੇ ਹੋ ਕੇ ਬੈਠ ਗਿਆ ਤੇ ਪੁੱਛਣ ਲੱਗਾ ਕਿ ਉਸਨੇ ਹਿੰਦੁਸਤਾਨੀ ਡਾਂਸ ਦੇ ਹੋਰ ਕਿੰਨੇ ਤੋੜ ਸਿੱਖ ਲਏ ਨੇ—ਉਹ ‘ਧਾ-ਨੀ-ਤਾ-ਕਤ-ਤਾ-ਥਈ-ਥਈ’ ਦੀ ‘ਵਨ-ਟੂ-ਥਰੀ’ ਬਣਾ-ਬਣਾ ਕੇ ਉਸਨੂੰ ਤੋੜੇ ਦਸਦਾ ਰਿਹਾ, ਉਧਰ ਚੱਡਾ ਬਾਕੀ ਕੁੜੀਆਂ ਦੇ ਝੁਰਮੁਟ ਨੂੰ ਅੰਗਰੇਜ਼ੀ ਵਿਚ ਨਵੇਂ-ਨਵੇਂ ਚੁਟਕਲੇ ਸੁਣਾ ਰਿਹਾ ਸੀ, ਜਿਹੜੇ ਉਹਨੂੰ ਹਜ਼ਾਰਾਂ ਦੀ ਸੰਖਿਆ ਵਿਚ ਜ਼ਬਾਨੀ ਯਾਦ ਸਨ। ਮੰਮੀ ਸੋਢੇ ਦੀਆਂ ਬੋਤਲਾਂ ਤੇ ਖਾਣ-ਪੀਣ ਦਾ ਸਾਮਾਨ ਮੰਗਵਾ ਰਹੀ ਸੀ। ਰਣਜੀਤ ਕੁਮਾਰ ਸਿਗਰੇਟ ਦੇ ਕਸ਼ ਲਾਉਂਦਾ ਇਕ ਟੱਕ ਫਿਲਿਸ ਵੱਲ ਦੇਖ ਰਿਹਾ ਸੀ, ਤੇ ਗਰੀਬ ਨਿਵਾਜ਼ ਮੰਮੀ ਨੂੰ ਵਾਰੀ ਵਾਰੀ ਕਹਿ ਰਿਹਾ ਸੀ ਕਿ ਰੁਪਏ ਘੱਟ ਹੋਣ ਤਾਂ ਉਹ ਉਸ ਤੋਂ ਲੈ ਲਏ।
ਸਕਾਚ ਖੁੱਲ੍ਹੀ ਤੇ ਪਹਿਲਾ ਦੌਰ ਸ਼ੁਰੂ ਹੋਇਆ। ਫਿਲਿਸ ਨੂੰ ਜਦੋਂ ਸਾਥ ਦੇਣ ਲਈ ਕਿਹਾ ਗਿਆ ਤਾਂ ਉਸਨੇ ਆਪਣੇ ਪਲੇਟੀਨਮੀ-ਵਾਲਾਂ ਨੂੰ ਇਕ ਹਲਕਾ ਜਿਹਾ ਝਟਕਾ ਦੇ ਕੇ ਨਾਂਹ ਕਰ ਦਿੱਤੀ ਕਿ ਉਹ ਵਿਸਕੀ ਨਹੀਂ ਪੀਂਦੀ।
ਸਾਰਿਆਂ ਨੇ ਮਿੰਨਤ ਖ਼ੁਸ਼ਾਮਦ ਕੀਤੀ ਪਰ ਉਹ ਨਹੀਂ ਮੰਨੀ। ਚੱਡੇ ਨੇ ਇਸ ਉੱਤੇ ਦੁਖ ਪ੍ਰਗਟ ਕੀਤਾ ਤਾਂ ਮੰਮੀ ਨੇ ਇਕ ਨਿੱਕਾ ਜਿਹਾ ਪੈਗ ਤਿਆਰ ਕਰਕੇ ਫਿਲਿਸ ਦੇ ਬੁੱਲ੍ਹਾਂ ਨਾਲ ਲਾਂਦਿਆਂ ਬੜੇ ਦੁਲਾਰ ਨਾਲ ਕਿਹਾ, “ਬਹਾਦਰ ਕੁੜੀ ਬਣ, ਤੇ ਪੀ ਜਾ।”
ਫਿਲਿਸ ਨਾਂਹ ਨਹੀਂ ਕਰ ਸਕੀ। ਚੱਡਾ ਖੁਸ਼ ਹੋ ਗਿਆ ਤੇ ਉਸਨੇ ਏਸੇ ਖੁਸ਼ੀ ਵਿਚ ਵੀਹ ਪੱਚੀ ਹੋਰ ਨੰਗੇ ਚੁਟਕਲੇ ਸੁਣਾ ਦਿੱਤੇ। ਸਾਰੇ ਮਜ਼ੇ ਲੈਂਦੇ ਰਹੇ। ਮੈਂ ਸੋਚਿਆ, ਆਦਮੀ ਨੇ ਨੰਗੇਜ਼ ਤੋਂ ਤੰਗ ਆ ਕੇ ਕੱਪੜੇ ਪਾਉਣੇ ਸ਼ੁਰੂ ਕੀਤੇ ਹੋਣਗੇ। ਇਹੀ ਕਾਰਣ ਹੈ ਕਿ ਹੁਣ ਉਹ ਕੱਪੜਿਆਂ ਤੋਂ ਅੱਕ ਕੇ ਕਦੀ ਕਦੀ ਨੰਗੇਜ਼ ਵੱਲ ਦੌੜਨ ਲੱਗਦਾ ਹੈ। ਸਭਿਅਤਾ ਦਾ ਵਿਪਰੀਤ, ਅਸਭਿਅਤਾ ਜੋ ਹੁੰਦਾ ਹੈ। ਇਸ ਪ੍ਰਵਾਸ ਦਾ ਇਕ ਦਿਲਚਸਪ ਪੱਖ ਇਹ ਵੀ ਹੈ ਕਿ ਆਦਮੀ ਨੂੰ ਇੰਜ ਕਰਨ ਨਾਲ ਨਿਰੰਤਰ ਜੀਵਨ ਦੀ ਇਕ-ਰਸਤਾ ਦੇ ਕਸ਼ਟ ਤੋਂ ਕੁਝ ਪਲਾਂ ਲਈ ਮੁਕਤੀ ਮਿਲ ਜਾਂਦੀ ਹੈ…।
ਮੈਂ ਮੰਮੀ ਵੱਲ ਦੇਖਿਆ, ਜਿਹੜੀ ਉਹਨਾਂ ਜਵਾਨ ਕੁੜੀਆਂ ਵਿਚ ਘੁਲੀ ਮਿਲੀ ਬੈਠੀ ਚੱਡੇ ਦੇ ਨੰਗ-ਧੜੰਗੇ ਚੁਟਕਲੇ ਸੁਣ-ਸੁਣ ਹੱਸ ਰਹੀ ਸੀ ਤੇ ਠਹਾਕੇ ਲਾ ਰਹੀ ਸੀ। ਉਸਦੇ ਚਿਹਰੇ ਉੱਤੇ ਉਹੀ ਕੁਢੱਬਾ ਮੇਕਅੱਪ ਸੀ। ਉਸਦੇ ਹੇਠ ਉਸਦੀਆਂ ਝੁਰੜੀਆਂ ਸਾਫ ਨਜ਼ਰ ਆ ਰਹੀਆਂ ਸਨ। ਉਹ ਵੀ ਖਿੜੀ ਬੈਠੀ ਸੀ…ਮੈਂ ਸੋਚਿਆ, ਅਖ਼ੀਰ ਲੋਕ ਕਿਉਂ ਪ੍ਰਵਾਸ ਨੂੰ ਬੁਰਾ ਸਮਝਦੇ ਨੇ…ਉਹ ਪ੍ਰਵਾਸ, ਜਿਹੜਾ ਮੇਰੀਆਂ ਅੱਖਾਂ ਸਾਹਮਣੇ ਸੀ। ਉਸਦਾ ਵਿਰਾਟ ਰੂਪ ਭਾਵੇਂ ਸੁੰਦਰ ਨਹੀਂ ਸੀ ਪਰ ਸੂਖਮ ਬੜਾ ਸੁੰਦਰ ਸੀ…ਉਸ ਉੱਤੇ ਕੋਈ ਮੇਕਅੱਪ ਨਹੀਂ ਸੀ। ਕੋਈ ਲਿੱਪਾ-ਪੋਚੀ ਨਹੀਂ ਸੀ, ਕੋਈ ਵਟਨਾ-ਗਾਚੀ ਨਹੀਂ ਸੀ ਮਲੀ ਹੋਈ।—ਪੋਲੀ ਸੀ, ਉਹ ਇਕ ਕੋਨੇ ਵਿਚ ਖੜ੍ਹੀ ਰਣਜੀਤ ਕੁਮਾਰ ਨਾਲ ਆਪਣੀ ਨਵੀਂ ਫਰਾਕ ਬਾਰੇ ਕੋਈ ਗੱਲ ਕਰ ਰਹੀ ਸੀ ਤੇ ਉਸਨੂੰ ਦੱਸ ਰਹੀ ਸੀ ਕਿ ਸਿਰਫ ਆਪਣੀ ਹੁਸ਼ਿਆਰੀ ਨਾਲ ਬੜੀ ਘੱਟ ਲਾਗਤ ‘ਚ ਉਸਨੇ ਇਕ ਵਧੀਆ ਚੀਜ ਤਿਆਰ ਲਈ ਹੈ। ਦੋ ਟੋਟੇ ਸਨ, ਜਿਹੜੇ ਬਿਲਕੁਲ ਬੇਕਾਰ ਜਾਪਦੇ ਸਨ, ਪਰ ਹੁਣ ਉਹ ਇਕ ਸੁੰਦਰ ਪੋਸ਼ਾਕ ਵਿਚ ਬਦਲ ਗਏ ਸਨ। ਤੇ ਰਣਜੀਤ ਕੁਮਾਰ ਬੜੀ ਗੰਭੀਰਤਾ ਨਾਲ ਉਸਨੂੰ ਦੋ ਨਵੇਂ ਡਰੈੱਸ ਬਣਵਾ ਦੇਣ ਦਾ ਵਾਅਦਾ ਕਰ ਰਿਹਾ ਸੀ, ਹਾਲਾਂਕਿ ਉਸਨੂੰ ਫ਼ਿਲਮ ਕੰਪਨੀ ਤੋਂ ਏਨੇ ਰੁਪਏ ਇਕੱਠੇ ਮਿਲਣ ਦੀ ਕੋਈ ਆਸ ਨਹੀਂ ਸੀ।—ਡੋਲੀ ਸੀ, ਉਹ ਗਰੀਬ ਨਿਵਾਜ਼ ਤੋਂ ਕੁਝ ਕਰਜਾ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਸਨੂੰ ਵਿਸ਼ਵਾਸ ਦਿਵਾਅ ਰਹੀ ਸੀ ਕਿ ਦਫ਼ਤਰ ਵਿਚੋਂ ਤਨਖ਼ਾਹ ਮਿਲਦਿਆਂ ਹੀ ਉਹ ਇਹ ਕਰਜ਼ਾ ਜ਼ਰੂਰ ਲਾਹ ਦਏਗੀ। ਗਰੀਬ ਨਿਵਾਜ਼ ਨੂੰ ਪਤਾ ਸੀ ਕਿ ਉਹ ਇਹ ਰੁਪਏ ਵਾਅਦੇ ਮੁਤਾਬਿਕ ਕਦੀ ਵਾਪਸ ਨਹੀਂ ਕਰੇਗੀ, ਪਰ ਉਹ ਉਸਦੇ ਵਾਅਦੇ ਉੱਤੇ ਵਿਸ਼ਵਾਸ ਕਰ ਰਿਹਾ ਸੀ। ਥੈਲੀਮਾ ਵਣਕਤਰੇ ਤੋਂ ਤਾਂਡਵ ਨਾਚ ਦੇ ਬੜੇ ਔਖੇ ਤੋੜੇ ਸਿਖਣ ਦੀ ਕੋਸ਼ਿਸ਼ ਕਰ ਰਹੀ ਸੀ। ਵਣਕਤਰੇ ਨੂੰ ਪਤਾ ਸੀ ਕਿ ਸਾਰੀ ਉਮਰ ਉਸਦੇ ਪੈਰ ਕਦੀ ਉਸਦੇ ਭਾਵ ਨਹੀਂ ਦਰਸਾਅ ਸਕਣਗੇ, ਪਰ ਉਹ ਉਸਨੂੰ ਸਿਖਾ ਰਿਹਾ ਸੀ। ਥੈਲੀਮਾ ਵੀ ਪੱਕੀ ਤਰ੍ਹਾਂ ਜਾਣਦੀ ਸੀ ਕਿ ਉਹ ਐਵੇਂ ਹੀ ਆਪਣਾ ਤੇ ਵਣਕਤਰੇ ਦਾ ਸਮਾਂ ਬਰਬਾਦ ਕਰ ਰਹੀ ਹੈ, ਪਰ ਉਹ ਬੜੀ ਲਗਣ ਤੇ ਤਤਪਰਤਾ ਨਾਲ ਪਾਠ ਯਾਦ ਕਰ ਰਹੀ ਸੀ। ਐਲੀਮਾ ਤੇ ਕਿਟੀ ਦੋਵੇਂ ਪੀ ਰਹੀਆਂ ਸਨ ਤੇ ਆਪਸ ਵਿਚ ਕਿਸੇ ਅਜਿਹੇ ਆਦਮੀ ਬਾਰੇ ਗੱਲਬਾਤ ਕਰ ਰਹੀਆਂ ਸਨ, ਜਿਸਨੇ ਪਿੱਛਲੀ ਰੇਸ ਵਿਚ ਰੱਬ ਜਾਣੇ ਕਦੋਂ ਦਾ ਬਦਲਾ ਲੈਣ ਲਈ ਟਿੱਪ ਦਿੱਤੀ ਸੀ। ਤੇ ਚੱਡਾ ਫਿਲਿਸ ਦੇ ਚਾਣੇ ਰੰਗੇ ਵਾਲਾਂ ਨੂੰ ਪਿਘਲੇ ਹੋਏ ਸੋਨੇ ਦੇ ਰੰਗ ਦੀ ਸ਼ਰਾਬ ਵਿਚ ਘੋਲ ਕੇ ਪੀ ਰਿਹਾ ਸੀ। ਫਿਲਿਸ ਦਾ ਖੁਸਰਿਆਂ ਵਰਗਾ ਦੋਸਤ ਵਾਰੀ ਵਾਰੀ ਜੇਬ ਵਿਚੋਂ ਕੰਘੀ ਕੱਢਦਾ ਤੇ ਆਪਣੇ ਵਾਲ ਵਾਹੁਣ ਲੱਗ ਪੈਂਦਾ। ਮੰਮੀ ਕਦੀ ਇਸ ਨਾਲ ਗੱਲ ਕਰਦੀ, ਕਦੀ ਉਸ ਨਾਲ; ਕਦੀ ਸੋਢਾ ਖੁਲਵਾਉਂਦੀ, ਕਦੀ ਟੁੱਟੇ ਹੋਏ ਗ਼ਲਾਸ ਦੇ ਟੁਕੜੇ ਚੁਕਵਾਉਂਦੀ…ਉਸਦੀ ਨਜ਼ਰ ਸਾਰਿਆਂ ‘ਤੇ ਸੀ, ਉਸ ਬਿੱਲੀ ਵਾਂਗ, ਜਿਹੜੀ ਦੇਖਣ ਨੂੰ ਤਾਂ ਆਪਣੀਆਂ ਅੱਖਾਂ ਬੰਦ ਕਰੀ ਪਈ ਉਂਘ ਰਹੀ ਹੁੰਦੀ ਹੈ, ਪਰ ਉਸਨੂੰ ਪਤਾ ਹੁੰਦਾ ਹੈ ਕਿ ਉਸਦੇ ਪੰਜੇ ਬੱਚੇ ਕਿੱਥੇ ਕਿੱਥੇ ਨੇ ਤੇ ਕੀ-ਕੀ ਸ਼ਰਾਰਤਾਂ ਕਰ ਰਹੇ ਨੇ।
ਇਸ ਦਿਲਚਸਪ ਚਿੱਤਰ ਵਿਚ ਕਿਹੜਾ ਰੰਗ, ਕਿਹੜੀ ਲਕੀਰ ਗ਼ਲਤ ਸੀ?…ਮੰਮੀ ਦਾ ਉਹ ਭੜਕੀਲਾ ਤੇ ਗੂੜ੍ਹਾ ਮੇਕਅੱਪ ਵੀ ਇੰਜ ਜਾਪਦਾ ਸੀ ਕਿ ਉਸ ਚਿੱਤਰ ਦਾ ਇਕ ਜ਼ਰੂਰੀ ਅੰਗ ਹੈ।
ਗ਼ਲਿਬ ਕਹਿੰਦਾ ਹੈ :-
‘ਕੈਦੇ-ਹਯਾਤ-ਓ-ਬੰਦੇ ਗ਼ਮ੧, ਅਸਲ ਮੇਂ ਦੋਨੋਂ ਏਕ ਹੈਂ।
ਮੌਤ ਸੇ ਪਹਿਲੇ ਆਦਮੀ ਗ਼ਮ ਸੇ ਨਿਜਾਤ੨ ਪਾਏ ਕਿਉਂ ?’
(੧.ਜੀਵਨ ਰੂਪੀ ਕੈਦ ਤੇ ਗ਼ਮ ਦੀ ਪਕੜ; ੨.ਮੁਕਤੀ-ਅਨੁ.)
ਕੈਦੇ-ਹਯਾਤ ਤੇ ਬੰਦੇ-ਗ਼ਮ ਜੇ ਸੱਚਮੁੱਚ ਹੀ ਹੈ ਤਾਂ ਇਹ ਕਿਉਂ ਜ਼ਰੂਰੀ ਹੈ ਕਿ ਆਦਮੀ ਮੌਤ ਤੋਂ ਪਹਿਲਾਂ ਨਿਜਾਤ (ਮੁਕਤੀ) ਪ੍ਰਾਪਤ ਕਰਨ ਦੀ ਕੋਸ਼ਿਸ਼ ਹੀ ਨਾ ਕਰੇ? ਇਸ ਤੋਂ ਮੁਕਤੀ ਲਈ ਕੌਣ ਯਮਰਾਜ ਦਾ ਇੰਤਜ਼ਾਰ ਕਰੇ…ਕਿਉਂ ਆਦਮੀ ਕੁਝ ਪਲਾਂ ਲਈ ਮਨ ਦੀ ਮੌਜ਼ ਦੀ ਖੇਡ ਵਿਚ ਹਿੱਸਾ ਨਾ ਲਵੇ!…
ਮੰਮੀ ਹਰੇਕ ਦੀ ਪ੍ਰਸ਼ੰਸਾ ਕਰ ਰਹੀ ਸੀ। ਉਸਦੇ ਸੀਨੇ ਵਿਚ ਅਜਿਹਾ ਦਿਲ ਸੀ, ਜਿਸ ਵਿਚ ਉਹਨਾਂ ਸਾਰਿਆਂ ਲਈ ਮਮਤਾ ਸੀ। ਮੈਂ ਸੋਚਿਆ ਕਿ ਸ਼ਾਇਦ ਇਸ ਲਈ ਉਸਨੇ ਆਪਣੇ ਚਿਹਰੇ ਉੱਤੇ ਰੰਗ ਮਲ ਲਿਆ ਹੈ ਕਿ ਲੋਕਾਂ ਨੂੰ ਉਸਦੀ ਸੱਚਾਈ ਦਾ ਪਤਾ ਨਾ ਲੱਗੇ…ਉਸ ਵਿਚ ਸ਼ਾਇਦ ਏਨੀ ਸਰੀਰਕ ਸ਼ਕਤੀ ਨਹੀਂ ਸੀ ਕਿ ਉਹ ਹਰ ਕਿਸੇ ਦੀ ਮਾਂ ਬਣ ਸਕਦੀ ਤੇ ਇਸੇ ਲਈ ਉਸਨੇ ਆਪਣੀ ਮਮਤਾ ਤੇ ਸਨੇਹ ਦੀ ਖਾਤਰ ਕੁਝ ਵਿਅੱਕਤੀ ਚੁਣ ਲਏ ਸਨ ਤੇ ਬਾਕੀ ਸਾਰੀ ਦੁਨੀਆਂ ਨੂੰ ਛੱਡ ਦਿੱਤਾ ਸੀ।
ਮੰਮੀ ਨੂੰ ਪਤਾ ਸੀ ਕਿ ਚੱਡਾ ਇਕ ਤਗੜਾ ਪੈਗ ਫਿਲਿਸ ਨੂੰ ਪਿਆ ਚੁੱਕਿਆ ਹੈ। ਚੋਰੀ ਛਿੱਪੇ ਨਹੀਂ ਸਾਰਿਆਂ ਦੇ ਸਾਹਮਣੇ; ਪਰ ਮੰਮੀ ਤਾਂ ਉਦੋਂ ਰਸੋਈ ਵਿਚ ਪਟੇਟੋ ਚਿਪਸ ਤਲ ਰਹੀ ਸੀ…ਹੁਣ ਫਿਲਿਸ ਨਸ਼ੇ ਵਿਚ ਸੀ, ਤੇ ਜਿਸ ਤਰ੍ਹਾਂ ਉਸਦੇ ਪਾਲਿਸ਼ ਕੀਤੇ ਹੋਏ ਫੌਲਾਦ ਰੰਗੇ ਵਾਲ ਹੌਲੀ ਹੌਲੀ ਲਹਿਰਾ ਰਹੇ ਸਨ, ਉਸੇ ਤਰ੍ਹਾਂ ਉਹ ਆਪ ਵੀ ਲਹਿਰਾ ਰਹੀ ਸੀ।
ਰਾਤ ਦੇ ਬਾਰਾਂ ਵੱਜ ਚੁੱਕੇ ਸਨ। ਵਣਕਤਰੇ ਥੈਲੀਮਾ ਨੂੰ ਤੋੜੇ ਸਿਖਾ-ਸਿਖਾ ਕੇ ਥੱਕ ਜਾਣ ਪਿੱਛੋਂ ਹੁਣ ਦਸ ਰਿਹਾ ਸੀ ਕਿ ਉਸਦਾ ਪਿਓ ਸਾਲਾ ਉਸ ਨਾਲ ਬੜਾ ਪਿਆਰ ਕਰਦਾ ਸੀ। ਬਚਪਨ ਵਿਚ ਹੀ ਉਸਨੇ ਉਸਦਾ ਵਿਆਹ ਕਰ ਦਿੱਤਾ ਸੀ। ਉਸਦੀ ਵਾਈਫ਼ ਬੜੀ ਬਿਊਟੀ-ਫੁੱਲ ਹੈ…ਤੇ ਗਰੀਬ ਨਿਵਾਜ਼ ਡੋਲੀ ਨੂੰ ਕਰਜ਼ਾ ਦੇ ਕੇ ਭੁੱਲ ਵੀ ਚੁੱਕਿਆ ਸੀ। ਰਣਜੀਤ ਕੁਮਾਰ ਪੋਲੀ ਨੂੰ ਆਪਣੇ ਨਾਲ ਕਿੱਧਰੇ ਬਾਹਰ ਲੈ ਗਿਆ ਸੀ। ਐਲੀਮਾ ਤੇ ਕਿਟੀ ਦੋਵੇਂ ਦੁਨੀਆਂ ਭਰ ਦੀਆਂ ਗੱਲ ਕਰਕੇ ਥੱਕ ਚੁੱਕੀਆਂ ਸਨ ਤੇ ਆਰਾਮ ਕਰਨਾ ਚਾਹੁੰਦੀਆਂ ਸਨ—ਤਿਪਾਈ ਦੇ ਇਰਦ-ਗਿਰਦ ਫਿਲਿਸ, ਉਸਦਾ ਖੁਸਰੇ ਮੂੰਹਾਂ ਸਾਥੀ ਦੋਸਤ ਤੇ ਮੰਮੀ ਬੈਠੇ ਸਨ। ਚੱਡਾ ਹੁਣ ਜਜ਼ਬਾਤੀ ਨਹੀਂ ਸੀ। ਫਿਲਿਸ ਉਸਦੇ ਨਾਲ ਢੁੱਕ ਕੇ ਬੈਠੀ ਹੋਈ ਸੀ, ਜਿਸਨੇ ਪਹਿਲੀ ਵੇਰ ਸ਼ਰਾਬ ਦਾ ਸਵਾਦ ਚੱਖਿਆ ਸੀ—ਉਸਨੂੰ ਪ੍ਰਾਪਤ ਕਰਨ ਦਾ ਸੰਕਲਪ ਉਸਦੀਆਂ ਅੱਖਾਂ ਵਿਚ ਸਾਕਾਰ ਸੀ। ਮੰਮੀ ਇਸ ਗੱਲ ਤੋਂ ਅਣਜਾਣ ਨਹੀਂ ਸੀ।
ਥੋੜ੍ਹੀ ਦੇਰ ਬਾਅਦ ਫਿਲਿਸ ਦਾ ਖੂਸਰੇ ਮੂੰਹਾਂ ਦੋਸਤ ਉਠ ਕੇ ਸੋਫੇ ਉੱਤੇ ਜਾ ਲੇਟਿਆ ਤੇ ਆਪਣੇ ਵਾਲਾਂ ਵਿਚ ਕੰਘੀ ਕਰਦਾ ਕਰਦਾ ਸੌਂ ਗਿਆ। ਗਰੀਬ ਨਿਵਾਜ਼ ਤੇ ਡੋਲੀ ਉਠ ਕੇ ਕਿੱਧਰੇ ਚੱਲੇ ਗਏ। ਏਲੀਮਾ ਤੇ ਕਿਟੀ ਨੇ ਵਿਦਾ ਲਈ ਤੇ ਚਲੀਆਂ ਗਈਆਂ…ਵਣਕਤਰੇ ਨੇ ਆਖ਼ਰੀ ਵਾਰੀ ਆਪਣੀ ਪਤਨੀ ਦੀ ਖੂਬਸੂਰਤੀ ਦੀ ਪ੍ਰਸ਼ੰਸਾ ਕੀਤੀ ਤੇ ਫਿਲਿਸ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖਿਆ, ਫੇਰ ਥੈਲੀਮਾ ਵੱਲ ਜਿਹੜੀ ਉਸਦੇ ਕੋਲ ਬੈਠੀ ਸੀ, ਤੇ ਫੇਰ ਉਹ ਉਸਦੀ ਬਾਂਹ ਫੜ੍ਹ ਕੇ ਉਸਨੂੰ ਚੰਦ ਦਿਖਾਉਣ ਲਈ ਬਾਹਰ ਖੁੱਲ੍ਹੇ ਮੈਦਾਨ ਵਿਚ ਲੈ ਗਿਆ।
ਅਚਾਣਕ ਪਤਾ ਨਹੀਂ ਕੀ ਹੋਇਆ ਕਿ ਚੱਡੇ ਤੇ ਮੰਮੀ ਵਿਚਕਾਰ ਗਰਮਾ-ਗਰਮ ਬਹਿਸ਼ ਸ਼ੁਰੂ ਹੋ ਗਈ। ਚੱਡੇ ਦੀ ਆਵਾਜ਼ ਲੜਖੜਾ ਰਹੀ ਸੀ। ਉਹ ਇਕ ਨਾਲਾਇਕ ਪੁੱਤਰ ਵਾਂਗ ਮੰਮੀ ਨੂੰ ਅਵਾ-ਤਵਾ ਬੋਲਣ ਲੱਗਾ। ਫਿਲਿਸ ਨੇ ਕਿਸੇ ਹੱਦ ਤਕ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਪਰ ਚੱਡਾ ਹਵਾ ਦੇ ਘੋੜੇ ‘ਤੇ ਸਵਾਰ ਸੀ। ਉਹ ਫਿਲਿਸ ਨੂੰ ਆਪਣੇ ਨਾਲ ਸਈਦਾ ਕਾਟੇਜ ਲੈ ਜਾਣਾ ਚਾਹੁੰਦਾ ਸੀ ਤੇ ਮੰਮੀ ਇਸ ਦੇ ਵਿਰੁੱਧ ਸੀ। ਉਹ ਉਸਨੂੰ ਬੜੀ ਦੇਰ ਤਕ ਸਮਝਾਉਂਦੀ ਰਹੀ ਕਿ ਉਹ ਇਸ ਇਰਾਦੇ ਤੋਂ ਬਾਅਜ਼ ਆਵੇ, ਪਰ ਉਹ ਸੀ ਕਿ ਮੰਨਦਾ ਹੀ ਨਹੀਂ ਸੀ ਪਿਆ ਤੇ ਵਾਰੀ-ਵਾਰੀ ਮੰਮੀ ਨੂੰ ਕਹਿ ਰਿਹਾ ਸੀ, ‘ਤੂੰ ਪਾਗਲ ਹੋ ਗਈ ਏਂ…ਬੁੱਢੀਏ ਦਲਾਲਨੇ…ਫਿਲਿਸ ਮੇਰੀ ਹੈ…ਪੁੱਛ ਲੈ ਇਸ ਨੂੰ।’
ਮੰਮੀ ਨੇ ਬੜੀ ਦੇਰ ਤਕ ਉਸਦੀਆਂ ਗਾਲ੍ਹਾਂ ਸੁਣੀਆਂ, ਅੰਤ ਵਿਚ ਬੜੇ ਸਮਝਾਉਣ ਵਾਲੇ ਢੰਗ ਨਾਲ ਕਿਹਾ, “ਚੱਡੇ, ਮਾਈ ਸਨ…ਤੂੰ ਕਿਉਂ ਨਹੀਂ ਸਮਝਦਾ…ਸ਼ੀ ਇਜ ਯੰਗ…ਸ਼ੀ ਇਜ ਵੈਰੀ ਯੰਗ…।”
ਉਸਦੀ ਆਵਾਜ਼ ਕੰਬ ਰਹੀ ਸੀ, ਉਸ ਵਿਚ ਇਕ ਤਰਲਾ ਸੀ, ਇਕ ਤਾੜਨਾ ਸੀ, ਇਕ ਬੜੀ ਭਿਆਨਕ ਤਸਵੀਰ ਸੀ, ਪਰ ਚੱਡਾ ਉੱਕਾ ਨਹੀਂ ਸਮਝਿਆ। ਉਦੋਂ ਉਸਦੇ ਸਾਹਵੇਂ ਸਿਰਫ ਫਿਲਿਸ ਤੇ ਉਸਦੀ ਪ੍ਰਾਪਤੀ ਸੀ। ਮੈਂ ਫਿਲਿਸ ਵੱਲ ਦੇਖਿਆ ਤੇ ਪਹਿਲੀ ਵਾਰੀ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਉਹ ਸੱਚਮੁੱਚ ਬੜੀ ਛੋਟੀ ਉਮਰ ਦੀ ਸੀ, ਮੁਸ਼ਕਿਲ ਨਾਲ ਪੰਦਰਾਂ ਸਾਲ ਦੀ…ਉਸਦਾ ਗੋਰਾ ਚਿਹਰਾ, ਚਾਂਦੀ ਰੰਗੇ ਬੱਦਲਾਂ ਵਿਚ ਘਿਰਿਆ, ਬਰਸਾਤ ਦੀ ਪਹਿਲੀ ਬੂੰਦ ਵਾਂਗ ਲਰਜ਼ ਰਿਹਾ ਸੀ।
ਚੱਡੇ ਨੇ ਉਸਨੂੰ ਬਾਹੋਂ ਫੜ੍ਹ ਕੇ ਆਪਣੇ ਵੱਲ ਖਿੱਚਿਆ ਤੇ ਫ਼ਿਲਮਾਂ ਦੇ ਹੀਰੋ ਵਾਂਗ ਆਪਣੀ ਛਾਤੀ ਨਾਲ ਲਾ ਕੇ ਘੁੱਟ ਲਿਆ। ਮੰਮੀ ਯਕਦਮ ਲਾਲ-ਪੀਲੀ ਹੋ ਕੇ ਕੂਕੀ, “ਚੱਡੇ…ਛੱਡ ਦੇ…ਫਾਰ ਗੋਡ ਸੇਕ…ਛੱਡ ਦੇ ਇਸਨੂੰ!”
ਜਦੋਂ ਚੱਡੇ ਨੇ ਆਪਣੀ ਚੌੜੀ ਛਾਤੀ ਨਾਲੋਂ ਫਿਲਿਸ ਨੂੰ ਵੱਖ ਨਾ ਕੀਤਾ ਤਾਂ ਮੰਮੀ ਨੇ ਉਸਦੇ ਮੂੰਹ ਉੱਤੇ ਇਕ ਜ਼ੋਰਦਾਰ ਚਪੇੜ ਕੱਢ ਮਾਰੀ ਤੇ ਕੂਕੀ, “ਗੇਟ ਆਊਟ…ਗੇਟ ਆਊਟ…”
ਚੱਡਾ ਭੰਵਤਰ ਗਿਆ। ਫਿਲਿਸ ਨੂੰ ਆਪਣੇ ਨਾਲੋਂ ਵੱਖ ਕਰਕੇ ਇਕ ਧੱਕਾ ਮਾਰਿਆ ਤੇ ਮੰਮੀ ਵੱਲ ਅੱਗ ਵਰ੍ਹਾਂਦੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਬਾਹਰ ਨਿਕਲ ਗਿਆ। ਮੈਂ ਵੀ ਉਠ ਕੇ ਵਿਦਾਅ ਲਈ ਤੇ ਚੱਡੇ ਦੇ ਪਿੱਛੇ ਪਿੱਛੇ ਤੁਰ ਪਿਆ।
ਸਈਦਾ ਕਾਟੇਜ ਪਹੁੰਚ ਕੇ ਮੈਂ ਦੇਖਿਆ ਉਹ ਪੈਂਟ, ਕਮੀਜ਼ ਤੇ ਬੂਟਾਂ ਸਮੇਤ, ਪਲੰਘ ਉੱਤੇ, ਮੂਧੜੇ- ਮੁੰਹ ਪਿਆ ਸੀ। ਮੈਂ ਉਸ ਨਾਲ ਕੋਈ ਗੱਲ ਨਾ ਕੀਤੀ ਤੇ ਦੂਜੇ ਕਮਰੇ ਵਿਚ ਵੱਡੀ ਮੇਜ਼ ਉੱਤੇ ਸੌਂ ਗਿਆ।
ਸਵੇਰੇ ਦੇਰ ਨਾਲ ਉਠਿਆ। ਦਸ ਵੱਜੇ ਹੋਏ ਸਨ। ਚੱਡਾ ਸਵੇਰੇ ਸਵੇਰੇ ਹੀ ਉਠ ਕੇ ਬਾਹਰ ਚਲਾ ਗਿਆ ਸੀ। ਕਿੱਥੇ, ਇਹ ਕਿਸੇ ਨੂੰ ਨਹੀਂ ਸੀ ਪਤਾ। ਪਰ ਜਦੋਂ ਮੈਂ ਗੁਸਲਖ਼ਾਨੇ ਵਿਚੋਂ ਬਾਹਰ ਨਿਕਲ ਰਿਹਾ ਸਾਂ ਤਾਂ ਮੈਨੂੰ ਉਸਦੀ ਆਵਾਜ਼ ਸੁਣਾਈ ਦਿੱਤੀ, ਜਿਹੜੀ ਗੈਰਾਜ ਦੇ ਬਾਹਰੋਂ ਆ ਰਹੀ ਸੀ। ਉਹ ਕਿਸੇ ਨੂੰ ਕਹਿ ਰਿਹਾ ਸੀ, “ਉਹ ਲਾਜਵਾਬ ਔਰਤ ਏ। ਖ਼ੁਦਾ ਦੀ ਸੌਂਹ, ਬੜੀ ਲਾਜਵਾਬ ਔਰਤ ਏ—ਦੁਆ ਕਰ ਕਿ ਉਸਦੀ ਉਮਰ ਨੂੰ ਪਹੁੰਚ ਕੇ ਤੂੰ ਵੀ ਉਸ ਵਰਗੀ ਗਰੇਟ ਬਣ ਜਾਵੇਂ।”
ਉਸਦੀ ਆਵਾਜ਼ ਵਿਚ ਇਕ ਵਚਿੱਤਰ ਕੁਸੈਲ ਘੁਲੀ ਹੋਈ ਸੀ। ਪਤਾ ਨਹੀਂ ਉਸਦਾ ਨਿਸ਼ਾਨਾ ਉਸ ਦੇ ਆਪਣੇ ਵੱਲ ਸੀ ਜਾਂ ਉਸ ਵਿਅੱਕਤੀ ਵੱਲ, ਜਿਸ ਨੂੰ ਉਹ ਕਹਿ ਰਿਹਾ ਸੀ। ਮੈਂ ਬਹੁਤੀ ਦੇਰ ਉੱਥੇ ਰੁਕਿਆ ਰਹਿਣਾ ਠੀਕ ਨਹੀਂ ਸਮਝਿਆ ਤੇ ਅੰਦਰ ਚਲਾ ਗਿਆ। ਅੱਧਾ ਘੰਟਾ ਮੈਂ ਉਸਦੀ ਉਡੀਕ ਕੀਤੀ। ਜਦੋਂ ਉਹ ਨਾ ਆਇਆ ਤਾਂ ਮੈਂ ਪ੍ਰਭਾਤ ਨਗਰ ਵੱਲ ਤੁਰ ਗਿਆ।
ਮੇਰੀ ਪਤਨੀ ਦਾ ਮੂਡ ਠੀਕ ਸੀ—ਹਰੀਸ਼ ਘਰੇ ਨਹੀਂ ਸੀ। ਹਰੀਸ਼ ਦੀ ਪਤਨੀ ਨੇ ਉਸ ਬਾਰੇ ਪੁੱਛਿਆ ਤਾਂ ਮੈਂ ਕਹਿ ਦਿੱਤਾ ਕਿ ਉਹ ਅਜੇ ਸਟੂਡੀਓ ਵਿਚ ਸੁੱਤਾ ਪਿਆ ਹੈ।
ਪੂਨੇ ਵਿਚ ਖਾਸਾ ਮੌਜ਼ ਮੇਲਾ ਹੋ ਗਿਆ ਸੀ, ਇਸ ਲਈ ਮੈਂ ਹਰੀਸ਼ ਦੀ ਪਤਨੀ ਤੋਂ ਜਾਣ ਦੀ ਆਗਿਆ ਮੰਗੀ। ਸਭਿਅਤਾ ਦੇ ਨਾਤੇ ਉਸਨੇ ਸਾਨੂੰ ਰੁਕਣ ਲਈ ਕਿਹਾ, ਪਰ ਮੈਂ ਸਈਦਾ ਕਾਟੇਜ ਵਿਚ ਹੀ ਫ਼ੈਸਲਾ ਕਰ ਲਿਆ ਸੀ ਕਿ ਰਾਤ ਵਾਲੀ ਘਟਨਾ ਮੇਰੀ ਮਾਨਸਿਕ ਜੁਗਾਲੀ ਲਈ ਵਾਧੂ ਹੈ।
ਅਸੀਂ ਤੁਰ ਪਏ। ਰਸਤੇ ਵਿਚ ਮੰਮੀ ਦੀਆਂ ਗੱਲਾਂ ਹੋਈਆਂ। ਜੋ ਕੁਝ ਵਾਪਰਿਆ ਸੀ, ਮੈਂ ਪਤਨੀ ਨੂੰ ਸਭ ਕੁਝ ਦਸ ਦਿੱਤਾ। ਉਸਦਾ ਕਹਿਣਾ ਸੀ ਕਿ ਫਿਲਿਸ ਉਸਦੀ ਕੋਈ ਰਿਸ਼ਤੇਦਾਰ ਹੋਏਗੀ ਜਾਂ ਉਹ ਉਸਨੂੰ ਕਿਸੇ ਚੰਗੀ ਅਸਾਮੀ ਨੂੰ ਪੇਸ਼ ਕਰਨਾ ਚਹੁੰਦੀ ਹੋਏਗੀ, ਤਦੇ ਉਸਨੇ ਚੱਡੇ ਨਾਲ ਲੜਾਈ ਕੀਤੀ…ਮੈਂ ਚੁੱਪ ਰਿਹਾ। ਨਾ ਹਮੀਂ ਭਰੀ, ਨਾ ਵਿਰੋਧ ਕੀਤਾ।
— — —
ਕਈ ਦਿਨ ਬੀਤ ਜਾਣ ਪਿੱਛੋਂ ਚੱਡੇ ਦਾ ਖ਼ਤ ਆਇਆ, ਜਿਸ ਵਿਚ ਉਸ ਰਾਤ ਵਾਲੀ ਘਟਨਾ ਦਾ ਸਰਸਰੀ ਜਿਹਾ ਜ਼ਿਕਰ ਸੀ ਤੇ ਉਸਨੇ ਆਪਣੇ ਬਾਰੇ ਵਿਚ ਇਹ ਕਿਹਾ ਸੀ, ‘ਮੈਂ ਉਸ ਰਾਤ ਜਾਨਵਰ ਬਣ ਗਿਆ ਸਾਂ ਲਾਹਨਤ ਹੈ ਮੇਰੇ ‘ਤੇ।’
ਤਿੰਨ ਮਹੀਨੇ ਬਾਅਦ ਮੈਨੂੰ ਇਕ ਜ਼ਰੂਰੀ ਕੰਮ ਲਈ ਫੇਰ ਪੂਨੇ ਜਾਣਾ ਪਿਆ। ਸਿੱਧਾ ਸਈਦਾ ਕਾਟੇਜ ਪਹੁੰਚਿਆ। ਚੱਡਾ ਉੱਥੇ ਨਹੀਂ ਸੀ। ਗਰੀਬ ਨਿਵਾਜ਼ ਨਾਲ ਉਸ ਸਮੇਂ ਮੁਲਾਕਾਤ ਹੋਈ ਜਦੋਂ ਉਹ ਗੈਰੇਜ ਵਿਚੋਂ ਨਿਕਲ ਕੇ ਸ਼ੀਰੀਂ ਦੇ ਨਿੱਕੇ ਬੱਚੇ ਨੂੰ ਪਿਆਰ ਕਰ ਰਿਹਾ ਸੀ। ਉਹ ਉੱਡ ਕੇ ਮਿਲਿਆ। ਥੋੜ੍ਹੀ ਦੇਰ ਬਾਅਦ ਰਣਜੀਤ ਕੁਮਾਰ ਆ ਗਿਆ, ਕੱਛੂ ਦੀ ਤੋਰ ਤੁਰਦਾ ਹੋਇਆ, ਤੇ ਚੁੱਪਚਾਪ ਬੈਠ ਗਿਆ। ਮੈਂ ਜਦ ਉਸਨੂੰ ਕੁਝ ਪੁੱਛਦਾ ਸਾਂ ਤਾਂ ਉਹ ਬੜਾ ਸੰਖੇਪ ਜਿਹਾ ਉਤਰ ਦੇ ਦਿੰਦਾ ਸੀ। ਉਸ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਕਿ ਚੱਡਾ ਉਸ ਰਾਤ ਤੋਂ ਪਿੱਛੋਂ ਮੰਮੀ ਵੱਲ ਨਹੀਂ ਗਿਆ ਤੇ ਨਾ ਹੀ ਉਹ ਇੱਥੇ ਆਈ ਹੈ। ਫਿਲਿਸ ਨੂੰ ਉਸਨੇ ਦੂਜੇ ਦਿਨ ਹੀ ਉਸਦੇ ਮਾਂ-ਪਿਓ ਕੋਲ ਭੇਜ ਦਿੱਤਾ ਸੀ। ਉਹ ਉਸ ਖੁਸਰੇ ਵਰਗੇ ਮੁੰਡੇ ਨਾਲ ਘਰੋਂ ਭੱਜ ਕੇ ਆਈ ਸੀ।…ਰਣਜੀਤ ਕੁਮਾਰ ਨੂੰ ਵਿਸ਼ਵਾਸ ਸੀ ਕਿ ਜੇ ਉਹ ਕੁਝ ਦਿਨ ਹੋਰ ਪੂਨੇ ਵਿਚ ਰਹਿੰਦੀ ਤਾਂ ਉਹ ਜ਼ਰੂਰ ਉਸਨੂੰ ਲੈ ਉੱਡਦਾ। ਗਰੀਬ ਨਿਵਾਜ਼ ਨੇ ਅਜਿਹਾ ਕੋਈ ਦਾਅਵਾ ਨਹੀਂ ਸੀ ਕੀਤਾ…ਪਰ ਏਨਾ ਅਫ਼ਸੋਸ ਜ਼ਰੂਰ ਸੀ ਕਿ ਉਹ ਚਲੀ ਗਈ ਸੀ।
ਚੱਡੇ ਬਾਰੇ ਇਹ ਪਤਾ ਲੱਗਿਆ ਕਿ ਦੋ ਤਿੰਨ ਦਿਨਾਂ ਦੀ ਉਸਦੀ ਤਬੀਅਤ ਠੀਕ ਨਹੀਂ ਹੈ, ਪਰ ਉਹ ਕਿਸੇ ਡਾਕਟਰ ਤੋਂ ਰਾਏ ਨਹੀਂ ਲੈਂਦਾ—-ਸਾਰਾ ਦਿਨ ਇਧਰ ਉਧਰ ਭੌਂਦਾ ਰਹਿੰਦਾ ਹੈ। ਗਰੀਬ ਨਿਵਾਜ਼ ਨੇ ਜਦੋਂ ਮੈਨੂੰ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ ਤਾਂ ਰਣਜੀਤ ਕੁਮਾਰ ਉਠ ਕੇ ਚਲਾ ਗਿਆ। ਮੈਂ ਸਰੀਆਂ ਵਾਲੇ ਜੰਗਲੇ ਰਾਹੀਂ ਦੇਖਿਆ, ਉਹ ਗੈਰੇਜ ਵੱਲ ਗਿਆ ਸੀ।
ਮੈਂ ਗਰੀਬ ਨਿਵਾਜ਼ ਤੋਂ ਗੈਰੇਜ ਵਾਲੀ ਸ਼ੀਰੀਂ ਬਾਰੇ ਕੁਝ ਪੁੱਛਣ ਲਈ ਸੋਚ ਹੀ ਰਿਹਾ ਸਾਂ ਕਿ ਵਣਕਤਰੇ ਬੜਾ ਘਬਰਾਇਆ ਹੋਇਆ ਕਮਰੇ ਵਿਚ ਆ ਵੜਿਆ। ਉਸ ਤੋਂ ਪਤਾ ਲੱਗਾ ਕਿ ਚੱਡੇ ਨੂੰ ਤੇਜ਼ ਬੁਖ਼ਾਰ ਚੜ੍ਹਿਆ ਹੋਇਆ ਸੀ। ਉਹ ਉਸਨੂੰ ਤਾਂਗੇ ਵਿਚ ਲੱਦ ਕੇ ਇੱਥੇ ਲਿਆਇਆ ਹੈ ਕਿਉਂਕਿ ਉਹ ਰਸਤੇ ਵਿਚ ਬੇਹੋਸ਼ ਹੋ ਗਿਆ ਸੀ…ਮੈਂ ਤੇ ਗਰੀਬ ਨਿਵਾਜ਼ ਬਾਹਰ ਵੱਲ ਦੌੜੇ। ਤਾਂਗੇ ਵਾਲਾ ਬੇਹੋਸ਼ ਚੱਡੇ ਨੂੰ ਸੰਭਾਲੀ ਬੈਠਾ ਸੀ। ਅਸਾਂ ਸਾਰਿਆਂ ਨੇ ਉਸਨੂੰ ਚੁੱਕਿਆ ਤੇ ਕਮਰੇ ਵਿਚ ਲਿਆ ਕੇ ਬਿਸਤਰੇ ਉੱਤੇ ਲਿਟਾਅ ਦਿੱਤਾ। ਮੈਂ ਉਸਦੇ ਮੱਥੇ ਉੱਤੇ ਹੱਥ ਰੱਖ ਕੇ ਦੇਖਿਆ, ਸੱਚਮੁੱਚ ਬੜਾ ਤੇਜ਼ ਬੁਖ਼ਾਰ ਸੀ। ਇਕ ਸੌ ਛੇ ਡਿਗਰੀ ਤੋਂ ਘੱਟ ਨਹੀਂ ਹੋਣਾ।
ਮੈਂ ਗਰੀਬ ਨਿਵਾਜ਼ ਨੂੰ ਕਿਹਾ, “ਫੌਰਨ ਡਾਕਟਰ ਨੂੰ ਬੁਲਾਉਣਾ ਚਾਹੀਦਾ ਏ।” ਉਸਨੇ ਵਣਕਤਰੇ ਨਾਲ ਸਲਾਹ ਕੀਤੀ ਤੇ ‘ਹੁਣੇ ਆਇਆ’ ਕਹਿ ਕੇ ਬਾਹਰ ਚਲਾ ਗਿਆ। ਜਦੋਂ ਵਾਪਸ ਆਇਆ ਤਾਂ ਉਸ ਨਾਲ ਮੰਮੀ ਵੀ ਸੀ। ਉਹ ਹਫੀ ਹੋਈ ਸੀ। ਅੰਦਰ ਆਉਂਦਿਆਂ ਹੀ ਉਸਨੇ ਚੱਡੇ ਵੱਲ ਦੇਖਿਆ ਤੇ ਲਗਭਗ ਕੂਕ ਕੇ ਪੁੱਛਿਆ, “ਕੀ ਹੋਇਆ ਏ, ਮੇਰੇ ਬੱਚੇ ਨੂੰ?”
ਵਣਕਤਰੇ ਨੇ ਜਦੋਂ ਉਸਨੂੰ ਦੱਸਿਆ ਕਿ ਚੱਡਾ ਕਈ ਦਿਨਾਂ ਦਾ ਬਿਮਾਰ ਸੀ ਤਾਂ ਮੰਮੀ ਨੇ ਬੜੇ ਦੁੱਖ ਤੇ ਗੁੱਸੇ ਨਾਲ ਕਿਹਾ, “ਤੁਸੀਂ ਕੈਸੇ ਲੋਗ ਓ—ਮੈਨੂੰ ਖ਼ਬਰ ਕਿਉਂ ਨਹੀਂ ਕੀਤੀ?” ਫੇਰ ਉਸਨੇ ਗਰੀਬ ਨਿਵਾਜ਼, ਮੈਨੂੰ ਤੇ ਵਣਕਤਰੇ ਨੂੰ ਕਈ ਹਦਾਇਤਾਂ ਦਿੱਤੀਆਂ…ਇਕ ਨੂੰ ਚੱਡੇ ਦੇ ਪੈਰਾਂ ਦੀਆਂ ਤਲੀਆਂ ਝੱਸਣ ਦੀ, ਦੂਜੇ ਨੂੰ ਬਰਫ਼ ਲਿਆਉਣ ਦੀ ਤੇ ਤੀਜੇ ਨੂੰ ਪੱਖਾ ਝੱਲਣ ਦੀ। ਚੱਡੇ ਦੀ ਹਾਲਤ ਵੇਖ ਕੇ ਉਸਦੀ ਆਪਣੀ ਹਾਲਤ ਵੀ ਵਿਗੜ ਗਈ ਸੀ, ਪਰ ਉਸਨੇ ਹੌਸਲੇ ਤੋਂ ਕੰਮ ਲਿਆ ਤੇ ਡਾਕਟਰ ਨੂੰ ਬੁਲਾਉਣ ਚਲੀ ਗਈ।
ਪਤਾ ਨਹੀਂ ਰਣਜੀਤ ਕੁਮਾਰ ਨੂੰ ਗੈਰੇਜ ਵਿਚ ਕਿੰਜ ਪਤਾ ਲੱਗਿਆ। ਉਹ ਮੰਮੀ ਦੇ ਜਾਣ ਦੇ ਤੁਰੰਤ ਬਾਅਦ ਘਬਰਾਇਆ ਹੋਇਆ ਅੰਦਰ ਆਇਆ। ਉਸਦੇ ਪੁੱਛਣ ‘ਤੇ ਵਣਕਤਰੇ ਨੇ ਉਸਦੇ ਬੇਹੋਸ਼ ਹੋਣ ਦੀ ਘਟਨਾ ਦਾ ਵਰਨਣ ਕਰ ਦਿੱਤਾ ਤੇ ਇਹ ਵੀ ਦੱਸਿਆ ਕਿ ਮੰਮੀ ਡਾਕਟਰ ਕੋਲ ਗਈ ਹੈ। ਇਹ ਸੁਣ ਕੇ ਰਣਜੀਤ ਕੁਮਾਰ ਦੀ ਬੇਚੈਨੀ ਕਿਸੇ ਹੱਦ ਤਕ ਦੂਰ ਹੋ ਗਈ।
ਮੈਂ ਦੇਖਿਆ ਕਿ ਉਹ ਤਿੰਨੇ ਬੜੇ ਸੰਤੁਸ਼ਟ ਸਨ, ਜਿਵੇਂ ਚੱਡੇ ਦੀ ਸਿਹਤ ਦੀ ਸਾਰੀ ਜ਼ਿੰਮੇਵਾਰੀ ਮੰਮੀ ਨੇ ਆਪਣੇ ਸਿਰ ਲੈ ਲਈ ਹੋਵੇ।
ਉਸਦੀ ਹਦਾਇਤ ਅਨੁਸਾਰ ਚੱਡੇ ਦੀਆਂ ਤਲੀਆਂ ਮਲੀਆਂ ਜਾ ਰਹੀਆਂ ਸਨ, ਮੱਥੇ ਉੱਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖੀਆਂ ਜਾ ਰਹੀਆਂ ਸਨ। ਮੰਮੀ ਜਦੋਂ ਡਾਕਟਰ ਨੂੰ ਨਾਲ ਲੈ ਕੇ ਆਈ, ਉਹ, ਕੁਝ ਕੁਝ ਹੋਸ਼ ਵਿਚ ਆ ਚੁੱਕਿਆ ਸੀ। ਡਾਕਟਰ ਨੇ ਮੁਆਨੇ ਵਿਚ ਕਾਫੀ ਦੇਰ ਲਾ ਦਿੱਤੀ। ਉਸਦੇ ਚਿਹਰੇ ਤੋਂ ਇੰਜ ਜਾਪਦਾ ਸੀ ਜਿਵੇਂ ਚੱਡੇ ਦੀ ਜ਼ਿੰਦਗੀ ਖ਼ਤਰੇ ਵਿਚ ਹੈ।
ਮੁਆਇਨਾਂ ਕਰਨ ਪਿੱਛੋਂ ਡਾਕਟਰ ਨੇ ਮੰਮੀ ਨੂੰ ਇਸ਼ਾਰਾ ਕੀਤਾ ਤੇ ਉਹ ਦੋਵੇਂ ਕਮਰੇ ‘ਚੋਂ ਬਾਹਰ ਚਲੇ ਗਏ। ਮੈਂ ਸਲਾਖਾਂ ਰਾਹੀਂ ਦੇਖਿਆ ਕਿ ਗੈਰੇਜ ਦੇ ਟਾਟ ਦਾ ਪਰਦਾ ਹਿੱਲ ਰਿਹਾ ਸੀ।
ਥੋੜ੍ਹੀ ਦੇਰ ਬਾਅਦ ਮੰਮੀ ਆਈ। ਗਰੀਬ ਨਿਵਾਜ਼, ਵਣਕਤਰੇ ਤੇ ਰਣਜੀਤ ਕੁਮਾਰ ਨੂੰ ਵਾਰੀ ਵਾਰੀ ਨਾਲ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ। ਚੱਡਾ ਹੁਣ ਅੱਖਾਂ ਖੋਲ੍ਹ ਕੇ ਸੁਣ ਰਿਹਾ ਸੀ। ਮੰਮੀ ਨੂੰ ਉਸ ਨੇ ਹੈਰਾਨੀ ਨਾਲ ਨਹੀਂ ਦੇਖਿਆ ਸੀ, ਪਰ ਇਕ ਉਲਝਣ ਜਿਹੀ ਜ਼ਰੂਰ ਮਹਿਸੂਸ ਕਰ ਰਿਹਾ ਸੀ। ਕੁਝ ਛਿਣ ਬਾਅਦ ਜਦੋਂ ਉਹ ਸਮਝ ਗਿਆ ਕਿ ਮੰਮੀ ਕਿਉਂ ਤੇ ਕਿੰਜ ਆਈ ਹੈ, ਤਾਂ ਉਸਨੇ ਮੰਮੀ ਦਾ ਹੱਥ ਆਪਣੇ ਹੱਥ ਵਿਚ ਲੈਂਦਿਆਂ ਜ਼ਰਾ ਦਬਾਅ ਕੇ ਕਿਹਾ, “ਮੰਮੀ, ਯੂ ਆਰ ਗਰੇਟ!”
ਮੰਮੀ ਉਸ ਕੋਲ ਪਲੰਘ ਉੱਤੇ ਬੈਠ ਗਈ। ਉਹ ਮਮਤਾ ਦੀ ਸਾਕਾਰ ਮੂਰਤ ਲੱਗ ਰਹੀ ਸੀ। ਉਸਨੇ ਚੱਡੇ ਦੇ ਭਖਦੇ ਹੋਏ ਮੱਥੇ ਉੱਤੇ ਹੱਥ ਫੇਰ ਕੇ ਮੁਸਕਰਾਂਦਿਆਂ ਹੋਇਆਂ ਸਿਰਫ ਏਨਾ ਕਿਹਾ, “ਮੇਰੇ ਬੱਚੇ…ਮੇਰੇ ਗਰੀਬ ਬੇਟੇ!”
ਚੱਡੇ ਦੀਆਂ ਅੱਖਾਂ ਵਿਚ ਅੱਥਰੂ ਆ ਗਏ, ਪਰ ਤੁਰੰਤ ਹੀ ਉਸਨੇ ਉਹਨਾਂ ਨੂੰ ਪੀ ਜਾਣ ਦੀ ਕੋਸ਼ਿਸ਼ ਕੀਤੀ ਤੇ ਕਿਹਾ, “ਨਹੀਂ, ਤੇਰਾ ਬੇਟਾ ਅੱਵਲ ਦਰਜ਼ੇ ਦਾ ਸਕਾਉਂਡਰਲ ਏ…ਜਾਹ ਆਪਣੇ ਸਵਰਗਵਾਸੀ ਪਤੀ ਦਾ ਪਿਸਤੌਲ ਚੁੱਕ ਲਿਆ ਤੇ ਇਸਦੀ ਛਾਤੀ ‘ਚੋਂ ਕੱਢ ਦੇ।”
ਮੰਮੀ ਨੇ ਚੱਡੇ ਦੀ ਗੱਲ੍ਹ ਉੱਤੇ ਪੋਲੀ ਜਿਹੀ ਚਪੇੜ ਮਾਰੀ, “ਵਾਧੂ ਦੀਆਂ ਗੱਲਾਂ ਨਾ ਕਰ।” ਫੇਰ ਉਹ ਕਿਸੇ ਚੁਸਤ ਤੇ ਸਮਝਦਾਰ ਨਰਸ ਵਾਂਗ ਉਠੀ ਤੇ ਸਾਡੇ ਸਾਰਿਆਂ ਵੱਲ ਭੌਂ ਕੇ ਬੋਲੀ,
“ਮੁੰਡਿਓ, ਚੱਡਾ ਬਿਮਾਰ ਹੈ ਤੇ ਮੈਂ ਇਸਨੂੰ ਹਸਪਤਾਲ ਲੈ ਜਾਣਾ ਏਂ—ਸਮਝੇ?”
ਸਾਰੇ ਸਮਝ ਗਏ। ਗਰੀਬ ਨਿਵਾਜ਼ ਨੇ ਤੁਰੰਤ ਟੈਕਸੀ ਦਾ ਬੰਦੋਬਸਤ ਕਰ ਦਿੱਤਾ। ਚੱਡੇ ਨੂੰ ਚੁੱਕ ਕੇ ਉਸ ਵਿਚ ਪਾਇਆ ਗਿਆ। ਉਹ ਬੜਾ ਕਹਿੰਦਾ ਰਿਹਾ ਕਿ ਅਜਿਹੀ ਕੀ ਆਫ਼ਤ ਆਈ ਹੈ ਕਿ ਮੈਨੂੰ ਹਸਪਤਾਲ ਦੇ ਹਵਾਲੇ ਕੀਤਾ ਜਾ ਰਿਹਾ ਹੈ, ਪਰ ਮੰਮੀ ਕਹਿੰਦੀ ਰਹੀ ਕਿ ਗੱਲ ਕੁਝ ਵੀ ਨਹੀਂ, ਹਸਪਤਾਲ ਵਿਚ ਜ਼ਰਾ ਆਰਾਮ ਰਹਿੰਦਾ ਹੈ। ਚੱਡਾ ਬੜਾ ਜ਼ਿੱਦੀ ਸੀ, ਪਰ ਇਸ ਸਮੇਂ ਉਹ ਮੰਮੀ ਦੀ ਕਿਸੇ ਗੱਲ ਤੋਂ ਇਨਕਾਰ ਨਹੀਂ ਸੀ ਕਰ ਸਕਿਆ।
ਚੱਡੇ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ। ਮੰਮੀ ਨੇ ਮੈਨੂੰ ਇਕਾਂਤ ਵਿਚ ਲਿਜਾਅ ਕੇ ਦੱਸਿਆ ਕਿ ਬੀਮਾਰੀ ਬੜੀ ਖ਼ਤਰਨਾਕ ਹੈ—ਯਾਨੀ ਪਲੇਗ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਖ਼ੁਦ ਮੰਮੀ ਵੀ ਬੜੀ ਪ੍ਰੇਸ਼ਾਨ ਸੀ, ਪਰ ਉਸਨੂੰ ਉਮੀਦ ਸੀ ਕਿ ਇਹ ਬਲਾਅ ਟਲ ਜਾਏਗੀ ਤੇ ਚੱਡਾ ਬੜੀ ਛੇਤੀ ਠੀਕ ਹੋ ਜਾਏਗਾ।
ਇਲਾਜ਼ ਹੁੰਦਾ ਰਿਹਾ। ਪ੍ਰਾਈਵੇਟ ਹਸਪਤਾਲ ਸੀ। ਡਾਕਟਰਾਂ ਨੇ ਚੱਡੇ ਦਾ ਇਲਾਜ਼ ਬੜੇ ਧਿਆਨ ਨਾਲ ਕੀਤਾ, ਪਰ ਕਈ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ—ਉਸਦਾ ਪਿੰਡਾ ਥਾਂ-ਥਾਂ ਤੋਂ ਪਾਟਨ ਲੱਗ ਪਿਆ ਤੇ ਬੁਖਾਰ ਵਧਦਾ ਗਿਆ। ਅੰਤ ਵਿਚ ਡਾਕਟਰਾਂ ਨੇ ਇਹ ਰਾਏ ਦਿੱਤੀ ਕਿ ਉਸਨੂੰ ਬੰਬਈ ਲੈ ਜਾਇਆ ਜਾਏ, ਪਰ ਮੰਮੀ ਨਹੀਂ ਮੰਨੀ। ਉਸਨੇ ਚੱਡੇ ਨੂੰ ਉਸੇ ਹਾਲਤ ਵਿਚ ਚੁੱਕਿਆ ਤੇ ਆਪਣੇ ਘਰ ਲੈ ਗਈ।
ਮੈਂ ਬਹੁਤੇ ਦਿਨ ਪੂਨੇ ਵਿਚ ਨਹੀਂ ਰਹਿ ਸਕਦਾ ਸਾਂ। ਵਾਪਸ ਬੰਬਈ ਆਇਆ ਤੇ ਟੈਲੀਫ਼ੋਨ ਦੇ ਜ਼ਰੀਏ ਕਈ ਵਾਰੀ ਉਸਦਾ ਹਾਲਚਾਲ ਪਤਾ ਕੀਤਾ। ਮੇਰਾ ਸ਼ੱਕ ਸੀ ਕਿ ਉਸ ਹੁਣ ਜਿਉਂਦੇ ਨਹੀਂ ਰਹਿਣਾ, ਪਰ ਮੈਨੂੰ ਪਤਾ ਲੱਗਿਆ ਕਿ ਹੌਲੀ ਹੌਲੀ ਉਸਦੀ ਹਾਲਤ ਸੰਭਲ ਰਹੀ ਹੈ। ਇਕ ਮੁਕੱਦਮੇ ਦੇ ਸਬੰਧ ਵਿਚ ਮੈਨੂੰ ਲਾਹੌਰ ਜਾਣਾ ਪਿਆ। ਉੱਥੋਂ ਪੰਦਰਾਂ ਦਿਨ ਬਾਅਦ ਵਾਪਸ ਪਰਤਿਆ ਤਾਂ ਮੇਰੀ ਪਤਨੀ ਨੇ ਚੱਡੇ ਦਾ ਇਕ ਖ਼ਤ ਦਿੱਤਾ, ਜਿਸ ਵਿਚ ਸਿਰਫ ਇਹ ਲਿਖਿਆ ਸੀ—”ਮਹਾਮਾਇਆ ਮੰਮੀ ਨੇ ਆਪਣੇ ਕਪੂਤ ਨੂੰ ਮੌਤ ਦੇ ਮੂੰਹ ਵਿਚੋਂ ਕੱਢ ਲਿਆਂਦਾ ਹੈ।”
ਉਹਨਾਂ ਥੋੜ੍ਹੇ ਜਿਹੇ ਸ਼ਬਦਾਂ ਵਿਚ ਬੜਾ ਕੁਝ ਸੀ…ਭਾਵਨਾਵਾਂ ਦਾ ਇਕ ਪੂਰਾ ਸਮੁੰਦਰ। ਮੈਂ ਆਪਣੀ ਪਤਨੀ ਨਾਲ ਇਸ ਦਾ ਜ਼ਿਕਰ ਬੜੀ ਭਾਵੁਕਤਾ ਨਾਲ ਕੀਤਾ ਤਾਂ ਉਸਨੇ ਪ੍ਰਭਾਵਿਤ ਹੋ ਕੇ ਸਿਰਫ ਏਨਾ ਕਿਹਾ, “ਅਜਿਹੀਆਂ ਔਰਤਾਂ ਅਕਸਰ, ਸੇਵਾ ਭਾਵ ਵਾਲੀਆਂ ਹੁੰਦੀਆਂ ਨੇ।”
ਮੈਂ ਚੱਡੇ ਨੂੰ ਦੋ ਤਿੰਨ ਖ਼ਤ ਲਿਖੇ, ਜਿਹਨਾਂ ਦਾ ਜਵਾਬ ਨਹੀਂ ਆਇਆ। ਪਿੱਛੋਂ ਪਤਾ ਲੱਗਿਆ ਕਿ ਮੰਮੀ ਨੇ ਉਸਨੂੰ ਜਲਵਾਯੂ ਬਦਲਣ ਲਈ ਆਪਣੀ ਇਕ ਸਹੇਲੀ ਕੋਲ ਸੋਨਾਵਾਲ ਭੇਜ ਦਿੱਤਾ ਸੀ। ਚੱਡਾ ਬੜੀ ਮੁਸ਼ਕਿਲ ਨਾਲ ਉੱਥੇ ਇਕ ਹਫ਼ਤਾ ਰਿਹਾ ਤੇ ਉਕਤਾਅ ਕੇ ਵਾਪਸ ਆ ਗਿਆ। ਜਿਸ ਦਿਨ ਉਹ ਪੂਨੇ ਪਹੁੰਚਿਆ, ਸਬੱਬ ਨਾਲ ਮੈਂ ਉੱਥੇ ਹੀ ਸਾਂ। ਪਲੇਗ ਦੇ ਜਬਰਦਸਤ ਹਮਲੇ ਕਾਰਨ ਉਹ ਬੜਾ ਕਮਜ਼ੋਰ ਹੋ ਗਿਆ ਸੀ, ਪਰ ਉਸਦਾ ਹੁਲੜ੍ਹ ਮਚਾਉਣ ਵਾਲਾ ਸੁਭਾਅ ਅੱਜ ਵੀ ਤਿਵੇਂ ਦਾ ਤਿਵੇਂ ਹੀ ਸੀ। ਆਪਣੀ ਬੀਮਾਰੀ ਦਾ ਜ਼ਿਕਰ ਉਸਨੇ ਇੰਜ ਕੀਤਾ, ਜਿਵੇਂ ਆਦਮੀ ਸਾਈਕਲ ਦੀ ਮਾਮੂਲੀ ਜਿਹੀ ਫੇਟ ਦਾ ਕਿੱਸਾ ਸੁਨਾਉਂਦਾ ਹੈ। ਹੁਣ ਜਦੋਂ ਕਿ ਉਹ ਬਚ ਗਿਆ ਸੀ, ਆਪਣੀ ਖ਼ਤਰਨਾਕ ਬੀਮਾਰੀ ਬਾਰੇ ਗੱਲ ਕਰਨਾ ਫਜ਼ੂਲ ਸਮਝਦਾ ਸੀ।
ਸਈਦਾ ਕਾਟੇਜ ਵਿਚ ਚੱਡੇ ਦੀ ਗੈਰਹਾਜ਼ਰੀ ਵਿਚ ਨਿੱਕੇ-ਨਿੱਕੇ ਕਈ ਪਰੀਵਰਤਨ ਹੋਏ ਸਨ। ਅਕੀਲ ਤੇ ਸ਼ਕੀ ਕਿਤੇ ਹੋਰ ਚਲੇ ਗਏ ਸਨ ਕਿਉਂਕਿ ਉਹਨਾਂ ਆਪਣੀ ਨਵੀਂ ਫ਼ਿਲਮ ਕੰਪਨੀ ਖੋਲ੍ਹਣੀ ਸੀ, ਜਿਸ ਲਈ ਉਹਨਾਂ ਨੂੰ ਸਈਦਾ ਕਾਟੇਜ ਦਾ ਮਾਹੌਲ ਠੀਕ ਨਹੀਂ ਸੀ ਲੱਗਿਆ।
ਉਹਨਾਂ ਦੀ ਜਗ੍ਹਾ ਇਕ ਬੰਗਾਲੀ ਮਿਊਜ਼ਿਕ ਡਾਇਰੈਕਟਰ ਆ ਗਿਆ ਸੀ। ਉਸਦਾ ਨਾਂਅ ਸੈਨ ਸੀ। ਉਸ ਨਾਲ ਲਾਹੌਰ ਤੋਂ ਭੱਜਿਆ ਹੋਇਆ ਇਕ ਮੁੰਡਾ ਰਾਮਸਿੰਘ ਰਹਿੰਦਾ ਸੀ। ਸਈਦਾ ਕਾਟੇਜ ਵਿਚ ਰਹਿਣ ਵਾਲੇ ਸਾਰੇ ਲੋਕ ਹੀ ਉਸ ਤੋਂ ਆਪਣੇ ਕੰਮ ਕਰਵਾ ਲੈਂਦੇ ਸਨ। ਸੁਭਾਅ ਦਾ ਬੜਾ ਨਰਮ ਤੇ ਸਾਰਿਆਂ ਦਾ ਸੇਵਾਦਾਰ ਸੀ। ਚੱਡੇ ਕੋਲ ਉਹ ਉਦੋਂ ਆਇਆ ਸੀ ਜਦੋਂ ਉਹ ਮੰਮੀ ਦੇ ਕਹਿਣ ‘ਤੇ ਸੋਨਾਵਾਲਾ ਜਾ ਰਿਹਾ ਸੀ। ਉਸਨੇ ਗਰੀਬ ਨਿਵਾਜ਼ ਤੇ ਰਣਜੀਤ ਨੂੰ ਕਹਿ ਦਿੱਤਾ ਸੀ ਕਿ ਉਸਨੂੰ ਸਈਦਾ ਕਾਟੇਜ ਵਿਚ ਰੱਖ ਲਿਆ ਜਾਵੇ। ਸੇਨ ਦੇ ਕਮਰੇ ਵਿਚ ਕਿਉਂਕਿ ਜਗ੍ਹਾ ਖਾਲੀ ਸੀ, ਇਸ ਲਈ ਉਸਨੇ ਉੱਥੇ ਹੀ ਆਪਣਾ ਡੇਰਾ ਲਾ ਲਿਆ ਸੀ।
ਰਣਜੀਤ ਕੁਮਾਰ ਨੂੰ ਕੰਪਨੀ ਦੀ ਨਵੀਂ ਫ਼ਿਲਮ ਲਈ ਹੀਰੋ ਵਜੋਂ ਚੁਣ ਲਿਆ ਗਿਆ ਸੀ ਤੇ ਉਸ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇ ਫ਼ਿਲਮ ਸਫਲ ਹੋਈ ਤਾਂ ਉਸਨੂੰ ਦੂਜੀ ਫ਼ਿਲਮ ਡਾਇਰੈਕਟ ਕਰਨ ਦਾ ਮੌਕਾ ਦਿੱਤਾ ਜਾਏਗਾ। ਚੱਡਾ ਆਪਣੀ ਦੋ ਸਾਲਾਂ ਦੀ ਪੈਂਡਿੰਗ ਤਨਖ਼ਾਹ ਵਿਚੋਂ ਡੇਢ ਹਜ਼ਾਰ ਰੁਪਏ ਯਕ-ਮੁਸ਼ਤ ਪ੍ਰਾਪਤ ਕਰਨ ਵਿਚ ਸਫਲ ਹੋ ਗਿਆ ਸੀ, ਇਸ ਲਈ ਉਸਨੇ ਰਣਜੀਤ ਕੁਮਾਰ ਨੂੰ ਕਿਹਾ ਸੀ, “ਮੇਰੀ ਜਾਨ, ਜੇ ਕੁਝ ਵਸੂਲ ਕਰਨਾ ਚਾਹੁੰਦੇ ਹੋ ਤਾਂ ਮੇਰੇ ਵਾਂਗ ‘ਪਲੇਗ-ਰੋਗੀ’ ਹੋ ਜਾਓ…ਹੀਰੋ ਤੇ ਡਾਇਰੈਕਟਰ ਬਣਨ ਨਾਲੋਂ, ਇਹ ਵਧੇਰੇ ਚੰਗਾ ਏ।”
ਗਰੀਬ ਨਿਵਾਜ਼ ਕੁਝ ਦਿਨ ਪਹਿਲਾਂ ਹੀ ਹੈਦਰਾਬਾਦ ਹੋ ਕੇ ਆਇਆ ਸੀ, ਇਸ ਲਈ ਸਈਦਾ ਕਾਟੇਜ ਖੁਸ਼ਹਾਲ ਨਜ਼ਰ ਆ ਰਿਹਾ ਸੀ। ਮੈਂ ਦੇਖਿਆ, ਗੈਰੇਜ ਦੇ ਬਾਹਰ ਲਾਂਅ ਉੱਤੇ ਅਜਿਹੀਆਂ ਕਮੀਜ਼ਾਂ ਤੇ ਸਲਵਾਰਾਂ ਲਟਕ ਰਹੀਆਂ ਸਨ, ਜਿਹਨਾਂ ਦਾ ਕੱਪੜਾ ਚੰਗਾ ਤੇ ਕੀਮਤੀ ਸੀ। ਸ਼ੀਰੀਂ ਦੇ ਬੱਚੇ ਕੋਲ ਨਵੇਂ ਖਿਡੌਣੇ ਸਨ।
ਮੈਨੂੰ ਪੂਨੇ ਵਿਚ ਪੰਦਰਾਂ ਦਿਨ ਰਹਿਣਾ ਪਿਆ। ਮੇਰਾ ਪੁਰਾਣਾ ਫ਼ਿਲਮਾਂ ਦਾ ਸਾਥੀ ਹੁਣ ਨਵੀਂ ਫ਼ਿਲਮ ਦੀ ਹੀਰੋਇਨ ਨੂੰ ਪਿਆਰ ਦੀ ਫਾਹੀ ਵਿਚ ਫਾਹੁਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਡਰਦਾ ਸੀ, ਕਿਉਂਕਿ ਇਹ ਹੀਰੋਇਨ ਪੰਜਾਬਣ ਸੀ ਤੇ ਉਸਦਾ ਪਤੀ ਵੱਡੀਆਂ-ਵੱਡੀਆਂ ਮੁੱਛਾਂ ਵਾਲਾ ਹੱਟਾ-ਕੱਟਾ ਮੁਸ਼ਟੰਡਾ। ਚੱਡੇ ਨੇ ਸਲਾਹ ਦਿੱਤੀ ਸੀ, “ਕੋਈ ਪ੍ਰਵਾਹ ਨਾ ਕਰੀਂ, ਉਸ ਸਾਲੇ ਦੀ…ਜਿਸ ਪੰਜਾਬੀ ਐਕਟ੍ਰੇਸ ਦਾ ਪਤੀ ਵੱਡੀਆਂ ਮੁੱਛਾਂ ਵਾਲਾ ਪਹਿਲਵਾਨ ਹੋਵੇ, ਉਹ ਇਸ਼ਕ ਦੇ ਮੈਦਾਨ ਵਿਚ ਜ਼ਰੂਰ ਚਾਰੋ ਖਾਨੇ ਚਿੱਤ ਡਿੱਗਿਆ ਹੁੰਦੈ। ਬਸ ਏਨਾ ਕਰ ਕਿ ਸੌ ਰੁਪਏ ਫੀ ਗਾਲ੍ਹ ਦੇ ਹਿਸਾਬ ਨਾਲ ਮੈਥੋਂ ਦਸ-ਵੀਹ ਹੈਵੀ-ਵੇਟ ਗਾਲ੍ਹਾਂ ਸਿਖ ਲੈ। ਉਹ ਤੇਰੇ ਔਖੇ ਵੇਲੇ ਬੜਾ ਕੰਮ ਆਇਆ ਕਰਨਗੀਆਂ।”
ਹਰੀਸ਼ ਇਕ ਬੋਤਲ ਫੀ ਗਾਲ੍ਹ ਦੇ ਹਿਸਾਬ ਨਾਲ ਛੇ ਗਾਲ੍ਹਾਂ ਠੇਠ ਪੰਜਾਬੀ ਲਹਿਜ਼ੇ ਵਿਚ ਯਾਦ ਕਰ ਚੁੱਕਿਆ ਸੀ, ਪਰ ਅਜੇ ਤਕ ਉਸਨੂੰ ਆਪਣੇ ਇਸ਼ਕ ਦੇ ਰਸਤੇ ਵਿਚ ਕੋਈ ਅਜਿਹੀ ਔਕੜ ਨਹੀਂ ਸੀ ਆਈ ਕਿ ਉਹ ਉਹਨਾਂ ਦਾ ਪ੍ਰਭਾਵ ਵੇਖ ਸਕੇ।
ਮੰਮੀ ਦੇ ਘਰ ਪਹਿਲਾਂ ਵਾਂਗ ਹੀ ਮਹਿਫ਼ਿਲਾਂ ਸਜਦੀਆਂ ਸਨ। ਪੋਲੀ, ਡੋਲੀ, ਕਿੱਟੀ, ਐਲਿਮਾ, ਥੈਲਿਮਾ ਆਦਿ ਸਾਰੀਆਂ ਆਉਂਦੀਆਂ ਸਨ। ਵਣਕਤਰੇ ਪਹਿਲਾਂ ਵਾਂਗ ਹੀ ਥੈਲਿਮਾ ਨੂੰ ਕਥਾਕਲੀ ਤੇ ਤਾਂਡਵ ਨਾਚ ਦੀ ‘ਤਾ-ਥਈ’, ਤੇ ‘ਧਾ- ਨੀ-ਨਾ-ਕਤ’ ਦਾ ‘ਵਨ-ਟੂ-ਥਰੀ’ ਬਣਾ-ਬਣਾ ਕੇ ਦਸਦਾ ਸੀ, ਤੇ ਉਹ ਉਸਨੂੰ ਸਿੱਖਣ ਦੀ ਪੂਰੀ ਕੋਸ਼ਿਸ਼ ਕਰਦੀ ਸੀ। ਗਰੀਬ ਨਿਵਾਜ਼ ਉਸੇ ਤਰ੍ਹਾਂ ਕਰਜੇ ਦੇ ਰਿਹਾ ਸੀ, ਤੇ ਰਣਜੀਤ ਕੁਮਾਰ ਜਿਸ ਨੂੰ ਹੁਣ ਕੰਪਨੀ ਵਿਚ ਨਵੀਂ ਫ਼ਿਲਮ ਦੇ ਹੀਰੋ ਦਾ ਚਾਂਸ ਮਿਲ ਰਿਹਾ ਸੀ, ਉਹਨਾਂ ਵਿਚੋਂ ਕਿਸੇ ਵੀ ਇਕ ਨੂੰ ਬਾਹਰ ਖੁੱਲ੍ਹੀ ਹਵਾ ਵਿਚ ਲੈ ਜਾਂਦਾ ਸੀ—ਚੱਡੇ ਦੇ ਨੰਗੇ ਚਿੱਟੇ ਮਜ਼ਾਕ ਸੁਣ-ਸੁਣ ਕੇ ਉਸੇ ਤਰ੍ਹਾਂ ਠਹਾਕੇ ਗੂੰਜਦੇ ਸਨ—ਇਕ ਸਿਰਫ ਉਹ ਨਹੀਂ ਸੀ ਹੁੰਦੀ…ਉਹ, ਜਿਸਦੇ ਵਾਲਾਂ ਦੇ ਰੰਗ ਦੀ ਸਹੀ ਉਪਮਾ ਲੱਭਣ ਲਈ ਚੱਡੇ ਨੇ ਕਾਫੀ ਸਮਾਂ ਲਾਇਆ ਸੀ। ਤੇ ਇਹਨਾਂ ਮਹਿਫਿਲਾਂ ਵਿਚ ਹੁਣ ਚੱਡੇ ਦੀਆਂ ਨਜ਼ਰਾਂ ਉਸਨੂੰ ਲੱਭਦੀਆਂ ਵੀ ਨਹੀਂ ਸਨ। ਪਰ ਫੇਰ ਵੀ ਜਦੋਂ ਕਦੀ ਚੱਡੇ ਦੀਆਂ ਨਜ਼ਰਾਂ ਮੰਮੀ ਦੀਆਂ ਨਜ਼ਰਾਂ ਨਾਲ ਟਕਰਾਅ ਕੇ ਝੁਕ ਜਾਂਦੀਆਂ ਤਾਂ ਮੈਂ ਮਹਿਸੂਸ ਕਰਦਾ ਕਿ ਉਸਨੂੰ ਆਪਣੀ ਉਸ ਰਾਤ ਦੀ ਦੀਵਾਨਗੀ ਦਾ ਅਫ਼ਸੋਸ ਹੈ। ਅਜਿਹਾ ਅਫ਼ਸੋਸ, ਜਿਸਨੂੰ ਯਾਦ ਕਰਕੇ ਉਸਨੂੰ ਤਕਲੀਫ ਹੁੰਦੀ ਹੈ। ਫੇਰ ਵੀ ਚੌਥੇ ਪੈਗ ਪਿੱਛੋਂ ਕਦੇ-ਕਦਾਰ ਇਕ-ਅੱਧਾ ਅਜਿਹਾ ਵਾਕ ਉਸਦੇ ਮੂੰਹੋਂ ਨਿਕਲ ਹੀ ਜਾਂਦਾ ਸੀ, “ਓਇ ਚੱਡਿਆ, ਯੂ ਆਰ ਏ ਡੇਮ ਬਰੂਟ!”
ਇਹ ਸੁਣ ਕੇ ਮੰਮੀ ਬੁੱਲ੍ਹਾਂ ਵਿਚ ਮੁਸਕਰਾ ਪੈਂਦੀ, ਜਿਵੇਂ ਉਹ ਉਸ ਮੁਸਕਰਾਹਟ ਦੀ ਮਿਠਾਸ ਵਿਚ ਲਪੇਟ ਕੇ ਕਹਿ ਰਹੀ ਹੋਵੇ—’ਡਾਂਟ ਟਾਕ ਰਾਟ!”
ਵਣਕਤਰੇ ਨਾਲ ਪਹਿਲਾਂ ਵਾਂਗ ਹੀ ਉਸਦੀ ਚਖ਼ਚਖ਼ ਚਲਦੀ ਸੀ। ਨਸ਼ੇ ਵਿਚ ਆ ਕੇ ਜਦੋਂ ਵੀ ਉਹ ਆਪਣੇ ਪਿਓ ਦੀ ਪ੍ਰਸ਼ੰਸਾ ਵਿਚ ਜਾਂ ਆਪਣੀ ਪਤਨੀ ਦੀ ਸੁੰਦਰਤਾ ਦੇ ਸੰਬੰਧ ਵਿਚ ਕੁਝ ਕਹਿਣ ਲੱਗਦਾ, ਉਹ ਉਸਦੀ ਗੱਲ ਵੱਡੇ ਗੰਡਾਸੇ ਨਾਲ ਟੁੱਕ ਦੇਂਦਾ। ਉਹ ਵਿਚਾਰਾ ਚੁੱਪ ਹੋ ਜਾਂਦਾ ਤੇ ਆਪਣਾ ਮੈਟ੍ਰੀਕੁਲੇਸ਼ਨ ਦਾ ਸਰਇਫਿਕੇਟ ਤੈਹ ਕਰਕੇ ਜੇਬ ਵਿਚ ਪਾ ਲੈਂਦਾ।
ਮੰਮੀ, ਉਹੀ ਮੰਮੀ ਸੀ…ਪੋਲੀ ਦੀ ਮੰਮੀ, ਡੋਲੀ ਦੀ ਮੰਮੀ, ਚੱਡੇ ਦੀ ਮੰਮੀ, ਰਣਜੀਤ ਕੁਮਾਰ ਦੀ ਮੰਮੀ। ਸੋਢੇ ਦੀਆਂ ਬੋਤਲਾਂ, ਖਾਣ-ਪੀਣ ਦੇ ਸਾਮਾਨ ਤੇ ਮਹਿਫਲ ਜਮਾਉਣ ਵਾਲੇ ਦੂਜੇ ਸਾਜ-ਸਾਮਾਨ ਦੇ ਪ੍ਰਬੰਧ ਵਿਚ ਉਹ ਓਵੇਂ ਹੀ ਸਨੇਹ-ਭਿੱਜੀ ਦਿਲਚਸਪੀ ਨਾਲ ਹਿੱਸਾ ਲੈਂਦੀ। ਉਸਦੇ ਚਿਹਰੇ ਦਾ ਮੇਕਅੱਪ ਵੀ ਓਨਾਂ ਹੀ ਵਾਹਿਯਾਤ ਹੁੰਦਾ ਸੀ। ਉਸਦੇ ਕੱਪੜੇ ਉਸੇ ਤਰ੍ਹਾਂ ਭੜਕੀਲੇ ਸਨ। ਲਾਲੀ ਦੀਆਂ ਤੇਹਾਂ ਹੇਠੋਂ ਉਸਦੀਆਂ ਝੁਰੜੀਆਂ ਓਵੇਂ ਹੀ ਝਾਕਦੀਆਂ ਸਨ, ਪਰ ਮੈਨੂੰ ਹੁਣ ਪਵਿੱਤਰ ਦਿਖਾਈ ਦਿੰਦੀਆਂ ਸਨ। ਏਨੀਆਂ ਪਵਿੱਤਰ ਕਿ ਪਲੇਗ ਦੇ ਕਿਟਾਣੂੰ ਉਹਨਾਂ ਤਕ ਨਹੀਂ ਸੀ ਪਹੁੰਚ ਸਕੇ। ਡਰ ਕੇ ਕਿਤੇ ਨੱਸ ਗਏ ਸਨ…ਚੱਡੇ ਦੇ ਸਰੀਰ ਵਿਚੋਂ ਵੀ ਨਿਕਲ ਕੇ ਨੱਸ ਗਏ ਸਨ, ਕਿਉਂਕਿ ਉਹ ਉਹਨਾਂ ਝੁਰੜੀਆਂ ਦੀ ਛਤਰ-ਛਾਇਆ ਹੇਠ ਜੋ ਸੀ—ਉਹ ਪਵਿੱਤਰ ਝੁਰੜੀਆਂ ਜਿਹੜੀਆਂ ਹਰ ਵੇਲੇ ਬੜੇ ਹੀ ਵਾਹਿਯਾਤ ਰੰਗਾਂ ਨਾਲ ਲਿੱਪੀਆਂ ਹੁੰਦੀਆਂ ਸਨ।
ਵਣਕਤਰੇ ਦੀ ਖੂਬਸੂਰਤ ਪਤਨੀ ਦਾ ਜਦੋਂ ਗਰਭਪਾਤ ਹੋਇਆ ਸੀ ਤਾਂ ਮੰਮੀ ਦੀ ਝਟਫਟ ਸਹਾਇਤਾ ਨੇ ਉਸਦੀ ਜਾਨ ਬਚਾਈ ਸੀ। ਥੈਲਿਮਾ ਜਦੋਂ ਹਿੰਦੁਸਤਾਨੀ ਨਾਚ ਸਿੱਖਣ ਦੇ ਸ਼ੌਕ ਵਿਚ ਇਕ ਮਾਰਵਾੜੀ ਕਥਕ ਦੇ ਹੱਥੇ ਚੜ੍ਹ ਗਈ, ਤੇ ਉਸ ਸੌਦੇ ਵਿਚ ਜਦੋਂ ਇਕ ਦਿਨ ਉਸਨੂੰ ਪਤਾ ਲੱਗਿਆ ਕਿ ਉਸਨੇ ਇਕ ਖ਼ਤਰਨਾਕ ਰੋਗ ਖਰੀਦ ਲਿਆ ਹੈ ਤਾਂ ਮੰਮੀ ਨੇ ਉਸਨੂੰ ਬੜਾ ਝਿੜਕਿਆ ਸੀ ਤੇ ਉਸ ਨਾਲ ਕੋਈ ਸੰਬੰਧ ਨਾ ਰੱਖਣ ਦੀ ਪੱਕੀ ਠਾਣ ਲਈ ਸੀ, ਪਰ ਫੇਰ ਉਸ ਦੀਆਂ ਅੱਖਾਂ ਵਿਚ ਅੱਥਰੂ ਦੇਖ ਕੇ ਉਸਦਾ ਦਿਲ ਪਸੀਜ ਗਿਆ ਸੀ। ਉਸਨੇ ਉਸੇ ਦਿਨ ਸ਼ਾਮ ਨੂੰ ਆਪਣੇ ਪੁੱਤਰਾਂ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਥੈਲਿਮਾ ਦਾ ਇਲਾਜ਼ ਕਰਵਾਉਣ। ਕਿੱਟੀ ਨੂੰ ਇਕ ਪਜ਼ਲ (ਬੁਝਾਰਤ) ਹੱਲ ਕਰਨ ਬਦਲੇ ਪੰਜ ਸੌ ਰੁਪਏ ਦਾ ਇਨਾਮ ਮਿਲਿਆ ਸੀ ਤੇ ਮੰਮੀ ਨੇ ਉਸਨੂੰ ਮਜ਼ਬੂਰ ਕੀਤਾ ਸੀ ਕਿ ਘੱਟੋਘੱਟ ਅੱਧੇ ਰੁਪਏ ਗਰੀਬ ਨਿਵਾਜ਼ ਨੂੰ ਦੇ ਦੇਵੇ, ਕਿਉਂਕਿ ਉਦੋਂ ਗਰੀਬ ਦਾ ਹੱਥ ਤੰਗ ਸੀ। ਉਸਨੇ ਕਿੱਟੀ ਨੂੰ ਕਿਹਾ ਸੀ, “ਤੂੰ ਇਸ ਮੌਕੇ ਉਸਨੂੰ ਦੇ ਦੇ—ਬਾਅਦ ਵਿਚ ਲੈਂਦੀ ਰਹੀਂ।” ਤੇ ਉਸਨੇ ਮੇਰੀ ਪੰਦਰਾਂ ਦਿਨ ਦੀ ਠਾਹਰ ਦੌਰਾਨ ਕਈ ਵਾਰੀ ਮੇਰੀ ਮਿਸੇਜ ਬਾਰੇ ਪੁੱਛਿਆ ਸੀ ਤੇ ਦੁੱਖ ਪ੍ਰਗਟ ਕੀਤਾ ਸੀ ਕਿ ਪਹਿਲੇ ਬੱਚੇ ਦੀ ਮੌਤ ਨੂੰ ਏਨੇ ਸਾਲ ਹੋ ਗਏ ਨੇ, ਦੂਜਾ ਬੱਚਾ ਕਿਉਂ ਨਹੀਂ ਹੋਇਆ। ਰਣਜੀਤ ਕੁਮਾਰ ਨਾਲ ਉਹ ਬਹੁਤੀ ਖੁੱਲ੍ਹ ਕੇ ਗੱਲਬਾਤ ਨਹੀਂ ਸੀ ਕਰਦੀ। ਇੰਜ ਜਾਪਦਾ ਸੀ ਜਿਵੇਂ ਉਸਦੀ ਦਿਖਾਵੇ ਵਾਲੀ ਆਦਤ ਉਸਨੂੰ ਚੰਗੀ ਨਹੀਂ ਸੀ ਲੱਗਦੀ। ਮੇਰੇ ਸਾਹਮਣੇ ਵੀ ਇਕ ਦੋ ਵਾਰੀ ਇਸ ਦੀ ਚਰਚਾ ਕਰ ਚੁੱਕੀ ਸੀ। ਮਿਊਜ਼ਿਕ ਡਾਇਰੈਕਟਰ ਸੈਨ ਨੂੰ ਉਹ ਨਫ਼ਰਤ ਕਰਦੀ ਸੀ। ਚੱਡਾ ਉਸਨੂੰ ਆਪਣੇ ਨਾਲ ਲੈ ਆਉਂਦਾ ਸੀ ਤਾਂ ਉਹ ਉਸਨੂੰ ਕਹਿੰਦੀ ਸੀ, “ਅਜਿਹੇ ਜ਼ਲੀਲ ਆਦਮੀ ਨੂੰ ਇੱਥੇ ਨਾ ਲਿਆਇਆ ਕਰੋ।” ਚੱਡਾ ਉਸਨੂੰ ਕਾਰਣ ਪੁੱਛਦਾ ਤਾਂ ਉਹ ਬੜੀ ਗੰਭੀਰਤਾ ਨਾਲ ਉਤਰ ਦੇਂਦੀ, “ਮੈਨੂੰ ਇਹ ਆਦਮੀ ਓਪਰਾ-ਓਪਰਾ ਜਿਹਾ ਲੱਗਦਾ ਹੈ, ਬਸ—ਜਚਦਾ ਨਹੀਂ ਮੇਰੇ ਦਿਲ ਨੂੰ।” ਇਹ ਸੁਣ ਕੇ ਚੱਡਾ ਹੱਸ ਪੈਂਦਾ ਸੀ।
ਮੰਮੀ ਦੀਆਂ ਮਹਿਫ਼ਿਲਾਂ ਵਿਚੋਂ ਪਿਆਰ ਭਰਿਆ ਨਿੱਘ ਲੈ ਕੇ ਮੈਂ ਵਾਪਸ ਬੰਬਈ ਚਲਾ ਗਿਆ। ਇਹਨਾਂ ਮਹਿਫ਼ਿਲਾਂ ਵਿਚ ਸ਼ਰਾਬ ਦੀ ਮਸਤੀ ਸੀ, ਸੈਕਸ ਸੀ, ਪਰ ਕੋਈ ਓਹਲਾ ਨਹੀਂ ਸੀ। ਹਰ ਚੀਜ਼ ਗਰਭਵਤੀ ਜ਼ਨਾਨੀ ਦੇ ਢਿੱਡ ਵਾਂਗ ਸਪਸ਼ਟ ਸੀ। ਉਸੇ ਤਰ੍ਹਾਂ ਉੱਭਰੀ ਹੋਈ, ਦੇਖਣ ਵਿਚ ਉਸੇ ਵਾਂਗ ਕੁਢੱਬੀ ਤੇ ਚੌਂਧੀ ਲਾ ਦੇਣ ਵਾਲੀ, ਪਰ ਅਸਲ ਵਿਚ ਬੜੀ ਹੀ ਸਭਿਅਕ ਤੇ ਆਪਣੀ ਜਗ੍ਹਾ ਸਥਿਰ।
ਦੂਜੇ ਦਿਨ ਅਖ਼ਬਾਰਾਂ ਵਿਚ ਪੜ੍ਹਿਆ ਕਿ ਸਈਦਾ ਕਾਟੇਜ ਵਿਚ ਮਿਊਜ਼ਿਕ ਡਾਇਰੈਕਟਰ ਸੈਨ ਮਾਰਿਆ ਗਿਆ ਹੈ। ਉਸਦੀ ਹੱਤਿਆ ਕਰਨ ਵਾਲਾ ਕੋਈ ਰਾਮ ਸਿੰਘ ਹੈ, ਜਿਸਦੀ ਉਮਰ ਚੌਦਾਂ ਪੰਦਰਾਂ ਸਾਲ ਦੇ ਲਗਭਗ ਦੱਸੀ ਜਾਂਦੀ ਹੈ। ਮੈਂ ਤੁਰੰਤ ਪੂਨੇ ਫ਼ੋਨ ਕੀਤਾ, ਪਰ ਫ਼ੋਨ ‘ਤੇ ਕੋਈ ਨਾ ਮਿਲ ਸਕਿਆ।
ਇਕ ਹਫ਼ਤੇ ਬਾਅਦ ਚੱਡੇ ਦਾ ਖ਼ਤ ਆਇਆ, ਜਿਸ ਵਿਚ ਉਸ ਹੱਤਿਆ ਕਾਂਢ ਦਾ ਪੂਰਾ ਵੇਰਵਾ ਸੀ। ਰਾਤ ਨੂੰ ਸਾਰੇ ਸੁੱਤੇ ਹੋਏ ਸਨ ਕਿ ਅਚਾਨਕ ਚੱਡੇ ਦੇ ਪਲੰਘ ਉਪਰ ਕੋਈ ਡਿੱਗਿਆ। ਉਹ ਘਬਰਾ ਕੇ ਉਠ ਖੜ੍ਹਾ ਹੋਇਆ। ਬਿਜਲੀ ਜਗਾਈ ਤਾਂ ਦੇਖਿਆ, ਸੈਨ ਹੈ, ਖ਼ੂਨ ਵਿਚ ਲੱਥਪੱਥ। ਚੱਡਾ ਅਜੇ ਪੂਰੀ ਤਰ੍ਹਾਂ ਚਤੰਨ ਵੀ ਨਹੀਂ ਸੀ ਹੋਇਆ ਕਿ ਦਰਵਾਜ਼ੇ ਵਿਚ ਰਾਮਸਿੰਘ ਖੜ੍ਹਾ ਦਿਖਾਈ ਦਿੱਤਾ। ਉਸਦੇ ਹੱਥ ਵਿਚ ਛੁਰੀ ਸੀ। ਤੁਰੰਤ ਹੀ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਵੀ ਆ ਗਏ। ਸਾਰਾ ਸਈਦਾ ਕਾਟੇਜ ਜਾਗ ਪਿਆ। ਰਣਜੀਤ ਕੁਮਾਰ ਤੇ ਗਰੀਬ ਨਿਵਾਜ਼ ਨੇ ਰਾਮਸਿੰਘ ਨੂੰ ਫੜ੍ਹ ਲਿਆ ਤੇ ਉਸਦੇ ਹੱਥੋਂ ਛੁਰੀ ਖੋਹ ਲਈ। ਚੱਡੇ ਨੇ ਸੈਨ ਨੂੰ ਆਪਣੇ ਪਲੰਘ ਉੱਤੇ ਲਿਟਾਅ ਦਿੱਤਾ ਤੇ ਉਸਦੇ ਜ਼ਖ਼ਮ ਬਾਰੇ ਕੁਝ ਪੁੱਛਣਾ ਹੀ ਚਾਹੁੰਦਾ ਸੀ ਕਿ ਉਸਨੇ ਆਖ਼ਰੀ ਹਿਚਕੀ ਲਈ ਤੇ ਠੰਡਾ ਹੋ ਗਿਆ।
ਰਾਮ ਸਿੰਘ ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਦੀ ਜਕੜ ਵਿਚ ਸੀ, ਪਰ ਉਹ ਦੋਵੇਂ ਕੰਬ ਰਹੇ ਸਨ। ਸੈਨ ਮਰ ਗਿਆ ਤਾਂ ਰਾਮਸਿੰਘ ਨੇ ਚੱਡੇ ਨੂੰ ਪੁੱਛਿਆ, “ਭਾਪਾਜੀ…ਮਰ ਗਿਆ?”
ਚੱਡੇ ਨੇ ‘ਹਾਂ’ ਵਿਚ ਉਤਰ ਦਿੱਤਾ, ਤਾਂ ਰਾਮ ਸਿੰਘ ਨੇ ਰਣਜੀਤ ਕੁਮਾਰ ਤੇ ਗਰੀਬ ਨਿਵਾਜ਼ ਨੂੰ ਕਿਹਾ, “ਮੈਨੂੰ ਛੱਡ ਦਿਓ, ਮੈਂ ਭੱਜਾਂਗਾ ਨਹੀਂ।”
ਚੱਡੇ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ…ਉਸਨੇ ਤੁਰੰਤ ਨੌਕਰ ਨੂੰ ਭੇਜ ਕੇ ਮੰਮੀ ਨੂੰ ਬੁਲਾਅ ਲਿਆ। ਮੰਮੀ ਆਈ ਤਾਂ ਸਾਰੇ ਨਿਸ਼ਚਿੰਤ ਹੋ ਗਏ ਕਿ ਹੁਣ ਮਾਮਲਾ ਸੁਲਝ ਜਾਏਗਾ। ਉਸਨੇ ਰਾਮਸਿੰਘ ਨੂੰ ਛੁਡਵਾ ਦਿੱਤਾ ਤੇ ਥੋੜ੍ਹੀ ਦੇਰ ਬਾਅਦ ਆਪਣੇ ਨਾਲ ਥਾਨੇ ਲੈ ਗਈ ਤੇ ਉਸਦਾ ਬਿਆਨ ਦਰਜ ਕਰਵਾ ਦਿੱਤਾ। ਇਸ ਪਿੱਛੋਂ ਚੱਡਾ ਤੇ ਉਸਦੇ ਸਾਥੀ ਕਈ ਦਿਨ ਤਕ ਪ੍ਰੇਸ਼ਾਨ ਰਹੇ। ਪੁਲਿਸ ਦੀ ਪੁੱਛਗਿੱਛ, ਬਿਆਨ, ਫੇਰ ਅਦਾਲਤ ਵਿਚ ਮੁਕੱਦਮੇ ਦੀ ਪੈਰਵੀ। ਮੰਮੀ ਇਸ ਦੌਰਾਨ ਖਾਸੀ ਭੱਜ-ਨੱਠ ਕਰਦੀ ਰਹੀ। ਚੱਡੇ ਨੂੰ ਵਿਸ਼ਵਾਸ ਸੀ ਕਿ ਰਾਮਸਿੰਘ ਬਰੀ ਹੋ ਜਾਏਗਾ, ਤੇ ਇਵੇਂ ਹੀ ਹੋਇਆ। ਅਦਾਲਤ ਨੇ ਉਸਨੂੰ ਸਾਫ ਬਰੀ ਕਰ ਦਿੱਤਾ। ਅਦਾਲਤ ਵਿਚ ਉਸਦਾ ਉਹੀ ਬਿਆਨ ਸੀ, ਜਿਹੜਾ ਉਸਨੇ ਥਾਨੇ ਵਿਚ ਦਿੱਤਾ ਸੀ। ਮੰਮੀ ਨੇ ਉਸਨੂੰ ਕਿਹਾ ਸੀ, “ਪੁੱਤਰ, ਘਬਰਾਉਣਾ ਨਹੀਂ, ਜੋ ਕੁਝ ਹੋਇਐ, ਸੱਚ-ਸੱਚ ਦੱਸ ਦੇਅ।” ਤੇ ਉਸਨੇ ਸਾਰੀ ਗੱਲ ਜਿਵੇਂ ਦੀ ਤਿਵੇਂ ਬਿਆਨ ਕਰ ਦਿੱਤੀ ਸੀ ਕਿ ‘ਸੈਨ ਨੇ ਉਸਨੂੰ ਪਲੇਬੈਕ ਸਿੰਗਰ ਬਣਾ ਦੇਣ ਦਾ ਲਾਲਚ ਦਿੱਤਾ ਸੀ। ਖ਼ੁਦ ਉਸਨੂੰ ਵੀ ਸੰਗੀਤ ਨਾਲ ਬੜਾ ਪਿਆਰ ਸੀ ਤੇ ਸੈਨ ਬੜਾ ਚੰਗਾ ਗਵਈਆ ਸੀ। ਉਹ ਇਸ ਚੱਕਰ ਵਿਚ ਆ ਕੇ ਉਸਦੀ ਹੈਵਾਨੀ ਇੱਛਾ ਪੂਰੀ ਕਰਦਾ ਰਿਹਾ, ਪਰ ਉਸਨੂੰ ਇਸ ਨਾਲ ਬੜੀ ਨਫ਼ਰਤ ਸੀ। ਉਸਦਾ ਦਿਲ ਵਾਰੀ-ਵਾਰੀ ਉਸਨੂੰ ਲਾਹਨਤਾਂ ਪਾਉਂਦਾ ਸੀ। ਅੰਤ ਵਿਚ ਉਹ ਏਨਾ ਤੰਗ ਆ ਗਿਆ ਸੀ ਕਿ ਉਸਨੇ ਸੈਨ ਨੂੰ ਕਹਿ ਵੀ ਦਿੱਤਾ ਸੀ ਕਿ ਉਸਨੇ ਫੇਰ ਉਸਨੂੰ ਮਜ਼ਬੂਰ ਕੀਤਾ ਤਾਂ ਉਹ ਉਸਨੂੰ ਜਾਨੋਂ ਮਾਰ ਦਏਗਾ’। ਅਖ਼ੀਰ ਘਟਨਾ ਵਾਲੀ ਰਾਤ ਇੰਜ ਹੀ ਹੋਇਆ।
ਅਦਾਲਤ ਵਿਚ ਉਸਨੇ ਇਹੀ ਬਿਆਨ ਦਿੱਤਾ। ਮੰਮੀ ਵੀ ਉੱਥੇ ਸੀ। ਅੱਖਾਂ ਅੱਖਾਂ ਵਿਚ ਹੀ ਉਹ ਰਾਮਸਿੰਘ ਨੂੰ ਦਲਾਸੇ ਦੇਂਦੀ ਰਹੀ ਕਿ ਘਬਰਾਅ ਨਾ, ਜੋ ਸੱਚ ਹੈ, ਕਹਿ ਦੇ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਤੇਰੇ ਹੱਥਾਂ ਨੇ ਖ਼ੂਨ ਕੀਤਾ ਹੈ, ਪਰ ਇਕ ਮਹਾ ਮਨਹੂਸ ਜੀਵ ਦਾ, ਇਕ ਹੈਵਾਨ ਦਾ, ਇਕ ਅਮਾਨੁਸ਼ ਦਾ।
ਰਾਮਸਿੰਘ ਨੇ ਬੜੀ ਸਾਦਗੀ ਤੇ ਭੋਲੇਪਨ ਨਾਲ ਸਾਰੀ ਘਟਨਾ ਬਿਆਨ ਕਰ ਦਿੱਤੀ…ਮਜਿਸਟ੍ਰੇਟ ਏਨਾ ਪ੍ਰਭਾਵਿਤ ਹੋਇਆ ਕਿ ਉਸਨੇ ਰਾਮਸਿੰਘ ਨੂੰ ਬਰੀ ਕਰ ਦਿੱਤਾ।
ਚੱਡੇ ਨੇ ਕਿਹਾ, “ਇਸ ਝੂਠ ਦੇ ਜ਼ਮਾਨੇ ਵਿਚ ਇਹ ਸੱਚ ਦੀ ਅਨੋਖੀ ਜਿੱਤ ਹੈ, ਤੇ ਇਸਦਾ ਸਿਹਰਾ ਮੇਰੀ ਬੁੱਢੀ ਮੰਮੀ ਦੇ ਸਿਰ ਹੈ।”
ਚੱਡੇ ਨੇ ਮੈਨੂੰ ਉਸ ਪਾਰਟੀ ਵਿਚ ਬੁਲਾਇਆ ਸੀ ਜਿਹੜੀ ਰਾਮਸਿੰਘ ਦੀ ਰਿਹਾਈ ਦੀ ਖ਼ੁਸ਼ੀ ਵਿਚ ਸਈਦਾ ਕਾਟੇਜ ਵਾਲੇ ਕਰ ਰਹੇ ਸਨ; ਪਰ ਮੈਂ ਰੁਝੇਵਿਆਂ ਕਾਰਨ ਉਹ ਵਿਚ ਸ਼ਾਮਲ ਨਹੀਂ ਸੀ ਹੋ ਸਕਿਆ।
ਸ਼ਕੀਲ ਤੇ ਅਕੀਲ ਦੋਵੇਂ ਸਈਦਾ ਕਾਟੇਜ ਵਿਚ ਵਾਪਸ ਆ ਗਏ ਸਨ। ਬਾਹਰਲਾ ਵਾਤਵਰਣ ਵੀ ਉਹਨਾਂ ਨੂੰ ਨਿੱਜੀ ਫ਼ਿਲਮ ਕੰਪਨੀ ਦੀ ਨੀਂਹ ਰੱਖਣ ਲਈ ਰਾਸ ਨਹੀਂ ਸੀ ਆਇਆ।
ਹੁਣ ਉਹ ਫੇਰ ਆਪਣੀ ਪੁਰਾਣੀ ਫ਼ਿਲਮ ਕੰਪਨੀ ਵਿਚ ਕਿਸੇ ਅਸਿਸਟੈਂਟ ਦੇ ਅਸਿਸਟੈਂਟ ਲੱਗੇ ਹੋਏ ਸਨ। ਉਹਨਾਂ ਦੋਵਾਂ ਕੋਲ ਉਸ ਪੂੰਜੀ ਵਿਚੋਂ ਕੁਝ ਸੈਂਕੜੇ ਬਚੇ ਸਨ ਜਿਹੜੀ ਉਹਨਾਂ ਨਿੱਜੀ ਫ਼ਿਲਮ ਕੰਪਨੀ ਦੀ ਨੀਂਹ ਰੱਖਣ ਲਈ ਬਚਾਈ ਹੋਈ ਸੀ। ਚੱਡੇ ਦੀ ਸਲਾਹ ਮੰਨ ਕੇ ਉਹਨਾਂ ਉਹ ਰੁਪਈਆ ਉਸ ਪਾਰਟੀ ਨੂੰ ਸਫਲ ਬਣਾਉਣ ਲਈ ਦੇ ਦਿੱਤਾ। ਚੱਡੇ ਨੇ ਉਹਨਾਂ ਨੂੰ ਕਿਹਾ ਸੀ, “ਹੁਣ ਮੈਂ ਚਾਰ ਪੈਗ ਪੀ ਕੇ ਅਰਦਾਸ ਕਰਾਂਗਾ ਕਿ ਉਹ ਤੁਹਾਡੀ ਨਿੱਜੀ ਫ਼ਿਲਮ ਕੰਪਨੀ ਜਲਦੀ ਬਣਾ ਦਏ।”
ਚੱਡੇ ਦਾ ਕਹਿਣਾ ਸੀ ਕਿ ਇਸ ਪਾਰਟੀ ਵਿਚ ਵਣਕਤਰੇ ਨੇ ਸ਼ਰਾਬ ਪੀ ਕੇ ਆਪਣੀ ਆਦਤ ਦੇ ਉਲਟ ਆਪਣੇ ਪਿਉ ਦੀ ਪ੍ਰਸ਼ੰਸਾ ਨਹੀਂ ਸੀ ਕੀਤੀ ਤੇ ਨਾ ਹੀ ਆਪਣੀ ਸੁੰਦਰ ਪਤਨੀ ਦਾ ਜ਼ਿਕਰ ਹੀ ਕੀਤਾ ਸੀ। ਗਰੀਬ ਨਿਵਾਜ਼ ਨੇ ਕਿੱਟੀ ਨੂੰ ਸਮੇਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੋ ਸੌ ਰੁਪਏ ਉਧਾਰ ਦਿੱਤੇ ਸਨ ਤੇ ਰਣਜੀਤ ਕੁਮਾਰ ਨੇ ਉਸਨੂੰ ਕਿਹਾ ਸੀ, “ਤੂੰ ਇਹਨਾਂ ਵਿਚਾਰੀਆਂ ਕੁੜੀਆਂ ਨੂੰ ਇੰਜ ਅਧੂਰੇ ਸੁਪਨੇ ਨਾ ਵੰਡਿਆ ਕਰ…ਹੋ ਸਕਦਾ ਹੈ ਤੇਰੀ ਨੀਅਤ ਸਾਫ ਹੋਵੇ, ਪਰ ਲੈਣ ਦੇ ਮਾਮਲੇ ਵਿਚ ਇਹਨਾਂ ਦੀ ਨੀਅਤ ਏਨੀ ਸਾਫ ਨਹੀਂ ਹੁੰਦੀ—ਕੁਝ ਨਾ ਕੁਝ ਦੇਈ ਰੱਖਿਆ ਕਰ।”
ਮੰਮੀ ਨੇ ਉਸ ਪਾਰਟੀ ਵਿਚ ਰਾਮਸਿੰਘ ਨੂੰ ਬੜਾ ਪਿਆਰ ਕੀਤਾ ਤੇ ਸਾਰਿਆਂ ਨੂੰ ਸਲਾਹ ਦਿੱਤੀ ਕਿ ਉਸਨੂੰ ਘਰ ਵਾਪਸ ਜਾਣ ਲਈ ਕਿਹਾ ਜਾਵੇ। ਤੇ ਅਖ਼ੀਰ ਉਹੀ ਫ਼ੈਸਲਾ ਹੋਇਆ ਤੇ ਦੂਜੇ ਦਿਨ ਗਰੀਬ ਨਿਵਾਜ਼ ਨੇ ਉਸ ਲਈ ਟਿਕਟ ਦਾ ਪ੍ਰਬੰਧ ਕਰ ਦਿੱਤਾ। ਸ਼ੀਰੀਂ ਨੇ ਸਫ਼ਰ ਲਈ ਉਸਨੂੰ ਖਾਣਾ ਬਣਾਅ ਕੇ ਦਿੱਤਾ। ਸਟੇਸ਼ਨ ਤਕ ਸਾਰੇ ਉਸਨੂੰ ਛੱਡਣ ਗਏ। ਗੱਡੀ ਤੁਰੀ ਤਾਂ ਉਹ ਦੇਰ ਤਕ ਹੱਥ ਹਿਲਾਉਂਦੇ ਰਹੇ।
ਇਹ ਛੋਟੀਆਂ ਛੋਟੀਆਂ ਗੱਲ ਮੈਨੂੰ ਪਾਰਟੀ ਤੋਂ ਦਸ ਦਿਨ ਬਾਅਦ ਪਤਾ ਲੱਗੀਆਂ ਸਨ, ਜਦੋਂ ਮੈਨੂੰ ਇਕ ਜ਼ਰੂਰੀ ਕੰਮ ਪੂਨੇ ਜਾਣਾ ਪਿਆ ਸੀ। ਸਈਦਾ ਕਾਟੇਜ ਵਿਚ ਕੋਈ ਤਬਦੀਲੀ ਨਹੀਂ ਸੀ ਹੋਈ। ਇੰਜ ਜਾਪਦਾ ਸੀ, ਉਹ ਇਕ ਅਜਿਹਾ ਪੜਾਅ ਹੈ, ਜਿਸਦਾ ਰੰਗ-ਰੂਪ ਹਜ਼ਾਰਾਂ ਕਾਫਲਿਆਂ ਦੇ ਠਹਿਰਣ ਨਾਲ ਵੀ ਨਹੀਂ ਬਦਲਦਾ। ਉਹ ਜਗ੍ਹਾ ਹੀ ਕੁਝ ਅਜਿਹੀ ਸੀ, ਜਿਹੜੀ ਆਪਣੇ ਖਾਲੀਪਨ ਨੂੰ ਆਪੇ ਭਰ ਲੈਂਦੀ ਸੀ। ਮੈਂ ਜਿਸ ਦਿਨ ਉੱਥੇ ਪਹੁੰਚਿਆ, ਸ਼ੀਰਨੀ ਵੰਡੀ ਜਾ ਰਹੀ ਸੀ। ਸ਼ੀਰੀਂ ਦੇ ਇਕ ਹੋਰ ਮੁੰਡਾ ਹੋਇਆ ਸੀ। ਵਣਕਤਰੇ ਦੇ ਹੱਥ ਵਿਚ ਗਲੇਕਸੋ ਦਾ ਡੱਬਾ ਸੀ। ਉਹਨੀਂ ਦਿਨੀਂ ਉਹ ਬੜੀ ਮੁਸ਼ਕਿਲ ਨਾਲ ਮਿਲਦਾ ਹੁੰਦਾ ਸੀ। ਆਪਣੇ ਬੱਚੇ ਲਈ ਉਸਨੇ ਕਿਧਰੋਂ ਦੋ ਲਿਆਂਦੇ ਸਨ, ਉਹਨਾਂ ਵਿਚੋਂ ਇਕ ਸ਼ੀਰੀਂ ਦੇ ਨਵੇਂ ਜੰਮੇ ਬਾਲ ਲਈ ਲੈ ਆਇਆ ਸੀ। ਚੱਡੇ ਨੇ ਆਖ਼ਰੀ ਦੋ ਲੱਡੂ ਉਸਦੇ ਮੂੰਹ ਵਿਚ ਤੁੰਨ ਦਿੱਤੇ ਤੇ ਕਿਹਾ, “ਤੂੰ ਗਲੇਕਸੋ ਦਾ ਡੱਬਾ ਲੈ ਆਇਆ…ਬੜਾ ਕਮਾਲ ਕੀਤਾ ਏ ਤੂੰ…ਪਰ ਦੇਖੀਂ, ਆਪਣੇ ਸਾਲੇ ਪਿਉ ਦੀ ਤੇ ਆਪਣੀ ਸਾਲੀ ਘਰਵਾਲੀ ਦੀ, ਕੋਈ ਗੱਲ ਨਾ ਕਰੀਂ।”
ਵਣਕਤਰੇ ਨੇ ਬੜੇ ਭੋਲੇਪਨ ਨਾਲ ਕਿਹਾ, “ਸਾਲਿਆ, ਮੈਂ ਕੋਈ ਪੀਤੀ ਹੋਈ ਏ ਹੁਣ?…ਉਹ ਤਾਂ ਦਾਰੂ ਬੋਲ ਰਹੀ ਹੁੰਦੀ ਏ…ਵੈਸੇ ਬਾਈ ਗਾਡ, ਮੇਰੀ ਘਰਵਾਲੀ ਬੜੀ ਹੈਂਡਸਮ ਏਂ…।”
ਚੱਡੇ ਨੇ ਏਨਾ ਜ਼ੋਰਦਾਰ ਠਹਾਕਾ ਲਾਇਆ ਕਿ ਵਣਕਤਰੇ ਨੂੰ ਕੁਝ ਹੋਰ ਕਹਿਣ ਦਾ ਮੌਕਾ ਨਹੀਂ ਮਿਲਿਆ। ਉਸ ਪਿੱਛੋਂ ਚੱਡਾ, ਗਰੀਬ ਨਿਵਾਜ਼ ਤੇ ਰਣਜੀਤ ਸਿੰਘ ਮੇਰੇ ਵੱਲ ਭੌਂ ਗਏ ਤੇ ਉਸ ਕਹਾਣੀ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਜਿਹੜੀ ਮੈਂ ਆਪਣੇ ਪੁਰਾਣੇ ਫ਼ਿਲਮਾਂ ਦੇ ਸਾਥੀ ਦੇ ਰਾਹੀਂ ਉੱਥੋਂ ਦੇ ਇਕ ਪ੍ਰੋਡਿਊਸਰ ਲਈ ਲਿਖ ਰਿਹਾ ਸਾਂ। ਫੇਰ ਕੁਝ ਚਿਰ ਸ਼ੀਰੀਂ ਦੇ ਨਵੇਂ ਜੰਮੇ ਮੁੰਡੇ ਦਾ ਨਾਂਅ ਰੱਖਿਆ ਜਾਂਦਾ ਰਿਹਾ। ਸੈਂਕੜੇ ਨਾਂਅ ਰੱਖੇ ਗਏ, ਪਰ ਚੱਡੇ ਨੂੰ ਕੋਈ ਪਸੰਦ ਨਾ ਆਇਆ। ਅੰਤ ਵਿਚ ਮੈਂ ਕਿਹਾ ਕਿ ਜਨਮ ਸਥਾਨ ਭਾਵ ਕਿ ਸਈਦਾ ਕਾਟੇਜ ਦੇ ਨਾਂਅ ‘ਤੇ ਮੁੰਡੇ ਦਾ ਨਾਂਅ ਮਸਊਦ ਹੋਣਾ ਚਾਹੀਦਾ ਹੈ। ਚੱਡੇ ਨੂੰ ਪਸੰਦ ਨਹੀਂ ਆਇਆ, ਪਰ ਅਸਥਾਈ ਤੌਰ ‘ਤੇ ਉਸਨੇ ਮੰਨ ਲਿਆ।
ਇਸ ਦੌਰਾਨ ਮੈਂ ਮਹਿਸੂਸ ਕੀਤਾ ਕਿ ਚੱਡਾ, ਗਰੀਬ ਨਿਵਾਜ਼ ਤੇ ਰਣਜੀਤ ਕੁਮਾਰ ਕੁਝ ਬੁਝੇ ਬੁਝੇ ਜਿਹੇ ਨੇ। ਮੈਂ ਸੋਚਿਆ, ਸ਼ਾਇਦ ਇਸ ਦਾ ਕਾਰਨ ਪਤਝੜ ਦਾ ਮੌਸਮ ਹੋਏ, ਜਦੋਂ ਆਦਮੀ ਬਿਨਾਂ ਕਾਰਨ ਹੀ ਥਕਾਵਟ ਜਿਹੀ ਮਹਿਸੂਸ ਕਰਨ ਲੱਗਦਾ ਹੈ। ਸ਼ੀਰੀਂ ਦਾ ਨਵਾਂ ਬੱਚਾ ਵੀ ਇਸ ਸਿੱਥਲਤਾ ਦਾ ਕਾਰਨ ਹੋ ਸਕਦਾ ਸੀ, ਪਰ ਇਹ ਕੋਈ ਠੋਸ ਕਾਰਨ ਨਹੀਂ ਸੀ ਜਾਪਦਾ। ਸੈਨ ਦੇ ਕਤਲ ਦੀ ਟ੍ਰੈਜਡੀ? ਪਤਾ ਨਹੀਂ ਕੀ ਕਾਰਨ ਸੀ…ਪਰ ਮੈਂ ਪੂਰੀ ਤਰ੍ਹਾਂ ਮਹਿਸੂਸ ਕੀਤਾ ਕਿ ਉਹ ਸਾਰੇ ਉਦਾਸ ਸਨ; ਅੰਦਰੇ-ਅੰਦਰ ਘੁੱਟੇ ਹੋਏ ਸਨ।
ਮੈਂ ਪ੍ਰਭਾਤ ਨਗਰ ਵਿਚ ਆਪਣੇ ਪੁਰਾਣੇ ਫ਼ਿਲਮੀਂ ਦੋਸਤ ਦੇ ਘਰ ਵਿਚ ਕਹਾਣੀ ਲਿਖਦਾ ਰਿਹਾ। ਇਹ ਰੁਝੇਵਾਂ ਪੂਰੇ ਸੱਤ ਦਿਨ ਚੱਲਿਆ। ਮੈਨੂੰ ਵਾਰੀ ਵਾਰੀ ਖ਼ਿਆਲ ਆਉਂਦਾ ਸੀ ਕਿ ਇਸ ਦੌਰਾਨ ਚੱਡੇ ਨੇ ਕੋਈ ਅੜਿਕਾ ਕਿਉਂ ਨਹੀਂ ਲਾਇਆ। ਵਣਕਤਰੇ ਵੀ ਕਿਤੇ ਗ਼ਾਇਬ ਸੀ। ਰਣਜੀਤ ਕੁਮਾਰ ਨਾਲ ਮੇਰਾ ਕੋਈ ਖਾਸ ਸਬੰਧ ਨਹੀਂ ਸੀ, ਜਿਹੜਾ ਉਹ ਮੇਰੇ ਕੋਲ ਏਨੀ ਦੂਰ ਆਉਂਦਾ। ਗਰੀਬ ਨਿਵਾਜ਼ ਬਾਰੇ ਮੈਂ ਸੋਚਿਆ ਸੀ, ਸ਼ਾਇਦ ਹੈਦਰਾਬਾਦ ਚਲਾ ਗਿਆ ਹੋਏਗਾ। ਤੇ ਮੇਰਾ ਪੁਰਾਣਾ ਫ਼ਿਲਮਾਂ ਦਾ ਸਾਥੀ ਆਪਣੀ ਨਵੀਂ ਫ਼ਿਲਮ ਦੀ ਹੀਰੋਇਨ ਨਾਲ, ਉਸਦੇ ਘਰ ਵਿਚ, ਉਸਦੀਆਂ ਵੱਡੀਆਂ ਵੱਡੀਆਂ ਮੁੱਛਾਂ ਵਾਲੇ ਪਤੀ ਦੀ ਮੌਜ਼ੂਦਗੀ ਵਿਚ, ਇਸ਼ਕ ਲੜਾਉਣ ਦਾ ਦ੍ਰਿੜ੍ਹ ਨਿਸ਼ਚਾ ਕਰ ਰਿਹਾ ਸੀ।
ਮੈਂ ਆਪਣੀ ਕਹਾਣੀ ਦੇ ਇਕ ਬੜੇ ਹੀ ਦਿਲਚਸਪ ਹਿੱਸੇ ਦੇ ਸੰਵਾਦਾਂ ਦੀ ਵਿਉਂਤਬੰਦੀ ਕਰ ਰਿਹਾ ਸਾਂ ਕਿ ਚੱਡਾ ਆ ਗਿਆ ਤੇ ਕਮਰੇ ਵਿਚ ਵੜਦਿਆਂ ਹੋਇਆ ਉਸਨੇ ਮੈਨੂੰ ਪੁੱਛਿਆ, “ਇਸ ਬਕਵਾਸ ਦਾ ਤੈਨੂੰ ਕੁਝ ਮਿਲਿਆ ਵੀ ਏ ਕਿ ਨਹੀਂ?”
ਉਸਦਾ ਇਸ਼ਾਰਾ ਮੇਰੀ ਕਹਾਣੀ ਵੱਲ ਸੀ, ਜਿਸਦੇ ਮਿਹਨਤਾਨੇ ਦੀ ਦੂਜੀ ਕਿਸ਼ਤ ਮੈਂ ਦੋ ਦਿਨ ਪਹਿਲਾਂ ਹੀ ਵਸੂਲ ਕੀਤੀ ਸੀ। “ਹਾਂ, ਦੋ ਹਜ਼ਾਰ ਪਰਸੋਂ ਲਏ ਨੇ।”
“ਕਿੱਥੇ ਨੇ?” ਇਹ ਕਹਿੰਦਾ ਹੋਇਆ ਚੱਡਾ ਮੇਰੇ ਕੋਟ ਵੱਲ ਵਧਿਆ।
“ਮੇਰੀ ਜੇਬ ਵਿਚ।”
ਚੱਡੇ ਨੇ ਮੇਰੀ ਜੇਬ ਵਿਚ ਹੱਥ ਪਾਇਆ। ਸੌ ਸੌ ਦੇ ਚਾਰ ਨੋਟ ਕੱਢੇ ਤੇ ਮੈਨੂੰ ਕਿਹਾ, “ਅੱਜ ਸ਼ਾਮੀਂ ਮੰਮੀ ਦੇ ਪਹੁੰਚ ਜਾਵੀਂ…ਇਕ ਪਾਰਟੀ ਏ।”
ਮੈਂ ਉਸ ਪਾਰਟੀ ਬਾਰੇ ਕੁਝ ਪੁੱਛਣ ਹੀ ਲੱਗਾ ਸਾਂ ਕਿ ਉਹ ਚਲਾ ਗਿਆ। ਉਹ ਸਿੱਥਲਤਾ ਤੇ ਉਦਾਸੀ ਜਿਹੜੀ ਮੈਂ ਕੁਝ ਦਿਨ ਪਹਿਲਾਂ ਮਹਿਸੂਸ ਕੀਤੀ ਸੀ, ਤਿਵੇਂ ਦੀ ਤਿਵੇਂ ਸੀ। ਉਹ ਕੁਝ ਬੇਚੈਨ ਵੀ ਸੀ। ਮੈਂ ਉਸਦੇ ਬਾਰੇ ਵਿਚ ਸੋਚਣਾ ਚਾਹਿਆ, ਪਰ ਦਿਮਾਗ਼ ਤਿਆਰ ਨਾ ਹੋਇਆ। ਉਹ ਕਹਾਣੀ ਦੇ ਦਿਲਚਸਪ ਹਿੱਸੇ ਵਿਚ ਪੂਰੀ ਤਰ੍ਹਾਂ ਉਲਝਿਆ ਹੋਇਆ ਸੀ।
ਆਪਣੇ ਪੁਰਾਣੇ ਫ਼ਿਲਮਾਂ ਦੇ ਸਾਥੀ ਦੀ ਪਤਨੀ ਨਾਲ ਆਪਣੀ ਪਤਨੀ ਦੀਆਂ ਗੱਲਾਂ ਕਰਕੇ ਸ਼ਾਮ ਨੂੰ ਸਾਢੇ ਪੰਜ ਦੇ ਲਾਗੇ ਮੈਂ ਉੱਥੋਂ ਤੁਰ ਕੇ ਸੱਤ ਵਜੇ ਸਈਦਾ ਕਾਟੇਜ ਪਹੁੰਚ ਗਿਆ। ਗੈਰੇਜ ਦੇ ਬਾਹਰ ਵਾਲੀ ਲਾਂਅ ਉਪਰ ਗਿੱਲੇ ਪੋਤੜੇ ਲਮਕ ਰਹੇ ਸਨ ਤੇ ਨਲਕੇ ਕੋਲ ਅਕੀਲ ਤੇ ਸ਼ਕੀਲ ਸ਼ੀਰੀਂ ਦੇ ਵੱਡੇ ਮੁੰਡੇ ਨਾਲ ਖੇਡ ਰਹੇ ਸਨ। ਗੈਰੇਜ ਦੇ ਟਾਟ ਦਾ ਪਰਦਾ ਚੁੱਕਿਆ ਹੋਇਆ ਸੀ ਤੇ ਸ਼ੀਰੀਂ ਉਹਨਾਂ ਨਾਲ ਸ਼ਾਇਦ ਮੰਮੀ ਦੀਆਂ ਗੱਲਾਂ ਕਰ ਰਹੀ ਸੀ। ਮੈਨੂੰ ਦੇਖ ਕੇ ਉਹ ਚੁੱਪ ਹੋ ਗਏ। ਮੈਂ ਚੱਡੇ ਬਾਰੇ ਪੁੱਛਿਆ ਤਾਂ ਅਕੀਲ ਨੇ ਕਿਹਾ ਕਿ ਮੰਮੀ ਦੇ ਘਰ ਮਿਲੇਗਾ।
ਮੈਂ ਉੱਥੇ ਪਹੁੰਚਿਆ ਤਾਂ ਦੇਖਿਆ, ਇਕ ਸ਼ੋਰ ਮੱਚਿਆ ਹੋਇਆ ਸੀ—ਸਾਰੇ ਨੱਚ ਰਹੇ ਸਨ। ਗਰੀਬ ਨਿਵਾਜ਼ ਪੋਲੀ ਨਾਲ, ਰਣਜੀਤ ਕੁਮਾਰ ਕਿੱਟੀ ਤੇ ਐਲਿਮਾ ਨਾਲ ਤੇ ਵਣਕਤਰੇ ਥੈਲਿਮਾ ਨਾਲ। ਉਹ ਉਸਨੂੰ ਕਥਾ ਕਲੀ ਦੀ ਮੁਦਰਾ ਦਸ ਰਿਹਾ ਸੀ। ਚੱਡਾ ਮੰਮੀ ਨੂੰ ਗੋਦੀ ਵਿਚ ਚੁੱਕ ਕੇ ਇਧਰ ਉਧਰ ਭੁੜਕ ਰਿਹਾ ਸੀ। ਸਾਰੇ ਨਸ਼ੇ ਵਿਚ ਸਨ। ਇਕ ਤੂਫ਼ਾਨ ਆਇਆ ਹੋਇਆ ਜਾਪਦਾ ਸੀ। ਜਦੋਂ ਅੰਦਰ ਵੜਿਆ ਤਾਂ ਸਭ ਤੋਂ ਪਹਿਲਾਂ ਚੱਡੇ ਨੇ ਨਾਅਰਾ ਲਾਇਆ। ਉਸ ਪਿੱਛੋਂ ਦੇਸੀ ਵਿਦੇਸ਼ੀ ਭਾਸ਼ਾਵਾਂ ਦਾ ਇਕ ਗੋਲਾ ਜਿਹਾ ਫੁੱਟਿਆ, ਜਿਸ ਦੀ ਗੂੰਜ ਦੇਰ ਤਕ ਕੰਨਾਂ ਵਿਚ ਸਰਸਰਾਉਂਦੀ ਰਹੀ। ਮੰਮੀ ਬੜੀ ਉੱਡ ਕੇ ਮਿਲੀ—ਇੰਜ ਕਿ ਸ਼ਿਸ਼ਟਾਚਾਰ ਦੀਆਂ ਸਾਰੀਆਂ ਕੰਧਾਂ ਢਹਿ ਗਈਆਂ। ਮੇਰਾ ਹੱਥ ਆਪਣੇ ਹੱਥ ਵਿਚ ਲੈ ਕੇ ਉਸਨੇ ਕਿਹਾ, “ਕਿਸ ਮੀ ਡੀਅਰ!” ਪਰ ਉਸਨੇ ਖ਼ੁਦ ਹੀ ਮੇਰੀ ਗੱਲ੍ਹ ਚੁੰਮ ਲਈ ਤੇ ਮੈਨੂੰ ਘਸੀਟ ਕੇ ਨੱਚਣ ਵਾਲਿਆਂ ਦੇ ਝੂੰਡ ਵਿਚਕਾਰ ਲੈ ਗਈ। ਚੱਡਾ ਯਕਦਮ ਕੂਕਿਆ, “ਬੰਦ ਕਰੋ ਹੁਣ—ਸ਼ਰਾਬ ਦਾ ਦੌਰ ਚੱਲੇਗਾ!” ਫੇਰ ਉਸਨੇ ਨੌਕਰ ਨੂੰ ਆਵਾਜ਼ ਮਾਰੀ, “ਸਕਾਟਲੈਂਡ ਦੇ ਸ਼ਹਿਜ਼ਾਦੇ! ਵਿਸਕੀ ਦੀ ਨਵੀਂ ਬੋਤਲ ਲਿਆ!”
ਸਕਾਟਲੈਂਡ ਦਾ ਸ਼ਹਿਜ਼ਾਦਾ ਲੈ ਆਇਆ। ਉਹ ਨਸ਼ੇ ਵਿਚ ਟੁੰਨ ਸੀ…ਖੋਹਲਣ ਲੱਗਿਆ ਤਾਂ ਹੱਥੋਂ ਡਿੱਗੀ ਤੇ ਚੂਰ-ਚੂਰ ਹੋ ਗਈ। ਮੰਮੀ ਨੇ ਤਾੜਨਾਂ ਚਾਹਿਆ ਤਾਂ ਚੱਡੇ ਨੇ ਰੋਕ ਦਿੱਤਾ, “ਇਹ ਤਾਂ ਬੋਤਲ ਟੁੱਟੀ ਏ ਮੰਮੀ, ਜਾਣ ਦਿਓ, ਏਥੇ ਦਿਲ ਟੁੱਟੇ ਹੋਏ ਨੇ।”
ਮਹਿਫ਼ਿਲ ਯਕਦਮ ਸੁੰਨੀ ਹੋ ਗਈ, ਪਰ ਤੁਰੰਤ ਹੀ ਚੱਡੇ ਨੇ ਉਦਾਸੀ ਨੂੰ ਆਪਣੇ ਠਹਾਕਿਆਂ ਨਾਲ ਲੀਰੋ-ਲੀਰ ਕਰ ਦਿੱਤਾ। ਨਵੀਂ ਬੋਤਲ ਆਈ। ਹਰ ਗ਼ਲਾਸ ਵਿਚ ਵੱਡਾ-ਤਕੜਾ ਪੈਗ ਪਾਇਆ ਗਿਆ। ਇਸ ਪਿੱਛੋਂ ਚੱਡੇ ਨੇ ਉੱਖੜਿਆ-ਪੁੱਖੜਿਆ ਜਿਹਾ ਭਾਸ਼ਣ ਸ਼ੁਰੂ ਕੀਤਾ, “ਲੇਡੀਜ਼ ਐਂਡ ਜੈਂਟਲ ਮੈਨ…ਤੁਸੀਂ ਸਾਰੇ ਜਹੱਨੁਮ (ਨਰਕ) ਵਿਚ ਜਾਓ…ਮੰਟੋ ਸਾਡੇ ਵਿਚਕਾਰ ਮੌਜ਼ੂਦ ਹੈ, ਜਿਹੜਾ ਆਪਣੇ ਆਪ ਨੂੰ ਬੜਾ ਵੱਡਾ ਕਹਾਣੀਕਾਰ ਸਮਝਦਾ ਹੈ। ਮਨੁੱਖੀ ਸੁਭਾਅ ਦੀ, ਉਹ ਕੀ ਕਹਿੰਦੇ ਨੇ, ਡੁੰਘਾਈ ਵਿਚ ਉਤਰ ਜਾਂਦਾ ਹੈ…ਪਰ ਮੈਂ ਕਹਿੰਦਾ ਹਾਂ ਕਿ ਬਕਵਾਸ ਹੈ…ਖੂਹ ‘ਚ ਉਤਰਨ ਵਾਲੇ…ਖੂਹ ਦੇ ਡੱਡੂ…” ਉਸਨੇ ਇਧਰ ਉਧਰ ਦੇਖਿਆ, “ਅਫ਼ਸੋਸ ਹੈ ਕਿ ਇੱਥੇ ਕੋਈ ਹਿੰਦੁਸਤੁੜ ਨਹੀਂ, ਇਕ ਹੈਦਰਾਬਾਦੀ ਹੈ, ਜਿਹੜਾ ‘ਕੱਕੇ’ ਨੂੰ ‘ਗੱਗਾ’ ਕਹਿੰਦਾ ਹੈ, ਤੇ ਜਿਸ ਨਾਲ ਦਸ ਵਰ੍ਹੇ ਬਾਅਦ ਮੁਲਾਕਾਤ ਹੋਈ ਤਾਂ ਵੀ ਕਹੇਗਾ ਕਿ ਪਰਸੋਂ ਤੁਹਾਨੂੰ ਮਿਲਿਆ ਸਾਂ—ਲਾਹਨਤ ਹੈ ਉਸਦੇ ਨਿਜ਼ਾਮ ਹੈਦਰਾਬਾਦ ਉੱਤੇ ਜਿਸ ਕੋਲ ਕਈ ਲੱਖਾਂ ਟਨ ਸੋਨਾ ਹੈ, ਕਰੋੜਾਂ ਦੇ ਜਵਾਹਰਾਤ ਨੇ, ਪਰ ਇਕ ਮੰਮੀ ਨਹੀਂ…ਹਾਂ…ਓ ਖੂਹ ‘ਚ ਉਤਰਨ ਵਾਲੇ…ਮੈਂ ਕੀ ਕਿਹਾ ਸੀ ਕਿ ਸਭ ਬਕਵਾਸ ਹੈ? ਪੰਜਾਬ ਵਿਚ ਜਿਹਨਾਂ ਨੂੰ ਟਿੱਬੇ ਕਹਿੰਦੇ ਨੇ…ਉੱਥੇ ਲੇਟੇ ਲਾਉਣ ਵਾਲੇ, ਉਹ ਇਸਦੇ ਮੁਕਾਬਲੇ ਮਨੁੱਖੀ ਸੁਭਾਅ ਨੂੰ ਕਈ ਗੁਣਾ ਵੱਧ ਸਮਝਦੇ ਨੇ। ਇਸ ਲਈ ਮੈਂ ਕਹਿੰਦਾ ਹਾਂ…”
ਸਾਰਿਆਂ ਨੇ ਜ਼ਿੰਦਾਬਾਦ ਦਾ ਨਾਅਰਾ ਲਾਇਆ। ਚੱਡਾ ਕੂਕਿਆ, “ਇਹ ਸਾਜਿਸ਼ ਹੈ…ਇਸ ਮੰਟੋ ਦੀ ਸਾਜਿਸ਼ ਹੈ, ਨਹੀਂ ਤਾਂ ਮੈਂ ਹਰ-ਹਿਟਲਰ ਵਾਂਗ ਮੁਰਦਾਬਾਦ ਦੇ ਨਾਅਰੇ ਦਾ ਇਸ਼ਾਰਾ ਕੀਤਾ ਸੀ…ਤੁਸੀਂ ਸਾਰੇ ਮੁਰਦਾਬਾਦ…ਪਰ ਪਹਿਲਾਂ ਮੈਂ…ਮੈਂ…ਮੈਂ…।” ਉਹ ਜਜ਼ਬਾਤੀ ਹੋ ਗਿਆ। “ਮੈਂ…ਜਿਸ ਨੇ ਉਸ ਰਾਤ…ਸੱਪ ਦੇ ਛਿੰਬਾਂ ਰੰਗੇ ਵਾਲਾਂ ਵਾਲੀ ਇਕ ਕੁੜੀ ਲਈ ਆਪਣੀ ਮਾਂ ਨੂੰ ਨਾਰਾਜ਼ ਕਰ ਦਿੱਤਾ ਸੀ। ਮੈਂ ਖ਼ੁਦ ਨੂੰ, ਪਤਾ ਨਹੀਂ ਕਿੱਥੋਂ ਦਾ ਜੁਆਨ-ਜਹਾਨ ਸਮਝਦਾ ਸਾਂ…ਪਰ ਨਹੀਂ, ਉਸਨੂੰ ਪ੍ਰਾਪਤ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਸੀ। ਮੈਨੂੰ ਆਪਣੀ ਜਵਾਨੀ ਦੀ ਸੌਂਹ, ਇਕੋ ਚੁੰਮੀ ਵਿਚ ਉਸ ਪਲੈਟੀਨਮ ਬਲੌਂਡ ਦੇ ਕੁਆਰੇਪਨ ਦਾ ਸਾਰਾ ਰਸ ਮੈਂ ਆਪਣੇ ਇਹਨਾਂ ਮੋਟੇ-ਮੋਟੇ ਬੁੱਲ੍ਹਾਂ ਨਾਲ ਚੁਸ ਸਕਦਾ ਸਾਂ…ਪਰ ਇਹ ਇਕ ਗ਼ਲਤ ਕੰਮ ਹੁੰਦਾ…ਉਹ ਕੱਚੀ ਉਮਰ ਦੀ ਸੀ। ਏਨੀ ਘੱਟ ਉਮਰ, ਏਨੀਂ ਕਮਜ਼ੋਰ, ਏਨੀ ਕਰੇਕਟਰਲੈਸ…ਏਨੀ…” ਉਸਨੇ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ। “ਦੱਸ ਯਾਰ ਉਸਨੂੰ ਉਰਦੂ, ਫ਼ਾਰਸੀ ਜਾਂ ਅਰਬੀ ਵਿਚ ਕੀ ਆਖਾਂਗੇ…ਕਰੇਕਟਲੈਸ…ਲੇਡੀਜ਼ ਐਂਡ ਜੈਂਟਲ ਮੈਨ…ਉਹ ਏਨੀ ਛੋਟੀ, ਕੱਚੀ ਤੇ ਏਨੀ ਮਾਸੂਮ ਸੀ ਕਿ ਉਸ ਰਾਤ ਪਾਪਾ ਵਿਚ ਸ਼ਾਮਲ ਹੋ ਕੇ ਸਾਰੀ ਉਮਰ ਪਛਤਾਉਂਦੀ ਰਹਿੰਦੀ ਜਾਂ ਉਸਨੂੰ ਬਿਲਕੁਲ ਭੁੱਲ ਜਾਂਦੀ…ਉਹਨਾਂ ਥੋੜ੍ਹੇ ਛਿਣਾ ਦੇ ਆਨੰਦ ਦੀ ਯਾਦ ਦੇ ਸਹਾਰੇ ਜਿਊਣ ਦਾ ਸਲੀਕਾ ਉਸਨੂੰ ਬਿਲਕੁਲ ਨਾ ਆਉਂਦਾ…ਮੈਨੂੰ ਇਸਦਾ ਦੁਖ ਹੁੰਦਾ…ਚੰਗਾ ਹੋਇਆ ਕਿ ਮੰਮੀ ਨੇ ਉਸੇ ਸਮੇਂ ਮੇਰਾ ਹੁੱਕਾ ਪਾਣੀ ਬੰਦ ਕਰ ਦਿੱਤਾ…ਮੈਂ ਹੁਣ ਆਪਣੀ ਬਕਵਾਸ ਬੰਦਾ ਕਰਦਾ ਹਾਂ। ਮੇਰਾ ਅਸਲ ਵਿਚ ਇਕ ਬੜਾ ਲੰਮਾਂ ਚੌੜਾ ਲੈਕਚਰ ਕਰਨ ਦਾ ਇਰਾਦਾ ਸੀ, ਪਰ ਮੈਥੋਂ ਕੁਝ ਬੋਲਿਆ ਨਹੀਂ ਜਾ ਰਿਹਾ…ਮੈਂ ਇਕ ਪੈਗ ਹੋਰ ਪੀਂਦਾ ਹਾਂ।”
ਉਸਨੇ ਇਕ ਪੈਗ ਹੋਰ ਪੀਤਾ। ਲੈਕਚਰ ਦੌਰਾਨ ਸਾਰੇ ਚੁੱਪ ਸਨ। ਉਸ ਪਿੱਛੋਂ ਵੀ ਚੁੱਪ ਰਹੇ। ਮੰਮੀ ਪਤਾ ਨਹੀਂ ਕੀ ਸੋਚ ਰਹੀ ਸੀ। ਪਾਊਡਰ ਤੇ ਲਾਲੀ ਦੀਆਂ ਤੈਹਾਂ ਹੇਠ ਝੁਰੜੀਆਂ ਵੀ ਇੰਜ ਦਿਖਾਈ ਦੇਂਦੀਆਂ ਸਨ ਜਿਵੇਂ ਉਹ ਵੀ ਕਿਸੇ ਡੂੰਘੀ ਚਿੰਤਾ ਵਿਚ ਡੁੱਬੀਆਂ ਹੋਈਆਂ ਨੇ। ਬੋਲਣ ਪਿੱਛੋਂ ਚੱਡਾ ਜਿਵੇਂ ਖਾਲੀ ਜਿਹਾ ਹੋ ਗਿਆ। ਉਹ ਇਧਰੋਂ ਉਧਰ, ਭਟਕ ਰਿਹਾ ਸੀ ਜਿਵੇਂ ਕੋਈ ਗਵਾਚੀ ਹੋਈ ਸ਼ੈ ਲੱਭਣ ਲਈ ਨੁੱਕਰ-ਕੋਨਾ ਦੇਖ ਰਿਹਾ ਹੋਵੇ, ਜਿਹੜੀ ਉਸਦੇ ਦਿਮਾਗ਼ ਵਿਚ ਪੁਰੀ ਤਰ੍ਹਾਂ ਸੁਰੱਖਿਅਤ ਰਹੇ। ਮੈਂ ਉਸਨੂੰ ਇਕ ਵੇਰ ਪੁੱਛਿਆ, “ਕੀ ਗੱਲ ਏ ਚੱਡਾ?”
ਉਸਨੇ ਠਹਾਕਾ ਲਾ ਕੇ ਉਤਰ ਦਿੱਤਾ, “ਕੁਛ ਨਹੀਂ…ਗੱਲ ਇਹ ਹੈ ਕਿ ਅੱਜ ਵਿਸਕੀ ਮੇਰੇ ਦਿਮਾਗ਼ ਦੇ ਚਿੱਤੜਾਂ ਤੇ ਲੱਤ ਨਹੀਂ ਮਾਰ ਰਹੀ।” ਉਸਦਾ ਠਹਾਕਾ ਖੋਖਲਾ ਸੀ।
ਵਣਕਤਰੇ ਨੇ ਥੈਲਿਮਾ ਨੂੰ ਉਠਾ ਕੇ ਮੈਨੂੰ ਆਪਣੇ ਕੋਲ ਬਿਠਾ ਲਿਆ ਤੇ ਇਧਰ ਉਧਰ ਦੀਆਂ ਗੱਲਾਂ ਕਰਨ ਪਿੱਛੋਂ ਆਪਣੇ ਪਿਉ ਦੀ ਪ੍ਰਸ਼ੰਸਾ ਸ਼ੁਰੂ ਕਰ ਦਿੱਤੀ ਕਿ ਉਹ ਬੜਾ ਗੁਣੀ ਆਦਮੀ ਸੀ। ਇਹੋ ਜਿਹਾ ਹਰਮੋਨੀਅਮ ਵਜਾਉਂਦਾ ਸੀ ਕਿ ਲੋਕ ਦੰਗ ਰਹਿ ਜਾਂਦੇ ਸਨ। ਫੇਰ ਉਸਨੇ ਆਪਣੀ ਪਤਨੀ ਦੀ ਸੁੰਦਰਤਾ ਦਾ ਜ਼ਿਕਰ ਕੀਤਾ ਤੇ ਦੱਸਿਆ ਕਿ ਬਚਪਨ ਵਿਚ ਹੀ ਉਸਦੇ ਪਿਉ ਨੇ ਉਸਨੂੰ ਵਿਆਹ ਦਿੱਤਾ ਸੀ। ਬੰਗਾਲੀ ਮਿਊਜ਼ਿਕ ਡਾਇਰੈਕਟਰ ਸੈਨ ਦੀ ਗੱਲ ਤੁਰੀ ਤਾਂ ਉਸਨੇ ਕਿਹਾ, “ਮਿਸਟਰ ਮੰਟੋ, ਇਕਦਮ ਫਰਾਡ ਆਦਮੀ ਸੀ…ਕਹਿੰਦਾ ਸੀ, ਮੈਂ ਖ਼ਾਨ ਸਾਹਿਬ ਅਬਦੁੱਲ ਕਰੀਮ ਦਾ ਚੇਲਾ ਆਂ…ਝੂਠ, ਬਿਲਕੁਲ ਝੂਠ…ਉਹ ਬੰਗਾਲ ਦੇ ਕਿਸੇ ਭੜੂਏ ਦਾ ਚੇਲਾ ਸੀ…।”
ਘੜੀ ਨੇ ਦੋ ਵਜਾਏ। ਚੱਡੇ ਨੇ ਕਿੱਟੀ ਨੂੰ ਧੱਕਾ ਮਾਰ ਕੇ ਇਕ ਪਾਸੇ ਸੁੱਟ ਦਿੱਤਾ ਤੇ ਅੱਗੇ ਵਧ ਕੇ ਵਣਕਤਰੇ ਦੇ ਕੱਦੂ ਵਰਗੇ ਸਿਰ ਉੱਤੇ ਧੱਫਾ ਮਾਰ ਕੇ ਕਿਹਾ, “ਬਕਵਾਸ ਬੰਦ ਓਇ…ਉੱਠ…ਤੇ ਕੁਝ ਗਾ…ਪਰ ਖ਼ਬਰਦਾਰ, ਜੇ ਤੂੰ ਕੋਈ ਪੱਕਾ ਰਾਗ ਗਾਇਆ।”
ਵਣਕਤਰੇ ਨੇ ਤੁਰੰਤ ਗਾਣਾ ਸ਼ੁਰੂ ਕਰ ਦਿੱਤਾ। ਆਵਾਜ਼ ਚੰਗੀ ਨਹੀਂ ਸੀ। ਇਕ ਸੁਰ ਦੀਆਂ ਕਈ ਕਈ ਗਰਾਰੀਆਂ ਉਸਦੇ ਗਲ਼ੇ ਵਿਚੋਂ ਨਿਕਲਦੀਆਂ ਸਨ; ਪਰ ਜੋ ਵੀ ਗਾਉਂਦਾ ਸੀ, ਪੂਰੀ ਲਗਣ ਨਾਲ ਗਾਉਂਦਾ ਸੀ। ਮਾਲਕੋਸ਼ ਵਿਚ ਉਸਨੇ ਦੋ ਤਿੰਨ ਫ਼ਿਲਮੀ ਗੀਤ ਸੁਣਾਏ, ਜਿਹਨਾਂ ਵਾਤਾਵਰਣ ਨੂੰ ਹੋਰ ਵੀ ਉਦਾਸ ਕਰ ਦਿੱਤਾ। ਮੰਮੀ ਤੇ ਚੱਡਾ ਇਕ ਦੂਜੇ ਵਲ ਦੇਖਦੇ ਸਨ ਤੇ ਨਜ਼ਰਾਂ ਕਿਸੇ ਹੋਰ ਪਾਸੇ ਭੁੰਆਂ ਲੈਂਦੇ ਸਨ…ਗਰੀਬ ਨਿਵਾਜ਼ ਏਨਾ ਪ੍ਰਭਾਵਿਤ ਹੋਇਆ ਕਿ ਉਸਦੀਆਂ ਅੱਖਾਂ ਵਿਚ ਅੱਥਰੂ ਆ ਗਏ। ਚੱਡੇ ਨੇ ਜ਼ੋਰ ਦਾ ਠਹਾਕਾ ਲਾਇਆ ਤੇ ਕਿਹਾ, “ਹੈਦਰਾਬਾਦ ਵਾਲਿਆਂ ਦੀਆਂ ਅੱਖਾਂ ਦਾ ਮਸਾਨਾ ਬੜਾ ਕਮਜ਼ੋਰ ਹੁੰਦਾ ਏ—ਮੌਕੇ-ਬੇਮੌਕੇ ਟਪਕਨ ਲੱਗ ਪੈਂਦੈ। ਕਿਉਂ ਭਾਊ…?”
ਗਰੀਬ ਨਿਵਾਜ਼ ਨੇ ਆਪਣੇ ਅੱਥਰੂ ਪੂੰਝੇ ਤੇ ਏਲਿਮਾ ਨਾਲ ਨੱਚਣਾ ਸ਼ੁਰੂ ਕਰ ਦਿੱਤਾ। ਵਣਕਤਰੇ ਨੇ ਗਰਾਮੋਫ਼ੋਨ ਦੇ ਚਕਲੇ ਉੱਤੇ ਰਿਕਾਰਡ ਰੱਖ ਕੇ ਸੂਈ ਲਾ ਦਿੱਤੀ। ਘਿਸੀ ਹੋਈ ਟਿਊਨ ਵੱਜਣ ਲੱਗੀ। ਚੱਡੇ ਨੇ ਮੰਮੀ ਨੂੰ ਫੇਰ ਗੋਦੀ ਵਿਚ ਚੁੱਕ ਲਿਆ ਤੇ ਉੱਛਲ-ਉੱਛਲ ਕੇ ਰੌਲਾ ਪਾਉਣ ਲੱਗ ਪਿਆ। ਉਸਦਾ ਗਲ਼ਾ ਬੈਠ ਗਿਆ ਸੀ, ਉਹਨਾਂ ਮਰਾਸੀਆਂ ਵਾਂਗ, ਜਿਹੜੇ ਸ਼ਾਦੀ ਵਿਆਹ ਦੇ ਮੌਕੇ ‘ਤੇ ਉੱਚੀਆਂ ਸੁਰਾਂ ਵਿਚ ਗਾ-ਗਾ ਕੇ ਆਪਣੀ ਆਵਾਜ਼ ਦਾ ਨਾਸ ਮਾਰ ਲੈਂਦੇ ਨੇ।
ਉਸ ਉੱਛਲ-ਕੁੱਦ ਤੇ ਚੀਕਾ-ਰੌਲੀ ਵਿਚ ਸਵੇਰ ਦੇ ਚਾਰ ਵੱਜ ਗਏ। ਮੰਮੀ ਬਿਲਕੁਲ ਚੁੱਪ ਹੋ ਗਈ। ਫੇਰ ਉਸਨੇ ਚੱਡੇ ਵੱਲ ਮੁੜ ਕੇ ਕਿਹਾ, “ਬਸ, ਹੁਣ ਖਤਮ ਕਰੋ!”
ਚੱਡੇ ਨੇ ਬੋਤਲ ਨੂੰ ਮੂੰਹ ਲਾਇਆ ਤੇ ਉਸਨੂੰ ਖਾਲੀ ਕਰਕੇ ਇਕ ਪਾਸੇ ਸੁੱਟ ਦਿੱਤਾ ਤੇ ਮੈਨੂੰ ਕਿਹਾ, “ਚੱਲ ਮੰਟੋ, ਚੱਲੀਏ।”
ਮੈਂ ਉੱਠ ਕੇ ਮੰਮੀ ਤੋਂ ਇਜਾਜ਼ਤ ਲੈਣੀ ਚਾਹੀ ਕਿ ਚੱਡੇ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ, “ਅੱਜ ਕੋਈ ਵਿਦਾਈ ਨਹੀਂ ਲਏਗਾ।”
ਅਸੀਂ ਦੋਵੇਂ ਬਾਹਰ ਨਿਕਲ ਰਹੇ ਸਾਂ ਕਿ ਵਣਕਤਰੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਚੱਡੇ ਨੂੰ ਕਿਹਾ, “ਠਹਿਰ, ਦੇਖੀਏ ਕੀ ਗੱਲ ਏ।” ਪਰ ਉਹ ਮੈਨੂੰ ਧਰੀਕ ਕੇ ਅੱਗੇ ਲੈ ਗਿਆ। “ਉਸ ਸਾਲੇ ਦੀਆਂ ਅੱਖਾਂ ਦਾ ਮਸਾਨਾ ਵੀ ਕਮਜ਼ੋਰ ਐ।”
ਮੰਮੀ ਦੇ ਘਰ ਤੋਂ ਸਈਦਾ ਕਾਟੇਜ ਬਿਲਕੁਲ ਨੇੜੇ ਹੀ ਸੀ। ਰਸਤੇ ਵਿਚ ਚੱਡੇ ਨੇ ਕੋਈ ਗੱਲ ਨਹੀਂ ਕੀਤੀ। ਸੌਣ ਤੋਂ ਪਹਿਲਾਂ ਮੈਂ ਉਸ ਤੋਂ ਇਸ ਵਚਿੱਤਰ ਪਾਰਟੀ ਬਾਰੇ ਜਾਣਨਾ ਚਾਹਿਆ ਤਾਂ ਉਸ ਨੇ ਕਿਹਾ, “ਮੈਨੂੰ ਨੀਂਦ ਆ ਰਹੀ ਹੈ।” ਤੇ ਉਹ ਬਿਸਤਰੇ ‘ਤੇ ਜਾ ਲੇਟਿਆ।
ਸਵੇਰੇ ਉੱਠ ਕੇ ਮੈਂ ਗੁਸਲਖ਼ਾਨੇ ਵਿਚ ਗਿਆ। ਬਾਹਰ ਨਿਕਲਿਆ ਤਾਂ ਦੇਖਿਆ ਕਿ ਗਰੀਬ ਨਿਵਾਜ਼ ਗੈਰੇਜ ਦੇ ਟਾਟ ਨਾਲ ਲੱਗਿਆ ਖਲੋਤਾ ਹੈ ਤੇ ਰੋ ਰਿਹਾ ਹੈ। ਮੈਨੂੰ ਦੇਖ ਕੇ ਉਹ ਹੰਝੂ ਪੂੰਝਦਾ ਉੱਥੋਂ ਪਰ੍ਹਾਂ ਵਲ ਹਟ ਗਿਆ। ਮੈਂ ਕੋਲ ਜਾ ਕੇ ਉਸਦੇ ਰੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ, “ਮੰਮੀ ਚਲੀ ਗਈ।”
“ਕਿੱਥੇ?”
“ਪਤਾ ਨਹੀਂ।” ਇਹ ਕਹਿ ਕੇ ਗਰੀਬ ਨਿਵਾਜ਼ ਸੜਕ ਵੱਲ ਤੁਰ ਗਿਆ।
ਚੱਡਾ ਬਿਸਤਰੇ ‘ਤੇ ਲੇਟਿਆ ਹੋਇਆ ਸੀ। ਇੰਜ ਜਾਪਦਾ ਸੀ ਕਿ ਉਹ ਪਲ ਛਿਣ ਲਈ ਵੀ ਨਹੀਂ ਸੀ ਸੁੱਤਾ। ਮੈਂ ਉਸਨੂੰ ਮੰਮੀ ਬਾਰੇ ਪੁੱਛਿਆ ਤਾਂ ਉਸਨੇ ਮੁਸਕਰਾ ਕੇ ਕਿਹਾ, “ਚਲੀ ਗਈ, ਸਵੇਰ ਦੀ ਗੱਡੀ ‘ਤੇ…ਉਸਨੇ ਪੂਨਾ ਛੱਡਣਾ ਸੀ।”
ਮੈਂ ਪੁੱਛਿਆ, “ਪਰ ਕਿਉਂ?”
ਚੱਡੇ ਦੀ ਆਵਾਜ਼ ਵਿਚ ਕੁਸੈਲ ਘੁਲ ਗਈ, “ਹਕੂਮਤ ਨੂੰ ਉਸਦੀ ਅਦਾ ਪਸੰਦ ਨਹੀਂ ਸੀ—ਉਸਦੇ ਰੰਗ ਢੰਗ ਪਸੰਦ ਨਹੀਂ ਸਨ। ਉਸਦੇ ਘਰ ਦੀਆਂ ਮਹਿਫ਼ਿਲਾਂ ਉਹਨਾਂ ਦੀਆਂ ਨਜ਼ਰਾਂ ਵਿਚ ਇਤਰਾਜ਼ ਯੋਗ ਸਨ। ਇਸ ਲਈ ਕਿ ਪੁਲਿਸ ਉਸਦੇ ਸਨੇਹ ਤੇ ਮਮਤਾ ਨੂੰ ਭਰਿਸ਼ਟਾਚਾਰ ਦੇ ਰੂਪ ਵਿਚ ਦੇਖਣਾ ਚਾਹੁੰਦੀ ਸੀ…ਉਹ ਉਸਨੂੰ ਮਾਂ ਕਹਿ ਕੇ ਉਸ ਤੋਂ ਕਿਸੇ ਦੱਲੀ ਦਾ ਕੰਮ ਲੈਣਾ ਚਾਹੁੰਦੇ ਸਨ…ਇਕ ਲੰਮੇ ਸਮੇਂ ਤੋਂ ਉਸਦੇ ਇਕ ਕੇਸ ਦੀ ਛਾਣਬੀਣ ਹੋ ਰਹੀ ਸੀ। ਅਖ਼ੀਰ ਸਰਕਾਰ ਪੁਲਿਸ ਦੀ ਛਾਣਬੀਣ ਨਾਲ ਸਹਿਮਤ ਹੋ ਗਈ ਤੇ ਉਸਨੂੰ ‘ਤੜੀ ਪਾਰ’ ਕਰ ਦਿੱਤਾ। ਇਸ ਸ਼ਹਿਰ ‘ਚੋਂ ਕੱਢ ਦਿੱਤਾ…ਜੇ ਉਹ ਵੇਸ਼ੀਆ ਸੀ, ਜਾਂ ਦੱਲੀ ਸੀ… ਉਸਦੀ ਹੋਂਦ ਸਮਾਜ ਲਈ ਹਾਨੀਕਾਰਕ ਸੀ ਤਾਂ ਉਸਨੂੰ ਖਤਮ ਕਰ ਦੇਣਾ ਚਾਹੀਦਾ ਸੀ…ਪੂਨੇ ਦੀ ਗੰਦਗੀ ਨੂੰ ਇਹ ਕਿਉਂ ਕਿਹਾ ਗਿਆ ਕਿ ਤੂੰ ਇੱਥੋਂ ਚਲੀ ਜਾ ਤੇ ਜਿੱਥੇ ਮਰਜ਼ੀ ਜਾ ਕੇ ਢੇਰ ਹੋ ਜਾ?” ਚੱਡੇ ਨੇ ਬੜੇ ਜ਼ੋਰ ਨਾਲ ਠਹਾਕਾ ਲਾਇਆ ਤੇ ਥੋੜ੍ਹੀ ਦੇਰ ਚੁੱਪ ਰਿਹਾ। ਫੇਰ ਉਸਨੇ ਬੜੀ ਭਾਵੁਕ ਆਵਾਜ਼ ਵਿਚ ਕਿਹਾ, “ਮੈਨੂੰ ਦੁੱਖ ਹੈ ਮੰਟੋ ਕਿ ਉਸ ਗੰਦਗੀ ਦੇ ਨਾਲ ਇਕ ਅਜਿਹੀ ਪਵਿੱਤਰਤਾ ਵੀ ਚਲੀ ਗਈ ਹੈ, ਜਿਸਨੇ ਉਸ ਰਾਤ ਮੇਰੀ ਇਕ ਬੜੀ ਗ਼ਲਤ ਤੇ ਗੰਦੀ ਤਰੰਗ ਨੂੰ ਮੇਰੇ ਦਿਲ ਦਿਮਾਗ਼ ਵਿਚੋਂ ਕੱਢ ਦਿੱਤਾ ਸੀ—ਪਰ ਮੈਨੂੰ ਅਫ਼ਸੋਸ ਨਹੀਂ ਹੋਣਾ ਚਾਹੀਦਾ…ਉਹ ਪੂਨੇ ਵਿਚੋਂ ਚਲੀ ਗਈ…ਮੇਰੇ ਵਰਗੇ ਜਵਾਨਾਂ ਵਿਚ ਅਜਿਹੀਆਂ ਗ਼ਲਤ ਤੇ ਗੰਦੀਆਂ ਤਰੰਗਾਂ ਉੱਥੇ ਵੀ ਪੈਦਾ ਹੁੰਦੀਆਂ ਹੋਣਗੀਆਂ, ਜਿੱਥੇ ਉਹ ਆਪਣਾ ਘਰ ਬਣਾਵੇਗੀ…ਮੈਂ ਆਪਣੀ ਮੰਮੀ ਉਹਨਾਂ ਦੇ ਹਵਾਲੇ ਕਰਦਾ ਹਾਂ…ਜ਼ਿੰਦਾਬਾਦ ਮੰਮੀ…ਜ਼ਿੰਦਾਬਾਦ…ਚੱਲ ਗਰੀਬ ਨਿਵਾਜ਼ ਨੂੰ ਲੱਭੀਏ। ਰੋ ਰੋ ਕੇ ਉਸਨੇ ਆਪਣਾ ਬੁਰਾ ਹਾਲ ਕਰ ਲਿਆ ਹੋਏਗਾ…ਇਹਨਾਂ ਹੈਦਰਾਬਾਦੀਆਂ ਦੀਆਂ ਅੱਖਾਂ ਦਾ ਮਸਾਨਾ ਬੜਾ ਕਮਜ਼ੋਰ ਹੁੰਦੈ, ਮੌਕੇ-ਬੇਮੌਕੇ ਟਪਕਦਾ ਰਹਿੰਦਾ ਏ…”
ਮੈਂ ਦੇਖਿਆ, ਚੱਡੇ ਦੀਆਂ ਅੱਖਾਂ ਵਿਚ ਅੱਥਰੂ ਇਸ ਤਰ੍ਹਾਂ ਤੈਰ ਰਹੇ ਸਨ, ਜਿਵੇਂ ਮੰਮੀ ਦੇ ਦੋਖ਼ੀਆਂ ਦੀਆਂ ਲਾਸ਼ਾਂ ਹੋਣ।
ਸਆਦਤ ਹਸਨ ਮੰਟੋ
(ਅਨੁਵਾਦ : ਮਹਿੰਦਰ ਬੇਦੀ, ਜੈਤੋ)
ਮਾਂ ਬੜੇ ਹੀ ਠੰਡੇ ਸੁਬਾਹ ਦੀ ਹੋਇਆ ਕਰਦੀ ਪਰ ਉਸ ਤੋਂ ਪੇਕਿਆਂ ਖਿਲਾਫ ਕੋਈ ਵੀ ਗੱਲ ਜਰੀ ਨਾ ਜਾਂਦੀ..! ਅਸੀ ਕਿੰਨੀਆਂ ਸਾਰੀਆਂ ਕੁੜੀਆਂ ਦਾ ਜੁੱਟ..ਸਾਰੀ ਦਿਹਾੜੀ ਬੱਸ ਲੋਕਾਂ ਦੇ ਕੰਧਾਂ-ਕੋਠੇ ਟੱਪਦਿਆਂ ਹੀ ਲੰਘ ਜਾਇਆ ਕਰਦੀ..ਸਾਉਣ-ਭਾਦਰੋਂ ਦੀਆਂ ਲੰਮੀਆਂ ਸਿਖਰ ਦੁਪਹਿਰਾਂ ਵਿਚ ਕਦੇ ਲੁਕਣ-ਮੀਚੀ ਤੇ ਕਦੀ ਗੁੱਡੀਆਂ ਪਟੋਲੇ..ਘਰੇ ਸਿਰਫ ਖਾਣ ਪੀਣ ਨੂੰ ਹੀ ਆਉਂਦੀਆਂ!
ਮਾਂ ਨੇ ਚੋਪੜੇ ਹੋਏ ਫੁਲਕੇ ਪੋਣੇ ਵਿਚ ਲਪੇਟ ਕੇ ਰੱਖੇ ਹੁੰਦੇ..
ਆਪ ਹਰ ਵੇਲੇ ਮਿੱਟੀ ਨਾਲ ਮਿੱਟੀ ਹੋਈ ਉਹ ਕਦੇ ਵੇਹੜੇ ਵਿਚ ਗੋਹਾ ਫੇਰ ਰਹੀ ਹੁੰਦੀ..ਕਦੀ ਚੁੱਲ੍ਹਾ ਲਿੱਪ ਰਹੀ ਹੁੰਦੀ..ਤੇ ਕਦੀ ਬਾਹਰ ਪਾਥੀਆਂ ਪੱਥਣ ਗਈ ਹੁੰਦੀ..!
ਅਸੀਂ ਖਾਣੇ ਵਿਚ ਕਿੰਨੇ ਸਾਰੇ ਨੁਕਸ ਕੱਢ ਦਿੰਦੇ..
ਸਬਜੀ ਵਿਚ ਲੂਣ ਮਿਰਚ ਜਿਆਦਾ..ਰੋਟੀ ਦੇ ਕੰਢੇ ਕੱਚੇ..ਖਾਣ ਨੂੰ ਮਿੱਠਾ ਕਿਓਂ ਨਹੀਂ ਬਣਾਇਆ?..ਉਹ ਆਖਦੀ “ਪਹਿਲਾਂ ਰੋਟੀ ਖਾਓ ਫੇਰ ਮਿਲੂ ਖੀਰ”..ਉਸ ਨੇ ਕਿਧਰੇ ਲੂਕਾ ਕੇ ਜੂ ਰੱਖੀ ਹੁੰਦੀ..ਚੋਵੀ ਘੰਟੇ ਬਸ ਮਸ਼ੀਨ ਬਣ ਤੁਰਿਆ ਫਿਰਦਾ ਵਜੂਦ..!
ਸੌਂਦੀ ਦਾ ਪਤਾ ਨਹੀਂ ਪਰ ਹਮੇਸ਼ਾਂ ਸਾਡੇ ਮਗਰੋਂ ਲੰਮੇ ਪੈਂਦੀ ਤੇ ਸਾਥੋਂ ਪਹਿਲਾਂ ਹੀ ਉੱਠ ਜਾਂਦੀ..!
ਉਸ ਨੂੰ ਖਰਚੇ ਚਲਾਉਣ ਲਈ ਬੱਝੇ ਰੁਪਈਏ ਮਿਲਿਆ ਕਰਦੇ..
ਵਿਚੋਂ ਕੁਝ ਬਚਾ ਲਿਆ ਕਰਦੀ..ਕਦੀ ਮੇਰੇ ਨਵੇਂ ਸੂਟ ਤੇ ਕਦੀ ਵੀਰ ਦੀ ਕਮੀਜ ਲਿਆ ਦਿੰਦੀ..ਆਪ ਵਿਆਹਾਂ ਸ਼ਾਦੀਆਂ ਵੇਲੇ ਹੀ ਨਵਾਂ ਸੂਟ ਸਵਾਇਆ ਕਰਦੀ..!
ਕਈ ਵਾਰ ਮਾਂ-ਬਾਪ ਦੋਵੇਂ ਆਪੋ ਵਿਚ ਲੜ ਪਿਆ ਕਰਦੇ..
ਅਸੀਂ ਵਿਚ ਨਾ ਪਿਆ ਕਰਦੇ..ਸਾਨੂੰ ਸਿਰਫ ਏਨਾ ਮਤਲਬ ਹੀ ਹੁੰਦਾ ਕੇ ਖਾਣ ਨੂੰ ਰੋਟੀ,ਖਰਚਣ ਨੂੰ ਪੈਸੇ ਅਤੇ ਪਾਉਣ ਲਈ ਲੀੜਾ-ਕੱਪੜਾ ਮਿਲਦਾ ਰਹੇ..ਬਸ!
ਆਥਣ ਵੇਲੇ ਜਦੋਂ ਘਰ ਪਰਤਦੇ ਤਾਂ ਉਹ ਕਈ ਵਾਰ ਨੁੱਕਰੇ ਬੈਠੀ ਕਾਗਤ ਤੇ ਕੁਝ ਲਿਖ ਰਹੀ ਹੁੰਦੀ..ਸਾਨੂੰ ਵੇਖ ਛੇਤੀ ਨਾਲ ਲੁਕਾ ਲਿਆ ਕਰਦੀ ਪਰ ਸਾਨੂੰ ਪਤਾ ਹੁੰਦਾ ਕੇ ਉਹ ਕੀ ਤੇ ਕਿਸਨੂੰ ਲਿਖ ਰਹੀ ਏ..ਵੱਡੇ ਮਾਮੇ ਨੂੰ ਤੇ ਜਾਂ ਫੇਰ ਨਾਨੇ ਨੂੰ..!
ਅਗਲੀ ਸਵੇਰ ਜਦੋਂ ਗੁੱਸਾ ਠੰਡਾ ਹੁੰਦਾ ਤਾਂ ਉਹ ਰਾਤੀਂ ਲਿਖਿਆ ਰੁੱਕਾ ਪਾੜ ਦਿਆ ਕਰਦੀ..!
ਨਾਨੀ ਨਿੱਕੇ ਹੁੰਦਿਆਂ ਹੀ ਪੂਰੀ ਹੋ ਗਈ ਸੀ ਤੇ ਨਾਨਾ ਜੀ ਪੱਕਾ ਅਕਾਲੀ..ਮੰਜੀ ਸਾਬ ਸੰਤਾਂ ਦੇ ਭਾਸ਼ਣ ਸੁਣਨ ਜਾਇਆ ਕਰਦਾ..!
ਹਰੇਕ ਨੂੰ ਚੜ੍ਹਦੀ ਕਲਾ ਵਿਚ ਰਹਿਣ ਦਾ ਹੋਕਾ ਦਿੰਦਾ ਜਦੋਂ ਵੀ ਪਿੰਡ ਦੀ ਜੂਹ ਵਿਚ ਵੜਿਆ ਕਰਦਾ ਤਾਂ ਚਾਰੇ ਪਾਸੇ ਦੁਹਾਈ ਮੱਚ ਜਾਂਦੀ..ਅਸੀਂ ਸਾਰੀਆਂ ਜਿਥੇ ਵੀ ਖੇਡ ਰਹੀਆਂ ਹੁੰਦੀਆਂ ਓਧਰ ਨੂੰ ਨੱਸ ਤੁਰਦੀਆਂ..!
ਉਸਦੇ ਸਾਈਕਲ ਦੇ ਹੈਂਡਲ ਨਾਲ ਹਮੇਸ਼ਾਂ ਹੀ ਕੁਝ ਨਾ ਕੁਝ ਟੰਗਿਆ ਹੁੰਦਾ..
ਕਦੀ ਗੁੜ ਅਤੇ ਤਿੱਲਾਂ ਵਾਲੇ ਲੱਡੂ..ਕਦੀ ਵੇਸਣ..ਕਦੀ ਟਿੱਕੀ ਵਾਲਾ ਗੁੜ..ਤੇ ਕਦੀ ਅਲਸੀ ਦੀਆਂ ਕਿੰਨੀਆਂ ਸਾਰੀਆਂ ਪਿੰਨੀਆਂ..!
ਉਹ ਇੱਕ ਪੈਰ ਥੱਲੇ ਲਾ ਕਿਸੇ ਨਾਲ ਗੱਲੀਂ ਲੱਗਾ ਹੁੰਦਾ ਤੇ ਅਸੀ ਹੌਲੀ ਜਿਹੀ ਟੰਗੇ ਹੋਏ ਝੋਲੇ ਵਿਚੋਂ ਕਿੰਨਾ ਕੁਝ ਕੱਢ ਵਾਪਿਸ ਦੂਰ ਉੱਡ ਜਾਂਦੀਆਂ..!
ਫੇਰ ਇੱਕ ਦਿਨ ਨਾਨਾ ਮੁੱਕ ਗਿਆ..
ਤੇ ਨਾਲ ਹੀ ਮੁੱਕ ਗਈ ਮਾਂ ਦੇ ਚੇਹਰੇ ਦੀ ਰਹਿੰਦੀ ਖੂੰਹਦੀ ਰੌਣਕ..
ਹੁਣ ਉਹ ਅਕਸਰ ਹੀ ਚੁੱਪ ਰਹਿੰਦੀ..ਕਦੇ ਕਦਾਈਂ ਸਪੀਕਰ ਤੇ ਬਿੰਦਰਖੀਏ ਦਾ ਇਹ ਗੀਤ ਸੁਣਦੀ ਕੇ “ਮਾਂ ਨੀ ਮੈਂ ਹੁਣ ਪੇਕੇ ਆਉਣਾ..ਪੇਕੇ ਹੁੰਦੇ ਮਾਵਾਂ ਨਾਲ”..ਤਾਂ ਅੱਖਾਂ ਪੂੰਝਦੀ ਛੇਤੀ ਨਾਲ ਅੰਦਰ ਵੜ ਜਾਇਆ ਕਰਦੀ!ਫੇਰ ਜਦੋਂ ਦਸਵੀਂ ਦੇ ਪੇਪਰਾਂ ਵੇਲੇ ਇੱਕ ਦਿਨ ਝੋਨਾ ਝੰਬਦੇ ਡੈਡ ਨੂੰ ਪੁਲਸ ਨੇ ਚੁੱਕ ਲਿਆ ਤਾਂ ਅਸੀਂ ਦੋਹਾਂ ਨੇ ਚੱਪਾ ਚੱਪਾ ਛਾਣ ਮਾਰਿਆ..ਪਰ ਡੈਡ ਨਾ ਲੱਭਿਆ..ਉਸਦੀ ਯਾਦ ਅਜੇ ਵੀ ਸੂਲ ਬਣ ਚੁੱਭਦੀ ਰਹਿੰਦੀ ਏ..! ਅੱਜ ਵਿਆਹ ਤੋਂ ਕਿੰਨੇ ਵਰ੍ਹਿਆਂ ਬਾਅਦ ਜਦੋਂ ਤੁਰ ਗਈ ਨੂੰ ਯਾਦ ਕਰਦੀ ਹਾਂ ਤਾਂ ਇਹ ਆਖਦੀ ਮਹਿਸੂਸ ਹੁੰਦੀ ਕੇ ਧੀਏ ਕੋਈ ਗੱਲ ਹੋ ਜੇ ਤਾਂ ਰੁੱਕਾ ਜਰੂਰ ਲਿਖ ਦੇਵੀਂ..
ਤਦੇ ਹੀ ਸ਼ਾਇਦ ਸੱਤ ਸਮੁੰਦਰ ਪਾਰ ਬੈਠੀ ਨੂੰ ਜਦੋਂ ਕੋਈ ਮਾੜਾ ਮੋਟਾ ਸੇਕ ਜਿਹਾ ਲੱਗਦਾ ਏ ਤਾਂ ਸੈੱਲ ਫੋਨ ਤੇ ਵੀਰ ਦਾ ਨੰਬਰ ਦੱਬ ਕਿੰਨਾਂ ਚਿਰ ਹਰੇ ਬਟਨ ਵੱਲ ਤੱਕਦੀ ਰਹਿੰਦੀ ਹਾਂ..ਸੋਚਦੀ ਹਾਂ ਕੇ ਜੇ ਮਾਂ ਵਾਂਙ ਕੋਈ “ਰੁੱਕਾ” ਲਿਖ ਕੇ ਰਖਿਆ ਹੁੰਦਾ ਤਾਂ ਅਗਲੇ ਦਿਨ ਪਾੜ ਵੀ ਦਿਆ ਕਰਦੀ..ਪਰ ਇਸ ਚੰਦਰੇ ਨੇ ਤਾਂ ਸਿਧੀ ਜਾ ਤਾਰ ਹੀ ਖੜਕਾ ਦੇਣੀ ਏ..ਅਗਲੇ ਦੀ ਵੀ ਹੁਣ ਆਪਣੀ ਜਿੰਦਗੀ ਤੇ ਆਪਣੇ ਮਸਲੇ ਨੇ..!
ਅੱਜ ਵੀ ਜਦੋਂ ਕਦੇ ਬਿੰਦਰਖੀਏ ਵਾਲਾ ਓਹੀ “ਪੇਕੇ ਹੁੰਦੇ ਮਾਵਾਂ ਨਾਲ” ਗੀਤ ਕੰਨੀ ਪੈ ਜਾਂਦਾ ਏ ਤਾਂ ਪਿੰਡ ਵਾਲੇ ਸੁੰਞੇ ਹੋ ਗਏ ਵੇਹੜੇ ਨੂੰ ਚੇਤੇ ਕਰ ਕਾਲਜੇ ਦਾ ਰੁਗ ਜਿਹਾ ਭਰਿਆ ਜਾਂਦਾ ਏ!
ਹਰਪ੍ਰੀਤ ਸਿੰਘ ਜਵੰਦਾ
- 1
- 2