ਇੱਕ ਪ੍ਰੋਫ਼ੈਸਰ ਸਾਹਿਬ ਦੇ ਅੱਸੀਵੇਂ ਜਨਮ ਦਿਨ ‘ਤੇ ਉਨ੍ਹਾ ਦੇ ਕਈ ਕਾਮਯਾਬ ਵਿਦਿਆਰਥੀ, ਉਨ੍ਹਾ ਦੇ ਘਰ ਇਕੱਠੇ ਹੋਏ। ਗੱਲਬਾਤ ਚੱਲ ਰਹੀ ਸੀ। ਹਰ ਕਿਸੇ ਦੀ ਸ਼ਿਕਾਇਤ ਸੀ ਕਿ ਜ਼ਿੰਦਗੀ ਵਿੱਚ ਤਣਾਓ-ਦਬਾਓ ਵਧ ਗਏ ਹਨ। ਸਾਰੇ ਇਸ ਸਮੱਸਿਆ ਦੇ ਕਾਰਨਾਂ ਅਤੇ ਸਮਾਧਾਨ ਬਾਰੇ ਬਹਿਸ ਕਰ ਰਹੇ ਸਨ।
ਆਪਣੇ ਮਹਿਮਾਨ ਵਿਦਿਆਰਥੀਆਂ ਨੂੰ ਕੌਫ਼ੀ ਪਿਲਾਉਣ ਦੇ ਉਦੇਸ਼ ਨਾਲ ਪ੍ਰੋਫ਼ੈਸਰ ਸਾਹਿਬ ਰਸੋਈ ਵਿੱਚ ਗਏ ਅਤੇ ਉਹ, ਰਸੋਈ ਦੇ ਸਾਰੇ ਪਿਆਲਿਆਂ ਵਿੱਚ ਕੌਫ਼ੀ ਪਾ ਕੇ ਲੈ ਆਏ। ਜਦੋਂ ਸਾਰੇ ਕੌਫ਼ੀ ਪੀ ਰਹੇ ਸਨ ਤਾਂ ਪ੍ਰੋਫ਼ੈਸਰ ਸਾਹਿਬ ਨੇ ਕਿਹਾ: ਮੈਂ ਵੇਖ ਰਿਹਾ ਸੀ ਕਿ ਹਰ ਕਿਸੇ ਨੇ ਮਹਿੰਗੇ ਤੋਂ ਮਹਿੰਗਾ, ਸੋਹਣੇ ਤੋਂ ਸੋਹਣਾ, ਕੱਪ ਚੁੱਕਿਆ ਹੈ। ਸਾਦੇ, ਸਾਧਾਰਨ ਕੱਪ ਕਿਸੇ ਨੇ ਨਹੀਂ ਲਏ।
ਜ਼ਿੰਦਗੀ ਵਿੱਚ ਤਣਾਓ-ਦਬਾਓ ਵਧ ਨਹੀਂ ਗਏ, ਅਸੀਂ ਵਧਾ ਲਏ ਹਨ।
ਹਰ ਕੋਈ ਆਪਣੇ ਲਈ ਮਹਿੰਗੀ ਅਤੇ ਵਧੀਆ ਚੀਜ਼ ਚਾਹੁੰਦਾ ਹੈ, ਭਾਵੇਂ ਉਹ ਉਸਦੇ ਵਿੱਤ ਵਿੱਚ ਹੋਵੇ, ਭਾਵੇਂ ਨਾ। ਤੁਸੀਂ ਪੀਣੀ ਤਾਂ ਕੌਫ਼ੀ ਸੀ ਸਾਰੇ ਪਿਆਲਿਆਂ ਵਿੱਚ ਇੱਕ ਹੀ ਕੌਫ਼ੀ ਹੈ। ਪਿਆਲਾ ਤਾਂ ਪੀਣਾ ਨਹੀਂ ਸੀ। ਪਿਆਲਾ ਤੁਹਾਡਾ ਅਹੁਦਾ ਹੈ, ਕੰਮ ਸਾਰੇ ਇੱਕੋ ਜਿਹੇ ਹੁੰਦੇ ਹਨ। ਜਿਵੇਂ ਤੁਸੀਂ ਮਹਿੰਗੇ ਤੋਂ ਮਹਿੰਗਾ ਪਿਆਲਾ ਲੈਣ ਦਾ ਯਤਨ ਕੀਤਾ ਹੈ, ਉਵੇਂ ਹੀ ਹਰ ਕੋਈ ਵੱਧ ਤੋਂ ਵੱਧ ਪੈਸਿਆਂ ਵਾਲਾ ਅਹੁਦਾ ਲੈਣ ਦਾ ਯਤਨ ਕਰਦਾ ਹੈ।
ਤੁਸੀਂ ਅਹੁਦੇ, ਰੁਤਬੇ ਅਤੇ ਕੱਪਾਂ ‘ਤੇ ਹੀ ਇਤਨਾ ਧਿਆਨ ਲਾ ਦਿੱਤਾ ਹੈ ਕਿ ਕੌਫ਼ੀ ਦਾ ਆਨੰਦ ਮਾਣਨਾ ਹੀ ਭੁੱਲ ਗਿਆ ਹੈ, ਸੋ ਇਹ ਨਾ ਕਹੋ ਕਿ ਜ਼ਿੰਦਗੀ ਵਿੱਚ ਤਣਾਓ-ਦਬਾਓ ਵਧ ਗਏ ਹਨ, ਵਾਸਤਵ ਵਿੱਚ ਅਸੀਂ ਆਪਣੀਆਂ ਤਰਜੀਹਾਂ ਬਦਲ ਲਈਆਂ ਹਨ ਅਤੇ ਅਸੀਂ ਆਪ ਤਣਾਓ-ਦਬਾਓ ਵਧਾ ਲਏ ਹਨ।
ਸਰਲ-ਸਾਦਾ ਜੀਵਨ ਜਿਊਣ ਦਾ ਫੈਸਲਾ ਕਰੋ, ਹੁਣੇ ਸਥਿਤੀ ਬਦਲ ਜਾਵੇਗੀ।
428
previous post