ਸਮੇਂ ਦੀ ਗੱਲ

by Jasmeet Kaur

ਅਨਪੜ ਬਾਪ ਹਾੜੀ ਸਉਣੀ ਦੁਕਾਨਦਾਰ ਦਾ ਹਿਸਾਬ ਵਿਆਜ ਸਮੇਤ ਨਬੇੜ ਜਾਂਦਾ। ਐਤਕੀਂ ਉਸ ਦੇ ਦਸਵੀਂ ਕੀਤੇ ਮੁੰਡੇ ਨੇ ਕਬੀਲਦਾਰੀ ਸੰਭਾਲ ਲਈ। ਦੁਕਾਨਦਾਰ ਦੀ ਹੇਰਾ ਫੇਰੀ ਵੇਖ ਉਨ੍ਹਾਂ ਦੀ ਕਾਫੀ ਤੂੰ-ਤੂੰ ਮੈਂ-ਮੈਂ ਹੋਈ। ਆਖਿਰ ਹਿਸਾਬ ਤਾਂ ਨਿਬੜ ਗਿਆ, ਪਰ ਦੁਕਾਨਦਾਰ ਕਾਫੀ ਅਕਿਆ ਹੋਇਆ ਉਚੀ ਅਵਾਜ਼ ਵਿਚ ਬੋਲ ਰਿਹਾ ਸੀ।
“ਪਤਾ ਨੀਂ ਇਹ ਅੱਜਕਲ ਦੇ ਛੋਕਰੇ ਚਾਰ ਅੱਖਰ ਪੜ੍ਹ ਕੇ ਆਪਣੇ ਆਪ ਨੂੰ ਸਮਝਣ ਕੀ ਲੱਗ ਜਾਂਦੇ ਨੇ, ਸਾਡੇ ਵੀ ਪਿਉ ਬਨਣ ਦੀ ਕੋਸ਼ਿਸ਼ ਕਰਦੇ ਨੇ। ਇਹਦਾ ਪਿਉ ਕਿੰਨਾ ਚੰਗਾ ਐ, ਕਦੇ ਚੂੰ ਨੀਂ ਸੀ ਕੀਤੀ। ਏਸੇ ਕਰ ਕੇ ਪੜੇ ਲਿਖੇ ਮੁੰਡੇ ਮੈਨੂੰ ਹਮੇਸ਼ਾ ਈ ਬੁਰੇ ਲੱਗਦੇ ਐ।”

ਡਾ. ਰਮੇਸ਼ ਕੱਕੜ ਬੋਹਾ

You may also like