ਉਹ ਦੁਕਾਨਦਾਰ ਅਕਸਰ ਆਪਣੇ ਪੁੱਤ ਨੂੰ ਆਪਣੇ ਨਾਲ ਕੰਮ ਵਿੱਚ ਲਗਾ ਲੈਂਦਾ ਸੀ। ਕਈ ਵਾਰ ਗਾਹਕਾਂ ਨੇ ਆਉਣਾ ਤੇ ਦੁਕਾਨਦਾਰ ਦਾ ਟਾਈਮ ਲਗਾ ਦੇਣਾ ਤੇ ਫੇਰ ਚੀਜ ਕੋਈ ਵੀ ਪਸੰਦ ਨਾ ਕਰਨੀ। ਇਹ ਦੇਖ ਮੁੰਡੇ ਨੂੰ ਗੁੱਸਾ ਆ ਜਾਣਾ ਤੇ ਇੱਕ ਦਿਨ ਉਹ ਉਹਨਾ ਸਮਾਨ ਦੇਖ ਕੇ ਗਏ ਗਾਹਕਾਂ ਨੂੰ ਬੁਰਾ ਭਲਾ ਬੋਲਣ ਲੱਗ ਗਿਆ ਕਿ ਜੇ ਕੁਝ ਲੈਣਾ ਹੀ ਨਹੀਂ ਤਾਂ ਟਾਈਮ ਕਿਉਂ ਖਰਾਬ ਕਰਦੇ ਹਨ । ਉਸ ਦੁਕਾਨਦਾਰ ਨੇ ਉਸੇ ਵਕਤ ਆਪਣੇ ਪੁੱਤ ਨੂੰ ਪਿਆਰ ਨਾਲ ਟੋਕਿਆ ਤੇ ਪੁੱਛਿਆ , “ਪੁੱਤ ਉਹਨਾਂ ਨੇ ਮੇਰਾ ਟਾਈਮ ਲਿਆ , ਕੀ ਤੈਨੂੰ ਮੇਰੇ ਮੱਥੇ ਤੇ ਕੋਈ ਤਿਊੜੀ ਦਿਖ ਰਹੀ ਹੈ ?
” ਨਹੀਂ ” ਪੁੱਤ ਨੇ ਨੀਵੀ ਪਾਉਂਦੇ ਹੋਏ ਨੇ ਜਵਾਬ ਦਿੱਤਾ।
“ਪੁੱਤ ਇਹ ਗਾਹਕ ਹੀ ਆਪਣਾ ਰੱਬ ਹੈ , ਜੇ ਇਹ ਗਾਹਕ ਹਨ ਤਾਂ ਹੀ ਆਪਣੀ ਰੋਜ਼ੀ ਰੋਟੀ ਹੈ। ਨਾਲੇ ਜੇ ਉਹਨਾਂ ਨੇ ਮੇਰਾ ਟਾਈਮ ਲਿਆ ਹੈ ਤਾਂ ਉਸ ਬਦਲੇ ਮੈਨੂੰ ਬਹੁਤ ਕੁਝ ਸਿਖਾ ਕਿ ਵੀ ਗਏ ਨੇ। ”
“ਪੁੱਤ ਨੇ ਇੱਕ ਦਮ ਉੱਪਰ ਮੂੰਹ ਚੁੱਕਿਆ ਤੇ ਪੁੱਛਿਆ , ਡੈਡੀ ਜੀ ਉਹ ਕੀ ਸਿਖਾ ਕਿ ਗਏ ਨੇ ? ਮੈਨੂੰ ਤਾਂ ਕੁਝ ਪਤਾ ਨਹੀਂ ਲੱਗਾ ਮੈਂ ਵੀ ਇਥੇ ਹੀ ਸੀ। ”
ਦੁਕਾਨਦਾਰ ਨੇ ਆਪਣੇ ਬੇਟੇ ਨੂੰ ਜਵਾਬ ਦਿੱਤਾ , “ਉਹਨਾਂ ਮੈਨੂੰ ਸਿਖਾਇਆ ਹੈ ਕਿ ਸਦਾ ਆਪਣੀ ਚੀਜ ਨੂੰ ਸਭ ਤੋਂ ਵਧੀਆ ਮੰਨਣ ਦੀ ਜਿੱਦ ਨਾ ਕਰੋ ਤੇ ਸਿੱਖੋ ਕਿ ਤੁਹਾਡੀ ਚੀਜ ਵਿੱਚ ਹੋਰ ਵੀ ਬਹਿਤਰੀ ਦੀ ਗੁੰਜਾਇਸ਼ ਹੈ , ਜੇ ਅਸੀਂ ਇਹ ਗੁੰਜਾਇਸ਼ ਪੂਰੀ ਕਰ ਦਿੱਤੀ ਤਾਂ ਸਾਡਾ ਸਮਾਨ ਸਭ ਤੋਂ ਵੱਧ ਵਿਖੇਗਾ। ਇਸੇ ਤਰ੍ਹਾਂ ਸਾਨੂੰ ਜਿੰਦਗੀ ਵਿੱਚ ਵੀ ਸਦਾ ਆਪਣੇ ਆਪ ਵਿੱਚ ਬਹਿਤਰੀ ਕਰਨੀ ਚਾਹੀਦੀ ਹੈ ਤੇ ਕਮੀ ਦੱਸਣ ਵਾਲੇ ਦਾ ਧੰਨਵਾਦ ਕਰਨਾ ਚਾਹੀਦਾ ਹੈ। ਫੇਰ ਦੇਖਣਾ ਜਿੰਦਗੀ ਕਿਵੇਂ ਸੋਹਣੀ ਹੁੰਦੀ ਹੈ। ”
ਉਸ ਲੜਕੇ ਨੇ ਆਪਣੇ ਪਿਤਾ ਦੀਆਂ ਗੱਲਾਂ ਨੂੰ ਆਪਣੀ ਜਿੰਦਗੀ ਵਿੱਚ ਧਾਰ ਲਿਆ ਤੇ ਅੱਜ 30 ਸਾਲ ਬਾਅਦ ਉਹ ਆਪਣੇ ਮੌਲ ਜੋ ਦੇਸ਼ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਵੱਡਾ ਮੌਲ ਸੀ ਦੇ ਆਫਿਸ ਵਿੱਚ ਆਪਣੇ ਪਿਤਾ ਸੀ ਤਸਵੀਰ ਵੱਲ ਦੇਖਦਾ ਹੋਇਆ ਆਪਣੇ ਪੁੱਤਰ ਨੂੰ ਸਮਝਾ ਰਿਹਾ ਸੀ ਕਿ ” ਜਿੰਦਗੀ ਚ ਉਹਨਾਂ ਲੋਕਾਂ ਨੂੰ ਸਦਾ ਸਨਮਾਨ ਦੇਵੋ ਜਿੰਨਾ ਕਰਕੇ ਤੁਸੀਂ ਹੋ। ਜਿੰਦਗੀ ਵਿੱਚ ਕਿਸੇ ਵੀ ਅਹੁਦੇ ਤੇ ਪਹੁੰਚ ਜਾਵੋ ਪਰ , ਜਿੰਨਾ ਕਰਕੇ ਉਥੇ ਪਹੁੰਚੇ ਹੋ ਉਹਨਾਂ ਨੂੰ ਕਦੇ ਨਾ ਭੁੱਲੋ। ਅਸੀਂ ਦੁਕਾਨ ਤੋਂ ਮੌਲ ਤੱਕ ਆਪਣੇ ਗਾਹਕਾਂ ਕਰਕੇ ਪਹੁੰਚੇ ਹਾਂ ਇਸ ਲਈ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ, ਪਰ ਇਹ ਅਸੂਲ ਜਿੰਦਗੀ ਤੇ ਬਿਜਨਸ (ਵਪਾਰ ) ਦੋਵਾਂ ਵਿੱਚ ਲਾਗੂ ਹੁੰਦਾ ਹੈ।
ਜਗਮੀਤ ਸਿੰਘ ਹਠੂਰ