ਮੇਰਾ ਪਿੰਡ –

by admin

ਪਿੰਡ ਦੀ ਜੂਹ ਵਿੱਚ ਵੜ੍ਹਦੇ ਹੀ
ਸਰੀਰ ਵਿੱਚ ਰੂਹ ਆ ਗਈ
ਅੱਡੇ ਤੇ ਉੱਤਰਦੇ ਹੀ ਹਵਾ ਦੇ ਵਰੋਲੇ ਨਾਲ ਅੱਖਾਂ ਵਿੱਚ ਓਹੀ ਮਿੱਟੀ ਪਈ
ਜਿਹਦੇ ਵਿੱਚ ਖੇਡਿਆ ਸੀ ਕਦੇ
ਮਿੱਟੀ ਮੇਰੇ ਨਾਲ ਗੱਲਾਂ ਕਰਦੀ ਜਾਪੀ
ਕਹਿੰਦੀ ਕੋਈ ਨਾ ਰੱਚ ਜਾਵੇਗਾ ਹੌਲੀ ਹੌਲੀ ਫੇਰ ਮੇਰੇ ਵਿੱਚ -ਕਦੇ ਨਹੁੰਆਂ ਨਾਲੋ ਵੀ ਮਾਸ ਅੱਡ ਹੋਏ ਆਂ
ਰਾਹ ਵਿੱਚ ਵੱਡੇ ਛੋਟੇ ਟੱਕਰੇ ਮਿਲੇ ਤਾਂ ਆਪਣੇਪਨ ਤੇ ਆਵਦੀ ਮਿੱਟੀ ਦੀ ਵਾਸ਼ਨਾ ਆਈ
ਸ਼ਾਇਦ ਇਹ ਮਹਿੰਗੇ ਇੱਤਰ-ਫਲੇਲਾਂ ਤੋ ਕਿਤੇ ਚੰਗੀ ਸੀ
ਸੁੱਖ-ਸਾਦ ਤਾਂ ਸ਼ਾਇਦ ਹਮੇਸ਼ਾ ਦੀ ਤਰ੍ਹਾਂ ਚੜ੍ਹਦੀਕਲਾ ਹੀ ਸੀ
ਪਿੰਡ ਦੀ ਜੂਹ ਵਿੱਚ ਵੜ੍ਹਦੇ ਹੀ ਉਹ ਕਾਰਾਂ , ਪੈਸੇ ਦਾ ਹੰਕਾਰ ਮਗਰਲੀ ਫਿਰਨੀ ਤੇ ਰਹਿ ਗਿਆ
ਇਹਨਾਂ ਅੱਗੇ ਤਾਂ ਕੋਈ ਲਕੋਅ ਨਹੀ ਸੀ
ਇਹਨਾਂ ਨੇ ਮੈਨੂੰ ਕੁੜਤੇ ਪਜਾਮੇ ਦੇ ਲੀੜੇ ਵਿੱਚੋ ਬਣੀ ਨਿੱਕਰ ਵਿੱਚ ਵੀ ਵੇਖਿਆ ਸੀ ਤੇ ਇਹਨਾਂ ਨੇ ਮਹਿੰਗੇ ਬਰਾਡਾਂ ਦੇ ਕੱਪੜੇਆਂ ਵਿੱਚ ਵੀ
ਸਭ ਵੱਡੇ ਛੋਟੇ ਗਰੀਬ ਅਮੀਰ ਆਪਣੇ ਹੀ ਤਾਂ ਸੀ
ਸ਼ਾਇਦ ਮੇਰੇ ਨਾਲੋ ਜਿਆਦਾ ਛੇੜੂ ਨੂੰ ਵੀ ਮੇਰੇ ਟਾਇਮਟੇਬਲ ਰਟੇ ਹੋਏ ਸੀ
ਇਸੇ ਲਈ ਜਿਸ ਦਿਨ ਥੋੜ੍ਹਾ ਲੇਟ ਉੱਠਦਾ ਤਾਂ ਪੁੱਛਦਾ ਕੀ ਗੱਲ ਅੱਜ ਲੇਟ ਉੱਠਿਆ
ਜਿੰਦਗੀ ਸ਼ਾਇਦ ਭੱਜ-ਦੌੜ ਵਿੱਚੋ ਨਿਕਲ ਕੇ ਇੱਕ ਆਮ ਜੋਗੀ-ਫਕੀਰ ਵਰਗੀ ਸੀ ਪਿੰਡ ਵਿੱਚ ਜਿਹਦੇ ਲਈ ਹਰ ਘਰ ਆਪਣਾ ਹੀ ਹੁੰਦਾ
ਬੋਹੜ,ਪਿੱਪਲ,ਕਿੱਕਰਾਂ ਤੇ ਬੇਰੀਆਂ ਵੀ ਆਪਣੇ ਜੇ ਜਾਪੇ
ਜਿਹਨਾਂ ਤੇ ਕਦੇ ਪੀਘਾਂ ਪਾਉਦੇ ਰਹੇ ਸੀ
ਪਾਪੜ ਤੇ ਲਾਲ ਰੰਗ ਦੀ ਡੱਕੇ ਆਲੀ ਕੁਲਫੀ ਵੀ ਖੁਰ ਗਈ ਜਾਪੀ
ਜਦੋ ਮੈਨੂੰ ਆਵਾਜ ਵੱਜੀ “ਉੱਠ ਖੜ੍ਹ ਅੱਜ ਲੈਕਚਰ ਲਾਉਣ ਜਾਣਾ ਕਾਲਜ “।
ਇੰਨੇ ਨੂੰ ਭਿੱਜੀਆਂ ਅੱਖਾਂ ਲੈ ਕੇ ਮੈ ਪਿੰਡ ਪਿੱਛੇ ਛੱਡਕੇ ਚੰਡੀਗੜ੍ਹ ਦੇ ਇੱਕ ਕਾਲਜ ਦਾ ਸਟੂਡੈਟ ਬਣ ਗਿਆ ਸੀ
ਇਹ ਸ਼ਾਇਦ ਮਹਿਜ ਇੱਕ ਸੁਪਨਾ ਭਰ ਸੀ ਪਰ ਇਹ ਜਿੰਦਗੀ ਦੀ ਇੱਕ ਅਸਲ ਹਕੀਕਤ ਸੀ ਜਿਸਦੀ ਸੁਰੂਆਤ ਅਭੁੱਲ ਸੀ ਪਰ ਅੰਤ ਸੋਚ ਤੋ ਪਰੇ ।

~Ukkarjeet Dhillon

You may also like