ਵੀਰ

by Lakhwinder Singh
ਅਸੀਂ ਦੋ ਜੋੜੇ ਭਰਾ ਤੇ ਚਾਚੇ ਦੀ ਇੱਕੋ ਇੱਕੋ ਧੀ..
ਨਿੱਕੇ ਹੁੰਦਿਆਂ ਸੁਣਦੇ ਸਾਂ ਕੇ ਚਾਚੀ ਦੇ ਅੰਦਰ ਕੋਈ ਨੁਕਸ ਪੈ ਗਿਆ..ਕੋਈ ਹੋਰ ਔਲਾਦ ਨਾ ਜੰਮ ਸਕੀ! ਤਿੰਨੋਂ ਇਕੱਠੇ ਸਕੂਲੇ ਜਾਂਦੇ..ਪ੍ਰਾਇਮਰੀ ਮਗਰੋਂ ਮਿਡਲ ਸਕੂਲ ਦਾਖਲਾ ਲੈ ਲਿਆ ਤਾਂ ਉਸਨੂੰ ਸਕੂਲੇ ਖੜਨਾ ਤੇ ਵਾਪਿਸ ਲਿਆਉਣਾ ਸਾਡੀ ਜੁੰਮੇਵਾਰੀ ਹੋਇਆ ਕਰਦੀ ਸੀ..!
ਇੱਕ ਦਿਨ ਉਸਨੂੰ ਮੈਂ ਆਪਣੇ ਪਿੱਛੇ ਬਿਠਾਉਂਦਾ ਤੇ ਦੂਜੇ ਦਿਨ ਉਹ ਨਿੱਕੇ ਮਗਰ ਬੈਠਦੀ..!
ਨਿੱਕੇ ਨੇ ਸਾਈਕਲ ਦੀ ਨਵੀਂ ਨਵੀਂ ਜਾਚ ਸਿੱਖੀ ਸੀ..ਉਹ ਉਸਦੇ ਮਗਰ ਬੈਠਣ ਤੋਂ ਝਿਜਕਦੀ..
ਪਰ ਨਿੱਕੇ ਨੂੰ ਬਹੁਤ ਹੀ ਜਿਆਦਾ ਚਾਅ ਹੁੰਦਾ..!
ਇੱਕ ਵਾਰ ਅੱਗਿਓਂ ਆਉਂਦੀ ਬੱਸ ਤੋਂ ਬਚਾਅ ਕਰਦੇ ਹੋਏ ਦੋਵੇਂ ਲਾਗੇ ਪਾਣੀ ਨਾਲ ਭਰੇ ਟੋਏ ਵਿਚ ਜਾ ਪਏ..
ਦੋਹਾਂ ਦੀਆਂ ਚੱਪਲਾਂ ਗਵਾਚ ਗਈਆਂ..ਕੱਪੜੇ ਵੀ ਗਿੱਲੇ ਹੋ ਗਏ..ਮੈਂ ਸਿਰੋਂ ਪੱਗ ਲਾਹ ਉਸਦੇ ਗਿੱਲੇ ਕੱਪੜੇ ਢੱਕ ਦਿੱਤੇ..! ਤਿੰਨਾਂ ਸਲਾਹ ਕਰ ਲਈ ਕੇ ਘਰੇ ਨਹੀਂ ਦੱਸਣਾ..ਸਗੋਂ ਇਹ ਆਖਣਾ ਕੇ ਗੁਰਦੁਆਰਿਓਂ ਚੁੱਕੀਆਂ ਗਈਆਂ!
ਕੱਪੜੇ ਚੰਗੀ ਤਰਾਂ ਸੁੱਖਾ ਲਏ..ਪਰ ਫੇਰ ਵੀ ਪਤਾ ਨਹੀਂ ਕਿੱਦਾਂ ਪਤਾ ਲੱਗ ਗਿਆ!
ਨਿੱਕੇ ਨੂੰ ਕੁੱਟ ਪੈਣ ਲੱਗੀ ਤਾਂ ਆਖਣ ਲੱਗੀ ਕੇ ਮੈਥੋਂ ਪਿੱਛੇ ਬੈਠੀ ਕੋਲੋਂ ਹਜੋਕਾ ਜਿਹਾ ਵੱਜ ਗਿਆ ਤੇ ਇਸਦਾ ਹੈਂਡਲ ਡੋਲ ਗਿਆ..!
ਮੈਂ ਅਕਸਰ ਆਖਿਆ ਕਰਦਾ ਕੇ ਜਦੋਂ ਤੇਰਾ ਵਿਆਹ ਹੋਇਆ ਚਾਰੇ ਲਾਵਾਂ ਮੈਂ ਹੀ ਪੂਰੀਅਾਂ ਕਰਵਾਊਂ..ਉਹ ਅੱਗੋਂ ਸੰਗ ਜਾਇਆ ਕਰਦੀ ਤੇ ਗੱਲ ਦੂਜੇ ਪਾਸੇ ਪਾ ਦਿਆ ਕਰਦੀ..!
ਕੁਝ ਸਾਲਾਂ ਬਾਅਦ ਮੈਂ ਫੌਜ ਵਿਚ ਭਰਤੀ ਹੋ ਗਿਆ ਤੇ ਨਿੱਕਾ ਦੁਬਈ ਚਲਾ ਗਿਆ..
ਚਾਚੇ ਦੇ ਤੁਰ ਜਾਣ ਮਗਰੋਂ ਚਾਚੀ ਦਾ ਰਵਈਆ ਬਦਲ ਜਿਹਾ ਗਿਆ..ਉਸਦੇ ਪੇਕੇ ਭਾਰੂ ਹੋ ਗਏ..!
ਮੈਂ ਨਿੱਕੀ ਨੂੰ ਕਿੰਨੀਆਂ ਸਾਰੀਆਂ ਚਿੱਠੀਆਂ ਲਿਖਦਾ ਪਰ ਕੋਈ ਜੁਆਬੀ ਚਿੱਠੀ ਨਾ ਆਇਆ ਕਰਦੀ! ਬਾਪੂ ਹੁਰਾਂ ਸਾਰੀ ਜਮੀਨ ਵੀ ਵੰਡ ਦਿੱਤੀ ਪਰ ਨਾ ਚਾਹੁੰਦਿਆਂ ਹੋਇਆ ਵੀ ਗੱਲ ਪੰਚਾਇਤ ਤੱਕ ਅੱਪੜ ਗਈ..!
ਬਾਪੂ ਹੁਰਾਂ ਸਾਰਾ ਕੁਝ ਸਿਰ ਸੁੱਟ ਮੰਨ ਲਿਆ..ਫੇਰ ਵੀ ਚਾਚੀ ਦੇ ਪੇਕਿਆਂ ਦੀ ਤਸੱਲੀ ਨਾ ਹੋਈ ਤੇ ਬੋਲ ਚਾਲ ਬੰਦ ਜਿਹਾ ਹੋ ਗਿਆ!
ਖੁੱਲੇ ਵੇਹੜੇ ਦੀ ਹਿੱਕ ਵਿਚ ਡੂੰਗੀ ਲਕੀਰ ਵੱਜ ਗਈ ਤੇ ਇੱਕ ਦੇ ਦੋ ਘਰ ਬਣ ਗਏ!
ਮੇਰੀ ਸਾਂਭੇ ਸੈਕਟਰ ਪੋਸਟਿੰਗ ਸੀ..
ਇੱਕ ਦਿਨ ਪਤਾ ਲੱਗਾ ਕੇ ਨਿੱਕੀ ਦਾ ਵਿਆਹ ਧਰਿਆ ਗਿਆ..ਬਾਪੂ ਹੁਰਾਂ ਕੋਲੋਂ ਕੋਈ ਸਲਾਹ ਵੀ ਨਹੀਂ ਲਈ ਗਈ ਤੇ ਨਾ ਹੀ ਕੋਈ ਸੱਦਾ ਪੱਤਰ ਹੀ ਦਿੱਤਾ ਗਿਆ!
ਕਾਲਜੇ ਦਾ ਰੁੱਗ ਭਰਿਆ ਗਿਆ..ਇੰਝ ਲੱਗਾ ਜਿੱਦਾਂ ਕਿਸੇ ਖੰਜਰ ਖੋਬ ਦਿੱਤਾ ਹੋਵੇ..! ਪਿੰਡ ਜਾਣ ਲਈ ਛੁੱਟੀ ਮੰਗੀ ਪਰ ਕਾਰਗਿਲ ਜੰਗ ਕਰਕੇ ਨਾਂਹ ਹੋ ਗਈ..
ਕੱਲਾ ਬੈਠਾ ਕਿੰਨੀ ਦੇਰ ਰੋਂਦਾ ਰਿਹਾ..ਨਾਲਦੇ ਪੁੱਛਣ ਕੀ ਹੋਇਆ..ਆਖਾ ਭੈਣ ਬੋਲਦੀ ਨੀ..ਕੋਈ ਰੋਗ ਲੱਗ ਗਿਆ ਉਸਨੂੰ..!
ਵਿਆਹ ਵਾਲੇ ਦਿਨ ਬਾਰਾਂ ਕੂ ਵਜੇ ਸਾਨੂੰ ਸ਼੍ਰੀਨਗਰ ਕੂਚ ਕਰਨ ਦੇ ਹੁਕਮ ਹੋ ਗਏ..! ਕਾਣਵਾਈ ਵਾਲੇ ਟਰੱਕ ਵਿਚ ਮੈਂ ਅੱਖਾਂ ਮੀਟ ਅਨੰਦ ਕਾਰਜ ਤੇ ਅੱਪੜ ਗਿਆ..ਆਪਣੀਆਂ ਗਿੱਲੀਆਂ ਅੱਖਾਂ ਪੂੰਝਦੇ ਹੋਏ ਨੂੰ ਇੰਝ ਲੱਗੇ ਜਿਦਾਂ ਲਾਲ ਸੂਹੇ ਕੱਪੜਿਆਂ ਵਿਚ ਲਪੇਟੀ ਹੋਈ ਉਹ ਮੇਰੇ ਗਲ਼ ਲੱਗ ਰੋਣੋਂ ਨਹੀਂ ਸੀ ਹਟ ਰਹੀ..!
ਫੇਰ ਆਥਣ ਵੇਲੇ ਮਨ ਹੀ ਮਨ ਅੰਦਰ ਉਸਦੀ ਕਾਰ ਨੂੰ ਧੱਕਾ ਲਾ ਉਸਨੂੰ ਤੋਰ ਵੀ ਦਿੱਤਾ.
ਮਨ ਨੂੰ ਠਹਿਰਾਅ ਜਿਹਾ ਆ ਗਿਆ ਕੇ ਕਾਰਜ ਨੇਪਰੇ ਚਾੜਿਆ ਗਿਆ!

ਮੁੜ ਚੱਲਦੀ ਲੜਾਈ ਵਿਚ ਅਗਲੇ ਪੰਦਰਾਂ ਵੀਹ ਦਿਨ ਕੋਈ ਹੋਸ਼ ਨਾ ਰਹੀ..! ਇੱਕ ਦਿਨ ਦੁਪਹਿਰ ਵੇਲੇ ਸਿਰ ਨਹਾ ਆਪਣੀ ਯੂਨਿਟ ਵਿਚ ਆਰਾਮ ਕਰ ਰਿਹਾ ਸਾਂ ਕੇ ਸੰਤਰੀ ਨੇ ਆਣ ਜਗਾਇਆ..
ਆਖਣ ਲੱਗਾ “ਭਾਉ” ਚੱਲ ਬਾਹਰ ਕਵਾਟਰ ਗਾਰਡ ਲਾਗੇ ਤੇਰੇ ਪ੍ਰਾਹੁਣੇ ਤੈਨੂੰ ਉਡੀਕੀ ਜਾਂਦੇ..
ਪੁੱਛਿਆ ਕੌਣ ਏ ਤਾਂ ਗੱਲ ਲੁਕੋ ਗਿਆ!
ਸਿਰ ਤੇ ਓਸੇ ਤਰਾਂ ਪਰਨਾ ਜਿਹਾ ਲਪੇਟ ਇਹ ਸੋਚ ਬਾਹਰ ਨੂੰ ਤੁਰ ਪਿਆ ਕੇ ਕੌਣ ਹੋ ਸਕਦਾ ਏ..! ਬਾਹਰ ਜਾ ਵੇਖਿਆ ਤਾਂ ਰੁੱਖਾਂ ਦੀ ਛਾਵੇਂ ‘ਨਿੱਕੀ’ ਤੇ ਉਸਦਾ ਪ੍ਰਾਹੁਣਾ ਖਲੋਤੇ ਹੋਏ ਸਨ..ਲਾਲ ਸੂਹਾ ਸੂਟ ਪਾਈ ਉਹ ਮੇਰੇ ਵੱਲ ਨੂੰ ਇੰਝ ਨੱਸੀ ਆਈ ਜਿੱਦਾਂ ਡਾਰੋਂ ਵਿੱਛੜੀ ਹੋਈ ਕੋਈ “ਕੂੰਝ” ਹੋਵੇ..! ਗਲ਼ ਲੱਗ ਕਿੰਨਾ ਚਿਰ ਰੋਂਦੀ ਹੋਈ ਵਾਰ ਵਾਰ ਬੱਸ ਏਨਾ ਹੀ ਆਖੀ ਜਾ ਰਹੀ ਸੀ ਕੇ ਵੀਰਾ ਮੈਨੂੰ ਮੁਆਫ ਕਰਦੇ..ਜੋ ਕੁਝ ਹੋਇਆ ਓਸਤੇ ਮੇਰਾ ਕੋਈ ਵੱਸ ਨਹੀਂ ਸੀ..! ਮਗਰੋਂ ਹੋਰ ਵੀ ਕਿੰਨੀਆਂ ਸਾਰੀਆਂ ਗੱਲਾਂ ਹੋਈਆਂ ਪਰ ਮੈਨੂੰ ਰਹਿ ਰਹਿ ਕੇ ਇੰਝ ਮਹਿਸੂਸ ਹੋਈ ਜਾ ਰਿਹਾ ਸੀ ਜਿੱਦਾਂ ਸਵਰਗਾਂ ਵਿਚ ਬੈਠੀ ਮੇਰੀ ਮਾਂ ਦੇ ਵੇਹੜੇ ਇੱਕ ਧੀ ਨੇ ਜਨ੍ਮ ਲਿਆ ਹੋਵੇ ਤੇ ਨਾਲ ਹੀ ਸੂਹੇ ਕੱਪੜਿਆਂ ਵਿਚ ਲੁਕੀ ਹੋਈ ਨੇ ਕਿਲਕਾਰੀ ਮਾਰ ਮੈਨੂੰ ਪਹਿਲੀ ਵਾਰ “ਵੀਰ” ਆਖ ਕੋਲ ਸੱਦ ਲਿਆ ਹੋਵੇ!


ਹਰਪ੍ਰੀਤ ਸਿੰਘ ਜਵੰਦਾ

You may also like