ਮੇਰੀ ਅਮਿੱਟ ਯਾਦ

by Sandeep Kaur

ਜਿੰਦਗੀ ਦਾ ਸਫਰ ਬੜਾ ਅਜੀਬ ਏ , ਬੜਾ ਪਿਆਰਾ ਹੁੰਦਾ ਏ ਕਦੀ ਤੇ ਕਦੀ ਬਹੁਤ ਉਦਾਸ । ਬੇਸ਼ੱਕ ਇਨਸਾਨ ਸਾਰੀ ਉਮਰ ਖਵਾਹਿਸ਼ਾਂ ਦੇ ਪਰਛਾਵੇਂ ਫੜ੍ਹਦਾ ਰਹਿੰਦਾ ਏ ਪਰ ਬਿਲਕੁਲ ਬਰੀਕੀ ਨਾਲ ਵੇਖਿਆ ਜਾਵੇ ਤਾਂ ਇਨਸਾਨ ਹਮੇਸ਼ਾਂ ਦਿਲੀ ਖ਼ੁਸ਼ੀ ਦੀ ਤਲਾਸ਼ ਵਿੱਚ ਰਹਿੰਦਾ ਏ , ਸਕੂਨ ਦੀ ਭਾਲ ਵਿੱਚ ਰਹਿੰਦਾ ਏ ।ਬਹਾਨਾ ਬੇਸ਼ੱਕ ਰੇੜ੍ਹੀ ਤੋਂ ਅਮਰੂਦ ਖਰੀਦਣ ਦਾ ਹੋਵੇ ਜਾਂ ਸਮੁੰਦਰੀ ਜਹਾਜ ਤੇ ਬੈਠ ਕੇ ਕੌਫੀ ਦੀਆਂ ਚੁਸਕੀਆਂ ਲੈਣ ਦਾ ਹੋਵੇ , ਇਨਸਾਨ ਸਿਰਫ ਦਿਲ ਦਾ ਚੈਨ, ਖ਼ੁਸ਼ੀ ਦੇ ਪਲ ਈ ਇਕੱਠੇ ਕਰਦਾ ਏ ਤਾ ਉਮਰ ਪਰ ਜਦੋਂ ਉਵੇ ਨਹੀ ਹੁੰਦਾ ਜਿਵੇਂ ਸੋਚਿਆ ਹੁੰਦਾ ਏ , ਤਾਂ ਇਨਸਾਨ ਉਦਾਸੀ ਦੀ ਹਨੇਰੀ ਕੋਠੜੀ ਮੱਲ ਬਹਿੰਦਾ ਏ । ਫਿਰ ਅਜਿਹੇ ਮਾਹੌਲ ਵਿੱਚ ਵਿਚਰਦਿਆਂ ਕਈ ਵਾਰ ਕੁਝ ਛੋਟੀਆਂ ਛੋਟੀਆਂ ਖੁਸ਼ਨੁਮਾ ਘਟਨਾਵਾਂ ਘਟ ਜਾਂਦੀਆਂ ਨੇ ਜਿੰਦਗੀ ਚ ਕੇ ਉਹਨਾ ਦੀ ਖੁਸ਼ਬੂ ਸਾਰੀ ਉਮਰ ਮਹਿਸੂਸ ਹੁੰਦੀ ਰਹਿੰਦੀ ਏ , ਕੁਝ ਪਲ ਦੀ ਮਿਲਣੀ ਵਿੱਚ ਈ ਕੁਝ ਇਨਸਾਨ ਤੁਹਾਨੂੰ ਰੂਹਾਨੀ ਖ਼ੁਸ਼ੀ ਨਾਲ ਮਾਲਾ-ਮਾਲ ਕਰ ਦੇਂਦੇ ਨੇ ।ਜਦੋਂ ਕਦੀ ਤੁਸੀ ਉਦਾਸੀ ਦੀ ਧੁੰਦ ਚੋਂ ਹੌਲੀ ਹੌਲੀ ਰਸਤਾ ਲੱਭ ਰਹੇ ਹੁੰਦੇ ਹਾਂ ਤਾਂ ਇਹ ਯਾਦਾਂ ਰਾਹ ਰੁਸ਼ਨਾਉਂਦੀਆਂ ਨੇ , ਮੱਥੇ ਤੇ ਬੰਨ੍ਹੀ ਹੋਈ ਟਾਰਚ ਵਾਂਗ । ਮਾਰੂਥਲ ਵਿੱਚ ਪਾਣੀ ਦਾ ਚਸ਼ਮਾ ਬਣ ਵਹਿੰਦੀਆਂ ਨੇ ਲੋੜ ਪੈਣ ਤੇ ਜਦੋਂ ਪਿਆਸ ਨਾਲ ਜ਼ਬਾਨ ਸੁੱਕਦੀ ਹੋਵੇ ।
ਕਰੀਬ ਸੱਤ ਕੁ ਸਾਲ ਪਹਿਲਾਂ ਦੀ ਛੋਟੀ ਜਿਹੀ ਘਟਨਾ ਏ। ਮੈਂ ਕਾਫੀ ਬੁਰੇ ਦੌਰ ਚੋਂ ਗੁਜ਼ਰ ਰਿਹਾ ਸੀ , ਫਰਾਂਸ ਤੋਂ ਮੂਵ ਕਰਨ ਕਰਕੇ ਹਾਲੇ ਇੰਗਲੈਂਡ ਵਿੱਚ ਪੈਰ ਨਹੀ ਸਨ ਲੱਗੇ , ਮੌਸਮ ਦੀ ਤਬਦੀਲੀ, ਹਰ ਵੇਲੇ ਬੱਦਲਵਾਈ , ਉਦਾਸੀ ਭਰਿਆ ਮੌਸਮ , ਕਦੀ ਕਦੀ ਲੱਗਦਾ ਸੀ ਕਿ ਗਲਤ ਫੈਸਲਾ ਲੈ ਲਿਆ ਦੇਸ਼ ਬਦਲੀ ਕਰਕੇ , ਕੰਮ ਕਾਰ ਲਈ ਵਾਕਫ਼ੀਅਤ ਬਣਦਿਆਂ ਵਕਤ ਲੱਗਣਾ ਸੀ ਹਾਲੇ , ਖਸਤਾ ਹਾਲਤ ਕਿਰਾਏ ਦਾ ਮਕਾਨ , ਆਪਣਾ ਘਰ ਖਰੀਦਣ ਨੂੰ ਹੱਥ ਨਹੀ ਸੀ ਪੈ ਰਿਹਾ ਕਿੱਧਰੇ । ਘੋਰ ਨਿਰਾਸ਼ਾ ਦਾ ਆਲਮ ਸੀ ਏਸ ਵਕਤ । ਉੱਪਰੋਂ ਵਿਸ਼ਵ ਵਿਆਪੀ ਮੰਦੀ ਦਾ ਦੌਰ ਪੂਰੇ ਜੋਬਨ ਤੇ ਸੀ। ਆਖਰ ਮੈਂ ਹੌਲੀ ਹੌਲੀ ਕੰਮ ਸ਼ੁਰੂ ਕੀਤਾ ਤਾਂ ਬਿਜਲੀ ਦੀ ਟੈਸਟਿੰਗ ਦੇ ਮਾਮਲੇ ਚ ਇੱਕ ਦਿਨ ਬਰਮਿੰਘਮ ਦੇ ਦੂਜੇ ਪਾਸੇ , ਇੱਕ ਘਰ ਗਿਆ , ਓਸ ਘਰ ਵਿੱਚ ਇੱਕ ਇਕੱਲੀ ਗੋਰੀ ਬਜ਼ੁਰਗ ਔਰਤ ਰਹਿ ਰਹੀ ਸੀ , ਲਾਰੈਂਸ ਨਾਮ ਸੀ ਓਹਦਾ , ਵੀਲ੍ਹ ਚੇਅਰ ਨਾਲ ਤੁਰਦੀ ਸੀ । ਉਮਰ ਦੇ ਅੱਠ ਦਹਾਕੇ ਵੇਖ ਚੁੱਕੀ ਸੀ ਉਹ ਪਿਆਰੀ ਜਿਹੀ ਇਨਸਾਨ , ਗੋਰਾ ਨਿਸ਼ੋਹ ਰੰਗ, ਚਾਂਦੀ ਰੰਗੇ ਵਾਲ , ਨੀਲੀਆਂ ਬਲੌਰੀ ਅੱਖਾਂ । ਪਰ ਸੀ ਬੜੀ ਜ਼ਿੰਦਾ ਦਿਲ । ਏਸ ਹਾਲਤ ਵਿੱਚ ਵੀ ਇਕੱਲੀ ਜਿੰਦਗੀ ਦੇ ਦਿਨ ਪੂਰੇ ਕਰ ਰਹੀ ਸੀ । ਘਰ ਵਿੱਚ ਪੁਰਾਣਾ ਰੰਗਦਾਰ ਟੀਵੀ, ਰੇਡੀਓ ਸਲੀਕੇ ਨਾਲ ਸਜ਼ਾ ਕੇ ਰੱਖੇ ਹੋਏ ਸਨ ਉਹਨੇ , ਇੱਕ ਲੈਂਡਲਾਈਨ ਫ਼ੋਨ ਪਿਆ ਸੀ ਜਿਸਤੇ ਹਿੰਦਸੇ ਵੱਡੇ ਕਰਕੇ ਲਿਖੇ ਹੋਏ ਸਨ , ਵਰਤੋਂ ਚ ਆਸਾਨੀ ਲਈ । ਮੈਂ ਆਪਣਾ ਕੰਮ ਖਤਮ ਕੀਤਾ , ਤਾਂ ਉਸ ਨੇਕ ਔਰਤ ਨੇ ਮੈਨੂੰ ਸਰਸਰੀ ਚਾਹ ਕੌਫੀ ਦੀ ਸੁਲ੍ਹਾ ਮਾਰ ਲਈ , ਮੈਂ ਝਿਜਕਦੇ ਨੇ ਨਾਂਹ ਕਰ ਦਿੱਤੀ ਪਰ ਓਹਨੇ ਦੁਬਾਰਾ ਏਨੇ ਪੁਰ ਖ਼ਲੂਸ ਤਰੀਕੇ ਨਾਲ ਕਿਹਾ ਤਾਂ ਮੈ ਨਾਂਹ ਨਾ ਕਰ ਸਕਿਆ ।ਮੈਂ ਪਾਣੀ ਗਰਮ ਕਰਨ ਚ ਮੱਦਦ ਕਰ ਦਿੱਤੀ ਤੇ ਅਸਾਂ ਕੌਫੀ ਬਣਾ ਲਈ । ਬੈਠੇ ਬੈਠੇ ਅਸੀਂ ਉੰਨ ਦੇ ਪਿੰਨੇ ਵਾਂਗ ਉੱਧੜ ਗਏ । ਮੈ ਆਪਣਾ ਪਿਛੋਕੜ ਦੱਸਿਆ ਤੇ ਓਹਨੇ ਵੀ ਦੱਸਿਆ ਕਿ ਓਹਦਾ ਪਤੀ ਪੰਜ ਕੁ ਸਾਲ ਪਹਿਲਾਂ ਗੁਜ਼ਰ ਗਿਆ ਏ। ਦੋ ਬੇਟੀਆਂ ਸਨ, ਇੱਕ ਕੈਨੇਡਾ ਏ ਤੇ ਦੂਸਰੀ ਲੈਸਟਰ ਰਹਿੰਦੀ ਏ , ਏਥੋ ਅੱਸੀ ਕੁ ਕਿਲੋ ਮੀਟਰ ਦੂਰ । ਮੈਂ ਉਹਨੂੰ ਪੁੱਛਿਆ ਕਿ ਤੂੰ ਕਿਸੇ ਪਰਿਵਾਰ ਦੇ ਮੈਂਬਰ ਨਾਲ ਕਿਉਂ ਨਹੀ ਰਹਿੰਦੀ , ਕੀ ਮੁਸ਼ਕਿਲ ਨਹੀਂ ਇਵੇਂ ਜਿੰਦਗੀ ਬਸ਼ਰ ਕਰਨਾ ? ਤਾਂ ਓਹਨੇ ਬੜੀ ਜ਼ਿੰਦਾ-ਦਿਲੀ ਨਾਲ ਜਵਾਬ ਦਿੱਤਾ ,”ਨਹੀਂ, ਮੈ ਕਿਸੇ ਤੇ ਬੋਝ ਨਹੀ ਬਣਨਾ ਚਾਹੁੰਦੀ , ਮੈਨੂੰ ਲੱਗਦਾ ਏ ਕਿ ਮੈ ਖ਼ੁਦ ਨੂੰ ਸੰਭਾਲ਼ ਸਕਦੀ ਆਂ ਹਾਲੇ ਵੀ । ਘਰ ਦੇ ਬਾਹਰਲਾ ਰੈਂਪ, ਅੰਦਰਲੀਆਂ ਪੌੜੀਆਂ ਤੇ ਵੀ ਕੌਂਸਲ ਨੇ ਪ੍ਰਬੰਧ ਕੀਤਾ ਹੋਇਆ ਏ ਵੀਲ੍ਹ ਚੇਅਰ ਨੂੰ ਚੜ੍ਹਾਉਣ , ਲਾਹੁਣ ਲਈ । ਤੂੰ ਵੇਖ , ਮੇਰਾ ਘਰ ਲਗ ਭਗ ਸਾਫ ਸੁਥਰਾ ਏ , ਹਰ ਚੀਜ ਇੱਕ ਫੋਨ ਕਾਲ ਤੇ ਉਪਲੱਭਧ ਏ, ਫਿਰ ਮੈਂ ਬੋਝ ਕਿਉ ਬਣਾਂ , ਆ ਕੇ ਮਿਲ ਈ ਤਾ ਜਾਂਦੇ ਨੇ ਕਦੀ ਕਦਾਈਂ ਸਭ ”
ਤੇ ਮੈ ਵੇਖਿਆ , ਉਸਦੇ ਚਿਹਰੇ ਤੇ ਜਰਾ ਵੀ ਸ਼ਿਕਨ ਨਹੀਂ ਸੀ । ਪੁਰਾਣੇ ਘਰ ਨਾਲ ਮੋਹ ਸੀ ਉਹਦਾ , ਜੋ ਉਹਨੂੰ ਬੰਨ੍ਹ ਕੇ ਬਿਠਾਈ ਬੈਠਾ ਸੀ । ਸਭ ਦੀਵਾਰਾਂ ਪੁਰਾਣੀਆ ਫੋਟੋਆਂ ਨਾਲ ਭਰੀਆਂ ਸਨ , ਜਿੰਨ੍ਹਾੰ ਦੀ ਸਾਫ ਸਫਾਈ ਓਹਦੀ ਬੇਟੀ ਆ ਕੇ ਕਰਦੀ ਸੀ ਦੋ ਤਿੰਨ ਹਫਤੇ ਬਾਅਦ , ਤੇ ਜਿੱਥੋਂ ਤਿਕ ਹੱਥ ਅੱਪੜਦਾ ਸੀ ,ਓਹ ਖ਼ੁਦ ਸਾਫ ਸਫਾਈ ਕਰਦੀ ਸੀ ।
ਮੈਂ ਵੇਖਿਆ, ਉਹਦੇ ਨਾਲ ਗੱਲ ਕਰਕੇ ਮੇਰੀ ਉਦਾਸੀ ਹਰਨ ਹੋ ਗਈ ਸੀ , ਤਰੋਤਾਜਾ ਹੋ ਗਿਆ ਸੀ ਮੈਂ ਯਕਦਮ , ਨਵੇਂ ਉਤਸ਼ਾਹ ਨਾਲ ਭਰ ਗਿਆ ਮੈਂ , ਇਹ ਸੋਚ ਕੇ ਕਿ ਇੱਕ ਵੀਲ੍ਹ ਚੇਅਰ ਤੇ ਬੈਠਾ ਇਨਸਾਨ ਹਿੰਮਤ ਨਹੀਂ ਹਾਰਦਾ ਤਾਂ ਮੈਨੂ ਕੀ ਹੋਇਆ , ਮੈਂ ਤਾਂ ਚੰਗਾ ਭਲਾ ਪਿਆਂ ।
ਫਿਰ ਵੀ, ਮੈਂ ਉਹਦਾ ਇਕੱਲ੍ਹਾਪਨ ਵੇਖ ਮੈ ਥੋੜ੍ਹਾ ਭਾਵੁਕ ਹੋ ਗਿਆ ਜੋ ਉਹਨੇ ਵੀ ਭਾਂਪ ਲਿਆ , ਜਦ ਮੈੰ ਤੁਰਨ ਦੀ ਇਜਾਜਤ ਮੰਗੀ ਤਾਂ ਉਹਨੇ ਬੜੀ ਅਪਣੱਤ ਨਾਲ ਕਿਹਾ , ” ਤੂੰ ਬੜਾ ਚੰਗਾ ਏਂ ਮੇਰੇ ਬੱਚੇ , ਮੇਰਾ ਦਿਲ ਕਰਦਾ ਏ ਮੈਂ ਤੈਨੂੰ ਗਲ਼ੇ ਨਾਲ਼ ਲਾ ਲਵਾਂ ,”
ਤੇ ਪਤਾ ਈ ਨਾ ਲੱਗਾ , ਕਦੋ ਮੈ ਓਹਦੇ ਗੋਡੇ ਮੁੱਢ ਜਾ ਬੈਠਾ , ਓਹਦੀ ਨਿੱਘੀ ਗਲਵੱਕੜੀ ਨੇ ਮੈਨੂੰ ਮੇਰੀ ਅੱਠ ਹਜਾਰ ਕਿਲੋ ਮੀਟਰ ਦੂਰ ਬੈਠੀ ਮਾਂ ਕੋਲ ਪਹੁੰਚਾਅ ਦਿੱਤਾ । ਵਿਦਾਈ ਵਕਤ ਓਹਨੇ ਮੇਰਾ ਹੱਥ ਚੁੰਮਿਆ , ਅਸੀਸ ਦਿੱਤੀ , ਇੰਜ ਜਾਪਿਆ , ਜਿਵੇਂ ਸਕੀ ਮਾਂ ਨੇ ਥਾਪੜਾ ਦਿੱਤਾ ਹੋਵੇ ।
ਮੈਡਮ ਲਾਰੈਂਸ ਨਾਲ ਹੋਈ ਉਹ ਨਿੱਘੀ ਜਿਹੀ ਮੁਲਾਕਾਤ ਮੇਰੀ ਅਮਿੱਟ ਯਾਦ ਬਣ ਗਈ, ਅੱਜ ਵੀ ਓਸ ਜ਼ਿੰਦਾ-ਦਿਲ ਔਰਤ ਦਾ ਚੇਤਾ ਆਉਂਦਾ ਏ ਤਾਂ ਮਨ ਅਨੋਖੇ ਵਿਸਮਾਦ ਨਾਲ ਭਰ ਜਾਂਦਾ ਏ ।
ਤੇ ਇੱਕ ਗੱਲ ਹੋਰ, ਭਾਵਨਾਵਾਂ ਚ ਜਾਨ ਹੋਵੇ ਤਾਂ ਬੋਲੀ ਦੀ ਕਮਜ਼ੋਰੀ ਵੀ ਆੜੇ ਨਹੀ ਆਉਂਦੀ । ਛੋਟੇ ਮੋਟੇ ਸ਼ਬਦਾਂ ਦੇ ਭਾਵਅਰਥ ਖ਼ੁਦ ਬਖੁਦ ਈ ਸਮਝ ਆ ਜਾਂਦੇ ਨੇ । (ਤਸਵੀਰ ਕਾਲਪਨਿਕ ਏ)

ਦਵਿੰਦਰ ਸਿੰਘ ਜੌਹਲ

You may also like