ਵਾਰਿਸ

by admin

ਜਗਤਾਰ ਤੇ ਸਤਨਾਮ ਸਕੇ ਭਰਾ ਸਨ। ਜਗਤਾਰ ਵੱਡਾ ਤੇ ਸਤਨਾਮ ਛੋਟਾ…..ਬਾਪੂ ਦੇ ਗੁਜ਼ਰਨ ਤੋਂ ਬਾਅਦ ਛੋਟੀ ਉਮਰ ਚ ਜ਼ਿੰਮੇਵਾਰੀਆਂ ਦੇ ਭਾਰ ਨੇ ਜਗਤਾਰ ਨੂੰ ਸਿਆਣਾ ਤੇ ਗੰਭੀਰ ਇਨਸਾਨ ਬਣਾ ਦਿੱਤਾ ਸੀ।ਜਗਤਾਰ ਨੇ ਲਾਣੇਦਾਰੀ ਤੇ ਕਬੀਲਦਾਰੀ ਬੜੀ ਚੰਗੀ ਤਰ੍ਹਾਂ ਸੰਭਾਲੀ ਹੋਈ ਸੀ। ਉਹ ਬੋਲਦਾ ਭਾਵੇਂ ਘੱਟ ਈ ਸੀ,ਪਰ ਟੱਬਰ ਤੇ ਉਹਦਾ ਰੋਅਬ ਪੂਰਾ ਸੀ। ਪਿੰਡ, ਰਿਸ਼ਤੇਦਾਰੀਆਂ ਤੇ ਇਲਾਕੇ ਦੇ ਲੋਕਾਂ ਚ ਉਸਦਾ ਬਹੁਤ ਰਸੂਖ ਸੀਂ। ਸਤਨਾਮ ਵੀ ਗੁਣਾਂ ਪੱਖੋਂ ਬਿਲਕੁਲ ਆਪਣੇ ਵੱਡੇ ਭਰਾ ਦਾ ਪਰਛਾਵਾਂ ਸੀ। ਦੋਵਾਂ ਦੀ ਉਮਰ ਚ ਭਾਵੇਂ ਬਹੁਤਾ ਫਰਕ ਨਹੀਂ ਸੀ ਤਾਂ ਵੀ ; ਸੀਜ਼ਨ ਤੋਂ ਬਿਨਾਂ ਕਦੇ ਸਤਨਾਮ ਨੂੰ ਉਹਨੇ ਸੁੱਤੇ ਪਏ ਨੂੰ ਉਠਾਇਆ ਨਹੀਂ ਸੀ। ਦੋਵੇਂ ਭਰਾ ਨਸ਼ੇ-ਪੱਤੇ ਤੋਂ ਦੂਰ ਤੇ ਮਿਹਨਤੀ ਸਨ।
ਦੋ ਨੌਕਰ ਵੀ ਰੱਖੇ ਹੋਏ ਸਨ। ਸਤਨਾਮ ਨੂੰ ਕਿਸੇ ਕੰਮ ਦੀ ਕੋਈ ਸੋਚ ਫਿਕਰ ਨਹੀਂ ਸੀ।ਦੋਵੇਂ ਭਾਈ ਮਿਲ ਜੁਲ ਕੇ ਖੇਤੀ ਦਾ ਕੰਮ ਕਰਦੇ, ਦੋਵਾਂ ਦੇ ਪਿਆਰ ਮਿਲਵਰਤਨ ਦੀਆਂ ਲੋਕ ਮਿਸਾਲਾਂ ਦਿੰਦੇ। ਵੱਡਾ ਭਾਈ ਹਰ ਕੰਮ ਚ ਆਪ ਮੂਹਰੇ ਲੱਗਦਾ ਤੇ ਛੋਟਾ ਵੀ ਚੰਗੀ ਸੰਗਤ ਕਾਰਨ ਕਦੇ ਰਾਹ ਤੋਂ ਭਟਕਿਆ ਨਹੀਂ ਸੀ।
ਜਿਵੇਂ ਕਹਿੰਦੇ ਹੁੰਦੇ ਨੇ…..ਮਿਹਨਤਾਂ ਨੂੰ ਈ ਫਲ ਲੱਗਦੇ ਨੇ….ਘਰ ਚ ਜ਼ਰੂਰਤ ਦੀ ਹਰ ਚੀਜ਼ ਮੌਜੂਦ ਸੀ। ਪੈਲੀ, ਸੋਹਣਾ ਘਰ-ਬਾਰ,ਕਾਰਾਂ, ਖੇਤੀਬਾੜੀ ਦਾ ਹਰ ਸੰਦ ਮੌਜੂਦ ਸੀ।
ਪੱਲੇ ਪੈਸੇ ਹੋਣ ਕਰਕੇ ਜੱਦੀ ਵੀਹ ਕਿੱਲੇ ਪੈਲੀ ਤੋਂ ਬਿਨਾਂ ਪੰਜ ਕਿੱਲੇ ਹੋਰ ਖਰੀਦ ਲਏ ਸਨ।
ਦੋਵਾਂ ਦੀਆਂ ਪਤਨੀਆਂ ਵੀ ਆਪਸ ਚ ਭੈਣਾਂ ਵਾਂਗੂੰ ਰਹਿੰਦੀਆਂ। ਆਮ ਔਰਤਾਂ ਵਾਂਗੂੰ ਜਸਬੀਰ ਨੇ ਆਪਣੀ ਦਰਾਣੀ ਦਾ ਕਦੇ ਕੰਮ ਕਾਰ ਨੂੰ ਲੈਕੇ ਕੋਈ ਸ਼ਰੀਕਾ ਨਹੀਂ ਕੀਤਾ ਸੀ। ਜੋ ਵੀ ਜਿੰਨਾਂ ਵੀ ਕਰ ਲੈਂਦੀ ਠੀਕ ਸੀ,ਬਾਕੀ ਲਾਣੇਦਾਰ ਦੀ ਘਰਵਾਲੀ ਹੋਣ ਕਰਕੇ ਹਰ ਕੰਮ ਦੀ ਫਿਕਰ ਉਹਨੂੰ ਈ ਹੁੰਦੀ ਸੀ । ਮਨਦੀਪ ਨੇ ਵੀ ਜੇਠ ਜੇਠਾਣੀ ਦੀ ਅਧੀਨਗੀ ਤੇ ਹਕੂਮਤ ਦਾ ਕਦੇ ਵੀ ਗਿਲਾ ਨਹੀਂ ਕੀਤਾ ਸੀ।
ਉਹ ਪੜੀ ਲਿਖੀ ਤੇ ਅਗਾਂਹਵਧੂ ਖਿਆਲਾਂ ਵਾਲੀ ਕੁੜੀ ਸੀ।
ਜਗਤਾਰ ਦੇ ਦੋ ਬੱਚੇ ਬੇਟਾ ਬੇਟੀ ਦਸ ਤੇ ਅੱਠ ਸਾਲ ਦੇ ਤੇ ਸਤਨਾਮ ਦੀ ਬੇਟੀ ਵੀ ਪੰਜ ਸਾਲ ਦੀ ਹੋ ਗਈ ਸੀ।
ਚਾਰੇ ਜੀਅ;ਤਿੰਨੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ। ਮੁੰਡੇ -ਕੁੜੀਆਂ ਚ ਕੋਈ ਵੀ ਫਰਕ ਨਹੀਂ ਸਮਝਦਾ ਸੀ।
ਕਦੇ ਕਦੇ ਬੱਚਿਆਂ ਦੀ ਦਾਦੀ ਜਾਂ ਮਨਦੀਪ ਦੀ ਮਾਂ ਉਹਨੂੰ ਹੋਰ ਬੱਚਾ ਭਾਵ ਮੁੰਡਾ ਜੰਮਣ ਬਾਰੇ ਆਖਦੀਆਂ ਤਾਂ ਉਹ ਸਖਤੀ ਨਾਲ ਮਨਾਂ ਕਰ ਦਿੰਦੀਂ। ਜਦ ਮਨਦੀਪ ” ਹੈਗਾ ਤਾਂ ਐ ਮਾਤਾ ਪੋਤਾ ਤੇਰਾ” ਆਖਦੀ ਤਾਂ
” ਮਰਜ਼ੀ ਐ ਤੇਰੀ ਧੀਏ, ਢਿੱਡੋਂ ਜੰਮੇ ਦਾ ਫਰਕ ਹੁੰਦੈ” ਆਖ ਆਪਣੀ ਬੇਬਸੀ ਜ਼ਾਹਰ ਕਰਦੀ। ਉਹਦੇ ਮਨ ਵਿੱਚ ਪੋਤੇ ਦਾ ਮੂੰਹ ਦੇਖਣ ਦੀ ਬਹੁਤ ਇੱਛਾ ਸੀ।
ਮਨਦੀਪ ਨੇ ਹੋਰ ਬੱਚਾ ਪੈਦਾ ਨਾ ਕਰਨ ਦਾ ਫੈਸਲਾ ਲਿਆ ਸੀ, ਜਿਸ ਚ ਸਤਨਾਮ ਨੇ ਵੀ ਉਸਦਾ ਪੱਖ ਪੂਰਿਆ ਸੀ। ਦੋਵੇਂ ਧੀ ਤੇ ਪੁੱਤ ਚ ਕੋਈ ਫਰਕ ਨਹੀਂ ਸਮਝਦੇ ਸਨ। ਉਹ ਤਾਂ ਜਗਤਾਰ ਦੇ ਬੇਟੇ ਨੂੰ ਵੀ ਆਪਣਾ ਪੁੱਤ ਈ ਸਮਝਦੇ ਸਨ ।
ਸਮਾਂ ਆਪਣੀ ਤੋਰ ਤੁਰਦਾ ਜਾ ਰਿਹਾ ਸੀ।
ਇੱਕ ਰਾਤ ਮਨਦੀਪ ਪਾਣੀ ਲੈਣ ਲਈ ਚੁਬਾਰੇ ਤੋਂ ਹੇਠਾਂ ਆਉਂਦੀ ਹੈ। ਹਾੜੀ ਦਾ ਮੌਕਾ ਸੀ, ਜਗਤਾਰ ਕਣਕ ਵੇਚ ਕੇ ਹੁਣੇ ਈ ਆਇਆ ਸੀ। ਅੱਧੀ ਰਾਤ ਦਾ ਵੇਲਾ ਹੋ ਚੁੱਕਿਆ ਸੀ।
” ਸਤਨਾਮ ਨੂੰ ਵੀ ਕੋਈ ਜ਼ਿੰਮੇਵਾਰੀ ਦਿਆ ਕਰੋ, ਸੁੱਖ ਨਾਲ ਹੁਣ ਸਿਆਣਾ ਹੋ ਗਿਐ, ਨਾਲੇ ਕਦ ਤੱਕ ਸਾਰਾ ਭਾਰ ਆਪਣੇ ਸਿਰ ਤੇ ਚੱਕੀਂ ਫਿਰੋਗੇ?” ਕਮਰੇ ਕੋਲੋਂ ਲੰਘਦਿਆਂ ਜਸਬੀਰ ਦੇ ਬੋਲ ਸੁਣਕੇ ਮਨਦੀਪ ਦੇ ਕਦਮ ਆਪਣੇ ਆਪ ਰੁਕ ਗਏ।
“ਕੋਈ ਨੀਂ ਭਲੀਏ ਲੋਕੇ; ਬਣ ਵੀ ਤਾਂ ਆਪਣੇ ਪੁੱਤ ਦਾ ਈ ਰਹਿਆ ਸਭ ਕੁੱਝ; ਧੀਆਂ ਦਾ ਕੀ ਹੁੰਦਾ ਵਿਆਹ ਕੇ ਤੋਰ ਦਿੰਦੇ ਨੇ, ਕਿਹੜਾ ਕੁੱਝ ਮੰਗਦੀਆਂ ਨੇ ਵਿਚਾਰੀਆਂ”ਜਗਤਾਰ ਦੇ ਮੂੰਹੋਂ ਨਿਕਲੇ ਇਹ ਸ਼ਬਦ ਸੁਣਕੇ ਮਨਦੀਪ ਠਠੰਬਰ ਗਈ ਸੀ।
ਪਰ ਸਤਨਾਮ ……?
” ਉਹ ਤਾਂ ਆਪਣੇ ਅੰਨੇ ਭਗਤ ਨੇ, ਉਹਨਾਂ ਨੇ ਕੀ ਕਹਿਣੈ”? ਜਗਤਾਰ ਦੇ ਕਹੇ ਇਹ ਬੋਲ ਮਨਦੀਪ ਦਾ ਕਲੇਜਾ ਚੀਰ ਗਏ।
ਉਹਨਾਂ ਨੇ ਕਦੇ ਜ਼ਮੀਨ ਜਾਇਦਾਦ ਦੇ ਇਸ ਪੱਖ ਬਾਰੇ ਕਦੇ ਸੋਚਿਆ ਤੱਕ ਨਹੀਂ ਸੀ।
ਉਸੇ ਪਲ ਮਨਦੀਪ ਨੂੰ ਆਪਣਾ ਢਿੱਡੋਂ ਜੰਮਿਆ ਪੁੱਤ ਨਾ ਹੋਣ ਦਾ ਪਹਿਲੀ ਵਾਰੀ ਅਹਿਸਾਸ ਹੋਇਆ ਸੀ।
ਉਹਨੇ ਇਸ ਗੱਲ ਦਾ ਜ਼ਿਕਰ ਕਿਸੇ ਕੋਲ ਨਾ ਕੀਤਾ; ਇੱਥੋਂ ਤੱਕ ਕਿ ਸਤਨਾਮ ਕੋਲ ਵੀ ਨਹੀਂ …..
ਤਿੰਨ ਮਹੀਨਿਆਂ ਬਾਅਦ ਮਨਦੀਪ ਨੇ ਸਭ ਨੂੰ ਆਉਣ ਵਾਲੀ ਖੁਸ਼ਖਬਰੀ ਬਾਰੇ ਦੱਸਿਆ।
ਸਮਾਂ ਪੂਰਾ ਹੋਣ ਤੇ ਮਨਦੀਪ ਨੇ ਚੰਨ ਜਿਹੇ ਪੁੱਤ ਨੂੰ ਜਨਮ ਦਿੱਤਾ; ਹਸਪਤਾਲ ਚ ਭਤੀਜੇ ਨੂੰ ਦੇਖਣ ਆਏ ਜਗਤਾਰ ਨੇ ਕਾਕੇ ਨੂੰ ਗੋਦੀ ਚ ਲੈਂਦੇ ਹੋਏ ਪੁੱਛਿਆ” ਨਾਂ ਕੀ ਰੱਖਣੈ ਆਪਣੇ ਸ਼ੇਰ ਦਾ”?
“ਵਾਰਿਸ”
ਮਨਦੀਪ ਦੇ ਮੂੰਹੋਂ ਆਪ- ਮੁਹਾਰੇ ਨਿਕਲੇ ਇਸ ਇੱਕ ਸ਼ਬਦ ਨਾਲ ਜਗਤਾਰ ਦੇ ਮੱਥੇ ਆਈ ਤ੍ਰੇਲੀ ਦੇਖਕੇ ਮਨਦੀਪ ਦੇ ਮਨ ਨੂੰ ਇੱਕ ਅਜੀਬ ਜਿਹੀ ਖੁਸ਼ੀ ਮਹਿਸੂਸ ਹੋ ਰਹੀ ਸੀ।

ਹਰਿੰਦਰ ਕੌਰ ਸਿੱਧੂੂ

You may also like