ਨਾਨੀ

by admin

ਨਾਨੀ ਨੂੰ ਪੂਰੇ ਹੋਇਆ 4 ਮਹੀਨੇ ਹੋ ਗਏ !
ਮਾਵਾਂ ਬਿਨਾ ਕਿਸੇ ਹੋਰ ਨਾਲ ਢਿੱਡ ਨਹੀ ਫੋਲਿਆ ਜਾਦਾ , ਮਾਂ ਨੂੰ ਲੁਕ ਲੁਕ ਬੜਾ ਰੋਦਿਆ ਦੇਖਿਆ। ਸ਼ਾਇਦ ਮਾਂ ਨਾ ਹੋਣ ਦਾ ਦੁੱਖ ਮੇਰੀ ਮਾਂ ਮੇਰੇ ਨਾਲੋ ਜਿਆਦਾ ਜਾਣਦੀ ਆ!
ਸਿਆਣਿਆ ਸੱਚ ਹੀ ਕਿਹਾ ਕਿ ਪੇਕੇ ਹੁੰਦੇ ਮਾਵਾਂ ਨਾਲ। ਤਿੰਨੋ ਮਾਮੇ , ਮਾਮੀਆ ਤੇ ਭਰਾ ਭਰਜਾਈਆ ਨੇ ਮਾਂ ਦੇ ਆਏ ਤੇ ਬੜਾ ਮੋਹ ਕਰਨਾ ਪਰ ਫਿਰ ਵੀ ਕਿਉ ਮਾਂ ਨੇ ਹਰ ਵਾਰ ਪੇਕੇ ਜਾਣ ਤੋ ਪਹਿਲਾ ਇਹੀ ਕਹਿਣਾ ਹਾਏ ਹੁਣ ਬੇਬੇ (ਮਾਂ) ਤਾ ਹੋਣੀ ਨੀ , ਡੈਡੀ ਜੀ ਨੇ ਕਹਿਣਾ ਕੋਈ ਨਾ ਭਰਾ ਭਰਜਾਈਆ ਤਾ ਹੈ ਈ ਉੱਥੇ। ਪਰ ਪਤਾ ਨਹੀ ਕਿਉ ਜਾਣ ਸਾਰ ਹੀ ਮਾਂ ਨੂੰ ਬੇਬੇ ਦੀ ਯਾਦ ਆ ਜਾਣੀ ਤੇ ਮਾਂ ਨੇ ਅੱਖਾ ਭਰ ਲੈਣੀਆ ਸ਼ਾਇਦ ਚੀਨੀ ਦੇ ਕੱਪ ਦੀ ਚਾਹ ਮਾਂ ਨੂੰ ਉਨਾ ਸੁਆਦ ਤੇ ਆਪਣਾਪਨ ਨਾ ਦਿੰਦੀ ਜਿੰਨਾ ਬੇਬੇ ਦਾ ਸਟੀਲ ਦਾ ਗਿਲਾਸ ਦਿੰਦਾ ਸੀ। ਰਾਤ ਨੂੰ ਮਾਂ ਨੇ ਜਿੱਦ ਕਰਨੀ ਕਿ ਬੇਬੇ ਆਲਾ ਬੰਬਲਾ ਵਾਲਾ ਖੇਸ ਹੀ ਲੈਣਾ, ਇੰਜ ਲੱਗਣਾ ਕਿ ਮਾਂ ਨੇ ਵੱਡੀ ਰਾਤ ਤੱਕ ਉਸ ਖੇਸ ਨਾਲ ਹੀ ਦੁੱਖ ਸੁੱਖ ਕਰਦੀ ਜੋ ਬੇਬੇ ਨੇ ਆਪਣੇ ਹੱਥ ਨਾਲ ਵੱਟੇ ਸੀ। ਕਿੰਨੀਆ ਹੀ ਯਾਦਾ ਨੂੰ ਸਮੇਟ ਮਾਂ ਦੂਜੇ ਦਿਨ ਹੀ ਵਾਪਸ ਮੁੜ ਪੈਂਦੀ।
ਨਾਨੀ ਦਾ ਦੋਹਤੇ ਦੋਹਤੀਆ ਨਾਲ ਬਹੁਤ ਪਿਆਰ ਹੁੰਦਾ ਅੱਜ ਵੀ ਜਦ ਕੋਈ ਦੇਖਦਾ ਏ ਤਾ ਕਹਿ ਦਿੰਦਾ ਏ ਤੇਜੋ ਦੀ ਦੋਹਤੀ ਲੱਗਦੀ ਏ ਤੇ ਰਾਣੀ ਦੀ ਧੀ ਤਾ ਰੂਹ ਨੂੰ ਖੁਸ਼ੀ ਮਿਲਦੀ ਏ। ਸੱਚੀ ਨਾਨਕੇ ਘਰ ਅਕਸਰ ਤਹਾਨੂੰ ਤੁਹਾਡੀ ਮਾਂ ਤੇ ਨਾਨੀ ਦੇ ਨਾਂ ਨਾਲ ਹੀ ਪਹਿਚਾਣਿਆ ਜਾਦਾ ਏ।
ਮਾਂ ਬੇਬੇ ਦੇ ਜਾਣ ਮਗਰੋ ਹਾਉਕਿਆਂ ਨਾਲ ਹੀ ਅੱਧੀ ਰਹਿ ਗਈ ਕਿੱਡਾ ਜਿਗਰਾ ਕਰਦੇ ਹੋਣੇ ਸਾਰੇ ਜਦੋ ਸਿਵਿਆਂ ਦੀ ਅੱਗ ਬੁਝਾ ਘਰ ਦੁਬਾਰਾ ਅੱਪੜਦੇ ਨੇ। ਸੁਣਿਆ ਹੈ ਕਿ ਸਮਾ ਪਾ ਕੇ ਇਨਸਾਨ ਹਰੇਕ ਦੁੱਖ ਭੁੱਲ ਜਾਦਾ ਪਰ ਆਪਣਿਆ ਦੀ ਯਾਦ ਹਰੇਕ ਨੂੰ ਧੁਰ ਅੰਦਰ ਤੱਕ ਹਿਲਾ ਦਿੰਦੀ ਏ।

ਕਮਲ ਕੌਰ

You may also like