ਨਿੱਕੇ ਜਿਹੇ ਕਸਬੇ ਦਾ ਨਿੱਕਾ ਜਿਹਾ ਹੋਟਲ…
ਮੁੰਡੇ ਕੁੜੀ ਦੇ ਮੰਗਣੇ ਦੀ ਗੱਲਬਾਤ ਦੌਰਾਨ ਦੋਹਾਂ ਨੂੰ ਇੱਕ ਕਮਰੇ ਵਿਚ ਛੱਡ ਦਿੱਤਾ ਗਿਆ…
ਕੁਝ ਪਲਾਂ ਦੀ ਖਾਮੋਸ਼ੀ ਮਗਰੋਂ..ਮੁੰਡੇ ਨੇ ਪਾਣੀ ਦਾ ਘੁੱਟ ਪੀਤਾ ਅਤੇ ਸ਼ੁਰੂਆਤ ਕਰ ਦਿੱਤੀ….
“ਮੇਰੇ ਲਈ ਮੇਰੇ ਪਰਿਵਾਰ ਤੋਂ ਵੱਧ ਕੇ ਹੋਰ ਕੁਝ ਨਹੀਂ ਏ…
ਮਾਂ ਨੂੰ ਸੰਸਕਾਰੀ ਜਿਹੀ ਨੂੰਹ ਚਾਹੀਦੀ ਏ…ਪੜੀ ਲਿਖੀ ਹੋਵੇ..ਸਬ ਦਾ ਖਿਆਲ ਰੱਖਣਾ ਜਾਣਦੀ ਹੋਵੇ
ਸਹੁਰੇ ਘਰ ਨੂੰ ਆਪਣਾ ਘਰ ਸਮਝੇ..ਗੱਲ ਗੱਲ ਤੇ ਪੇਕਿਆਂ ਵੱਲ ਨੂੰ ਮੂੰਹ ਨਾ ਕਰੇ
ਘਰ ਵਾਲੇ ਦੇ ਕਦਮ ਨਾਲ ਕਦਮ ਮਿਲਾ ਕੇ ਚੱਲੇ..ਅਤੇ ਉਸਦੀ ਅੱਖ ਦਾ ਇਸ਼ਾਰਾ ਸਮਝੇ..ਫਜੂਲ ਦੀ ਬਹਿਸਬਾਜੀ ਵਿਚ ਹੀ ਨਾ ਉਲਝੀ ਰਹੇ…
ਪਰਿਵਾਰ ਪੂਰਾਣੇ ਖਿਆਲਾਂ ਦਾ ਤਾਂ ਨਹੀਂ ਏ ਪਰ ਫੇਰ ਵੀ ਪਰਿਵਾਰ ਦੇ ਰੀਤੀ ਰਿਵਾਜ ਬਿਨਾ ਕਿਸੇ ਕਿੰਤੂ-ਪ੍ਰੰਤੂ ਕੀਤਿਆਂ ਅੱਖਾਂ ਮੀਚ ਕੇ ਆਪਣਾ ਲਵੇ…
ਪਿੰਡ ਦਾ ਮਾਹੌਲ ਮੁਤਾਬਿਕ ਪਹਿਰਾਵਾ ਪਹਿਨਣਾ ਜਾਣਦੀ ਹੋਵੇ…
ਮੇਰੀ ਮਾਂ ਨੂੰ ਗੋਡਿਆਂ ਤੋਂ ਪਾਟੀ ਹੋਈ ਜੀਨ ਤੋਂ ਬੇਹੱਦ ਨਫਰਤ ਏ..ਲੰਮੇ ਵਾਲਾ ਵਾਲੀ ਹੋਵੇ ਤਾਂ ਮੈਨੂੰ ਖੁਸ਼ੀ ਹੋਵੇਗੀ..
ਡੈਡ ਦਾ ਅਫ਼ਸਰੀ ਅਤੇ ਰਾਜਨੈਤਿਕ ਸਰਕਲ..ਪੰਜ ਕੂ ਸੋ ਬਾਰਾਤ ਦਾ ਬੰਦੋਬਸਤ ਕਿਸੇ ਵੱਡੇ ਅਤੇ ਸ਼ਾਨਦਾਰ ਜਿਹੇ ਹੋਟਲ ਵਿਚ ਹੋ ਜਾਵੇ ਤਾਂ ਓਹਨਾ ਦੇ ਸਟੇਟਸ ਦੇ ਬ੍ਰੋਬਰੀ ਹੋ ਸਕਦੀ ਏ..
ਬਾਕੀ ਤਾਂ ਪਰਮਾਤਮਾ ਦਾ ਦਿੱਤਾ ਸਭ ਕੁਝ ਹੈ..ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਨਿਸ਼ੰਗ ਹੋ ਕੇ ਆਖ ਸਕਦੇ ਹੋ
ਬਹੁਤ ਦੇਰ ਤੋਂ ਚੁੱਪ ਬੈਠੀ ਕੁੜੀ ਨੇ ਸੰਗ-ਲਾਜ ਵਾਲਾ ਘੁੰਡ ਲਾਹ ਪਾਸੇ ਰੱਖ ਦਿੱਤਾ ਅਤੇ ਸਵੈ-ਮਾਣ ਵਾਲੀ ਚੁੰਨੀਂ ਗਲ਼ ਵਿਚ ਪਾ ਲਈ…
ਉਸਨੇ ਵੀ ਸ਼ੁਰੂਆਤ ਕਰਨ ਤੋਂ ਪਹਿਲਾਂ ਪਾਣੀ ਦਾ ਘੁੱਟ ਪੀਤਾ..ਫੇਰ ਪੂਰੇ ਠਰੰਮੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ..
ਮਾਪਿਆਂ ਦੀ ਕੱਲੀ ਕੱਲੀ ਕੁੜੀ ਹਾਂ ਪਰ ਪਰਵਰਿਸ਼ ਮੁੰਡਿਆਂ ਵਰਗੀ ਹੀ ਹੋਈ ਏ
ਮੇਰਾ ਪਰਿਵਾਰ ਹੀ ਮੇਰੀ ਤਾਕਤ ਏ…ਡੈਡ ਮੋਮ ਨੂੰ ਜਵਾਈ ਦੀ ਰੂਪ ਵਿਚ ਇਕ ਐਸਾ ਪੁੱਤ ਚਾਹੀਦਾ ਜਿਹੜਾ ਹਰ ਮੁਸ਼ਕਿਲ ਵੇਲੇ ਬਿਨਾ ਦੇਰੀ ਕੀਤੀਆਂ ਓਹਨਾ ਦੇ ਸਿਰਹਾਣੇ ਆਣ ਖਲੋਵੇ..
ਓਹਨਾ ਦੀ ਧੀ ਦੇ ਨਾਲ ਕੰਮ ਵਿਚ ਪੂਰਾ ਪੂਰਾ ਹੱਥ ਵਟਾਵੇ..ਓਹਨਾ ਦੀ ਧੀ ਨੂੰ ਓਨਾ ਹੀ ਮਾਣ ਸਤਿਕਾਰ ਦੇਵੇ ਜਿੰਨਾ ਕੇ ਉਹ ਆਪਣੀ ਭੈਣ ਲਈ ਆਪਣੇ ਜੀਜੇ ਕੋਲੋਂ ਅਕਸਪੇਕਟ ਕਰਦਾ ਏ..ਮੇਰੀ ਮਾਂ ਸ਼ਰਤਾਂ ਤੇ ਕੀਤੀ ਗਈ ਮੁਹੱਬਤ ਨੂੰ ਵਿਓਪਾਰ ਮੰਨਦੀ ਏ
ਉਹ ਐਸਾ ਜਵਾਈ ਲੱਭਦੇ ਨੇ ਜਿਸਨੂੰ ਆਪਣੀ ਮਾਂ ਅਤੇ ਵਹੁਟੀ ਵਿਚ ਬੈਲੇਂਸ ਬਣਾਉਣਾ ਆਉਂਦਾ ਹੋਵੇ…ਥਾਲੀ ਦੇ ਬੈਂਗਣ ਤੋਂ ਓਹਨਾ ਨੂੰ ਬਹੁਤ ਐਲਰਜੀ ਏ…
ਪਹਿਰਾਵੇ ਵਿਚ ਜੀਨ ਬਹੁਤ ਪਸੰਦ ਕਰਦੀ ਹਾਂ..ਕਦੀ ਕਦੀ ਬਾਹਰ ਦਾ ਖਾਣਾ ਖਾ ਲੈਣ ਵਿਚ ਕੋਈ ਵੱਡੀ ਗੱਲ ਨਹੀਂ ਸਮਝੀ ਜਾਂਦੀ…
ਖਿਆਲ ਉਚੇ ਤੇ ਸੁਚੇ ਹੋਣੇ ਚਾਹੀਦੇ ਨੇ..ਬਾਹਰੀ ਦਿੱਖ ਨਾਲ ਮੈਨੂੰ ਕੋਈ ਏਨਾ ਫਰਕ ਨਹੀਂ ਪੈਂਦਾ..
ਰਹੀ ਗੱਲ ਵਿਆਹ ਅਤੇ ਬਾਰਾਤ ਦੀ…ਜਿਥੇ ਆਖੋਗੇ ਹੋ ਜਾਵੇਗਾ ਪਰ ਖਰਚਾ ਅੱਧਾ-ਅੱਧਾ ਵੰਡਿਆ ਜਾਊ
ਹਰ ਗੱਲ ਬਿਨਾ ਸੋਚੇ ਸਮਝੇ ਸਰ ਝੁਕਾ ਕੇ ਮੰਨ ਲੈਣ ਨੂੰ ਸਾਡੇ ਪਰਿਵਾਰ ਵਿਚ ਸੰਸਕਾਰਾਂ ਦਾ ਹਿੱਸਾ ਨਹੀਂ ਮੰਨਿਆ ਜਾਂਦਾ…ਹਰੇਕ ਗੱਲ ਤਰਕ ਦੀ ਕਸੌਟੀ ਤੇ ਪਰਖ ਕੇ ਹੀ ਮੰਨੀ ਜਾਂ ਇਨਕਾਰੀ ਜਾਂਦੀ ਏ…
ਦਾਦਾ ਜੀ ਅਕਸਰ ਆਖਦੇ ਨੇ ਕੇ ਲੜਾਈ ਵਿਚ ਪਹਿਲ ਕਦੀ ਵੀ ਨਹੀਂ ਕਰਨੀ ਪਰ ਧੱਕੇਸ਼ਾਹੀ ਸਹਿਣੀ ਜ਼ੁਲਮ ਕਰਨ ਨਾਲੋਂ ਵੀ ਮਾੜੀ ਮੰਨਦੇ ਨੇ…”
ਉਹ ਅਜੇ ਹੋਰ ਵੀ ਬੜਾ ਕੁਝ ਆਖਣਾ ਚਾਹੁੰਦੀ ਸੀ ਪਰ ਮੁੰਡੇ ਨੇ ਅਚਾਨਕ ਹੀ ਬਾਹਰ ਖਲੋਤੇ ਬਹਿਰੇ ਨੂੰ ਇਸ਼ਾਰੇ ਨਾਲ ਅੰਦਰ ਬੁਲਾਇਆ..
ਸ਼ਾਇਦ ਨਵੰਬਰ ਮਹੀਨੇ ਦੀ ਠੰਡ ਵਿਚ ਮੱਥੇ ਤੇ ਆ ਗਈ ਵੱਡੀ ਸਾਰੀ ਤਰੇਲੀ ਪੂੰਝਣ ਲਈ ਨੈਪਕਿਨ ਮੰਗ ਰਿਹਾ ਸੀ!
ਇਸਤੋਂ ਪਹਿਲਾਂ ਕੇ ਉਹ ਲੈ ਕੇ ਅੰਦਰ ਆਉਂਦਾ..ਕੁੜੀ ਕਮਰਾ ਛੱਡ ਚੁਕੀ ਸੀ ਅਤੇ ਚਾਰੇ ਪਾਸੇ ਅਜੀਬ ਜਿਹਾ ਸੱਨਾਟਾ ਪਸਰ ਗਿਆ ਸੀ…
ਦੂਰ ਕਿਤੇ ਨੀਲੇ ਆਸਮਾਨ ਵਿਚ ਸਭਿਅਤਾ ਨਾਮ ਦੀ ਤੱਕੜੀ ਨਿੰਮਾਂ-ਨਿੰਮਾਂ ਮੁਸਕੁਰਾ ਰਹੀ ਸੀ…ਅੱਜ ਏਨੇ ਵਰ੍ਹਿਆਂ ਮਗਰੋਂ ਦੋਵੇਂ ਪੱਲੜੇ ਜੂ ਬਰੋਬਰ ਆ ਗਏ ਸਨ