ਸਹਿਯੋਗ

by Sandeep Kaur

ਚਾਲੀ ਪੰਜਾਹ ਡਾਂਗਬਾਜ਼ ਆਦਮੀਆਂ ਦਾ ਇਕ ਜੱਥਾ ਲੁੱਟਮਾਰ ਲਈ ਇਕ ਮਕਾਨ ਵੱਲ ਵਧ ਰਿਹਾ ਸੀ। ਅਚਾਨਕ ਉਸ ਭੀੜ ਨੂੰ ਚੀਰਦਾ ਇਕ ਦੁਬਲਾ-ਪਤਲਾ ਅਧੇੜ ਉਮਰ ਦਾ ਆਦਮੀ ਬਾਹਰ ਨਿਕਲਿਆ। ਪਿੱਛੇ ਪਾਸਾ ਵੱਟ ਕੇ ਉਹ ਬਲਵਾਈਆਂ ਨੂੰ ਲੀਡਰਾਨਾ ਢੰਗ ਨਾਲ਼ ਆਖਣ ਲੱਗਾ, ‘ਭਾਈਓ, ਇਸ ਮਕਾਨ ਵਿਚ ਬੜੀ ਦੌਲਤ ਐ, ਬੇਸ਼ੁਮਾਰ ਕੀਮਤੀ ਸਮਾਨ ਐ। ਆਓ ਆਪਾਂ ਸਾਰੇ ਰਲ਼ ਕੇ ਇਸ ਤੇ ਕਬਜ਼ਾ ਕਰੀਏ ਅਤੇ ਭਾਗਾਂ ਨਾਲ਼ ਹੱਥ ਲੱਗੇ ਇਸ ਮਾਲ ਨੂੰ ਆਪਸ ਵਿਚ ਵੰਡ ਲਈਏ ।’
ਹਵਾ ਵਿਚ ਡਾਂਗਾਂ ਲਹਿਰਾਈਆਂ, ਕਈ ਮੁੱਕੇ ਵੱਟੇ ਗਏ ਅਤੇ ਉੱਚੀ ਆਵਾਜ਼ ਨਾਲ਼ ਨਾਰ੍ਹਿਆਂ ਦਾ ਇਕ ਫੁਹਾਰਾ ਜਿਹਾ ਫੁੱਟ ਨਿਕਲਿਆ। ਚਾਲੀ ਪੰਜਾਹ ਡਾਂਗਾਂ ਵਾਲੇ ਆਦਮੀਆਂ ਦਾ ਜਥਾ, ਦੁਬਲੇ-ਪਤਲੇ ਆਦਮੀ ਦੀ ਅਗਵਾਈ ਵਿਚ, ਉਸ ਮਕਾਨ ਵੱਲ ਤੇਜੀ ਨਾਲ਼ ਵਧਣ ਲੱਗਿਆ, ਜਿਸ ਵਿਚ ਬਹੁਤ ਸਾਰਾ ਧਨ ਅਤੇ ਬੇਸ਼ੁਮਾਰ ਕੀਮਤੀ ਸਮਾਨ ਸੀ।
ਮਕਾਨ ਦੇ ਮੁੱਖ ਦਰਵਾਜੇ ਕੋਲ਼ ਰੁਕ ਕੇ ਦੁਬਲਾ-ਪਤਲਾ ਆਦਮੀ ਫਿਰ ਲੁਟੇਰਿਆਂ ਨੂੰ ਕਹਿਣ ਲੱਗਾ “ਭਾਈਓ ਇਸ ਮਕਾਨ ਵਿਚ ਜਿੰਨਾ ਵੀ ਸਮਾਨ ਐ, ਸਭ ਤੁਹਾਡੈ। ਦੇਖੋ, ਖੋਹਾ-ਖਾਹੀ ਨਹੀਂ ਕਰਨੀ, ਆਪਸ ਵਿਚ ਲੜਨਾ ਨਹੀਂ ਆਓ !”
ਇਕ ਜਣਾ ਚੀਕਿਆ ‘ਦਰਵਾਜੇ ਨੂੰ ਜਿੰਦਰਾ ਏ!’
‘ਤੋੜ ਦਿਓ। ਤੋੜ ਦਿਓ !’ ਹਵਾ ਵਿਚ ਕਈ ਡਾਂਗਾਂ ਲਹਿਰਾਈਆਂ, ਕਈ ਮੁੱਕੇ ਵੱਟੇ ਗਏ ਅਤੇ ਉੱਚੀ ਅਵਾਜ਼ ਵਾਲੇ ਨਾਰ੍ਹਿਆਂ ਦਾ ਇਕ ਫੁਹਾਰਾ ਜਿਹਾ ਫੁੱਟ ਨਿਕਲਿਆ।
ਦੁਬਲੇ-ਪਤਲੇ ਆਦਮੀ ਨੇ ਹੱਥ ਦੇ ਇਸ਼ਾਰੇ ਨਾਲ਼ ਦਰਵਾਜਾ ਤੋੜਨ ਵਾਲ਼ਿਆਂ ਨੂੰ ਰੋਕਿਆ ਅਤੇ ਮੁਸਕਰਾ ਕੇ ਕਿਹਾ ‘ਭਾਈਓ ਠਹਿਰੋ। ਮੈਂ ਇਹਨੂੰ ਕੁੰਜੀ ਨਾਲ਼ ਖੋਲਦਾਂ!’
ਇਹ ਕਹਿ ਕੇ ਉਹਨੇ ਜੇਬ ਵਿਚੋਂ ਕੁੰਜੀਆਂ ਦਾ ਗੁੱਛਾ ਕੱਢਿਆ ਅਤੇ ਇਕ ਕੁੰਜੀ ਚੁਣ ਕੇ ਜਿੰਦਰੇ ਵਿਚ ਪਾਈ ਅਤੇ ਉਹਨੂੰ ਖੋਲ੍ਹ ਦਿੱਤਾ। ਟਾਹਲੀ ਦਾ ਭਾਰੀ ਦਰਵਾਜਾ ਚੀਂ ਕਰਦਾ ਖੁੱਲਿਆ ਤਾਂ ਭੀੜ ਪਾਗਲਾਂ ਵਾਂਗ ਅੱਗੇ ਜਾਣ ਲਈ ਵਧੀ।
ਦੁਬਲੇ-ਪਤਲੇ ਆਦਮੀ ਨੇ ਅਪਣੇ ਕੁੜਤੇ ਦੀ ਬਾਂਹ ਨਾਲ਼ ਮੱਥੇ ਦਾ ਪਸੀਨਾ ਪੂੰਝਦਿਆਂ ਕਿਹਾ ‘ਭਾਈਓ ਧੀਰਜ ਨਾਲ਼। ਜੋ ਕੁਝ ਇਸ ਮਕਾਨ ਵਿਚ ਹੈ, ਸੱਭ ਤੁਹਾਡੈ। ਫੇਰ ਇਸ ਹਫੜਾ ਦਫੜੀ ਦੀ ਕੀ ਲੋੜ ਐ ?’
ਤਦੇ ਭੀੜ ਵਿਚ ਜ਼ਬਤ ਪੈਦਾ ਹੋ ਗਿਆ। ਧਾੜਵੀ ਇਕ ਇਕ ਕਰਕੇ ਮਕਾਨ ਦੇ ਅੰਦਰ ਵੜਨ ਲੱਗੇ, ਪਰ ਜਿਉਂ ਹੀ ਚੀਜਾਂ ਦੀ ਲੁੱਟ ਮਾਰ ਸ਼ੁਰੂ ਹੋਈ, ਫੇਰ ਆਪਾ ਧਾਪੀ ਪੈ ਗਈ। ਬੜੀ ਬੇਰਹਿਮੀ ਨਾਲ਼ ਧਾੜਵੀ ਕੀਮਤੀ ਚੀਜ਼ਾਂ ਲੁੱਟਣ ਲੱਗ ਪਏ।
ਦੁਬਲੇ-ਪਤਲੇ ਆਦਮੀ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤਾਂ ਬੜੀ ਦੁੱਖ ਭਰੀ ਆਵਾਜ਼ ਨਾਲ਼ ਲੁਟੇਰਿਆਂ ਨੂੰ ਆਖਿਆ ‘ਭਾਈਓ, ਹੌਲੀ ਹੌਲੀ, ਆਪਸ ਵਿਚ ਲੜਨ ਝਗੜਨ ਦੀ ਕੋਈ ਲੋੜ ਨੀ।ਸਹਿਯੋਗ ਨਾਲ਼ ਕੰਮ ਲਓ। ਜੇ ਕਿਸੇ ਦੇ ਹੱਥ ਬਹੁਤੀ ਕੀਮਤੀ ਚੀਜ਼ ਲੱਗ ਗਈ ਐ ਤਾਂ ਈਰਖਾ ਨਾ ਕਰੋ। ਏਨਾ ਬੜਾ ਮਕਾਨ ਐ, ਆਪਣੇ ਵਾਸਤੇ ਕੋਈ ਹੋਰ ਚੀਜ਼ ਲੱਭ ਲਓ। ਪਰ ਵਹਿਸ਼ੀ ਨਾ ਬਣੋ। ਮਾਰ ਧਾੜ ਕਰੋਗੇ ਤਾਂ ਚੀਜ਼ਾਂ ਟੁੱਟ ਜਾਣਗੀਆਂ। ਇਸ ਵਿਚ ਨੁਕਸਾਨ ਤੁਹਾਡਾ ਹੀ ਐ।’
ਲੁਟੇਰਿਆਂ ਵਿਚ ਇਕ ਵਾਰ ਫਿਰ ਸੰਜਮ ਪੈਦਾ ਹੋ ਗਿਆ ਅਤੇ ਭਰਿਆ ਹੋਇਆ ਮਕਾਨ ਹੌਲੀ ਹੌਲੀ ਖਾਲੀ ਹੋਣ ਲੱਗਿਆ। ਦੁਬਲਾ-ਪਤਲਾ ਆਦਮੀ ਸਮੇਂ ਸਮੇਂ ਹਦਾਇਤਾਂ ਦਿੰਦਾ ਰਿਹਾ ‘ਦੇਖੋ ਵੀਰੋ, ਇਹ ਰੇਡੀਓ ਐ। ਰਤਾ ਧਿਆਨ ਨਾਲ਼ ਚੁੱਕੋ , ਅਜਿਹਾ ਨਾ ਹੋਵੇ ਕਿ ਟੁੱਟ ਜਾਵੇ। ਇਹਦੀਆਂ ਤਾਰਾਂ ਵੀ ਨਾਲ਼ ਈ ਲੈ ਜੋ।’
‘ਤਹਿ ਕਰ ਲਓ ਭਾਈ ਇਹਨੂੰ ਤਹਿ ਕਰ ਲਓ।ਅਖਰੋਟ ਦੀ ਲੱਕੜ ਦੀ ਤਪਾਈ ਐ, ਹਾਥੀ ਦੰਦ ਦੀ ਪੱਚੀਕਾਰੀ ਐ, ਬੜੀ ਨਾਜ਼ੁਕ ਚੀਜ਼ ਐ।’
‘ਹਾਂ ਹੁਣ ਠੀਕ ਐ।’
‘ਨਹੀਂ ਨਹੀਂ ਏਥੇ ਨੀ ਪੀਣੀ।ਚੜ੍ਹ ਜੂਗੀ।ਇਹ ਘਰ ਨੂੰ ਲੈ ਜੋ।’
‘ਠਹਿਰੋ ਠਹਿਰੋ, ਮੈਨੂੰ ਮੇਨ ਸਵਿਚ ਬੰਦ ਕਰ ਲੈਣ ਦਿਓ। ਕਿਤੇ ਕਰੰਟ ਨਾਲ਼ ਧੱਕਾ ਨਾ ਲੱਗ ਜਾਵੇ।’
ਏਨੇ ਨੂੰ ਇਕ ਖੂੰਜੇ ‘ਚੋਂ ਰੌਲਾ ਪੈਣ ਦੀ ਆਵਾਜ਼ ਆਈ।ਚਾਰ ਲੁੱਟੇਰੇ ਇਕ ਕੱਪੜੇ ਦੇ ਥਾਨ ਨੂੰ ਖਿੱਚ ਧੂਹ ਰਹੇ ਸਨ।
ਦੁਬਲਾ-ਪਤਲਾ ਆਦਮੀ ਤੇਜੀ ਨਾਲ਼ ਉਹਨਾਂ ਵਲ ਨੂੰ ਵਧਿਆ ਅਤੇ ਲਾਹਨਤ ਪਾਉਣ ਦੇ ਲਹਿਜ਼ੇ ‘ਚ ਉਨ੍ਹਾਂ ਨੂੰ ਕਹਿਣ ਲੱਗਿਆ ‘ਤੁਸੀਂ ਕਿੰਨੇ ਬੇਸਮਝ ਹੋ।ਲੀਰ ਲੀਰ ਹੋ ਜੂ ਗੀ , ਏਨੇ ਕੀਮਤੀ ਕੱਪੜੇ ਦੀ। ਘਰ ‘ਚ ਸਭ ਚੀਜ਼ਾਂ ਹੈਗੀਆਂ, ਗਜ਼ ਵੀ ਹੋਊ।ਲੱਭੋ ਅਤੇ ਮਿਣ ਕੇ ਕੱਪੜਾ ਆਪਸ ਵਿਚ ਵੰਡ ਲਓ।
ਅਚਾਨਕ ਇਕ ਕੁੱਤੇ ਦੇ ਭੌਂਕਣ ਦੀ ਆਵਾਜ਼ ਆਈ ਭਉਂ। ਭਉਂ। ਭਊਂ।ਅਤੇ ਅੱਖ ਝਮਕਦਿਆਂ ਬਹੁਤ ਬੜਾ ਗੱਦੀ ਕੁੱਤਾ, ਇੱਕੋ ਛਾਲ਼ ਨਾਲ਼ ਅੰਦਰ ਆਇਆ ਅਤੇ ਝਪਟਦਿਆਂ ਹੀ ਉਹਨੇ ਦੋ ਤਿੰਨ ਲੁਟੇਰਿਆਂ ਨੂੰ ਝੰਜੋੜ ਦਿੱਤਾ।
ਦੁਬਲਾ-ਪਤਲਾ ਆਦਮੀ ਚੀਕਿਆ ‘ਟਾਇਗਰ। ਟਾਇਗਰ।’
ਟਾਇਗਰ ਜਿਸਦੇ ਮੂੰਹ ‘ਚ ਇਕ ਲੁਟੇਰੇ ਦਾ ਪਾਟਿਆ ਹੋਇਆ ਗਲ਼ਾਮਾ ਸੀ, ਪੂਛ ਹਿਲਾਉਂਦਾ ਹੋਇਆ, ਦੁਬਲੇ-ਪਤਲੇ ਆਦਮੀ ਵੱਲ ਨੀਵੀਂ ਪਾਈ ਕਦਮ ਉਠਾਉਣ ਲੱਗਿਆ।
ਟਾਈਗਰ ਦੇ ਆਉਂਦਿਆਂ ਹੀ ਸਭ ਲੁਟੇਰੇ ਭੱਜ ਗਏ, ਕੇਵਲ ਇਕ ਲੁਟੇਰਾ ਬਾਕੀ ਰਹਿ ਗਿਆ, ਜਿਸਦੇ ਗਲ਼ਾਮੇ ਦਾ ਟੁਕੜਾ ਟਾਈਗਰ ਦੇ ਮੂੰਹ ਵਿਚ ਸੀ। ਉਹਨੇ ਦੁਬਲੇ-ਪਤਲੇ ਆਦਮੀ ਵੱਲ ਦੇਖਿਆ ਅਤੇ ਪੁੱਛਿਆ ‘ਕੌਣ ਐਂ ਤੂੰ?’ ਦੁਬਲਾ-ਪਤਲਾ ਆਦਮੀ ਮੁਸਕਾਇਆ ‘ਇਸ ਘਰ ਦਾ ਮਾਲਕ। ਦੇਖ ਦੇਖ, ਤੇਰੇ ਹੱਥ ‘ਚੋਂ ਕੰਚ ਦਾ ਮਰਤਬਾਨ ਡਿੱਗ ਰਿਹੈ।’

ਸਆਦਤ ਹਸਨ ਮੰਟੋ

You may also like