ਇੱਕ ਜੰਗਲ ਵਿੱਚ ਬਹੁਤ ਸਾਰੇ ਸੇਹ (ਇੱਕ ਜੀਵ ਜਿਸਦੀ ਫੋਟੋ ਪੋਸਟ ਨਾਲ ਪਾਈ ਹੈ) ਰਹਿੰਦੇ ਸੀ। ਸਰਦੀਆਂ ਬਹੁਤ ਵਧ ਜਾਣ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਆਪਾ ਸਾਰੇ ਇੱਕ ਝੁੰਡ ਵਿੱਚ ਰਹਾਂਗੇ ਤੇ ਇਕੱਠੇ ਹੀ ਸੋਇਆ ਕਰਾਗੇ । ਸੇਹ ਦੇ ਸਰੀਰ ਤੇ ਬਹੁਤ ਸਾਰੇ ਕੰਡੇ ਹੁੰਦੇ ਨੇ । ਸੋ ਜਦੋ ਵੀ ਉਹ ਇਕੱਠੇ ਇੱਕ ਦੂਜੇ ਨਾਲ ਲਗਦੇ ਤਾਂ ਉਹਨਾਂ ਨੂੰ ਗਰਮੀ ਤਾਂ ਮਿਲਦੀ , ਉਹ ਠੰਡ ਤੋਂ ਵੀ ਬਚ ਜਾਂਦੇ । ਪਰ ਉਹਨਾ ਦੇ ਇੱਕ ਦੂਜੇ ਦੇ ਕੰਢੇ ਵੀ ਚੁੱਭਦੇ ।
ਉਹਨਾ ਵਿੱਚੋ ਇੱਕ ਸੇਹ ਕਹਿੰਦਾ ,”ਮੇਰੇ ਤੋਂ ਇਹ ਕੰਡੇ ਨਹੀ ਸਹਿ ਹੁੰਦੇ । ਇਸ ਲਈ ਮੈ ਚੱਲਾ ।” ਇੰਨਾ ਕਹਿ ਉਹ ਚਲਾ ਗਿਆ ਤੇ ਚਲਦਾ ਚਲਦਾ ਆਪਣੇ ਝੁੰਡ ਤੋਂ ਬਹੁਤ ਦੂਰ ਆ ਗਿਆ ।
ਰਾਤ ਸਮੇਂ ਠੰਡ ਬਹੁਤ ਜਿਆਦਾ ਪੈਂਦੀ ਸੀ , ਜੋਂ ਬਰਦਾਸ਼ਤ ਕਰਨੀ ਬਹੁਤ ਔਖੀ ਸੀ । ਰਾਤ ਆਈ ਤੇ ਇਹ ਸੇਹ ਵੀ ਉਹ ਠੰਡ ਬਰਦਾਸ਼ਤ ਕਰਨ ਤੋਂ ਅਸਮਰਥ ਹੋ ਗਿਆ । ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ , ਪਰ ਹੁਣ ਵਾਪਸ ਮੁੜਨਾ ਬਹੁਤ ਔਖਾ ਸੀ ਤੇ ਆਪਣੀ ਗਲਤੀ ਕਰਕੇ ਉਸਨੂੰ ਉਸ ਰਾਤ ਠੰਡ ਕਰਕੇ ਆਪਣੀ ਜਾਨ ਗਵਾਉਣੀ ਪਈ ।
ਸਾਡੇ ਸਭ ਵਿੱਚ ਵੀ ਕੁਝ ਕਮੀਆਂ ਹੁੰਦੀਆਂ ਹਨ ਜੋਂ ਮੈਨੂੰ ਇਹਨਾ ਸੇਹ ਦੀਆਂ ਸੂਲਾਂ ਵਾਂਗ ਲਗਦੀਆਂ ਨੇ । ਬਹੁਤ ਲੋਕ ਕਹਿੰਦੇ ਹਨ ਕਿ ਉਹਨਾਂ ਦੇ ਰਿਸ਼ਤੇ ਖਰਾਬ ਹਨ , ਚਾਹੇ ਇਹ ਰਿਸ਼ਤਾ ਪਤੀ ਪਤਨੀ ਦਾ ਹੋਵੇ ਚਾਹੇ ਸੱਸ ਨੂੰਹ ਦਾ , ਚਾਹੇ ਭੈਣ ਭਾਈ ਦਾ , ਚਾਹੇ ਮਾਤਾ ਪਿਤਾ ਦਾ ਆਪਣੇ ਬੱਚਿਆਂ ਨਾਲ ਜਾਂ ਫੇਰ ਕੋਈ ਵੀ ਹੋਰ ਰਿਸ਼ਤਾ । ਸਾਡੇ ਰਿਸ਼ਤਿਆਂ ਦੇ ਖਰਾਬ ਹੋਣ ਦੀ ਵਜ੍ਹਾ ਵੀ ਇਹੀ ਹੁੰਦੀ ਹੈ ਕਿ ਅਸੀਂ ਆਪਣੇ ਉਸ ਰਿਸ਼ਤੇਦਾਰ ਦੇ ਸਾਥ ਦਾ ਨਿੱਘ ਨਹੀਂ ਦੇਖਦੇ ਬਲਕਿ ਸਿਰਫ਼ ਉਸਦੀ ਕਿਸੇ ਕਮੀ ਕਰਕੇ ਉਸਨੂੰ ਮਾੜੇ ਪਾਸੇ ਤੋਂ ਦੇਖਦੇ ਹਾਂ ਤੇ ਕਮੀਆਂ ਤੇ ਹੀ ਧਿਆਨ ਦਿੰਦੇ ਹਾਂ । ਅਗਰ ਅਸੀਂ ਆਪਣੇ ਸਾਥੀ ਦੇ ਸਾਥ ਦੇ ਨਿੱਘ ਨੂੰ ਅਹਿਮੀਅਤ ਦੇਈਏ ਤੇ ਉਸਨੂੰ ਉਸੇ ਤਰ੍ਹਾਂ ਕਬੂਲ ਕਰੀਏ ਜਿਸ ਤਰ੍ਹਾਂ ਉਹ ਹੈ ਤਾਂ ਰਿਸ਼ਤਿਆਂ ਵਿੱਚ ਮਿਠਾਸ ਆਵੇਗਾ ਤੇ ਰਿਸ਼ਤਾ ਅਮਰ ਹੋ ਜਾਂਦਾ ਹੈ । ਵਰਨਾ ਟੁੱਟ ਜਾਣ ਅਤੇ ਰਿਸ਼ਤਿਆਂ ਤੋਂ ਦੂਰ ਜਾਕੇ ਇਕੱਲੇ ਹੋਣ ਤੇ ਤਾਂ ਹਰ ਇੰਨਸਾਨ ਦਾ ਹਾਲ ਸਭ ਨੂੰ ਛੱਡ ਕਿ ਗਏ ਸੇਹ ਵਰਗਾ ਹੀ ਹੁੰਦਾ ਹੈ ।
ਸੋ ਇਸੇ ਲਈ ਸਦਾ ਪਿਆਰ ਨਾਲ ਰਹੋ ਤੇ ਇੱਕ ਦੂਜੇ ਨਾਲ ਰਲਕੇ ਇੱਕ ਦੂਜੇ ਦੀਆਂ ਮੁਸ਼ਕਿਲਾਂ ਹੱਲ ਕਰੋ ।
ਕਹਾਣੀ ਸੋਰਸ : ਇੰਟਰਨੈੱਟ
ਪੰਜਾਬੀ ਅਨੁਵਾਦ : ਜਗਮੀਤ ਸਿੰਘ ਹਠੂਰ