ਹਨੇਰੇ ਵਿੱਚ ਕੋਈ ਰੰਗ ਦਿਖਾਈ ਨਹੀ ਪੈਂਦਾ , ਸਭ ਰੰਗ ਰੋਸ਼ਨੀ ਵਿੱਚ ਈ ਦਿਸਦੇ ਨੇ । ਵਿਗਿਆਨ ਦੱਸਦਾ ਏ ਕਿ ਸੂਰਜ ਦੀ ਰੋਸ਼ਨੀ ਸੱਤ ਰੰਗਾਂ ਦਾ ਸਮੂਹ ਏ ਤੇ ਇਹਨਾਂ ਰੰਗਾਂ ਦੀ ਵਜ੍ਹਾ ਕਾਰਨ ਸਾਨੂੰ ਵਸਤੂਆਂ ਦੇ ਵੱਖ ਵੱਖ ਰੰਗ ਦਿਖਾਈ ਦਿੰਦੇ ਨੇ ।
ਜਦੋਂ ਸੂਰਜ ਦੀ ਰੋਸ਼ਨੀ ਕਿਸੇ ਵਸਤੂ ਨੂੰ ਪਰਕਾਸ਼ਿਤ ਕਰਦੀ ਐ ਤਾਂ ਉਹ ਵਸਤੂ ਸੱਤ ਰੰਗਾਂ ਚੋਂ ਜਿਹੜੇ ਰੰਗਾਂ ਨੂੰ ਸੋਖ ਲਵੇ, ਉਹ ਗਾਇਬ ਹੋ ਜਾਂਦੇ ਨੇ ਤੇ ਜਿਹੜਾ ਵਾਪਸ ਕਰ ਦੇਵੇ,ਓਹ ਵਸਤੂ ਸਾਨੂੰ ਓਸ ਰੰਗ ਦੀ ਵਿਖਾਈ ਦੇਂਦੀ ਏ ।
ਉੱਬਲਦੇ ਪਾਣੀ ਵਿੱਚ ਅੰਡਾ ਪਾ ਦੇਈਏ ਤਾਂ ਸਖ਼ਤ ਹੋ ਜਾਂਦਾ ਏ , ਆਲੂ ਪਾ ਦੇਈਏ ਤਾਂ ਨਰਮ ਹੋ ਜਾਂਦਾ ਏ , ਜਦ ਕਿ ਪਾਣੀ ਓਹੀ ਏ ।ਜ਼ਿੰਦਗੀ ਦੀਆਂ ਪ੍ਰਸਥਿਤੀਆਂ ਦੋ ਵਿਅਕਤੀਆਂ ਤੇ ਇੱਕੋ ਤਰਾਂ ਲਾਗੂ ਹੁੰਦੀਆਂ ਨੇ , ਪਰ ਦੋਵੇਂ ਵਿਅਕਤੀ ਇੱਕ ਈ ਤਰਾਂ ਦਾ ਅਸਰ ਨਹੀ ਕਬੂਲਦੇ, ਇੱਕ ਬਿੱਖਰਦਾ ਏ, ਦੂਜਾ ਨਿੱਖਰਦਾ ਏ। ਭਾਵ , ਹਾਲਾਤਾਂ ਨਾਲ ਜੂਝਣ ਤੋ ਬਾਅਦ ਪਤਾ ਲੱਗਦਾ ਐ ਕਿ ਅਸੀਂ ਕਿੱਸ ਵਸਤੂ ਦੇ ਬਣੇ ਹਾਂ ।
ਆਮ ਹਾਲਾਤਾਂ ਵਿੱਚ ਤਾਂ ਸਾਰੇ ਈ ਚੰਗੇ ਹੁੰਦੇ ਨੇ, ਹਨੇਰੇ ਵਿੱਚ ਰੰਗ ਵੀ ਪਤਾ ਨਹੀ ਲੱਗਦੇ । ਪਰ
ਦੁਨੀਆਂ ਉਹਨਾਂ ਨੂੰ ਮੰਨਦੀ ਆਈ ਏ ਜੋ ਹਾਲਾਤਾਂ ਸਾਹਮਣੇ ਵੀ ਆਪਣੇ ਆਦਰਸ਼ਾਂ ਨੂੰ ਨਹੀ ਭੁੱਲਦੇ, ਮੂਲ ਗੁਣ ਨਹੀ ਤਿਆਗਦੇ। ਦੁਨੀਆ ਨਹੀ ਬਲਕਿ ਉਹ ਖ਼ੁਦ ਤੈਅ ਕਰਦੇ ਨੇ ਕਿ ਰੋਸ਼ਨੀ ਚ ਆਉਣ ਤੇ ਉਹਨਾ ਕਿਹੜਾ ਰੰਗ ਦਿਖਾਉਣਾ ਏ ।
ਤੱਤੀ ਲੋਹ ਤੇ ਬੈਠਣਾ ਤਾਂ ਦੂਰ, ਬੈਠਣ ਦੇ ਤਸੱਵਰ ਮਾਤਰ ਤੋ ਈ ਆਮ ਬੰਦੇ ਦਾ ਤ੍ਰਾਹ ਨਿੱਕਲ ਜਾਵੇ , ਪਰ ਜੋ ਤੱਤੀ ਤਵੀ ਤੇ ਬੈਠਕੇ ਵੀ ਭਾਣਾ ਮੰਨਣ ਤੇ ਠੰਢ ਰੱਖਣ ਦੀ ਗੱਲ ਕਰੇ, ਉਹ ਗੁਰੂ ਅਰਜਨ ਅਖਵਾਉਂਦਾ ਏ ।
ਅਸਲ ਤਾਕਤ ਤੇ ਅਧਿਕਾਰ ਦੂਜਿਆਂ ਨੂੰ ਕਾਬੂ ਕਰਨ ਵਿੱਚ ਨਹੀ ਏ, ਬਲਕਿ ਖ਼ੁਦ ਤੇ ਕਾਬੂ ਰੱਖਣ ਵਿੱਚ ਏ , ਕੰਪਾਸ ਵਾਂਗ , ਜੋ ਕਿਸੇ ਵੀ ਹਾਲਤ ਵਿੱਚ ਉੱਤਰ ਦੱਖਣ ਦੀ ਦਿਸ਼ਾ ਤੋ ਮੂੰਹ ਨਹੀ ਮੋੜਦੀ।
ਦਵਿੰਦਰ ਸਿੰਘ ਜੌਹਲ