ਰੂਹ ਦੀ ਜੱਫੀ: ਸਾਡਾ ਫਲੱਫੀ

by admin

2009 ਦੀਆਂ ਗਰਮੀਆਂ ਦੀ ਗੱਲ ਆ ਇਹ। ਵੇਲਾ ਸੀ ਆਹੀ ਕੋਈ ਆਥਣ ਦਾ ਪਹਿਰ। ਪੱਕਾ ਚੇਤਾ ਨਹੀ ਪਰ ਦਿਨ ਮੈਨੂੰ ਲਗਦਾ ਅਬਲ ਤਾਂ ਸ਼ੁਕਰਵਾਰ ਸੀ ਓਦਨ ਨਹੀਂ ਵੱਧ ਤੋਂ ਵੱਧ ਸ਼ਨਿੱਚਰਵਾਰ ਹੋਣਾ। ਮੈ ਤੱਦ ਇੰਡਆ, ਬੰਗਲੌਰ ਸੀ। ਆਏ ਨੂੰ ਤਿੰਨ ਕੁ ਮਹੀਨੇ ਹੋ ਚੱਲੇ ਸੀ। ਬਾਹਰ ਮੱਠੀ-ਮੱਠੀ ਹਵਾ ਢਲਦੇ ਹੋਏ ਤਪਦੇ ਦਿਨ ‘ਚ ਮਿਠਾਸ ਘੋਲ ਰਹੀ ਸੀ। ਸੂਰਜ ਿਖਸਕਨ ਲਈ ਰੰਗ-ਰੂਪ ਬਦਲ ਰਿਹਾ ਸੀ। ਏਧਰ ਯਾਰ ਹੁਨੀ ਵੀ ਦਿਹਾੜੀ ਗੱਡ ਕੇ, ਨਾਹ-ਧੋ, ਹੁਲੀਆ ਬਦਲ ਕੇ ਅਪਨੀ ਦਸਵੀਂ ਮੰਜ਼ਿਲ ਤੇ ਪੈਂਟਹਾਊਸ ਦੀ ਬਾਲਕੋਨੀ ਿਵੱਚ ਲੱਤ ਤੇ ਲੱਤ ਰੱਖੀ ਬੈਠੇ ਸੀ।

ਬੰਗਲੌਰ ‘ਚ ਉਹ ਤਿੰਨ ਮਹੀਨੇ ਵੈਂਕਟ ਨਾਂ ਦੇ ਮੁੰਡੇ ਨੇ ਮੇਰੇ ਕੋਲ ਘਰੇ ਕੰਮ ਕੀਤਾ। ਨਾਰੀਆਲ ਬਿਨਾਂ ਦਾਲ-ਸਬਜੀ ਕਿਵੇਂ ਬਣਾਈ ਦੀ ਆ ਮੈਂ ਸਿਖਾਤਾ ਸੀ ਉਹਨੂੰ। ਪਰ ਉਹਦਾ ਅਬਲ ਗੁਣ ਏਹ ਸੀ ਕਿ ਵੇਲੇ ਦੀ ਨਬਜ ਟਟੋਲ ਲੈਂਦਾ ਸੀ। ਜਿਦਾਂ ਉਸ ਵੇਲੇ ਮੇਰੇ ਬੈਠੇ ਮੁੰਢ ਬਰਫ ਦੀਆਂ ਡੱਲੀਆਂ ਨੂੰ ਦੋ ਔਸ ਸਿੰਗਲ ਮਾਲਟ ‘ਚ ਡੋਬੇ ਕੇ ਲੈ ਆਇਆ। ਪਰ ਜਿਵੇਂ ਸਿਆਣੇ ਕਹਿ ਗਏ ਨੇ ਭਲਾ ਵਕਤ ਤੋਂ ਪਹਿਲਾਂ ਤੇ ਤਕਦੀਰ ਤੋਂ ਜਿਆਦਾ ਕਿਹਨੂੰ ਮਿਲਿਆ? ਓਹੀ ਗੱਲ ਹੋਈ। ਈਹਤੋਂ ਪਹਿਲਾਂ ਕਿ ਮੈਂ ਗਿਲਾਸ ਚੱਕ ਕੇ ਸੁਰਮਈ ਸ਼ਾਮ ਦਾ ਇਸਤਕਬਾਲ ਕਰਦਾ, ਡੈਲਾਵੇਆਰ, ਅਮੈਰੀਕਾ, ਤੋਂ ਘਰਵਾਲੀ ਦਾ ਫੋਨ ਆ ਗਿਆ।

“ਸੱਚੀ ਕਹਿੰਦੇ ਨੇ ਵਿਆਹੇ ਝੂੱਡੂ ਵੀ ਯਮਰਾਜ ਤੋਂ ਨਹੀਂ ਡਰਦੇ! ਨਾਲ ਰਹਿਣ ਦਾ ਲੰਬਾ ਤਜਰਬਾ ਜੂੰ ਹੋ ਗਿਆ ਹੁੰਦਾ…ਹਾਂਜੀ, ਹਾਂਜੀ, ਇਕਦਮ ਦੁਰੱਸਤ, ਬਿਲਕੁਲ ਸਹੀ ਫਰਮਾਇਆ…ਚੱਲ ਬੱਸ ਕਰ ਹੁਣ; ਪਰ ਮੰਨ ਗਏ ਬਈ ਰੈਨੂੰ ਤੈਨੂੰ! ਭਲਾ ਪਤਾ ਕਿਦਾਂ ਲੱਗਾ ਤੈਨੂੰ ਕੇ ਬੰਗਲੌਰ ਪਿੱਚ ਤਿਆਰ ਹੋ ਚੁੱਕੀ ਆ ਤੇ ਚਰਨਜੀਤ ਲੱਗਾ ਪਾਰੀ ਦੀ ਸ਼ੁਰੂਆਤ ਕਰਨ।…ਅੱਛਾ ਜੀ, ਚੱਲ ਠੀਕ ਐ, ਠੀਕ ਐ…ਨਿਊਯਾਰਕੋ ਮੁੜ ਆਏ ਔ ਤੁਸੀ ਤਿੰਨੋਂ ਇਹਦਾ ਮਤਲਬ…ਕਿਦਾਂ ਰਿਹਾ ਜਨਮਦਿਨ ਦਾ ਜਸ਼ਨ ਓਥੇ…,” ਫੋਨ ਤੇ ਪਤੀ-ਪਤਨੀ ਭੂਮਿਕਾ ਤੋਂ ਬਾਦ ਜਿੰਦਗੀ ਦੇ ਦੌਰ ਦੀ ਵਾਰਤਾਲਾਪ ਛਿੜ ਪਈ।

“ਹੈਂ! ਕੀ ਕਿਹਾ? ਗੁੱਡ ਨਿਊਜ਼?…ਉਹ ਕਿਦਾਂ ਦੀ ਭਲਾ?” ਮੈਂ ਸਿਰ ਛੰਡਦਿਆਂ ਸੁਚੇਤ ਹੋਕੇ ਪੁੱਛਿਆ।
“ਲੈ ਤੁਸੀਂ ਵੀ ਨਾ…ਹੁਣ ਗੁੱਡ ਨਿਊਜ਼ ਦਾ ਮਤਲਬ ਵੀ ਭੁੱਲ ਗਏ ਔ,” ਰੇਨੂੰ ਮੋਹਰਿਓ ਜੀਭ ਤੇ ਪਤਾਸੇ ਰੱਖ ਕੇ ਬੋਲੀ।
“ਭੁੱਲਿਆ ਭੱਲਿਆ ਕੁੱਛ ਨਹੀ ਪਰ ਭੈਣ… ਜਦ ਤਿੰਨ ਮਹੀਨੇ ਮੈਨੂੰ ਏਥੇ ਆਏ ਨੂੰ ਹੋ ਗਏ ਤੇ ਪਿੱਛੋਂ ਇਹ ਗੁੱਡ ਨਿਊਜ਼ ਕਿਦਾਂ ਹੋ ਗਈ?” ਮੈ ਸ਼ੀਸ਼ੇ ਵਾਲਾ ਰਿੜਦਾ ਦਰਵਾਜਾ ਝੰਮਦਿਆਂ ਕਿਹਾ।
“ਓਹੇ ਹੋਏ…ਗੁੱਡ ਨਿਊਜ਼ ਮਤਲਬ ਪਰਿਵਾਰ ‘ਚ ਵਾਧਾ ਪਰ ਇਹਦੇ ਲਈ ਇੱਕੋ ਤੁਹਾਡਾ ਵਾਲਾ ਤਰੀਕਾ ਹੀ ਨਹੀਂ ਹੁੰਦਾ। ਅਸਲ ‘ਚ ਗਿਆਂ ਦੀ ਇੱਕ ਛੇ ਮਹੀਨਾ ਦੇ ਬਿਨ ਮਾਪਿਆਂ ਵਾਲੇ ਬੇਸਹਾਰਾ ਨਿਆਣੇ ਨਾਲ ਮੁਲਾਕਾਤ ਹੋ ਗਈ। ਸਬੱਬੀ! ਛੋਟੂ ਜਿਹਾ, ਟਿੱਡਾ ਜਿਹਾ; ਏਨਾ ਕਿਊਟ ਕੇ ਦੱਸ ਨਹੀਂ ਸਕਦੀ, ਚਰਨਜੀਤ। ਬੱਸ ਅਸੀਂ ਅਡੋਪਟ ਕਰਕੇ ਨਾਲ ਲੈ ਆਏ ਆਂ ਨਿਊਯਾਰਕੋਂ ਓਹਨੂੰ।”
“ਹੈਂ, ਕੀ?…ਬੈਠੀ-ਬੈਠੀ ਨੇ ਇੱਕ ਨਿਆਣਾ ਈ ਅਡੋਪਟ ਕਰ ਛੱਡਿਆ। ਉਹ ਵੀ ਅਪਨੇ ਘਰ ‘ਚ। ਭੱਦਰ ਲੋਕ ਸੁਣੇ ਸਨ ਕਿ ਐਨਜੀਓਸ ਦੇ ਰਾਹੀਂ ਇਹ ਕੰਮ ਕਰਦੇ ਨੇ। ਬੱਲੇ ਨੀ ਸਿੰਘਨੀਏ। ਟਾਈਮ ਪਾਸ ਕਰਨ ਦਾ ਬੜਾ ਘੈਂਟ ਅੰਦਾਜ ਪੇਸ਼ੇ-ਖਿਦਮਤ ਕੀਤਾ ਤੂੰ। ਪਰ ਯਕਦਮ ਕਿਦਾਂ ਕਰ ਲਿਆ ਏਹ ਸੂਨਾਮੀ ਫੈਸਲਾ ਤੂੰ?”
“ਸੋਚਨ, ਵਿਚਾਰਨ ਤੇ ਤੁਹਾਡੇ ਨਾਲ ਸਲਾਹ ਕਰਨ ਦਾ ਟਾਈਮ ਹੀ ਨਹੀਂ ਸੀ। ਬੱਸ ਇੱਕ ਤਾਂ ਸਾਡੇ ਮਨ-ਚਿੱਤ ਬਹੁਤ ਲੱਗਾ, ਮਲੂਕ, ਕੋਮਲ ਤੇ ਲਾਡੂ ਜਿਹਾ, ਰੱਜ ਕੇ ਸੋਹਣਾ-ਸਨੱਖਾ ਐ। ਜਦ ਦੇਖੋਂਗੇ ਤੇ ਫੇਰ ਸਮਝੋਂਗੇ।  ਉਪਰੋਂ ਬਿਚਾਰੇ ਬੇਸਹਾਰੇ, ਲੋੜਮੰਦ, ਮਾਸੂਮ, ਨੂੰ ਲੱਗੀ ਨੁਮਾਇਸ਼ ‘ਚ ਕਿਸੇ ਪਾਸਿਓ, ਕਿਸੇ ਕੋਲੋਂ, ਨਾ ਮਾਤਰ ਵੀ ਤਰਜੀਹ ਨਹੀ ਮਿਲ ਰਹੀ ਸੀ। ਮੇਰਾ ਮਨ ਪਸੀਜ ਗਿਆ ਤੇ ਰਹਿੰਦੀ-ਖੂੰਦੀ ਕਸਰ ਜੈਸਮੀਨ ਤੇ ਕੀਰਤ ਦੀ ਦੁਹਾਈ ਨੇ ਪੂਰੀ ਕਰ ਦਿੱਤੀ। ਦੋਨੋਂ ਅੱਡੀਆਂ ਘਸਾਉਣ ਲੱਗ ਪਏ ਪਈ ਘਰ ਲਾਜ਼ਮੀ ਲਿਜਾਨਾ ਨਾਲ ਛੋਟਾ ਭਰਾ ਬਣਾਕੇ ਤੇ ਉਹ ਵੀ ਏਸੇ ਵਾਰੀ। ਤੁਸੀਂ ਆਪ ਤਾਂ ਮੌਜ ਨਾਲ ਓਥੇ ਬੈਠੇ ਪੈਗ ਚਾੜ ਰਹੇ ਔ ਤੇ ਮੈਂ ਕੱਲੀ ਕਿਦਾਂ ਨਿਬੜਦੀ ਹਾਲਾਤ ਨਾਲ; ਆਪੀ ਦੱਸੋ?”

ਪਰ ਮੈਂ ਵੇਲੇ ਦੀ ਨਜਾਕਤ ਨੂੰ ਮਹਿਸੂਸ ਕਰਦਿਆਂ ਦੱਸੋ-ਪੁੱਛੋ ਨੂੰ ਹਾਲ ਦੀ ਘੜੀ ਠੱਪਨ ‘ਚ ਹੀ ਭਲਾਈ ਸਮਝੀ।

ਉਹਤੋਂ ਹਫਤੇ ਕੁ ਬਾਦ ਮੈਂ ਅਮੈਰੀਕਾ ਮੁੜਿਆ ਤਾਂ ਘਰ ‘ਚ ਮੇਰੇ ਪਿੱਛੋਂ ਤਰਸ਼ੀਫ ਲਿਆਏ ਬੱਚੇ ਦੇ ਦਰਸ਼ਨ ਹੋਏ। ਸੱਚੀਂ ਛੋਟਾ ਜਿਹਾ, ਜਮਾਂ ਖਿਡੋਣੇ ਵਾਂਗਰ, ਮਲੋਮੱਲੀ ਮਨ ਮੋਂਹਦਾ ਸੀ। ਕੁੱਲ ਮਿਲਾਕੇ ਬੜੀ ਸੋਹਣੀ ਸੁਗਾਤ ਸੀ ਭਾਂਵੇ ਅਪਨੇ ਨਵੇਂ ਬਣੇ ਭੈਣ-ਭਰਾ ਜੈਸਮੀਨ ਕੀਰਤ ਵਾਂਗ ਬੋਲਦਾ ਨਹੀ ਸੀ। ਮੈਂ ਸੋਚਿਆ ਅਜੇ ਛੋਟਾ ਤਾਂ ਪਰ ਅਸਲ ਇਹ ਅੱਜ ਤੀਕਰ ਨਹੀ ਇਹਨਾਂ ਵਾਂਗ ਬੋਲਿਆ। ਇੱਕ ਵੱਖਰੀ ਕਿਸਮ ਦਾ ਬੱਚਾ ਸੀ ਇਹ। ਵਾਲ ਉਮਰ ਦੇ ਹਿਸਾਬ ਨਾਲ ਬੜੇ ਸੀ, ਤੇ ਕਾਫੀ ਵੱਡੇ ਵੀ। ਤਾਂਹਿਓ ਰੈਨੂੰ ਨੇ ਫਟਾਕ ਨਾਲ ਬੜਾ ਢੁੱਕਵਾਂ ਨਾਂ ਰੱਖ ਤਾ ਸੀ — ਫਲੱਫੀ। ਬੜੇ ਚਾਅ ਤੇ ਜੋਰ-ਸ਼ੋਰ ਨਾਲ ਜਿੰਮੇਵਾਰੀ ਨਿਵਾ ਰਹੀ ਸੀ ਏਸ ਤੀਜੇ ਬੱਚੇ ਦੀ।

ਮੇਰੇ ਆਉਨ ਤੋਂ ਪਹਿਲਾਂ ਫਲੱਫੀ ਲਈ ਡਾਕਟਰ ਕੋਲ ਵੀ ਹੋ ਆਈ ਸੀ। ਉਮਰ ਮੁਨਾਸਿਬ ਲੋੜੀਂਦੇ ਟੀਕੇ ਵਗੈਰਾ ਲਵਾ ਲਏ ਸਨ। ਜਰੂਰਤ ਦਾ ਸਾਰਾ ਸਮਾਨ: ਉਹਦਾ ਬੈਡ, ਬਿਸਤਰਾ, ਸਾਬਨ, ਪੋਡਰ, ਕਪੜਾ-ਲੱਤਾ, ਬਾਕੀ ਨਿੱਕ-ਸੁਕ ਸਭ ਥਾਂ ਸਿਰ ਪੁੱਜ ਚੁੱਕਾ ਸੀ। ਗੱਲ ਕੀ ਹਰ ਲੋੜਮੰਦ ਚੀਜ ਹਾਜਿਰ ਸੀ ਫਲੱਫੀ ਲਈ।

***

ਫਲੱਫੀ ਨੇ ਮੇਰੇ ਚਿਤ ਨੂੰ ਬੇਸ਼ੱਕ ਟੁੰਬਿਆ ਪਰ ਬਾਕੀਆਂ ਵਾਂਗ “ਪਿਹਲੀ ਨਜਰੇ ਪਿਆਰ” ਵਾਲੀ ਦੀਵਾਨਗੀ ਦਾ ਦੌਰਾ ਨਾ ਪਿਆ ਮੈਨੂੰ। ਦੇਖਦੇ-ਦੇਖਦੇ ਫਲੱਫੀ ਬਾਹਰ ਘੁੰਮਣ ਦਾ ਅਮਲੀ ਹੋ ਗਿਆ। ਜਦੋਂ ਮੈਂ ਦਰਾਜ਼ ਵਿੱਚੋਂ ਕਾਰ ਦੀ ਚਾਬੀ, ਪਰਸ ਕੱਢਨੇ ਤਾਂ ਇਹਨੇ ਰੌਲਾ ਚੁੱਕ ਦੇਣਾ। ਭਾਂਵੇ ਘਰ ਵਿੱਚ ਕਿਤੇ ਈ ਹੋਵੇ। ਕਹਿਣਾ ਨਾਲ ਲੈਕੇ ਜਾ। ਹਰ ਥਾਂ ਤਾਂ ਲਿਜਾ ਵੀ ਨਹੀ ਸਕਦਾ ਸੀ ਤੇ ਜੇ ਕਿਤੇ ਨਾਲ ਲਿਜਾਣਾ ਵੀ ਤਾਂ ਟਿਕਾਨੇ ਪਹੁੰਚ ਬਹੁਤਾ ਬੈਠਨ ਨਾ ਦੇਣਾ। ਬਿਨਾਂ ਬੋਲੇ-ਕੁਸਕੇ ਬਹਿਣਾ, ਰੁਕਣਾ ਦੂਬਰ ਕਰ ਦੇਣਾ। ਜਿਵੇਂ ਆਖਦਾ ਹੋਵੇ ਹੁਣ ਗੱਪਿਸਤਾਨ ਨਾ ਵਸਾਓ ਇੱਥੇ। ਮਿਲਣਾ-ਗਿਲਣਾ ਜਿਹੜਾ ਹੋਣਾ ਸੀ ਹੋ ਲਿਆ। ਹਾਲ-ਚਾਲ ਖੁੱਲਾ-ਡੁੱਲਾ ਦੱਸ-ਪੁੱਛ ਈ ਚੁੱਕੇ ਔ। ਬੱਸ ਫੇਰ ਚਲੋ ਮੁੜਿਏ ਘਰ। ਇੱਥੇ ਬੈਠੇ ਐਂਵੀ ਲੱਸੀ ਨਾ ਘੋਲੋ ਹੁਣ। ਅਸਲ ‘ਚ ਉਹਦੀ ਆਤਮਾ ਨੂੰ ਸ਼ਾਂਤੀ, ਖੁਸ਼ੀ, ਘਰ ‘ਚ ਹੀ ਸੀ ਤੇ ਉਹ ਵੀ ਜੱਦ ਉਹਦੇ ਨਾਲ ਅਸੀਂ ਚਾਰਾਂ ਨੇ ਹੋਣਾ। “ਅਪਨੀ ਖੁਸ਼ੀ ਅਪਨੇ ਘਰ — ਅਪਨਿਆਂ ਨਾਲ,” ਉਹਦੀ ਜਿੰਦਗੀ ਦਾ ਜਿਵੇਂ ਅਦਰਸ਼ ਸੀ।

ਪਹਿਲਾਂ ਸਵੇਰੇ ਉਹਨੇ ਝਾਕਨਾ ਕੋਈ ਮੈਨੂੰ ਬਾਹਰ ਲਿਜਾਵੇ । ਏਹੀ ਝਾਕ ਤਕਾਲਾਂ ਨੂੰ ਹੋਣੀ ਉਹਦੀ। ਹਫਤੇ ਦੇ ਦਿਨਾਂ ਦੇ ਹਿਸਾਬ ਸਿਰ ਸਵੇਰੇ ਸਾਰਿਆਂ ਨੇ ਜਾਂ ਤੇ ਲੰਬੀਆਂ ਤਾਨ ਕੇ ਸੁੱਤੇ ਹੋਣਾ ਜਾਂ ਫੇਰ ਸਕੂਲ ਜਾਣ ਵਾਸਤੇ ਚਹੋਲਰ ਪਿਆ ਹੋਣਾ। ਸ਼ਾਮ ਨੂੰ ਵੈਸੇ ਈ ਰੁਝੇਵਿਆਂ ਦੀ ਪਰਲੋ ਨੇ ਲਪੇਟੇ ਹੋਣੇ ਸਾਰੇ। ਉੱਪਰੋਂ ਸਿਆਲਾਂ ਵਿੱਚ ਰੈਨੂੰ ਤੇ ਨਿਆਣਿਆਂ ਨੂੰ ਬਰਫੀਲੀਆਂ ਹਵਾਵਾਂ ਤੇ ਬਰਫ ਨੇ ਅੰਦਰ ਜਮਾਈ ਰੱਖਨਾ। ਗਰਮੀਆਂ ਦੀਆਂ ਤਿੰਨ ਮਹੀਨੇ ਦੀਆਂ ਛੁੱਟੀਆਂ ਵਿੱਚ ਇੰਨਾਂ ਤਿੰਨਾਂ ਨੇ ਦੇਰ ਰਾਤ ਤੱਕ ਸੌਣਾ ਨਹੀ ਤੇ ਦੁਪਿਹਰ ਤੱਕ ਉੱਠਨਾ ਨਹੀ। ਆਖਿਰ ਹੋਇਆ ਇਹ ਕੀ ਘੁਮਾਕੜ ਫਲੱਫੀ ਸਿੰਘ ਜੀ ਨੇ ਅਪਨੇ ਚਾਅ ਪੂਰਤੀ ਲਈ ਮੇਰੀ ਸਵੇਰ-ਸ਼ਾਮ ਦੀ ਸੈਰ ਸ਼ੁਰੂ ਕਰਾ ਦਿੱਤੀ।

ਜੇ ਮੈਂ ਘਰ ਬੈਠੇ ਨੇ ਕਿਤੇ ਸੈਰ ਲਈ ਲੇਟ ਹੋ ਜਾਣਾ ਜਾਂ ਭੁੱਲ ਜਾਨਾ ਤਾਂ ਫਲੱਫੀ ਨੇ ਮੇਰੀਆਂ ਲੱਤਾਂ ਦੇ ਸਹਾਰੇ ਖੜੇ ਹੋਕੇ ਮੈਨੂੰ ਪਿਆਰ ‘ਚ ਭਹਿ ਕੇ ਪੋਲਾ ਜਿਹਾ ਥਾਪੜਾ ਕਰਨਾ ਯਾਦ ਕਰਾਉਨ ਨੂੰ। ਮੇਰੇ ਘਰ ਹੁੰਦਿਆ ਉਹਨੇ ਕਿਸੇ ਹੋਰ ਨਾਲ ਬਿਲਕੁਲ ਨਾ ਜਾਣਾ। ਮੈਂ ਕਹਿਣਾ ਵੀ, “ਪੁੱਤ ਮੰਮੀ ਨਾਲ ਘੁੰਮਿਆ ਡੈਡੀ ਨੂੰ ਆਰਾਮ ਕਰ ਲੈਣ ਦੇ ਦੋ ਘੜੀ।” ਪਰ ਨਾ; ਜਿੱਦ ਨਾਲ ਗਲੀਚੇ ਤੇ ਅੜ ਕੇ ਬਹਿ ਜਾਣਾ। ਹਾਂ ਜੇ ਕਿਤੇ ਮੈ ਆਲਸੀ ਨਹੀਂ ਪਰ ਸੱਚੀ ਥੱਕਿਆ ਹੋਣਾ ਜਾਂ ਮੇਰਾ ਕੋਈ ਟਕਾ ਢਿੱਲਾ ਹੋਣਾ ਤਾਂ ਆਪੇ ਬਖਸ਼ ਦਿੰਦਾ ਸੀ ਮੈਨੂੰ। ਖਰੇ ਕਿਦਾਂ ਆਪੇ ਬੁੱਝ ਲੈਂਦਾ ਸੀ। ਤਦ ਜਿਆਦਾ ਰੈਨੂੰ ਨਾਲ ਜਾਂ ਕਿਤੇ-ਕਿਤੇ ਜੈਸਮੀਨ, ਕੀਰਤ ਨਾਲ ਵੀ ਚਲੇ ਜਾਣਾ। ਨਹੀ ਤਾਂ ਉਸਤਾਦ ਜੀ ਨੇ ਸਪੱਸ਼ਟ ਜੱਗ ਜਾਹਿਰ ਕੀਤਾ ਹੋਇਆ ਸੀ ਕਿ ਬਾਹਰ ਵੀ ਜਾਣਾ ਪਰ ਜਾਣਾ ਵੀ ਡੈਡੀ ਨਾਲ ਈ ਆ।

ਅੱਛਾ ਇਹਦੀ ਅੰਗਰੇਜ਼ ਦੀ ਜਵਾਕ ਹੁੰਦੇ ਤੋਂ ਇੱਕ ਬੜੀ ਨਿਆਰੀ ਆਦਤ ਸੀ। ਉਹ ਸੀ ਇਹਦਾ ਹਾਂ ‘ਚ ਹੁੰਗਾਰਾ ਭਰਨ ਦਾ ਅਦਭੁਤ ਅੰਦਾਜ਼। ਪੈਰਾਂ ਭਰ ਛਾਲ ਮਾਰਕੇ ਇਦਾਂ ਗੇੜਾ ਖਾਣਾ ਜਿਵੇਂ ਕਿੱਕਲੀ ਪਾਉਨ ਲੱਗਾ ਹੋਵੇ ਜਾਂ ਝੂਮਰ ਜਾਂ ਨਾਟੀ ਕਰਨ ਲੱਗਾ ਹੋਵੇ। ਜਿਦਾਂ ਕਿਸੇ ਨੇ ਚਾਬੀ ਵਾਲਾ ਖਿਡੌਣਾ ਮਾੜੀ ਜਿਹੀ ਚਾਬੀ ਭਰਕੇ ਛੱਡਿਆ ਹੋਵੇ। ਫਲੱਫੀ ਬਾਹਰ ਜਾਣਾ? ਪੁੱਤ ਚਿਕਨ ਖਾਨਾ? ਫਿਸ਼ ਖਾਨੀ? ਪਾਣੀ ਪੀਣਾ? ਸ਼ੁੱਸ਼ੂ ਕਰਨਾ? ਪੋਟੀ ਆਈ ਆ? ਜੇ ਹਾਂ ਏ ਤਾਂ ਲਾਟੂ ਵਾਂਗ ਘੁੰਮ ਜਾਣਾ।

ਮੇਰੇ ਨਾਲ ਉਹਦੀ ਨੇੜਤਾ ਦੀ ਅਸਲ ਵਜਹ ਹੋਰ ਵੀ ਸੀ। ਘਰਦਾ ਹੋਰ ਕੋਈ ਵੀ ਉਹਨੂੰ ਦੇਸੀ ਰੋਟੀ, ਮੁਰਗਾ, ਸਬਜੀ ਬਗੈਰਾ ਨਹੀ ਖਿਲਾਉਂਦਾ ਸੀ। ਰੈਨੂੰ ਨੇ ਉਹਦੇ ਲਈ ਅਲੱਗ ਈ ਅੰਗਰੇਜੀ ਖੁਰਾਕਾਂ ਦੇ ਡੱਬੇ ਲਿਆਕੇ ਰੱਖੇ ਹੋਏ ਸੀ ਤੇ ਬੱਸ ਮੇਮਾਂ ਦੀ ਰੀਸੇ ਉਹੀ ਖਿਲਾਉਂਦੀ। ਸੱਚੀ ਵੀ ਸੀ ਆਪਨੀ ਥਾਂ ਤੇ ਕਿਉਂਕਿ ਡਾਕਟਰਾਂ ਦੀ ਏਹਿਓ ਸਖਤ ਹਦਾਇਤ ਸੀ। ਮੈ ਹੀ ਇਸ ਮਹਿਕਮੇ ‘ਚ ਇੱਕ ਮਾਤਰ ਸਹਾਰਾ ਸੀ ਉਹਦਾ ਗਰੀਬ ਦਾ। ਕਬਾਬ, ਮੱਛੀ ਪਕੋੜੇ, ਅੰਡੇ, ਜਿੰਗਾ, ਰੋਟੀ — ਪਰ ਹੋਵੇ ਤਾਜ਼ੀ ਤੇ ਦੇਸੀ ਘਿਓ ‘ਚ ਚੋਪੜੀ — ਕਦੇ ਸ਼ਰੇਆਮ ਤੇ ਕਦੇ ਕੁੜਕੁੜ ਤੋਂ ਡਰਦੇ ਨੇ ਲੁੱਕੋ ਕੇ ਖਵਾ ਦੇਣੀ। ਮੈਂ ਰੈਨੂੰ ਨੂੰ ਹੱਸਨਾ, “ਵੱਡੇ ਨਿਆਨਿਆਂ ਨਾਲੋਂ ਜਿਆਦਾ ਪੰਜਾਬੀ ਤੇ ਸਾਡਾ ਇਹ ਛੋਟਾ ਏ।”

ਚਾਹੇ ਕੀਰਤ, ਜੈਸਮੀਨ ਵੀ ਅਮੈਰੀਕਾ ਹੀ ਜੰਮੇ ਸੀ ਪਰ ਰੈਨੂੰ ਨੇ ਕਹਿਣਾ ਇਹ ਅਸਲੀ ਅਮੈਰਿਕਨ ਐ। ਇਹਨੂੰ ਜੰਮਨ ਵਾਲੇ ਮਾਪੇ ਵਿ ਅਮੈਰੀਕਨ ਸੀਗੇ। ਪਰ ਫਲੱਫੀ ਪਿਓ ਦੇ ਪੁੱਤ ਨੇ ਡੱਬੇ, ਥੈਲੇ ਦੀ ਖੁਰਾਕ ਨੂੰ ਮੂੰਹ ਨਾ ਲਾਉਨਾ। ਹਾਂ ਰੋਟੀ ਤੋਂ ਬਾਦ ਡੱਬਿਆਂ ਵਾਲੀ ਗਜ਼ਾ (ਟਰੀਟ) ਦਾ ਰੱਜਕੇ ਸ਼ੋਕੀਨ ਸੀ। ਮੈਂ ਜਾਂ ਰੈਨੂੰ ਨੇ ਜਦੋਂ ਵੀ ਘਰੋਂ ਬਾਹਰ ਜਾਣਾ, ਤੇ ਜੇ ਫਲੱਫੀ ਸਾਡੇ ਨਾਲ ਨਹੀ ਜਾ ਰਿਹਾ, ਟਰੀਟ ਦੇਣੀ ਹੀ ਪੈਂਦੀ ਸੀ ਸਾਨੂੰ ਉਹਨੂੰ ਪਤਿਆਉਨ ਲਈ। ਟਾਈਮ ਨਾਲ ਸਾਡਾ ਬਾਹਰੋਂ ਆਉਨਾ ਵੀ ਇਸੇ ਅਮਲ ਦਾ ਹਿੱਸਾ ਬਣਾ ਲਿਆ ਕਾਕਾ ਜੀ ਨੇ। ਤੇ ਵਖਵੇ-ਵਖਵੇ ਨਾਲ ਇਹ ਵਿਸਥਾਰ ਹੁੰਦਾ ਹੀ ਰਿਹਾ।

ਅੱਛਾ, ਹਾਂ! ਮੇਰੇ ਨਾਲ ਈ ਨਹੀਂ ਫਲੱਫੀ ਨੇ ਘਰ ‘ਚ ਹਰੇਕ ਨਾਲ ਵਿਲੱਖਣਾ ਸਾਕ ਥਾਪਇਆ ਹੋਇਆ ਸੀ। ਕਿਸੇ ਵੀ ਦੁੱਖ-ਸੰਤਾਪ-ਬਿਮਾਰੀ ‘ਚ ਰੈਨੂੰ ਕੋਲ ਈ ਜਾਣਾ ਇਹਨੇ। ਜੇ ਮੈਂ ਸੌ ਗਿਆ ਜਾਂ ਹੋਰ ਕਿਸੇ ਕਾਰਨ ਨੇੜੇ-ਤੇੜੇ ਨਹੀਂ ਆਂ ਤਾਂ ਉਹਨੇ ਕੀਰਤ ਕੋਲ ਉਹਦੇ ਕਮਰੇ ‘ਚ ਚਲੇ ਜਾਣਾ ਖਾਨ-ਪੀਨ ਲਈ ਮੰਗਨ ਨੂੰ। ਜਦ ਖੇਲਨਾ ਹੋਵੇ, ਲਾਡੀਆਂ ਕਰਨੀਆਂ ਹੋਣ ਤਾਂ ਵੀ। ਬਹੁਤੀ ਵਾਰ ਕੀਰਤ ਦੀ ਧੰਨ-ਧੰਨ ਵੀ ਕਰਾ ਦੇਣੀ ਸਤਾ-ਸਤਾ ਕੇ। ਸਾਨੂੰ ਜਾਣਾ ਪੈਂਦਾ ਸੀ ਦੋਹਾਂ ਨੂੰ ਹਟਾਉਨ ਲਈ ਜਾਂ ਸੁਲਹ ਕਰਾਉਨ ਲਈ। ਵੈਸੇ ਇਹਦਾ ਕੁੜੀ ਨਾਲ ਕੋਈ ਰੋਜ਼-ਮੱਰਾ ਲੈਣ-ਦੇਣ ਨਹੀਂ ਸੀ ਜਦੋਂ ਵੀ ਜੈਸਮੀਨ ਨੂੰ ਰੈਨੂੰ ਤੋਂ ਝਿੜਕਾਂ ਪੈਦੀਆ ਹੋਣੀਆਂ ਤਾਂ ਇਹਨੇ ਕਿਤੋਂ ਪੑਗਟ ਹੋਕੇ ਜਾਕੇ ਉਹਦੇ ਨਾਲ ਬਹਿ, ਖਲੋ ਜਾਣਾ। ਕਈ ਸਾਲਾਂ ਦੇ ਇਸ ਚਲਦੇ ਸਿਲਸਿਲੇ ਦਾ ਇੱਕ ਦਿਨ ਜਿਕਰ ਹੋ ਗਿਆ। ਤਾ ਜੈਸਮੀਨ ਨੇ ਦੱਸਿਆ, “ਜੇ ਕਿਤੇ ਕਿਸੇ ਵੀ ਗੱਲੋਂ ਮੈਂ ਡਾਊਨ ਫੀਲ ਕਰਦੀ ਆਂ, ਮੇਰਾ ਮਨ-ਚਿੱਤ ਘਾਊਂ-ਮਾਊਂ ਆ, ਤੁਸੀਂ ਮੀਨ ਸੀ ਮੇਰੇ ਨਾਲ ਜਾਂ ਕੀਰਤ ਨੇ ਅਪਨਾ ਮਾਹੌਲ ਪਾਇਆ ਹੋਵੇ ਤਾਂ ਮੇਰੇ ਕਮਰੇ ‘ਚ ਵੜਕੇ ਨਾਲ ਆ ਬਹਿੰਦਾ। ਜੇ ਮੈਂ ਰੋਂਦੀ ਹੌਵਾਂ ਤਾਂ ਗੋਦੀ ਵਿੱਚ ਆ ਜਾਂਦਾ ਤੇ ਬਾਦ ‘ਚ ਨਾਲ ਸੋ ਜਾਂਦਾ ਮੇਰੇ।”

ਕਈ ਚਿਰ ਸਾਡੇ ਮਿਲਣ-ਗਿਲਣ ਵਾਲੇ ਸਾਰਿਆਂ ਨੂੰ ਨਹੀ ਪਤਾ ਲੱਗਾ ਏਸ “ਗੂਡ ਨਿਊਜ਼” ਦਾ। ਇਹਨੀ ਦਿਨੀਂ ਘਰ ਸਾਡੇ ਕਿਸੇ ਵਜਹ ਜਾਂ ਬੇਵਜਹ ਇੱਕ ਵੀਕਐਂਡ ਨੂੰ ਪਾਰਟੀ ਭੱਖੀ ਹੋਈ ਸੀ। ਚਲਦੇ ਰੌਣਕ ਮੇਲੇ ਵਿੱਚ ਮੈਂ ਨਜਰ ਫੇਰੀ ਤਾਂ ਫਲੱਫੀ ਕਿਤੇ ਨਾ ਦਿੱਸੇ। ਕੀਰਤ ਨੂੰ ਪੁੱਛਿਆ ਤਾਂ ਉਹਨੇ ਅਪਨੇ ਤਕੀਆ-ਕਲਾਮ ਮੋਂਡੇ ਚੱਕ ਤੇ ਜਵਾਬ ਵਿੱਚ। ਫੇਰ ਮੈ ਰੈਨੂੰ ਨੂੰ ਵਾਜ ਮਾਰੀ, “ਮੁੰਡਾ ਕਿੱਥੇ ਆ?” ਮੇਰੇ ਕੋਲ ਖੜਾ ਪਾਰਟੀ ‘ਚ ਆਇਆ ਪਰਮਿੰਦਰ ਕੀਰਤ ਵਲ ਇਸ਼ਾਰਾ ਕਰਕੇ ਕਹਿੰਦਾ, “ਸਾਹਮਣੇ ਤਾਂ ਖੜਾ! ਅੱਜ ਤਾਂ ਸੁੱਖ ਨਾਲ ਸਾਜਰੇ ਤੋਂ ਈ ਗੱਡੀ ਗੇਰ ‘ਚ ਪਾਈ ਲੱਗਦੀ ਆ।”

ਫਲੱਫੀ ਕਰਕੇ ਸ਼ੁਰੂ ਹੋਈ ਮੇਰੀ ਸਵੇਰ-ਸ਼ਾਮ ਦੀ ਸੈਰ ਨੇ ਡਵੱਲੈਪਮੈਂਟ (ਮਹੱਲੇ) ਵਿੱਚ ਮੇਰੀ ਸ਼ਨਾਖਤ ਤੇ ਅਕਸ ਹੀ ਬਦਲ ਤੇ। ਤੁਰੇ ਜਾਂਦੇ ਨੇ ਮੈਂ ਲੰਘਦੇ-ਵੜਦੇ ਹਰੇਕ ਨਾਲ ਹੱਥ ਚੱਕ ਕੇ ਹੈਲੋ-ਹਾਏ ਕਰਨੀ ਭਾਂਵੇ ਉਹ ਪੈਦਲ ਜਾਂਦਾ-ਜਾਂਦੀ ਸੀ ਜਾਂ ਕਾਰ ‘ਚ ਹੋਵੇ। ਕੁੱਛ ਕੁ ਤਾਂ ਰੋਜ਼ਾਨਾ ਜਾਂ ਲੱਗਭਗ ਰੋਜ਼ਾਨਾ ਮੇਰੇ ਵਾਂਗ ਤੁਰਦੇ-ਫਿਰਦੇ ਟੱਕਰਦੇ ਰਹਿੰਦੇ ਸਨ। ਇੰਨਾਂ ਵਿੱਚੋਂ ਦੋ ਜੋੜੇ ਸੀ, ਇੱਕ ਅੱਧਖੜ ਗੋਰਾ ਸੀ, ਜਾਂ ਅਪਨੇ ਕੁੱਤਿਆਂ ਨਾਲ ਟਹਿਲਨ ਵਾਲੇ ਗੈਰੀ, ਜੈਰੀ ਤੇ ਕੁੱਛ ਹੋਰ।

ਇੱਕ ਦਫਾ ਮੇਰੇ ਗੁਆਂਢੀ ਗਰੈਗ ਚਾਲਮਰ ਦੇ ਮੁੰਡੇ ਨੇਟ ਦੀ ਹਾਈਸਕੂਲ ਗਰੈਜੂਸ਼ਨ ਦੀ ਦੁਪਿਹਾਰੇ ਪਾਰਟੀ ਚਲ ਰਹੀ ਸੀ ਉਹਨੇ ਦੇ ਮਗਰਲੇ ਵਿਹੜੇ ‘ਚ। ਜਦ ਮੈਂ ਸਾਡੇ ਦੇਸੀਆਂ ਦੇ ਲਚਕਦਾਰ ਟਾਈਮ ਹਿਸਾਬ ਨਾਲ ਘੰਟੇ-ਡੇਢ ਮਗਰੋਂ ਪਹੁੰਚਿਆ ਤਾਂ ਪਿੱਛੇ ਡੈਕ ਤੇ ਬੈਠੇ ਗੈਸਟਾਂ ਨਾਲ ਗੱਲੀਂ ਪੈ ਗਿਆ।
“ਤੂੰ ਚੈਰਨਜੀਡ ਏਂ; ਹੈ ਨਾ?” ਮੈਂ ਚਮੇਲੀ ਦੇ ਫੁੱਲ ਵਾਂਗ ਸੋਹਣੀ ਤੇ ਮਹਿਕਦੀ ਅਨਜਾਨ ਗੋਰੀ ਨੂੰ ਹੱਥ ‘ਚ ਵਾਈਨ ਦਾ ਗਿਲਾਸ ਫੜੀ ਖੜੀ ਦੇਖ ਕੇ ਬਦੋਬੱਦੀ ਮੁਸਕਰਾ ਪਿਆ।
“ਮੈਂ ਅੰਦਰ ਮੇਜਬਾਨ ਜੈਨੀ(ਫਰ) ਨੂੰ ਪੁੱਛ ਰਹੀ ਸੀ ਪਈ ਓਹ ਡੈਕ ਤੇ ਖਲੋਤੇ ਸੱਜਨ ਦਾ ਨਾਂ ਕੀ ਏ ਭਲਾ? ਉਹਨੇ ਦੱਸਿਆ ਚਰਨਜੀਡ…ਠੀਕ ਤਾਂ ਕਹਿ ਰਹੀਂ ਆਂ ਨਾ ਮੈਂ?…ਮੈ ਜੈਨੀ ਨੂੰ ਦੱਸਿਆ ਮੈਨੂੰ ਰੋਜ਼ ਤੁਰਿਆ ਜਾਂਦਾ ਮਿਲਦਾ ਅਪਣੇ ਛੋਟੇ ਜਿਹੇ, ਪਿਆਰੇ ਜਿਹੇ ਸਾਥੀ ਨਾਲ। ਮੇਰੇ ਵਾਂਕਨ ਨਿੱਤ ਪਤਾ ਨਹੀ ਕਿੰਨੇ ਹੋਰਾਂ ਨੂੰ ਹੱਥ ਚੱਕ ਕੇ ਖੁਸ਼ ਕਰਦਾ। ਮੈਂ ਇਸ ਪੱਗ ਵਾਲੇ ਸੈਂਟਾ-ਕਲੌਜ ਨੂੰ ਜਾਕੇ ਜੱਫੀ ਪਾਉਨੀ ਏ, ਕੋਈ ਸਿਆਪਾ ਤਾਂ ਨਹੀ ਪਾ ਜਊ?”
ਪਤਾ ਨਹੀਂ ਲੋਕ ਕਿਉਂ ਕਹਿੰਦੇ ਨੇ ਰੱਬ ਦੇ ਘਰ ਦੇਰ ਏ। ਯਾਰ ਹੁਣੀ ਤਾਂ ਝੱਟ ਦੇਣੀ ਖੜੱਪੇ ਸੱਪ ਵਾਂਗ ਬਾਹਵਾਂ ਫੈਲਾ ਤੀਆਂ ਤੇ ਮਹਿਕਦੀ-ਦਹਿਕਦੀ ਚਮੇਲੀ ਹਿੱਕ ਨਾਲ ਲਾ ਲਾਈ।

***

ਫਾਸਟ-ਫਾਰਵਡ ਨੌ ਸਾਲ। ਮੈਂ ਅਪਨੀ ਇੰਜਨੀਅਰਿੰਗ ਦੀ ਜਮਾਤ ਦੀ ਸਿਲਵਰ ਜੁਬਲੀ ਦਾ ਆਯੋਜਨ ਜੁਲਾਈ 2018 ਦੇ ਪਹਿਲੇ ਚਾਰ ਦਿਨ ਵੈਨਕੂਵਰ ਕੀਤਾ ਹੋਇਆ ਸੀ। ਦੋ ਜੁਲਾਈ 2018 ਦੀ ਸਵੇਰੇ ਮੈਂ ਰੇਨੂੰ, ਜੈਸਮੀਨ ਤੇ ਕੀਰਤ ਨਾਲ ਵੈਨਕੂਵਰ ਹੋਟਲ ਵਿੱਚ ਸੁੱਤਾ ਪਿਆ ਸੀ ਜਦੋਂ ਮੇਰਾ ਫੋਨ ਵੱਜਾ। ਮੈਂ ਸੁੱਤੇ-ਗਲਾਂਦੇ ਨੇ ਮੇਜ ਤੇ ਪਿਆ ਫੋਨ ਚੱਕਿਆ, ਦੇਖਿਆ ਤਾਂ ਸਾਡੇ ਡੈਲਾਵੇਅਰ ਦਾ ਅਨਪਛਾਤਾ ਨੰਬਰ ਸੀ। ਥਾਂਏ ਉਸਲੇ ਸਾਢੇ ਚਾਰ ਵਜੇ ਸੀ। ਡੈਲਾਵੇਅਰ ਤਿੰਨ ਘੰਟੇ ਗਾਹਾਂ ਸੀ ਉੱਥੋਂ ਮਤਲਬ ਫੋਨ ਕਰਨ ਵਾਲੇ ਦੇ ਸਾਢੇ-ਸੱਤ ਦਾ ਟਾਈਮ ਸੀ। ਮੈ ਚੱਕਰ ‘ਚ ਪੈ ਗਿਆ। ਐਨੇ ਤੜਕੇ ਕੌਣ ਹੋ ਸਕਦਾ? ਸੁੱਖ ਵੀ ਹੋਵੇ।

“ਯੈਸ,” ਮੈਂ ਹੋਲੀ ਜਿਹੀ ਫੋਨ ਚੱਕ ਕੇ ਕਿਹਾ।
“ਮਿਸਟਰ ਮਿਨਹਾਸ, ਸ਼ੋਅਨ ਆਂ ਮੈ ਏਧਰ, ਹੈਨਾ ਦੇ ਕੈਨਲ ਤੋਂ। ਤੁਹਾਡਾ ਕੀ ਹਾਲ ਏ,” ਫੋਨ ਕਰਨ ਵਾਲਾ ਗੋਰਾ ਬੋਲਿਆ।
ਮੇਰੇ ਦਿਮਾਗ ਦੀਆਂ ਫਿਰਕੀਆਂ ਘੁੰਮ ਗਈਆਂ। ਤੇਜੀ ਨਾਲ ਸੋਚਨ ਲੱਗਾ ਕਿ ਫਲੱਫੀ ਬਾਰੇ ਏਹ ਕੀ ਦੱਸਨ ਨੂੰ ਫੋਨ ਕਰ ਰਿਹਾ। ਆਉਨ ਤੋਂ ਪਹਿਲਾਂ ਮੈਂ ਈ ਫਲੱਫੀ ਨੂੰ ਇਹਦੀ ਤੀਂਵੀ ਹੈਨਾ ਦੇ ਨਾਂ ਤੇ ਬਣੇ ਕੁੱਤੇਖਾਨੇ ਵਿੱਚ ਛੱਡਕੇ ਆਇਆ ਸੀ। ਕਈ ਵਾਰ ਪਹਿਲਾਂ ਵਾਂਗ ਜਦ ਵੀ ਅਸੀਂ ਹਵਾਈ ਸਫਰ ‘ਚ ਦੂਰ ਜਾਂਦੇ ਸੀ। ਕਾਰ ‘ਚ ਅਮਰੀਕਾ-ਕੈਨੇਡਾ ਦੇ ਤੋਰੇ-ਫੇਰੇ ‘ਚ ਫਲੱਫੀ ਸਾਡੇ ਕਈ ਵਾਰ ਗਿਆ ਸੀ। ਲਗਾਤਾਰ ਹਜਾਰਾਂ ਮੀਲ ਦੀਆਂ ਝਾਟੀਆਂ ਕੀਤੀਆਂ ਬਰਖੁਰਦਾਰ ਨੇ ਸਾਡੇ ਨਾਲ। ਪਾਲਤੂ-ਜਾਨਵਰ ਦੋਸਤਾਨਾ ਹੋਟਲਾਂ ਵਿੱਚ ਰਹਿਣਾ ਅਸੀਂ ਇਹਨਾਂ ਤੋਰਿਆ-ਫੇਰਿਆਂ ਦੌਰਾਨ।

“ਮੈਨੂੰ ਪਤਾ ਨਹੀਂ ਕਿਦਾਂ ਦੱਸਾਂ, ਜਦ ਅੱਜ ਸਵੇਰੇ, ਮਤਲਬ ਹੁਣੇ, ਅਸੀਂ ਕੈਨਲ ‘ਚ ਗਏ ਆਂ ਤਾਂ ਫਲੱਫੀ ਲਿਟਿਆ ਪਿਆ ਸੀ। ਮਾਸਾ ਵੀ ਨਹੀ ਹਿਲਆ-ਜੁੱਲਿਆ। ਜਦ ਅਸੀਂ ਹੱਥ ਨਾਲ ਹਿਲਾਇਆ ਤਦ ਵੀ ਨਹੀ। ਘਬਰਾ ਕੇ ਦੇਖਿਆ ਤਾਂ ਉਹਦੇ ਸਾਹ ਈ ਨਹੀਂ ਚਲ ਰਹੇ ਸੀ। ਪਤਾ ਨਹੀ ਹੋਰ ਕੀ ਕਹਿਵਾਂ। ਬੱਸ! ਫਲੱਫੀ ਹੁਣ ਨਹੀ ਰਿਹਾ।” ਸ਼ੋਅਨ ਇਹ ਕਹਿਕੇ ਖੜ ਗਿਆ। ਸ਼ਾਇਦ ਮੇਰਾ ਪਰਤੀਕਰਮ ਉਡੀਕਦਾ ਸੀ। ਇਧਰ ਮੈ ਬੋਲੇ ਬੁੱਗ ਵਾਂਗ ਅੱਖਾ ਟੱਡੀ ਕੰਨ ਨੂੰ ਫੋਨ ਲਾਈ ਬੈਠਾ ਸੀ ।

“ਮੈਂ ਸਮਝ ਸਕਦਾਂ ਕਿੰਨਾ ਵੱਡਾ ਤੇ ਦੁਖਦਈ ਏ ਇਹ ਹਾਦਸਾ ਸਾਡੇ ਸਾਰਿਆਂ ਲਈ; ਖਾਸ ਤੌਰ ਤੇ ਤੁਹਾਡੇ ਸਾਰੇ ਪਰਿਵਾਰ ਲਈ। ਮੈਂ ਤੁਹਾਡੇ ਫਲੱਫੀ ਵਾਲੇ ਡਾਕਟਰ ਨੂੰ ਇਤਲਾਹ ਕਰ ਦਿੱਤੀ ਆ ਤੇ ਉਹ ਤੁਹਾਡੇ ਆਉਣ ਤੱਕ ਫਲੱਫੀ ਦੀ ਦੇਹ ਨੂੰ ਫਰੀ ਵਿੱਚ ਹਫਾਜਤ ਨਾਲ ਰੈਫਰੀਜਰੇਸ਼ਨ ਵਿੱਚ ਰੱਖਨਗੇ।”

ਮੇਰਾ ਕਲੇਜਾ ਮੂੰਹ ‘ਚ ਆ ਗਿਆ।
“ਰਾਤੀਂ ਠੀਕ ਸੀ ਫਲੱਫੂ?” ਮੇਰੇ ਮੂੰਹ ਵਿੱਚੋਂ ਬਸ ਇਹੇ ਈ ਨਿਕਲਿਆ।
“ਹਾਂਜੀ, ਬਿਲਕੁਲ, ਕਲ ਅਸੀਂ ਸਾਢੇ ਸੱਤ ਵਜੇ ਬਾਹਰ ਘੁਮਾਇਆ ਸੀ ਉਹਨੂੰ; ਬੜਾ ਸੋਹਣਾ ਸੀ। ਜਿਦਾਂ ਆਮ ਹੁੰਦਾ, ਹਮੇਸ਼ਾ ਵਾਂਗ। ਜਦੋਂ ਪਰਤੇ ਤੱਦ ਵੀ।”

ਮੈਂ ਫੋਨ ਬੰਦ ਕਰਕੇ ਮੂੰਹ ਚੱਕਿਆ ਤਾਂ ਦੁਪਿਹਾਰੇ ਅੱਖਾਂ ਖੋਲਣ ਵਾਲੇ ਰੈਨੂੰ ਤੇ ਨਿਆਣੇ ਗੋਡਿਆਂ ਭਾਰ ਬੈਠੇ ਇੱਕਟਕ ਮੇਰੇ ਕੰਨੀ ਦੇਖ ਰਹੇ ਸਨ। ਖਟਕਾ ਤਾਂ ਸੀ ਹੀ ਤਿੰਨਾਂ ਨੂੰ ਮੇਰੇ ਪੁਸ਼ਟੀ ਕਰਦਿਆਂ ਸਾਰ ਬੁੱਬਾਂ ਮਾਰ ਰੌਣ ਲੱਗ ਪਏ। ਹਜੇ ਤੱਕ ਨਹੀ ਅੱਖਾਂ ਸੁੱਕੀਆਂ ਰੈਨੂੰ ਤੇ ਕੀਰਤ ਦੀਆਂ

ਜੁਲਾਈ ਦੇ ਮੁੰਢਲੇ ਕੁਝ ਦਿਨ ਗਰਮੀ ਜੋਰਾਂ ਦੀ ਪਊਗੀ ਇਹ ਪਤਾ ਸੀ ਸਾਨੂੰ। ਇਸੇ ਕਰਕੇ ਮੈਂ 30 ਜੂਨ ਨੂੰ ਛੱਡਨ ਜਾਨ ਤੋਂ ਚਾਰ ਕੁ ਦਿਨ ਪਹਿਲਾਂ ਹੈਨਾ ਨਾਲ ਫੋਨ ਤੇ ਗੱਲ ਵੀ ਕੀਤੀ ਸੀ।
“ਹੈਨਾ ਅਸੀਂ ਵੈਨਕੂਵਰ ਜਾਣਾ ਹਫਤੇ ਲਈ, 1-8 ਜੁਲਾਈ ਤੀਕਰ। ਫਲੱਫੀ ਨੂੰ ਛੱਡ ਸਕਦੇ ਆਂ ਉੱਦੋਂ ਤੇਰੇ ਕੋਲ?”
“ਯੈਸ, ਜਰੂਰ, ਕਿਉਂ ਨਹੀਂ! ਚੰਗਾ ਲੱਗੂ ਫਲੱਫੀ ਨੂੰ ਦੁਬਾਰਾ ਮਿਲਕੇ।”
“ਇੱਕ ਗੱਲ, ਜਿਦਾਂ ਤੂੰ ਜਾਣਦੀ ਆਂ ਗਰਮੀ ਤੇ ਫਲੱਫੀ ਦੀ ਉੱਕਾ ਨਹੀ ਨਿਭਦੀ ਤੇ ਉਪਰੋਂ ਉਹ ਦਿਨ ਮੌਸਮ ਰਿਪੋਟਾਂ ਦੇ ਹਿਸਾਬ ਨਾਲ ਪੂਰੀ ਗਰਮੀ ਦੇ ਹੋਣੇ ਨੇ। ਤੁਹਾਡੀ ਕੂਲਿੰਗ ਬਗੈਰਾ ਤਾਂ ਵਧੀਆ ਕੰਮ ਕਰਦੀ ਆ?’
“ਮੈ ਤੁਹਾਡੇ ਫਿਕਰ ਨੂੰ ਚੰਗੀ ਤਰਾਂ ਸਮਜ਼ ਸਕਦੀ ਆਂ। ਫਲੱਫੀ ਦੀ ਵੀਜਿੰਗ ਦੀ ਤਕਲੀਫ ਕਰਕੇ ਜੋਰਚੀਂ ਸਾਹ ਲੈਂਦਾ ਗਰਮੀ ਵਿੱਚ ਜਾਂ ਜੱਦ ਥੱਕਿਆ ਹੋਵੇ ਮੈਨੂੰ ਚੇਤਾ। ਤਾਂਹਿਓ ਗਰਮੀ ਇਹਦੇ ਅਨਕੂਲ ਨਹੀਂ ਪਰ ਤੁਸੀਂ ਭੋਰਾ ਵੀ ਫਿਕਰ ਨਾ ਕਰੋ। ਸਾਡੀ ਕੂਲਿੰਗ ਟਨਾ-ਟਨ ਏ, ਹਾਲੇ ਭਲਕੇ ਤਾਂ ਬਦਲੀ ਆ।”
“ਜੇ ਅਸੀਂ ਇੱਕ ਫਰਸ਼ ਵਾਲਾ ਪੱਖਾ ਖਾਸ ਕਰਕੇ ਫਲੱਫੀ ਲਈ ਦੇ ਜਾਈਏ ਤਾਂ ਤੁਸੀਂ ਉਹਦੇ ਲਵੇ ਲਾ ਦਿਔਗੇ ਤਾਂ ਜੋ ਫਲੱਫੀ ਹਮੇਸ਼ਾ ਹਵਾ-ਹਾਰਾ ਰਹਵੇ।”
“ਭਾਂਵੇ ਸਾਡੇ ਇੱਥੇ ਵੀ ਪੱਖੇ ਹਨ ਪਰ ਤੁਸੀ ਅਪਨਾ ਵੀ ਦੇਣਾ ਚਾਹੌ ਤਾਂ ਬੇਸ਼ੱਕ।”

ਸਾਡੀ ਫਿਲਡਲਫੀਆ ਤੋਂ ਵੈਨਕੂਵਰ ਦੀ ਉਡਾਨ ਅਗਲੇ ਦਿਨ ਇੱਕ ਜੁਲਾਈ ਸਾਜਰੇ ਦੀ ਸੀ। ਇਸ ਕਰਕੇ ਮੈਂ ਫਲੱਫੀ ਨੂੰ 30 ਜੂਨ ਨੂੰ ਹੀ ਛੱਡ ਕੇ ਆਉਨ ਦੀ ਸੋਚੀ। ਫਲੱਫੀ ਨੂੰ ਹਮੇਸ਼ਾ ਹੈਨਾ ਦਾ ਨਾਂ ਸੁਣਕੇ ਚਾਅ ਚੜ ਜਾਂਦਾ ਸੀ। ਉਹਦਾ ਉਤਸ਼ਾਹ ਦੇਖ ਰੈਨੂੰ ਨੇ ਹੈਰਤ ‘ਚ ਕਹਿਨਾ, “ਪਤਾ ਨਹੀ ਮਰ-ਜਾਨੀ ਕੀ ਖਲਾਉਂਦੀ, ਖਡਾਉਂਦੀ ਆ ਇਹਨੂੰ…ਮੇਰੇ ਦਿਲ ‘ਚ ਆ ਕਿਤੇ ਜਾਕੇ ਲੁਕ ਕੇ ਦੇਖਾਂ ਕੇ ਤਾਂ ਆਂਵਾ।”

ਮੈਂ ਦੋ ਕੁ ਦਿਹਾੜੀਆਂ ਪਹਿਲਾ ਤੋਂ ਫਲੱਫੀ ਨੂੰ ਗੱਲੀਂ-ਬਾਤੀਂ ਦੱਸਨਾ ਵੀ ਸ਼ੁਰੂ ਕਰ ਦਿੱਤਾ ਸੀ ਸਾਡੇ ਕੈਨੇਡਾ ਜਾਣ ਬਾਰੇ। ਓਸ ਵਖਵੇ ਦੌਰਾਨ ਤੈਨੂੰ ਹੈਨਾ ਕੋਲ ਛੱਡਨਾ ਮੈ ਦੋ-ਤਿੰਨ ਵਾਰ ਗੱਪ-ਛੱਪ ਕਰਦਿਆਂ ਸਮਝਾਇਆ ਵੀ ਸੀ ਉਹਨੂੰ।

ਜਦੋਂ ਮੈ ਸ਼ਨਿੱਚਰਵਾਰ ਉਹਨੂੰ ਛੱਡਨ ਗਿਆਂ ਤਾਂ ਉਹ ਮੇਰੀ ਰੈਂਜ ਰੋਵਰ ਟਰੱਕ ‘ਚ ਹਮੇਸ਼ਾ ਵਾਂਗ ਛਾਲ ਮਾਰ ਪਹਿਲਾਂ ਡਰਾਈਵਰ ਦੀ ਸੀਟ ਤੇ, ਤੇ ਫੇਰ ਉੱਥੋਂ ਲੰਘ ਕੇ ਨਾਲ ਦੀ ਪਰਲੀ, ਮੋਹਰਲੀ ਸੀਟ ਤੇ ਬੈਠ ਗਿਆ। ਗੱਡੀ ਭਰੀ ਹੋਵੇ ਤੇ ਚਾਹੇ ਖਾਲੀ ਇਹੋ ਉਹਦੀ ਪੱਕੀ ਸੀਟ ਸੀ। ਕਾਰ ਕੋਈ ਹੋਵੇ। ਕਿਸੇ ਦੀ ਵੀ ਹੋਵੇ। ਸਾਰਿਆਂ ਨੂੰ ਚੰਗੀ ਤਰਾਂ ਪਤਾ ਸੀ ਇਸ ਕਰਕੇ ਕੋਈ ਵੀ ਓਹਦੀ ਸੀਟ ਨਹੀ ਮਲੱਕਦਾ ਸੀ।

ਹੈਨਾ ਦੇ ਪਹੁੰਚਕੇ ਮੈਂ ਉਹਦਾ ਬੈਡ, ਟਰੀਟਾਂ ਦਾ ਡੱਬਾ, ਲੀਸ਼ (ਸੰਗਲੀ), ਤੇ ਖੁਰਾਕ ਦੀ ਬੋਰੀ ਡਿੱਗੀ ਚੋਂ ਕੱਢੀ। ਫੇਰ ਅਪਨੇ ਸਾਹਿਬ ਦਾ ਦਰਵਾਜਾ ਖੋਲਿਆ। ਅਪਨੀ ਪਕਾਈ ਹੋਈ ਤਰਤੀਬ ਤਹਿਤ ਫਲੱਫੀ ਨੇ ਪਹਿਲਾਂ ਸੀਟ ਤੋਂ ਕਾਰ ਦੇ ਫਰਸ਼ ਤੇ ਤੇ ਫੇਰ ਭੁੰਜੇ ਛਾਲ ਮਾਰੀ। ਮੈਂ ਇਮਾਰਤ ਦਾ ਦਰਵਾਜਾ ਖੋਲਿਆ ਤੇ ਫਲੱਫੀ ਸਿੰਘ ਠੁਮ-ਠੁਮ ਕਰਕੇ ਅੰਦਰ ਵੜ ਗਿਆ। ਅੰਦਰ ਇੱਕ ਖਾਂਦੇ-ਪੀਂਦੇ ਘਰ ਦਾ ਛੋਕਰਾ ਮੇਰੇ ਤੋਂ ਮੋਹਰੇ ਹੈਨਾ ਨਾਲ ਬਿਜਨਸ ਨਿਬੇੜ ਰਿਹਾ ਸੀ। ਫਲੱਫੀ ਨੇ ਜਾਕੇ ਉਹਦੇ ਨਾਲ ਹੈਲੋ-ਹਾਏ ਸ਼ੁਰੂ ਕਰ ਦਿੱਤੀ। ਮੈਂ ਉਹਨੂੰ ਸਮਾਨ ਥੱਲੇ ਟਿਕਾ, ਗੋਰੇ ਨੂੰ ਸਾਰੀ ਕਹਾ ਤੇ ਫਲੱਫੀ ਨੂੰ ਕੁੱਛੜ ਚੱਕ ਲਿਆ।

ਜਦ ਤੀਕ ਮੇਰੀ ਵਾਰੀ ਨਹੀ ਆ ਗਈ ਮੈਂ ਸ਼ੀਸ਼ੇ ਥਾਨੀ ਫਲੱਫੀ ਨੂੰ ਅੰਦਰ ਦੋੜਦੇ-ਭੱਜਦੇ ਹੋਰ ਕੁੱਤੇ ਦਿਖਾਉਂਦਾ ਰਿਹਾ। ਸਾਰਾ ਵੇਲਾ ਮੇਰਾ ਇੱਕ ਹੱਥ ਉਹਨੂੰ ਪਲੋਸਦਾ ਰਿਹਾ।

ਜਦੋਂ ਮੇਰੀ ਵਾਰੀ ਆਈ ਤਾਂ ਮੈਂ ਫਲੱਫੀ ਨੂੰ ਹੈਨਾ ਤੇ ਮੇਰੇ ਵਿਚਾਲੇ ਬਣੀ ਤਾਕੀ ਦੇ ਬਾਹਰ ਨਿੱਕਲੇ ਪੱਲੇ ਤੇ ਬੈਠਾ ਦਿੱਤਾ। ਕੁੱਛ ਕੁ ਕਾਗਜਾਂ ਤੇ ਦਸਖਤ ਜੂੰ ਕਰਨੇ ਸੀ ਮੈਂ। ਫਲੱਫੀ ਇੱਕ ਪਲ ਵੀ ਨਹੀ ਅਟਕਿਆ, ਨਾ ਝੱਕਿਆ, ਤੁਰਕੇ ਹੈਨਾ ਕੋਲ ਚਲਿਆ ਗਿਆ। ਹੈਨਾ ਨੇ ਪਿਆਰ ਨਾਲ ਚੱਕ ਕੇ ਅਪਨੇ ਵਾਲੇ ਪਾਸੇ ਥੱਲੇ ਲਾ ਦਿੱਤਾ ਕੁਰਸੀ ਕੋਲ ਜਿਥੋਂ ਮੈਨੂੰ ਓਹ ਦੀਂਹਦਾ ਨਹੀ ਸੀ। ਬੱਸ ਉਹਤੋਂ ਬਾਦ ਨਹੀਂ ਦਿਖਿਆ ਮੈਂ ਅਪਨਾ ਫਲੱਫੀ। ਬੱਸ ਜਿਦਾਂ ਆਉਨ ਦੀ ਖਬਰ ਫੋਨ ਤੇ ਦਿੱਤੀ ਸੀ ਉਦਾਂ ਈ ਜਾਣ ਦੀ ਇਤਲਾਹ ਦੇ ਗਿਆ।

ਅਸੀਂ ਵਾਪਿਸ ਪਹੁੰਚ ਫਲੱਫੀ ਦੀ ਦੇਹ ਨੂੰ ਡਾਕਟਰ ਦਿਔ ਲਿਆਏ। ਸੰਦੂਕ ਨੁਮਾ ਕਾਸਕਟ ਵਿੱਚ ਬਿਰਾਜਮਾਨ ਕਰਨ ਤੋਂ ਪਹਿਲਾਂ ਕੀਰਤਨ ਸੋਹਿਲੇ ਦਾ ਰਲਕੇ ਪਾਠ ਕੀਤਾ। ਮਗਰੋਂ ਘਰ ਦੇ ਮਗਰ ਟੋਆ ਪੱਟ ਕੇ ਦਫਨਾ ਦਿਤਾ। ਕਬਰ ਉੱਤੇ ਪੱਥਰ ਤੇ ਲਿੱਖਆ, “ਜੇ ਪਿਆਰ ਤੈਨੂੰ ਬਚਾ ਸਕਦਾ ਤਾਂ ਤੂੰ ਕਦੇ ਨਾ ਮਰਦਾ।”

ਉਹਦੀ ਲੀਸ਼, ਬੈੱਡ, ਆਦਿ ਤਿਵੇਂ ਦੇ ਤਿਵੇਂ ਡਹੇ ਪਏ ਨੇ ਘਰ ‘ਚ। ਹਫਤਿਆਂ ਬਾਦ ਵੀ ਫਲੱਫੀ ਦਾ ਉਹ ਦੋ-ਕੋਲੀ-ਸਟੈਂਡ ਜਿਦਾਂ ਸੀ ਉੱਦਾਂ ਪਿਆ। ਮੈਨੂੰ ਕਈ ਵਾਰੀ ਉਹਦੀ ਪਾਣੀ ਵਾਲੀ ਖਾਲੀ ਕੋਲੀ ਦੇਖਕੇ ਭੁਲੇਖਾ ਪਾ ਚੁੱਕਾ। ਦੋ ਕੁ ਵਾਰ ਤਾਂ ਮੈ ਬੋਲ ਵੀ ਪਿਆਂ, “ਮਜਾਲ ਏ ਮੇਤੋਂ ਬਿਨਾਂ ਕੋਈ ਮੁੰਡੇ ਨੂੰ ਪਾਣੀ ਪਾ ਦਵੇ।” ਕੇਰਾਂ ਤਾਂ ਪਾਣੀ ਦਾ ਜੱਗ ਚੱਕਨ ਵੀ ਮੁੜ ਗਿਆ ਸੀ ਮੈਂ। ਸੌਣ, ਜਾਗਨ, ਖਾਨ, ਪੀਣ, ਆਉਂਨ, ਜਾਨ, ਖੋਲਣ, ਬੰਦ ਕਰਨ ਵਰਗੀ ਹਰ ਚੀਜ ਵਿੱਚ ਫਲੱਫੀ ਰੱਚਿਆ ਹੋਇਆ। ਅੱਜ ਲੱਗਦਾ ਵੀ ਏ ਤੇ ਮੈਂ ਚਹੁਨਾ ਵੀ ਏ ਕਿ ਇਹ ਰਚ-ਮਿੱਚ ਕਦੇ ਨਾ ਨਿਖੜੇ। ਕਿਤੇ ਲੱਭਦੇ ਨੇ ਇਹੋ ਜਹੇ ਯਾਰ ਅਨਮੁੱਲੇ! ਦੁੱਖ ਐਨਾ ਈ ਏ ਕਿ ਹਵਾ ਦੇ ਬੁੱਲੇ ਵਾਂਗ ਆਉਂਦੇ ਤੇ ਚਲੇ ਜਾਂਦੇ ਨੇ।

ਚਰਨਜੀਤ ਸਿੰਘ ਮਿਨਹਾਸ

You may also like