ਆਜ਼ਾਦੀ ਦਿਵਸ ਧੂਮ ਧੜਕੇ ਨਾਲ ਮਨਾਇਆ ਜਾ ਰਿਹਾ ਸੀ ਕੌਮੀ ਝੰਡਾ ਸ਼ਾਨ ਨਾਲ ਝੂਲ ਰਿਹਾ ਸੀ ।ਦੋਵੇ ਪ੍ਰੇਮੀ ਪ੍ਰੇਡ ਦਾ ਅਨੰਦ ਮਾਣ ਰਹੇ ਸੀ ਮੁੰਡੇ ਦੇ ਚਿਹਰੇ ਤੇ ਬੇਫਿਕਰੀ ਸੀ ਪਰ ਕੁੜੀ ਥੋੜੀ ਪ੍ਰੇਸ਼ਾਨੀ ਵਿਚ ਸੀ ਕਿਉਂਕਿ ਕਈ ਨਜ਼ਰਾਂ ਉਹਨਾ ਨੂੰ ਵਿੰਨ੍ਹ ਰਹੀਆਂ ਸਨ।ਉਸ ਨੇ ਝੰਡੇ ਨੂੰ ਨੀਝ ਨਾਲ ਦੇਖਿਆ। ਜਿਉਂ ਹੀ ਪ੍ਰੇਡ ਖ਼ਤਮ ਹੋਈ ਉਹ ਖੜੀ ਹੋ ਗਈ।
ਮੁੰਡੇ ਨੇ ਉਸ ਵਲ ਸਵਾਲੀਆ ਨਜ਼ਰਾਂ ਨਾਲ ਦੇਖਿਆ,” ਕੀ ਗੱਲ ਏਨੀ ਜਲਦੀ ਜਾ ਕਿਉਂ ਰਹੀ ਹੈ,ਹਾਲੇ ਰੰਗਾਰੰਗ ਪ੍ਰੋਗਰਾਮ ਬਾਕੀ ਹੈ।”ਕੁੜੀ ਦੇ ਮੂੰਹੋਂ ਉਦਾਸ ਬੋਲ ਨਿਕਲੇ,”ਹਮੇਸ਼ਾ ਲਈ ਜਾ ਰਹੀ ਹਾਂ ਆਪਣਾ ਧਿਆਨ ਰੱਖੀ।”ਮੁੰਡਾ ਚੋਂਕ ਕੇ ਬੋਲਿਆ,” ਇਹ ਕੀ ਕਹਿ ਰਹੀ ਏ?” ਕੁੜੀ ਦਾ ਧਿਆਨ ਹਾਲੇ ਵੀ ਝੰਡੇ ਵੱਲ ਸੀ ਤੇ ਉਸ ਨੇ ਝੰਡੇ ਵੱਲ ਇਸ਼ਾਰਾ ਕੀਤਾ ,”ਆਪਣੇ ਧਰਮ ਦੇ ਰੰਗ ਸਿਰਫ ਇਥੇ ਹੀ ਇਕੱਠੇ ਹੋ ਸਕਦੇ ਨੇ ਹਕੀਕਤ ਵਿੱਚ ਇਨ੍ਹਾਂ ਦੇ ਇਕੱਠੇ ਹੋਣ ਨਾਲ ਬਹੁਤ ਕੁਝ ਮਾੜਾ ਵਾਪਰ ਸਕਦਾ ਹੈ।”ਮੁੰਡੇ ਨੂੰ ਗੱਲ ਸਮਝ ਆ ਚੁੱਕੀ ਸੀ ,ਉਸਨੇ ਜਵਾਬ ਦਿਤਾ,”ਤੂੰ ਧਿਆਨ ਨਹੀਂ ਦਿੱਤਾ ਭਗਵੇਂ ਤੇ ਸਬਜ ਰੰਗਾ ਦੇ ਵਿਚਕਾਰ ਇਨਸਾਨੀਅਤ ਦਾ ਸਫੈਦ ਰੰਗ ਇਹਨਾ ਦੋਹਾਂ ਨੂੰ ਜੋੜਦਾ ਹੈ।”
ਕੁੜੀ ਘੋਰ ਉਦਾਸੀ ਵਿਚ ਉੱਤਰਦੀ ਹੋਈ ਬੋਲੀ,”ਭੋਲਿਆ ਇਹ ਕਿਤਾਬੀ ਗੱਲਾਂ ਨੇ ਉਪਰਲੇ ਤੇ ਹੇਠਲੇ ਰੰਗਾਂ ਨੇ ਇਨਸਾਨੀਅਤ ਨੂੰ ਤਾ ਕਦੋਂ ਦਾ ਤਾਰ ਤਾਰ ਕਰ ਦਿੱਤਾ ਹੈ। ਇਹ ਤਾ ਸਿਰਫ ਝੰਡੇ ਵਿੱਚ ਹੀ ਦਿਖਦੀ ਹੈ।”ਮੁੰਡਾ ਵੀ ਉਦਾਸ ਹੋ ਗਿਆ ਸੀ।ਉਸ ਨੇ ਕਿਹਾ ,”ਇਕ ਵਾਰ ਸੋਚ ਲੈ।” ਉਹ ਉੱਠ ਖੜੀ ਹੋਈ ਆਸੇ ਪਾਸੇ ਰੰਗਾ ਦੇ ਠੇਕੇਦਾਰਾ ਦੀਆਂ ਅੱਗ ਉਗਲਦੀਆਂ ਅੱਖਾਂ ਵੱਲ ਇਸ਼ਾਰਾ ਕਰਦੀ ਬੋਲੀ,”ਆਪਣੇ ਕਰਕੇ ਕੀਤੇ ਇਹ ਰੰਗ ਪਾਗਲ ਹੋ ਕੇ ਆਦਮ ਬੋ ਆਦਮ ਬੋ ਨਾ ਕਰਨ ਲੱਗ ਜਾਣ ਤੇ ਤਾਰ ਤਾਰ ਹੋਈ ਇਨਸਾਨੀਅਤ ਦਾ ਹੋਰ ਮਾੜਾ ਹਾਲ ਹੋ ਜਾਵੇ ,ਇਸ ਲਈ ਮੈਨੂੰ ਜਾਣਾ ਹੀ ਪਵੇਗਾ।”ਉਹ ਇਹ ਕਹਿ ਕੇ ਤੁਰ ਗਈ ਸੀ ਤੇ ਹੁਣ ਮੁੰਡਾ ਲਗਾਤਾਰ ਝੰਡੇ ਦੇ ਰੰਗਾਂ ਨੂੰ ਧਿਆਨ ਨਾਲ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ। ਸਚਮੁੱਚ ਸਾਡੇ ਮੁਲਕ ਵਿਚ ਇਨਸਾਨੀਅਤ ਦਾ ਕੋਈ ਮੁੱਲ ਨਹੀਂ ਸਭ ਕੁਝ ਧਰਮਾਂ ਦੇ ਰੰਗਾ ਅਨੁਸਾਰ ਹੀ ਹੁੰਦਾ ਰਹੇਗਾ ।
ਭੁਪਿੰਦਰ ਸਿੰਘ ਮਾਨ
Bhupinder Singh Maan