ਜੜਾਂ

by admin

ਵਿਹੜੇ ਵਿਚ ਬੈਠੇ ਆਰੇ ਵਾਲੇ ਆਰੀਆ ਨੂੰ ਤੇਜ ਕਰ ਰਹੇ ਸਨ।ਇਕ ਜਣਾ ਕਹੀ ਲਈ ਟੋਆ ਪੁੱਟਣ ਦਾ ਹਿਸਾਬ ਕਿਤਾਬ ਲਾ ਰਿਹਾ ਸੀ ।ਨਿੰਮੀ ਨਿੰਮੀ ਚਲਦੀ ਹਵਾ ਬੋਹੜ ਦੇ ਪੱਤਿਆਂ ਵਿਚੋਂ ਦੀ ਸਰਸਰਾਉਦੀ ਲੰਘ ਰਹੀ ਸੀ ਜਿਵੇ ਕਹਿ ਰਹੀ ਹੋਵੇ ਅੱਜ ਤੇਰੀ ਖ਼ੈਰ ਨਹੀਂ।ਪਰ ਬੋਹੜ ਦੇ ਪੱਤੇ ਬੇਪਰਵਾਹੀ ਨਾਲ ਲਹਿਲਹਾ ਰਹੇ ਸਨ।ਉਸ ਨੂੰ ਆਪਣੇ ਮਾਲਕ ਬਾਬੇ ਤੇ ਪੁਰਾ ਮਾਣ ਸੀ।
ਕਾਫੀ ਸਮਾਂ ਪਹਿਲਾ ਵੀ ਇਹੋ ਜਿਹਾ ਹੀ ਦਿਨ ਸੀ ਤੇ ਬਾਬੇ ਦੇ ਪੁੱਤਰ ਨੇ ਉਸ ਨੂੰ ਵੱਢਣ ਲਈ ਵੇਚ ਦਿੱਤਾ ਸੀ। ਉਸ ਦਿਨ ਵੀ ਉਸਦੀਆ ਜੜਾ ਵੱਢਣ ਲਈ ਟੋਆ ਪੁੱਟਿਆ ਜਾ ਰਿਹਾ ਸੀ ਤਾਂ ਬਾਬਾ ਪੋਤੇ ਨੂੰ ਗੋਦੀ ਚੁੱਕੀ ਬਾਹਰੋ ਆ ਗਿਆ।ਸਾਰਾ ਵਰਤਾਰਾ ਦੇਖ ਕੇ ਲੋਹ ਲਾਖਾ ਹੋ ਗਿਆ ਸੀ। “ਓਏ ਆਹ ਕੀ ਕਰੀ ਜਾਦਾਂ ਓ” ਬਾਬੇ ਨੇ ਗੁੱਸੇ ਨਾਲ ਮਜਦੂਰ ਤੋ ਪੁਛਿੱਆ ਸੀ। ਬਾਬੇ ਦੇ ਤੇਵਰ ਦੇਖ ਕੇ ਮਜਦੂਰ ਘਬਰਾ ਗਿਆ। “ਤੁਹਾਡੇ ਪੁੱਤਰ ਨੇ ਗ੍ਰੀਨ ਆਰੇ ਵਾਲਿਆ ਨੂੰ ਪੰਜ ਹਜਾਰ ਦਾ ਵੇਚ ਦਿੱਤਾ ਜੀ, ਮੈਨੂੰ ਤਾ ਉਹਨਾ ਨੇ ਭੇਜਿਆ ,”ਡਰਦਾ ਉਹ ਇਕੋ ਸਾਹ ਸਾਰਾ ਕੁਝ ਦਸ ਗਿਆ । ਬਾਬੇ ਨੇ ਮਜਦੂਰ ਭੇਜ ਦਿੱਤਾ ਪਰ ਜਦੋਂ ਆਰੇ ਦਾ ਮਾਲਕ ਆਇਆ ਤਾਂ ਬਾਬਾ ਡਾਂਗ ਕੱਢ ਲਿਆਇਆ ਸੀ।
ਉਸਨੇ ਆਪਣੇ ਪੁੱਤਰ ਦੀ ਵੀ ਚੰਗੀ ਲਾਹ ਪਾਹ ਕੀਤੀ।” ਤੈਨੂੰ ਪਤਾ ਇਹ ਮੇਰੇ ਦਾਦੇ ਦਾ ਲਾਇਆ ਹੋਇਆ ਹੈ,ਅੱਗੇ ਇਹ ਮੇਰੀ ਨਿਉਂ ਜੜ ਦੇ ਕੰਮ ਆਉ,” ਅੱਗ ਬਗੂਲੇ ਹੋਇਆ ਬੈਠਾ ਬਾਬਾ ਪੋਤਰੇ ਦੇ ਸਿਰ ਤੇ ਹੱਥ ਫੇਰਦਾ ਗਰਜਿਆ ਸੀ। ਪੁੱਤਰ ਨੇ ਮਲਵੀ ਜੀਭ ਨਾਲ ਉਜਰ ਕੀਤਾ ,”ਬਾਪੂ ਜੀ ਨਵੀ ਕੋਠੀ ਪਾਈ ਹੈ। ਭਲਾ ਇਹ ਚੰਗਾ ਲਗਦਾ , ਆਪਾ ਨਵੇ ਪੌਦੇ ਅਸ਼ੋਕਾ ਅਸ਼ੁਕਾ ਲਾ ਲਾਵਾਗੇ ਜਿਹਨਾ ਦਾ ਗੰਦ ਨਾ ਪੈਦਾ ਹੋਵੇ।” ਇਹ ਸੁਣ ਕੇ ਬਾਬੇ ਦਾ ਪਾਰਾ ਹੋਰ ਚੜ ਗਿਆ , “ਫੇਰ ਤਾ ਥੋਡੀ ਨਵੀ ਕੋਠੀ ਵਿੱਚ ਮੈ ਵੀ ਗੰਦ ਪਾਉਂਦਾ ਹੋਊ,ਜਦੋ ਤੱਕ ਮੈ ਜਿਉਦਾ ਕਿਸੇ ਨੇ ਇਸ ਵੱਲ ਅੱਖ ਚੁੱਕ ਕੇ ਨਹੀ ਦੇਖਣਾ। “ਬਾਬੇ ਦੀ ਨੂੰਹ ਵੀ ਹੱਥ ਜੋੜ ਕੇ ਪਤੀ ਸਾਹਮਣੇ ਖੜ ਗਈ ਸੀ ਕਿਉਂਕਿ ਉਹ ਬਾਬੇ ਦੇ ਸੁਭਾਅ ਨੂੰ ਜਾਣਦੀ ਸੀ।ਸਾਰੇ ਉਸ ਦੇ ਜਲਵੇ ਅਗੇ ਛਾਈ ਮਾਈ ਹੋ ਗਏ ਸਨ ਤੇ ਬੋਹੜ ਦੀਆਂ ਟਾਹਣੀਆਂ ਹੋਰ ਫੈਲ ਗਈਆਸਨ।
ਸਮਾ ਆਪਣੀ ਚਾਲ ਚਲਦਾ ਗਿਆ ਕਈ ਸਾਲ ਲੱਗ ਗਏ। ਬਾਬੇ ਦਾ ਪੋਤਰਾ ਜੁਆਨ ਹੋ ਗਿਆ ਸੀ ਤੇ ਬਾਬਾ ਕਾਫੀ ਬਿਰਧ ।ਕਈ ਦਿਨਾਂ ਤੋ ਤਾ ਉਸਨੇ ਬੋਹੜ ਦੀ ਛਾਂ ਵੀ ਨਹੀ ਮਾਣੀ ਸੀ।। ਕੋਠੀ ਅੰਦਰੋਂ ਬਾਹਰ ਨਿਕਲਦਾ ਪੋਤਾ ਬੋਲਿਆ,”ਚਲੋ ਕਰੋ ਕੰਮ ਸ਼ੁਰੂ। “ਮਜਦੂਰ ਹਾਲੇ ਵੀ ਜਕੋੇ ਤੱਕੀ ਜਿਹੀ ਕਰ ਰਹੇ ਸਨ। ਉਹਨਾ ਵਿਚੋ ਇਕ ਬੋਲਿਆ ,”ਜਦੋ ਆਏ ਹਾਂ ਵੱਢਣ ਤਾ ਵੱਢ ਹੀ ਦੇਵਾਗੇ ,ਪਰ ਤੇਰੇ ਬਾਬੇ ਨੂੰ ਪੁੱਛ ਲਿਆ ਸੀ। ਪਿਛਲੀ ਵਾਰੀ ਉਸ ਨੇ ਸਾਡੇ ਮਾਲਿਕ ਦੇ ਪਿਉ ਨੂੰ ਡਾਂਗ ਕੱਢ ਲਈ ਸੀ।”ਉਸ ਨੇ ਸਾਇਦ ਇਹ ਗੱਲ ਕਿਸੇ ਤੇ ਸੁਣੀ ਸੀ। “ਤੁਸੀ ਇਸ ਦਾ ਫਸਤਾ ਵੱਢੋ, ਗੰਦ ਪਾ ਰੱਖਿਆ,”ਇਹ ਕਹਿੰਦੇ ਉਸ ਦਾ ਮੱਥਾ ਤਿਉੜੀਆਂ ਨਾਲ ਭਰ ਗਿਆ ਸੀ।ਆਰੀ ਵਾਲੇ ਨੇ ਫੇਰ ਦੁਹਰਾਇਆ,”ਪੁੱਛ ਤਾ ਲਿਆ ਸੀ।”ਉਹ ਸਿਰ ਹਿਲਾਉਂਦਾ ਬੋਲਿਆ”ਤੁਸੀਂ ਬਾਬੇ ਦਾ ਫਿਕਰ ਨਾ ਕਰੋ ,ਮੈਂ ਚਾਹ ਭੇਜਦਾ।” ਪੋਤਰਾ ਅੰਦਰ ਚਲਾ ਗਿਆ ਸੀ । ਉਹ ਹਾਲੇ ਵੀ ਸ਼ਸ਼ੋਪੰਜ ਵਿਚ ਸਨ।
ਥੋੜੇ ਸਮੇ ਬਾਦ ਚਾਹ ਦੇ ਗਿਲਾਸ ਲਿਆ ਕੇ ਕੰਮਵਾਲੀ ਨੇ ਸਾਰਿਆ ਨੂੰ ਫੜਾ ਦਿਤੇ।ਉਹਨਾਂ ਬਾਬੇ ਵਾਰੇ ਜਦੋ ਉਸਨੂੰ ਪੁੱਛਿਆ ਤਾਂ ਉਸ ਨੇ ਆਸਾ ਪਾਸਾ ਦੇਖਿਆ ਤੇ ਭੇਦਭਰੇ ਅੰਦਾਜ ਵਿਚ ਕਿਹਾ,”ਬਾਬੇ ਦੀ ਚਿੰਤਾ ਛੱਡੋ ਇਹ ਉਸ ਨੂੰ ਪਰਸੋ ਬਿਰਧ ਆਸ਼ਰਮ ਛੱਡ ਆਏ ਨੇ।”ਉਸ ਦੀ ਗੱਲ ਸੁਣ ਕੇ ਉਹ ਚਿੰਤਾਮੁਕਤ ਹੋ ਕੇ ਚਾਹ ਪੀਣ ਲੱਗੇ ।
ਹਵਾ ਪੱਤਿਆਂ ਵਿਚੋਂ ਦੀ ਸਰਸਰਾਉਦੀ ਹਾਲੇ ਵੀ ਲੰਘ ਰਹੀ ਸੀ ਪਰ ਬੋਹੜ ਦੇ ਪੱਤੇ ਕੁਮਲਾ ਗਏ ਸਨ ।ਟਾਹਣੀਆ ਝੁਕ ਕੇ ਧਰਤੀ ਨਾਲ ਲੱਗ ਗਈਆ ਸਨ ।ਜਿਵੇ ਉਹ ਕਹਿ ਰਹੀਆ ਹੋਣ ਜਿਹਨਾ ਨੇ ਆਪਣੀਆ ਜੜਾ ਆਪਣੇ ਹੱਥੀ ਵੱਢ ਦਿੱਤੀਆਂ ਉਹਨਾ ਤੋ ਸਾਡੀਆਂ ਜੜਾ ਕਿਵੇ ਬੱਚ ਸਕਦੀਆਂ ਹਨ।ਮਜ਼ਦੂਰ ਚਾਹ ਪੀ ਕੇ ਦਬਾਦੱਬ ਆਰੀ ਨੂੰ ਹੋਰ ਤਿੱਖਾ ਕਰਨ ਵਿਚ ਰੁੱਝ ਗਏ ਸਨ।
ਭੁਪਿੰਦਰ ਸਿੰਘ ਮਾਨ

Bhupinder Singh Maan

You may also like