ਰੋਜ ਸੁਵੇਰੇ ਕੌਫੀ ਪੀਂਦਿਆਂ ਮਾਂ ਨੂੰ ਫੋਨ ਲਾਉਣਾ ਮੇਰੀ ਪੂਰਾਨੀ ਆਦਤ ਸੀ
ਅਗਿਓਂ ਉਹ ਵੀ ਕਿੰਨਾ-ਕਿੰਨਾ ਚਿਰ ਗਲੀ ਮੁਹੱਲੇ ਦਾ ਪੂਰਾ ਵਿਸਥਾਰ ਦੱਸਦੀ ਰਹਿੰਦੀ.. ਫੇਰ ਫੋਨ ਓਦੋਂ ਸਪੀਕਰ ਤੇ ਲਾ ਦਿੰਦੀ ਜਦੋਂ ਬਾਪੂ ਹੂਰੀ ਫੋਨ ਮੰਗ ਲੈਂਦੇ…ਤੇ ਫੇਰ “ਬਾਕੀ ਦੀ ਗੱਲ ਕੱਲ ਨੂੰ ਦੱਸਾਂਗੀ” ਆਖ ਫੋਨ ਬੰਦ ਕਰ ਦਿਆ ਕਰਦੀ! ਇੱਕ ਵਾਰ ਕੈਲੀਫੋਰਨੀਆ ਤੋਂ ਮੁੜਦੇ ਹੋਏ ਖਰਾਬ ਮੌਸਮ ਕਾਰਨ ਇੱਕ ਮੋਟਲ ਵਿਚ ਰੁਕਣਾ ਪੈ ਗਿਆ .
ਰਾਤ ਨੂੰ ਭਾਰੀ ਮੀਂਹ ਕਾਰਨ ਬਿਜਲੀ ਵੀ ਚਲੀ ਗਈ..ਤੇ ਸਾਰੇ ਫੋਨ ਵੀ ਡੈੱਡ ਹੋ ਗਏ!
ਅਗਲੀ ਦੁਪਹਿਰ ਜਦੋਂ ਮਾਂ ਦੇ ਸੈੱਲ ਤੋਂ ਫੋਨ ਆਇਆ ਤਾਂ ਫਿਕਰ ਜਿਹਾ ਹੋਇਆ ਕੇ ਸੁੱਖ ਹੋਵੇ ਸਹੀ?
ਛੇਤੀ ਨਾਲ ਫੋਨ ਚੁੱਕ ਹੈਲੋ ਆਖਿਆ ਤਾਂ ਅੱਗੋਂ ਕੋਈ ਅਵਾਜ ਨਹੀਂ ਸੀ ਦੇ ਰਿਹਾ…
ਫੇਰ ਤਿੰਨ ਚਾਰ ਵਾਰ ਹੈਲੋ ਹੈਲੋ ਆਖਣ ਤੇ ਅੱਗੋਂ ਬਦਲੀ ਹੋਈ ਭਾਰੀ ਜਿਹੀ ਅਵਾਜ ਵਿਚ ਬਾਪੂ ਹੂਰੀ ਸਨ..
ਆਖਣ ਲੱਗੇ “ਪੁੱਤ ਆ ਸਕਦਾ ਏ ਕੱਲ ਨੂੰ….ਤੇਰੀ ਮਾਂ ਤੇ”…ਫੇਰ ਓਹਨਾ ਤੋਂ ਅੱਗੇ ਹੋਰ ਕੁਝ ਨਾ ਬੋਲਿਆ ਗਿਆ…! ਫੋਨ ਹੱਥੋਂ ਛੁੱਟ ਗਿਆ..ਮੇਰੀ ਦੁਨੀਆ ਉੱਜੜ ਗਈ ਸੀ..ਤੇ ਮੈਂ ਕੱਖੋਂ ਹੌਲਾ ਹੋ ਗਿਆ!
ਤੀਜੇ ਦਿਨ ਸੰਸਕਾਰ ਮਗਰੋਂ ਭੈਣ ਦੱਸਣ ਲੱਗੀ ਕੇ ਉਸ ਦਿਨ ਤੇਰਾ ਫੋਨ ਉਡੀਕਦੀ ਹੋਈ ਨੂੰ ਅਸਾਂ ਬਥੇਰਾ ਆਖਿਆ ਕੇ ਆ ਕੇ ਰੋਟੀ ਖਾ ਲਵੇ ਪਰ ਆਖਣ ਲੱਗੀ ਕੇ ਮੈਂ ਪਹਿਲਾਂ ਹੀ ਦੋ ਫੁਲਕੇ ਖਾ ਲਏ ਨੇ…!
ਫੇਰ ਅਗਲੇ ਦਿਨ ਸੁਵੇਰੇ ਉਠੀ ਹੀ ਨਹੀਂ..ਰਾਤੀ ਸੁੱਤੀ ਪਈ ਨੂੰ ਦਿੱਲ ਦਾ ਦੌਰਾ ਪੈ ਗਿਆ..ਫੇਰ ਰਸੋਈ ਵਿਚ ਜਾ ਕੇ ਦੇਖਿਆ ਤਾਂ ਅਗਿਓਂ ਰੋਟੀ ਵਾਲਾ ਥਾਲ ਉਂਝ ਦਾ ਉਂਝ ਹੀ ਢਕਿਆ ਪਿਆ ਸੀ..! ਜਾਂਦੀ ਜਾਂਦੀ ਆਪਣੇ ਆਖੇ ਜਾਂਦੇ ਬੋਲ ਪੁਗਾ ਗਈ ਕੇ ਮੈਨੂੰ ਤੇ ਮਰੀਕਾ ਪੁੱਤ ਨਾਲ ਗੱਲ ਕਰਨ ਮਗਰੋਂ ਹੀ ਚੰਗੀ ਤਰਾਂ ਭੁੱਖ ਲੱਗਦੀ ਏ…! ਮੈਂ ਓਸੇ ਵੇਲੇ ਮਾਂ ਦੇ ਕਮਰੇ ਵਿਚ ਗਿਆ ਤੇ ਅੰਦਰੋਂ ਕੁੰਡੀ ਮਾਰ ਲਈ..ਤੇ ਜਿਥੇ ਉਸਦੀ ਜਾਨ ਨਿੱਕਲੀ ਸੀ ਓਸੇ ਮੰਜੇ ਤੇ ਲੰਮਾ ਪੈ ਗਿਆ…
ਕੰਧ ਤੇ ਟੰਗੀ ਉਸਦੀ ਤਸਵੀਰ ਵੱਲ ਤੱਕਿਆ ਤਾਂ ਇੰਝ ਲੱਗਾ ਕੇ ਉਹ ਅੱਜ ਫੇਰ ਗੱਲਾਂ ਕਰਨੀਆਂ ਚਾਹੁੰਦੀ ਸੀ…
ਮੈਂ ਓਸੇ ਵੇਲੇ ਫੋਟੋ ਲਾਹ ਕੇ ਆਪਣੇ ਕੋਲ ਪਏ ਸਿਰਹਾਣੇ ਤੇ ਰੱਖ ਲਈ ਤੇ ਆਪਣੇ ਆਪ ਨੂੰ ਉਸਦੀ ਫੋਟੋ ਸਣੇ ਓਸੇ ਦੀ ਚਾਦਰ ਹੇਠ ਢੱਕ ਲਿਆ…! ਫੇਰ ਕਿੰਨੀ ਦੇਰ ਗੱਲਾਂ ਹੁੰਦੀਆਂ ਰਹੀਆਂ ਤੇ ਅਖੀਰ ਨੂੰ ਜਦੋਂ ਬਾਹਰੋਂ ਕਿਸੇ ਦੀ ਬਿੜਕ ਸੁਣ ਏਨਾ ਆਖ ਤੁਰਦੀ ਬਣਨ ਲੱਗੀ ਕੇ “ਪੁੱਤ ਹੁਣ ਬਾਕੀ ਦੀਆਂ ਗੱਲਾਂ ਕੱਲ ਨੂੰ ਦੱਸਾਂਗੀ”…ਤਾਂ ਮੈਂ ਵੀ ਤੁਰੀ ਜਾਂਦੀ ਨੂੰ ਬਾਹੋਂ ਫੜ ਮੁੜ ਮੰਜੇ ਤੇ ਬਿਠਾ ਲਿਆ ਤੇ ਏਨੀ ਗੱਲ ਆਖ ਦਿੱਤੀ ਕੇ “ਜੇ ਕਦੇ ਕਦਾਈਂ ਮੇਰਾ ਫੋਨ ਨਾ ਆਵੇ ਤਾਂ ਰੋਟੀ ਖਾ ਲਿਆ ਕਰ”
Harpreet Singh Jawanda