ਮੇਰੀ ਪਹਿਲੀ ਪ੍ਰੀਤ

by Jasmeet Kaur

ਜਵਾਨੀ ਦੇ ਦਿਨ ਤੂਫਾਨ ਵਾਂਗ ਲੰਘ ਗਏ। ਹੁਣ ਪਤਝੜ ਹੈ। ਉਸ ਦੀ ਉਦਾਸੀ, ਦੁੱਖ ਤੇ ਜਵਾਨੀ ਦੀਆਂ ਮਿੱਠੀਆਂ ਅਤੇ ਕੌੜੀਆਂ ਯਾਦਾਂ ਹਾਲਾਂ ਤੀਕ ਬਾਕੀ ਹਨ। ਜਿਹੜੀ ਫਸਲ ਮੈਂ ਬੀਜੀ ਸੀ, ਅੱਜ ਉਸ ਦੀ ਕਟਾਈ ਕਰ ਰਿਹਾ ਹਾਂ, ਕਿਉਂਕਿ ਆਪਣੇ ਪੂਰੇ ਵਕਤ ‘ਤੇ ਉਹ ਪੱਕ ਗਈ ਹੈ। ਹੋਣਾ ਇਹ ਚਾਹੀਦਾ ਸੀ ਕਿ ਸੁਖ-ਸ਼ਾਂਤੀ ਤੇ ਅਨੰਦ ਨਾਲ ਇਹ ਦਿਨ ਗੁਜ਼ਰਦੇ ਤੇ ਆਮ ਲੋਕਾਂ ਦੇ ਖਿਆਲ ਵਿਚ ਮੈਨੂੰ ਇਹ ਸਭ ਕੁਝ ਪ੍ਰਾਪਤ ਵੀ ਹੈ ਪਰ ਅਫਸੋਸ! ਮੇਰਾ ਦਿਲ ਹੀ ਜਾਣਦਾ ਹੈ ਕਿ ਮੈਨੂੰ ਕਿੰਨੀਆਂ ਕੁ ਮਾਨਸਿਕ ਪੀੜਾਂ ਹਨ। ਅੱਜ ਮੇਰਾ ਵਾਲ ਵਾਲ ਰੋ ਰਿਹਾ ਹੈ। ਛਾਤੀ ਹਰ ਵੇਲੇ ਸੜਦੀ ਰਹਿੰਦੀ ਹੈ। ਆਤਮਾ ਦੀ ਫਿਟਕਾਰ ਇਕ ਪਲ ਵੀ ਸਾਹ ਨਹੀਂ ਲੈਣ ਦਿੰਦੀ। ਮੈਂ ਸਾਰੀ ਦੁਨੀਆਂ ਵਿਚ ਸ਼ਾਇਦ ਇਕੋ-ਇਕ ਬਦ-ਕਿਸਮਤ ਹਾਂ ਅਤੇ ਸ਼ਾਇਦ ਸੰਸਾਰ ਭਰ ਵਿਚ ਮੇਰੇ ਵਰਗਾ ਦੁਖੀ ਤੇ ਪੀੜਤ ਹੋਰ ਕੋਈ ਨਾ ਹੋਵੇ ਤੇ ਜੇ ਕੋਈ ਹੋਵੇ ਵੀ ਤਾਂ ਮੈਨੂੰ ਉਸ ਨਾਲ ਕੀ? ਉਸ ਦੇ ਹੋਣ ਨਾਲ ਮੇਰੀ ਪਹਾੜ ਜਿੱਡੀ ਮੁਸੀਬਤ ਤਾਂ ਘੱਟ ਨਹੀਂ ਹੋ ਸਕਦੀ।
ਮੈਂ ਆਪਣੀ ਦੁੱਖ ਭਰੀ ਕਹਾਣੀ ਸੁਣਾ ਕੇ ਆਪ ਨੂੰ ਬੇਅਰਾਮ ਨਹੀਂ ਸਾਂ ਕਰਨਾ ਚਾਹੁੰਦਾ-ਪਰ ਫਿਰ ਵੀ ਸੁਣਾਂਦਾ ਹਾਂ। ਸ਼ਾਇਦ ਅਜਿਹਾ ਕਰਨ ਨਾਲ ਮੇਰੇ ਦਿਲ ਦੀ ਭੜਾਸ ਨਿਕਲ ਜਾਏ ਜਾਂ ਕੋਈ ਨੌਜਵਾਨ ਇਸ ਤੋਂ ਕੋਈ ਸਿੱਖਿਆ ਲੈ ਸਕੇ। ਮੇਰੀ ਕਹਾਣੀ, ਸ਼ਾਇਦ ਭੈੜੇ ਰਾਹ ‘ਤੇ ਪਏ ਮਨੁੱਖਾਂ ‘ਚੋਂ ਕਿਸੇ ਇਕ ਦਾ ਪੱਲਾ ਫੜ ਲਏ ਤੇ ਉਹ ਅੱਗੋਂ ਲਈ ਇਨ੍ਹਾਂ ਕੰਮਾਂ ਤੋਂ ਤੌਬਾ ਕਰ ਲਏ। ਜੇ ਕਿਸੇ ਇਕ ਮਨੁੱਖ ਨੂੰ ਵੀ ਇਸ ਨਾਲ ਕੁਝ ਫਾਇਦਾ ਹੋ ਸਕੇ, ਤਾਂ ਮੈਂ ਆਪਣੇ ਧੰਨ ਭਾਗ ਸਮਝਾਂਗਾ।
ਮੇਰੀ ਰਾਮ ਕਹਾਣੀ ਇਕ ਲੰਮੀ ਤੇ ਕਹਿਣ-ਸੁਣਨ ਵਾਲੇ ਦੋਹਾਂ ਲਈ ਦੁਖਦਾਈ ਦਾਸਤਾਨ ਹੈ। ਉਸ ਸਮੇਂ ਨੂੰ ਯਾਦ ਕਰਕੇ ਜਦੋਂ ਮੇਰੀ ਕਹਾਣੀ ਸ਼ੁਰੂ ਹੁੰਦੀ ਹੈ, ਮੈਂ ਕੰਬ ਉਠਦਾ ਹਾਂ। ਉਹ ਨਾ ਭੁੱਲ ਸਕਣ ਵਾਲੀਆਂ ਯਾਦਾਂ ਅੱਖਾਂ ਅੱਗੇ ਇਉਂ ਮੂੰਹ ਅੱਡੀ ਆਣ ਖੜੋਂਦੀਆਂ ਹਨ, ਮਾਨੋ ਹੁਣੇ ਮੈਨੂੰ ਨਿਗਲ ਜਾਣਗੀਆਂ।
ਜੇ ਮੈਂ ਸੌਂ ਜਾਂਦਾ ਹਾਂ ਤਾਂ ਭਿਆਨਕ ਸੁਪਨੇ ਗਲ ਘੁੱਟਦੇ ਹਨ। ਨਰਮ ਬਿਸਤਰਾ ਕੰਡਿਆਂ ਦੀ ਸੇਜ ਬਣ ਜਾਂਦਾ ਹੈ ਤੇ ਅਜਿਹਾ ਮਲੂਮ ਹੁੰਦਾ ਹੈ, ਜਿਵੇਂ ਜਿਸਮ ਅੱਗ ‘ਤੇ ਪਿਆ ਸੜ ਰਿਹਾ ਹੋਵੇ।
ਇਕਾਂਤ! ਡਰਾਉਣੀ ਇਕਾਂਤ!! ਹਜ਼ਾਰਾਂ ਕਸ਼ਟ ਤੇ ਪੀੜਾਂ ਦੇਣ ਵਾਲੀ ਇਕਾਂਤ! ਉਹ ਇਕਾਂਤ, ਜਿਸ ਦੇ ਹਿਰਦੇ ਵਿਚ ਜ਼ਰਾ ਵੀ ਤਰਸ ਨਹੀਂ, ਜਿਸ ਪਾਸ ਅਤਿਆਚਾਰ ਤੇ ਜ਼ੁਲਮ ਦੇ ਸਿਵਾਏ ਕੁਝ ਵੀ ਨਹੀਂ, ਉਹ ਇਕਾਂਤ ਹੌਲੀ-ਹੌਲੀ ਬੁਢਾਪੇ ਨਾਲ ਹੀ ਆਦਮੀ ਪਾਸ ਆ ਜਾਂਦੀ ਹੈ ਤੇ ਫਿਰ ਕਦੀ ਪਿੱਛਾ ਨਹੀਂ ਛੱਡਦੀਕਬਰ ਵਿਚ ਵੀ ਨਾਲ ਹੀ ਜਾਂਦੀ ਹੈ।
ਅਫਸੋਸ! ਆਪਣੇ ਉਜੜੇ ਹੋਏ ਘਰ ਵਿਚ ਬੱਚਿਆਂ ਦੇ ਤੁਰਨ-ਫਿਰਨ, ਨੱਚਣ-ਟੱਪਣ ਅਤੇ ਹੱਸਣ ਦੀ ਆਵਾਜ਼ ਨਹੀਂ ਆਉਂਦੀ, ਪਰ ਮੈਨੂੰ ਉਨ੍ਹਾਂ ਬੱਚਿਆਂ ਦੀਆਂ ਸਿੱਸਕੀਆਂ ਤੇ ਆਹਾਂ ਦੀ ਆਵਾਜ਼ ਸਾਫ ਸੁਣਾਈ ਦੇ ਰਹੀ ਹੈ, ਜਿਨ੍ਹਾਂ ਨੂੰ ਵਧਣ- ਫੁਲਣ ਤੇ ਖਿੜ੍ਹਨ ਤੋਂ ਪਹਿਲਾਂ ਹੀ ਮੈਂ ਕਬਰ ਦੀ ਹਨੇਰੀ ਕੋਠੜੀ ਵਿਚ ਭੇਜ ਦਿੱਤਾ ਹੈ। ਉਨ੍ਹਾਂ ਦਾ ਗੁਨਾਹ ਸਿਰਫ ਏਨਾ ਹੀ ਸੀ ਕਿ ਉਹ ਮੇਰੀ ਬਰਫ ਵਰਗੀ ਚਿੱਟੀ ਚਾਦਰ ‘ਤੇ ਦਾਗ ਲਾਉਣ ਵਾਲੇ ਸਨ। ਮੇਰੀਆਂ ਕਾਲੀਆਂ ਕਰਤੂਤਾਂ ਦਾ ਚੌਰਾਹੇ ਵਿਚ ਭਾਂਡਾ ਭੰਨ ਦਿੰਦੇ, ਇਹ ਮੈਂ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਸਾਂ ਕਰ ਸਕਦਾ। ਇਤਨਾ ਪਾਪੀ ਹੋਣ ਦੇ ਬਾਵਜੂਦ ਦੁਨੀਆਂ ਵਾਲਿਆਂ ਦੇ ਸਾਹਮਣੇ ਇਕ ਪਵਿੱਤਰ ਆਤਮਾ ਬਣ ਕੇ ਰਹਿਣਾ ਚਾਹੁੰਦਾ ਸਾਂ।
ਮੈਂ ਇਕ ਛੋਟੇ ਜਿਹੇ ਪਿੰਡ ਵਿਚ ਪੈਦਾ ਹੋਇਆ। ਸੋਲਾਂ ਸਾਲ ਦੀ ਉਮਰ ਵਿਚ ਹੀ ਮਾਪਿਆਂ ਦਾ ਸਾਇਆ ਸਿਰੋਂ ਉਠ ਗਿਆ। ਮੇਰੀ ਪਾਲਣਾ ਮੇਰੇ ਵੱਡੇ ਭਰਾ ਨੇ ਕੀਤੀ। ਸ਼ਾਇਦ ਹੀ ਕਿਸੇ ਦਾ ਭਰਾ ਇਹੋ ਜਿਹਾ ਦਿਆਲੂ ਤੇ ਹਮਦਰਦ ਹੋਏ। ਉਸ ਦੇ ਜੀਵਨ ਸਾਹਮਣੇ ਕਾਮਯਾਬੀ ਦਾ ਉਦੇਸ਼ ਸਿਰਫ ਮੈਂ ਹੀ ਸਾਂ। ਉਸ ਦੇ ਸਾਰੇ ਸੁੱਖਾਂ ਤੇ ਦੁੱਖਾਂ ਦਾ ਕੇਂਦਰ ਮੇਰੀ ਜਾਤ ਹੀ ਸੀ। ਉਸ ਦੀਆਂ ਆਸਾਂ ਉਮੀਦਾਂ ਮੇਰੇ ਨਾਲ ਹੀ ਸਬੰਧਤ ਸਨ।
ਮਾਂ ਦੀ ਮੌਤ ਪਿੱਛੋਂ ਇਕ ਦਿਨ ਮੇਰੇ ਭਰਾ ਨੇ ਮੈਨੂੰ ਇਕੱਲਿਆ ਬਿਠਾ ਕੇ ਕਿਹਾ-“ਦਾਊਦ ਵੀਰ! ਤੈਨੂੰ ਪਤਾ ਹੈ ਕਿ ਮੈਂ ਤੈਨੂੰ ਕਿੰਨਾ ਪ੍ਰੇਮ ਕਰਦਾ ਹਾਂ, ਮੇਰੇ ਪਾਸ ਕਾਫੀ ਧੰਨ ਦੌਲਤ ਹੈ ਤੇ ਮੈਂ ਤੇਰੀ ਪਾਲਣਾ ਬੜੀ ਚੰਗੀ ਤਰ੍ਹਾਂ ਕਰ ਸਕਦਾ ਹਾਂ। ਮੈਂ ਤੈਨੂੰ ਬੜਾ ਹੋਣਹਾਰ ਮੁੰਡਾ ਸਮਝਦਾ ਹਾਂ ਤੇ ਮੇਰੀ ਦਿਲੀ ਇੱਛਾ ਹੈ ਕਿ ਜੇ ਤੂੰ ਪੜ੍ਹ ਲਿਖ ਕੇ ਕਿਸੇ ਉੱਚੀ ਪੁਜ਼ੀਸ਼ਨ ‘ਤੇ ਪੁੱਜ ਸਕੇ ਤਾਂ ਮੈਂ ਉਸ ‘ਤੇ ਬੜਾ ਫਖਰ ਕਰਿਆ ਕਰਾਂਗਾ। ਮੈਂ ਆਪ ਤੇ ਇੰਨਾ ਪੜ੍ਹ ਨਹੀਂ ਸਕਿਆ, ਪਰ ਆਪਣੇ ਮਿੱਤਰਾਂ ਵਿਚ ਇਹ ਤਾਂ ਕਹਿ ਸਕਾਂਗਾ ਕਿ ਮੇਰਾ ਛੋਟਾ ਵੀਰ ਕਿੰਨਾ ਵਿਦਵਾਨ ਹੈ।”
ਮੇਰੇ ਭਰਾ ਨੇ ਬੜੀ ਮਿਹਨਤ ਤੇ ਖੁੱਲ੍ਹੇ ਖਰਚ ਨਾਲ ਮੇਰੀ ਪੜ੍ਹਾਈ ਦਾ ਪ੍ਰਬੰਧ ਕੀਤਾ ਤੇ ਸੱਚ ਤਾਂ ਇਹ ਕਿ ਮੈਂ ਵੀ ਜਾਨ ਤੋੜ ਕੇ ਮਿਹਨਤ ਕੀਤੀ। ਪੂਰੇ ਛੇ ਸਾਲ ਮੈਂ ਕਿਤਾਬੀ-ਕੀੜਾ ਬਣਿਆ ਰਿਹਾ ਤੇ ਇਸ ਦੇ ਨਾਲ ਹੀ ਪਿਆਰ-ਪੀਂਘਾਂ ਵੀ ਚੋਰੀ ਛਿਪੀ ਪਾ ਲਿਆ ਕਰਦਾ ਸਾਂ, ਪਰ ਬੜੇ ਸੰਕੋਚ ਨਾਲ। ਸ਼ੁਰੂਸ਼ੁਰੂ ਵਿਚ ਤਾਂ ਮੇਰਾ ਖਿਆਲ ਸੀ ਕਿ ਮੇਰਾ ਰਾਜ਼ ਇਸੇ ਤਰ੍ਹਾਂ ਬਣਿਆ ਰਹੇਗਾ, ਪਰ ਛੇਵੇਂ ਸਾਲ ਨੂੰ ਮੈਂ ਬਿਲਕੁਲ ਹੀ ਬਦਲ ਗਿਆ ਤੇ ਆਪਣੇ ਆਪ ਨੂੰ ਸਦਾ ਲਈ ਬਰਬਾਦ ਕਰ ਲਿਆ।
ਇਕ ਰਾਤ ਨੂੰ ਮੇਰਾ ਭਰਾ ਕੰਮ ਤੋਂ ਬੜੀ ਦੇਰ ਨਾਲ ਘਰ ਪਰਤਿਆ। ਮੈਂ ਸ਼ਰਾਬ ਦੇ ਨਸ਼ੇ ਵਿਚ ਚੂਰ ਸਾਂ, ਮੈਂ ਉਸ ਨੂੰ ਕਦੇ ਗੁੱਸੇ ਵਿਚ ਨਹੀਂ ਸੀ ਦੇਖਿਆ ਪਰ ਉਸ ਦਿਨ ਉਹ ਮੈਨੂੰ ਇਸ ਹਾਲਤ ਵਿਚ ਦੇਖ ਕੇ ਖਾਮੋਸ਼ ਨਾ ਰਹਿ ਸਕਿਆ। ਬੜੀ ਤੇਜ਼ੀ ਨਾਲ ਮੇਰੇ ਵਲ ਵਧਿਆ ਤੇ ਦੋਹਾਂ ਹੱਥਾਂ ਨਾਲ ਮੇਰੇ ਮੋਢਿਆਂ ਨੂੰ ਝੰਜੋੜ ਕੇ ਕਹਿਣ ਲੱਗਾ; “ਦਾਊਦ! ਤੂੰ ਕਿੰਨੇ ਡੂੰਘੇ ਪਾਪ ਦੇ ਖੱਡੇ ਵਿਚ ਜਾ ਰਿਹਾ ਹੈਂ, ਤੂੰ ਮੇਰੇ ਪਿਆਰ ਦੀ ਕਦਰ ਨਹੀਂ ਕੀਤੀ। ਮੈਂ ਵੀ ਹਾਲੀਂ ਨੌਜਵਾਨ ਹਾਂ, 30 ਸਾਲ ਦੀ ਉਮਰ ਵਿਚ ਕੋਈ ਬੁੱਢਾ ਨਹੀਂ ਹੋ ਜਾਂਦਾ। ਮੇਰੇ ਪਹਿਲੂ ਵਿਚ ਵੀ ਦਿਲ ਹੈ, ਦਿਲ ਵਿਚ ਪ੍ਰੇਮ ਹੈ, ਪ੍ਰੇਮ ਵਿਚ ਰਵਾਨੀ ਹੈ, ਰਵਾਨੀ ਵਿਚ ਜੋਸ਼ ਅਤੇ ਜੋਸ਼ ਵਿਚ ਖਿੱਚ ਹੈ ਤੇ ਹੋਰ ਬਥੇਰਾ ਕੁਝ ਹੈ। ਮੈਂ ਆਪਣੀ ਪ੍ਰੇਮਿਕਾ ਦਾ ਜੀਵਨ ਭਾਰੀ ਬਣਾ ਰੱਖਿਆ ਹੈ, ਕਿਉਂਕਿ ਮੈਂ ਪ੍ਰਣ ਕਰ ਚੁੱਕਾ ਹਾਂ ਕਿ ਜਦ ਤਕ ਤੇਰੀ ਪੜ੍ਹਾਈ ਖਤਮ ਨਹੀਂ ਹੋ ਜਾਂਦੀ, ਮੈਂ ਵਿਆਹ ਨਹੀਂ ਕਰਾਂਗਾ। ਤੇਰੀ ਪੜ੍ਹਾਈ ਦਾ ਇਹ ਆਖਰੀ ਸਾਲ ਹੈ, ਜੇ ਤੂੰ ਆਪਣੀ ਪੜ੍ਹਾਈ ਵਲ ਪੂਰੀ ਤਵੱਜੋ ਦੇ ਕੇ ਇਹ ਸਾਲ ਖਤਮ ਕਰ ਲਵੇ ਤਾਂ ਮੈਂ ਤੇਰੀ ਹਰ ਸੇਵਾ ਕਰਨ ਲਈ ਤਿਆਰ ਹਾਂ, ਪਰ ਇਹ ਯਾਦ ਰੱਖੀਂ ਕਿ ਮੈਂ ਬਦਮਾਸ਼ਾਂ ਤੇ ਸ਼ਰਾਬੀਆਂ ਦਾ ਸਾਂਝੀਵਾਲ ਨਹੀਂ।”
ਮੈਂ ਕਾਫੀ ਨਸ਼ੇ ਵਿਚ ਸਾਂ, ਫਿਰ ਵੀ ਸੰਭਲ ਕੇ ਜਵਾਬ ਦਿੱਤਾ; “ਵੀਰ ਜੀ, ਮੈਂ ਅੱਗੋਂ ਕਦੀ ਆਪ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿਆਂਗਾ।”
ਉਸੇ ਸਾਲ ਬਸੰਤ ਦੀ ਰੁੱਤੇ ਮਰੀਅਮ ਨਾਲ ਮੇਰੀ ਮੁਲਾਕਾਤ ਹੋਈ ਸੀ। ਅੱਜ ਵੀ ਉਸ ਦੀ ਸੁੰਦਰ ਅਤੇ ਪਿਆਰ ਭਰੀ ਮੂਰਤ ਮੇਰੀਆਂ ਅੱਖਾਂ ਵਿਚ ਸਮਾਈ ਹੋਈ ਹੈ। ਉਹ ਸੁੰਦਰ ਸਰੀਰ ਜਾਦੂ ਭਰੀਆਂ ਅੱਖਾਂ, ਮਾਸੂਮ ਬਾਲਾਂ ਵਰਗੇ ਸਵੱਛ ਹੋਂਠ! ਉਹ ਬਦਨਸੀਬ ਆਦਮੀ ਮੈਂ ਹੀ ਸਾਂ, ਜਿਸ ਦੇ ਨਾਪਾਕ ਹੋਠਾਂ ਨੇ ਉਸ ਦੀ ਪਵਿੱਤਰਤਾ ਹਮੇਸ਼ਾ ਲਈ ਨਸ਼ਟ ਕਰ ਦਿੱਤੀ। ਉਹ ਆਪਣੀ ਮਾਂ ਦੀ ਇਕਲੌਤੀ ਬੱਚੀ ਸੀ, ਉਸ ਦੀ ਇਕ ਸਹੇਲੀ ਦੇ ਘਰ ਮੇਰੀ ਪਹਿਲੀ ਮੁਲਾਕਾਤ ਹੋਈ ਸੀ, ਉਥੇ ਉਹ ਸੈਰ ਕਰਨ ਆਈ ਸੀ। ਮਹੀਨਾ ਭਰ ਮੈਂ ਉਸ ਕਲੀ ਦੇ ਉਠ ਰਹੇ ਜ਼ੋਬਨ ਦਾ ਸਵਾਦ ਬਿਨਾ ਰੋਕ-ਟੋਕ ਲੈਂਦਾ ਰਿਹਾ।
ਪਰ ਅੱਜ ਉਸ ਦੀ ਯਾਦ ਮੇਰੇ ਲਈ ਕੰਡੇ ਬਣੀ ਹੋਈ ਹੈ, ਜਿਹੜੀ ਹਰ ਵਕਤ ਮੇਰੇ ਸੀਨੇ ਨੂੰ ਛੇਕਦੀ ਰਹਿੰਦੀ ਹੈ, ਮੈਂ ਸਾਰਾ ਦਿਨ ਉਸ ਦੇਵੀ ਦੀ ਮੂਰਤ ਸਾਹਮਣੇ ਬੈਠਾ ਰਹਿੰਦਾ ਹਾਂ। ਰਾਤ ਨੂੰ ਵੀ ਹਟਣਾ ਨਹੀਂ ਸੀ ਚਾਹੁੰਦਾ। ਉਹ ਅਤਿਅੰਤ ਸੁੰਦਰ ਸੀ। ਉਸ ਦੇ ਸਾਹਮਣੇ ਵੱਡੇ-ਵੱਡੇ ਤਪੱਸਵੀਆਂ ਤੇ ਸਤਿਆਰਥੀਆਂ ਦਾ ਮਾਣ ਵੀ ਭੰਗ ਹੋ ਜਾਂਦਾ ਸੀ। ਉਸ ਦੇ ਅੰਦਰ ਪ੍ਰੇਮ ਸਾਗਰ ਠਾਠਾਂ ਮਾਰ ਰਿਹਾ ਹੁੰਦਾ, ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਕਿਵੇਂ ਪ੍ਰੇਮ ਕੀਤਾ ਜਾਂਦਾ ਹੈ।
ਇਕ ਦਿਨ ਸ਼ਾਮੀ ਅਸੀਂ ਦੋਵੇਂ ਘਰ ਵਿਚ ਰਹਿ ਗਏ। ਘਰ ਦੇ ਸਾਰੇ ਆਦਮੀ ਸੈਰ ਨੂੰ ਚਲੇ ਗਏ ਸਨ। ਉਹ ਜਾਣਾ ਚਾਹੁੰਦੀ ਸੀ, ਪਰ ਮੇਰੀ ਖਾਤਰ ਘਰ ਹੀ ਰਹਿ ਗਈ। ਉਹ ਗੁਲਾਬ ਦੇ ਫੁੱਲ ਤੋਂ ਵਧੇਰੇ ਨਾਜ਼ੁਕ ਤੇ ਪਵਿੱਤਰ ਸੀ, ਪਰ ਅਫਸੋਸ ਕਿ ਉਸ ਦਿਨ ਪਿਛੋਂ ਇਸ ਦੀ ਨਜ਼ਾਕਤ ਤੇ ਪਵਿੱਤਰਤਾ ‘ਤੇ ਸਦਾ ਲਈ ਕਲੰਕ ਲੱਗ ਗਿਆ। ਚੰਨ ਵਰਗੇ ਮੁੱਖੜੇ ‘ਤੇ ਚੰਦਰੇ ਪਾਪੀ ਦੀ ਭੈੜੀ ਨਜ਼ਰ ਪੈ ਗਈ। ਮੇਰੀ ਆਤਮਾ ਨੇ ਮੈਨੂੰ ਫਿਟਕਾਰਿਆ, ਪਰ ਉਹ ਬੜੀ ਸਾਧਾਰਨ ਜਿਹੀ ਸੀ। ਇਸ ਦੇ ਮੁਕਾਬਲੇ ਤੇ ਮੈਨੂੰ ਆਪਣੀ ਜਿੱਤ ਉਤੇ ਬੜਾ ਅਭਿਮਾਨ ਸੀ। ਮੈਂ ਇਕ ਮਾਸੂਮ ਕਲੀ ਦਾ ਰਸ ਚੂਸ ਕੇ ਖੁਸ਼ ਹੋ ਰਿਹਾ ਸਾਂ। ਉਸ ਵਕਤ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ, ਮਾਨੋ ਮੈਂ ਇਕ ਬੜੀ ਭਾਰੀ ਮੁਹਿੰਮ ਸਰ ਕਰ ਲਈ ਹੈ, ਜਾਂ ਕੋਈ ਅਜਿੱਤ ਮੋਰਚਾ ਮਾਰ ਲਿਆ ਹੈ। ਭਰਾ ਦੀ ਉਪਰਲੀ ਝਾੜ-ਝੰਬ ਤੋਂ ਕਈ ਦਿਨ ਪਿਛੋਂ ਮਰੀਅਮ ਦੀ ਚਿੱਠੀ ਆਈ, ਜਿਸ ਵਿਚ ਲਿਖਿਆ ਸੀ; ‘ਦਾਊਦ! ਛੇਤੀ ਆਉਣਾ ਬੜਾ ਜ਼ਰੂਰੀ ਕੰਮ ਹੈ।’
ਚਿੱਠੀ ਵੇਖਦਿਆਂ ਸਾਰ ਮੈਂ ਉਛਲ ਪਿਆ। ਕਿਉਂ ਨਾ ਉਸ ਦੀ ਰਹੀ-ਸਹੀ ਅਸਮਤ ਲੁੱਟ ਲਈ ਜਾਏ, ਇਹ ਖਿਆਲ ਕਰਕੇ ਉਸ ਵਲ ਤੁਰ ਪਿਆ। ਮਰੀਅਮ ਆਪਣੇ ਦਰਵਾਜ਼ੇ ਵਿਚ ਖੜੋਤੀ ਸੀ। ਉਸ ਦਾ ਚਿਹਰਾ ਬਿਲਕੁਲ ਉਡਿਆ ਹੋਇਆ ਸੀ ਤੇ ਚਿੰਤਾ ਦੇ ਨਿਸ਼ਾਨ ਸਾਫ ਜ਼ਾਹਿਰ ਹੋ ਰਹੇ ਸਨ। ਖੂਬਸੂਰਤ ਤੇ ਜੋਬਨ-ਮੱਤਿਆ ਸਰੀਰ ਸੁੱਕ ਕੇ ਤੀਲਾ ਹੋ ਗਿਆ ਸੀ। ਚੰਨ ਜਿਹੇ ਮੁਖੜੇ ਉਤੇ ਹਵਾਈਆਂ ਉੱਡ ਰਹੀਆਂ ਸਨ, ਅੱਖਾਂ ਵਿਚ ਬੇਵਸੀ ਟਪਕ ਰਹੀ ਸੀ।
ਲੜਖੜਾਉਂਦੀ ਆਵਾਜ਼ ਵਿਚ ਬੜੀ ਮੁਸ਼ਕਿਲ ਨਾਲ ਉਹ ਕਹਿਣ ਲੱਗੀ- “ਆਉ ਪਿਆਰੇ ਦਾਊਦ! ਤੁਸੀਂ ਆ ਗਏ, ਤੁਸੀਂ ਬੜਾ ਚੰਗਾ ਕੀਤਾ। ਇਸ ਵਕਤ ਤੁਹਾਡਾ ਆਉਣਾ ਬੜਾ ਜ਼ਰੂਰੀ ਸੀ। ਮੁਬਾਰਕ ਹੋਵੇ ਮੇਰਾ ਬੱਚਾ। ਸਗੋਂ ਸਾਡਾ ਦੋਹਾਂ ਦਾ ਬੱਚਾ…।” ਇਹ ਆਖਦਿਆਂ ਉਸ ਨੇ ਦੋਹਾਂ ਹੱਥਾਂ ਨਾਲ ਮੇਰਾ ਮੂੰਹ ਪੂਰੇ ਜ਼ੋਰ ਨਾਲ ਦਬਾ ਲਿਆ। ਉਸ ਦੇ ਹੱਥ ਕੰਬ ਰਹੇ ਸਨ। ਮੈਂ ਹੌਲੀ ਕੁ ਉਸ ਦੇ ਹੱਥ ਅਲੱਗ ਕਰ ਦਿੱਤੇ।
“ਮਰੀਅਮ-ਪ੍ਰੇਸ਼ਾਨ ਨਾ ਹੋ!” ਮੈਂ ਬਨਾਵਟੀ ਹਾਸਾ ਹੱਸਦੇ ਹੋਏ ਕਿਹਾ, “ਮੈਂ ਤੇਰੀ, ਜ਼ਰੂਰ ਮਦਦ ਕਰਾਂਗਾ। ਤੂੰ ਸਿਰਫ ਇਹ ਲਿਖ ਦੇ ਕੇ ਮੇਰਾ ਇਸ ਬੱਚੇ ਨਾਲ ਕੋਈ ਸਬੰਧ ਨਹੀਂ। ਜੇ ਤੂੰ ਇਸ ਤਰ੍ਹਾਂ ਕਰ ਦੇਵੇਂ ਤਾਂ ਮੈਂ ਹੁਣੇ ਤੈਨੂੰ ਦੋ ਹਜ਼ਾਰ ਰੁਪਿਆ ਦੇਣ ਨੂੰ ਤਿਆਰ ਹਾਂ।”
ਉਹ ਪਿੱਛੇ ਹਟ ਗਈ, ਜਿਵੇਂ ਕਾਲਾ ਸੱਪ ਉਸ ਨੂੰ ਡੱਸਣਾ ਚਾਹੁੰਦਾ ਸੀ “ਹੈਂ?” ਉਸ ਜ਼ੋਰ ਦੀ ਚੀਕ ਮਾਰੀ-“ਦਾਊਦ! ਤੁਸੀਂ ਕੀ ਕਿਹਾ?”
“ਮੈਂ ਸੱਚ ਆਖਦਾ ਹਾਂ।” ਮੈਂ ਧੀਰਜ ਨਾਲ ਉਤਰ ਦਿੱਤਾ, “ਜੇ ਮੇਰੇ ਭਰਾ ਨੂੰ ਖ਼ਬਰ ਹੋ ਗਈ ਤਾਂ ਮੇਰਾ ਜੀਵਨ ਬਰਬਾਦ ਹੋ ਜਾਏਗਾ। ਮੇਰੀ ਪੜ੍ਹਾਈ ਰੁਕ ਜਾਏਗੀ, ਮੇਰਾ ਭਵਿੱਖ ਤਬਾਹ ਹੋ ਜਾਵੇਗਾ, ਜੇ ਤੂੰ ਮੇਰੀ ਪਿਆਰੀ ਮਰੀਅਮ! ਇਸ ਤਰ੍ਹਾਂ ਲਿਖਣ ਲਈ ਤਿਆਰ ਹੋ ਜਾਏਂ ਤਾਂ ਹੁਣੇ ਦੋ ਹਜ਼ਾਰ ਮਿਲ ਜਾਏਗਾ, ਵਰਨਾ ਜਿਵੇਂ ਤੇਰੀ ਮਰਜ਼ੀ ਹੈ, ਕਰ ਲੈ।”
ਉਸ ਦੀਆਂ ਅੱਖਾਂ ਭਰ ਆਈਆਂ, ਅਥਰੂ ਬਾਹਰ ਨਾ ਆ ਸਕੇ। ਲੰਮੀਆਂ-ਲੰਮੀਆਂ ਕਾਲੀਆਂ ਪਲਕਾਂ ਵਿਚ ਰੁਕ ਕੇ ਹਿਲਣ ਲੱਗੇ। ਉਸ ਨੇ ਆਪਣੇ ਗੋਰੇਗੋਰੇ ਕੋਮਲ ਹੱਥ ਛਾਤੀ ਉਤੇ ਇਸ ਤਰ੍ਹਾਂ ਰੱਖ ਲਏ ਕਿ ਪੱਥਰ ਦਿਲ ਵੀ ਮੋਮ ਹੋ ਜਾਏ।
“ਉਫ਼! ਮੇਰਾ ਸਭ ਕੁਝ ਨਸ਼ਟ ਹੋ ਗਿਆ।”
ਉਸ ਦੀ ਆਵਾਜ਼ ਕੰਬ ਰਹੀ ਸੀ, ਉਸ ਦਾ ਸਰੀਰ ਵੀ ਕੰਬ ਰਿਹਾ ਸੀ। ਆਵਾਜ਼ ਵਿਚ ਗੁੱਸੇ ਕਰਕੇ ਸਖ਼ਤੀ ਆ ਗਈ ਸੀ। ਉਹ ਜ਼ਹਿਰੀ ਨਾਗਣ ਵਾਂਗ ਫੁੰਕਾਰ ਕੇ ਬੋਲੀ, “ਦਾਊਦ, ਕੀ ਤੂੰ ਮੇਰਾ ਲਹੂ, ਮਾਸ ਤੇ ਹੱਡੀਆਂ ਮੁੱਲ ਲੈਣਾ ਚਾਹੁੰਦਾ ਏਂ? ਮੇਰੀ ਇਤਨੀ ਬੇਇਜ਼ਤੀ? ਕੀ ਤੂੰ ਮੇਰੀ ਆਤਮਾ ਦਾ ਸੌਦਾ ਕਰ ਰਿਹਾ ਏਂ? ਮੈਂ ਤੇਰੇ ਮੂੰਹੋਂ ਅੱਜ ਕੀ ਸੁਣ ਰਹੀ ਹਾਂ, ਉਸ ਮੂੰਹ ਵਿਚੋਂ ਜਿਸ ‘ਚੋਂ ‘ਪਿਆਰੇ’ ‘ਮੇਰੀਆਂ ਅੱਖੀਆਂ ਦੇ ਚਾਨਣ’ ਤੇ ‘ਚੰਨ ਜੀ’ ਆਦਿ ਮਿੱਠੇ ਸ਼ਬਦ ਸੁਣਿਆ ਕਰਦੀ ਸਾਂ। ਮੈਂ ਆਪਣਾ ਸਭ ਕੁਝ ਤੇਰੇ ਹਵਾਲੇ ਕਰ ਦਿੱਤਾ। ਮੇਰੀ ਅਸਮਤ, ਮੇਰੀ ਇੱਜ਼ਤ, ਮੇਰੀ ਦੌਲਤ, ਪ੍ਰੇਮ, ਇਹ ਸਰੀਰ, ਮੇਰੀ ਆਤਮਾ, ਮੇਰਾ ਸਭ ਕੁਝ ਤੇਰਾ ਹੋ ਗਿਆ, ਪਰ ਤੂੰ ਮੇਰਾ ਨਾ ਹੋ ਸਕਿਆ। ਮੈਨੂੰ ਯਕੀਨ ਨਹੀਂ ਆਉਂਦਾ ਕਿ ਤੂੰ ਉਹੀ ਕੁਝ ਕਹਿ ਰਿਹਾ ਏਂ, ਜੋ ਕੁਝ ਚਾਹੁੰਦਾ ਏਂ।” “ਇਹ ਮੇਰਾ ਬੱਚਾ ਹੈ, ਇਸ ਦਾ ਕੀ ਸਬੂਤ? ਮੈਂ ਨਫ਼ਰਤ ਨਾਲ ਕਿਹਾ।”
ਸੁਣਦਿਆਂ ਸਾਰ ਉਹ ਇਵੇਂ ਉਛਲੀ, ਜਿਵੇਂ ਉਸ ਦੇ ਮੂੰਹ ਉਤੇ ਕਿਸੇ ਥੱਪੜ ਜੜ੍ਹ ਦਿੱਤਾ ਹੋਵੇ। ਉਸ ਦੇ ਹੋਂਠ ਫਰਕਣ ਲੱਗ ਪਏ। ਝੁਕਿਆ ਹੋਇਆ ਸਿਰ ਉਪਰ ਉਠ ਪਿਆ ਤੇ ਗੁੱਸੇ ਨਾਲ ਭਰੀ ਆਵਾਜ਼ ਵਿਚ ਉਹ ਕਹਿਣ ਲੱਗੀ,”ਮੈਂ ਆਪਣਾ ਸਭ ਕੁਝ ਤੇਰੀ ਭੇਟ ਕਰ ਦਿੱਤਾ, ਪਰ ਤੂੰ ਮੇਰੀਆਂ ਫੁੱਲਾਂ ਵਰਗੀਆਂ ਕੋਮਲ ਉਮੰਗਾਂ ਨੂੰ ਅਤਿ ਬੇਦਰਦੀ ਨਾਲ ਕੁਚਲ ਦਿੱਤਾ। ਦੂਰ ਹੋ ਜਾ ਦੁਸ਼ਟ ਮੇਰੇ ਸਾਹਮਣਿਉਂ।”
ਮੈਂ ਲੰਡਨ ਵਾਪਸ ਆ ਗਿਆ ਤੇ ਆਪਣੀ ਪੜ੍ਹਾਈ ਵਿਚ ਲੱਗ ਗਿਆ। ਕੁਝ ਦਿਨ ਪਿਛੋਂ ਮੈਨੂੰ ਇਕ ਚੰਗੀ ਨੌਕਰੀ ਮਿਲ ਗਈ, ਜਿਸ ਨਾਲ ਮੇਰਾ ਭਵਿੱਖ ਸ਼ਾਨਦਾਰ ਹੋ ਗਿਆ। ਉਸੇ ਸਾਲ ਗਰਮੀਆਂ ਵਿਚ ਮੈਨੂੰ ਵੱਡੇ ਭਰਾ ਦੀ ਸ਼ਾਦੀ ਉਤੇ ਪਿੰਡ ਜਾਣਾ ਪਿਆ। ਉਥੋਂ ਇਕ ਜ਼ਰੂਰੀ ਕੰਮ ਲਈ ਮੈਂ ਮਰੀਅਮ ਦੇ ਪਿੰਡ ਵੀ ਗਿਆ।
ਇਕ ਦਿਨ ਉਥੇ ਮੈਂ ਸੜਕ ‘ਤੇ ਕੁਝ ਮਿੱਤਰਾਂ ਨਾਲ ਖੜੋਤਾ ਹੋਇਆ ਸਾਂ ਕਿ ਦੂਰੋਂ ਮਰੀਅਮ ਆਉਂਦੀ ਨਜ਼ਰ ਆਈ। ਉਹ ਗੱਡੀ ਲਈ ਸਾਡੇ ਪਾਸ ਆ ਗਈ। ਗੱਡੀ ਵਿਚ ਇਕ ਸੁੰਦਰ ਛੋਟੀ ਬੱਚੀ ਸੀ। ਰਾਹਗੀਰਾਂ ਵਿਚੋਂ ਇਕ ਨੇ ਮਖੌਲ ਨਾਲ ਉਸ ਨੂੰ ਕਿਹਾ- “ਮਾਂ ਸਲਾਮ!”
ਉਹ ਮੂੰਹੋਂ ਨਾ ਬੋਲੀ, ਪਰ ਉਸ ਨੇ ਇਸ ਢੰਗ ਨਾਲ ਘੂਰ ਕੇ ਦੇਖਿਆ ਕਿ ਬੇ-ਅਦਬ ਆਦਮੀ ਲਜਿਤ ਹੋ ਗਿਆ, ਜਿਵੇਂ ਕਿ ਉਹ ਧਰਤੀ ਵਿਚ ਸਮਾ ਜਾਣਾ ਚਾਹੁੰਦਾ ਸੀ। ਮਰੀਅਮ ਚੁੱਪ ਚਾਪ ਅੱਗੇ ਲੰਘ ਗਈ। ਮੈਂ ਸਾਥੀਆਂ ਪਾਸੋਂ ਅਨਜਾਣ ਬਣ ਕੇ ਪੁੱਛਿਆ- “ਇਹ ਬੱਚਾ ਕਿਸ ਦਾ ਹੈ?”
ਮੇਰੇ ਸਾਥੀ ਨੇ ਕਿਹਾ, “ਪਿੰਡ ਵਾਲਿਆਂ ਨੇ ਇਸ ਗੱਲ ਦੀ ਬੜੀ ਖੋਜ ਕੀਤੀ, ਪਰ ਇਸ ਸਬੰਧੀ ਕਿਸੇ ਦੇ ਮੂੰਹੋਂ ਇਕ ਸ਼ਬਦ ਵੀ ਨਹੀਂ ਨਿਕਲ ਸਕਿਆ। ਜਿਸ ਦਿਨ ਕੁੜੀ ਪੈਦਾ ਹੋਈ, ਉਸੇ ਦਿਨ ਮਰੀਅਮ ਦੀ ਮਾਂ ਮਰ ਗਈ। ਹੁਣ ਉਹ ਇਕ ਦਰਜੀ ਦੀ ਦੁਕਾਨ ‘ਤੇ ਨੌਕਰ ਹੈ। ਮਿਹਨਤ ਮਜ਼ਦੂਰੀ ਨਾਲ ਪੇਟ ਪਾਲਦੀ ਹੈ। ਸੁਣਿਆ ਹੈ ਕਿ ਕਿਸੇ ਇਟਲੀ ਵਾਸੀ ਨਾਲ ਉਸ ਦਾ ਵਿਆਹ ਹੋਣ ਵਾਲਾ ਹੈ, ਸ਼ਾਇਦ ਉਹ ਬੇਵਕੂਫ ਇਸ ਦੇ ਰੂਪ ਉਤੇ ਮੋਹਿਤ ਹੋ ਗਿਆ ਹੋਵੇ।”
ਇਸ ਪਿੱਛੋਂ ਕਈ ਮਹੀਨੇ ਮੇਰੇ ਉਤੇ ਉਦਾਸੀ ਛਾਈ ਰਹੀ। ਹਰ ਵੇਲੇ ਮਰੀਅਮ ਦਾ ਉਦਾਸ ਚਿਹਰਾ ਮੇਰੀਆਂ ਅੱਖਾਂ ਅੱਗੇ ਫਿਰਦਾ ਰਿਹਾ। ਕਈ ਵਾਰੀ ਖਿਆਲ ਆਇਆ ਕਿ ਉਸ ਨੂੰ ਘਰ ਲੈ ਆਵਾਂ, ਪਰ ਅਭਿਮਾਨ ਦਿਲੋਂ ਨਾ ਛੱਡ ਸਕਿਆ ਤੇ ਆਪਣੇ ਭਵਿੱਖ ਦੇ ਖਰਾਬ ਹੋ ਜਾਣ ਦੇ ਡਰ ਕਾਰਨ ਖਾਮੋਸ਼ ਰਿਹਾ। ਇਸ ਤੋਂ ਛੇ ਕੁ ਸਾਲ ਪਿੱਛੋਂ ਮੈਂ ਮਰੀਅਮ ਦੇ ਨਾਂ ‘ਤੇ ਕੁਝ ਰੁਪਿਆ ਘੱਲਿਆ, ਪਰ ਰੁਪਿਆ ਵਾਪਸ ਆ ਗਿਆ। ਇਕ ਚਿੱਠੀ ਵੀ ਲਿਖੀ-ਉਹ ਵੀ ਵਾਪਸ ਆ ਗਈ। ਮਰੀਅਮ ਦਾ ਕੁਝ ਪਤਾ ਨਾ ਚੱਲਿਆ।
ਹੁਣ ਮੇਰੇ ਪਾਸ ਕਾਫੀ ਧਨ ਦੌਲਤ ਸੀ, ਮੇਰਾ ਵਿਆਹ ਵੀ ਇਕ ਅਮੀਰ ਤੇ ਪੜ੍ਹੀ ਲਿਖੀ ਖੂਬਸੂਰਤ ਲੜਕੀ ਨਾਲ ਹੋ ਗਿਆ, ਪਰ ਦੋ ਹੀ ਸਾਲ ਉਹ ਵਿਚਾਰੀ ਜੀ ਸਕੀ। ਮੇਰਾ ਪਤਨੀ ਨਾਲ ਬੜਾ ਮਿੱਠਾ ਵਰਤਾਅ ਸੀ ਪਰ ਮੈਂ ਉਸ ਨੂੰ ਆਪਣਾ ਦਿਲ ਨਾ ਦੇ ਸਕਿਆ। ਉਸ ਨੇ ਮੌਤ ਦੇ ਬਿਸਤਰੇ ਉਤੇ ਪਿਆਂ ਹੋਇਆਂ ਕਿਹਾ, “ਮੇਰੇ ਪਿਆਰੇ ਦਾਊਦ! ਤੁਸੀਂ ਮੈਨੂੰ ਸਭ ਕੁਝ ਦਿੱਤਾ, ਪਰ ਜਿਸ ਚੀਜ਼ ਦੀ ਮੈਨੂੰ ਭੁੱਖ ਸੀ, ਉਹ ਨਾ ਮਿਲੀ। ਤੁਸੀਂ ਮੈਨੂੰ ਇਕ ਛਿਨ ਭਰ ਲਈ ਵੀ ਆਪਣਾ ਪ੍ਰੇਮ ਪਾਤਰ ਨਾ ਬਣਾਇਆ। ਤੁਹਾਡੇ ਹਿਰਦੇ ਵਿਚ ਮੇਰੇ ਲਈ ਕੋਈ ਥਾਂ ਨਹੀਂ ਸੀ, ਹਾਲਾਂਕਿ ਮੈਂ ਆਪਣਾ ਸਭ ਕੁਝ ਤੁਹਾਡੇ ਹਵਾਲੇ ਕਰ ਦਿੱਤਾ ਸੀ। ਖੈਰ-ਹੁਣ ਜੇ ਹੋ ਸਕੇ ਤਾਂ ਇਤਨਾ ਜ਼ਰੂਰ ਕਰਨਾ-ਮੇਰੀ ਨਿਸ਼ਾਨੀ ਅਲਬਰਟ ਨਾਲ ਜ਼ਰੂਰ ਪਿਆਰ ਕਰਨਾ। ਜੇ ਇਵੇਂ ਕਰ ਸਕੋ ਤਾਂ ਮੈਂ ਤਸੱਲੀ ਨਾਲ ਕਬਰ ਵਿਚ ਸੌਂ ਸਕਾਂਗੀ।”
ਮੈਂ ਉਸ ਆਖਰੀ ਸ਼ਬਦ ਦਾ ਸਦਾ ਪਾਲਣ ਕੀਤਾ। ਉਸ ਨਾਲ ਪ੍ਰੇਮ ਨਾ ਕਰਨ ਦਾ ਪਾਪ ਕੀਤਾ ਸੀ, ਜੋ ਉਸ ਦੇ ਬਦਲੇ ਅਲਬਰਟ ਨਾਲ ਸੱਚੇ ਦਿਲੋਂ ਪਿਆਰ ਕੀਤਾ। ਉਸ ਦੀ ਉਮਰ 27 ਸਾਲ ਦੀ ਹੋਈ ਤਾਂ ਚਿੱਤਰਕਾਰੀ ਦੀ ਵਿੱਦਿਆ ਲਈ ਉਸ ਨੂੰ ਇਟਲੀ ਘੱਲ ਦਿੱਤਾ। ਉਸ ਵਲੋਂ ਰਾਜ਼ੀ-ਖੁਸ਼ੀ ਦੀਆਂ ਚਿੱਠੀਆਂ ਲਗਾਤਾਰ ਆਉਂਦੀਆਂ ਰਹੀਆਂ। ਹੁਣ ਮੇਰੀ ਖਾਹਿਸ਼ ਉਸ ਦਾ ਵਿਆਹ ਕਰਾ ਦੇਣ ਦੀ ਹੋ ਰਹੀ ਸੀ।
ਇਕ ਦਿਨ ਉਸ ਦੀ ਚਿੱਠੀ ਆਈ, ਜਿਸ ਵਿਚ ਲਿੱਖਿਆ ਸੀ-“ਪਿਤਾ ਜੀ! ਮੈਂ ਆਪਣੀ ਜੀਵਨ ਸਾਥਣ ਦੀ ਚੋਣ ਕਰ ਲਈ ਹੈ। ਜਦੋਂ ਦਾ ਮੇਰਾ ਮੋਨਾ ਨਾਲ ਮੇਲ ਹੋਇਆ ਹੈ, ਅਸੀਂ ਇਕ ਦੂਜੇ ਨਾਲ ਪਿਆਰ ਕਰਨ ਲੱਗ ਪਏ ਹਾਂ ਤੇ ਇਸ ਤੋਂ ਅਗੋਂ ਅਸੀਂ ਦਿਲਾਂ ਦਾ ਸੌਦਾ ਕਰ ਲਿਆ ਹੈ। ਇਹ ਕੁੜੀ ਇਥੇ ਸੰਗੀਤ ਦੀ ਸਿੱਖਿਆ ਪ੍ਰਾਪਤ ਕਰ ਰਹੀ ਹੈ। ਬੜੀ ਹਸਮੁੱਖ, ਸੁਘੜ ਤੇ ਸੁਸ਼ੀਲ ਕੰਨਿਆ ਹੈ। ਮੈਂ ਉਸ ਦੀ ਬਹੁਤੀ ਤਾਰੀਫ ਨਹੀਂ ਕਰਨਾ ਚਾਹੁੰਦਾ, ਕਿਉਂਕਿ ਅਸੀਂ ਦੋਵੇਂ ਛੇਤੀ ਹੀ ਆਪ ਪਾਸ ਪੁੱਜ ਰਹੇ ਹਾਂ। ਆਪ ਦੀਆਂ ਸ਼ੁਭ ਇੱਛਾਵਾਂ ਪਾ ਕੇ ਸਾਡੀ ਮੰਗਣੀ ਪੱਕੀ ਹੋ ਜਾਵੇਗੀ। ਉਥੋਂ ਫਿਰ ਉਹ ਆਪਣੇ ਪਿਤਾ ਨੂੰ ਮਿਲਣ ਵਾਪਸ ਚਲੀ ਆਵੇਗੀ ਤੇ ਮਗਰੋਂ ਵਿਆਹ ਹੋ ਜਾਵੇਗਾ। ਆਪਣੇ ਘਰ ਵਿਚ ਉਹ ਇਕੱਲੀ ਹੈ। ਛੇ ਸਾਲ ਹੋਏ ਉਸ ਦੀ ਮਾਂ ਦੀ ਮੌਤ ਹੋ ਗਈ। ਉਸ ਦੇ ਪਿਤਾ ਜੀ ਜੀਂਦੇ ਹਨ।”
ਇਸ ਚਿੱਠੀ ਪਿੱਛੋਂ ਮੈਂ ਬੜੇ ਚਾਅ ਨਾਲ ਦੋਹਾਂ ਦੀ ਉਡੀਕ ਕਰਨ ਲੱਗ ਪਿਆ ਤੇ ਉਨ੍ਹਾਂ ਦੇ ਇੰਤਜ਼ਾਰ ਵਿਚ ਦਿਨ ਤੇ ਘੜੀਆਂ ਗਿਣਨ ਲੱਗ ਪਿਆ। ਪਤਾ ਨਹੀਂ ਕਿਉਂ ਮੈਂ ਕੁੜੀ ਨੂੰ ਵੇਖਣ ਲਈ ਉਤਾਵਲਾ ਹੋ ਰਿਹਾ ਸਾਂ।
ਉਨ੍ਹਾਂ ਦੇ ਆਉਣ ਤੋਂ ਇਕ ਦਿਨ ਪਹਿਲਾਂ ਸ਼ਾਮੀਂ ਮੈਂ ਦਫ਼ਤਰੋਂ ਘਰ ਵਾਪਸ ਆਇਆ ਤੇ ਆਪਣੀ ਟੋਪੀ ਤੇ ਸੋਟੀ ਕਿੱਲੀ ਉਤੇ ਟੰਗ ਰਿਹਾ ਸਾਂ ਕਿ ਇਕ ਅਤਿ ਮਿੱਠੀ ਸੰਗੀਤਕ ਆਵਾਜ਼ ਮੇਰੇ ਕੰਨੀ ਪਈ। ਮੇਰੀਆਂ ਸੁੱਤੀਆਂ ਯਾਦਾਂ ਇਕ ਦਮ ਜਾਗ ਉੱਠੀਆਂ। ਮੇਰੀਆਂ ਪੁਰਾਣੀਆਂ ਯਾਦਾਂ ਜਿਨ੍ਹਾਂ ਨੂੰ ਮੈਂ ਆਪਣੇ ਸਵਾਰਥ ਲਈ ਦਫਨਾ ਚੁੱਕਿਆ ਸਾਂ-ਉਹ ਸਾਹਮਣੇ ਆ ਖੜੋਤੀਆਂ। ਵੇਖਿਆ ਕਿ ਇਕ ਮਨਮੋਹਣੀ ਯੁਵਤੀ ਗਾ ਰਹੀ ਸੀ ਤੇ ਅਲਬਰਟ ਸਾਹਮਣੇ ਬੈਠਾ ਮੁਗਧ ਹੋ ਰਿਹਾ ਸੀ।
ਮੇਰੇ ਮੂੰਹੋਂ ਜ਼ੋਰ ਦੀ ਚੀਕ ਨਿਕਲੀ। ਕੁੜੀ ਨੇ ਘੁੰਮ ਕੇ ਮੇਰੇ ਵਲ ਦੇਖਿਆ। ਉਫ਼! ਇਹ ਕੀ? ਇਹ ਸਾਖਿਅਤ ਮਰੀਅਮ ਸੀ। ਉਹੀ ਸ਼ਰਬਤੀ ਅੱਖਾਂ, ਉਹੀ ਲੰਮੇ ਤੇ ਸੁਨਹਿਰੀ ਵਾਲ, ਉਹੀ ਚੰਨ ਵਰਗਾ ਮੁਖੜਾ, ਉਹੀ ਸੁਰਾਹੀਦਾਰ ਗਰਦਨ, ਸਾਰੇ ਅੰਗ ਉਸੇ ਵਾਂਗ ਲਿਸ਼ਕ ਰਹੇ ਸਨ।
ਮੂੰਹੋਂ ਕੁਝ ਵੀ ਕਹੇ ਬਿਨਾ ਮੈਂ ਬੇਹੋਸ਼ ਹੋ ਕੇ ਉਥੇ ਹੀ ਡਿੱਗ ਪਿਆ। ਜਦ ਹੋਸ਼ ਆਈ ਤਾਂ ਮੇਰਾ ਸਿਰ ਅਲਬਰਟ ਨੇ ਥੰਮਿਆ ਹੋਇਆ ਸੀ ਤੇ ਉਹ ਕੁੜੀ ਮੈਨੂੰ ਪੱਖਾ ਝੱਲ ਰਹੀ ਸੀ। ਉਸ ਨੂੰ ਦੇਖਦੇ ਹੀ ਮੈਂ ਸ਼ਰਮ ਦਾ ਮਾਰਿਆ ਪਾਣੀ-ਪਾਣੀ ਹੋ ਗਿਆ। ਮੇਰੀ ਆਤਮਾ ਕੁਰਲਾ ਉਠੀ। ਮੇਰੇ ਅੰਦਰ ਇਕ ਤੂਫਾਨ ਉਠ ਖੜੋਤਾ। ਮੇਰੇ ਅੰਦਰ ਇਕ ਅਜਿਹੀ ਹਲਚਲ ਮਚੀ ਹੋਈ ਸੀ ਕਿ ਪ੍ਰਾਣ ਸਰੀਰ ‘ਚੋਂ ਧਿੰਗੋਜ਼ੋਰੀ ਬਾਹਰ ਆਣ ਲਈ ਆਪਣਾ ਪੂਰਾ ਜ਼ੋਰ ਲਾ ਰਹੇ ਸਨ।
“ਪਿਤਾ ਜੀ!” ਅਲਬਰਟ ਨੇ ਹੌਲੇ ਜਿਹੇ ਕਿਹਾ।
ਪਰ ਮੈਂ ਬੋਲ ਨਾ ਸਕਿਆ। ਮਾਨੋ ਮੇਰੇ ਮੂੰਹ ਨੂੰ ਤਾਲਾ ਵਜ ਗਿਆ ਸੀ। ਹੇ ਈਸ਼ਵਰ! ਅੱਜ ਪਤਾ ਲੱਗਾ ਹੈ ਕਿ ਤੇਰੇ ਇਨਸਾਫ ਦੀ ਅਣ-ਵੇਖੀ ਚੱਕੀ ਦੇਰ ਨਾਲ ਚੱਲਦੀ ਹੈ, ਪਰ ਉਹ ਪੀਂਹਦੀ ਬਿਲਕੁਲ ਮਹੀਨ ਹੈ ਤੇ ਇਕ ਦਾਣਾ ਵੀ ਅਣਚੱਲਿਆ ਨਹੀਂ ਛੱਡਦੀ। ਮੇਰਾ ਦਿਲ ਵੀ ਤੇਰੀ ਉਸ ਚੱਕੀ ਵਿਚ ਪਿੱਸ ਕੇ ਸੁਰਮਾ ਬਣ ਗਿਆ ਹੈ।
ਪੜਤਾਲ ‘ਤੇ ਪਤਾ ਲੱਗਾ ਕਿ ਮੋਨਾ ਜਿਹੜੀ ਮੇਰੀ ਨੂੰਹ ਬਣਨ ਲਈ ਆਈ ਹੈ, ਅਸਲ ਵਿਚ ਮਰੀਅਮ ਦੀ ਧੀ ਹੈ।
ਅਲਬਰਟ ਨੂੰ ਸਾਰੀ ਹਕੀਕਤ ਦੱਸਣੀ ਅਤਿਅੰਤ ਜ਼ਰੂਰੀ ਹੋ ਗਈ, ਕਿਉਂਕਿ ਉਹ ਆਪਣੀ ਭੈਣ ਨਾਲ ਵਿਆਹ ਨਹੀਂ ਸੀ ਕਰਾ ਸਕਦਾ। ਮੈਂ ਨਹੀਂ ਸੀ ਚਾਹੁੰਦਾ ਕਿ ਦੱਬੇ ਹੋਏ ਮੁਰਦੇ ਉਖਾੜੇ ਜਾਣ ਤੇ ਮੈਂ ਆਪਣੇ ਪੁੱਤਰ ਨੂੰ ਆਖ ਦਿਆਂ ਕਿ ਤੇਰਾ ਪਿਉ ਜਿਸ ਨੂੰ ਤੂੰ ਦੇਵਤਾ ਸਮਝ ਰਿਹਾ ਏਂ, ਉਹ ਵੱਡਾ ਬਦਮਾਸ਼, ਮਾਸੂਮ ਦੇ ਹੁਸਨ ਦਾ ਲੁਟੇਰਾ ਤੇ ਮਹਾਂ ਲੱਪਟ ਮਨੁੱਖ ਨਹੀਂ ਸਗੋਂ ਹੈਵਾਨ ਹੈ। ਪਰ ਇਹ ਸਭ ਕੁਝ ਦੱਸਣ ਦੇ ਸਿਵਾ ਹੋਰ ਕੁਝ ਚਾਰਾ ਵੀ ਨਹੀਂ ਸੀ।
ਆਪਣੇ ਕੀਤੇ ਗੁਨਾਹਾਂ ਦਾ ਫਲ ਜ਼ਰੂਰ ਭੁਗਤਣਾ ਪੈਂਦਾ ਹੈ, ਹਰ ਇਕ ਪਾਪ ਲਈ ਸਜ਼ਾ ਮਿਲਦੀ ਹੈ, ਪਰ ਆਪਣੇ ਪੁੱਤਰ ਦੇ ਸਾਹਮਣੇ ਆਪਣੀਆਂ ਕਾਲੀਆਂ ਕਰਤੂਤਾਂ ਦਾ ਭਾਂਡਾ ਫੋੜਨ ਲਈ ਮਜ਼ਬੂਰ ਕੀਤਾ ਜਾਣਾ, ਕਿਤਨੀ ਭਾਰੀ ਸਜ਼ਾ ਹੈ। ਮੈਂ ਇਸ ਸਮੇਂ ਰੱਬੀ ਇਨਸਾਫ ਦੀ ਭੱਠੀ ਵਿਚ ਝੋਕਿਆ ਜਾ ਰਿਹਾ ਸਾਂ।
ਅਲਬਰਟ ਨੇ ਬਹੁਤ ਧੀਰਜ ਤੇ ਸ਼ਾਂਤੀ ਨਾਲ ਮੇਰੇ ਮੂੰਹੋਂ ਮੇਰੀ ਰਾਮ ਕਹਾਣੀ ਸੁਣੀ। ਸਭ ਕੁਝ ਸੁਣਨ ਉਪਰੰਤ ਵੀ ਉਹ ਖਾਮੋਸ਼ ਰਿਹਾ ਪਰ ਉਸ ਦੀਆਂ ਟੁੱਟੀਆਂ ਹੋਈਆਂ ਨਿਗਾਹਾਂ ਤੀਰ ਵਾਂਗ ਮੇਰਾ ਸੀਨਾ ਸਲ ਰਹੀਆਂ ਸਨ। ਮੇਰੇ ਸੀਨੇ ਵਿਚ ਅਜਿਹੀ ਅੱਗ ਭੱਖ ਰਹੀ ਸੀ, ਜਿਹੜੀ ਸ਼ਾਇਦ ਘੋਰ ਨਰਕ ਤੋਂ ਵੀ ਭਿਅੰਕਰ ਹੋਵੇ।
ਮੈਂ ਹੈਰਾਨ ਸਾਂ ਕਿ ਅਲਬਰਟ ਨੇ ਇੰਨੀ ਖਾਮੋਸ਼ੀ ਤੇ ਧਰੀਜ ਨਾਲ ਕਿਵੇਂ ਸਭ ਕੁਝ ਸੁਣ ਕੇ ਸਹਿ ਲਿਆ। ਇਸ ਤੋਂ ਵੀ ਵਧ ਹੈਰਾਨੀ ਦੀ ਗੱਲ ਇਹ ਸੀ ਕਿ ਦੋ ਦਿਨ ਉਸ ਨੇ ਮੋਨਾ ਨਾਲ ਇਸ ਤਰ੍ਹਾਂ ਗੁਜ਼ਾਰੇ ਜਿਵੇਂ ਕੋਈ ਖਾਸ ਗੱਲ ਹੋਈ ਹੀ ਨਹੀਂ ਸੀ। ਦੋ ਦਿਨਾਂ ਪਿਛੋਂ ਮੋਨਾ ਆਪਣੇ ਪਿਤਾ ਪਾਸ ਚਲੀ ਗਈ ਤਾਂ ਅਲਬਰਟ ਨੇ ਕੁਝ ਦਿਨਾਂ ਲਈ ਹਵਾ-ਖੋਰੀ ਤੇ ਸੈਰ ਲਈ ਪਿੰਡਾਂ ਵਿਚ ਵਿਚਰਨ ਦੀ ਖਾਹਿਸ਼ ਜ਼ਾਹਿਰ ਕੀਤੀ। ਮੈਂ ਖੁਸ਼ੀ ਨਾਲ ਆਗਿਆ ਦੇ ਦਿੱਤੀ ਪਰ ਉਸ ਨਾਲ ਜਾਣ ਦੀ ਇੱਛਾ ਪ੍ਰਗਟ ਕੀਤੀ। ਉਹ ਬੜੀ ਨਿਮਰਤਾ ਨਾਲ ਕਹਿਣ ਲੱਗਾ; “ਪਿਤਾ ਜੀ! ਮੈਨੂੰ ਆਪ ਦੇ ਨਾਲ ਜਾ ਕੇ ਬੜੀ ਖੁਸ਼ੀ ਹੁੰਦੀ, ਪਰ ਮੈਂ ਕੁਝ ਦਿਨ ਇਕਾਂਤ ਵਿਚ ਰਹਿਣਾ ਚਾਹੁੰਦਾ ਹਾਂ ਤੇ ਆਪਦੇ ਨਾਲ ਜਾਣ ਨਾਲ ਅਜਿਹਾ ਹੋਣਾ ਮੁਸ਼ਕਿਲ ਹੈ, ਇਸ ਲਈ ਮੈਨੂੰ ਇਕੱਲਿਆਂ ਜਾਣ ਦੀ ਆਗਿਆ ਦਿਓ।”
ਤਿੰਨ ਚਾਰ ਦਿਨਾਂ ਪਿੱਛੋਂ, ‘ਅਲਬਰਟ ਦੀ ਲਾਸ਼’ ਮੇਰੇ ਦਰਵਾਜ਼ੇ ਉਤੇ ਰੱਖੀ ਹੋਈ ਸੀ। ਛਾਤੀ ਵਿਚ ਗੋਲੀ ਲਗਣ ਕਰਕੇ ਉਸ ਦੀ ਇਕ ਦਮ ਮੌਤ ਹੋ ਗਈ। ਕਾਰਤੂਸਾਂ ਦੀ ਪੇਟੀ ਵਿਚੋਂ ਉਸ ਦੀ ਇਕ ਚਿੱਠੀ ਮਿਲੀ, ਜਿਸ ਦਾ ਇਕ-ਇਕ ਸ਼ਬਦ ਮੇਰੇ ਟੁੱਟੇ ਹੋਏ ਦਿਲ ਨੂੰ ਮਸਲਦਾ ਜਾ ਰਿਹਾ ਸੀ।
“ਪਿਤਾ ਜੀ! ਇਸ ਮੁਸੀਬਤ ਹੱਥੋਂ ਛੁਟਕਾਰਾ ਪਾਣ ਲਈ ਇਕੋ ਇਹ ਰਾਹ ਸੀ। ਕਿੰਨੀ ਸੋਚ ਵਿਚਾਰ ਮਗਰੋਂ ਅਖ਼ੀਰ ਮੈਂ ਇਸ ਫੈਸਲੇ ‘ਤੇ ਪੁੱਜਾ। ਮੈਨੂੰ ਬੜਾ ਦੁੱਖ ਹੈ ਕਿ ਮੈਂ ਇਸ ਤਰ੍ਹਾਂ ਦੁਨੀਆਂ ਤੋਂ ਨੱਠਿਆ ਜਾ ਰਿਹਾ ਹਾਂ, ਪਰ ਕੀ ਕਰਾਂ ਦਿਲ ਇਕੋ ਹੈ, ਜਿਸ ਨੂੰ ਦੇ ਦਿੱਤਾ-ਉਸੇ ਦਾ ਹੋ ਗਿਆ। ਮੇਰਾ ਪ੍ਰੇਮ ਪਵਿੱਤਰ ਹੈ, ਇਹ ਵਿਭਚਾਰੀ ਨਹੀਂ ਹੋ ਸਕਦਾ। ਮੋਨਾ ਮੇਰੇ ਹਿਰਦੇ ਦੀ ਮਾਲਕ ਸੀ, ਪਰ ਕਿਸਮਤ ਨੇ ਮੇਰੇ ਨਾਲ ਵਫ਼ਾ ਨਾ ਕੀਤੀ, ਮੋਨਾ ਮੇਰੀ ਭੈਣ ਨਿਕਲੀ, ਉਸ ਪਵਿੱਤਰ ਮਾਸੂਮ ਕੁੜੀ ਨੂੰ ਇਸ ਗੱਲ ਦਾ ਪਤਾ ਨਾ ਲੱਗਣ ਦੇਣਾ। ਚੰਗੀ ਗੱਲ ਤਾਂ ਇਹ ਹੈ ਕਿ ਮੇਰੇ ਆਤਮਘਾਤ ਨੂੰ ਹਾਦਸੇ ਨਾਲ ਹੋਈ ਮੌਤ ਜ਼ਾਹਿਰ ਕੀਤਾ ਜਾਏ। ਤੁਹਾਨੂੰ ਮੇਰੀ ਮੌਤ ਨਾਲ ਜੋ ਦੁੱਖ ਹੋਏਗਾ, ਉਸ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਪਰ ਮਜ਼ਬੂਰ ਹਾਂ ਪਿਆਰੇ ਪਿਤਾ ਜੀ! ਮੈਨੂੰ ਖਿਮਾ ਕਰ ਦੇਣਾ।”
ਦੋ ਸਾਲ ਹੋਰ ਗੁਜ਼ਰ ਗਏ। ਇਸ ਅਰਸੇ ਵਿਚ ਮੋਨਾ ਦਾ ਸਾਡੇ ਘਰ ਆਈ-ਜਾਣਾ ਬਰਾਬਰ ਜਾਰੀ ਰਿਹਾ। ਉਹ ਯਥਾਸ਼ਕਤ ਮੇਰਾ ਦੁੱਖ ਘੱਟ ਕਰਨ ਦੀ ਕੋਸ਼ਿਸ਼ ਕਰਦੀ, ਪਰ ਉਹ ਤਾਂ ਕਬਰ ਤੀਕ ਮੇਰਾ ਸਾਥ ਦੇਣ ਵਾਲਾ ਦੁੱਖ ਸੀ। ਮੋਨਾ ਨੂੰ ਅਜੇ ਤੱਕ ਆਪਣੇ ਜਨਮ ਦਾ ਹਾਲ ਪਤਾ ਨਹੀਂ ਲੱਗ ਸਕਿਆ।

 Guy de Maupassant

Unknown

You may also like