ਕੁਦਰਤ ਦਾ ਵਰਦਾਨ ਜ਼ਿੰਦਗੀ

by Sandeep Kaur

ਜ਼ਿੰਦਗੀ ਇੱਕ ਗੇਮ ਦੀ ਤਰਾਂ ਏ , ਅਜੀਬ ਤਰਾਂ ਦੀ ਗੇਮ , ਜਿਸ ਵਿੱਚ ਇਨਸਾਨ ਬੈਟ ਫੜ੍ਹ ਕੇ ਖੜਾ ਏ ਕ੍ਰੀਜ਼ ਤੇ ,ਕੋਈ ਵਿਕਟ ਕੀਪਰ ਨਹੀ , ਕੋਈ ਫੀਲਡਰ ਨਹੀਂ , ਪਰ ਕੁਦਰਤ ਰੁਕ ਰੁਕ ਕੇ ਗੇਂਦ ਸੁੱਟ ਰਹੀ ਏ , ਮੌਕਿਆਂ ਦੇ ਰੂਪ ਵਿੱਚ । ਪਰ ਇਹ ਇਨਸਾਨ ਤੇ ਨਿਰਭਰ ਏ ਕਿ ਉਹ ਗੇਂਦ ਦੀ ਕਿੰਨੀ ਕੁ ਰੀਝ ਨਾਲ ਉਡੀਕ ਕਰਦਾ ਏ ਤੇ ਕਿੰਨੇ ਕੁ ਉਤਸ਼ਾਹ ਨਾਲ ਬੈਟ ਘੁੰਮਾਉਂਦਾ ਏ,ਚੌਕਾ ਮਾਰਦਾ ਏ ਜਾਂ ਛੱਕਾ ।
ਕਿ ਜਾਂ ਅਵੇਸਲਾ ਹੋ ਕੇ ਮੂੰਹ ਤੇ ਬਾਊੰਸਰ ਖਾ ਲੈਂਦਾ ਏ , ਡਿੱਗ ਪੈਂਦਾ ਏ ਹੋਸ਼ ਗਵਾ ਕੇ ।
ਪਰ ਕੁਦਰਤ ਤਾਂ ਗੇਂਦਾਂ ਸੁੱਟਦੀ ਏ , ਲਗਾਤਾਰ, ਥੋੜੇ ਥੋੜੇ ਵਕਫ਼ੇ ਬਾਅਦ। ਖਿਡਾਰੀ ਉਸ ਗੇਂਦ ਨੂੰ ਹਿੱਟ ਕਰੇ ਜਾਂ ਨਾ ਕਰੇ ।
ਤੇ ਇਸ ਗੇਂਮ ਵਿੱਚ ਇਨਸਾਨ ਆਊਟ ਵੀ ਨਹੀ ਹੁੰਦਾ ,ਬੱਸ ਥੱਕ ਕੇ ਬਹਿ ਜਾਂਦਾ ਏ,ਕਿਸਮਤ ਨੂੰ ਕੋਸਦਾ ਏ ਕਿ ਕੋਈ ਢੰਗ ਦੀ ਗੇਂਦ ਈ ਨਹੀ ਸੁੱਟਦੀ , ਜਦੋਂ ਵੀ ਹਿੰਮਤ ਛੱਡਦਾ ਏ ਤਾਂ ਖੇਡਣਾ ਈ ਛੱਡਦਾ ਏ । ਹਰ ਪਲ ਗੇਂਦਾਂ ਸੁੱਟਦੀ ਏ ਜ਼ਿੰਦਗੀ , ਕਿਸੇ ਵੀ ਵਕਤ ਹਿੰਮਤ ਕਰੋ ਤੇ ਫੜੇ ਬੈਟ , ਮਾਰੋ ਛੱਕਾ ,ਦੇਹ ਦਨਾ ਦਨ ।
ਮੌਕੇ ਗੇਂਦਾਂ ਈ ਤਾਂ ਨੇ, ਆਫ਼ਤ ਸਮਝੀਏ ਜਾਂ ਅਵਸਰ , ਸਾਰਾ ਦਾਰੋ-ਮਦਾਰ ਸੋਚ ਤੇ ਈ ਐ ।
ਕਿਹੜਾ ਖਿਡਾਰੀ ਏ ਜੀਹਨੇ ਕਦੀ ਸੱਟ ਨਾ ਖਾਧੀ ਹੋਵੇ , ਪਰ ਦੁਨੀਆਂ ਉਹਨਾ ਨੂੰ ਸਿਜਦਾ ਕਰਦੀ ਏ ਜੋ ਫੱਟੜ ਹੋਣ ਤੇ ਬਾਅਦ ਵੀ ਸਿਹਤਯਾਬੀ ਦੀ ਤਮੰਨਾ ਰੱਖਦੇ ਨੇ । ਚੌਕੇ ਛੱਕੇ ਨਹੀ ਤਾਂ ਇੱਕਾ ਦੁੱਕਾ ਦੌੜਾਂ ਈ ਸਹੀ, ਡਟੇ ਰਹਿੰਦੇ ਨੇ ਮੈਦਾਨ ਵਿੱਚ ।
ਮੇਰੇ ਸਾਹਵੇ ਦੋ ਮਿਸਾਲਾਂ ਨੇ ਪੰਜਾਬ ਦੀਆਂ ।
ਪਹਿਲੀ ,
ਇੱਕ ਨੌਜਵਾਨ ,ਪੜ੍ਹ ਲਿਖਕੇ ,ਡਿਗਰੀਆਂ ਦਾ ਥੱਬਾ ਇਕੱਠਾ ਕਰਕੇ ਦਰ ਦਰ ਸਰਕਾਰੀ ਨੌਕਰੀ ਲਈ ਲੇਲ੍ਹੜੀਆਂ ਕੱਢਦਾ ਰਿਹਾ , ਜ਼ਿੰਦਗੀ ਨੇ ਗੇਂਦਾਂ ਸੁੱਟੀਆਂ ਹੋਣਗੀਆਂ ,ਚੌਕੇ ਛੱਕੇ ਨਹੀ ਵੱਜੇ, ਬੈਟ ਭਵਾਂ ਕੇ ਮਾਰਿਆ ਕੰਧ ਨਾਲ, ਤੇ ਆਪ ਤੁਰਦਾ ਬਣਿਆਂ , ਸਕੋਰ ਬੋਰਡ ਖਾਲ਼ੀ ਛੱਡ ਤੁਰ ਗਿਆ , ਦੁਨੀਆਂ ਤੇ ਕੂਚ ਤਰ ਗਿਆ ।
ਤੇ ਦੂਜੀ ,
ਇੱਕ ਇਵੇਂ ਦਾ ਈ ਪੜ੍ਹਿਆ ਲਿਖਿਆ ਇੱਕ ਹੋਰ ਨੌਜਵਾਨ ,ਨੌਕਰੀਆਂ ਨੂੰ ਜੁੱਤੀ ਦੀ ਨੋਕ ਤੇ ਰੱਖ ਕੇ ਆਪ ਮੋਰਚਾ ਸੰਭਾਲ਼ਦਾ ਏ , ਬਰਗਰਾਂ ਦੀ ਰੇੜ੍ਹੀ ਲਾਉੰਦਾ ਏ । ਕੁਦਰਤ ਮਿਹਰਬਾਨ ਹੁੰਦੀ ਏ । ਰੇੜ੍ਹੀ ਤੇ ਸੋਲਰ ਪੈਨਲ ਲਵਾਉਂਦਾ ਏ। ਨੌਕਰੀ ਲੱਭਣ ਦੀ ਥਾਂ ਤਿੰਨ ਹੋਰ ਨੌਜਵਾਨਾਂ ਨੂੰ ਵੀ ਰੁਜ਼ਗਾਰ ਦਿੰਦਾ ਏ । ਮੈਂ ਪੜ੍ਹ ਰਿਹਾ ਸੀ ਕਿ ਪੰਜ ਹਜ਼ਾਰ ਰੁਪਏ ਤੋਂ ਵੀ ਜਿਆਦਾ ਦਿਹਾੜੀ ਪਾ ਰਿਹਾ ਏ ਰੋਜ਼ਾਨਾ ।
ਕਿਸਨੂੰ ਹੀਰੋ ਕਹੋਗੇ ?
ਜ਼ਿੰਦਗੀ ਤੋ ਭਗੌੜੇ ਨੂੰ ਜਾਂ ਜ਼ਿੰਦਗੀ ਨੂੰ ਨਵੇਂ ਮੁਕਾਮ ਤੇ ਲਿਜਾਣ ਵਾਲੇ ਨੂੰ ।
ਕਦੀ ਜ਼ਿੰਦਗੀ ਫਾਲਤੂ ਜਾਪੇ ਤਾਂ ਮਿਲਿਓ ਕਿਸੇ ਕੈਂਸਰ ਦੇ ਮਰੀਜ਼ ਨੂੰ,ਕਦੀ ਵੇਦਨਾ ਜਾਣਿਓ ਉਸ ਬੰਦੇ ਦੀ ਜਿਸਦੇ ਦੋਵੇਂ ਗੁਰਦੇ ਫ਼ੇਲ੍ਹ ਹੋਣ ਤੋ ਬਾਅਦ ਮੌਤ ਦੇ ਬਲੈਕ ਹੋਲ ਵੱਲ ਸਰਕ ਰਿਹਾ ਏ ਪਲ ਪਲ । ਇਹ ਬੋਝਲ ਜਿਹਾ ਸਰੀਰ ਵੀ ਰੱਬੀ ਰਹਿਮਤ ਦਿਖਾਈ ਦੇਵੇਗਾ । ਇੱਕ ਚਮਤਕਾਰ ਦਿਸੇਗਾ ।
ਸਫਰ ਕਰਦਿਆਂ ਅੱਖ ਵਿੱਚ ਕਚਰਾ ਪੈ ਜਾਵੇ ਤਾਂ ਰੁਕਣਾ ਪੈ ਸਕਦਾ ਏ, ਪਰ ਪਾਣੀ ਦੇ ਛਿੱਟੇ ਮਾਰ ਕੇ, ਅੱਖਾਂ ਸਾਫ ਕਰਨਾ ਤੇ ਸਫਰ ਤੇ ਤੁਰ ਪੈਣਾ ਈ ਸਮਝਦਾਰੀ ਏ , ਭੀੜ ਵਿੱਚ ਤੁਰੇ ਰਹਿਣਾ ਈ ਅਕਲਮੰਦੀ ਏ, ਲੰਮੇ ਪੈ ਗਏ ਤਾਂ ਲਿਤੜੇ ਜਾਵਾਂਗੇ , ਦੋਸ਼ੀ ਕੋਈ ਹੋਰ ਨਹੀ, ਅਸੀਂ ਖ਼ੁਦ ਹੋਵਾਂਗੇ ।
ਹਿੰਮਤ ਏ ਮਰਦਾਂ
ਮਦਦ ਏ ਖੁਦਾ ।
ਹਿੱਕ ਤੇ ਪਿਆ ਅੰਬ ਮੂੰਹ ਤੀਕਰ ਲਿਜਾਣਾ ਇਨਸਾਨੀ ਫਰਜ ਏ, ਅਗਰ ਉਡੀਕਦੇ ਰਹੇ ਕਿ ਰਸ ਵੀ ਆਪੇ ਈ ਮੂੰਹ ਪੈ ਜਾਵੇ ਤਾਂ ਗ਼ਫ਼ਲਤ ਚ ਓ, ਅੰਬ ਗਲ਼ ਜਾਵੇਗਾ, ਤਾਕਤ ਦੀ ਥਾਂ ਬਦਬੂ ਦੇਵੇਗਾ ।

ਦਵਿੰਦਰ ਸਿੰਘ ਜੌਹਲ

You may also like