ਕਰਮੋ ਤੇ ਧਰਮੋ ਦੋਵੇਂ ਡੇਰੇ ਵਾਲੇ ਬਾਬੇ ਦੇ ਗਈਆਂ । ਕਰਮੋ ਘਰ ਦੇ ਨਿੱਤ ਦੇ ਕਲੇਸ਼ ਤੋਂ ਬਹੁਤ ਦੁਖੀ ਸੀ । ਉਸ ਨੇ ਜਾਂਦਿਆਂ ਆਪਣੀ ਦੁੱਖ ਭਰੀ ਕਹਾਣੀ ਦੱਸਣੀ ਸ਼ੁਰੂ ਕੀਤੀ , ‘ਬਾਬਾ ਜੀ , ਮੇਰਾ ਪਤੀ ਸ਼ਰਾਬੀ ਏ , ਉਹ ਸ਼ਰਾਬ ਪੀ ਕੇ ਬੜੀ ਕੁੱਟ-ਮਾਰ ਕਰਦਾ ਏ , ਕੱਲ੍ਹ ਮੈਂ ਲੋਕਾਂ ਦੇ ਕੱਪੜੇ ਧੋਣ ਗਈ ਹੋਈ ਸੀ । ਜਦੋਂ ਮੈਂ ਘਰ ਆਈ ਉਸ ਨੇ ਮੁੰਡੇ ਨੂੰ ਕੁੱਟ-ਕੁੱਟ ਅਧਮੋਇਆ ਕੀਤਾ ਹੋਇਆ ਸੀ । ਮੇਰੇ ਕੋਲੋਂ ਪੈਸੇ ਖੋਹ ਕੇ ਚਲਾ ਗਿਆ , ਅਜੇ ਤਕ ਨਹੀਂ ਆਇਆ ।’
ਬਾਬਾ ਜੀ ਨੇ ਅੱਖਾਂ ਬੰਦ ਕਰਕੇ ਉਸ ਦੇ ਸਿਰ ਤੇ ਹੱਥ ਰੱਖਦਿਆਂ ਮੂੰਹ ਵਿਚ ਮੰਤਰ ਉਚਾਰਨ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੇ ਸੇਵਕ ਨੇ ਕਰਮੋ ਵੱਲ ਇਸ਼ਾਰਾ ਕਰਕੇ ਕਿਹਾ “ਮਾਤਾ ! ਇਥੇ ਦਖ਼ਸ਼ਨਾ ਰੱਖ ਦੇ । ਮੰਤਰ ਪੜ੍ਹਨ ਤੋਂ ਬਾਦ ਬਾਬਾ ਜੀ ਨੇ ਚਾਰ ਪੰਜ ਪੁੜ੍ਹੀਆਂ ਦੇਂਦੇ ਕਿਹਾ , “ਇਨ੍ਹਾਂ ਨੂੰ ਪਾਣੀ ਵਿਚ ਘੋਲ ਕੇ ਘਰ ਦੇ ਅੰਦਰ ਛਿਡ਼ਕ ਦੇਣਾ ,ਘਰ ਵਿਚ ਖੁਸ਼ਹਾਲੀ ਹੋ ਜਾਏਗੀ ।”
ਉਹ ਡੇਰੇ ਵਿਚੋਂ ਬਾਹਰ ਆਈਆਂ । ਬਾਬਾ ਜੀ ਵੀ ਕਾਰ ਵਿਚ ਬੈਠ ਕੇ ਚਲੇ ਗਏ ।
“ਦੇਖ ਨੀ ! ਬਾਬਾ ਜੀ ਦੀ ਕਾਰ।” ਕਰਮੋ ਨੇ ਖੁਸ਼ ਹੁੰਦਿਆਂ ਕਿਹਾ । “ਇਹ ਬਾਬਾ ਜੀ ਦਾ ਘਰ ਲੱਗਦਾ ਹੈ । ਪਰ …… ਏਨੇ ਰੋਲੇ ਦੀ ਅਵਾਜ ਕੀ ਆ ਰਹੀ ਹੈ ?”
‘ਚਲ ਨਿਕਲ ਘਰੋਂ ਬਾਹਰ ! ਕੁੱਤੀ ਨਾ ਹੋਵੇ ਤਾਂ !’ ਉਹ ਸਾਫ ਆਵਾਜ਼ ਸੁਣਨ ਲਈ ਗੇਟ ਦੇ ਕੋਲ ਆ ਗਈਆਂ । ਬਾਬਾ ਜੀ , ਆਪਣੀ ਪਤਨੀ ਨੂੰ ਗੁੱਤ ਤੋਂ ਪਕੜੀ ਬਾਹਰ ਘਸੀਟ ਰਹੇ ਸਨ । ਉਨ੍ਹਾਂ ਨੂੰ ਦੇਖ , ਬਾਬਾ ਜੀ ਅੰਦਰ ਚਲੇ ਗਏ । ਉਨ੍ਹਾਂ ਦੀ ਪਤਨੀ ਹੱਥਾਂ ਦੀਆਂ ਉਂਗਲਾਂ ਨਾਲ ਵਾਲ ਠੀਕ ਕਰਦੀ ਬਾਹਰ ਨੂੰ ਚਲੀ ਗਈ । ਉਹ ਹੱਕੀਆਂ-ਬੱਕੀਆਂ ਖੁਸ਼ਹਾਲੀ ਬਾਰੇ ਸੋਚ ਰਹੀਆਂ ਸਨ ।