ਇਤਬਾਰ
ਦੋਸਤ ਨੇ ਬੜੀ ਪੂਰਾਨੀ ਗੱਲ ਸੁਣਾਈ…
ਜਲੰਧਰ ਲਾਗੇ ਖੋਲੀ ਕਰਿਆਨੇ ਦੀ ਦੁਕਾਨ ਲਈ ਇੱਕ ਕੰਮ ਕਾਜੀ ਮੁੰਡੇ ਦੀ ਲੋੜ ਸੀ..
ਦਿਮਾਗ ਵਿਚ ਬਾਰ ਬਾਰ ਇੱਕ ਮੁੰਡੇ ਦੀ ਸ਼ਕਲ ਆਈ ਜਾਵੇ..
ਇੱਕ ਦਿਨ ਬਹਾਨੇ ਨਾਲ ਉਸ ਦੁਕਾਨ ਤੇ ਚਲਾ ਗਿਆ ਜਿਥੇ ਉਹ ਕੰਮ ਕਰਿਆ ਕਰਦਾ ਸੀ..ਫੁਰਤੀ ਦੇਖਣ ਵਾਲੀ ਸੀ ਉਸ ਦੀ…ਹਰ ਕੰਮ ਭੱਜ ਭੱਜ ਕੇ ਕਰ ਰਿਹਾ ਸੀ…
ਗੱਲ ਅਜੇ ਗ੍ਰਾਹਕ ਦੇ ਮੂੰਹ ਵਿਚ ਹੁੰਦੀ ਕੇ ਲਿਆ ਸੌਦਾ ਸਾਮਣੇ ਢੇਰੀ ਕਰ ਦਿੰਦਾ..
ਆਪ ਹੀ ਪੈਸੇ ਫੜਦਾ..ਆਪ ਹੀ ਗੱਲੇ ਵਿਚ ਪਾਉਂਦਾ..ਮਾਲਕ ਸਰਦਾਰ ਜੀ ਨੁੱਕਰ ਵਿਚ ਬੈਠੇ ਬੱਸ ਫੋਨ ਤੇ ਕਿਸੇ ਨਾਲ ਗੱਲ ਕਰ ਰਹੇ ਹੁੰਦੇ ਸਨ..
ਇੱਕ ਦਿਨ ਦੁਕਾਨ ਬੰਦ ਕਰ ਕੇ ਘਰੇ ਜਾਂਦੇ ਨੂੰ ਰੋਕ ਲਿਆ ਤੇ ਆਖਿਆ ਕੇ ਯਾਰ ਸਾਨੂੰ ਵੀ ਆਪਣੀ ਦੁਕਾਨ ਵਾਸਤੇ ਕੋਈ ਆਪਣੇ ਵਰਗਾ ਮੁੰਡਾ ਲੱਭ ਦੇ..
ਅੱਗੋਂ ਆਖਣ ਲੱਗਾ ਕੇ ਕੋਈ ਮਸਲਾ ਹੀ ਨਹੀਂ ਅੰਕਲ ਜੀ..ਬੱਸ ਦੋ ਦਿਨ ਦੇ ਦੀਓ…ਲੱਭ ਦਿਆਂਗਾ..
ਛੇਤੀ ਨਾਲ ਮੁੱਦੇ ਤੇ ਆਉਂਦਿਆਂ ਚੋਟ ਮਾਰ ਦਿੱਤੀ…”ਯਾਰ ਤੂੰ ਹੀ ਕਿਓਂ ਨਹੀਂ ਆ ਜਾਂਦਾ…ਤਨਖਾਹ ਵੀ ਵੱਧ ਦਿਆਂਗੇ ਤੇ ਸਹੂਲਤਾਂ ਵੀ..”
ਅੱਗੋਂ ਹੱਸ ਪਿਆ ਤੇ ਆਖਣ ਲੱਗਾ ਕੇ ਅੰਕਲ ਜੀ ਤੁਸੀਂ ਆਪਣੀ ਦੁਕਾਨ ਲਈ ਨੌਕਰ ਲੱਭ ਰਹੇ ਹੋ ਤੇ ਜਿਹਨਾਂ ਕੋਲ ਕੰਮ ਕਰਦਾ ਹਾਂ ਉਹ ਮੈਨੂੰ ਮਾਲਕ ਮੰਨਦੇ ਨੇ..ਮਾਲਕੀ ਛੱਡਕੇ ਨੌਕਰ ਨਹੀਂ ਬਣਿਆ ਜਾਣਾ ਮੈਥੋਂ…!
ਇਸਤੋਂ ਪਹਿਲਾਂ ਕੇ ਕੁਝ ਸਮਝ ਆਉਂਦੀ ਉਹ ਸਕੂਟਰ ਨੂੰ ਕਿੱਕ ਮਾਰ ਦੂਰ ਜਾ ਚੁੱਕਿਆ ਸੀ..!
ਸਾਰੀ ਰਾਤ ਉਸਦੀ ਆਖੀ ਗੱਲ ਦਿਮਾਗ ਵਿਚ ਘੁੰਮਦੀ ਰਹੀ….
ਕੁਝ ਦਿਨ ਬਾਅਦ ਇੱਕ ਹੋਰ ਮੁੰਡਾ ਸਾਡੀ ਦੁਕਾਨ ਤੇ ਆਇਆ…ਹੱਥ ਜੋੜ ਆਖਣ ਲੱਗਾ ਨੌਕਰ ਰੱਖ ਲਵੋ..ਲੋੜਵੰਦ ਹਾਂ…ਜੋ ਆਖੋਗੇ ਕਰਾਂਗਾ…ਆਖੋ ਤਾਂ ਕਿਸੇ ਤੋਂ ਜਾਮਨੀ ਵੀ ਪੁਆ ਦਿੰਨਾ..ਪਰ ਮੈਂ ਆਖਿਆ ਕੇ ਨੌਕਰ ਤੇ ਸਾਨੂੰ ਚਾਹੀਦਾ ਹੀ ਨਹੀਂ..ਸਾਨੂੰ ਤੇ ਆਪਣੀ ਦੁਕਾਨ ਵਾਸਤੇ ਇੱਕ ਮਾਲਕ ਚਾਹੀਦਾ….ਕਹਿੰਦਾ ਕੀ ਮਤਲਬ?
ਫੇਰ ਉਸਨੂੰ ਸਾਰਾ ਕੁਝ ਸਮਝਾ ਕੇ ਤਿੰਨ ਮਹੀਨੇ ਪ੍ਰੋਬੇਸ਼ਨ ਤੇ ਰੱਖ ਲਿਆ…ਵੀਹ ਸਾਲ ਹੋ ਗਏ ਅਜੇ ਤੱਕ ਸਾਰੀ ਦੁਕਾਨ ਦੀ ਜੁੰਮੇਵਾਰੀ ਕੱਲੇ ਸਿਰ ਏ…!
ਸੋ ਦੋਸਤੋ ਇਸ ਜਹਾਨ ਵਿਚ ਇਤਬਾਰ ਨਾਮ ਦਾ ਤੰਦੂਰ ਤਪਾਉਂਦਿਆਂ ਉਮਰਾਂ ਲੰਘ ਜਾਂਦੀਆਂ ਨੇ ਤੇ ਜਦੋਂ ਇਹ ਠੰਡਾ ਪੈਣ ਤੇ ਆਉਂਦਾ ਏ ਤਾਂ ਘੜੀਆਂ ਪਲਾਂ ਵਿਚ ਅਹੁ ਗਿਆ..ਅਹੁ ਗਿਆ ਹੋ ਜਾਂਦੀ ਏ