ਪਿੰਜਰਾ

by Manpreet Singh

ਪਿੰਜਰਾ

ਨੱਬੇ-ਕਾਨਵੇਂ ਦੀ ਗੱਲ ਏ…ਮੈਨੂੰ ਉੱਡਦੇ ਪੰਛੀ ਫੜਨ ਦਾ ਵੱਡਾ ਜਨੂਨ ਹੁੰਦਾ ਸੀ…
ਇੱਕ ਵਾਰ ਉਚੇ ਰੁੱਖ ਦੀ ਖੁੱਡ ਵਿਚੋਂ ਗਾਨੀ ਵਾਲਾ ਤੋਤਾ ਫੜ ਪਿੰਜਰੇ ਵਿਚ ਡੱਕ ਦਿੱਤਾ..!
ਵੇਹੜੇ ਬੈਠੀ ਦਾਦੀ ਨੇ ਬਥੇਰੇ ਵਾਸਤੇ ਪਾਏ ਕੇ ਬੇਜ਼ੁਬਾਨ ਤੇ ਜ਼ੁਲਮ ਨਾ ਕਰ…ਪਰ ਕੋਈ ਅਸਰ ਨਾ ਹੋਇਆ…!
ਓਹਨੀ ਦਿੰਨੀ ਗਿਆਰਵੀਂ ਵਿਚ ਦਾਖਲੇ ਲਈ ਬਟਾਲੇ ਆਉਂਦਿਆਂ ਆਲੀਵਾਲ ਦੀ ਨਹਿਰ ਤੇ ਲੱਗੇ ਨਾਕੇ ਤੇ ਸਾਨੂੰ ਬੱਸੋਂ ਹੇਠਾਂ ਲਾਹ ਲਿਆ..
ਲਾਈਨ ਬਣਾ ਕੇ ਇੱਕ ਕਾਲੇ ਸ਼ੀਸ਼ਿਆਂ ਵਾਲੀ ਜਿਪਸੀ ਮੂਹਰਿਓਂ ਲੰਘਾਇਆ ਗਿਆ…ਅੰਦਰੋਂ ਕਿਸੇ ਦੇ ਇਸ਼ਾਰੇ ਤੇ ਮੈਨੂੰ ਬਾਕੀਆਂ ਨਾਲੋਂ ਅੱਡ ਕਰ ਬਟਾਲੇ ਦੀ ਬੀਕੋ ਪੁੱਛਗਿੱਛ ਕੇਂਦਰ ਲਿਆ ਡੱਕਿਆ…
ਕੁਝ ਘੰਟਿਆਂ ਬਾਅਦ ਇੱਕ ਵੱਡੇ ਥਾਣੇਦਾਰ ਨੇ ਕੋਲ ਕੁਰਸੀ ਡਾਹ ਲਈ ਤੇ ਪੁੱਛਣ ਲੱਗਾ “ਮੁੰਡੇ ਜਿਹੜੇ ਹਥਿਆਰ ਤੇ ਪੈਸਿਆਂ ਵਾਲੀ ਬੋਰੀ ਰੱਖ ਗਏ ਨੇ ਉਹ ਕਿਥੇ ਲੁਕਾਏ?
ਜਦੋਂ ਮੈਂ ਅਗਿਆਨਤਾ ਦਰਸਾਈ ਤਾਂ ਉਸਨੇ ਗਾਹਲ ਕੱਢਦੇ ਹੋਏ ਨੇ ਡਾਂਗ ਮੇਰੀ ਕੂਹਣੀ ਤੇ ਲਿਆ ਮਾਰੀ..ਮੇਰੀ ਬਾਂਹ ਸੁੰਨ ਹੋ ਗਈ ਤੇ ਮੇਰਾ ਰੋਣ ਨਿੱਕਲ ਗਿਆ..ਹੌਲਦਾਰ ਆਖਣ ਲੱਗਾ ਕੇ ਰੋਣ ਦਾ ਕੋਈ ਫਾਇਦਾ ਨਹੀਂ ਸਚੋਂ ਸੱਚ ਦੱਸ ਦੇ..ਖਹਿੜਾ ਛੁੱਟ ਜਾਵੇਗਾ..!
ਰਾਤ ਨੂੰ ਇੱਕ ਮੋਟੇ ਸਾਰੇ ਜਗਦੇ ਬੱਲਬ ਥੱਲੇ ਬੋ ਮਾਰਦਾ ਕੰਬਲ ਅਤੇ ਪਾਣੀ ਦਾ ਇੱਕ ਗਿਲਾਸ…ਮੈਨੂੰ ਉੱਕਾ ਨੀਂਦ ਨਹੀਂ ਆਈ…!
ਫੇਰ ਤੜਕੇ ਪੁੱਛਗਿੱਛ ਲਈ ਇੱਕ ਵੱਖਰੀ ਜਿਹੀ ਥਾਂ ਲੈ ਗਏ..ਇਸ ਵਾਰ ਚੇਹਰੇ ਹੋਰ ਸਨ ਪਰ ਸੁਆਲ ਓਹੀ…ਤੇ ਮੇਰੇ ਜੁਆਬ ਵੀ ਓਹੀ..!
ਇਸ ਵਾਰ ਓਹਨਾ ਇਸ਼ਾਰਿਆਂ ਚ ਗੱਲਬਾਤ ਕੀਤੀ ਤੇ ਮੈਨੂੰ ਪਟੇ ਤੇ ਲੰਮਾ ਪਾ ਲਿਆ…ਫੇਰ ਜੋ ਹੋਇਆ ਸ਼ਾਇਦ ਸ਼ਬਦਾਂ ਵਿਚ ਬਿਆਨ ਨਾ ਕਰ ਸਕਾਂ..!
ਅੱਧਮੋਏ ਹੋਏ ਨੂੰ ਜਦੋਂ ਹੋਸ਼ ਆਈ ਤਾਂ ਓਹੀ ਹਵਾਲਦਾਰ ਮੂੰਹ ਵਿਚ ਪਾਣੀ ਪਾ ਰਿਹਾ ਸੀ….ਫੇਰ ਇਹ ਸਿਲਸਿਲਾ ਕਿੰਨੇ ਦਿਨ ਹੋਰ ਚੱਲਦਾ ਰਿਹਾ…ਮੈਨੂੰ ਉਸ ਮਾਹੌਲ ਦੀ ਆਦਤ ਜਿਹੀ ਪੈ ਗਈ..!
ਮੈਨੂੰ ਮੇਰੀ ਮਾਂ ਅਤੇ ਘਰ ਦਾ ਵੇਹੜਾ ਬੜਾ ਚੇਤੇ ਆਇਆ ਕਰਦਾ..ਸੋਚਿਆ ਕਰਦਾ ਕੇ ਪਤਾ ਨਹੀਂ ਇਥੋਂ ਬਾਹਰ ਨਿੱਕਲ ਵੀ ਸਕਾਂਗਾ ਕੇ ਨਹੀਂ…!
ਫੇਰ ਇੱਕ ਦਿਨ ਓਸੇ ਹਵਾਲਦਾਰ ਨੇ ਆਸਰਾ ਦੇ ਕੇ ਮੈਨੂੰ ਇਸ਼ਨਾਨ ਕਰਵਾਇਆ..ਸਿਰ ਤੇ ਕੇਸਰੀ ਦਸਤਾਰ ਸਜਾਈ…ਚਿੱਟਾ ਕੁੜਤਾ ਪਜਾਮਾ ਅਤੇ ਫੇਰ ਰੱਜ ਕੇ ਰੋਟੀ..!
ਫੇਰ ਆਥਣ ਵੇਲੇ ਓਹਲੇ ਜਿਹੇ ਨਾਲ ਆਖਣ ਲੱਗਾ ਕੇ ਮਿੱਤਰਾ ਜੇ ਤੇਰੀ ਕਿਸਮਤ ਹੋਈ ਤੇ ਬਚ ਜਾਵੇਂਗਾ ਨਹੀਂ ਤਾਂ ਸਾਡਾ ਮਹਿਕਮਾ ਸਬੂਤ ਨਹੀਂ ਛੱਡਦਾ…ਇਥੇ ਜਿਉਂਦਾ ਲੱਖ ਦਾ ਤੇ ਮੋਇਆ ਡੇਢ ਲੱਖ ਦਾ !

ਮੈਨੂੰ ਗੱਲ ਦੀ ਉੱਕੀ ਸਮਝ ਨਹੀਂ ਆਈ ਪਰ ਲੱਗਣ ਲੱਗਾ ਕੇ ਅੱਜ ਕੁਝ ਵੱਖਰਾ ਹੋਣ ਜਾ ਰਿਹਾ ਏ..
ਫੇਰ ਅਚਾਨਕ ਇੱਕ ਕਰਾਮਾਤ ਹੋਈ…ਐਨ ਮੌਕੇ ਤੇ ਸਿਆਸੀ ਦਬਾਅ ਪੁਆ ਕੇ ਮੈਨੂੰ ਪੂਰੇ ਦਸਾਂ ਦਿੰਨਾ ਮਗਰੋਂ ਰਿਹਾ ਕਰਵਾ ਕੇ ਘਰੇ ਲੈ ਆਂਦਾ ਗਿਆ…

ਮੈਂ ਟਰਾਲੀ ਤੋਂ ਉੱਤਰ ਸਭ ਤੋਂ ਪਹਿਲਾਂ ਭੱਜ ਕੇ ਜਾ ਵੇਹੜੇ ਵਿਚ ਲਮਕਦੇ ਹੋਏ ਪੰਜਰੇ ਵਿਚੋਂ ਗਾਨੀ ਵਾਲਾ ਤੋਤਾ ਰਿਹਾ ਕੀਤਾ..ਫੇਰ ਉਸਨੂੰ ਖੁੱਲੇ ਆਸਮਾਨ ਚੁਗੀਆਂ ਭਰਦੇ ਨੂੰ ਹੋਏ ਨੂੰ ਦੇਖ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਮੇਰੇ ਜਿਸਮ ਤੇ ਪਾਏ ਹੋਏ ਡੂੰਘੇ ਜਖਮਾਂ ਤੇ ਮਰਹਮ ਪੱਟੀ ਕਰ ਰਿਹਾ ਹੋਵੇ!

You may also like