ਫੋਨ ਦੇ ਗੁਲਾਮ

by Manpreet Singh

ਅਪ੍ਰੈਲ ਦੇ ਮਹੀਨੇ ਕਿਸੇ ਨੂੰ ਲੈਣ ਵਿੰਨੀਪੈਗ ਏਅਰਪੋਰਟ ਗਿਆ..
ਫਲਾਈਟ ਘੰਟਾ ਲੇਟ ਸੀ…ਏਧਰ ਓਧਰ ਘੁੰਮਦੇ ਦੀ ਨਜਰ “ਕੇਨ” ਨਾਮ ਦੇ ਇਸ ਗੋਰੇ ਤੇ ਜਾ ਪਈ..ਵਿਚਕਾਰ ਜਿਹੇ ਟੇਬਲ ਤੇ ਕੁਝ ਫਲ ਫਰੂਟ ਰੱਖ ਕਿਸੇ ਕਮੇਡੀ ਸ਼ੋ ਦੀ ਪ੍ਰਮੋਸ਼ਨ ਕਰਨ ਬੈਠਾ ਸੀ..!
ਨਜਰਾਂ ਮਿਲੀਆਂ ਤਾਂ ਅੱਗੋਂ ਹੱਸ ਪਿਆ ਆਖਣ ਲੱਗਾ ਕੇ ਖਾ ਪੀ ਲੈ ਮਿੱਤਰਾ ਕੁਝ..ਸਾਰਾ ਕੁਝ ਮੁਫ਼ਤ ਏ..!
ਮੈਂ ਧੰਨਵਾਦ ਆਖਦਿਆਂ ਦੱਸ ਦਿੱਤਾ ਕੇ ਨਾਸ਼ਤਾ ਕਰ ਕੇ ਆਇਆ ਹਾਂ…
ਆਖਣ ਲੱਗਾ ਕੇ ਅੱਜ ਜਿੰਨਿਆਂ ਨੂੰ ਵੀ ਸੁਲਾ ਮਾਰੀ..ਸਾਰਿਆਂ ਦਾ ਬੱਸ ਏਹੀ ਜੁਆਬ ਸੀ..ਕਹਿੰਦਾ ਲੋਕੀ ਫੋਨਾਂ ਦੇ ਗੁਲਾਮ ਹੋ ਬਣ ਕੇ ਰਹਿ ਗਏ ਨੇ…ਇੱਕ ਮਿੰਟ ਵੀ ਹੈਨੀ ਕਿਸੇ ਕੋਲ ਇੱਕ ਦੂਜੇ ਨਾਲ ਗੱਲ ਕਰਨ ਦਾ..ਗੂੰਗੇ-ਬੋਲਿਆਂ ਦਾ ਪਲੈਨੇਟ ਬਣ ਗਈ ਏ ਇਹ ਸਾਰੀ ਦੁਨੀਆ..!

ਮੈਂ ਕੋਲ ਖਾਲੀ ਪਈ ਕੁਰਸੀ ਤੇ ਬੈਠਦਿਆਂ ਪੁੱਛ ਲਿਆ ਕੇ ਮਿੱਤਰਾ ਦੱਸ ਤਾਂ ਸਹੀ ਕਿੱਦਾਂ ਦੀ ਹੁੰਦੀ ਸੀ ਤੇਰੇ ਵੇਲੇ ਦੀ ਦੁਨੀਆ?
ਗੱਲਾਂ ਗੱਲਾਂ ਵਿਚ ਹੀ ਮੈਨੂੰ ਆਪਣੇ ਸੱਠ ਕਿਲੋਮੀਟਰ ਦੂਰ ਪਿੰਡ ਦੇ ਸੋਹਣੇ ਜਿਹੇ ਫਾਰਮ ਹਾਊਸ ਤੇ ਲੈ ਗਿਆ ਤੇ ਆਖਣ ਲੱਗਾ ਕੇ ਇੱਕ ਟਾਈਮ ਹੁੰਦਾ ਸੀ ਲੋਕੀ ਇੱਕ ਦੂਜੇ ਦੇ ਸਾਹਾਂ ਨਾਲ ਸਾਹ ਲਿਆ ਕਰਦੇ ਸਨ…ਕੁਦਰਤੀ ਪੇਂਡੂ ਮਾਹੌਲ ਵਿਚ ਆਪਸੀ ਪਿਆਰ ਮੁਹੱਬਤ ਦੇ ਦਰਿਆ ਵਗਿਆ ਕਰਦੇ ਸਨ..ਇੱਕ ਬਿਮਾਰ ਹੁੰਦਾ ਤੇ ਸਾਰਾ ਪਿੰਡ ਖਬਰ ਲੈਣ ਆ ਜਾਇਆ ਕਰਦਾ…ਬਾਹਰੀ ਵਿਖਾਵਾ,ਸ਼ੋਸ਼ੇ-ਬਾਜੀਆਂ ਤੇ ਘਟੀਆ ਬਨਾਉਟੀ ਪਣ ਕੀ ਸ਼ੈਵਾਂ ਹੁੰਦੀਆਂ ਨੇ..ਕਿਸੇ ਨੂੰ ਕੁਝ ਨਹੀਂ ਸੀ ਪਤਾ ਹੁੰਦਾ!

ਲੰਮਾ ਸਾਹ ਭਰ ਆਖਣ ਲੱਗਾ ਕੇ ਅੱਜ ਕੱਲ ਖੁਸ਼ ਹੋ ਕੇ ਬਾਕੀ ਦੁਨੀਆਂ ਨੂੰ ਦਿਖਾਉਣਾ ਇਨਸਾਨ ਦੀ ਮਜਬੂਰੀ ਬਣਾ ਦਿੱਤੀ ਗਈ ਹੈ..ਪਹਿਲਾਂ ਪੁੱਠੇ ਸਿਧੇ ਤਰੀਕਿਆਂ ਨਾਲ ਪੈਸੇ ਕਮਾਉਂਦੇ ਨੇ ਤੇ ਫੇਰ ਇਸਦੀ ਭੱਦੀ ਨੁਮਾਇਸ਼ ਲੱਗਦੀ ਹੈ ਤੇ ਫੇਰ ਇਹ ਭਰਮ ਪਾਲ ਲਿਆ ਜਾਂਦਾ ਏ ਕੇ ਹੁਣ ਬਾਕੀ ਦੀ ਦੁਨੀਆ ਇਸ ਬੇਹੂਦਾ ਨੁਮਾਇਸ਼ ਦਾ ਰੋਹਬ ਝੱਲੂਗੀ..ਜਦੋਂ ਰੋਹਬ ਨਹੀਂ ਝੱਲਦੀ ਤਾਂ ਇਹ ਜੈਨਰੇਸ਼ਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੀ…ਬੱਸ ਏਹੀ ਜੜ ਏ ਸਾਰੇ ਪੁਆੜਿਆਂ ਦੀ..!

ਕੁਝ ਦਿਨ ਪਹਿਲਾਂ ਵਾਪਰੀ ਇੱਕ ਘਟਨਾ ਬਾਰੇ ਦੱਸਣ ਲੱਗਾ….
ਸ਼ਹਿਰੋਂ ਗਈਆਂ ਦੋਵੇਂ ਪੋਤਰੀਆਂ ਡਿਨਰ ਟੇਬਲ ਤੇ ਕੋਲ ਕੋਲ ਬੈਠੀਆਂ ਇੱਕ ਦੂਜੇ ਨਾਲ ਟੈਕਸਟਿੰਗ ਕਰ ਰਹੀਆਂ ਸਨ…ਮੈਨੂੰ ਇਹ ਦੇਖ ਗੁੱਸਾ ਚੜ ਗਿਆ ਕੇ ਏਨੀ ਨਜਦੀਕੀ ਹੈ ਤਾਂ ਵੀ ਟੈਕਸਟਿੰਗ..ਦੋਹਾ ਦੇ ਫੋਨ ਖੋਹ ਲਏ ਤੇ ਵਾਈ-ਫਾਈ ਕਨੈਕਸ਼ਨ ਆਫ ਕਰ ਦਿੱਤਾ…ਗੁੱਸੇ ਹੋ ਗਈਆਂ..ਅਗਲੇ ਦਿਨ ਤੜਕੇ ਹੀ ਵਾਪਿਸ ਸ਼ਹਿਰ ਮੁੜ ਗਈਆਂ…
ਕਹਿੰਦਾ ਉਹ ਟਾਈਮ ਦੂਰ ਨਹੀਂ ਜਦੋਂ ਮੂੰਹ ਵਿਚ ਬੁਰਕੀ ਪਾਉਣ ਲਈ ਵੀ ਲੋਕਾਂ ਮਸ਼ੀਨ ਲੱਭਿਆ ਕਰਨੀ ਏ…ਉਸਦੀ ਗੱਲ ਸੁਣ ਮੈਨੂੰ ਪੁਰਖਿਆਂ ਦੀ ਆਖੀ ਚੇਤੇ ਆ ਗਈ ਕੇ ਉਹ ਦਿਨ ਦੂਰ ਨਹੀਂ ਜਦੋਂ ਬੈਗਨ ਤੇ ਤਰਾਂ ਵੀ ਪੌੜੀ ਲਾ ਕੇ ਤੋੜੀਆਂ ਜਾਇਆ ਕਰਨਗੀਆਂ.!
ਉਹ ਗੱਲਾਂ ਕਰੀ ਜਾ ਰਿਹਾ ਸੀ ਤੇ ਮੈਂ ਸੁਣੀ ਜਾ ਰਿਹਾ ਸੀ..ਅਚਾਨਕ ਕੀ ਦੇਖਿਆ ਕੇ ਦੋ ਦਾਹੜੀ ਵਾਲੇ ਮਨੁੱਖਾਂ ਨੂੰ ਇੰਝ ਗੱਲਾਂ ਕਰਦਿਆਂ ਦੇਖ ਆਸੇ ਪਾਸੇ ਲੋਕ ਜੁੜਨ ਲੱਗ ਪਏ…ਸ਼ਾਇਦ ਹੈਰਾਨ ਹੋ ਰਹੇ ਸਨ ਕੇ ਪਤਾ ਨਹੀਂ ਕਿਹੜੇ ਪਲੇਨੇਟ ਚੋਂ ਆਏ ਨੇ..ਇਸ ਆਪੋ-ਧਾਪੀ ਵਾਲੇ ਜਮਾਨੇ ਵਿਚ ਵੀ ਲਗਾਤਾਰ ਗੱਲਬਾਤ ਕਰੀ ਜਾ ਰਹੇ ਨੇ!

ਏਨੇ ਨੂੰ ਕੀ ਦੇਖਿਆ ਕੇ ਸਵਾਰੀਆਂ ਉਤਰਨੀਆਂ ਸ਼ੁਰੂ ਹੋ ਗਈਆਂ ਤੇ ਸਮਾਨ ਵਾਲੀ ਬੈਲਟ ਵੀ ਘੁੰਮਣੀ ਸ਼ੁਰੂ ਹੋ ਗਈ..ਅਤੇ ਫੇਰ ਭਰਿਆ ਮੇਲਾ ਉੱਜੜਨ ਤੇ ਆ ਗਿਆ…

ਪਰ ਫੇਰ ਵੀ ਜਾਂਦਿਆਂ ਜਾਂਦਿਆਂ “Ken” ਮੇਰੇ ਉਸ ਸੈੱਲ ਫੋਨ ਦੀ ਮੈਮੋਰੀ ਵਿਚ ਕੈਦ ਹੋ ਗਿਆ ਜਿਸ ਨੂੰ ਅਸੀਂ ਦੋਵੇਂ ਕਿੰਨੀ ਦੇਰ ਤੋਂ ਭੰਡਦੇ ਆ ਰਹੇ ਸਾਂ…ਫੇਰ ਗਹੁ ਨਾਲ ਤੱਕਿਆ ਤਾਂ ਸੈੱਲ ਫੋਨ ਮੈਨੂੰ ਇਹ ਆਖਦਾ ਪ੍ਰਤੀਤ ਹੋਇਆ ਕੇ ਮਿਤਰੋ ਜੇ ਸਹੀ ਵਰਤੋਂ ਕੀਤੀ ਜਾਵੇ ਤਾਂ ਮੈਂ ਏਡਾ ਬੁਰਾ ਵੀ ਨਹੀਂ ਜਿੰਨਾ ਤੁਸੀ ਸਮਝ ਬੈਠੇ ਓ..!

You may also like