ਫ਼ਿਲਮਾਂ ਬਾਰੇ – ਭਾਗ ਦੂਜਾ

by admin

ਪਿਛਲੀ ਪੋਸਟ

ਜ਼ਿੰਦਗੀ ਦੇ ਕਈ ਵਰਤਾਰਿਆਂ ਪ੍ਰਤੀ ਸਾਡਾ ਸੂਖ਼ਮ ਹੋਣਾ ਅਤਿ-ਜ਼ਰੂਰੀ ਹੈ । ਪੜ੍ਹਨਾ ਵੀ ਜ਼ਰੂਰੀ ਹੈ । ਹਰ ਕ੍ਰਿਆ ਨੂੰ ਨਵੀਂ ਅੱਖ ਨਾਲ਼ ਦੇਖਣਾ ਪੈਣਾ । ਵਰਤਮਾਨ ਦੀ , ਇਤਿਹਾਸ ਦੀ ਅਤੇ ਆਉਣ ਵਾਲ਼ੇ ਵਕਤ ਦੀ ਇੱਕ ਜ਼ਾਤੀ-ਸਮਝ ਵੀ ਜ਼ਰੂਰੀ ਹੈ । ਨਹੀਂ ਤਾਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਸਾਡੀ ‘ਵਕਤ-ਬਰਬਾਦੀ’ ਹੀ ਹੋਣਗੀਆਂ । ਜ਼ਰੂਰੀ ਨਹੀਂ ਕਿ ਕਿਸੇ ਗੰਭੀਰ ਵਿਸ਼ੇ ‘ਤੇ ਬਣੀ ਫ਼ਿਲਮ ਹੀ ਚੰਗੀ ਹੋ ਸਕਦੀ ਹੈ । ਫ਼ਿਲਮ ਦੇ ਚੰਗੇ ਜਾਂ ਮਿਆਰੀ ਹੋਣ ਦੇ ਪੈਮਾਨੇ ਹੋਰ ਵੀ ਬਹੁਤ ਨੇ । ਪਰ ਇੱਥੇ ਮੈਂ ਗੱਲ ਥੋੜ੍ਹੀਆਂ ਗਹਿਰ-ਗੰਭੀਰ ਫ਼ਿਲਮਾਂ ਦੀ ਜਾਂ ਸਹਿਜ-ਸੁਭਾਵੀ ਕਿਸੇ ਸਾਦੇ ਵਰਤਾਰੇ ‘ਤੇ ਬਣੀਆਂ ਫਿਲਮਾਂ ਦੀ ਛੇੜ ਰਿਹਾਂ । ਫ਼ਿਲਮ ਦਾ ਪਟਕਥਾ-ਲੇਖਕ, ਨਿਰਦੇਸ਼ਕ ਕੁਝ ਪਰਤਾਂ ਤੁਹਾਡੇ ਫਰੋਲਣ ਲਈ ਵੀ ਛੱਡ ਕੇ ਜਾਂਦਾ । ਜਦੋਂ ਸਾਨੂੰ ਲਗਦੈ ਕਿ ਫ਼ਿਲਮ ‘ਚ ਤਾਂ ਡਾਇਲਗ ਹੀ ਬਾਹਲੇ ਘੱਟ ਨੇ, ਦਰਅਸਲ ਉਸ ਵਕਤ ਫ਼ਿਲਮ ਦਾ ਨਿਰਦੇਸ਼ਕ ਤੁਹਾਡੇ ਨਾਲ਼ ਗੱਲ ਕਰਨੀ ਚਾਹ ਰਿਹਾ ਹੁੰਦਾ । ਤੁਹਾਡੇ ਅੰਦਲੀਆਂ ਗੁੱਝੀਆਂ ਤੇ ਬਰੀਕ ਭਾਵਨਾਵਾਂ ਨੂੰ ਆਵਾਜ਼ ਵੀ ਦੇਣੀ ਚਾਹ ਰਿਹਾ ਹੁੰਦੈ । ਪਰ ਅਸੀਂ ਹਰ ਫ਼ਿਲਮ ਵਿੱਚ ਵਲੇਵੇਂਦਾਰ ਰੋਮਾਂਚ ਦੇਖਣ ਦੇ ਆਦੀ ਹੋ ਚੁੱਕੇ ਹਾਂ । ਇਸੇ ਲਈ ਸਾਨੂੰ ਲਗਦੈ ਕਿ ਫ਼ਿਲਮ ਦੀ ਤਾਂ ਕੋਈ ਕਹਾਣੀ ਹੀ ਨਹੀਂ ਬਣ ਰਹੀ । ਫ਼ਿਲਮ ਦੇ ਅਦਾਕਾਰ ਆਪਣੇ ਹਾਵ-ਭਾਵ ਨਾਲ਼ ਪਤਾ ਨਹੀਂ ਕਿੰਨੀਆਂ ਹੀ ਰਮਜ਼ਾਂ ਤੇ ਕਿੰਨੇ ਹੀ ਇਸ਼ਾਰੇ ਸਾਡੇ ਲਈ ਛੱਡ ਜਾਂਦੇ ਨੇ । ਫ਼ਿਲਮ ‘ਚ ਸਿਰਜਿਆ ਆਲ਼ਾ-ਦੁਆਲ਼ਾ ਵੀ ਬੋਲਦਾ ਹੁੰਦੈ ।
ਹੁਣ ਜੇ ਗੀਤਾਂ ਵਾਲ਼ੇ ਪਾਸੇ ਹੋਈਏ ਤਾਂ ਇੱਕ ਗੱਲ ਇਹ ਵੀ ਹੈ ਕਿ ਸਾਡੀਆਂ ਪੰਜਾਬੀ ਫ਼ਿਲਮਾਂ ‘ਚ ਅੱਜਕੱਲ੍ਹ Single-Track ਟਾਈਪ ਗੀਤ ਹੀ ਪਾ ਲਏ ਜਾਂਦੇ ਨੇ ਕਿਉਂ ਜੋ ਕਲਾਕਾਰ ਨੇ ਸ਼ੋਅ ਵੀ ਤਾਂ ਲਾਉਣੇ ਨੇ ਭਾਈ ।
ਬੱਸ, ਫ਼ਿਲਹਾਲ ਇੰਨੀ ਕੁ ਹੀ ਗੱਲ ਕਰਨੀ ਸੀ ।

– ਹਰਮਨਜੀਤ ਸਿੰਘ

Harmanjeet Singh

You may also like