ਫ਼ਿਲਮਾਂ ਬਾਰੇ – ਭਾਗ ਪਹਿਲਾ

by admin

ਵੈਸੇ ਇਹ ਵੀ ਕੈਸੀ ਗੱਲ ਹੈ ਨਾ ਕਿ ਕਿਸੇ ਬੀਤੇ ਵਕਤ ਵਿੱਚ ਧਰਤੀ ਦੇ ਕਿਸੇ ਟੁਕੜੇ ‘ਤੇ ਵਾਪਰਿਆ ਕੋਈ ਵੱਡਾ ਦੁਖਾਂਤ ( ਵਿਅਕਤੀਗਤ ਜਾਂ ਬਹੁ-ਗਿਣਤੀ ਦਾ ਸਾਂਝਾ ) , ਲੈਪਟਾਪ ਦੇ ਉੱਤੇ Netflix ਜਾਂ ਕਿਸੇ ਹੋਰ ਮਾਧਿਅਮ ਦੇ ਜ਼ਰੀਏ ਤੁਹਾਡੇ ਸਾਹਮਣੇ ਹਜ਼ਾਰਾਂ ਫ਼ਿਲਮਾਂ ‘ਚ ਆਪਣੀ ਇੱਕ ਜਗ੍ਹਾ ਬਣਾਈ ਬੈਠਾ, ਮਹਿਜ਼ ਇੱਕ ਫ਼ਿਲਮ ਦਾ ਪੋਸਟਰ ਬਣ ਕੇ ਟਿਕਿਆ ਪਿਆ ਹੁੰਦੈ ਤੇ ਮਾਨਵ-ਜਾਤ ਹੁੰਦੇ ਹੋਏ ਵੀ ਸਾਨੂੰ ਉਸ ਦੁਖਾਂਤ ਦੀ ਕੋਈ ਸਾਰ ਨਹੀਂ ਹੁੰਦੀ ।  ਉਦਾਹਰਣ ਕੋਈ ਵੀ ਲੈ ਲਵੋ : ਯਹੂਦੀ ਲੋਕਾਂ ‘ਤੇ ਹੋਏ ਅਣ-ਮਨੁੱਖੀ ਅੱਤਿਆਚਾਰ ਜਾਂ ਫਿਰ ਅਫ਼ਰੀਕਾ ‘ਚੋਂ ਚੁਣ-ਚੁਣ ਕੇ ਲਿਆਂਦੇ ਹੱਟੇ-ਕੱਟੇ ਗੱਭਰੂਆਂ ਨੂੰ ਅਮਰੀਕਾ ‘ਚ ਲਿਆ ਕੇ ਗ਼ੁਲਾਮ ਬਣਾ ਲੈਣ ਦੀ ਵਿੱਥਿਆ ਜਾਂ ਹੋਰ ਵੀ ਬੇਅੰਤ ਦਰਦਾਂ ਦੇ ਕਿੱਸੇ ।

ਖ਼ੈਰ ! ਗੱਲ ਮੈਂ ਇਹ ਕਰਨੀ ਸੀ ਕਿ ਅਕਸਰ ਜਦੋਂ ਅਸੀਂ ਵਿਹਲੇ ਹੁੰਦੇ ਹਾਂ ਤਾਂ ਅਸੀਂ ‘ ਟਾਈਮ-ਪਾਸ ‘ ( ਵੈਸੇ ਮੈਨੂੰ ਇਹ ਸ਼ਬਦ ਬਿਲਕੁਲ ਚੰਗਾ ਨਹੀਂ ਲੱਗਦਾ )  ਵੀ ਕਰਨਾ ਹੋਇਆ । ਸੋ, Netflix ਖੋਲ੍ਹਦੇ ਹਾਂ । ਸਕਰੀਨ ‘ਤੇ ਦਿਸ ਰਹੀਆਂ ਫਿਲਮਾਂ ‘ਤੇ ਵਾਰੀ-ਵਾਰੀ ਕਲਿੱਕ ਕਰ-ਕਰ ਦੇਖਦੇ ਹਾਂ, scroll ਕਰਦੇ ਜਾਂਦੇ ਹਾਂ ਤੇ ਅਚਾਨਕ ਐਸੇ ਹੀ ਕਿਸੇ ਦੁਖਾਂਤ ‘ਤੇ ਜਾਂ ਕਿਸੇ ਹੋਰ ਗੰਭੀਰ ਮੁੱਦੇ ‘ਤੇ ਬਣੀ ਫ਼ਿਲਮ ਨੂੰ ਬੁੱਕਲ ‘ਚ ਸਿਰਹਾਣਾ ਤੇ ਹੱਥਾਂ ‘ਚ ਗਰਮ-ਗਰਮ ਚਾਹ ਦਾ ਕੱਪ ਲੈ ਕੇ ਵੇਖਣੀ ਸ਼ੁਰੂ ਕਰ ਲੈਂਦੇ ਹਾਂ । ਦਸ-ਪੰਦਰਾਂ ਮਿੰਟ ਜਾਂ ਅੱਧਾ-ਘੰਟਾ ਦੇਖ ਕੇ ਅਕਸਰ ਛੱਡ ਦਿੰਦੇ ਹਾਂ ਜਾਂ ਕਈ ਵਾਰੀ ਫ਼ਿਲਮ ਪੂਰੀ ਵੀ ਕਰ ਲੈਂਦੇ ਹਾਂ । ਫਿਰ ਕਿਸੇ ਦਿਨ ਕਿਸੇ ਦੋਸਤ-ਮਿੱਤਰ ਦਾ ਫ਼ੋਨ ਆਉਂਦਾ । ਫ਼ਿਲਮਾਂ ਬਾਰੇ ਗੱਲਾਂ ਚਲਦੀਆਂ : ਓ ਯਰ ਮੈਂ ਦੇਖੀ ਸੀ ਉਹ ਫ਼ਿਲਮ । ਮੈਨੂੰ ਤਾਂ ਸਮਝ ਨੀਂ ਲੱਗੀ ਕੁਝ । ਨਾ ਕੋਈ ਕਹਾਣੀ ਬਣਦੀ ਸੀ ਫ਼ਿਲਮ ਦੀ । ਨਾ ਕੋਈ ਗੀਤ ਸੀ । ਅੱਧੀ ਫ਼ਿਲਮ ‘ਚ ਤਾਂ ਕੋਈ ਬੋਲਿਆ ਈ ਨੀਂ । ਪਤਾ ਨੀਂ Oscar ਕਿਵੇਂ ਦੇਤਾ ਇਹਨੂੰ ।
ਹੁਣ ਅਗਲੀ ਗੱਲ । ਜਦੋਂ ਇਸ ਤਰ੍ਹਾਂ ਦੇ ਮੁੱਦੇ ‘ਤੇ ਕੋਈ ਟੀਮ ਫ਼ਿਲਮ ਬਣਾਉਂਦੀ ਹੈ ਤਾਂ ਉਹਦੇ ਵਿੱਚ ਕਿੰਨਾ ਹੀ ਕੁਝ ਦੇਖਣ ਵਾਲਿਆਂ ਲਈ ਵੀ ਛੱਡਿਆ ਹੁੰਦੈ । ਮੇਰਾ ਕਹਿਣ ਦਾ ਮਤਲਬ ਕਿ ਇੱਕ ਫ਼ਿਲਮ, ਦੇਖਣ ਵਾਲਿਆਂ ਦੀਆਂ ਨਜ਼ਰਾਂ ਅਤੇ ਉਹਨਾਂ ਦੀ ਸਮਝ ਨੇ ਹੀ ਪੂਰੀ ਕਰਨੀ ਹੁੰਦੀ ਹੈ । ਨਿਰਦੇਸ਼ਕ ਹੀ ਨਹੀਂ, ਦਰਸ਼ਕ ਵੀ ਉਸ ਫਿਲਮ ਨੂੰ ਬਣਾਉਂਦਾ ਹੈ । ਫ਼ਿਲਮ ਨੂੰ ਫ਼ਿਲਮ ਦੇ ਅਸਲੀ ਮਕਸਦ ‘ਤੇ ਕੇਵਲ ਇੱਕ ਨਿਰਦੇਸ਼ਕ ਹੀ ਨਹੀਂ, ਸਗੋਂ ਫ਼ਿਲਮ ਨੂੰ ਦੇਖਣ ਵਾਲ਼ਾ ਵੀ ਪਹੁੰਚਾਉਂਦੈ । ਕੀ ਮੈਂ ਆਪਣਾ ਪੱਖ ਸਮਝਾ ਰਿਹਾਂ ??

ਬਾਕੀ ਦੂਸਰੇ ਭਾਗ ਵਿੱਚ 

Harmanjeet Singh

You may also like