ਇਹਨਾਂ ਤੋਂ ਸਿੱਖਿਆ

by Sandeep Kaur

ਇੱਕ ਸੁਚੱਜੇ ਇਨਸਾਨ ਦਾ ਜੀਵਨ ਬੜੇ ਸਲੀਕੇ ਨਾਲ ਨਿਯਮਿਤ ਹੁੰਦਾ ਏ । ਉਸਦਾ ਸਵੇਰੇ ਜਾਗਣਾ, ਸਰੀਰ ਦੀ ਸਾਫ ਸਫਾਈ, ਖਾਣ ਪੀਣ , ਕਾਰ ਵਿਹਾਰ ਲੈਅ ਬੱਧ ਹੁੰਦਾ ਏ । ਹਰ ਕੰਮ ਵਿੱਚ ਸਲੀਕਾ , ਸਬਰ , ਹੌਸਲਾ,ਦਿਸਦਾ ਏ । ਇਹੀ ਗੱਲਾਂ ਨੇ ਜੋ ਰਲ ਮਿਲ ਕੇ ਸਮੁੱਚੀ ਜ਼ਿੰਦਗੀ ਨੂੰ ਸੁਹਾਵਣਾ ਬਣਾਉਦੀਆਂ ਨੇ । ਜਦ ਬਹੁਤ ਸਾਰੇ ਸੁਚੱਜੇ ਲੋਕ ਰਲ ਮਿਲ ਕੇ ਰਹਿਣ ਤਾਂ ਸੋਹਣਾ ਸਮਾਜ ਸਿਰਜਿਆਂ ਜਾਂਦਾ ਏ , ਜੋ ਰਲ ਮਿਲ ਕੇ ਇਨਸਾਨ ਦੀ ਜ਼ਿੰਦਗੀ ਨੂੰ ਸੁਖੈਨ ਤੇ ਜੀਊਣਯੋਗ ਬਣਾਉਂਦਾ ਏ ।
ਸੁਚੱਜੇ ਸਮਾਜ ਦੀ ਪਛਾਣ ਈ ਇਸ ਗੱਲ ਤੋ ਹੁੰਦੀ ਏ ਕਿ ਉਹ ਸਮੁੱਚੇ ਮਨੁੱਖੀ ਜੀਵਨ ਦੇ ਹਰ ਪੜਾਅ ਨੂੰ ਕਿਵੇਂ ਸਜਾਉਂਦਾ ਏ । ਇੱਕ ਇਨਸਾਨ ਦੀ ਜੀਵਨ ਯਾਤਰਾ ਮਾਂ ਦੇ ਗਰਭ ਤੋ ਲੈ ਕੇ ਵਾਪਸ ਪੰਜ ਤੱਤਾਂ ਵਿੱਚ ਵਿਲੀਨ ਹੋਣ ਤੱਕ ਏ , ਇੱਕ ਸੁਚੱਜਾ ਸਮਾਜ ਜੀਵਨ ਦੇ ਹਰ ਪਹਿਲੂ ਤੇ ਇਨਸਾਨ ਦੇ ਨਾਲ ਨਾਲ ਚੱਲਦਾ ਏ, ਉਸਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਲੱਭਦਾ ਏ ਵਕਤ ਬਾ ਵਕਤ ।
ਇਨਸਾਨ ਦੀਆਂ ਮੁੱਢਲੀਆਂ ਲੋੜਾਂ ਨੇ ਰੋਟੀ ਕੱਪੜਾ ਤੇ ਮਕਾਨ । ਜਦ ਇਹਨਾਂ ਲੋੜਾਂ ਦਾ ਫਿਕਰ ਨਾ ਹੋਵੇ, ਆਰਾਮ ਨਾਲ ਪੂਰੀਆਂ ਹੁੰਦੀਆਂ ਹੋਣ ਤਾਂ ਇਨਸਾਨੀਅਤ ਵਿਗਸਦੀ ਐ, ਮੌਲਦੀ ਐ, ਤਰੱਕੀ ਦੀਆਂ ਨਵੀਂਆਂ ਮੰਜਿਲਾਂ , ਦਿਸਹੱਦੇ ਤੈਅ ਕਰਦੀ ਏ ।
ਪੱਛਮ ਦਾ ਸਮਾਜ ਪੁਰਾਣੀਆਂ ਚੀਜ਼ਾਂ ਨੂੰ ਸੰਭਾਲਣ ਦਾ ਬੜਾ ਸਲੀਕਾ ਰੱਖਦਾ ਏ ,ਇੱਕ ਤਰਾਂ ਦਾ ਜਨੂੰਨ ਏ ਉਹਨਾਂ ਨੂੰ ਇਸ ਮਾਮਲੇ ਚ । ਪੁਰਾਣਾ ਇਤਿਹਾਸ, ਪੁਰਾਣੇ ਹਥਿਆਰ, ਇਤਿਹਾਸਿਕ ਇਮਾਰਤਾਂ ਨੂੰ ਸਾਂਭਣਾ ਕੋਈ ਇਹਨਾਂ ਤੋ ਸਿੱਖੇ ।
ਪੁਰਾਣੇ ਦੋਸਤ, ਪੁਰਾਣੀਆਂ ਕਿਤਾਬਾਂ , ਪੁਰਾਣੀ ਸ਼ਰਾਬ , ਇਹਨਾ ਦੀ ਅਹਿਮੀਅਤ ਵਧਦੀ ਏ ਜਿਉਂ ਜਿਉਂ ਪੁਰਾਣੇ ਹੋਣ ।
ਅਗਰ ਰਿਸ਼ਤਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਔਰਤ ਆਦਮੀ ਦਾ ਰਿਸ਼ਤਾ ਸਭ ਤੋਂ ਸਿਰਮੌਰ ਏ, ਜਿਸਤੋ ਅੱਗੇ ਸਾਰੇ ਰਿਸ਼ਤੇ ਬਣਦੇ ਨੇ ।
ਜਦੋਂ ਜਵਾਨੀ ਜ਼ੋਰ ਸੀ ਵੇ ਜਾਲਮਾਂ
ਵੰਝਲ਼ੀ ਵਰਗਾ ਬੋਲ ਸੀ ਵੇ ਜਾਲਮਾਂ
ਜਵਾਨੀ ਵੇਲੇ ਤਾਂ ਸਾਰੇ ਢੁੱਕ ਢੁੱਕ ਬਹਿੰਦੇ ਨੇ ਪਰ ਪਤਾ ਉਦੋਂ ਲੱਗਦਾ ਏ ਜਦ ਹੁਸਨ ਦੇ ਵਪਾਰੀ ਲੱਦ ਜਾਂਦੇ ਨੇ , ਸੱਤ ਜਨਮਾਂ ਦਾ ਸਾਥ ਦੇਣ ਦੇ ਵਾਅਦੇ ਕਰਨ ਵਾਲੇ ਦੋ ਮਨੁੱਖ ਇੱਕ ਈ ਜਨਮ ਦਾ ਸਾਥ ਕਿਵੇ ਪੂਰਾ ਕਰਦੇ ਨੇ , ਵੇਖਣਾ ਬਣਦਾ ਏ ।
ਯੂ ਕੇ ਵਿੱਚ ਰਹਿੰਦਿਆਂ ਅਕਸਰ ਇਹਨਾਂ ਦੇ ਬਜ਼ੁਰਗਾਂ ਦੇ ਜੀਵਨ ਵੱਲ ਨਜ਼ਰ ਜਾਂਦੀ ਏ, ਬਹੁਤਾਤ ਬਜ਼ੁਰਗ ਜ਼ਿੰਦਗੀ ਦੇ ਆਖਰੀ ਪੜਾਵ ਦਾ ਲੁਤਫ ਲੈ ਰਹੇ ਨਜ਼ਰ ਆਉਦੇ ਨੇ । ਜਵਾਨੀ ਵੇਲੇ ਕੰਮ ਕੀਤਾ ਏ ਤਾਂ ਪੈਨਸ਼ਨ ਤਾਂ ਮਿਲਣੀ ਹੀ ਏ, ਸਿਰ ਤੇ ਛੱਤ ਏ, ਆਪਣੀ ਨਹੀ ਤਾਂ ਸਰਕਾਰੀ ਸਹੀ । ਸਿਹਤ ਸਹੂਲਤਾਂ ਸਰਕਾਰ ਖਾਤੇ , ਬੱਚਿਆਂ ਦੀ ਚਿੰਤਾ ਕੋਈ ਨਹੀਂ , ਨਾਲ ਰਹਿਣ ਜਾਂ ਅਲੱਗ, ਪਰ ਦੋਵੇਂ ਜੀਅ ਬੱਚਿਆਂ ਦੇ ਬੱਚਿਆਂ ਦੀ ਚੌਕੀਦਾਰੀ ਖ਼ਾਤਰ ਅਲੱਗ ਨਹੀ ਹੁੰਦੇ । ਸਵੇਰੇ ਜ਼ਰਾ ਆਰਾਮ ਨਾਲ ਉੱਠਣਾ, ਚਾਹ , ਕੌਫੀ ਦਾ ਆਨੰਦ ਲੈਣਾ, ਬਰੇਕ ਫਾਸਟ ਕਰਨਾ, ਜਦ ਸੜਕਾਂ ਤੇ ਸਵੇਰ ਦਾ ਟਰੈਫਿਕ ਘਟ ਜਾਦਾ ਏ ਤਾਂ ਇਹ ਲੋਕ ਤਿਆਰ ਬਿਆਰ ਹੋ ਕੇ ਘਰਾਂ ਤੋ ਨਿੱਕਲਦੇ ਨੇ । ਸਾਫ ਸੁਥਰੀ , ਸੋਹਣੀ ਗੱਡੀ ਰੱਖਦੇ ਨੇ, ਜਦ ਵੀ ਬਾਹਰ ਨਿਕਲਦੇ ਨੇ ਤਾਂ ਸੋਹਣਾ ਲਿਬਾਸ ਪਹਿਨਦੇ ਨੇ , ਜਿਵੇ ਕਿਸੇ ਫੰਕਸ਼ਨ ਤੇ ਚੱਲੇ ਹੋਣ । ਇੱਕ ਗੱਲ ਹੋਰ ਜੋ ਇਹਨਾਂ ਦੀ ਅਲੱਗ ਏ ਅਸਾਂ ਤੋਂ, ਸਿਖਰਲੇ ਬੁਢਾਪੇ ਵਿੱਚ ਵੀ ਬਾਂਹ ਵਿੱਚ ਬਾਂਹ ਪਾ ਕੇ ਚੱਲਦੇ ਨੇ । ਸ਼ਾਮ ਨੂੰ ਥੋੜਾ ਬਹੁਤ ਸੈਰ ਕਰਨ ਜ਼ਰੂਰ ਨਿਕਲਦੇ ਨੇ , ਵਿਚਲੇ ਵਕਤ ਵਿੱਚ ਗਾਰਡਨ ਦੀ ਸਾਫ ਸਫਾਈ, ਘਰ ਦਾ ਰੱਖ ਰਖਾਵ ਕਰਦੇ ਨੇ ਤਾਂ ਜੋ ਘਰ ਵੀ ਸੰਵਰਿਆ ਰਹੇ ਤੇ ਸਰੀਰ ਵੀ ।
ਜਿਵੇਂ ਬਾਸਮਤੀ ਦੇ ਚਾਵਲ ਪੁਰਾਣੇ ਹੋ ਕੇ ਹੋਰ ਮਹਿਕਦੇ ਨੇ, ਇਵੇਂ ਈ ਇੱਕ ਦੂਜੇ ਨੂੰ ਹਰ ਪੱਖੋਂ ਸਮਝਣ , ਪਿਆਰਨ ਵਾਲੇ ਰਿਸ਼ਤੇ ਹੋਰ ਮਹਿਕਦੇ ਨੇ ਸਮਾਂ ਪਾ ਕੇ । ਬੇਸ਼ੱਕ ਬੁਰਾਈਆਂ ਵੀ ਨੇ ਇਹਨਾਂ ਦੇ ਸਮਾਜ ਵਿੱਚ ਵੀ, ਪਰ ਅੱਛਾਈਆਂ ਦੀ ਬਹੁਤਾਤ ਏ , ਬਹੁਤ ਕੁਝ ਏ ਜੋ ਇਹਨਾਂ ਤੋਂ ਸਿੱਖਿਆ ਜਾ ਸਕਦਾ ਏ ।

ਦਵਿੰਦਰ ਸਿੰਘ ਜੌਹਲ

You may also like