ਬਹੁਤ ਹੀ ਦੁਖਦਾਈ ਖਬਰ ਹੈ ਕਿ ਕਰਨੈਲ ਸਿੰਹੁ ਦੀ ਅਚਾਨਕ ਮੌਤ ਨੇ ਸਾਰਾ ਪਿੰਡ ਸੋਗ ਚ ਪਾ ਦਿੱਤਾ ਹੈ , ਅਜੇ ਵੱਡੀ ਕੁੜੀ ਵਿਆਹੀ ਹੈ ਪਿਛਲੇ ਸਾਲ! ਦੋ ਨਿੱਕੇ ਜੁਆਕ ਛੋਟੇ, ਨੇ ਕੁੜੀ ਸਿਮਰੋ ਦਸਵੀਂ ਚ ਪੜਦੀ ਤੇ ਸਭ ਤੋਂ ਛੋਟਾ ਕਾਕਾ ਜੋ ਸੁੱਖਾਂ ਸੁੱਖ ਲਿਆ. ਛੇਵੀਂ ਚ ਪੜਦਾ ਹੈ ! ਸਵੇਰੇ ਦੀਆਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਹਨ, ਜਦ ਕੋਈ ਰਿਸ਼ਤੇਦਾਰ ਆਉਂਦਾ ਇਹ ਆਵਾਜ਼ਾਂ ਹੋਰ ਉੱਚੀ ਹੋ ਜਾਂਦੀਆਂ ਨੇ ਕਰਨੈਲ ਸਿੰਹੁ ਦੀਆਂ ਭੈਣਾਂ ਚਾਰ ਨੇ ਪਰ ਜਿਉੱਦੇ ਜੀਅ ਘੱਟ ਵੱਧ ਹੀ ਆਉਂਦੀਆਂ, ਅੱਜ ਤੇ ਟਰਾਲੀਆਂ ਭਰ ਭਰ ਮਕਾਣਾਂ ਆ ਰਹੀਆਂ ਨੇ ! ਅਲਾਹੁਣੀਆਂ , ਵੈਣ ਅੈਸੇ ਕਿ ਪੱਥਰ ਦਿਲ ਵੀ ਰੋ ਪਏ ਵਿਹੜਾ ਸਾਰਾ ਚਿੱਟੀਆਂ ਚੁਨੰੀਆਂ ਨਾਲ ਚਿੱਟਾ ਹੋਇਆ ਪਿਆ ਹੈ. . . ! ਬਹੁਤ ਦੁਖਦ ਹੁੰਦਾ ਹੈ ਘਰ ਦੇ ਜਿੰਮੇਵਾਰ ਦਾ ਇਸ ਤਰਾਂ ਅਚਾਨਕ ਤੁਰ ਜਾਣਾ . . ਘਰਵਾਲ਼ੀ ਤੇ ਚਹੁੰ ਸਾਲਾਂ ਤੋਂ ਮੰਜੇ ਤੇ ਹੈ , ਹੁਣ ਘਰਦਾ ਕੀ ਬਣੂ. . ਕੌਣ ਦੁੱਖ ਵੰਡਾਊ. . ਤੇ ਕਿਵੇਂ ਜ਼ਿੰਦਗੀ ਤੁਰੂ ਘਰ ਦੇ ਮੋਢੀ ਬਿਨਾਂ . ? . ਬਾਹਰ ਖਲੋਤੇ ਬੰਦੇ ਇਹੀ ਗੱਲਾਂ ਕਰਦੇ ਨੇ! ਜਦ ਬੰਦਾ ਲਾਸ਼ ਤਬਦੀਲ ਹੋ ਤਾਂ ਜਾਵੇ ਦੁਸ਼ਮਣ ਵੀ ਅੱਖਾਂ ਗਿੱਲੀਆਂ ਕਰ ਲੈਂਦੇ ਨੇ , ਸਿਫਤਾਂ ਵੀ ਲਾਸ਼ ਹੋਇਆ ਤੋਂ ਹੁੰਦੀਆਂ ਨੇ , ਹੁਣ ਸਹੁਰਿਆਂ ਵਾਲੀ ਧੀ ਨੂੰ ਉਡੀਕਦਿਆਂ ਕਾਫੀ ਸਮਾਂ ਹੋ ਗਿਆ ਅਜੇ ਅੱਪੜੇ ਨਹੀੱ ! ਨੁਹਾ ਧੁਆ ਤਿਆਰੀ ਹੋ ਗਈ ਉਡੀਕ ਨਹੀਂ ਮੁੱਕੀ, ਸਿਆਣਿਆਂ ਦੇ ਕਹਿਣ ਤੇ ਚਲੋ ਮੜ੍ਹੀਆਂ ਚ ਆ ਜਾਊਗੀ , ਚਿਖਾ ਵੀ ਚਿਣੀ ਗਈ. ਸਿਮਰੋ ਤੇ ਉਹਦਾ ਨਿੱਕੇ ਵੀਰ ਦੀਆਂ ਚੀਕਾਂ ਨੇ ਦਿਲ ਵਿੰਨ ਦਿੱਤੇ. . ! ਉਡੀਕਦੇ ਨੇ ਧੀ ਨੂੰ. . ਦੂਰੋਂ ਟਰਾਲੀ ਨਜਰੀੱ ਪਈ. . ਕੋਲ ਆਉਂਦੀ ਹੈ , ਵੱਡੀ ਧੀ ਭੱਜ ਕੇ ਪਿਉ ਦੀ ਚਿਖਾ ਤੇ ਮੂੰਹ ਨੰਗਾ ਕਰ ਵੇਖ ਰੋਦੀ ਜਰੀ ਨਹੀੱ ਜਾਂਦੀ , ਮਾਂ ਦੇ ਗਲ ਲੱਗ ਭੈਣ ਭਰਾ ਨੂੰ ਗਲ ਚ ਲੈ ਵਿਰੜੇ ਕਰਦੀ ਹੈ, ਨਾਲ ਘਰਵਾਲਾ, ਸੱਸ ਸਹੁਰਾ , ਸ਼ਰੀਕਾ ਸਾਰਾ , ਵਾਰੀ ਵਾਰੀ ਬੱਚਿਆਂ ਨੂੰ ਸਾਰੇ ਗਲ ਨਾਲ ਲਾਉਂਦੇ ਹਨ, ਸਿਮਰੋ ਨੂੰ ਜਦ ਮਾਸੜ( ਭੈਣ ਦੇ ਸਹੁਰੇ )ਨੇ ਗਲ ਲਾਇਆ, ਇੱਕ ਹੱਥ ਲੱਕ ਦੁਆਲਿਉਂ ਖਿਸਕਦਾ ਆਗਾਂਹ ਵੱਲ ਨੂੰ ਹੋਰ ਵੱਧਿਆ ਤੇ ਆਪਣੀ ਹੱਦ ਪਾਰ ਕਰਦਾ ਜਾਪਿਆ, ਤਾਂ ਉਹ ਠਿੰਠਬਰ ਝਟਕੇ ਨਾਲ ਪਾਸੇ ਹੋ ਗਈ ! ਇੱਕ ਅਹਿਸਾਸ ਹੋਰ ਜੋਰ ਫੜ ਗਿਆ ਕਿ ਪਿਉ ਦਾ ਮਰ ਜਾਣਾ ਕੀ ਹੁੰਦਾ ਹੈ , ਹਮਦਰਦੀ ਦੀ ਆੜ ਚ ਉਠਿਆ ਹਰ ਹੱਥ ਸਿਰ ਨਹੀਂ ਪਲੋਸਦਾ. . ਹੋਰ ਅਸੁਰੱਖਿਅਤ ਮਹਿਸੂਸ ਕਰਾ ਜਾਂਦਾ ਹੈ ! ਇੱਕ ਲਾਸ਼ ਸੜ ਰਹੀ ਸੀ ਜੋ ਜਰੀ ਨਹੀਂ ਸੀ ਜਾ ਰਹੀ , ਇੱਕ ਲਾਸ਼ ਹਮਦਰਦੀ ਦਾ ਚੋਲਾ ਪਾ ਖੜੀ ਸੀ ਮੜ੍ਹੀਆਂ ਵਿੱਚ!
ਸੀਮਾ ਸੰਧੂ