ਛੋਟਿਆਂ ਹੁੰਦਿਆਂ ਤੋਂ ਹੀ ਸਾਡੇ ਘਰ ਦਾ ਮਾਹੌਲ ਗੁਰਬਾਣੀ ਵਾਲਾ ਸੀ। ਦਾਦਾ ਜੀ ਸਾਰਾ ਦਿਨ ਟੈਲੀਵਿਜ਼ਨ ‘ਤੇ ਕੀਰਤਨ ਲਾਉਂਦੇ ਸੀ ਪਰ ਮੇਰਾ ਮਨ ਤਾਂ ਸਾਖੀਆਂ ਸੁਣਨ ਨੂੰ ਕਰਦਾ ਸੀ। ਸ਼ਾਇਦ ਉਸ ਸਮੇਂ ਸ਼ਬਦ ਕੀਰਤਨ ਦੀ ਸਮਝ ਮੈਨੂੰ ਘੱਟ ਹੀ ਸੀ। ਮਾਂ ਤੋਂ ਸਾਖੀਆਂ ਸੁਣਨਾ ਮੈਨੂੰ ਬਹੁਤ ਚੰਗਾ ਲੱਗਣਾ। ਸਾਡੇ ਕੋਲ ਇੱਕ ਤਸਵੀਰ ਸੀ..ਹਰੇ ਫਰੇਮ ਵਿੱਚ(ਜੋ ਅੱਜ ਵੀ ਹੈ) … ਗੁਰੂ ਗੋਬਿੰਦ ਸਿੰਘ ਜੀ ਦੀ …ਨੀਲਾ ਜਾਮਾ ਪਹਿਨਿਆ ਹੋਇਆ ਜੋ ਪਾਟਿਆ ਹੋਇਆ ਸੀ ਸਿਰ ਉੱਤੇ ਕੇਸਰੀ ਰੰਗ ਦੀ ਦਸਤਾਰ ਪੱਥਰ ਦਾ ਸਿਰਾਣਾ ਬਣਾ ਕੇ…ਨੰਗੇ ਪੈਰੀ ਸੁੱਤੇ ਪਏ ..ਪੈਰਾਂ ‘ਚੋਂ ਲਹੂ ਵਗ ਰਿਹਾ ਸੀ ।ਮੈਨੂੰ ਇਕ ਸ਼ਬਦ ਅੱਜ ਵੀ ਧੁੰਦਲਾ ਜਿਹਾ ਯਾਦ ਹੈ ..
“ਰੋੜਾਂ ਉੱਤੇ ਸੁੱਤਾ ਪਿਆ ਸ਼ਹਿਨਸ਼ਾਹ ਜਹਾਨ ਦਾ …
ਬੱਦਲਾਂ ‘ਚ ਚਮਕੇ ਚਿਹਰਾ ਚੰਨ ਅਸਮਾਨ ਦਾ.. ”
ਮੈਂ ਮਾਂ ਨੂੰ ਪੁੱਛਿਆ ਇਹ ਕਿਥੋਂ ਦੀ ਤਸਵੀਰ ਹੈ ਤਾਂ ਮਾਂ ਨੇ ਦੱਸਿਆ ..ਕਿ ਜਿਹੜੀ ਮੈਂ ਤੈਨੂੰ ਮਾਛੀਵਾੜੇ ਦੇ ਜੰਗਲਾਂ ਵਾਲੀ ਸਾਖੀ ਸੁਣਾਈ ਸੀ ਇਹ ਉਥੇ ਦੀ ਤਸਵੀਰ ਹੈ ਤਾਂ ਮੈਂ ਮਾਂ ਨੂੰ ਕਿਹਾ ਕਿ ਬਾਬਾ ਜੀ ਦੇ ਕੋਲ ਤਾਂ ਚੱਪਲਾਂ ਵੀ ਨਹੀਂ ਹਨ…ਪੈਰਾਂ ‘ਚੋਂ ਲਹੂ ਵੀ ਵਗ ਰਿਹਾ ..ਉਤੋਂ ਇੰਨੀ ਠੰਢ …. ਮੈਂ ਮਾਂ ਨੂੰ ਕਿਹਾ ਕਿ ਮੈਂ ਬਾਬਾ ਜੀ ਨੂੰ ਵੱਡੀ ਹੋ ਕੇ ਚੱਪਲਾਂ ਲੈ ਕੇ ਦੇਵਾਂਗੀ ..। ਮਾਂ ਨੇ ਕਿਹਾ ..ਬਾਬਾ ਜੀ ਕੋਲ ਕੋਈ ਕਮੀ ਨਹੀਂ ਸੀ ਪੁੱਤਰ ..ਇਹ ਤਾਂ ਬਾਬਾ ਜੀ ਸਾਨੂੰ ਸਮਝਾ ਰਹੇ ਹਨ ਕਿ ਸਾਨੂੰ ਰੱਬ ਦੀ ਰਜ਼ਾ ਵਿੱਚ ਕਿੰਝ ਰਾਜ਼ੀ ਰਹਿਣਾ ਚਾਹੀਦਾ ਹੈ ਭਾਵੇਂ ਹਾਲਾਤ ਕਿਸੇ ਤਰ੍ਹਾਂ ਦੇ ਕਿਉਂ ਨਾ ਹੋਣ… ।ਪਰ ਮੈਂ ਉਸ ਸਮੇਂ ਸਿਰਫ ਚਾਰ-ਪੰਜ ਵਰ੍ਹਿਆਂ ਦੀ ਹੋਵਾਂਗੀ ਇਸ ਲਈ ਆਪਣੀ ਜ਼ਿੱਦ ਉੱਤੇ ਕਾਇਮ ਰਹੀ ।ਤਾਂ ਮਾਂ ਨੇ ਵੀ ਹਾਮੀ ਭਰ ਦਿੱਤੀ ਜਦੋਂ ਵੱਡੀ ਹੋਵੇਗੀ ਤਾਂ ਲੈ ਕੇ ਦੇਵੀ ।ਸਮਾਂ ਬੀਤਦਾ ਗਿਆ …ਅੱਜ ਵੀ ਯਾਦ ਹੈ ਉਹ ਦਿਨ ਮੈਂ ਉਸ ਸਮੇਂ ਛੇਵੀਂ ਜਮਾਤ ‘ਚ ਹੋਵਾਂਗੀ ..। ਸਾਡੀ ਆਪਣੀ ਦੁਕਾਨ ਹੈ ਕਰਿਆਨੇ ਦੀ …ਬਾਪੂ ਜੀ ਨੂੰ ਕੋਈ ਕੰਮ ਸੀ ਉਸ ਦਿਨ ਮੈਨੂੰ ਆਖਿਆ ਕਿ ਤੂੰ ਦਸ ਕੁ ਮਿੰਟ ਬੈਠੀ ਮੈਂ ਆਉਂਦਾ ..ਧਿਆਨ ਰੱਖੀ ਅਤੇ ਗੋਲਕ ਨੂੰ ਤਾਲਾ ਲਗਾ ਕੇ ਚਲੇ ਗਏ । ਦੋ ਕੁ ਮਿੰਟ ਬਾਅਦ ਇਕ ਬਜੁਰਗ ਮੇਰੇ ਸਾਹਮਣੇ ਆ ਕੇ ਖਲੋ ਗਿਆ …ਚਿਹਰੇ ‘ਤੇ ਨੂਰ ..ਚਿੱਟੇ ਰੰਗ ਦਾ ਜਾਮਾ ਪਹਿਨਿਆ ਅਤੇ ਕੇਸਰੀ ਦਸਤਾਰ ਤੇ ਨੰਗੇ ਪੈਰੀਂ ..ਮੇਰੇ ਅੱਗੇ ਹੱਥ ਅੱਡਿਆ..ਤਾਂ ਮੈਂ ਦੋ ਕੁ ਟੌਫੀਆਂ ਦੇਣ ਲਈ ਡੱਬਾ ਚੁੱਕਣ ਲੱਗੀ ਤਾਂ ਉਹਨਾਂ ਨਾ ਵਿੱਚ ਸਿਰ ਹਿਲਾਇਆ ਮੈਂ ਕਿਹਾ ਬਾਬਾ ਜੀ ਬਿਸਕੁਟ ਦੇ ਦੇਵਾਂ ?? ਤਾਂ ਉਹਨਾਂ ਕਿਹਾ ਨਾ ਪੁੱਤਰ ਮੈਨੂੰ ਭੁੱਖ ਨਹੀਂ । ਮੈਨੂੰ ਲੱਗਿਆ ਉਹਨਾਂ ਨੂੰ ਪੈਸੇ ਚਾਹੀਦੇ ਨੇ ..ਮੈਂ ਕਿਹਾ ਮੇਰੇ ਬਾਪੂ ਜੀ ਤਾਂ ਗਏ ਹੋਏ ਨੇ ..ਅਤੇ ਮੇਰੇ ਕੋਲ ਤਾਂ ਪੈਸੇ ਨਹੀਂ ਹਨ। ਉਹਨਾਂ ਮੈਨੂੰ ਆਪਣੇ ਨੰਗੇ ਪੈਰਾਂ ਨੂੰ ਵਿਖਾਉਂਦਿਆਂ ਆਖਿਆ ਕਿ ਮੈਨੂੰ ਤਾਂ ਚੱਪਲਾਂ ਹੀ ਚਾਹੀਦੀਆਂ ਹਨ ..। ਮੈਂ ਉਨ੍ਹਾਂ ਨੂੰ ਆਖਿਆ ਕਿ ਮੇਰੇ ਬਾਪੂ ਜੀ ਆਉਣ ਵਾਲੇ ਹੋਣਗੇ ਤਾਂ ਉਹਨਾਂ ਆਖਿਆ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ .ਅਤੇ ਮੇਰੇ ਰੋਕਣ ਦੇ ਬਾਵਜੂਦ ਵੀ ਉਹ ਬਾਹਰ ਵੱਲ ਨੂੰ ਤੁਰ ਪਏ ।ਦੋ ਕੁ ਮਿੰਟ ਬਾਅਦ ਬਾਪੂ ਜੀ ਆ ਗਏ ..ਮੈਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਤਾਂ ਬਾਪੂ ਜੀ ਸਕੂਟਰ ਲੈ ਕੇ ਉਸ ਦਿਸ਼ਾ ਵੱਲ ਗਏ ਜਿੱਧਰ ਮੈਂ ਉਨ੍ਹਾਂ ਨੂੰ ਜਾਂਦੇ ਵੇਖਿਆ ..ਪਰ ਉਹ ਬਾਪੂ ਜੀ ਨੂੰ ਕਿਧਰੇ ਨਾ ਮਿਲੇ। ਘਰ ਜਾ ਕੇ ਜਦੋਂ ਸਾਰੀ ਗੱਲ ਮਾਂ ਨੂੰ ਦੱਸੀ ਤਾਂ ਅਗਲੇ ਦਿਨ ਮਾਂ ਨੂੰ ਯਾਦ ਆਇਆ ਤੂੰ ਛੋਟਿਆਂ ਹੁੰਦਿਆਂ ਜ਼ਿੱਦ ਕਰਿਆ ਕਰਦੀ ਸੀ ਕਿ ਬਾਬਾ ਜੀ ਨੂੰ ਚੱਪਲਾਂ ਲੈ ਕੇ ਦੇਵਾਂਗੀ … ਸ਼ਾਇਦ ਉਹੀ ਲੈਣ ਆਏ ਸਨ ।ਮੈਂਨੂੰ ਸਮਝ ਨਹੀਂ ਆ ਰਹੀ ਸੀ ਕਿ ਖੁਸ਼ ਹੋਵਾਂ ਜਾਂ ਦੁਖੀ । ਕਿ ਜੇ ਇਹ ਬਾਬਾ ਜੀ ਸੀ ਤਾਂ ਮੈਂ ਖਾਲੀ ਹੱਥੀਂ ਤੋਰ ਦਿੱਤਾ ।ਪਰ ਜੋ ਵੀ ਸੀ ਇਉਂ ਮਹਿਸੂਸ ਹੋਇਆ ਕਿ ਰੱਬ ਜਰੂਰ ਸੁਣਦਾ ਤੁਹਾਡੀ ਅਰਦਾਸ ਵਿੱਚ ਬਹੁਤ ਤਾਕਤ ਹੁੰਦੀ ਹੈ । ਅਗਲੇ ਦਿਨ ਹੀ ਮਾਂ ਅਤੇ ਮੈਂ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਅਤੇ ਬਾਹਰ ਕਿਸੇ ਲੋੜਵੰਦ ਨੂੰ ਚੱਪਲਾਂ ਦੇ ਆਏ।
~ਗੁਰਦੀਪ ਕੌਰ
617
previous post