ਬਲੌਕ

by admin

punjabi ਦੁਪਿਹਰ ਤੋਂ ਲਗਾਤਾਰ ਬਰਫ ਰੂੰ ਦੇ ਗੋਹੜਿਆਂ ਵਾਗੂੰ ਡਿੱਗੀ ਜਾਂਦੀ ਸੀ ।ਕਦੇ ਕਦੇ ਉਹ ਹਲਕੀ ਭੂਰ ਵਿਚ ਬਦਲ ਜਾਦੀ।ਲੋਹੜੇ ਦੀ ਠੰਡ ਪੈ ਰਹੀ ਸੀ। ਹਰਿੰਦਰ ਦਾ ਦਿਲ ਨੱਚ ਰਿਹਾ ਸੀ ਤੇ ਪੈਰ ਭੂੰਜੇ ਨਹੀ ਸੀ ਲਗ ਰਿਹਾ। ਅੱਜ ਉਹ ਬਹੁਤ ਖੁਸ਼ ਸੀ । ਕਨੇਡਾ ਵਿੱਚ ਇਹੋ ਜਿਹੇ ਮੋਸਮ ਵਿੱਚ ਲੋਕ ਘੱਟ ਵੱਧ ਹੀ ਬਾਹਰ ਨਿਕਲਦੇ ਨੇ । ਰੇਡੀੳ ਤੇ ਵਾਰ ਵਾਰ ਚੇਤਾਵਨੀਆਂ ਜਾਰੀ ਹੋ ਰਹੀਆਂ ਸਨ । ਸਟੋਰ ਵਿੱਚ ਵਿਰਲਾ ਟਾਵਾਂ ਗਾਹਕ ਹੀ ਸੀ । ਕੈਸ਼ ਕਾਂਉਟਰ ਤੇ ਬੈਠੀ ਗੋਰੀ ਕੰਪਿਊਟਰ ਤੇ ਹਿਸਾਬ ਕਿਤਾਬ ਬਣਾ ਰਹੀ ਸੀ ।ਦੂਜੇ ਵਰਕਰ ਸਮਾਨ ਤਰਤੀਬ ਨਾਲ ਲਾਈ ਜਾਂਦੇ ਸੀ । ਇਹ ਸਾਰਾ ਕੁਝ ਦੇਖ ਹਰਿੰਦਰ ਦਾ ਦਿਲ ਮਾਣ ਨਾ ਭਰ ਉੱਠਿਆ । ਉਹਨੂੰ ਪਿਛਲੇ ਵੀਹ ਸਾਲਾਂ ਦਾ ਪਹਿਲਾ ਸਮਾਂ ਯਾਦ ਆਇਆ ਜਦੋਂ ਉਹ ਜਮੀਨ ਵੇਚ ਕੇ ਏਜੰਟ ਰਾਹੀਂ ਇੱਥੇ ਆਇਆ ਸੀ । ਪੈਸੇ ਦੇ ਕੇ ਗੋਰੀ ਨਾਲ ਨਕਲੀ ਵਿਆਹ, ਫਾਰਮਾਂ ਵਿੱਚ ਮਜਦੂਰੀ, ਆਰੇ ਤੇ ਦਿਨ ਰਾਤ ਮਿਹਨਤ, ਟੈਕਸੀ ਦੀ ਡਰਾਇਵਰੀ ਫੇਰ ਨਿੱਕਾ ਸਟੋਰ ਤੇ ਉੱਥੋ ਵੱਡੇ ਸਟੋਰ ਤੱਕ ਦਾ ਸਫਰ ਉਹਦੀਆਂ ਅੱਖਾਂ ਦੇ ਸਾਹਮਣੇ ਦੀ ਲੰਘ ਗਿਆ । ਆਪਣੇ ਕੈਬਿਨ ਵਿੱਚ ਜਾ ਕੇ ਜਾਨੀਵਾਕਰ ਦਾ ਭਰਵਾਂ ਪੈੱਗ ਅੰਦਰ ਸੁੱਟ ਲਿਆ । ਭਾਵੇਂ ਉਹ ਕੰਮ ਸਮੇਂ ਕਦੇ ਹੀ ਏਦਾ ਕਰਦਾ ਸੀ ਪਰ ਅੱਜ ਤਾਂ ਗੱਲ ਹੀ ਹੋਰ ਸੀ । ਉਹਨੇ ਘੜੀ ਵੱਲ ਨਜਰ ਮਾਰੀ ਤਾਂ ਸਮਾਂ ਉਹਨੂੰ ਰੁਕਦਾ ਜਾਪਿਆ । ਅੱਜ ਉਹਦਾ ਦਿਲ ਉਡਜੂੰ-ਉਡਜੂੰ ਕਰਦਾ ਸੀ । ਘਰੇ ਉਹਨੇ ਸਤਵੰਤ ਨੂੰ ਸਮਝਾ ਦਿੱਤਾ ਸੀ ਕਿ ਕੰਮ ਦੇ ਸਿਲਸਿਲੇ ਵਿੱਚ ਉਹ ਜੇਸਪਰ ਸ਼ਹਿਰ ਜਾ ਰਿਹਾ ਫ਼ੂਡ ਕੰਪਨੀ ਦੇ ਡਾਇਰੈਕਟਰ ਨਾਲ ਮੀਟਿੰਗ ਕਰਨ ਲਈ ।
ਸਤਵੰਤ ਨੂੰ ਉਹ ਇੰਡੀਆਂ ਤੋਂ ਬਾਰਾਂ ਸਾਲਾ ਪਹਿਲਾਂ ਵਿਆਹ ਕੇ ਲਿਆਇਆ ਸੀ । ਇਕ ਧੀ ਤੇ ਪੁੱਤ ਨਾਲ ਘਰੇ ਰੰਗ ਲੱਗੇ ਹੋਏ ਸੀ ।ਪਰ ਉਹਦਾ ਵਿਗੜਿਆ ਮਨ ਕਈ ਵਾਰ ਸਮਾਜੀ ਵਲਗਣਾਂ ਨੂੰ ਟੱਪ ਕੇ ਖਰੂਦ ਪਾਂਉਦਾ ਸੀ । ਨਾਈਟ ਕਲੱਬ ਵਿੱਚ ਚਲੇ ਜਾਣਾ ਜਾਂ ਹੋਰ ਸ਼ੁਗਲ ਮੇਲੇ ਉਹ ਆਪਣੀ ਮਿੱਤਰ ਮੰਡਲੀ ਨਾਲ ਕਰਦਾ ਰਹਿੰਦਾ ਸੀ । ਪਰ ਅੱਜ ਵਾਲਾ ਕੰਮ ਤਾਂ ਉਹਨਾਂ ਤੋਂ ਵੀ ਗੁਪਤ ਸੀ । ਪਿਛਲੇ ਮਹੀਨੇ ਜਦੋਂ ਉਹਦੇ ਫੌਨ ਦੀ ਘੰਟੀ ਵੱਜੀ ਤੇ ਉਹਨੇ ਅਣਜਾਣੇ ਨੰਬਰ ਤੋਂ ਆਏ ਫੋਨ ਨੂੰ ਹੈਲੋ ਹੀ ਕਿਹਾ ਸੀ ਕਿ ਉਹਦੇ ਲੂੰ ਕੰਡੇ ਖੜੇ ਹੋ ਗਏ । ਇਹ ਤਾਂ ਨਿੱਕੀ ਸੀ । ਨਵਨੀਤ ਕੌਰ ਚਹਿਲ ਉਰਫ ਨਿੱਕੀ ਉਹਦੇ ਨਾਲ ਕਾਲਜ ਵਿੱਚ ਪੜਦੀ ਉਹਦੀ ਜਮਾਤਣ । ਜਿਹਦੇ ਸੁਪਨੇ ਉਹਨਾਂ ਦਿਨਾਂ ਵਿੱਚ ਅਕਸਰ ਉਹਨੂੰ ਆਂਉਦੇ ਸੀ ।ਭਾਵੇਂ ਉਹਨਾਂ ਦੀ ਹਾਏ ਹੈਲੋ ਸੀ ਪਰ ਉਹ ਕਦੇ ਆਪਣੇ ਮਨ ਦੀ ਗੱਲ ਨਹੀ ਕਹਿ ਸਕਿਆ ਸੀ । ਨਿੱਕੀ ਨੇ ਉਹਦਾ ਨੰਬਰ ਇੰਡੀਆ ਫੇਰੀ ਸਮੇਂ ਉਹਨਾਂ ਦੇ ਜਮਾਤੀ ਅਤੇ ਉਹਦੇ ਮਿੱਤਰ ਰਮੇਸ਼ ਤੋਂ ਲਿਆ ਸੀ । ਨਿੱਕੀ ਵੈਨਕੂਵਰ ਵਿੱਚ ਵਸਦੀ ਸੀ । ਉਹਨੇ ਬੜਾ ਖੁਸ਼ ਹੋ ਕੇ ਨਿੱਕੀ ਨਾਲ ਗੱਲ ਕੀਤੀ । ਉਹਨੇ ਅਤੇ ਨਿੱਕੀ ਨੇ ਆਪਣੇ ਬਾਰੇ ਰਸਮੀ ਗੱਲਾਂ ਕੀਤੀਆਂ ਤੇ ਫੇਰ ਫੋਨ ਰੱਖ ਦਿੱਤਾ । ਉਸ ਦਿਨ ਉਹਦਾ ਜੀਅ ਫੇਰ ਕਿਸੇ ਕੰਮ ਵਿੱਚ ਨਾਂ ਲੱਗਿਆ । ਅਗਲੇ ਦਿਨ ਉਸਤੋਂ ਰਿਹਾ ਨਾਂ ਗਿਆ ਅਤੇ ਉਸਨੇ ਆਪ ਫੌਨ ਕਰ ਲਿਆ ।ਦੋਵੇਂ ਫੇਸਬੁੱਕ ਤੇ ਵੀ ਦੋਸਤ ਬਣ ਗਏ । ਫੇਰ ਫੋਨ ਕਾਲ ਅਤੇ ਫੇਸਬੁੱਕ ਤੇ ਚੈਟਿੰਗ ਦਾ ਸਿਲਸਿਲਾ ਆਮ ਹੋ ਗਿਆ । ਨਿੱਕੀ ਦੇ ਮਾਪਿਆਂ ਨੇ ਉਹਦਾ ਵਿਆਹ ਉਸਤੋਂ ਦੁੱਗਣੀ ਉਮਰ ਦੇ ਧਨਾਢ ਨਾਲ ਕੀਤਾ ਸੀ ਕਿਉਕਿ ਉਹ ਨਿੱਕੀ ਨੂੰ ਪੋੜੀ ਬਣਾ ਕੇ ਕਨੈਡਾ ਪਹੁੰਚਣਾ ਚਾਹੁੰਦੇ ਸਨ।ਮਾਪਿਆਂ ਦੇ ਸੁਪਨੇ ਪੂਰੇ ਕਰਦੇ ਉਹ ਅਧੇੜ ਉਮਰ ਦੇ ਪਤੀ ਨਾਲ ਦਿਨ ਕਟੀ ਕਰਦੀ ਰਹੀ।ਇਸ ਰਿਸਤੇ ਵਿੱਚ ਬੱਚਾ ਕਿਥੋਂ ਪੈਦਾ ਹੁੰਦੈ ਤੇ ਆਖਰ ਸਾਰੇ ਬੰਧਨ ਤੋੜ ਕੇ ਅਜਾਦ ਹੋ ਗਈ ਸੀ।ਹੁਣ ਉਹ ਮਨਮਰਜੀ ਕਰਨ ਲੱਗੀ ਸੀ।ਇਸੇ ਲਈ ਉਸ ਨੇ ਹਰਿੰਦਰ ਨੂੰ ਲੱਭਣ ਵਿਚ ਪਹਿਲ ਕੀਤੀ ਸੀ।ਹਰਿੰਦਰ ਉਸ ਲਈ ਪਤੀ ਪਿੱਛੋਂ ਪਹਿਲਾਂ ਮਰਦ ਨਹੀਂ ਸੀ।ਉਸ ਨੇ ਆਪਣੀ ਅਜਾਦ ਤਬੀਅਤ ਵਾਰੇ ਖੁੱਲ ਕੇ ਦੱਸ ਦਿੱਤਾ ਸੀ। ਇਸੇ ਕਰਕੇ ਜਿਹੜੀ ਗੱਲ ਉਹ ਵੀਹ ਸਾਲ ਪਹਿਲਾਂ ਨਹੀ ਕਹਿ ਸਕਿਆ ਸੀ ਉਹ ਉਹਨੇ ਹੁਣ ਕਹਿ ਦਿੱਤੀ ਤੇ ਨਿੱਕੀ ਤਾ ਜਿਵੇ ਉਡੀਕ ਰਹੀ ਸੀ ਉਸ ਨੇ ਤੁਰੰਤ ਹੁੰਗਾਰਾ ਭਰ ਦਿੱਤਾ ਸੀ । ਅੱਜ ਉਹਨੇ ਨਿੱਕੀ ਨੂੰ ਮਿਲਣ ਜਾਣਾ ਸੀ । ਅੱਠ ਵਜੇ ਸਟੋਰ ਨੂੰ ਬੰਦ ਕਰਕੇ ਚਾਬੀਆਂ ਗੋਰੀ ਨੂੰ ਫੜਾ ਦਿੱਤੀਆਂ ਤੇ ਕੱਲ ਨੂੰ ਸਮੇਂ ਸਿਰ ਸਟੋਰ ਖੋਲਣ ਦੀ ਤਾਕੀਦ ਕਰਦਾ ਉਹ ਭੱਜ ਕੇ ਕਾਰ ਵਿੱਚ ਜਾ ਬੈਠਾ ।
ਕਾਲੀ ਮਰਸਡੀਜ ਬਰਫ ਵਾਲੀ ਸੜਕ ਤੇ ਸੂਟਾ ਵੱਟਦੀ ਤੁਰੀ ਜਾਂਦੀ ਸੀ । ਸ਼ਹਿਰ ਵਿੱਚੋਂ ਨਿਕਲ ਹਾਈਵੇ ਤੇ ਚੜਦੇ ਹੀ ਉਹਨੇ ਟੇਪ ਲਾ ਕੇ ਨਾਲ ਹੀ ਹੇਕ ਚੱਕ ਦਿੱਤੀ, ‘ਤੇਰੇ ਟਿੱਲੇ ਤੋਂ ਓ ਸੂਰਤ ਦਿਹਦੀਂ ਹੈ ਹੀਰ ਦੀ’ ਤੇ ਨਾਲ ਹੀ ਫੇਸਬੁੱਕ ਤੇ ਨਿੱਕੀ ਦੀ ਦੇਖੀ ਫੋਟੋ ਨੂੰ ਹੀਰ ਤਸੱਵਰ ਕਰਦੇ ਕਾਰ ਦਾ ਐਕਸੀਲੇਟਰ ਦੱਬ ਦਿੱਤਾ । ਸਾਢੇ ਤਿੰਨ ਸੋ ਮੀਲ ਦਾ ਸਫਰ ਉਹ ਜਲਦੀ ਜਲਦੀ ਪੂਰਾ ਕਰਕੇ ਨਿੱਕੀ ਦੀਆਂ ਬਾਹਵਾਂ ਦਾ ਨਿੱਘ ਮਾਣਨਾ ਚਾਹੁੰਦਾ ਸੀ । ਉਹਨੇ ਸੋਚਿਆ ਸਤਵੰਤ ਤਾਂ ਬੱਚਿਆਂ ਨਾਲ ਕੈਮਲੁਪਸ ਸ਼ਹਿਰ ਸੁੱਤੀ ਪਈ ਹੋਵੇਗੀ ।ਸਤਵੰਤ ਤੇ ਬੱਚਿਆਂ ਨੂੰ ਯਾਦ ਕਰਕੇ ਉਹਦਾ ਮੂੰਹ ਕੁਸੈਲਾ ਜਿਹਾ ਹੋ ਗਿਆ । ਪਰ ਨਿੱਕੀ ਦੇ ਖਿਆਲ ਨੇ ਉਸਨੂੰ ਫੇਰ ਖੇੜੇ ਵਿੱਚ ਲੈ ਆਂਦਾ । ਰਸਤੇ ਵਿੱਚ ਇਕ ਹੋਟਲ ਤੋਂ ਭਰਵੇਂ ਤਿੰਨ ਪੈੱਗ ਲਾ ਕੇ ਉਹਨੇ ਕਾਹਲੀ ਨਾਲ ਰੋਟੀ ਅੰਦਰ ਸੁੱਟੀ ਤੇ ਕਾਰ ਫੇਰ ਖਿੱਚ ਦਿੱਤੀ । ਦਸ ਵਜੇ ਤੱਕ ਉਹਨੇ ਡੇਢ ਸੋ ਮੀਲ ਦਾ ਸਫਰ ਨਿਬੇੜ ਲਿਆ ਸੀ । ਅਚਾਨਕ ਉਸ ਦੀ ਨਜ਼ਰ ਤੇਲ ਵਾਲੀ ਸੂਈ ਤੇ ਗਈ ਤੇ ਉਸ ਨੂੰ ਲਾਲ ਨਿਸ਼ਾਨ ਦੇ ਨੇੜੇ ਦੇਖ ਕੇ ਉਹਨੇ ਗੈਸ ਸਟੇਸ਼ਨ ਦੀ ਭਾਲ ਲਈ ਕਾਰ ਹੋਲੀ ਕਰ ਲਈ ਤੀਹ ਮੀਲ ਤੇ ਜਾ ਕੇ ਗੈਸ ਸਟੇਸ਼ਨ ਦਾ ਨਿਸ਼ਾਨ ਦੇਖ ਕੇ ਸੁੱਖ ਦਾ ਸਾਹ ਲਿਆ । ਪਰ ਜਾ ਕੇ ਦੇਖਿਆ ਤਾਂ ਗੈਸ ਸਟੇਸ਼ਨ ਆਊਟ ਆਫ ਆਰਡਰ ਦੀ ਫੱਟੀ ਨਾਲ ਉਹਨੂੰ ਮੂੰਹ ਚਿੜਾ ਰਿਹਾ ਸੀ । ਉਹਨੇ ਫੋਨ ਤੋਂ ਸਰਚ ਮਾਰ ਕੇ ਅਗਲੇ ਗੈਸ ਸਟੇਸ਼ਨ ਦੀ ਸਥਿਤੀ ਜਾਣਨੀ ਚਾਹੀ ਤਾਂ ਦੇਖਿਆ ਸਿਗਨਲ ਨਦਾਰਦ ਸੀ । ਬਾਹਰ ਬਰਫ ਡਿੱਗ ਰਹੀ ਸੀ ।ਉਹ ਇਸ ਰਾਹ ਤੇ ਬਹੁਤ ਘੱਟ ਵਾਰ ਆਉਣ ਕਰਕੇ ਉਹ ਗੈਸ ਸਟੇਸ਼ਨ ਬਾਰੇ ਬਹੁਤਾ ਜਾਣੂ ਨਹੀਂ ਸੀ । ਉਹਨੇ ਹੋਲੀ ਹੋਲੀ ਕਾਰ ਅੱਗੇ ਤੋਰੀ । ਤੇਲ ਵਾਲੀ ਸੂਈ ਲਾਲ ਨਿਸ਼ਾਨ ਦੇ ਅੰਤ ਤੱਕ ਪਹੁੰਚ ਚੁੱਕੀ ਸੀ । ਵੀਹ ਮੀਲ ਤੱਕ ਕੋਈ ਗੈਸ ਸਟੇਸ਼ਨ ਨਾ ਦੇਖ ਕੇ ਉਹਨੇ ਇੱਕ ਪਿੰਡ ਵੱਲ ਗੱਡੀ ਮੋੜ ਲਈ । ਕਾਰਾਂ ਤੇ ਫੁੱਟ ਫੁੱਟ ਬਰਫ ਜੰਮੀ ਪਈ ਸੀ । ਬੱਤੀਆਂ ਬੰਦ ਸਨ ਰਾਤ ਦੇ ਗਿਆਰਾਂ ਵਜੇ ਤੱਕ ਹੀ ਲੋਕਾਂ ਦੇ ਦਰਵਾਜੇ ਬੰਦ ਹੋਏ ਪਏ ਸਨ । ਉਹਨੇ ਗਲੀਆਂ ਵਿੱਚ ਗੇੜਾ ਦਿੱਤਾ । ਕੋਈ ਜੀਅ ਪਰਿੰਦਾ ਵੀ ਨਹੀ ਸੀ । ਇੱਕ ਦੋ ਘਰਾਂ ਦੇ ਅੱਗੇ ਹਾਰਨ ਵਜਾਇਆ ਪਰ ਕੋਈ ਪ੍ਰਭਾਵ ਦਿਖਾਈ ਨਾ ਦਿੱਤਾ । ਉਹਦੇ ਹੱਥ ਪੈਰ ਕੰਕਰ ਹੁੰਦੇ ਜਾਪੇ । ਕਾਰ ਉਹਨੇ ਇਕ ਦਰਖਤ ਹੇਠ ਖੜਾ ਕੇ ਤੇਲ ਬਚਾਉਣ ਲਈ ਬੰਦ ਕਰ ਦਿੱਤੀ ਤੇ ਫੌਨ ਕੱਢ ਕੇ ਐਮਰਜੈਂਸੀ ਕਾਲ ਕਰਨ ਦੀ ਕੋਸ਼ਿਸ਼ ਕੀਤੀ । ਪਰ ਕੋਈ ਸਿੱਟਾ ਨਾ ਨਿਕਲਦਾ ਦੇਖ ਕੇ ਉਹਦਾ ਦਿਲ ਬੈਠ ਗਿਆ । ਉਹਨੇ ਕਾਰ ਸਟਾਰਟ ਕਰਕੇ ਹੀਟਰ ਪੂਰੇ ਜੋਰ ਤੇ ਛੱਡ ਦਿੱਤਾ ਉਹਦੀ ਠੰਡ ਘਟਣ ਲੱਗੀ । ਫੇਰ ਤੇਲ ਵਾਲੀ ਸੂਈ ਹੇਠਾਂ ਜਾਂਦੀ ਦੇਖ ਕੇ ਉਹਨੇ ਕਾਰ ਬੰਦ ਕਰ ਦਿੱਤੀ । ਪੰਜ ਮਿੰਟ ਕਾਰ ਸਟਾਰਟ ਕਰਦਾ ਤੇ ਉਹ ਕਾਰ ਗਰਮ ਕਰ ਲੈਂਦਾ ਤੇ ਫੇਰ ਅੱਧਾ ਘੰਟਾ ਬੰਦ ਕਰਕੇ ਉਹ ਸਮਾਂ ਲੰਘਾਉਣ ਲੱਗਾ।ਇਸ ਤਰ੍ਹਾਂ ਉਸ ਨੇ ਕਾਫੀ ਸਮਾਂ ਲੰਘਾ ਲਿਆ ਸੀ।ਪਰ ਖ਼ਤਮ ਹੁੰਦੇ ਤੇਲ ਨੂੰ ਦੇਖ ਕੇ ਮਨ ਵਿਚ ਭੈੜੇ ਭੈੜੇ ਵਿਚਾਰ ਆ ਰਹੇ ਸਨ। ਹਰਿੰਦਰ ਨੂੰ ਸਤਵੰਤ ਤੇ ਬੱਚੇ ਯਾਦ ਆਏ ਛੋਟੇ ਪੈਰੀ ਦੀਆਂ ਤੋਤਲੀਆਂ ਤੇ ਧੀ ਨੀਰੂ ਦੀਆਂ ਭੋਲੀਆਂ ਗੱਲਾਂ ਕਰਦੇ ਚਿਹਰੇ ਤੇ ਸਤਵੰਤ ਦੇ ਮੋਹ ਨੂੰ ਚੇਤੇ ਕਰਦੀਆਂ ਉਹਦੀਆਂ ਅੱਖਾਂ ਭਰ ਆਈਆਂ । ਬਰਫ ਵਿੱਚ ਠੰਡ ਨਾਲ ਮਰ ਜਾਣ ਵਾਲਿਆਂ ਦੀਆਂ ਖਬਰਾਂ ਦੀ ਸੁਰਖੀ ਵਿੱਚ ਉਹਨੂੰ ਆਪਣਾ ਨਾਮ ਦਿਖਾਈ ਦੇਣ ਲੱਗਾ । ਸਤਵੰਤ ਕੀ ਸੋਚੂਗੀ? ਕਿ ਉਹ ਮੀਟਿੰਗ ਵਾਲੇ ਸ਼ਹਿਰ ਜਾਣ ਦੀ ਬਜਾਏ ਉਸਦੇ ਉਲਟ ਪਾਸੇ ਕਾਰ ਵਿੱਚ ਠੰਡ ਨਾਲ ਕਿੳਂ ਮਰ ਗਿਆ । ਉਹਦੇ ਬੱਚਿਆਂ ਦੇ ਸਿਰ ਤੇ ਹੱਥ ਕੌਣ ਧਰੂਗਾ । ਲੋਕਾਂ ਦੇ ਲੈਣ ਦੇਣ ਉਹਦੇ ਅੱਖਾਂ ਮੂਹਰੇ ਘੁੰਮਣ ਲੱਗੇ । ਉਹਨੇ ਕਾਰ ਠੰਡੀ ਹੋਈ ਵੇਖ ਕੇ ਦੁਬਾਰਾ ਸਟਾਰਟ ਕੀਤੀ ਤੇ ਟਾਈਮ ਦੇਖਿਆ ਲਗਭਗ ਪੌਣੇ ਚਾਰ ਦਾ ਟਾਈਮ ਸੀ । ਉਹਨੇ ਘੜੀ ਤੇ ਨਿਗਾਹ ਪੰਜ ਮਿੰਟਾਂ ਲਈ ਟਿਕਾਈ ਰੱਖੀ ਤੇ ਕਾਰ ਗਰਮ ਹੋਣ ਲੱਗ ਪਈ ਤੇ ਪੰਜ ਮਿੰਟਾਂ ਤੋਂ ਪਹਿਲਾਂ ਹੀ ਕਾਰ ਦੇ ਇੰਜਣ ਨੇ ਕੁਲਹਿਣੀ ਭੱਕ ਭੱਕ ਕੀਤੀ ਤੇ ਕਾਰ ਬੰਦ ਹੋ ਗਈ । ਤੇਲ ਬਿਲਕੁਲ ਖਤਮ ਹੋ ਚੁੱਕਿਆ ਸੀ । ਉਹਨੇ ਬੇਬਸੀ ਨਾਲ ਬਾਹਰ ਨਜਰ ਮਾਰੀ ਤੇ ਚਿੱਟੀ ਬਰਫ ਦੀ ਚਾਦਰ ਤੋਂ ਬਿਨਾਂ ਕੁਝ ਦਿਖਾਈ ਨਾ ਦਿੱਤਾ । ਉਸਨੂੰ ਲੱਗਆਿ ਕਿ ਸਤਵੰਤ ਵਰਗੀ ਪਤਨੀ ਨਾਲ ਬੇਵਫਾਈ ਦੀ ਸਜਾ ਰੱਬ ਉਸਨੂੰ ਦੇ ਰਿਹਾ । ਠੰਡ ਉਹਨੂੰ ਪਹਿਲਾਂ ਤੋਂ ਜਿਆਦਾ ਲੱਗਣ ਲੱਗ ਪਈ । ਉਹ ਸੀਟ ਤੇ ਚਾਕੂ ਵਾਗੂੰ ਇਕੱਠਾ ਹੋ ਗਿਆ । ਸੁੰਨ ਉਹਦੇ ਸਾਰੇ ਸਰੀਰ ਨੂੰ ਚੜ੍ਹ ਰਿਹਾ ਸੀ ਤੇ ਉਸਨੂੰ ਹੋਲੀ ਹੋਲੀ ਆਪਣਾ ਆਪ ਬੇਸੂਰਤpu njabi ਹੁੰਦਾ ਪ੍ਰਤੀਤ ਹੋਇਆ । ਉਸਨੇ ਆਪਣਾ ਚੇਤਾ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ । ਪਰ ਠੰਡ ਅੱਗੇ ਉਹ ਹਾਰਦਾ ਜਾ ਰਿਹਾ ਸੀ ਤੇ ਫੇਰ ਉਹਦੀ ਚੇਤਨਾ ਲੁਪਤ ਹੋ ਗਈ ।
ਸੁਪਨੇ ਵਾਗੂੰ ਉਹਨੂੰ ਲੱਗਿਆ ਕਿ ਪਤਾ ਨਹੀ ਕਿੰਨਾ ਸਮਾਂ ਗੁਜਰ ਚੁੱਕਿਆ ਅਤੇ ਕੋਈ ਉਹਦਾ ਦਰਵਾਜਾ ਤੋੜ ਰਿਹਾ । ਜਮਦੂਤ ਉਹਨੂੰ ਚੁੱਕੀ ਜਾਂਦੇ ਨੇ । ਜਮਦੂਤਾ ਦੇ ਚਿੱਟੇ ਕੱਪੜੇ ਉਸਨੂੰ ਦਿਖਾਈ ਦਿੰਦੇ ਪ੍ਰਤੀਤ ਹੁੰਦੇ ਸੀ । ਉਸਨੂੰ ਆਪਣੀ ਗੱਲ੍ਹ ਤੇ ਨਰਮੀ ਨਾਲ ਥਪਥਪਾਹਟ ਮਹਿਸੂਸ ਹੋਈ । ਉਸਨੇ ਹੋਲੀ ਹੋਲੀ ਅੱਖਾਂ ਖੋਲੀਆਂ । ਅੱਖਾਂ ਨੇ ਚਿੱਟੀ ਦੁਧੀਆ ਰੋਸਨੀ ਵਿੱਚ ਇਕ ਗੋਰੀ ਨਰਸ ਉਸਨੂੰ ਪੁੱਛ ਰਹੀ ਸੀ ‘ਮਿਸਟਰ ਸਿੰਘ ਆਰ ਯੂ ਆਲ ਰਾਇਟ’ ਉਹਨੇ ਨਜਰ ਘੁਮਾਈ ਤਾਂ ਸਤਵੰਤ ਕੋਲੇ ਬੈਠੀ ਰੋ ਰਹੀ ਸੀ । ਬਾਅਦ ਵਿੱਚ ਜਦੋਂ ਉਹ ਦੋ ਕੁ ਘੰਟਿਆਂ ਬਾਅਦ ਕਾਫੀ ਠੀਕ ਹੋ ਗਿਆ ਤਾਂ ਸਤਵੰਤ ਨੇ ਉਸਨੂੰ ਗਰਮ ਗਰਮ ਸੂਪ ਚਮਚੇ ਨਾਲ ਪਿਲਾਂਉਦੇ ਹੋਏ ਦੱਸਿਆ ਕਿ ਪਿੰਡ ਵਿੱਚ ਕਿਸੇ ਅੰਗਰੇਜ ਨੇ ਸਵੇਰੇ ਛੇ ਵਜੇ ਉਸਨੂੰ ਕਾਰ ਵਿੱਚ ਦੇਖਿਆ ਸੀ ਤੇ ਪੁਲਿਸ ਦੀ ਮਦਦ ਨਾਲ ਹਸਪਤਾਲ ਭੇਜ ਦਿੱਤਾ ਸੀ । ਉਹਦੇ ਕਾਗਜ ਪੱਤਰਾਂ ਨੂੰ ਦੇਖ ਕੇ ਪੁਲਿਸ ਨੇ ਸਤਵੰਤ ਨੂੰ ਹਸਪਤਾਲ ਸੱਦ ਲਿਆ ਸੀ।ਉਹ ਹਾਲੇ ਵੀ ਡੋਰ ਭੋਰ ਸੀ । ਇਨ੍ਹੇ ਵਿਚ ਸਤਵੰਤ ਦੇ ਬੋਲ ਉਸ ਦੇ ਕੰਨੀ ਪਏ,”ਤੁਸੀ ਤਾਂ ਅੱਜ ਪੂਰੇ ਦਿਨ ਬਾਅਦ ਹੋਸ਼ ਵਿੱਚ ਆਏ ਹੋ, ਤੁਹਾਡੇ ਫੋਨ ਤੇ ਕਾਫੀ ਸਾਰੇ ਫੋਨ ਆਏ ਪ੍ਰੰਤੂ ਕਿਸੇ ਨਿੱਕੀ ਨਾਮ ਦਾ ਫੋਨ ਤਾਂ ਕਈ ਵਾਰ ਆ ਚੁੱਕਿਆ ਹੈ ।,ਮੈਂ ਤਾਂ ਕੋਈ ਫੌਨ ਚੁੱਕਿਆ ਨਹੀ ਸੋਚਿਆ ਕਿ ਤੁਸੀ ਖੁਦ ਹੀ ਠੀਕ ਹੋ ਕੇ ਸਾਰਿਆਂ ਨੂੰ ਫੌਨ ਕਰ ਲਵੋਗੇ । ” ਇਹ ਕਹਿੰਦੀ ਉਹ ਵਾਰਡ ਦੇ ਦਰਵਾਜ਼ੇ ਕੋਲ ਬੈਠ ਕੇ ਘਰੇ ਬੱਚਿਆਂ ਨੂੰ ਫੋਨ ਕਰਨ ਲੱਗ ਪਈ।ਉਸ ਦਾ ਮਨ ਗਿਲਾਨੀ ਨਾਲ ਭਰ ਗਿਆ ਸੀ। ਉਸ ਨੂੰ ਆਪਣੇ ਆਪ ਦੇ ਕਾਰਨਾਮੇ ਤੇ ਰਹਿ ਰਹਿ ਕੇ ਗੁੱਸਾ ਵੀ ਆ ਰਿਹਾ ਸੀ।ਥੌੜੇ ਸਮੇਂ ਬਾਅਦ ਘੰਟੀ ਫੇਰ ਵੱਜੀ ਤੇ ਨਿੱਕੀ ਦਾ ਨਾਮ ਤੇ ਨੰਬਰ ਸਕਰੀਨ ਤੇ ਫਲੈਸ਼ ਕਰਨ ਲੱਗਿਆ । ਹਰਿੰਦਰ ਨੇ ਫੋਨ ਨੂੰ ਦੇਖਿਆ ਤੇ ਫੇਰ ਅੱਖ ਭਰ ਕੇ ਦੂਰ ਬੈਠੀ ਸਤਵੰਤ ਨੂੰ ਦੇਖਿਆ । ਉਸਦੇ ਪਿਆਰ ਨਾਲ ਅੱਖਾਂ ਭਰ ਆਈਆਂ ਤੇ ਉਸਨੇ ਅਜੀਬ ਝੁਝਲਾਂਟ ਨਾਲ ਨਿੱਕੀ ਦੇ ਨੰਬਰ ਨੂੰ ਬਿਜ਼ੀ ਕਰ ਦਿੱਤਾ ਤੇ ਬਲੌਕ ਦੀ ਆਪਸ਼ਨ ਕੱਢ ਕੇ ਉਸ ਨੂੰ ਕਈ ਵਾਰ ਦੱਬ ਦਿੱਤਾ।ਹੂਣ ਉਹ ਮਹਿਸੂਸ ਕਰ ਰਿਹਾ ਸੀ ਜਿਵੇ ਨਿੱਕੀ ਦੇ ਖਿਆਲਾਂ ਨੂੰ ਵੀ ਉਸਦੇ ਨੰਬਰ ਵਾਂਗ ਪੱਕੇ ਤੋਰ ਤੇ ਬਲੌਕ ਕਰ ਦਿੱਤਾ ਹੋਵੇ ।
ਭੁਪਿੰਦਰ ਸਿੰਘ ਮਾਨ

You may also like