ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰਾ ਪੋਰਾ ਜੀ……

by admin

ਇਕ ਵਾਰ ਦੀ ਗੱਲ ਹੈ ਕਹਿੰਦੇ ਇਕ ਬੜਾ ਹੀ ਨੇਕਦਿਲ ਰਾਜਾ ਸੀ, ਘੋੜੇ ਚੜਿਆਂ ਕਿਤੇ ਜਾ ਰਿਹਾ ਸੀ ਕਿ ਉਸਦੀ ਨਜਰ ਇਕ ਬਹੁਤ ਹੀ ਗਰੀਬ ਪਰਿਵਾਰ ਦੀ ਸੁੰਦਰ ਲੜਕੀ ਤੇ ਪਈ ਤੇ ਉਸਨੂੰ ਪਹਿਲੀ ਨਜਰ ਹੀ ਉਹ ਜਚ ਗਈ, ਲੜਕੀ ਬਹੁਤ ਸੁੰਦਰ ਸੀ, ਨੈਣ ਨਕਸ਼ ਬਹੁਤ ਸੁੰਦਰ, ਕੱਦ ਕਾਠ ਉੱਚਾ ਲੰਬਾ, ਸਿਰਫ਼ ਰੰਗ ਥੋੜ੍ਹਾ ਸਾਵਲਾ ਸੀ…. ਰਾਜੇ ਨੇ ਸੋਚਿਆ ਬਈ ਜੇ ਇਹ ਲੜਕੀ ਉਸਦੀ ਪਤਨੀ ਬਣ ਜਾਵੇ ਦੋ ਕੰਮ ਹੋ ਜਾਣਗੇ ਇਕ ਤਾਂ ਬਿਨਾਂ ਦਾਜ ਖਰਚੇ ਦੇ ਇਸ ਗਰੀਬ ਪਰਿਵਾਰ ਦੀ ਧੀ ਵਿਆਹੀ ਜਾਵੇਗੀ ਦੂਜਾ ਏਨੀ ਸੁੰਦਰ ਲੜਕੀ ਹੈ ਜਿਵੇਂ ਹੀਰਾ ਮਿੱਟੀ ਵਿੱਚ ਰੁਲਿਆ ਹੈ ਮਹਿਲਾਂ ਵਿੱਚ ਜਾ ਕੇ ਇਸਦੀ ਅਸਲੀ ਕਦਰ ਪੈ ਜਾਵੇਗੀ, ਰਾਜੇ ਦੀ ਸੋਚ ਨੇਕ ਸੀ ਉਸਨੇ ਝੱਟ ਆਪਣੇ ਨਾਲ ਚੱਲ ਰਹੇ ਮੰਤਰੀ ਨੂੰ ਉਸ ਲੜਕੀ ਦੇ ਪਰਿਵਾਰ ਪਾਸ ਆਪਣਾ ਸੰਦੇਸ਼ ਦੇਣ ਭੇਜਿਆ…
ਪਹਿਲਾਂ ਤੇ ਉਹ ਲੜਕੀ ਵਾਲੇ ਮੰਨਣ ਨਾਂ ਬਈ ਕਿੱਥੇ ਰਾਜਾ ਭੋਸ ਤੇ ਕਿੱਥੇ ਗੰਗੂ ਤੇਲੀ –ਭਾਵ ਕਿੱਥੇ ਉਹਨਾਂ ਦਾ ਗਰੀਬ ਪਰਿਵਾਰ ਜੋ ਰੋਟੀ ਵੀ ਮੰਗ ਖਾਂਦੇ ਨੇ ਤੇ ਕਿੱਥੇ ਰਾਜੇ ਦਾ ਪਰਿਵਾਰ , ਕੋਈ ਮੇਲ ਮੁਕਾਬਲਾ ਹੀ ਨਹੀਂ ਹੈ?? ਰਾਜੇ ਦੇ ਯਕੀਨ ਦੁਆਉਣ ਅਤੇ ਮਾਲੀ ਮਦਦ ਕਰਨ ਤੇ ਉਹ ਮੰਨ ਗਏ, ਇਸ ਨਾਲੋਂ ਵੱਧ ਉਹ ਉਸ ਗਰੀਬ ਪਰਿਵਾਰ ਲਈ ਕਰ ਵੀ ਕੀ ਸਕਦਾ ਸੀ….
ਚਲੋ ਜੀ ਰਾਜੇ ਦਾ ਤੇ ਉਸ ਗਰੀਬ ਪਰਿਵਾਰ ਦੀ ਲੜਕੀ ਦਾ ਵਿਆਹ ਹੋ ਗਿਆ ਦੋਨੋਂ ਬਹੁਤ ਖੁਸ਼ ਸਨ, ਲੜਕੀ ਤੇ ਖੁਸ਼ ਹੋਣੀ ਹੀ ਸੀ ਜਿਸਨੇ ਸਾਰੀ ਉਮਰ ਭਰਪੇਟ ਖਾਣਾ ਕਦੇ ਨਹੀਂ ਸੀ ਖਾਧਾ ਤੇ ਰਾਜਾ ਸੁੰਦਰ ਤੇ ਸੁਭਾਅ ਦੀ ਵੀ ਵਧੀਆ ਇਸਤਰੀ ਦਾ ਸਾਥ ਪਾ ਕੇ ਬਹੁਤ ਖੁਸ਼ ਸੀ…. ਉਹ ਹੁਣ ਰਾਣੀ ਬਣ ਚੁੱਕੀ ਸੀ…
ਉਸਨੂੰ ਆਪਣੇ ਆਪ ਤੇ ਯਕੀਨ ਨਹੀਂ ਸੀ ਆ ਰਿਹਾ ਕਿ ਕਦੇ ਸੁਪਨੇ ਵੀ ਸੋਚਿਆ ਨਹੀਂ ਸੀ ਹੋਣਾ ਕਿ ਕਦੇ ਉਹ ਰਾਣੀ ਬਣ ਸਕਦੀ ਹੈ, ਉਸ ਵਿੱਚ ਗੁਣ ਵੀ ਇੰਨੇ ਸਨ ਕਿ ਹਰ ਕੋਈ ਮਹਿਲਾਂ ਵਿੱਚ ਰਾਣੀ ਦੀ ਤਾਰੀਫ਼ ਕਰਦਾ, ਖਾਣ ਪੀਣ ਵਧੀਆ ਹੋਣ ਨਾਲ ਉਸਦਾ ਰੰਗ ਰੂਪ ਵੀ ਨਿਖਰ ਆਇਆ ਤੇ ਉਹ ਸਚਮੁੱਚ ਹੁਸਨ ਦੀ ਮਲਿਕਾ ਵੀ ਜਾਪਨ ਲੱਗ ਪਈ….
ਕੁਝ ਦਿਨ ਬੀਤੇ ਸਰਦੀਆਂ ਦੇ ਦਿਨ ਸਨ ਮਖਮਲੀ ਰਜਾਈਆਂ ਵਿਚੋਂ ਰਾਜਾ ਜਦ ਵੀ ਉਹ ਸਵੇਰੇ ਉੱਠੇ ਕਦੇ ਕਿਤੇ ਕਦੇ ਸਿਰਹਾਣੇ ਥੱਲੇ ਕਦੇ ਕਿਸੇ ਖੂੰਜੇ ਰੋਟੀਆਂ ਨਿਕਲਨ…..
ਰਾਜਾ ਬੜਾ ਪਰੇਸ਼ਾਨ ਹੋ ਗਿਆ ਬਈ ਇਹ ਕੀ ਹੋ ਰਿਹਾ ਏ…
ਉਸਨੇ ਸਭ ਤੋਂ ਪੁੱਛ ਗਿੱਛ ਕੀਤੀ ਕੋਈ ਪਤਾ ਨਾ ਚੱਲੇ ਅਖੀਰ ਉਸਨੇ ਆਪਣੀ ਰਾਣੀ ਨੂੰ ਪੁੱਛਿਆ ਕਿ ਇਹ ਕਿਵੇਂ ਤੇ ਕੀ ਹੋ ਰਿਹਾ ਹੈ ??
ਰਾਣੀ ਦੱਸਣ ਲੱਗੀ ਰਾਜਾ ਜੀ ਮੁਆਫ਼ ਕਰ ਦਿਉ ਮੈਨੂੰ ਦਰਅਸਲ ਅਸੀ ਅੱਠ ਭੈਣ ਭਰਾ ਸਾਂ ਤੇ ਕਦੇ ਭਰ ਪੇਟ ਖਾਣਾ ਨਹੀਂ ਖਾਧਾ ਸੀ ਰੋਟੀ ਕਦੇ ਕਦੇ ਨਸੀਬ ਹੁੰਦੀ ਸੀ ਤੇ ਕਈ ਕਈ ਵਾਰ ਭੁੱਖਿਆਂ ਸੌਣਾ ਪੈਂਦਾ ਸੀ ਜਿਸਨੂੰ ਰੋਟੀ ਮਿਲਨੀ ਉਸਨੇ ਆਪਣੇ ਹਿੱਸੇ ਦੀ ਰੋਟੀ ਛਿਪਾ ਦੇਣੀ ਕਿ ਜਿਆਦਾ ਭੁੱਖ ਲੱਗਣ ਤੇ ਖਾ ਲਵੇਗਾ, ਉਹ ਆਦਤ ਪੱਕ ਚੁੱਕੀ ਹੈ…..
ਰਾਜਾ ਕਹੇ ਕਿ ਇੰਨਾ ਕੁਝ ਤੈਨੂੰ ਦਿੱਤਾ ਰਾਜ ਭਾਗ ਨੌਕਰ ਚਾਕਰ ਆਪਣੀ ਰਾਣੀ ਬਣਾ ਦਿਤਾ ਤੇਰਾ ਫਿਰ ਵੀ ਰੱਜ ਨਹੀਂ ਹੋਇਆ ….
ਰਾਣੀ ਕਹੇ ਕਿ ਆਦਤਨ ਮਜਬੂਰ ਹਾਂ ਕੋਸ਼ਿਸ਼ ਕਰਾਂਗੀ ਬਦਲਨ ਦੀ….
ਰਾਜਾ ਰਾਣੀ ਭਾਵੇਂ ਇਕ ਦੂਜੇ ਨਾਲ ਬੜਾ ਸਨੇਹ ਕਰਦੇ ਸਨ ਪਰ ਰਾਣੀ ਦੀ ਇਹ ਆਦਤ ਰੋਟੀਆਂ ਛੁਪਾਉਣ ਦੀ ਰਾਜੇ ਨੂੰ ਬਿਲਕੁਲ ਪਸੰਦ ਨਹੀਂ ਸੀ…
ਅਖੀਰ ਰਾਜੇ ਨੂੰ ਕਹਿਣਾ ਪਿਆ ਕਿ ਰਾਜ ਭਾਗ ਤੇ ਇਸ ਆਦਤ ਵਿਚੋਂ ਕੋਈ ਇੱਕ ਨੂੰ ਚੁਨਣ ਲਈ ਕਹਿ ਦਿੱਤਾ…..
ਰਾਣੀ ਕੋਸ਼ਿਸ਼ ਕਰਦੀ ਕਰਦੀ ਫਿਰ ਗਲਤੀਆਂ ਕਰ ਬੈਠਦੀ ਅਖੀਰ ਰਾਜੇ ਨੇ ਉਸਨੂੰ ਰਾਜ ਭਾਗ ਤੋਂ ਬਾਹਰ ਕਰਨ ਦਾ ਫੈਸਲਾ ਮਜਬੂਰਨ ਲੈਣਾ ਪਿਆ….
ਬਜ਼ੁਰਗਾਂ ਦੀ ਸੁਣਾਈ ਇਹ ਗੱਲ ਅੱਜ ਵੀ ਯਾਦ ਕਰੀਦੀ ਹੈ ਕਿ ਭਾਵੇਂ ਕੋਈ ਰਾਣੀ ਬਣ ਜਾਵੇ ਜਾਂ ਰਾਜਾ ਬਣ ਜਾਵੇ / ਪ੍ਰਧਾਨ ਮੰਤਰੀ ਬਣ ਜਾਵੇ ਜਾਂ ਹੋਰ ਵੀ ਉੱਚੇ ਆਹੁਦੇ ਉੱਪਰ ਪਹੁੰਚ ਜਾਵੇ ਪਰ ਉਸਦੀਆਂ ਮਾੜੀਆਂ ਆਦਤਾਂ ਉਸਦੇ ਨਾਲ ਹੀ ਜਾਂਦੀਆਂ ਨੇ ਤੇ ਉਹ ਕੋਈ ਨਾ ਕੋਈ ਅਜਿਹੀ ਹਰਕਤ ਕਰ ਬੈਠਦਾ ਜੋ ਉਸਦੇ ਪਤਨ ਦਾ ਕਾਰਨ ਬਣਦੀਆਂ ਨੇ….
ਅਜਿਹੇ ਲੋਕ ਹੀ ਵਾਰਸ ਸ਼ਾਹ ਨੂੰ ਝੂਠਾ ਨਹੀਂ ਪੈਂਣ ਦਿੰਦੇ….
ਵਾਰਸ ਸ਼ਾਹ ਤੇ ਕਹਿੰਦਾ ਰਹਿੰਦਾ ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰਾ ਪੋਰਾ ਜੀ…
ਪਰ ਜੋ ਬਦਲ ਲੈਂਦੇ ਨੇ ਆਪਣੇ ਆਪ ਨੂੰ ਆਪਣੀਆਂ ਆਦਤਾਂ ਨੂੰ ਉਹ ਲੋਕ ਅਸਲ ਰਾਜੇ ਬਣ ਜਾਂਦੇ ਨੇ ….

ਜਸਵਿੰਦਰ ਸਿੰਘ

You may also like