ਹੁਸ਼ਿਆਰੋ

by admin

ਹੁਸ਼ਿਆਰੋ ਸੱਚੀਂ ਬੜੀ ਹੁਸ਼ਿਆਰ ਸੀ…..ਨਰਮਾ ਦੋ ਮਣ ਪੱਕਾ ਚੁਗ ਦਿੰਦੀ ਸੀ।
ਜਦੋਂ ਸਾਡੇ ਖੇਤ ਆਉਂਦੀ, ਤਾਂ ਜੇ ਮੈਂ ਸਬੱਬ ਨਾਲ ਖੇਤ ਹੋਣਾ ਤਾਂ ਮੈਂ ਓਹਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਨੀਆਂ ….. ਓਹਨੇ ਨਾਲ ਵਾਲੀਆਂ ਆਵਦੀਆਂ ਸਾਥਣਾਂ ਨੂੰ ਬੜੇ ਉਪਦੇਸ਼ ਦੇਣੇ ਤੇ ਕਹਿਣਾ, “ਜਾਓ ਨੀ ਪ੍ਰੇਹ,ਸਰ ਗਿਆ ਥੋਡਾ ਤਾਂ, ਉਸ ਨੇ ਚਾਹ ਪੀਣ ਵੇਲੇ ਰੋਟੀਆਂ ਵਾਲੇ ਪੋਣੇ ਖੋਲਦੀਆਂ ਦੀਆਂ ਰੋਟੀਆਂ ਦੇਖ ਲੈਣੀਆਂ ਤੇ ਕਹਿਣਾ ਸ਼ੁਰੂ ਕਰ ਦੇਣਾ, “ਉਹ ਬੁੜ੍ਹੀ ਕਾਹਦੀ ਹੋਈ, ਜਿਹੜੀ ਰੋਟੀ ਨੂੰ ਦਾਗ ਲੱਗਣ ਦੇ ਦੇ ! ਆਹ ਵੇਖ ਲੋ ,,ਫੁਲਾਅ- ਫੁਲਾਅ ਕੇ ਲਾਉਣੀ ਆਂ,,,,ਜਾ ਖਾਂ ਕਦੇ ਮੱਚੀ ਹੋਵੇ ਤਾਂ ਵਿਖਾਈਂ !! ਥੋਡੀਆਂ ਵੇਖ ਲੋ ,,,ਕਿਵੇਂ ਅੰਨ ਕੱਠਾ ਕੀਤੈ, ਦੁਰ ਫਿਟੇ ਮੂੰਹ ਥੋਡਾ ।”
ਸੜੀਆਂ ਹੋਈਆਂ ਤੇ ਵਿੰਗੀਆਂ ਰੋਟੀਆਂ ਵੇਖ ਕੇ ,,,,ਉਹ ਲਾਲ ਰੱਤੀ ਹੋ ਜਾਂਦੀ ਸੀ। ਦੂਜੀਆਂ ਨੇ ਓਹਦੀ ਗੱਲ ਦਾ ਕਦੇ ਗੁੱਸਾ ਨਹੀਂ ਸੀ ਕੀਤਾ।
ਅੱਗੇ ਵੱਡੇ- ਛੋਟੇ ਦੀ ਸ਼ਰਮ ਰੱਖਦੇ ਸੀ , ਲੋਕ । ਉਹ ,ਉਹਨਾਂ ਚੋਂ ਇੱਕ ਦੋ ਸਾਲ ਵੱਡੀ ਹੋਣੀ ਐ ਤੇ ਦੂਜਾ ਉਹ ਰਹਿੰਦੀ ਪੇਕੇ ਪਿੰਡ ਸੀ ਤੇ ਬਹੁਤ ਮਿਹਨਤੀ ਤੇ ਸਚਿਆਰੀ ਸੀ। ਕੁੜੀਆਂ ਦੀ ਵੈਸੇ ਈ ਪਹਿਲਾਂ ਲੋਕ ਪਿੰਡਾਂ ਵਿੱਚ ਬਹੁਤ ਝੇਫ ਮੰਨਦੇ ਸੀ। ਉਹ ਆਪਣੇ ਪੂਰੇ ਪਰਿਵਾਰ ਸਮੇਤ ਈ ਏਥੇ ਰਹਿੰਦੀ ਸੀ ।
ਮੈਂ ਖੁਦ ਓਹਦਾ ਘਰ ਦੇਖਿਆ ਸੀ।
ਬੜਾ ਲਿੱਪ-ਪੋਚ ਕੇ ਸਾਫ਼- ਸੁਥਰਾ ਰਖਦੀ ਸੀ।
ਬੜਾ ਮੋਹ ਕਰਦੀ ਸੀ ਮੇਰਾ,,,,,ਮੈਂ ਤਾਂ ਬਹੁਤ ਛੋਟੀ ਸਾਂ ਓਹਤੋਂ,,,,ਪਰ ਮੈਨੂੰ ਪੜ੍ਹਦੀ ਕਰਕੇ ਬਹੁਤ ਇੱਜ਼ਤ ਦਿੰਦੀ । ਓਹਦੇ ਖਿਆਲ ਵਿੱਚ ਪੜ੍ਹਿਆ ਲਿਖਿਆ ਇਨਸਾਨ ਭਾਵੇਂ ਉਮਰ ਵਿੱਚ ਈ ਛੋਟਾ ਹੋਵੇ,,,,ਪਰ ਉਸਨੂੰ ਮਾਣ ਇੱਜ਼ਤ ਨਾਲ ਬੁਲਾਉਣਾ ਚਾਹੀਦਾ ਹੈ।
ਮੈਂ ਮਹਿਸੂਸ ਕਰਦੀ ਹਾਂ,,,ਭਾਵੇਂ ਉਹ ਅਨਪੜ੍ਹ ਸੀ,ਪਰ ਸਿਆਣਪ ਤੇ ਲਿਆਕਤ ਉਸਨੂੰ ਐਨੀ ਸੀ ਕਿ ਸ਼ਾਇਦ ਅੱਜ ਦੇ ਕਈ ਪੜ੍ਹਿਆ ਲਿਖਿਆ ਨੂੰ ਮਾਤ ਪਾ ਦੇਵੇ ।
ਮੈਂ ਜਦੋਂ ਵੀ ਹੁਣ ਰੋਟੀਆਂ ਪਕਾਉਂਦੀ ਹਾਂ ਤੇ ਮੇਰੇ ਕੰਨਾਂ ਵਿੱਚ ਭੈਣ ਹੁਸ਼ਿਆਰੋ ਦੇ ਬੋਲ ਇੰਨ- ਬਿੰਨ ,ਓਵੇਂ ਈ ਵੱਜਣ ਲੱਗ ਜਾਂਦੇ ਹਨ।
ਰੋਟੀਆਂ ਵੀ ਦਾਗ ਰਹਿਤ ਈ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ।

ਸੱਚੀਂ ਕਈ ਰੂਹਾਂ ਕਦੇ ਨੀ ਭੁੱਲਦੀਆਂ!
,,,,,ਨਾ ਹੀ ਮੈਂ ਭੁੱਲਣਾ ਚਾਹੁੰਦੀ ਹਾਂ।

ਗੁਰਪ੍ਰੀਤ ਕੌਰ ਗੈਦੂ

You may also like