1.2K
ਕਾਫੀ ਭੀੜ ਹੋਣ ਕਾਰਨ ਬੁੱਢੇ ਕੋਲੋਂ ਸਾਈਕਲ ਨਾ ਸੰਭਾਲਿਆ ਗਿਆ। ਤੇ ਇੱਕ ਛੋਟੀ ਜਿਹੀ ਕੁੜੀ ਦੇ ਜਾ ਲੱਗਾ ਜੋ ਸ਼ਾਇਦ ਸਕੂਲੇ ਜਾ ਰਹੀ ਸੀ। ਭਾਵੇਂ ਸਾਈਕਲ ਜ਼ਿਆਦਾ ਨਹੀਂ ਲੱਗਾ ਸੀ, ਪਰ ਫਿਰ ਵੀ ਉਸ ਕੁੜੀ ਨੇ ਗੁੱਸੇ ਨਾਲ ਬੁੱਢੇ ਵੱਲ ਵੇਖਦੇ ਹੋਏ ਕਿਹਾ, “ਬਦਤਾਮੀਜ਼! ਦਿਸਦਾ ਨਹੀਂ ਤੈਨੂੰ, ਤਾਂ ਐਨਕਾਂ ਲਗਵਾ ਲੈ।” ਪਰ ਬੁੱਢਾ ਚੁੱਪਚਾਪ ਉਸ ਵੱਲ ਵੇਂਹਦਾ ਹੋਇਆ ਮੁਸਕਰਾ ਰਿਹਾ ਸੀ। ਇਕੱਠੇ ਹੋਏ ਲੋਕ ਕਹਿ ਰਹੇ ਸਨ, “ਕਿੱਡੀ ਬਦਮੀਜ਼ ਕੁੜੀ ਹੈ, ਰਤਾ ਨਹੀਂ ਛੋਟੇ ਵੱਡੇ ਦਾ ਕੋਈ ਲਿਹਾਜ਼ ਇਹਨੂੰ।” ਪਰ ਬੁੱਢਾ ਅਜੇ ਵੀ ਅਡੋਲ ਪਿਆ ਮੁਸਕਰਾ ਰਿਹਾ ਸੀ ਤੇ ਆਪ ਮੁਹਾਰੇ ਬੁੜਬੁੜਾ ਰਿਹਾ ਸੀ, “ਤੂੰ ਠੀਕ ਹੀ ਕਿਹਾ ਪੁੱਤ! ਮੇਰੀ ਆਪਣੀ ਪੋਤੀ ਵੀ ਤਾਂ ਅਕਸਰ ਏਦਾਂ ਕਹਿੰਦੀ ਰਹਿੰਦੀ ਏ ਮੈਨੂੰ!”
ਗੁਲਸ਼ਨ ਮਿਰਜ਼ਾਪੁਰੀ