ਅਜੇ ਦੋ ਮਹੀਨੇ ਪਹਿਲਾਂ ਉਹ ਅਰਥ-ਵਿਗਿਆਨ ਦੀ ਐਮ.ਏ. ਵਿਚ ਯੂਨੀਵਰਸਿਟੀ ਭਰ `ਚੋਂ ਫਸਟ ਆਈ ਸੀ। ਉਸ ਨੂੰ ਗੋਲਡ ਮੈਡਲ ਮਿਲਿਆ ਸੀ। ਪੜੇ-ਲਿਖੇ ਲੋਕਾਂ ਵਿਚ ਉਸਦੀ ਚਰਚਾ ਸੀ। ਉਸ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸੂਝ-ਬੂਝ ਹੈਰਾਨ ਕਰਨ ਵਾਲੀ ਸੀ। ਮੁਹੱਲੇ ਭਰ ਵਿਚ ਉਨ੍ਹਾਂ ਦੀ ਕੋਠੀ ਸਭ ਤੋਂ ਸੁਹਣੀ ਸੀ, ਉਹ ਆਪ ਵੀ ਤਾਂ ਕਿੰਨੀ ਖੂਬਸੂਰਤ ਸੀ, ਰੋਜ਼ ਕਾਰ ਵਿਚ ਪੜ੍ਹਨ ਜਾਂਦੀ, ਕਾਰ ਵਿਚ ਵਾਪਸ ਆਉਂਦੀ। ਉਸ ਦਾ ਪਿਤਾ ਮੰਨਿਆ ਹੋਇਆ ਬਿਜ਼ਨੈਸ-ਮੈਨ ਸੀ। ਉਸ ਦਾ ਕਈ ਰਾਜਨੀਤਿਕ ਪਾਰਟੀਆਂ ਨਾਲ ਬੜੇ ਨੇੜ ਦਾ ਰਿਸ਼ਤਾ ਸੀ। ਸੁਣਿਆਂ, ਉਸ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਉਪਰ ਪੁਲਿਟੀਕਲ-ਪ੍ਰੈਸ਼ਰ ਪਵਾ ਕੇ ਕੁੜੀ ਨੂੰ ਫਸਟ ਲਿਆਂਦਾ ਸੀ, ਰੱਬ ਜਾਣੇ।
ਅਜ, ਜਦ ਉਸ ਨੇ ਆਪਣੇ ਵੱਡੇ ਵੀਰ ਜੀ ਦੇ ਸੁਹਣੇ ਸੁਹਣੇ ਨਿੱਕੇ ਨਿੱਕੇ ਬੱਚਿਆਂ ਨੂੰ ਸਾਹਮਣੇ ਖੋਲੀਆਂ ਵਿਚ ਵਸਦੇ ਧੋਬੀਆਂ ਦੇ ਬੱਚਿਆਂ ਨਾਲ ਖੇਡਦੇ ਤੱਕਿਆ ਤਾਂ ਬੜੇ ਗੁੱਸੇ ਨਾਲ ਅਵਾਜ਼ ਲਗਾਈ, ਬੰਟੂ, ਮੋਹਣੀ ਕੀ ਗੰਦੇ-ਗੰਦੇ ਬੱਚਿਆਂ ਨਾਲ ਖੇਡਣ ਬਹਿ ਜਾਂਦੇ ਹੋ, ਚਲੋ ਇਧਰ ਆਓ, ਨਹੀਂ ਤਾਂ ਮਾਰਾਂਗੀ।” ਆਖਰ ਫੈਮਿਲੀ ਦੀ ਕੋਈ ਰੈਪੂਟੇਸ਼ਨ ਹੁੰਦੀ ਹੈ।
ਬੰਟੂ ਮੋਹਣੀ ਟੱਪਦੇ ਵਾਪਸ ਆ ਗਏ। ਧੋਬੀਆਂ ਦੇ ਦੋ ਕੁ ਸਾਲ ਦੇ ਮੁੰਡੇ ਨੂੰ ਮਗਰ ਆਉਂਦਾ ਦੇਖ ਕੇ ਉਸ ਦਬਕਾ ਮਾਰਿਆ, “ਕਿਧਰ ਮੂੰਹ ਚੁੱਕੀ ਆਉਨਾ ਏਂ, ਚਲ ਭਜ ਇੱਥੋਂ ਧੋਬੀਆਂ ਦਾ ਮੁੰਡਾ ਸਹਿਮ ਕੇ ਖੜ੍ਹ ਗਿਆ, ਆਂਟੀ ਅਸੀਂ ਗੰਦੇ ਨਹੀਂ ਗਰੀਬ ਹਾਂ ਸੁਣ ਕੇ ਉਸ ਨੂੰ ਇਵੇਂ ਲੱਗਾ ਜਿਵੇਂ ਉਸਦਾ ਅਰਥ-ਵਿਗਿਆਨ ਵਿਅਰਥ ਹੋ ਗਿਆ ਹੋਵੇ।
ਪ੍ਰਭਦਿਆਲ