ਭਵਿੱਖ ਦੀ ਚਿੰਤਾ

by Sandeep Kaur

ਉਹ ਨਿਮੋਸ਼ੇ ਚੇਹਰੇ ਸਮੇਤ ਆਪਣੇ ਪੰਜਵੀਂ ਸ਼੍ਰੇਣੀ ‘ਚੋਂ ਪਾਸ ਹੋਏ ਨਿੱਕੇ ਜਿਹੇ ਪੁੱਤਰ ਨੂੰ ਲੈ ਕੇ ਮੇਰੇ ਸਾਹਮਣੇ ਆ ਖੜ੍ਹੀ ਹੋਈ ਤੇ ਬੋਲੀ, “ਵੀਰ ਜੀ! ਮੇਰੇ ਇਸ ਪੁੱਤਰ ਨੂੰ ਛੇਵੀਂ ’ਚ ਦਾਖਲ ਕਰ ਲੋ।” ਮੈਂ ਇਕ ਬੱਝਵੀਂ ਨਜ਼ਰ ਉਸ ਇਸਤਰੀ ਵੱਲ ਤੇ ਡੂੰਘੀ ਨੀਝ ਨਾਲ ਉਸ ਦੇ ਪੁੱਤ ਵੱਲ ਤੱਕਿਆ ਤੇ ਦੱਬਵੀਂ ਆਵਾਜ਼ ‘ਚ ਕਿਹਾ, ਓਏ! ਤੇਰੇ ਪੈਰਾਂ ‘ਚ ਚੱਪਲ ਬਗੈਰਾ!
ਵਾਕ ਪੂਰਾ ਹੋਣ ਤੋਂ ਪਹਿਲਾਂ ਹੀ ਮੁੰਡੇ ਦੀ ਮਾਂ ਬੋਲੀ, ‘ਵੀਰ ਜੀ! ਮੈਂ ਇਹਨੂੰ ਬਹੁਤ ਔਖਿਆਈ ਨਾਲ ਪੜ੍ਹਾ ਰਹੀ ਹਾਂ। ਇਹਦਾ ਪਿਉ ਸ਼ਰਾਬੀ ਸੀ। ਸਾਰੀ ਜ਼ਮੀਨ ਸ਼ਰਾਬ `ਚ ਉਡਾਤੀ। ਪਿਛਲੇ ਸਾਲ ਦੀ ਬਹੁਤੀ ਸ਼ਰਾਬ ਪੀ ਕੇ ਮਰ ਗਿਆ। ਉਹ ਤਾਂ ਖਹਿੜਾ ਛੁਡਾ ਗਿਆ! ਐਨੀ ਮਹਿੰਗਾਈ ’ਚ ਪੰਜ ਜੀਆਂ ਦੇ ਟੱਬਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦੈ! ਮੈਂ ਮਾੜਾ-ਮੋਟਾ ਕੱਪੜੇ ਸਿਊਣ ਦਾ ਕੰਮ ਕਰਕੇ ਘਰ ਦਾ ਤੋਰਾ ਤੋਰਦੀ ਆਂ। ਉਂਝ ਚੰਦਰਾ ਪਣ ਨੂੰ ਚੰਗੈ। ਐਨਾ ਕਹਿ ਉਹ ਕਿਸੇ ਡੂੰਘੀ ਉਦਾਸੀ ਵਿਚ ਉਤਰ ਗਈ।
ਲਿਆ ਦੇਖਾਂ ਤੇਰਾ ਅੰਕ-ਬਿਊਰਾ ਮੈਂ ਕਹਿੰਦਿਆਂ ਮੁੰਡੇ ਦੇ ਹੱਥ ‘ਚ ਫੜਿਆ ਸਰਟੀਫ਼ਿਕੇਟ ਲੈ ਕੇ ਵੇਖਿਆ। ਉਹ ਸੱਚ ਮੁੱਚ ਹੀ ਵਾਹਵਾ ਚੰਗੇ ਅੰਕਾਂ ਵਿਚ ਪਾਸ ਸੀ। ਮੇ ਰੇ ਮਨ ਵਿਚ ਉਸ ਬੱਚੇ ਦੇ ਭਵਿੱਖ ਪ੍ਰਤੀ ਕਈ ਪ੍ਰਸ਼ਨ ਉਭਰੇ।
ਵੀਰ ਜੀ! ਮੈਨੂੰ ਤਾਂ ਏਹੋ ਚਿੰਤਾ ਵੱਢ ਵੱਢ ਖਾਈ ਜਾ ਰਹੀ ਐ ਕਿ ਕਿਤੇ ਇਹ ਵੀ ਆਪਣੇ ਪਿਉ ਵਰਗਾ ਈ ਨਾ ਬਣ ਜਾਵੇ। ਚਾਰ ਅੱਖਰ ਪੜਕੇ ਕਿਸੇ ਮਾੜੀ ਮੋਟੀ ਨੌਕਰੀ ‘ਤੇ ਲੱਗ ਜ। ਬੱਸ ਮੈਨੂੰ ਤਾਂ ਇਹਦੀ ਜ਼ਿੰਦਗੀ ਦਾ ਫ਼ਿਕਰ ਐ। ਫੇਰ ਏਨਾ ਕਹਿ ਉਹ ਧਰਤੀ ਵੱਲ ਤੱਕਣ ਲੱਗ ਪਈ। | ਇਕ ਮਾਂ ਦੀ ਆਪਣੇ ਪੁੱਤਰ ਦੇ ਭਵਿੱਖ ਪ੍ਰਤੀ ਰੀਝ ਨੂੰ ਮਹਿਸੂਸ ਕਰਦਿਆਂ ਮੈਂ ਦਿਲਬਰੀ ਦਿੰਦੇ ਹੋਏ ਕਿਹਾ, ਕੋਈ ਨੀਂ ਭੈਣ ਜੀ! ਤੁਸੀਂ ਫਿਕਰ ਨਾ ਕਰੋ। ਹੁਣ ਮੈਂ ਇਹਦੀਆਂ ਕਿਤਾਬਾਂ ਤੇ ਕੱਪੜਿਆਂ ਦਾ ਪ੍ਰਬੰਧ ਖੁਦ ਕਰਿਆ ਕਰਾਂਗਾ।
ਮੈਂ ਮਨ ਹੀ ਮਨ ਵਿਚ ਉਸ ਮਾਂ ਅੱਗੇ ਆਪਣਾ ਸੀਸ ਝੁਕਾ ਦਿੱਤਾ।

ਰਣਜੀਤ ਆਜ਼ਾਦ ਕਾਂਝਲਾ

You may also like