ਨਿੱਕੇ-ਨਿੱਕੇ ਈਸਾ

by Jasmeet Kaur

‘ਸ਼ਿੰਦਰ! ਕੱਲ ਕਿਉਂ ਨੀ ਆਈ?’
‘ਜੀ ਕੱਲ੍ਹ ਨਾ, ਮੇਰੀ ਬੀਬੀ ਬਾਹਲੀ ਢਿੱਲੀ ਹੋ ਗੀ ਸੀ’
“ਕਿਉਂ? ਕੀ ਹੋਇਆ ਤੇਰੀ ਬੀਬੀ ਨੂੰ?’
ਜੀ ਉਹਦੀ ਨਾ ਬੱਖੀ ’ਚੋਂ ਨਾੜ ਭਰਦੀ ਐ, ਕੱਲ ਮਾਨਸਾ ਦਖਾਉਣ ਜਾਣਾ ਸੀ
‘ਦਿਖਾ ਆਏ ਫੇਰ?’
‘ਨਾ ਜੀ
‘ਕਿਉਂ?’
‘ਜੀ ਕੱਲ੍ਹ ਨਾ ਪੈਸੇ ਨੀ ਹੈਗੇ ਸੀ’
ਫੇਰ?
‘ਜੀ ਅੱਜ ਲੈ ਕੇ ਜਾਉ ਮੇਰਾ ਬਾਪੂ’
ਅੱਜ ਕਿੱਥੋਂ ਆ ਗੇ ਪੈਸੇ?
‘ਜੀ- ਸੀਰ ਆਲਿਆਂ ਦਿਓ ਲਿਆਇਐ ਧਾਰੇ’

ਪਹਿਲੀ ਜਮਾਤ ਵਿਚ ਪੜ੍ਹਦੀ ਸ਼ਿੰਦਰ ਆਪਣੇ ਅਧਿਆਪਕ ਨਾਲ ਸਿਆਣਿਆਂ ਵਾਂਝ ਗੱਲਾਂ ਕਰਦੀ ਹੈ। ਪੱਕਾ ਸਾਂਵਲਾ ਰੰਗ ਪਰ ਨੈਣ-ਨਕਸ਼ ਸੁਹਣੇ, ਆਪਣੀ ਉਮਰ ਦੇ ਬੱਚਿਆਂ ਨਾਲੋਂ ਦੋ ਤਿੰਨ ਸਾਲ ਵੱਡੀ ਤੇ ਸਮਝਦਾਰ ਆਪ ਔਖੀ ਹੋ ਕੇ ਵੀ ਮਾਂ ਨੇ ਪੜਨੇ ਪਾਈ ਹੈ ਕਿ ਧੀ ਚਾਰ ਅੱਖਰ ਉਠਾਉਣ ਜੋਗੀ ਹੋ ਜਾਵੇ।
ਅਗਲੇ ਦਿਨ ਉਹ ਘੰਟਾ ਕੁ ਲੇਟ ਆਉਂਦੀ ਹੈ।
‘ਲੇਟ ਹੋ ਗੀ ਅੱਜ?
ਜੀ, ਅੱਜ ਬੀਬੀ ਫੇਰ ਬਾਹਲੀ ਔਖੀ ਸੀ, ਰੋਟੀਆਂ ਪਕਾ ਕੇ ਆਈ ਆਂ
ਨਾਲੇ ਪਹਿਲਾਂ ਸਾਰਾ ਘਰ ਸੰਭਰਿਆ ….
ਅਧਿਆਪਕ ਕੁੜੀ ਦੇ ਮੂੰਹ ਵੱਲ ਤਕਦਾ ਹੈ।
ਤੂੰ ਰੋਟੀਆਂ ਪਕਾ ਲੈਨੀ ਐ?
ਹਾਂ ਜੀ! ਦਾਲ ਵੀ, ਮੇਰੀ ਬੀਬੀ ਪਈ-ਪਈ ਦੱਸ ਦਿੰਦੀ ਐ ਮੈਂ ਧਰ ਲੈਨੀ ਆਂ।
ਕੁੜੀ ਦੇ ਚਿਹਰੇ ਤੇ ਆਤਮ-ਵਿਸ਼ਵਾਸ ਦਾ ਜਲੌਅ ਦਿਖਾਈ ਦਿੰਦਾ ਹੈ।
ਅੱਜ ਫੇਰ ਤੇਰੀ ਬੀਬੀ ਨੇ ਤੈਨੂੰ ਘਰੇ ਰਹਿਣ ਨੂੰ ਜੀ ਆਖਿਆ?
ਅਧਿਆਪਕ ਦਾ ਜੀਅ ਕਰਦਾ ਹੈ ਕਿ ਕੁੜੀ ਨੂੰ ਛੁੱਟੀ ਦੇ ਦੇਵੇ।
ਨਾ ਜੀ ਅੱਜ ਤਾਂ ਬੀਬੀ ਬਾਪੂ ਨੂੰ ਕਹੀ ਜਾਂਦੀ ਸੀ ਜੇ ਮੈਂ ਮਰ ਵੀ ਗਈ ਤਾਂ ਸ਼ਿੰਦਰ ਨੂੰ ਪੜ੍ਹਨੋਂ ਨਾ ਹਟਾਈ !
ਜਮਾਤ ਵਿਚ ਚਾਲੀ-ਪੰਜਾਹ ਬੱਚਿਆਂ ਦੇ ਸ਼ੋਰ ਦੇ ਬਾਵਜੂਦ ਅਧਿਆਪਕ ਦੇ ਅੰਦਰ ਇੱਕ ਚੁੱਪ ਪੱਸਰ ਜਾਂਦੀ ਹੈ। ਸੁੰਨ ਜਿਹਾ ਹੋਇਆ ਉਹ ਕੁੜੀ ਦੇ ਮੂੰਹ ਵੱਲ ਵੇਖਦਾ ਹੈ। ਕਿੰਨੇ ਹੀ ਨਿੱਕੇ-ਨਿੱਕੇ ਈਸਾ ਸੂਲੀ ਤੇ ਲਟਕ ਰਹੇ ਹਨ!

ਜਸਬੀਰ ਢੰਡ

You may also like