ਡਰ

by Jasmeet Kaur

ਮਾਸਟਰ ਨੇ ਮੇਜ਼ ਤੇ ਲੱਤਾਂ ਰੱਖੀਆਂ ਤੇ ਕੁਰਸੀ ਨਾਲ ਢੋਹ ਲਗਾ ਕੇ ਇਕੱਲੇ ਇਕੱਲੇ ਬੱਚੇ ਨੂੰ ਕੋਲ ਬੁਲਾਉਣਾ ਸ਼ੁਰੂ ਕੀਤਾ।
“ਅੱਛਾ ਤੂੰ ਕੱਲ੍ਹ ਘਰ ਜਾ ਕੇ ਕੰਮ ਕੀਤੈ?” ਪਹਿਲੇ ਬੱਚੇ ਨੂੰ ਮਾਸਟਰ ਨੇ ਪੁੱਛਿਆ।
“ਮੈਂ ਜਦੋਂ ਘਰ ਪੁੱਜਾ ਤਾਂ ਮੇਰੀ ਮਾਂ ਨੇ ਮੈਨੂੰ ਖੇਤ ‘ਚੋਂ ਮੂਲੀਆਂ ਤੇ ਗਾਜਰਾਂ ਲੈਣ ਭੇਜ ਦਿੱਤਾ।”
“ਅੱਛਾ ਤੂੰ ਕੱਲ੍ਹ ਕੀ ਕੀਤਾ ਸੀ ਘਰ ਜਾਕੇ?”
“ਜੀ ਮੈਂ ਤਾਂ ਪਹਾੜੇ ਯਾਦ ਕੀਤੇ ਸੀ।”
‘‘ਤੇ ਤੂੰ।”
‘ਜੀ ਕੱਲ ਸਵੇਰੇ ਮੇਰੀ ਮਾਂ ਮੈਨੂੰ ਕਹਿ ਗਈ ਸੀ ਕਿ ਮੈਂ ਸ਼ਹਿਰ ਚੱਲੀ ਆਂ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਸਾਗ ਤੋੜ ਛੱਡੀ। ਸੋ ਮੈਂ ਤਾਂ ਸਾਗ।”
ਅਸੀਂ ਤਾਂ ਕੱਲ ਸਾਰੀ ਦਿਹਾੜੀ ਕਮਾਦ ਹੀ ਪੀੜਦੇ ਰਹੇ।
ਸਾਰੇ ਬੱਚਿਆਂ ਨੂੰ ਪੁੱਛਣ ਤੋਂ ਬਾਅਦ ਮਾਸਟਰ ਨੇ ਉਹਨਾਂ ਤਿੰਨ ਬੱਚਿਆਂ ਨੂੰ ਖੜ੍ਹਾ ਕਰ ਲਿਆ ਜਿਨ੍ਹਾਂ ਨੇ ਖੇਤ ‘ਚੋਂ ਗਾਜਰਾਂ, ਮੂਲੀਆਂ ਪੁੱਟ ਕੇ, ਸਾਗ ਤੋੜ ਕੇ ਲਿਆਂਦਾ ਤੇ ਕਮਾਦ ਪੀੜਿਆ ਸੀ।
ਖੜੇ ਬੱਚੇ ਡਰ ਰਹੇ ਸਨ। ਉਹ ਸੋਚ ਰਹੇ ਸਨ ਕਿ ਮਾਸਟਰ ਜ਼ਰੂਰ ਉਨ੍ਹਾਂ ਦਾ ਮੂੰਹ ਚੁਪੇ ੜਾਂ ਮਾਰ ਮਾਰ ਕੇ ਲਾਲ ਕਰ ਦੇਵੇਗਾ। ਪਰ ਇਸਦੇ ਉਲਟ ਮਾਸਟਰ ਨੇ ਉਨ੍ਹਾਂ ਤਿੰਨ ਬੱਚਿਆਂ ਨੂੰ ਕੋਲ ਬੁਲਾ ਕੇ ਹੌਲੀ ਜਿਹੇ ਕੁਝ ਕਿਹਾ ਤੇ ਉਹ ਤਿੰਨੇ ਬੱਚੇ ਆਪਣੇ ਘਰਾਂ ਵੱਲ ਜਾ ਰਹੇ ਸਨ।

ਕਾਤਲ/ਸੁਰਿੰਦਰ ਕੈਲੇ
ਸਵੇਰ ਦੀ ਘਟਨਾ ਸਿਪਾਹੀ ਪਾਲ ਸਿੰਘ ਦੇ ਦਿਮਾਗ ਚ ਚੱਕਰ ਕੱਟ ਰਹੀ ਸੀ ਤੇ ਘਬਰਾਹਟ ਉਸਦੇ ਦਿਮਾਗ ਵਿਚ ਵਾਵਰੋਲੇ ਵਾਂਗ ਘੁੰਮ ਰਹੀ ਸੀ।
ਵਿਖਾਵਾਕਾਰੀ ਮੁੱਖ ਮੰਤਰੀ ਨੂੰ ਬੇਰੁਜ਼ਗਾਰੀ, ਮਿਲਾਵਟ ਖੋਰੀ, ਪੁਲੀਸ ਤਸ਼ਦਦ ਤੇ ਰਿਸ਼ਵਤਖੋਰੀ ਵਿਰੁੱਧ ਯਾਦ ਪੱਤਰ ਦੇਣਾ ਚਾਹੁੰਦੇ ਸਨ। ਪੁਲੀਸ ਨੇ ਨਾਕਾਬੰਦੀ ਕਰਕੇ ਰਾਹ ਰੋਕ ਲਿਆ ਤੇ ਪਥਰਾਉ ਸ਼ੁਰੂ ਕਰ ਦਿੱਤਾ। ਵਿਖਾਵਾਕਾਰੀ ਭੜਕ ਪਏ ਤੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਜਲੂਸ ਨਾ ਖਿੰਡਿਆ। ਕੁਝ ਚਿਰ ਦੀ ਮੁੱਠ ਭੇੜ ਬਾਅਦ ਵਿਖਾਵਾਕਾਰੀ ਬੇਬਸ ਹੋ ਗਏ ਤੇ ਇਧਰ ਉਧਰ ਭੱਜਣ ਲੱਗੇ। ਇਕ ਵਿਖਾਵਾਕਾਰੀ ਨੂੰ ਕਿਸੇ ਦੇ ਘਰ ਵੜਦਿਆਂ ਵੇਖ ਛੇ ਸੱਤ ਸਿਪਾਹੀ ਉਸਦੇ ਪਿੱਛੇ ਘਰ ਜਾ ਵੜੇ ਤੇ ਕਾਬੂ ਕਰ ਲਿਆ। ਪਾਲ ਸਿੰਘ ਸਮੇਤ ਦੂਸਰੇ ਸਿਪਾਹੀਆਂ ਨੇ ਉਸ ਉਪਰ ਡਾਂਗਾਂ ਦਾ ਅਜਿਹਾ ਮੀਂਹ ਵਰਸਾਇਆ ਕਿ ਉਹ ਅਧਮੋਇਆ ਹੋ ਕੇ ਨਿਸਲ ਹੋ ਗਿਆ। ਸਿਪਾਹੀਆਂ ਘੜੀਸ ਕੇ ਸੜਕ ਕਿਨਾਰੇ ਸੁੱਟ ਦਿੱਤਾ। ਘਰ ਵਾਲੇ ਭੈਭੀਤ ਤਾਂਡਵਨਾਚ ਦੇਖਦੇ ਰਹੇ।
ਉਸ ਵੇਲੇ ਪਾਲ ਸਿੰਘ ਨੂੰ ਅੰਤਾਂ ਦਾ ਰੋਹ ਚੜਿਆ ਹੋਇਆ ਸੀ ਉਹ ਮੱਥੇ ਵਿਚ ਲੱਗੇ ਪੱਥਰ ਕਾਰਨ ਸੱਪ ਵਾਂਗ ਵਿਸ਼ ਘੋਲਦਾ ਵਿਖਾਵਾਕਾਰੀਆਂ ਤੇ ਟੁੱਟ ਪਿਆ ਸੀ ਤੇ ਉਸਨੇ ਉਸ ਅਚਾਨਕ ਫਸ ਗਏ ਵਿਖਾਵਾਕਰੀ ਉਪਰ ਲਾਠੀਆਂ ਦਾ ਮੀਂਹ ਵਰਸਾਕੇ ਮਨ ਦਾ ਗੁਬਾਰ ਕੱਢਿਆ ਸੀ। ਹੁਣ ਉਹ ਪਛਤਾ ਰਿਹਾ ਸੀ, ਉਸਨੂੰ ਆਪਣੇ ਕੀਤੇ ਉਪਰ ਪਛਤਾਵਾ ਹੋ ਰਿਹਾ ਸੀ। ਉਸਦੇ ਦਿਮਾਗ ਵਿਚ ਇਕ ਗੱਲ ਗਹਿਰੀ ਧਸ ਗਈ ਸੀ, ਵਿਖਾਵਾਕਰੀ ਵੀ ਤਾਂ ਉਨ੍ਹਾਂ ਵਿੱਚੋਂ ਹੀ ਉਨ੍ਹਾਂ ਜਿਹੇ ਹੀ ਆਦਮੀ ਹਨ ਜੋ ਤੰਗੀ ਤੁਰਸ਼ੀ ਤੇ ਗੰਦਗੀਭਰੀ ਜਿੰਦਗੀ ਜੀ ਰਹੇ ਹਨ। ਰੋਟੀ ਦਾ ਮਸਲਾ ਸਿਰਫ ਉਨ੍ਹਾਂ ਦਾ ਹੀ ਨਹੀਂ, ਮੇਰਾ ਵੀ ਹੈ, ਮੇਰੇ ਬੱਚਿਆਂ ਦਾ ਵੀ। ਉਸਨੂੰ ਆਪਣੇ ਪੜੇ ਲਿਖੇ ਬੇਰੁਜ਼ਗਾਰ ਲੜਕੇ ਦਾ ਖਿਆਲ ਆਇਆ ਜੋ ਘਰ ਦੀ ਨਿਘਰ ਰਹੀ ਹਾਲਤ ਵਿਚ ਕੋਈ ਵੀ ਸਹਾਇਤਾ ਨਹੀਂ ਸੀ ਕਰ ਸਕਦਾ। ਉਸਨੂੰ ਲੱਗਿਆ ਜਿਵੇਂ ਦਿਮਾਗ ਫਟਿਆ ਕਿ ਫਟਿਆ। ਉਹ ਬੇਚੈਨੀ ’ਚ ਇਧਰ ਉਧਰ ਫਿਰਨ ਲੱਗਿਆ ਤੇ ਦਿਮਾਗ ਚ ਸਵੇਰ ਵਾਲੀ ਘਟਨਾ ਫਿਲਮ ਵਾਂਗ ਘੁੰਮ ਰਹੀ ਸੀ।
ਹੁਣੇ ਹੀ ਇਕ ਪੁਲੀਸ ਸਾਥੀ ਨੇ ਦੱਸਿਆ ਹੈ ਕਿ ਉਹ ਸਵੇਰ ਵਾਲਾ ਵਿਖਾਵਾਕਾਰੀ ਜਿਸਨੂੰ ਛੱਲੀਆਂ ਵਾਂਗ ਕੁੱਟਿਆ ਸੀ, ਪਰ ਬੋਲ ਗਿਆ ਹੈ। ਪਾਲ ਸਿੰਘ ਨੂੰ ਲੱਗਿਆ ਜਿਵੇਂ ਉਸਨੇ ਆਪਣੇ ਬੇਰੁਜ਼ਗਾਰ ਪੁੱਤਰ ਨੂੰ ਕਤਲ ਕਰ ਦਿੱਤਾ ਹੋਵੇ।
ਪਾਲ ਸਿੰਘ ਨੇ ਆਪਣਾ ਹੱਥ ਵਰਦੀ ਦੀ ਕਮੀਜ ਦੀ ਜੇਬ ‘ਚ ਪਾਇਆ ਤੇ ਜੋਰ ਦੀ ਝਟਕਾ ਮਾਰ ਜੇਬ ਪਾੜ ਸੁੱਟੀ ਅਤੇ ਤੇਜ਼ੀ ਨਾਲ ਬਾਹਰ ਨਿਕਲ ਗਿਆ।

ਰਾਜਿੰਦਰ ਸਿੰਘ ਤੋਖੀ

You may also like