ਡੂਢ ਸੌ ਵਾਲੇ ਸੱਤ ਸੌ ਵਾਲੇ

by Jasmeet Kaur

ਪਿੰਡ ਦੇ ਵੱਡੇ ਥੜੇ ‘ਚ ਖੰਡ-ਚਰਚਾ ਚੱਲ ਰਹੀ ਸੀ
ਕਹਿੰਦੇ ਆ ਆਪਣੀ ਮੰਡੀ ‘ਚ ਨਮਾ ਅੰਗਰੇਜ਼ੀ ਸਕੂਲ ਖੁਲਿਆ ਨਿੱਕੇ ਜੁਆਕਾਂ ਲਈ, ਬਾਬੇ ਸੁਰੈਣੇ ਨੇ ਸਹਿਜ ਸੁਭਾ ਗੱਲ ਤੋਰੀ।
ਆਹੋ ਬਾਈ ਸਿੰਹਾਂ ਕਮੇਟੀ ਵਾਲਿਆਂ ਹੀ ਖੁਲਾਇਆ, ਪ੍ਰਤਾਪਾ ਬੋਲਿਆ। ਪਰ ਪ੍ਰਤਾਪ ਸਿੰਹਾਂ! ਕਹਿੰਦੇ ਉਹਦੀਆਂ ਫੀਸਾਂ ਬਹੁਤ ਡਬਲ ਐ
ਆਹੋ ਬਾਈ ਤੂੰ ਠੀਕ ਈ ਕਹਿੰਨਾ, ਫਿਰ ਖਰਚੇ ਬੀ ਤਾਂ ਵਿਚੋਂ ਈ ਪੂਰੇ ਕਰਨੇ ਐ। ਜਿਹੜੀਆਂ ਮਾਸਟਰਾਣੀਆਂ ਰੱਖੀਆਂ ਨੇ ਉਨ੍ਹਾਂ ਨੂੰ ਵੀ ਤਨਖਾਹ ਵਿਚੋਂ ਈ ਦਿੰਦੇ ਹੋਣਗੇ।
ਪ੍ਰਤਾਪਿਆ ਗੱਲ ਤਾਂ ਤੇਰੀ ਵੀ ਠੀਕ ਆ ਪਰ ਉਨ੍ਹਾਂ ਨੂੰ ਕਿਹੜੇ ਪੌਂਡ ਦਿੰਦੇ ਆ ਮਸਾਂ ਸੌ, ਡੂਢ ਸੌ ਦਿੰਦੇ ਹੋਣਗੇ।
ਬਾਈ ਕਹਿੰਦੇ ਆ ਉਹ ਤਾਂ ਪੜ੍ਹੀਆਂ ਬੀ ਬਾਲੀਆਂ ਹੁੰਦੀਆਂ।
ਫੇਰ ਉਨ੍ਹਾਂ ਨੂੰ ਕੀ ਲੋੜ ਆ ਡੂਢ ਸੌ ਤੇ ਕੰਮ ਕਰਨ ਦੀ ਵਿੱਚੋਂ ਇਕ ਹੋਰ ਬੋਲਿਆ।
ਸਰਕਾਰੀ ਨੌਕਰੀ ਕਿਹੜਾ ਸੌਖੀ ਮਿਲਦੀ ਐ। ਬਾਈ ਸਿੰਹਾਂ ਅਕਸਰ ਚੌਦਾਂ ਸਾਲ ਖੂਹ ਚ ਪਾ ਕੇ ਘਰ ਕਿਮੇਂ ਬਹਿ ਜਾਣ ਨਾਲ ਰੋਟੀ ਦਾ ਬੀ ਤਾਂ ਮਸਲਾ ਹੋਇਆ ਨਾ ਪ੍ਰਤਾਪੇ ਨੇ ਸਰਕਾਰ ਦੀ ਰੁਜ਼ਗਾਰ ਨੀਤੀ ਤੇ ਵਿਅੰਗ ਕਸਦਿਆਂ ਕਿਹਾ।
ਆਹੋ ਬਾਈ ਜਿਹੜੇ ਘਰਦਿਆਂ ਨੇ ਐਨੇ ਵਰੇ ਪੜ੍ਹਾਤੀਆਂ ਉਨ੍ਹਾਂ ਵੀ ਤਾਂ ਟੁੱਕ ਚਾਹੀਦੈ ਈ ਆ ਨਾ ਹੁਣ ਫਿਰ ਬੁੱਢੇ ਵਾਰੇ। ਉਹ ਵੀ ਕੀ ਕਰਨ ਵਿਚਾਰੇ। ਚੱਲ ਜੇ ਘੱਟ ਮਿਲਦੇ ਤਾਂ ਘੱਟ ਹੀ ਸਹੀ ਅਗਲਾ ਕਹਿੰਦਾ ਘਰ ਬੈਠਣ ਨਾਲੋਂ ਤਾਂ ਚੰਗਾ ਈ ਆ।
ਨਾ ਬਾਬਾ ਫੇਰ ਕਿਹੜਾ ਉਹ ਜੁਆਕਾਂ ਨੂੰ ਐਮ.ਏ. ਕਰਾ ਦਿੰਦੀਆਂ ਬਹਿ ਕੇ ਈ ਤਾਂ ਮੁੜ ਆਉਂਦੀਆਂ। ਉਹ ਕਿਹੜਾ ਉੱਥੇ ਜੁਆਕਾਂ ਨੂੰ ਪੜ੍ਹਾਉਂਦੀਆਂ ਨੇ। ਆਪਣੇ ਈ ਸੂਈ ਸਲਾਈ ਦੇ ਕੰਮ ਕਰਕੇ ਆ ਜਾਂਦੀਆਂ। ਕੋਲ ਬੈਠੇ ਮਾਸਟਰ (ਸਰਕਾਰੀ) ਤੋਂ ਬਾਬੇ ਦੀ ਗੱਲ ਸੁਣ ਕੇ ਰਿਹਾ ਨਾ ਗਿਆ। ਆਹੋ ਬਈ ਮਾਸਟਰਾ! ਜਦੋਂ ਤੁਸੀਂ ਸੱਤ ਸੌ ਵਾਲੇ ਨੀ ਕੱਖ ਪੱਲੇ ਪਾਉਂਦੇ ਜੁਆਕਾਂ ਦੇ ਤੇ ਉਹ ਵਿਚਾਰੀਆਂ ਡੂਢ ਸੌ ਵਾਲੀਆਂ ਕੀ ਕਰਨ ਬਾਬੇ ਸੁਰੈਣੇ ਨੇ ਟੇਢੀ ਜਿਹੀ ਅੱਖ ਨਾਲ ਮਾਸਟਰ ਵੱਲ ਝਾਕਦਿਆਂ ਕਿਹਾ।

ਡਾ. ਬਲਜੀਤ ਤਖ਼ਤੂਪੁਰੀ

You may also like