• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Others

ਨੈਲਸਨ ਮੰਡੇਲਾ ਦੇ ਜੀਵਨ ਦੀ ਇੱਕ ਸੱਚੀ ਕਹਾਣੀ

by admin August 18, 2019

ਕਥਾ ਜਿੰਨਾ ਨੂੰ ਪੜਨ ਤੋ ਬਾਦ ਸਾਇਦ ਤੁਸੀ ਜ਼ਿੰਦਗੀ ਜਿਊਂਣ ਦਾ ਤਰੀਕਾ ਬਦਲਣਾ ਚਾਹੋ।

ਪਹਿਲੀ ਘਟਨਾ -ਡਰਬਨ, ਸਾਊਥ ਅਫ਼ਰੀਕਾ

ਦੱਖਣੀ ਅਫ਼ਰੀਕਾ ਦਾ ਪਹਿਲਾ ਕਾਲੇ ਰੰਗ ਦਾ ਰਾਸ਼ਟਰਪਤੀ ਬਣਨ ਤੋ ਬਾਦ ਨੈਲਸਨ ਮੰਡੇਲਾ ਅਪਣੇ ਸੁਰੱਖਿਆ ਦਸਤੇ ਸਮੇਤ ਇੱਕ ਹੋਟਲ ਵਿੱਚ ਖਾਣਾ ਖਾਣ ਗਿਆ। ਸਭ ਨੇ ਅਪਣਾ ਮਨਪਸੰਦ ਖਾਣਾ ਆਰਡਰ ਕੀਤਾ ਅਤੇ ਖਾਣ ਦਾ ਇੰਤਜਾਰ ਕਰਨ ਲੱਗੇ। ਠੀਕ ਉਸੇ ਵਕਤ ਮੰਡੇਲਾ ਦੇ ਸਾਹਮਣੇ ਵਾਲੀ ਸੀਟ ਤੇ ਇੱਕ ਹੋਰ ਵਿਅਕਤੀ ਅਪਣੇ ਖਾਣੇ ਦਾ ਇੰਤਜਾਰ ਕਰ ਰਿਹਾ ਸੀ। ਮੰਡੇਲਾ ਨੇ ਅਪਣੇ ਸੁਰੱਖਿਆ ਕਰਮੀਆ ਨੂੰ ਕਿਹਾ ਕਿ ਉਸ ਵਿਆਕਤੀ ਨੂੰ ਅਪਣੇ ਟੇਬਲ ਤੇ ਬੁਲਾ ਲੈਣ। ਉੰਝ ਹੀ ਹੋਇਆਂ,ਹੁਣ ਟੇਬਲ ਤੇ ਉਹ ਸੱਜਣ ਵੀ ਖਾਣਾ ਖਾਣ ਲੱਗ ਪਿਆਂ,ਪਰ ਖਾਣ ਵੇਲੇ ਉਸਦੇ ਹੱਥ ਕੰਬ ਰਹੇ ਸਨ।

ਖਾਣਾ ਖਤਮ ਕਰਕੇ ਉਹ ਸੱਜਣ ਸਿਰ ਝੁਕਾ ਕੇ ਹੋਟਲ ਤੋ ਬਾਹਰ ਨਿੱਕਲ ਗਿਆ,ਉਸਦੇ ਜਾਣ ਤੋ ਬਾਦ ਰਾਸ਼ਟਰਪਤੀ ਦੇ ਸੁਰੱਖਿਆ ਅਮਲੇ ਦੇ ਲੋਕਾ ਨੇ ਮੰਡੇਲਾ ਨੂੰ ਕਿਹਾ ਕਿ ਉਹ ਬੰਦਾ ਸਾਇਦ ਬਿਮਾਰ ਸੀ,ਖਾਣਾ ਖਾਣ ਸਮੇ ਉਸਦੇ ਹੱਥ ਤੇ ਉਹ ਖ਼ੁਦ ਵੀ ਥਰ ਥਰ ਕੰਬ ਰਿਹਾ ਸੀ।
ਮੰਡੇਲਾ ਨੇ ਕਿਹਾ,”ਨਹੀਂ ,ਅਸਲ ਵਿੱਚ ਮੈ ਜਿਸ ਜੇਲ ਚ ਅਠਾਈ ਸਾਲ ਕੈਦ ਰਿਹਾ ਇਹ ਉਸ ਜੇਲ ਦਾ ਜੇਲਰ ਸੀ,ਜਦੋਂ ਜੇਲ ਵਿੱਚ ਮੇਰੇ ਉੱਪਰ ਤਸੱਦਦ ਹੁੰਦਾ,ਮੈ ਪਾਣੀ ਮੰਗਦਾ ਤਾ ਇਹ ਮੇਰੇ ਮੂੰਹ ਉੱਪਰ ਪਿਸ਼ਾਬ ਕਰ ਦਿੰਦਾ ਸੀ।

ਹੁਣ ਮੈ ਰਾਸ਼ਟਰਪਤੀ ਬਣ ਗਿਆ ਹਾ,ਉਸਨੇ ਸਮਝਿਆਂ ਕਿ ਮੈ ਸਾਇਦ ਉਸ ਨਾਲ ਉਹੋ ਹੀ ਵਿਵਹਾਰ ਕਰਾਂਗਾ ਜਿਹੜਾ ਉਸਨੇ ਕਦੇ ਮੇਰੇ ਨਾਲ ਕੀਤਾ ਸੀ। ਪਰ ਮੇਰਾ ਚਰਿੱਤਰ ਅਜਿਹਾ ਨਹੀਂ ਹੈ। ਮੈਨੂੰ ਲੱਗਦਾ ਕਿ ਬਦਲੇ ਦੀ ਭਾਵਨਾ ਨਾਲ ਕੰਮ ਕਰਨਾ ਸਾਨੂੰ ਵਿਨਾਸ਼ ਵੱਲ ਲੈ ਜਾਂਦਾ,ਜਦੋਂ ਕਿ ਸੰਜਮ,ਧੀਰਜ ਅਤੇ ਸਹਿਣਸੀਲਤਾ ਸਾਨੂੰ ਵਿਕਾਸ ਅਤੇ ਸ਼ਾਂਤੀ ਵੱਲ ਲੈ ਜਾਂਦੀ ਹੈ।

ਸਾਡੀ ਕੀਤੀ ਮਾਮੂਲੀ ਜੀ ਮੱਦਦ ਕਿਸੇ ਦਾ ਪੂਰਾ ਜੀਵਨ ਬਦਲ ਸਕਦੀ ਹੈ

by admin August 17, 2019

ਸਥਾਨ ,ਮੁੰਬਈ,ਭਾਰਤ

ਮੁੰਬਈ ਤੋ ਬੈਗਲੌਰ ਜਾ ਰਹੀ ਗੱਡੀ ਦੇ TC ਨੇ ਸੀਟ ਹੇਠਾ ਲੁਕੀ ਇੱਕ ਤੇਰਾਂ -ਚੌਦਾਂ ਸਾਲ ਦੀ ਕੁੜੀ ਨੂੰ ਬਾਂਹ ਫੜਕੇ ਬਾਹਰ ਕੱਢ ਲਿਆ ਅਤੇ ਪੁੱਛਿਆਂ,”ਤੇਰੀ ਟਿਕਟ ਦਿਖਾ ਕਿੱਥੇ ਆ “
ਕੰਬਦੀ ਹੋਈ ਕੁੜੀ ਨੇ ਕਿਹਾ,”ਨਹੀਂ ਹੈ ਸਾਹਬ” ਟੀ ਸੀ ਨੇ ਥੱਪੜ ਦਿਖਾਉਂਦੇ ਕਿਹਾ,ਚੱਲ ਉੱਤਰ ਜਾ ਗੱਡੀ ਚੋ,ਦੁਬਾਰਾ ਚੜੀ ਤਾ ਮੈ ਪੁਲਿਸ ਹਵਾਲੇ ਕਰ ਦੇਵਾਂਗਾ ।”

“ਇਹਦਾ ਟਿਕਟ ਮੈ ਦੇ ਰਹੀ ਹਾ” ਪਿੱਛੇ ਤੋ ਉਸੇ ਡੱਬੇ ਚ ਸਫਰ ਕਰਦੀ ਇੱਕ ਔਰਤ ਨੇ ਕਿਹਾ। ਇਸ ਔਰਤ ਦਾ ਨਾਮ ਊਸ਼ਾ ਭੱਟਾਚਾਰਿਆ ਸੀ,ਜੋ ਪੇਸ਼ੇ ਵਜੋ ਇੱਕ ਪ੍ਰੋਫੈਸਰ ਸੀ।

ਊਸ਼ਾ – “ਤੂੰ ਕਿੱਥੇ ਜਾਣਾ ਪੁੱਤਰ ?”
ਲੜਕੀ -“ਪਤਾ ਨਹੀਂ ਮੈਡਮ”
ਊਸ਼ਾ -“ਤਾ ਚੱਲ ਫਿਰ ਮੇਰੇ ਨਾਲ ਚੱਲ ਬੈਗਲੌਰ”
ਤੇਰਾ ਨਾਮ ਕੀ ਹੈ ਪੁੱਤਰ ?
ਲੜਕੀ -“ਚਿੱਤਰਾ ਹੈ ਮੈਡਮ”
ਬੈਗਲੌਰ ਪਹੁੰਚਦੇ ਹੀ ਉਸ ਔਰਤ ਨੇ ਚਿੱਤਰਾ ਨੂੰ ਇੱਕ ਸਮਾਜ ਸੇਵੀ ਸੰਸ਼ਥਾ ਨੂੰ ਸੌਂਪ ਦਿੱਤਾ ਅਤੇ ਇੱਕ ਵੱਡੇ ਸਕੂਲ ਵਿੱਚ ਉਸਦਾ ਦਾਖਿਲਾ ਕਰਵਾ ਦਿੱਤਾ। ਜਲਦੀ ਹੀ ਊਸਾ ਦੀ ਬਦਲੀ ਦਿੱਲੀ ਦੀ ਹੋ ਗਈ ਅਤੇ ਉਸਦਾ ਸੰਪਰਕ ਚਿੱਤਰਾ ਨਾਲ਼ੋਂ ਟੁੱਟ ਗਿਆ।ਕਦੇ ਕਦੇ ਫ਼ੋਨ ਤੇ ਗੱਲ ਹੋ ਜਾਂਦੀ ਸੀ।

ਕਰੀਬ ਵੀਹ ਸਾਲ ਬਾਦ ਪ੍ਰੋ ਊਸ਼ਾ ਨੂੰ ਇੱਕ ਲੈਕਚਰ ਦੇਣ ਲਈ ਸੇਨ ਫ੍ਰਾਸਿਸਕੋ (ਅਮਰੀਕਾ) ਸੱਦਿਆਂ ਗਿਆ। ਲੈਕਚਰ ਤੋ ਬਾਦ ਜਦੋਂ ਉਹ ਅਪਣਾ ਬਿੱਲ ਦੇਣ ਰਿਸੈਪਸ਼ਨ ਤੇ ਪੁੱਜੀ ਤਾ ਪਤਾ ਚੱਲਿਆਂ ਕਿ ਉਸਦਾ ਬਿੱਲ ਪਿੱਛੇ ਖੜੇ ਇੱਕ ਸੋਹਣੇ-ਸੁਨੱਖੇ ਜੁਆਨ ਜੋੜੇ ਨੇ ਦੇ ਦਿੱਤਾ ਸੀ। ਪਹਿਲਾ ਤਾ ਉਸਨੂਂ ਯਕੀਨ ਨਹੀਂ ਹੋਇਆਂ ,ਇੱਥੇ ਤਾ ਉਸਦੀ ਜਾਣ ਪਹਿਚਾਣ ਵਾਲਾ ਕੋਈ ਨਹੀਂ ਸੀ। ਉਹ ਪਿੱਛੇ ਹਟੀ ।

ਪ੍ਰੋ ਊਸ਼ਾ – “ਮੁਆਫ ਕਰਨਾ ,ਮੈ ਤਾ ਤਹਾਨੂੰ ਜਾਣਦੀ ਵੀ ਨਹੀਂ,ਤੁਸੀ ਮੇਰਾ ਐਡਾ ਬਿੱਲ ਕਿਉ ਦੇ ਦਿੱਤਾ ?” ਪਰ ਜੁਆਬ ਸੁਣਕੇ ਉਹ ਹੈਰਾਨ ਰਹਿ ਗਈ।

ਮੈਡਮ ,ਮੁੰਬਈ ਤੋ ਲੈਕੇ ਬੈਗਲੌਰ ਵਾਲੀ ਟਿਕਟ ਦੇ ਸਾਹਮਣੇ ਇਹ ਬਿੱਲ ਕੁੱਝ ਵੀ ਨਹੀਂ।”

ਊਸ਼ਾ ,”ਉਹ ਚਿੱਤਰਾਂ ਤੂੰ ਇੱਥੇ ? “

ਇਹ ਚਿੱਤਰਾ ਕੋਈ ਹੋਰ ਨਹੀਂ ਸਗੋ ਕੰਪਿਊਟਰ ਦੀ ਦੁਨੀਆ ਦੀ ਸਭ ਤੋ ਪ੍ਰਭਾਵਸਾਲੀ ਕੰਪਨੀ ਇਨਫੋਸਿਸ ਦੀ ਚੇਅਰਮੈਨ ਸੁਧਾ ਮੂਰਤੀ ਸੀ,ਜੋ ਕੰਪਨੀ ਦੇ ਸੰਸ਼ਥਾਪਕ ਸ੍ਰੀ ਨਰਾਇਣਮੂਰਤੀ ਦੀ ਧਰਮ-ਪਤਨੀ ਹੈ। ਇਹ ਲਘੂ ਕਹਾਣੀ ਉਹਨਾਂ ਦੁਆਰਾਂ ਲਿਖੀ ਕਿਤਾਬ ,’The Day I Stopped Drinking Milk” ਵਿੱਚੋਂ ਲਈ ਗਈ ਹੈ।

ਹੋ ਸਕਦਾ ਕੁੱਝ ਅਕਿ੍ਰਤਘਣ ਲੋਕ ਕਿਸੇ ਦੀ ਦਰਿਆ-ਦਿਲੀ ਦਾ ਨਾਜਾਇਜ਼ ਫ਼ਾਇਦਾ ਵੀ ਚੁੱਕਦੇ ਹੋਣ ਪਰ ਯਾਦ ਰੱਖੋ ਸਾਡੇ ਦੁਆਰਾਂ ਕੀਤੀ ਗਈ ਮਾਮੂਲੀ ਜੀ ਮੱਦਦ ਕਿਸੇ ਦਾ ਪੂਰਾ ਜੀਵਨ ਬਦਲ ਸਕਦੀ ਹੈ।

ਸੋ ਖੁਸ਼ੀਆਂ ਵੰਡਦੇ ਰਹੋ।ਜ਼ਿੰਦਗੀ ਜ਼ਿੰਦਾਬਾਦ।

#ਮੱਖਣਬੇਗਾ

ਸ਼ਾਹ ਦੀ ਕੰਜਰੀ

by Jasmeet Kaur July 29, 2019

ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ……
ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇੱਕ ਚੁਬਾਰੇ ਵਿੱਚ ਜਵਾਨੀ ਚੜ੍ਹੀ ਸੀ। ਤੇ ਉੱਥੇ ਹੀ ਇੱਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀ। ਤੇ ਉੱਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਲੂਹ ਦਿੱਤਾ ਸੀ। ਪਰ ਫੇ਼ਰ ਇੱਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚੁਬਾਰਾ ਛੱਡ ਕੇ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਫ਼ਲੈਟੀ ਵਿੱਚ ਆ ਗਈ ਸੀ। ਉਹੀਉ ਸ਼ਹਿਰ ਸੀ, ਪਰ ਸਾਰੇ ਸ਼ਹਿਰ ਨੂੰ ਜਿਵੇਂ ਰਾਤੋ ਰਾਤ ਉਹਦਾ ਨਾਂ ਭੁੱਲ ਗਿਆ ਹੋਵੇ, ਸਾਰਿਆਂ ਦੇ ਮੂੰਹ ਤੋਂ ਸੁਣੀਂਦਾ ਸੀ- ਸ਼ਾਹ ਦੀ ਕੰਜਰੀ।
ਲੋਹੜੇ ਦਾ ਗਾਉਂਦੀ ਸੀ। ਕੋਈ ਗੌਣ ਵਾਲੀ ਉਹਦੇ ਵਾਂਗ ਮਿਰਜ਼ੇ ਦੀ ਸੱਦ ਨਹੀਂ ਸੀ ਲਾ ਸਕਦੀ। ਇਸ ਲਈ ਲੋਕ ਭਾਵੇਂ ਉਹਦਾ ਨਾਂ ਭੁੱਲ ਗਏ ਸਨ, ਪਰ ਉਹਦੀ ਆਵਾਜ਼ ਨਹੀਂ ਸਨ ਭੁੱਲੇ। ਸ਼ਹਿਰ ਵਿੱਚ ਜਿਹਦੇ ਘਰ ਵੀ ਤਵਿਆਂ ਵਾਲਾ ਵਾਜਾ ਸੀ, ਉਹ ਉਹਦੇ ਭਰੇ ਹੋਏ ਤਵੇ ਨੂੰ ਜ਼ਰੂਰ ਖ਼ਰੀਦਦਾ ਸੀ। ਪਰ ਸਾਰੇ ਘਰਾਂ ਵਿੱਚ ਤਵੇ ਦੀ ਫ਼ਰਮਾਇਸ਼ ਵੇਲੇ, ਹਰ ਕੋਈ ਇਹੋ ਕਹਿੰਦਾ ਸੀ, “ਅੱਜ ਸ਼ਾਹ ਦੀ ਕੰਜਰੀ ਵਾਲਾ ਤਵਾ ਜ਼ਰੂਰ ਸੁਣਨਾ ਏ।”
ਗੁੱਝੀ ਛਿਪੀ ਗੱਲ ਨਹੀਂ ਸੀ, ਸ਼ਾਹ ਦੇ ਘਰਦਿਆਂ ਨੂੰ ਵੀ ਪਤਾ ਸੀ। ਸਿਰਫ਼ ਪਤਾ ਨਹੀਂ ਸੀ, ਉਹਨਾਂ ਲਈ ਗੱਲ ਵੀ ਪੁਰਾਣੀ ਹੋ ਗਈ ਸੀ। ਸ਼ਾਹ ਦਾ ਵੱਡਾ ਮੁੰਡਾ, ਜੋ ਹੁਣ ਵਿਆਹੁਣ ਜੋਗਾ ਸੀ, ਜਦੋਂ ਕੁੱਛੜ ਹੁੰਦਾ ਸੀ ਤਾਂ ਸੇਠਾਣੀ ਨੇ ਜ਼ਹਿਰ ਖਾ ਕੇ ਮਰਨ ਦੀ ਧਮਕੀ ਦਿੱਤੀ ਸੀ, ਪਰ ਸ਼ਾਹ ਨੇ ਉਹਦੇ ਗਲ ਵਿੱਚ ਮੋਤੀਆਂ ਦਾ ਹਾਰ ਪਾ ਕੇ ਉਹਨੂੰ ਆਖਿਆ ਸੀ, “ਸ਼ਾਹਣੀਏ! ਉਹ ਤੇਰੇ ਘਰ ਦੀ ਬਰਕਤ ਏ। ਮੇਰੀ ਅੱਖ ਜਵਾਹਰੀਏ ਦੀ ਅੱਖ ਏ, ਤੂੰ ਸੁਣਿਆਂ ਨਹੀਂ ਹੋਇਆ ਕਿ ਨੀਲਮ ਇਹੋ ਜਿਹੀ ਚੀਜ਼ ਹੁੰਦਾ ਏ, ਜੋ ਲੱਖੋਂ ਕੱਖ ਕਰ ਦੇਂਦਾ ਏ। ਪਰ ਜਿਹਨੂੰ ਸਿੱਧਾ ਪੈ ਜਾਏ ਉਹਦਾ ਕੱਖੋਂ ਲੱਖ ਕਰ ਦੇਂਦਾ ਏ। ਉਹ ਵੀ ਨੀਲਮ ਏ, ਸਾਡੀ ਰਾਸ ਨਾਲ ਮਿਲ ਗਈ ਏ। ਜਿਸ ਦਿਨ ਤੋਂ ਸੰਗ ਬਣਿਆ ਏ, ਮੈਂ ਮਿੱਟੀ ਨੂੰ ਹੱਥ ਪਾਵਾਂ ਤਾਂ ਸੋਨਾ ਹੋ ਜਾਂਦੀ ਏ……।”
“ਪਰ ਉਹੀਉ ਇੱਕ ਦਿਨ ਘਰ ਉਜਾੜ ਦੇਵੇਗੀ; ਲੱਖੋਂ ਕੱਖ ਕਰ ਦੇਵੇਗੀ।” ਸ਼ਾਹਣੀ ਨੇ ਛਾਤੀ ਦੇ ਸੱਲ ਨੂੰ ਸਹਿ ਕੇ, ਉਸੇ ਪਾਸਿਓਂ ਦਲੀਲ ਦਿੱਤੀ ਸੀ, ਜਿਸ ਪਾਸਿਓਂ ਸ਼ਾਹ ਨੇ ਗੱਲ ਤੋਰੀ ਸੀ।
“ਮੈਂ ਤਾਂ ਸਗੋਂ ਡਰਨਾਂ- ਕਿ ਇਹਨਾਂ ਕੰਜਰੀਆਂ ਦਾ ਕੀ ਭਰੋਸਾ, ਕੱਲ੍ਹ ਨੂੰ ਕਿਸੇ ਹੋਰ ਨੇ ਸਬਜ਼ ਬਾਗ਼ ਦਿਖਾਏ, ਤੇ ਜੇ ਇਹ ਹੱਥੋਂ ਨਿਕਲ ਗਈ, ਤਾਂ ਲੱਖੋਂ ਕੱਖ ਹੋ ਜਾਣਾ ਏਂ।” ਸ਼ਾਹ ਨੇ ਫ਼ੇਰ ਆਪਣੀ ਦਲੀਲ ਦਿੱਤੀ ਸੀ।
ਤੇ ਸ਼ਾਹਣੀ ਕੋਲ ਹੋਰ ਦਲੀਲ ਨਹੀਂ ਸੀ ਰਹਿ ਗਈ। ਸਿਰਫ਼ ਵਕਤ ਕੋਲ ਰਹਿ ਗਈ ਸੀ, ਤੇ ਵਕਤ ਚੁੱਪ ਸੀ, ਕਈ ਵਰ੍ਹਿਆਂ ਤੋਂ ਚੁੱਪ ਸੀ। ਸ਼ਾਹ ਸੱਚੀਂਮੁੱਚੀਂ ਜਿੰਨੇ ਪੈਸੇ ਨੀਲਮ ਉੱਤੇ ਰੋੜ੍ਹਦਾ ਸੀ, ਉਸ ਤੋਂ ਕਈ ਗੁਣਾ ਬਹੁਤੇ, ਪਤਾ ਨਹੀਂ ਕਿੱਥੋਂ ਕਿੱਥੋਂ, ਰੁੜ੍ਹ ਕੇ ਉਹਦੇ ਘਰ ਆ ਜਾਂਦੇ ਸਨ। ਅੱਗੇ ਉਹਦੀ ਛੋਟੀ ਜਿਹੀ ਦੁਕਾਨ, ਸ਼ਹਿਰ ਦੇ ਛੋਟੇ ਜਿਹੇ ਬਾਜ਼ਾਰ ਵਿੱਚ ਹੁੰਦੀ ਸੀ, ਪਰ ਹੁਣ ਸਭ ਤੋਂ ਵੱਡੇ ਬਾਜ਼ਾਰ ਵਿੱਚ, ਲੋਹੇ ਦੇ ਜੰਗਲਿਆਂ ਵਾਲੀ, ਸਭ ਤੋਂ ਵੱਡੀ ਦੁਕਾਨ ਉਹਦੀ ਸੀ। ਘਰ ਦੀ ਥਾਵੇਂ ਪੂਰਾ ਮੁਹੱਲਾ ਹੀ ਉਹਦਾ ਸੀ, ਜਿਹਦੇ ਵਿੱਚ ਬੜੇ ਸਰਦੇ ਪੁੱਜਦੇ ਕਿਰਾਏਦਾਰ ਸਨ। ਤੇ ਜਿਹਦੇ ਵਿੱਚ ਤਹਿਖ਼ਾਨੇ ਵਾਲੇ ਘਰ ਦਾ, ਉਹਦੀ ਸ਼ਾਹਣੀ, ਕਦੇ ਇੱਕ ਦਿਨ ਵੀ ਵਸਾਹ ਨਹੀਂ ਸੀ ਖਾਂਦੀ।
ਬੜੇ ਵਰ੍ਹੇ ਹੋਏ, ਸ਼ਾਹਣੀ ਨੇ ਇੱਕ ਦਿਨ ਮੋਹਰਾਂ ਵਾਲੇ ਟਰੰਕ ਨੂੰ ਜੰਦਰਾ ਮਾਰਦਿਆਂ, ਸ਼ਾਹ ਨੂੰ ਆਖਿਆ ਸੀ- “ਉਹਨੂੰ ਭਾਵੇਂ ਹੋਟਲ ਵਿੱਚ ਰੱਖ, ਤੇ ਭਾਵੇਂ ਉਹਨੂੰ ਤਾਜ ਮਹੱਲ ਪਵਾ ਦੇ, ਪਰ ਬਾਹਰ ਦੀ ਬਲਾ ਬਾਹਰ ਹੀ ਰੱਖੀਂ, ਉਹਨੂੰ ਮੇਰੇ ਘਰ ਨਾ ਵਾੜੀਂ। ਮੈਂ ਉਹਦੇ ਮੱਥੇ ਨਹੀਂ ਲੱਗਣਾ!” ਤੇ ਸੱਚੀਂ ਸ਼ਾਹਣੀ ਨੇ ਅੱਜ ਤੱਕ ਉਹਦਾ ਮੂੰਹ ਨਹੀਂ ਸੀ ਵੇਖਿਆ। ਜਦੋਂ ਉਹਨੇ ਇਹ ਗੱਲ ਆਖੀ ਸੀ, ਉਹਦਾ ਵੱਡਾ ਪੁੱਤਰ ਅਜੇ ਸਕੂਲ ਪੜ੍ਹਦਾ ਸੀ, ਤੇ ਹੁਣ ਉਹ ਵਿਆਹੁਣ ਜੋਗਾ ਹੋਇਆ ਪਿਆ ਸੀ, ਪਰ ਸ਼ਾਹਣੀ ਨੇ ਨਾ ਉਹਦੇ ਗੌਣਾਂ ਵਾਲੇ ਤਵੇ ਘਰ ਵੜਣ ਦਿੱਤੇ ਸਨ, ਤੇ ਨਾ ਘਰ ਵਿੱਚ ਕਿਸੇ ਨੂੰ ਉਹਦਾ ਨਾਂ ਲੈਣ ਦਿੱਤਾ ਸੀ। ਉਂਜ ਉਹਦੇ ਪੁੱਤਰਾਂ ਨੇ ਹੱਟੀ ਹੱਟੀ ਉਹਦੇ ਗੌਣ ਸੁਣੇ ਹੋਏ ਸਨ, ਤੇ ਜਣੇ ਖਣੇ ਤੋਂ ਸੁਣਿਆ ਹੋਇਆ ਸੀ- “ਸ਼ਾਹ ਦੀ ਕੰਜਰੀ।”
ਵੱਡੇ ਪੁੱਤਰ ਦਾ ਵਿਆਹ ਸੀ। ਘਰ ਚਹੁੰ ਮਹੀਨਿਆਂ ਤੋਂ ਦਰਜੀ ਬੈਠੇ ਸਨ, ਕੋਈ ਸੂਟਾਂ ਉੱਤੇ ਸਿਲਮਾਂ ਕੱਢ ਰਿਹਾ ਸੀ, ਕੋਈ ਤਿੱਲਾ, ਕੋਈ ਕਿਨਾਰੀ ਤੇ ਕੋਈ ਦੁਪੱਟਿਆਂ ਉੱਤੇ ਸਿਤਾਰੇ ਮੜ੍ਹ ਰਿਹਾ ਸੀ। ਸ਼ਾਹਣੀ ਦੇ ਹੱਥ ਭਰੇ ਹੋਏ ਸਨ- ਰੁਪਈਆਂ ਦੀ ਥੈਲੀ ਕੱਢਦੀ, ਖੋਲ੍ਹਦੀ, ਤੇ ਫੇਰ ਹੋਰ ਥੈਲੀ ਭਰਨ ਲਈ ਤਹਿਖ਼ਾਨੇ ਵਿੱਚ ਚਲੀ ਜਾਂਦੀ।
ਸ਼ਾਹ ਦੇ ਯਾਰਾਂ ਨੇ, ਸ਼ਾਹ ਨੂੰ ਯਾਰੀ ਦਾ ਵਾਸਤਾ ਪਾਇਆ- ਕਿ ਮੁੰਡੇ ਦੇ ਵਿਆਹ ਤੇ ਕੰਜਰੀ ਜ਼ਰੂਰ ਗੁਆਉਣੀ ਹੈ। ਉਂਜ ਗੱਲ ਉਹਨਾਂ ਨੇ ਬੜੇ ਤਰੀਕੇ ਨਾਲ ਆਖੀ ਸੀ, ਤਾਂਕਿ ਸ਼ਾਹ ਵੱਟ ਨਾ ਖਾ ਜਾਏ, “ਉਂਜ ਤਾਂ ਸ਼ਾਹ ਜੀ ਬਥੇਰੀਆਂ ਗੌਂਣ ਨੱਚਣ ਵਾਲੀਆਂ, ਜਿਹਨੂੰ ਮਰਜ਼ੀ ਜੇ ਬਲਾਉ, ਪਰ ਉੱਥੇ ਮਲਕਾ-ਏ-ਤਰੰਨੁਮ ਜ਼ਰੂਰ ਆਵੇ, ਭਾਵੇਂ ਮਿਰਜ਼ੇ ਦੀ ਇੱਕੋ ਸੱਦ ਲਾ ਜਾਵੇ।”
ਫ਼ਲੈਟੀ ਹੋਟਲ ਆਮ ਹੋਟਲਾਂ ਜਿਹਾ ਨਹੀਂ ਸੀ। ਉੱਥੇ ਬਹੁਤੇ ਅੰਗਰੇਜ਼ ਲੋਕ ਹੀ ਆਉਂਦੇ ਅਤੇ ਠਹਿਰਦੇ ਸਨ। ਉਹਦੇ ਵਿੱਚ ਕੱਲੇ ਕੱਲੇ ਕਮਰੇ ਵੀ ਸਨ, ਪਰ ਵੱਡੇ ਵੱਡੇ ਤਿੰਨਾਂ ਕਮਰਿਆਂ ਦੇ ਸੈੱਟ ਵੀ। ਇਹੋ ਜਿਹੇ ਇੱਕ ਸੈੱਟ ਵਿੱਚ ਨੀਲਮ ਰਹਿੰਦੀ ਸੀ। ਤੇ ਸ਼ਾਹ ਨੇ ਸੋਚਿਆ ਕਿ ਦੋਸਤਾਂ ਯਾਰਾਂ ਦਾ ਦਿਲ ਖੁਸ਼ ਕਰਨ ਲਈ ਉਹ ਇੱਕ ਦਿਨ ਨੀਲਮ ਵਾਲੇ ਪਾਸੇ ਇੱਕ ਰਾਤ ਦੀ ਮਹਿਫਿ਼ਲ ਰੱਖ ਲਏਗਾ।
“ਇਹ ਤਾਂ ਚੁਬਾਰੇ ਤੇ ਜਾਣ ਵਾਲੀ ਗੱਲ ਹੋਈ।” ਇੱਕ ਨੇ ਉਜ਼ਰ ਕੀਤਾ, ਤਾਂ ਸਾਰੇ ਬੋਲ ਪਏ, “ਨਹੀਂ ਸ਼ਾਹ ਜੀ, ਉਹ ਤਾਂ ਸਿਰਫ਼ ਤੁਹਾਡਾ ਹੀ ਹੱਕ ਬਣਦਾ ਏ। ਅੱਗੇ ਕਦੀ ਅਸਾਂ ਏਨੇ ਵਰ੍ਹੇ ਕੁਝ ਆਖਿਆ ਏ? ਉਸ ਥਾਂ ਦਾ ਨਾਂ ਵੀ ਕਦੇ ਨਹੀਂ ਲਿਆ। ਉਹ ਥਾਂ ਤੁਹਾਡੀ ਅਮਾਨਤ ਏ। ਅਸਾਂ ਤਾਂ ਭਤੀਜੇ ਦੇ ਵਿਆਹ ਦੀ ਖ਼ੁਸ਼ੀ ਕਰਨੀਂ ਏਂ, ਉਹਨੂੰ ਖ਼ਾਨਦਾਨੀ ਘਰਾਂ ਵਾਂਗ ਆਪਣੇ ਘਰ ਬੁਲਾਉ, ਸਾਡੀ ਭਾਬੀ ਦੇ ਘਰ……”
ਗੱਲ ਸ਼ਾਹ ਦੇ ਮਨ ਲਗਦੀ ਸੀ। ਏਸ ਗੱਲੋਂ ਵੀ ਕਿ ਉਹ ਦੋਸਤਾਂ ਯਾਰਾਂ ਨੂੰ ਨੀਲਮ ਦਾ ਰਾਹ ਨਹੀਂ ਸੀ ਵਿਖਾਉਣਾ ਚਾਹੁੰਦਾ (ਭਾਵੇਂ ਉਹਦੇ ਕੰਨੀਂ ਭਿਣਕ ਪੈਂਦੀ ਰਹਿੰਦੀ ਸੀ ਕਿ ਉਹਦੀ ਗ਼ੈਰ-ਹਾਜ਼ਰੀ ਵਿੱਚ ਹੁਣ ਕੋਈ ਅਮੀਰਜ਼ਾਦਾ ਨੀਲਮ ਕੋਲ ਆਉਣ ਲੱਗ ਪਿਆ ਸੀ) – ਤੇ ਦੂਸਰਾ ਏਸ ਗੱਲੋਂ ਵੀ, ਕਿ ਉਹ ਚਾਹੁੰਦਾ ਸੀ ਕਿ ਨੀਲਮ ਇੱਕ ਵਾਰੀ ਉਹਦੇ ਘਰ ਆ ਕੇ, ਉਹਦੇ ਘਰ ਦੀ ਤੜਕ ਭੜਕ ਵੇਖ ਜਾਵੇ। ਪਰ ਉਹ ਸ਼ਾਹਣੀ ਤੋਂ ਡਰਦਾ ਸੀ, ਦੋਸਤਾਂ ਨੂੰ ਹਾਮੀ ਨਾ ਭਰ ਸਕਿਆ।
ਦੋਸਤਾਂ ਯਾਰਾਂ ਵਿੱਚੋਂ ਹੀ ਦੋਂਹ ਨੇ ਰਾਹ ਕੱਢਿਆ, ਤੇ ਸ਼ਾਹਣੀ ਕੋਲ ਜਾ ਕੇ ਉਹਨੂੰ ਆਖਣ ਲੱਗੇ, “ਭਾਬੀ! ਤੂੰ ਮੁੰਡੇ ਦੇ ਵਿਆਹ ਦਾ ਗੌਣ ਨਹੀਂ ਬਿਠਾਣਾ? ਅਸਾਂ ਤਾਂ ਸਾਰੀ ਖ਼ੁਸ਼ੀ ਕਰਨੀ ਏਂ। ਸ਼ਾਹ ਨੇ ਸਲਾਹ ਬਣਾਈ ਏ ਕਿ ਇੱਕ ਰਾਤ ਯਾਰਾਂ ਦੀ ਮਹਿਫਿ਼ਲ ਨੀਲਮ ਦੇ ਪਾਸੇ ਹੋ ਜਾਵੇ। ਗੱਲ ਤਾਂ ਠੀਕ ਏ, ਪਰ ਹਜ਼ਾਰਾਂ ਉੱਜੜ ਜਾਣਗੇ। ਆਖ਼ਰ ਘਰ ਤਾਂ ਤੇਰਾ ਏ, ਅੱਗੇ ਉਸ ਕੰਜਰੀ ਨੂੰ ਥੋੜ੍ਹਾ ਖੁਆ ਲਿਆ ਏ? ਤੂੰ ਸਿਆਣੀ ਬਣ, ਉਹਨੂੰ ਗੌਣ ਵਜਾਉਣ ਲਈ ਇੱਥੇ ਬੁਲਾ ਲੈ ਇੱਕ ਦਿਨ; ਮੁੰਡੇ ਦੇ ਵਿਆਹ ਦੀ ਖ਼ੁਸ਼ੀ ਵੀ ਹੋ ਜਾਏਗੀ, ਤੇ ਰੁਪਈਆ ਉੱਜੜਣੋਂ ਬਚ ਜਾਏਗਾ।”
ਸ਼ਾਹਣੀ ਪਹਿਲਾਂ ਤਾਂ ਭਰੀ ਪੀਤੀ ਬੋਲੀ, “ਮੈਂ ਉਸ ਕੰਜਰੀ ਦੇ ਮੱਥੇ ਨਹੀਂ ਲੱਗਣਾ।” ਪਰ ਜਦੋਂ ਅਗਲਿਆਂ ਨੇ ਠਰੰ੍ਹਮੇ ਨਾਲ ਆਖਿਆ, “ਇੱਥੇ ਤਾਂ ਭਾਬੀ ਤੇਰਾ ਰਾਜ ਏ, ਉਹ ਬਾਂਦੀ ਬਣ ਕੇ ਆਵੇਗੀ, ਤੇਰੇ ਹੁਕਮ ਦੀ ਬੱਧੀ। ਤੇਰੇ ਪੁੱਤਰ ਦੀ ਖ਼ੁਸ਼ੀ ਕਰਨ ਲਈ। ਹੇਠੀ ਤਾਂ ਉਹਦੀ ਏ, ਤੇਰੀ ਕਾਹਦੀ ਏ? ਜਹੇ ਕੰਮੀ ਕਮੀਣ ਆਏ, ਡੂਮ ਮਰਾਸੀ, ਤਹੀ ਉਹ।”
ਗੱਲ, ਸ਼ਾਹਣੀ ਦੇ ਮਨ ਲੱਗ ਗਈ। ਉਂਜ ਵੀ ਕਦੇ ਸੁੱਤਿਆਂ ਬੈਠਿਆਂ ਉਹਨੂੰ ਖਿ਼ਆਲ ਆਉਂਦਾ ਹੁੰਦਾ ਸੀ – ਇੱਕ ਵਾਰੀ ਵੇਖਾਂ ਤਾਂ ਸਹੀ ਕਿਹੋ ਜਿਹੀ ਏ? ਉਹਨੇ ਕਦੀ ਉਹ ਨਹੀਂ ਵੇਖੀ ਸੀ, ਪਰ ਕਿਆਸੀ ਜ਼ਰੂਰ ਸੀ- ਭਾਵੇਂ ਡਰ ਕੇ ਸਹਿਮ ਕੇ, ਤੇ ਭਾਵੇਂ ਇੱਕ ਕਰਹਿਤ ਨਾਲ। ਤੇ ਸ਼ਹਿਰ ਵਿੱਚੋਂ ਲੰਘਦਿਆਂ ਪਾਂਦਿਆਂ, ਜੇ ਕਿਸੇ ਕੰਜਰੀ ਨੂੰ ਉਹ ਟਾਂਗੇ ਵਿੱਚ ਬੈਠੀ ਨੂੰ ਵੇਖਦੀ, ਤਾਂ ਨਾਂ ਸੋਚਣਾ ਚਾਹੁੰਦੀ ਹੋਈ ਵੀ ਸੋਚ ਜਾਂਦੀ- ਕੀ ਪਤਾ ਉਹੀਉ ਹੋਵੇ?
“ਚੱਲ ਮੈਂ ਵੀ ਇੱਕ ਵਾਰੀ ਵੇਖ ਛੱਡਾਂ”, ਉਹ ਮਨ ਵਿੱਚ ਘੁਲ ਜਿਹੀ ਗਈ, “ਜੋ ਉਹਨੇ ਮੇਰਾ ਵਗਾੜਣਾ ਸੀ, ਵਗਾੜ ਲਿਆ, ਹੁਣ ਹੋਰ ਉਹਨੇ ਕੀ ਕਰ ਲੈਣਾ ਏਂ! ਇੱਕ ਵਾਰੀ ਚੰਦਰੀ ਨੂੰ ਵੇਖ ਤੇ ਛੱਡਾਂ।”
ਤੇ ਸ਼ਾਹਣੀ ਨੇ ਹਾਮੀ ਭਰ ਦਿੱਤੀ, ਪਰ ਇੱਕ ਸ਼ਰਤ ਲਾਈ, “ਇੱਥੇ ਨਾ ਸ਼ਰਾਬ ਉੱਡੇਗੀ, ਨਾ ਕਬਾਬ। ਭਲੇ ਘਰਾਂ ਵਿੱਚ ਜਿਵੇਂ ਗੌਣ ਬਹਿੰਦੇ ਨੇ, ਉਸੇ ਤਰ੍ਹਾਂ ਗੌਣ ਬਿਠਾਵਾਂਗੀ। ਤੁਸੀਂ ਮਰਦ ਮਾਹਣੂ ਵੀ ਬਹਿ ਜਾਣਾ। ਉਹ ਆਵੇ, ਤੇ ਸਿੱਧੀ ਤਰ੍ਹਾਂ ਗੌਂ ਕੇ ਤੁਰ ਜਾਏ। ਮੈਂ ਉਹੀਉ ਚਾਰ ਪਤਾਸੇ ਉਹਦੀ ਝੋਲੀ ਵੀ ਪਾ ਦਿਆਂਗੀ, ਜੋ ਹੋਰ ਕੁੜੀਆਂ ਚਿੜੀਆਂ ਨੂੰ ਦਿਆਂਗੀ, ਜੋ ਘੋੜੀਆਂ ਗੌਣਗੀਆਂ।”
“ਇਹੋ ਹੀ ਤੇ ਭਾਬੀ ਅਸੀਂ ਕਹਿਨੇਂ ਆਂ।” ਸ਼ਾਹ ਦੇ ਦੋਸਤਾਂ ਨੇ ਫਲਾਹੁਣੀ ਦਿੱਤੀ, “ਤੇਰੀ ਸਿਆਣਪ ਨਾਲ ਹੀ ਤੇ ਘਰ ਬਣਿਆ ਹੋਇਆ ਏ, ਨਹੀਂ ਤਾਂ ਖੌਰੇ ਕੀ ਭਾਣਾ ਵਰਤ ਜਾਂਦਾ।”
ਉਹ ਆਈ। ਸ਼ਾਹਣੀ ਨੇ ਆਪ ਆਪਣੀ ਬੱਘੀ ਭੇਜੀ ਸੀ। ਘਰ ਮੇਲ ਨਾਲ ਭਰਿਆ ਹੋਇਆ ਸੀ। ਵੱਡੇ ਕਮਰੇ ਵਿੱਚ ਚਿੱਟੀਆਂ ਚਾਦਰਾਂ ਵਿਛਾ ਕੇ , ਅੱਧ ਵਿਚਕਾਰ ਢੋਲਕੀ ਰੱਖੀ ਹੋਈ ਸੀ। ਘਰ ਦੀਆਂ ਤੀਵੀਆਂ ਨੇ ਘੋੜੀਆਂ ਛੋਹੀਆਂ ਹੋਈਆਂ ਸਨ……
ਬੱਘੀ ਬੂਹੇ ਅੱਗੇ ਆ ਖਲੋਤੀ, ਤਾਂ ਮੇਲਣਾਂ ਵਿੱਚੋਂ ਜੋ ਕਾਹਲੀਆਂ ਸਨ, ਕੁਝ ਭੱਜ ਕੇ ਬਾਰੀਆਂ ਵੱਲ ਚਲੀਆਂ ਗਈਆਂ, ਤੇ ਕੁਝ ਪੌੜੀਆਂ ਵਾਲੇ ਪਾਸੇ……
“ਨੀਂ ਬਦਸਗਣੀ ਕਿਉਂ ਕਰਦੀਆਂ ਹੋ, ਘੋੜੀ ਵਿੱਚੇ ਹੀ ਛੱਡ ਦਿੱਤੀ ਜੇ” ਸ਼ਾਹਣੀ ਨੇ ਦਬਕਾ ਜਿਹਾ ਮਾਰਿਆ। ਪਰ ਉਹਦੀ ਆਵਾਜ਼ ਉਹਨੂੰ ਆਪ ਹੀ ਮੱਠੀ ਜਿਹੀ ਲੱਗੀ। ਜਿਵੇਂ ਉਹਦੇ ਦਿਲ ਵਿੱਚ ਇੱਕ ਧਮਕ ਪਈ ਹੋਵੇ…
ਉਹ ਪੌੜੀਆਂ ਚੜ੍ਹ ਕੇ, ਬੂਹੇ ਤੱਕ ਆ ਗਈ ਸੀ। ਸ਼ਾਹਣੀ ਨੇ ਗੁਲਾਬੀ ਧੋਤੀ ਦਾ ਪੱਲਾ ਸਵਾਹਰਾ ਕੀਤਾ, ਜਿਵੇਂ ਸਾਹਮਣੇ ਤੱਕਣ ਲਈ ਉਹ ਧੋਤੀ ਦੇ ਸਗਣਾਂ ਵਾਲੇ ਗੁਲਾਬੀ ਰੰਗ ਦੀ ਸ਼ਹਿ ਲੈ ਰਹੀ ਹੋਵੇ……
ਸਾਹਮਣੇ- ਉਹਨੇ ਹਰੇ ਰੰਗ ਦਾ ਬਾਂਕੜੀ ਵਾਲਾ ਗਰਾਰਾ ਪਾਇਆ ਹੋਇਆ ਸੀ, ਗਲ ਸੂਹੇ ਰੰਗ ਦੀ ਕਮੀਜ਼ ਸੀ, ਤੇ ਸਿਰ ਤੋਂ ਪੈਰਾਂ ਤੱਕ ਢਲਕੀ ਹੋਈ ਰੇਸ਼ਮ ਦੀ ਚੁੰਨੀ। ਇੱਕ ਝਿਲਮਿਲ ਜਹੀ ਹੋਈ। ਸ਼ਾਹਣੀ ਨੂੰ ਇੱਕ ਪਲ ਸਿਰਫ਼ ਇਹੀ ਜਾਪਿਆ- ਜਿਵੇਂ ਹਰਾ ਰੰਗ ਸਾਰਾ ਬੂਹੇ ਵਿੱਚ ਫੈਲ ਗਿਆ ਹੈ…
ਫੇਰ ਕੱਚ ਦੀਆਂ ਚੂੜੀਆਂ ਦੀ ਛਣ-ਛਣ ਹੋਈ, ਤਾਂ ਸ਼ਾਹਣੀ ਨੇ ਵੇਖਿਆ- ਇੱਕ ਗੋਰਾ ਗੋਰਾ ਹੱਥ, ਇੱਕ ਉੜੇ ਹੋਏ ਮੱਥੇ ਨਾਲ ਛੋਹ ਕੇ, ਉਹਨੂੰ ਸਲਾਮ ਦੁਆ ਜਿਹਾ ਕੁਝ ਆਖਦਾ ਪਿਆ ਹੈ, ਤੇ ਨਾਲ ਹੀ ਇੱਕ ਛਣਕਦੀ ਜਿਹੀ ਆਵਾਜ਼- “ਬੜੀਆਂ ਮੁਬਾਰਕਾਂ ਸ਼ਾਹਣੀ! ਬੜੀਆਂ ਮੁਬਾਰਕਾਂ……”
ਉਹ ਬੜੀ ਛਮਕ ਜਿਹੀ ਸੀ, ਪੁਤਲੀ ਜਿਹੀ। ਹੱਥ ਲਾਇਆਂ ਦੂਹਰੀ ਹੁੰਦੀ। ਸ਼ਾਹਣੀ ਨੇ ਉਹਨੂੰ ਇੱਕ ਢੋਅ ਵਾਲੇ ਸਿਰਹਾਣੇ ਵੱਲ ਹੱਥ ਕਰ ਕੇ ਬਹਿਣ ਲਈ ਆਖਿਆ, ਤਾਂ ਸ਼ਾਹਣੀ ਨੂੰ ਜਾਪਿਆ ਕਿ ਉਹਦੀ ਮਾਸ ਨਾਲ ਭਰੀ ਹੋਈ ਬਾਂਹ ਬੇਡੌਲ ਲਗਦੀ ਪਈ ਹੈ……
ਕਮਰੇ ਦੀ ਇੱਕ ਗੁੱਠੇ- ਸ਼ਾਹ ਵੀ ਸੀ, ਉਹਦੇ ਮਿੱਤਰ ਵੀ ਸਨ, ਸਾਕਾਂ ਵਿੱਚੋਂ ਵੀ ਕੁਝ ਮਰਦ। ਉਸ ਛਮਕ ਜਿਹੀ ਨੇ ਉਸ ਗੁੱਠ ਵੱਲ ਤੱਕ ਕੇ ਵੀ ਇੱਕ ਵਾਰੀ ਸਲਾਮ ਆਖੀ, ਤੇ ਫੇਰ ਪਰ੍ਹਾਂ ਢੋਅ ਵਾਲੇ ਸਰਾਹਣੇ ਕੋਲ ਠੁਮਕ ਕੇ ਬਹਿ ਗਈ। ਬਹਿਣ ਲੱਗੀ ਦੀਆਂ, ਕੱਚ ਦੀਆਂ ਚੂੜੀਆਂ, ਫੇਰ ਛਣਕੀਆਂ ਸਨ, ਸ਼ਾਹਣੀ ਨੇ ਇੱਕ ਵਾਰੀ ਫੇਰ ਉਹਦੀਆਂ ਬਾਹਵਾਂ ਵੱਲ ਵੇਖਿਆ, ਹਰੀਆਂ ਕੱਚ ਦੀਆਂ ਚੂੜੀਆਂ ਨੂੰ, ਤੇ ਫੇਰ ਸੁਭਾਉਕੇ ਹੀ ਆਪਣੀਆਂ ਬਹਾਵਾਂ ਵਿੱਚ ਪਏ ਹੋਏ ਸੋਨੇ ਦੇ ਚੂੜੇ ਵੱਲ ਵੇਖਣ ਲੱਗ ਪਈ…
ਕਮਰੇ ਵਿੱਚ ਇੱਕ ਚਕਾਚੌਂਧ ਜਿਹੀ ਛਾ ਗਈ। ਹਰ ਇੱਕ ਦੀਆਂ ਅੱਖਾਂ ਜਿਵੇਂ ਇੱਕੋ ਪਾਸੇ ਉੱਲਰ ਪਈਆਂ, ਸ਼ਾਹਣੀ ਦੀਆਂ ਆਪਣੀਆਂ ਅੱਖਾਂ ਵੀ, ਪਰ ਉਹਨੂੰ ਆਪਣੀਆਂ ਅੱਖਾਂ ਤੋਂ ਛੁੱਟ, ਸਾਰੀਆਂ ਅੱਖਾਂ ਉੱਤੇ ਇੱਕ ਕਰੋਧ ਜਿਹਾ ਆ ਗਿਆ……ਉਹ ਫੇਰ ਇੱਕ ਵਾਰੀ ਆਖਣਾ ਚਾਹੁੰਦੀ ਸੀ- ਨੀ ਬਦਸਗਣੀ ਕਿਉਂ ਕਰਦੀਆਂ ਹੋ? ਘੋੜੀਆਂ ਗਾਉ ਨਾ…ਪਰ ਉਹਦੀ ਆਵਾਜ਼ ਉਹਦੇ ਸੰਘ ਨਾਲ ਮੇਲੀ ਗਈ। ਸ਼ਾਇਦ ਹੋਰਾਂ ਦੀ ਆਵਾਜ਼ ਵੀ ਉਹਨਾਂ ਦੇ ਸੰਘ ਨਾਲ ਮੇਲੀ ਗਈ ਸੀ, ਕਮਰੇ ਵਿੱਚ ਇੱਕ ਚੁੱਪ ਛਾ ਗਈ। ਉਹ ਕਮਰੇ ਦੇ ਅੱਧ ਵਿੱਚ ਪਈ ਹੋਈ ਢੋਲਕੀ ਵੱਲ ਤੱਕਣ ਲੱਗ ਪਈ, ਤੇ ਉਹਦਾ ਜੀਅ ਕੀਤਾ ਉਹ ਬੜੀ ਜ਼ੋਰ ਦੀ ਢੋਲਕੀ ਵਜਾਏ……
ਚੁੱਪ, ਉਸਨੇ ਤੋੜੀ, ਜਿਹਦੇ ਪਿੱਛੇ ਚੁੱਪ ਛਾਈ ਸੀ। ਕਹਿਣ ਲੱਗੀ, “ਮੈਂ ਤਾਂ ਸਭ ਤੋਂ ਪਹਿਲਾਂ ਘੋੜੀ ਗਾਵਾਂਗੀ, ਮੁੰਡੇ ਦਾ ਸਗਣ ਕਰਾਂਗੀ, ਕਿਉਂ ਸ਼ਾਹਣੀ?” ਤੇ ਸ਼ਾਹਣੀ ਵੱਲ ਤੱਕਦੀ ਹੱਸਦੀ ਨੇ ਘੋੜੀ ਛੋਹ ਦਿੱਤੀ, “ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰ੍ਹੇ, ਤੇਰੀ ਮਾਂ ਵੇ ਸੁਹਾਣਗ ਤੇਰੇ ਸਗਣ ਕਰੇ……”
ਸ਼ਾਹਣੀ ਨੂੰ ਅਚਾਨਕ ਵਿੱਚ ਠਰੰ੍ਹਮਾ ਜਿਹਾ ਆ ਗਿਆ- ਸ਼ਾਇਦ ਇਸ ਲਈ ਕਿ ਗੀਤ ਵਿਚਲੀ ਮਾਂ ਉਹੀ ਹੈ, ਤੇ ਉਹਦਾ ਮਰਦ ਸਿਰਫ਼ ਉਹਦਾ ਮਰਦ ਹੈ- ਤਾਹੀਏਂ ਤਾਂ ਮਾਂ ਸੁਹਾਗਣ ਹੈ……
ਸ਼ਾਹਣੀ, ਹੱਸਦੇ ਜਿਹੇ ਮੂੰਹ ਨਾਲ, ਉਹਦੇ ਅਸਲੋਂ ਸਾਹਮਣੇ ਬਹਿ ਗਈ- ਜੋ ਇਸ ਵੇਲੇ ਉਸ ਦੇ ਪੁੱਤ ਦੇ ਸਗਣ ਕਰਦੀ ਪਈ ਸੀ…
ਘੋੜੀ ਖ਼ਤਮ ਹੋਈ, ਤਾਂ ਕਮਰੇ ਦੀ ਬੋਲ ਚਾਲ ਪਰਤ ਪਈ। ਫ਼ੇਰ ਕੁਝ ਸੁਭਾਵਕ ਜਿਹਾ ਹੋ ਗਿਆ। ਔਰਤਾਂ ਵਾਲੇ ਪਾਸਿਓਂ ਫ਼ਰਮਾਇਸ਼ ਆਈ- “ਢੋਲਕੀ ਰੋੜੇ ਵਾਲਾ ਗੀਤ” ਮਰਦਾਂ ਵਾਲੇ ਪਾਸਿਓਂ ਫ਼ਰਮਾਇਸ਼ ਆਈ “ਮਿਰਜ਼ੇ ਦੀਆਂ ਸੱਦਾਂ।”
ਗੌਣ ਵਾਲੀ ਨੇ ਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਸੁਣੀ ਅਣਸੁਣੀ ਕਰ ਦਿੱਤੀ, ਤੇ ਢੋਲਕੀ ਨੂੰ ਆਪਣੇ ਵੱਲ ਖਿੱਚ ਕੇ ਉਹਨੇ ਢੋਲਕੀ ਨਾਲ ਆਪਣਾ ਗੋਡਾ ਜੋੜ ਲਿਆ। ਸ਼ਾਹਣੀ ਕੁਝ ਰਉਂ ਵਿੱਚ ਆ ਗਈ- ਸ਼ਾਇਦ ਇਸ ਲਈ ਕਿ ਗੌਣ ਵਾਲੀ, ਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਦੀ ਥਾਂ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਲੱਗੀ ਸੀ……
ਮੇਲ ਆਈਆਂ ਔਰਤਾਂ ਵਿੱਚੋਂ ਸ਼ਾਇਦ ਕੁਝ ਨੂੰ ਪਤਾ ਨਹੀਂ ਸੀ, ਉਹ ਇੱਕ ਦੂਜੀ ਕੋਲੋਂ ਪੁੱਛ ਰਹੀਆਂ ਸਨ, ਤੇ ਕਈ ਉਹਨਾਂ ਦੇ ਕੰਨ ਕੋਲ ਹੋ ਕੇ ਕਹਿ ਰਹੀਆਂ ਸਨ- “ਉਹੀਉ ਹੀ ਏ ਸ਼ਾਹ ਦੀ ਕੰਜਰੀ……” ਕਹਿਣ ਵਾਲੀਆਂ ਨੇ ਭਾਵੇਂ ਬਹੁਤ ਹੌਲੀ ਕਿਹਾ ਸੀ- ਘੁਸਰ ਮੁਸਰ ਜਿਹਾ, ਪਰ ਸ਼ਾਹਣੀ ਦੇ ਕੰਨੀਂ ਵਾਜ ਪੈ ਰਹੀ ਸੀ, ਕੰਨਾਂ ਨਾਲ ਵੱਜ ਰਹੀ ਸੀ- ਸ਼ਾਹ ਦੀ ਕੰਜਰੀ…ਸ਼ਾਹ ਦੀ ਕੰਜਰੀ……ਤੇ ਸ਼ਾਹਣੀ ਦੇ ਮੂੰਹ ਦਾ ਰੰਗ ਫੇਰ ਖੁਰ ਗਿਆ…
ਏਨੇ ਨੂੰ ਢੋਲਕੀ ਦੀ ਆਵਾਜ਼ ਫ਼ੇਰ ਉੱਚੀ ਹੋ ਗਈ, ਤੇ ਨਾਲ ਹੀ ਗੌਣ ਵਾਲੀ ਦੀ ਆਵਾਜ਼, “ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀਂ ਆਂ……” ਤੇ ਸ਼ਾਹਣੀ ਦਾ ਕਲੇਜਾ ਥੰਮ ਜਿਹਾ ਗਿਆ- ਇਹ ਸੂਹੇ ਚੀਰੇ ਵਾਲਾ ਮੇਰਾ ਹੀ ਪੁੱਤਰ ਏ, ਸੁੱਖ ਨਾਲ ਅੱਜ ਘੋੜ੍ਹੀ ਤੇ ਚੜ੍ਹਨ ਵਾਲਾ ਮੇਰਾ ਪੁੱਤਰ……
ਫ਼ਰਮਾਇਸ਼ਾਂ ਦਾ ਅੰਤ ਨਹੀਂ ਸੀ। ਇੱਕ ਗੀਤ ਮੁੱਕਦਾ, ਦੂਜਾ ਗੀਤ ਸ਼ੁਰੂ ਹੁੰਦਾ। ਗੌਣ ਵਾਲੀ, ਕਦੇ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਦੀ, ਕਦੇ ਮਰਦਾਂ ਵਾਲੇ ਪਾਸੇ ਦੀ। ਵਿੱਚ ਵਿੱਚ ਕਹਿ ਦੇਂਦੀ, “ਕੋਈ ਹੋਰ ਵੀ ਗਾਉ ਨਾ, ਮੈਨੂੰ ਸਾਹ ਦੁਆ ਦਿਉ”, ਪਰ ਕਿਹਦੀ ਹਿੰਮਤ ਸੀ, ਉਹਦੇ ਸਾਹਮਣੇ ਹੋਣ ਦੀ, ਉਹਦੀ ਟੱਲੀ ਵਰਗੀ ਆਵਾਜ਼, ਹੂਕ ਵਰਗੀ ਆਵਾਜ਼……ਉਹ ਵੀ ਸ਼ਾਇਦ ਕਹਿਣ ਨੂੰ ਕਹਿ ਰਹੀ ਸੀ, ਉਂਜ ਇੱਕ ਪਿੱਛੋਂ ਝੱਟ ਦੂਜਾ ਕੁਝ ਛੋਹ ਦਿੰਦੀ ਸੀ।
ਗੀਤਾਂ ਦੀ ਗੱਲ ਹੋਰ ਸੀ, ਪਰ ਜਦ ਉਹਨੇ ਮਿਰਜ਼ੇ ਦੀ ਹੇਕ ਲਾਈ “ਉੱਠ ਨੀਂ ਸਾਹਿਬਾਂ ਸੁੱਤੀਏ! ਉੱਠ ਕੇ ਦੇਹ ਦੀਦਾਰ……” ਹਵਾ ਦਾ ਕਲੇਜਾ ਹਿੱਲ ਗਿਆ। ਕਮਰੇ ਵਿੱਚ ਬੈਠੇ ਹੋਏ ਮਰਦ ਬੁੱਤ ਬਣ ਗਏ। ਸ਼ਾਹਣੀ ਨੂੰ ਫੇਰ ਇੱਕ ਘਬਰਾਹਟ ਜਿਹੀ ਹੋਈ, ਉਹਨੇ ਨੀਝ ਲਾ ਕੇ ਸ਼ਾਹ ਦੇ ਮੂੰਹ ਵੱਲ ਤੱਕਿਆ। ਸ਼ਾਹ ਵੀ ਹੋਰ ਬੁੱਤਾਂ ਜਿਹਾ ਬੁੱਤ ਬਣਿਆ ਹੋਇਆ ਸੀ, ਪਰ ਸ਼ਾਹਣੀ ਨੂੰ ਜਾਪਿਆ- ਉਹ ਪੱਥਰ ਦਾ ਹੋ ਗਿਆ ਹੈ……
ਸ਼ਾਹਣੀ ਦੇ ਕਲੇਜੇ ਵਿੱਚ ਹੌਲ ਪਿਆ, ਤੇ ਉਹਨੂੰ ਜਾਪਿਆ ਜੇ ਹੁਣ ਦੀ ਘੜੀ ਖੁੰਝ ਗਈ, ਤਾਂ ਉਹ ਆਪ ਵੀ ਹਮੇਸ਼ਾਂ ਲਈ ਮਿੱਟੀ ਦਾ ਬੁੱਤ ਬਣ ਜਾਏਗੀ……ਉਹ ਕਰੇ, ਕੁਝ ਕਰੇ, ਕੁਝ ਵੀ ਕਰੇ, ਪਰ ਮਿੱਟੀ ਦਾ ਬੁੱਤ ਨਾ ਬਣੇ……।
ਚੰਗੀ ਤਰਕਾਲ ਪੈ ਗਈ, ਮਹਿਫਿ਼ਲ ਮੁੱਕਣ ਤੇ ਆ ਗਈ……
ਸ਼ਾਹਣੀ ਦਾ ਕਹਿਣਾ ਸੀ ਕਿ ਉਹ ਅੱਜ ਸਿਰਫ਼ ਉਸੇ ਤਰ੍ਹਾਂ ਪਤਾਸੇ ਵੰਡੇਗੀ, ਜਿਸ ਤਰ੍ਹਾਂ ਲੋਕ ਉਸ ਦਿਨ ਵੰਡਦੇ ਹਨ, ਜਿਸ ਦਿਨ ਗੌਣ ਬਿਠਾਂਦੇ ਹਨ। ਪਰ ਜਦੋਂ ਗੌਣ ਮੁੱਕੇ ਤਾਂ ਕਮਰੇ ਵਿੱਚ ਕਈ ਵੰਨਾਂ ਦੀ ਮਠਿਆਈ ਆ ਗਈ…… ਤੇ ਸ਼ਾਹਣੀ ਨੇ ਮੁੱਠ ਵਿੱਚ ਵਲੇਟਿਆ ਹੋਇਆ ਸੌ ਦਾ ਨੋਟ ਕੱਢ ਕੇ, ਆਪਣੇ ਪੁੱਤਰ ਦੇ ਸਿਰ ਤੋਂ ਵਾਰਿਆ, ਤੇ ਫ਼ੇਰ ਉਹਨੂੰ ਫੜ੍ਹਾ ਦਿੱਤਾ, ਜਿਸ ਨੂੰ ਲੋਕ ਸ਼ਾਹ ਦੀ ਕੰਜਰੀ ਆਖਦੇ ਸਨ।
“ਰਹਿਣ ਦੇ ਸ਼ਾਹਣੀ! ਅੱਗੇ ਵੀ ਤੇਰਾ ਹੀ ਖਾਨੀ ਆਂ।” ਉਹਨੇ ਅੱਗੋਂ ਜਵਾਬ ਦਿੱਤਾ, ਤੇ ਹੱਸ ਪਈ। ਉਹਦਾ ਹਾਸਾ, ਉਹਦੇ ਰੂਪ ਵਾਂਗ ਝਿਲਮਿਲ ਕਰਦਾ ਪਿਆ ਸੀ।
ਸ਼ਾਹਣੀ ਦੇ ਮੂੰਹ ਦਾ ਰੰਗ ਹੌਲਾ ਪੈ ਗਿਆ। ਉਹਨੂੰ ਜਾਪਿਆ ਜਿਵੇਂ ਸ਼ਾਹ ਦੀ ਕੰਜਰੀ ਨੇ, ਅੱਜ ਭਰੀ ਸਭਾ ਵਿੱਚ, ਸ਼ਾਹ ਨਾਲ ਆਪਣਾ ਸੰਬੰਧ ਜੋੜ ਕੇ ਉਹਦੀ ਹੱਤਕ ਕਰ ਦਿੱਤੀ ਹੈ। ਪਰ ਸ਼ਾਹਣੀ ਨੇ ਆਪਣਾ ਆਪ ਥੰਮ੍ਹ ਲਿਆ, ਇੱਕ ਜੇਰਾ ਜਿਹਾ ਕੀਤਾ ਕਿ ਅੱਜ ਉਹਨੇ ਹਾਰ ਨਹੀਂ ਖਾਣੀ। ਤੇ ਉਹ ਜ਼ੋਰ ਦੀ ਹੱਸ ਪਈ। ਨੋਟ ਫੜਾਂਦੀ ਆਖਣ ਲੱਗੀ, “ਸ਼ਾਹ ਕੋਲੋਂ ਤੂੰ ਨਿੱਤ ਲੈਂਦੀ ਏਂ, ਪਰ ਮੇਰੇ ਕੋਲੋਂ ਤੂੰ ਫ਼ੇਰ ਕਦੋਂ ਲੈਣਾਂ ਏਂ? ਚੱਲ ਅੱਜ ਲੈ ਲੈ……”
ਤੇ ਸ਼ਾਹ ਦੀ ਕੰਜਰੀ, ਸੌ ਦੇ ਉਸ ਨੋਟ ਨੂੰ ਫੜ੍ਹਦੀ, ਇੱਕੋ ਵਾਰਗੀ ਨਿਮਾਣੀ ਜਿਹੀ ਹੋ ਗਈ…
ਕਮਰੇ ਵਿੱਚ ਸ਼ਾਹਣੀ ਦੀ ਧੋਤੀ ਦਾ, ਸਗਣਾਂ ਵਾਲਾ ਗੁਲਾਬੀ ਰੰਗ ਫੈਲ ਗਿਆ…

ਲੇਖਕ – ਅੰਮ੍ਰਿਤਾ ਪ੍ਰੀਤਮ
ਜੇਕਰ ਕੋਈ ਵੀਰ ਭੈਣ ਆਪਣਾ ਸੁਝਾਅ ਦੇਣਾ ਚਾਹੁੰਦਾ ਹੋਵੇ ਜਾਂ ਕਿਸੀ ਵੀ ਤਰ੍ਹਾਂ ਦੀ ਕਹਾਣੀ ਚਾਹੁੰਦਾ ਹੋਵੇ ਤਾਂ ਕਮੈਂਟ ਬੌਕਸ ‘ਚ ਸਾਨੂੰ ਦੱਸ ਸਕਦੈ | 🙏🙏

ਵਿਧਵਾ

by Jasmeet Kaur July 28, 2019

ਬਲਬੀਰੋ 20 ਸਾਲ ਦੀ ਉਮਰ ‘ਚ ਉਸਦਾ ਵਿਆਹ ਹੋਇਆ ਸੀ | ਨੌਂ ਮਹੀਨਿਆਂ ਮਗਰੋਂ ਬਲਬੀਰੋ ਦੀ ਕੁੱਖ ਨੂੰ ਭਾਗ ਲੱਗ ਗਏ | ਘਰ ਵਿੱਚ ਪੂਰਾ ਖੁਸ਼ੀਆਂ ਦਾ ਮਾਹੌਲ ਸੀ | ਮੁੰਡੇ ਦੇ ਪੰਜ ਕੁ ਮਹੀਨਿਆਂ ਮਗਰੋਂ ਬਲਬੀਰੋ ਦੇ ਘਰਵਾਲੇ ਦੀ ਮੌਤ ਹੋ ਗਈ | ਬਲਬੀਰੋ 21 ਕੁ ਸਾਲ ਦੀ ਨਿੱਕੀ ਜਿਹੀ ਉਮਰੇ ਹੀ ਵਿਧਵਾ ਹੋ ਬੈਠੀ ਸੀ | ਗੋਦੀ ਪਏ ਛੋਟੇ ਜਿਹੇ ਮਲੂਕ ਨਾਲ ਬਲਬੀਰੋ ਪੇਕੇ ਘਰੇ ਬੈਠੀ ਦਿਨ ਕੱਟ ਰਹੀ ਸੀ | ਬੱਚਾ ਗੋਦੀ ਹੋਣ ਕਰਕੇ ਉਸਨੂੰ ਦੁਬਾਰਾ ਅਪਨਾਉਣ ਲਈ ਕੋਈ ਵੀ ਤਿਆਰ ਨਹੀਂ ਸੀ | ਰੱਬ ਦਾ ਭਾਣਾ ਮੰਨ ਕੇ ਉਸਨੇ ਆਪਣੇ ਬੱਚੇ ਨਾਲ ਹੀ ਜਿੰਦਗੀ ਗੁਜਾਰਨਾ ਆਪਣਾ ਭਵਿੱਖ ਮੰਨ ਲਿਆ ਸੀ | ਬੀ.ਏ.(B.A) ਤੱਕ ਪੜੀ ਹੋਣ ਕਰਕੇ ਉਸਨੇ ਆਪਣੇ ਗੁਜਾਰੇ ਲਈ ੲਇੱਕ ਨੌਕਰੀ ਲੱਭ ਲਈ ਸੀ | ਨਿਆਣੀ ਉਮਰੇ ਵਿਆਹੀ ਜਾਣ ਕਰਕੇ ਉਹ ਵਿਆਹੀ ਜਾਂ ਵਿਧਵਾ ਨਹੀਂ ਸੀ ਲੱਗਦੀ | ਇਸੇ ਕਰਕੇ ਉਸਦੇ ਦਫਤਰ ਵਿੱਚ ਕੰਮ ਕਰ ਰਹੇ ਮੁੰਡੇ ਨੇ ਉਸਨੂੰ ਪਸੰਦ ਕਰਨ ਦਾ ਦਾਅਵਾ ਕਰਦੇ ਹੋਏ , ਉਸ ਨਾਲ ਵਿਆਹ ਕਰਵਾਉਣ ਲਈ ਆਖ ਦਿੱਤਾ ਸੀ| ਪਰ ਬਲਬੀਰੋ ਨੇ ਉਸਨੂੰ ਨਜ਼ਰ ਅੰਦਾਜ ਕਰ ਦਿੱਤਾ | ਜਦੋਂ ਉਹ ਮੁੰਡਾ ਕਈ ਦਿਨਾਂ ਤੱਕ ਵਿਆਹ ਲਈ ਵਾਰ ਵਾਰ ਕਹਿੰਦਾ ਰਿਹਾ ਤਾਂ ਇੱਕ ਦਿਨ ਬਲਬੀਰੋ ਨੇ ਹਾਰ ਕੇ ਉਸਨੂੰ ਆਪਣੇ ਵਾਰੇ ਸਭ ਕੁਝ ਸੱਚ ਦੱਸ ਦਿੱਤਾ | ਇਹ ਸਭ ਸੁਣ ਕੇ ਮੁੰਡੇ ਦੇ ਮੂੰਹੋਂ ਮਸਾਂ ਹੀ ਬੋਲ ਨਿਕਲੇ ਕਹਿੰਦਾ , “ਉਹ ਹੋ ! ਤੁਸੀਂ ਵਿਧਵਾ ਹੋਂ ” ਬਲਬੀਰੋ ਬੋਲੀ ਕਿਉਂ ਹੁਣ ਤੁਸੀਂ ਮੈਨੂੰ ਅਪਨਾ ਸਕਦੇ ਹੋਂ ?
ਮੁੰਡਾ ਬੋਲਿਆ, ਵਿਆਹ ਉਹ ਵੀ ਵਿਧਵਾ ਨਾਲ ਨਹੀਂ ਕਦੇ ਵੀ ਨਹੀਂ | ਮੇਰਾ ਪਰਿਵਾਰ ਤਾਂ ਉੱਚੀ ਸ਼ਾਨ ਵਾਲਾ ਕਹਿੰਦਾ ਕਹਾਂਉਦਾ ਪਰਿਵਾਰ ਐ , ਉਹ ਇੱਕ ਵਿਧਵਾ ਨਾਲ ਵਿਆਹ ਕਰਨ ਨੂੰ ਕਦੇ ਨਹੀਂ ਰਾਜੀ ਹੋਏਗਾ | ਵਿਧਵਾ ਉਹ ਵੀ ਇੱਕ ਬੱਚੇ ਦੀ ਮਾਂ , ਮਾਫ ਕਰਨਾ ਜੀ ਮੇਰੀ ਹੀ ਗਲਤੀ ਸੀ ਜੋ ਮੈਂ ਤੁਹਾਨੂੰ ਵਿਆਹ ਲਈ ਕਿਹਾ | ਬਲਬੀਰੋ ਅੰਦਰੋਂ ਅੰਦਰੀਂ ਜਿਵੇਂ ਇੱਕ ਵਾਰ ਫਿਰ ਟੁੱਟ ਗਈ ਹੋਵੇ , ਉਸਦੀਆਂ ਅੱਖਾਂ ‘ਚੋਂ ਵਰ੍ਹਿਆਂ ਦਾ ਸੈਲਾਬ ਨਿੱਕਲ ਆਇਆ ਸੀ , ਤੇ ਓਹਦਿਆਂ ਕੰਨਾਂ ‘ਚ ਇੱਕੋ ਹੀ ਆਵਾਜ ਗੂੰਜ ਰਹੀ ਸੀ , “ਉਹ ਹੋ ! ਤੁਸੀਂ ਵਿਧਵਾ ਹੋਂ ”

ਦੋਸਤੋ ਸਾਡੇ ਸਮਾਜ ਨੂੰ ਵਿਧਵਾ ਨੂੰ ਵੀ ਦੁਬਾਰਾ ਜਿੰਦਗੀ ਜੀਉਣ ਦਾ ਮੌਕਾ ਦੇਣਾ ਚਾਹੀਦਾ ਹੈ , ਤਾਂ ਜੋ ਵਿਧਵਾ ਨਾਂ ਦਾ ਸ਼ਬਦ ਅਔਰਤ ਦੀ ਜਿੰਦਗੀ ਤੋਂ ਖਤਮ ਹੋ ਸਕੇ,ਤੇ ਉਹ ਔਰਤ ਵੀ ਨਵੇਂ ਸਿਰੇ ਤੋਂ ਆਪਣੀ ਜਿੰਦਗੀ ਸ਼ੁਰੂ ਕਰ ਸਕੇ |

ਲੇਖਕ -( ਅਗਿਆਤ )

ਲਹਿੰਦੇ ਪੰਜਾਬ ਦੀ ਕਹਾਣੀ ਮਨੀ ਪਲਾਂਟ

by Jasmeet Kaur July 27, 2019

ਦੋ ਚਾਰ ਬੂਟੇ ਅਜਿਹੇ ਹੁੰਦੇ ਨੇ ਜੋ ਪਾਣੀ ਵਿੱਚ ਵੀ ਜੜ੍ਹਾਂ ਤੇ ਪੱਤਰ ਕੱਢ ਲੈਂਦੇ ਨੇ। ਇੱਕ ਤਾਂ ਕਿਰਮਚੀ… ਅਸਲ ਨਾਂ ਦਾ ਮੈਨੂੰ ਪਤਾ ਨਹੀਂ, ਸਗੋਂ ਵਧੇਰੇ ਮਾਲੀ ਵੀ ਉਹਨੂੰ ਕਿਰਮਚੀ ਕਹਿ ਕੇ ਈ ਸੱਦਦੇ ਨੇ। ਉਹੀ ਜਾਮੁਣੂ ਜਿਹੇ ਲਮੂਤਰੇ ਪੱਤਰਾਂ ਵਾਲਾ ਗੰਦਲਦਾਰ ਬੂਟਾ। ਇਹਦੀ ਟਾਹਣੀ ਨੂੰ ਪਾਣੀ ਦੀ ਬੋਤਲ ਵਿੱਚ ਲਾ ਦਿਓ, ਦੋ-ਚਹੁੰ ਦਿਨਾਂ ਨੂੰ ਪੁਰਾਣੇ ਝਾੜ ਕੇ ਨਵੇਂ ਪੱਤਰ ਕੱਢ ਲੈਂਦਾ ਏ ਪਰ ਪਾਣੀ ਵਿੱਚ ਜੜ੍ਹਾਂ ਨਹੀਂ ਕੱਢਦਾ ਤੇ ਛੇਤੀ ਹੀ ਗਲ਼ ਜਾਂਦਾ ਏ।
ਦੂਜਾ ਉਰੂਮ ਏ, ਪਾਣੀ ਦੀ ਬੋਤਲ ਵਿੱਚ ਲਾ ਦਿਓ, ਜੜ੍ਹਾਂ ਕੱਢ ਲਵੇਗਾ ਤੇ ਫੇਰ ਵਰ੍ਹਿਆਂ ਬੱਧੀ ਲੱਗਾ ਰਹੇਗਾ। ਬੈਠਕ ਵਿੱਚ ਸਜਾ ਲਵੋ। ਤੁਹਾਡੇ ਮਿੱਤਰ ਤੁਹਾਡੇ ਸ਼ੌਕ ਦੀ ਦਾਦ ਦੇਂਦੇ ਰਹਿਣਗੇ। ਮਨੀ ਪਲਾਂਟ ਦਾ ਵੀ ਇਹੀ ਹਾਲ ਏ। ਪਾਨ ਵਰਗੇ ਅਤੇ ਪੀਲੀਆਂ ਲਕੀਰਾਂ ਵਾਲੇ ਇਸ ਬੂਟੇ ਨਾਲ ਮੇਰੀ ਪੁਰਾਣੀ ਯਾਰੀ ਏ। ਬੰਗਾਲ ਦੇ ਜ਼ਮਾਨੇ ਦੀ। ਸਾਡੇ ਮਕਾਨ ਮਾਲਕ ਦੇ ਸਾਲੇ ਨੇ, ਜੋ ਪੇਇੰਗ ਗੈਸਟ ਦੇ ਤੌਰ ‘ਤੇ ਉਹਨਾਂ ਦੇ ਨਾਲ ਈ ਰਹਿ ਰਿਹਾ ਸੀ ਤੇ ਬੰਗਾਲੀ ਪੜ੍ਹਾਉਣ ਵਿੱਚ ਮੇਰਾ ਉਸਤਾਦ ਵੀ ਸੀ, ਉਹਨੇਂ ਮੈਨੂੰ ਦੋ ਚੀਜਾਂ ਨਾਲ ਪਿਆਰ ਕਰਨਾ ਸਿਖਾਇਆ ਸੀ।ਇੱਕ ਸ਼ਾਵਰ ਦੇ ਰਸਗੁੱਲੇ ਤੇ ਦੂਜਾ ਮਨੀ ਪਲਾਂਟ।
ਸ਼ਾਵਰ ਢਾਕਾ ਲਾਗੇ ਇੱਕ ਥਾਂ ਦਾ ਨਾਂ ਏ, ਜਿੱਥੋਂ ਦੇ ਰਸਗੁੱਲੇ ਬੜੇ ਮਸ਼ਹੂਰ ਸਨ। ਹੁਣ ਵੀ ਹੋਵਣਗੇ ਪਰ ਮੇਰੇ ਲਈ ਨਹੀਂ ਤੇ ਜੇ ਕਦੀ ਤੁਹਾਨੂੰ ਖਾਣ ਦਾ ਇਤਫ਼ਾਕ ਹੋਵੇ ਤਾਂ ਤੁਸੀਂ ਆਖੋਗੇ ਕਿ ਸੱਚੇ ਈ ਮਸ਼ਹੂਰ ਸਨ।
ਜਿੱਥੇ ਤੱਕ ਮਨੀ ਪਲਾਂਟ ਦਾ ਤਾਅਲੁੱਕ ਏ, ਸਾਡੇ ਮਾਲਕ ਮਕਾਨ ਦੇ ਘਰ ਵਿੱਚ ਥਾਂ-ਥਾਂ ਬੋਤਲਾਂ ਵਿੱਚ ਮਨੀ ਪਲਾਂਟ ਵੀ ਲੱਗਾ ਹੋਇਆ ਸੀ। ਕਿਧਰੇ ਨਿੱਕੇ ਤੇ ਕਿਧਰੇ ਚੌੜੋ ਪੱਤਰਾਂ ਵਾਲਾ। ਮੇਰੇ ਉਸਤਾਦ ਨੇ ਮੈਨੂੰ ਦੱਸਿਆ ਸੀ ਕਿ ਮਨੀ ਪਲਾਂਟ ਦਾ ਮਤਲਬ ਦੌਲਤ ਵਾਲਾ ਬੂਟਾ ਹੁੰਦਾ ਏ। ਜਦੋਂ ਤੁਸੀਂ ਆਪਣੇ ਘਰ ਵਿੱਚ ਮਨੀ ਪਲਾਂਟ ਦਾ ਬੂਟਾ ਲਾਂਦੇ, ਉੱਥੇ ਜੇ ਉਹ ਵਧ ਕੇ ਜਵਾਨ ਹੋ ਜਾਵੇ ਤਾਂ ਤੁਹਾਡੇ ਘਰ ਦੀ ਕੁੱਲ ਆਮਦਨ ਵਧ ਕੇ ਡੇਢ ਗੁਣਾ ਹੋ ਜਾਂਦੀ ਏ। ਉਂਜ ਉਹਨਾਂ ਦੇ ਆਪਣੇ ਘਰ ਵਿੱਚ ਦੌਲਤ ਦੀ ਕੋਈ ਰੇਲ ਪੇਲ ਨਹੀਂ ਸੀ। ਆਮ ਬੰਗਾਲੀਆਂ ਵਾਂਗੂੰ ਉਹੀ ਤਿੰਨ ਵੇਲੇ ਭਾਤ (ਉਬਲੇ ਚਾਵਲ) ਤੇ ਨਾਲ ਮਸਰਾਂ ਦੀ ਪਾਣੀ ਵਾਂਗ ਪਤਲੀ ਹਲਦੀ ਰੰਗੀ ਦਾਲ਼ ਕਾਂਦੇ। ਨਾਲ ਉਂਗਲ ਉਂਗਲ ਜਿੱਡੀਆਂ ਮਿਰਚਾਂ ਦੀ ਛੋੜ੍ਹੀ ਜਿਹੀ ਭੁਰਜੀ। ਜਾਂ ਕਦੀ ਸ਼ੋਰੇ ਵਾਲੀ ਮੱਛੀ-ਗੋਭੀ ਤੇ ਕਦੀ ਸਾਗ। ਕਦੀ ਮਾਚਸ ਦੀਆਂ ਤੀਲੀਆਂ ਵਾਂਗ ਕੱਟੇ ਹੋਏ ਆਲੂਆਂ ਦੀ ਭੁਰਜੀ। ਬਸ ਇਹੀ ਉਹਨਾਂ ਦੀ ਖੁਰਾਕ ਸੀ। ਨਾਸ਼ਤੇ ਵਿੱਚ ਉਹ ਚਾਹ ਵਿੱਚ ਫਲੀਆਂ ਪਾ ਕੇ ਖਾਂਦੇ। ਸਰਕਾਰ ਵੱਲੋਂ ਮਿਲੇ ਮਕਾਨ ਦਾ ਅੱਧਾ ਹਿੱਸਾ ਉਹਨਾਂ ਨੇ ਸਾਨੂੰ ਕਿਰਾਏ ‘ਤੇ ਦਿੱਤਾ ਹੋਇਆ ਸੀ। ਸ਼ਾਇਦ ਅਜੇ ਉਹਨਾਂ ਦੇ ਮਨੀ ਪਲਾਂਟ ਜਵਾਨ ਨਹੀਂ ਸਨ ਹੋਏ ਤੇ ਆਮਦਨ ਨਹੀਂ ਸੀ ਆਉਣ ਲੱਗੀ।
ਆਮਦਨ ਜਾਂ ਕਮਾਈ ਤੇ ਉਦੋਂ ਮੇਰਾ ਮਸਲਾ ਈ ਨਹੀਂ ਸੀ ਪਰ ਮਨੀ ਪਲਾਂਟ ਮੈਨੂੰ ਚੰਗਾ ਲੱਗਣ ਲੱਗ ਪਿਆ। ਮੈਂ ਵੀ ਇੱਕ ਬੋਤਲ ਧੋ ਕੇ ਸਾਫ਼ ਕੀਤੀ, ਉਹਦੇ ਵਿੱਚ ਪਾਣੀ ਪਾਇਆ ਤੇ ਫੇਰ ਮਨੀ-ਪਲਾਂਟ ਦੀ ਇੱਕ ਟਾਹਣੀ ਲਿਆ ਕੇ ਬੋਤਲ ਵਿੱਚ ਲਾ ਦਿੱਤੀ…
ਉਹ ਦਿਨ ਤੇ ਅੱਜ ਦਾ ਦਿਨ, ਦਰਜਨਾਂ ਮਕਾਨ ਬਦਲੇ (ਕਿਰਾਏਦਾਰ ਜੋ ਹੋਏ) ਪਰ ਮਨੀ-ਪਲਾਂਟ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਘਰ ਵਿੱਚ ਜ਼ਰੂਰ ਲੱਗਾ ਰਿਹਾ। ਫ਼ਿਊਜ਼ ਬਲਬ ਨੂੰ ਖਾਲੀ ਕਰਕੇ, ਬੋਤਲ ਵਿੱਚ, ਗ਼ਮਲੇ ਵਿੱਚ ਜਾਂ ਜ਼ਮੀਨ ਵਿੱਚ, ਜਿੱਥੇ ਵੀ ਗੁੰਜਾਇਸ਼ ਨਿਕਲੀ, ਘਰ ਇੱਕ ਕਮਰੇ ਦਾ ਹੋਵੇ ਜਾਂ ਚਾਰ ਕਮਰਿਆਂ ਦਾ, ਮਨੀ ਪਲਾਂਟ ਜ਼ਰੂਰ ਲਾਇਆ ਤੇ ਇੱਕ ਗੱਲ ਦੱਸਾਂ, ਮੇਰੇ ਹੱਥ ਦਾ ਲਾਇਆ ਮਨੀ ਪਲਾਂਟ ਦਾ ਬੂਟਾ ਫੱਲਦਾ-ਫੁੱਲਦਾ ਵੀ ਖ਼ੂਬ ਏ।
ਇੰਜ ਮਨੀ ਪਲਾਂਟ ਦੇ ਦੌਲਤ ਨਾਲ ਤਾਅਲੁੱਕ ਦੀ ਗੱਲ ਢੂਠੀ ਸਾਬਤ ਹੋ ਗਈ ਏ। ਅੱਜ ਮੇਰੇ ਘਰ ਮਨੀ ਪਲਾਂਟ ਬਹੁਤ ਏ ਪਰ ਦੌਲਤ ਦਾ ਨਾਂ ਨਿਸ਼ਾਨ ਕੋਈ ਨਹੀਂ। ਭਲਾ ਇੱਕ ਕਾਲਜ ਉਸਤਾਦ ਕੋਲ ਕੀ ਦੌਲਤ ਹੋ ਸਕਦੀ ਏ? ਸ਼ਾਇਦ ਸਰਕਾਰ ਦਾ ਖਿਆਲ ਵੀ ਇਹ ਏ ਕਿ ਉਸਤਾਦਾਂ ਲੋਕਾਂ ਕੋਲ ਇਲਮ ਦੀ ਜਿਹੜੀ ਦੌਲਤ ਹੁੰਦੀ ਏ, ਉਨੀ ਇਹਨਾਂ ਲਈ ਕਾਫ਼ੀ ਏ। ਸਾਲ ਦੇ ਸਾਲ ਜਦੋਂ ਆਮਦਨ ਦੇ ਗੋਸ਼ਵਾਰੇ ਭਰਨੇ ਹੁੰਦੇ ਨੇ ਤਾਂ ਜਾਇਦਾਦ, ਕਾਰ, ਕੋਠੀ ਵਗ਼ੈਰਾ ਦੇ ਖਾਨਿਆਂ ਵਿੱਚ ਮੈਨੂੰ ਨਿਲ (ਂਲਿ) ਦਾ ਲਫ਼ਜ਼ ਭਰਦਿਆਂ ਖ਼ਿਆਲ ਆਉਂਦਾ ਏ ਕਿ ਏਥੇ ਕੋਈ ਇੰਜ ਦਾ ਖਾਨਾ ਵੀ ਹੋਣਾ ਚਾਹੀਦਾ ਸੀ, ਜਿਹਦੇ ਵਿੱਚ ਮੈਂ ਲਿਖ ਸਕਦਾ ਕਿ ਮੇਰੇ ਸਿਰ ਉੱਤੇ ਏੰਨਾ ਕਰਜ਼ ਵੀ ਏ…
ਗੱਲ ਕੁਰਾਹੇ ਪੈ ਚੱਲੀ ਸੀ। ਮਨੀ ਪਲਾਂਟ ਬਾਰੇ ਇੱਕ ਗੱਲ ਇਹ ਵੀ ਮਸ਼ਹੂਰ ਏ ਕਿ ਜੇ ਇਹਦੀ ਟਾਹਣੀ ਚੋਰੀ ਕਰਕੇ ਲਾਈ ਜਾਵੇ ਚਾਂ ਬਹੁਤੀ ਵਧਦੀ ਏ, ਫੇਰ ਦੌਲਤ ਲਿਆਉਂਦੀ ਏ। ਇੱਕ ਮਿੰਟ ਠਹਿਰੋ…ਹਾਂ, ਇਹੀ ਗੱਲ ਹੋਵੇਗੀ। ਮੈਂ ਕਦੀ ਮਨੀ ਪਲਾਂਟ ਦੀ ਟਾਹਣੀ ਚੋਰੀ ਕਰਕੇ ਨਹੀਂ ਲਾਈ, ਸ਼ਾਇਦ ਦੌਲਤ ਨਾ ਆਉਣ ਦਾ ਕਾਰਨ ਵੀ ਏਹੋ ਹੋਵੇ। ਦੌਲਤ ਵੀ ਅਜੀਬ ਚੀਜ਼ ਏ, ‘‘ਚੋਰੀ” ਵਾਲੇ ਤਰੀਕੇ ਵਰਤੇ ਬਗ਼ੈਰ ਹੱਥ ਨਹੀਂ ਆਉਂਦੀ, ਭਾਵੇਂ ਉਹ ਮਨੀ ਪਲਾਂਟ ਦੀ ਟਾਹਣੀ ਦੀ ਚੋਰੀ ਕਿਉਂ ਨਾ ਹੋਵੇ।
ਮੈਨੂੰ ਇੱਕ ਹੋਰ ਖ਼ਬਤ ਵੀ ਏ। ਮੈਂ ਮਨੀ ਪਲਾਂਟ ਨੂੰ ਬੋਤਲ ਵਿੱਚ ਲਾਉਂਦਾ ਤੇ ਆਂ ਪਰ ਜਦੋਂ ਉਹ ਜੜ੍ਹਾਂ ਕੱਢਣ ਲੱਗਦਾ ਏ ਤਾਂ ਉਹਨੂੰ ਜ਼ਮੀਨ ਵਿੱਚ ਲਾ ਦੇਂਦਾ ਆਂ। ਮੇਰੀ ਬੀਵੀ ਅਕਸਰ ਕਹਿੰਦੀ ਹੁੰਦੀ ਏ, ‘‘ਤੁਹਾਨੂੰ ਜ਼ਮੀਨ ਵਿੱਚ ਮਨੀ ਪਲਾਂਟ ਲਾਉਣ ਦਾ ਕੀ ਖ਼ਬਤ ਏ।’ ਚੰਗਾ ਭਲਾ ਬੋਤਲ ਵਿੱਚ ਲੱਗਾ ਸੋਹਣਾ ਲੱਗਦਾ ਏ ਪਰ ਜ਼ਰਾ ਵੀ ਜੜ੍ਹਾਂ ਕੱਢਦਾ ਏ ਤਾਂ ਤੁਸੀਂ ਉਹਨੂੰ ਪਾਣੀ ਵਿੱਚੋਂ ਕੱਢ ਕੇ ਜ਼ਮੀਨ ਵਿੱਚ ਲਾ ਦਿੰਦੇ ਓ।”
ਦੱਸੋ! ਏਸ ਗੱਲ ਦਾ ਕੀ ਜਵਾਬ ਦਿਆਂ? ਜੇ ਆਖਾਂ ਕਿ ਬੂਟੇ ਵੀ ਜਾਨਦਾਰ ਹੁੰਦੇ ਨੇ, ਉਹਨਾਂ ਨੂੰ ਵੀ ਹਵਾ, ਪਾਣੀ ਤੇ ਮਿੱਟੀ ਦੀ ਲੋੜ ਹੁੰਦੀ ਏ ਤਾਂ ਉਹ ਇਹੋ ਆਖੇਗੀ ਕਿ ਤੁਸੀਂ ਆਪਣਾ ਫ਼ਲਸਫ਼ਾ ਕੋਲ ਰੱਖੋ, ਜੇ ਏਨੀ ਹੀ ਹਮਦਰਦੀ ਸੀ ਤਾਂ ਨਰਸਰੀ ਵਿੱਚ ਈ ਲੱਗਾ ਰਹਿਣ ਦੇਣਾ ਸੀ। ਘਰ ਅਸੀਂ ਇਹਨੂੰ ਖ਼ੂਬਸੂਰਤੀ ਵਾਸਤੇ ਲਿਆਉਂਦੇ ਆਂ ਤੇ ਜੋ ਖ਼ੂਬਸੂਰਤੀ ਲਈ ਸਾਨੂੰ ਮਨੀ ਪਲਾਂਟ ਨਾਲ ਮਨ-ਮਰਜ਼ੀ ਕਰਨ ਦਾ ਸਲੂਕ ਕਰਨ ਦਾ ਹੱਕ ਏ। ਪਰਾਇਆ ਤੇ ਡਾਢੇ ਦਾ ਸੱਤੀ ਵੀਹੀਂ ਸੌ ਵਾਲੀ ਗੱਲ ਨਹੀਂ? ਮਨੀ ਪਲਾਂਟ ਦਾ ਸੁਹੱਪਣ ਉਹਦੇ ਲਈ ਮੁਸ਼ਕਲ ਦਾ ਕਾਰਨ ਕਿਉਂ ਏ?
ਮੇਰੇ ਕਾਲਜ ਵਿੱਚ ਵੀ ਵੱਡੇ ਪੱਤਰਾਂ ਵਾਲਾ ਮਨੀ ਪਲਾਂਟ ਮੌਜੂਦ ਏ। ਮਾਲੀ ਸੁਚੱਜੇ ਨਹੀਂ, ਉਹਨਾਂ ਨੇ ਵੱਡੇ-ਵੱਡੇ ਹਾਥੀ ਦੇ ਕੰਨ ਜਿੱਡੇ ਪੱਤਰਾਂ ਵਾਲੇ ਮਨੀ ਪਲਾਂਟ ਰੁੱਖਾਂ ਉੱਤੇ ਚਾੜ੍ਹੇ ਹੋਏ ਨੇ, ਜੋ ਅਜੀਬ ਬਹਾਰ ਪੈਦਾ ਕਰਦੇ ਨੇ। ਅੱਜ ਕੱਲ ਖ਼ਜ਼ਾ ਦੇ ਮੌਸਮ ਵਿੱਚ ਤਾਂ ਦੋ ਈ ਚੀਜਾਂ ਨਾਲ ਬਗ਼ੀਚੇ ਦੀ ਰੌਣਕ ਏ। ਇੱਕ ਗੁਲਦਾਊਦੀ ਤੇ ਦੂਜਾ ਮਨੀ ਪਲਾਂਟ ਦੇ ਛੇਡ ਵਾਲੇ ਪੱਤਰ। ਤੇ ਜਦੋਂ ਮੈਂ ਆਖਰੀ ਪੀਰੀਅਡ ਪੜ੍ਹਾ ਕੇ, ਸਾਰਾ ਦਿਮਾਗ਼ ਖ਼ਰਚ ਕਰਕੇ ਹੱਫ਼ਿਆ ਹੋਇਆ ਨਿਕਲਦਾ ਆਂ ਤਾਂ ਇਹਨਾਂ ਦੋ ਚੀਜਾਂ ਦੀ ਦੀਦ ਈ ਮੇਰੇ ਦਿਮਾਗ਼ ਨੂੰ ਸਕੂਨ ਦੇਂਦੀ ਏ…
ਮੈਂ ਕਾਲਜ ਵਿੱਚੋਂ, ਨੌਵਾਂ ਪੀਰੀਅਡ ਪੜ੍ਹਾ ਕੇ ਨਿਕਲਿਆ। ਆਖਰੀ ਪੀਰੀਅਡ ਹੋਵਣ ਪਾਰੋਂ ਹਰ ਪਾਸੇ ਬੇਰੌਣਕੀ ਸੀ। ਸੂਰਜ ਦੀ ਮਰੀਅਲ ਤੇ ਕਮਜ਼ੋਰ ਧੁੱਪ ਵਿੱਚ ਇੱਕਾ-ਦੁੱਕਾ ਪੜ੍ਹਿਆਰ ਕਿਤਾਬਾਂ ਦਾ ਭਾਰ ਚਾਈ ਥੱਕੇ-ਥੱਕੇ ਜਾ ਰਹੇ ਸਨ। ਦੁਪਹਿਰ ਦੇ ਢਾਈ ਵਜੇ ਤੀਕ ਉਹੀ ਪੜ੍ਹਿਆਰ ਕਾਲਜ ਵਿੱਚ ਟਿਕਦਾ ਏ ਜਿਹੜਾ ਮਿਹਨਤ ਕਰਨ ਵਾਲਾ ਹੁੰਦਾ ਏ। ਘਰ ਜਾਵਣ ਦੀ ਕਾਹਲ ਦੇ ਬਾਵਜੂਦ ਇਸ ਸਮੇਂ ਬੰਦੇ ਨੂੰ ਭੁੱਖ ਤੇ ਥਕੇਵਾਂ ਤੇਜ਼ ਨਹੀਂ ਟੁਰਨ ਦੇਂਦੇ। ਮੈਂ ਬੱਸ ਸਟਾਪ ਨੂੰ ਜਾ ਰਿਹਾ ਸਾਂ। ਪਿੱਛੋਂ ਸਲਾਮ ਦੀ ਆਵਾਜ਼ ਆਈ ਤਾਂ ਜਵਾਬ ਦੇਂਦਿਆਂ ਮੈਂ ਮੁੜ ਕੇ ਵੇਖਿਆ ਉਹੀ ਸੀ ਜੋ ਚੰਦ ਦਿਨ ਪਹਿਲਾਂ ਉਰਦੂ ਐਡਵਾਂਸ ਦਾ ਮਜ਼ਮੂਨ ਛੱਡ ਕੇ ਮੇਰੇ ਕੋਲ ਪੰਜਾਬੀ ਵਿੱਚ ਆਇਆ ਸੀ। ਕਲਾਸ ਗਿਣਤੀ ਬਹੁਤੀ ਹੋਵਣ ਦੇ ਬਾਵਜੂਦ ਮੈਂ ਕਦੀ ਪੰਜਾਬੀ ਪੜ੍ਹਾਉਣ ਤੋਂ ਨਾਂਹ ਨਹੀਂ ਕੀਤੀ, ਇਸ ਲਈ ਇਹਦਾ ਨਾਂ ਵੀ ਰਜਿਸਟਰ ਉੱਤੇ ਚਾੜ੍ਹ ਲਿਆ ਸੀ। ਤਬਾਕ ਵਰਗਾ ਮੂੰਹ, ਗਲ੍ਹਾਂ ਦੀਆਂ ਹੱਡੀਆਂ ਉੱਭਰੀਆਂ ਹੋਈਆਂ, ਸਿਰ ਦੇ ਵਾਲਾਂ ਦੀ ਫ਼ੌਜੀ ਕੱਟ ਪਾਰੋਂ ਉਹਦੇ ਕੰਨ ਵੱਡੇ ਲੱਗਦੇ ਸਨ। ਸੁੱਕੇ ਜਿਸਮ ਪਾਰੋਂ ਲੰਮਾ ਕੱਦ ਹੋਰ ਵੀ ਲੰਮਾ ਲੱਗਦਾ। ਉਹਦੇ ਬੇਡੋਲ ਜੁੱਸੇ ਉੱਤੇ ਆ ਕੇ ਕਾਲਜ ਦਾ ਯੂਨੀਫਾਰਮ ਵੀ ਬੇਡੋਲ ਹੋ ਗਿਆ ਸੀ। ਚਿਹਰੇ ਦੀ ਬੇਰੌਣਕੀ ਭੁੱਖ ਪਾਰੋਂ ਹੋਰ ਵੀ ਵਧ ਗਈ ਜਾਪਦੀ ਸੀ। ਉਹ ਮੇਰੇ ਨਾਲ-ਨਾਲ ਟੁਰਨ ਲੱਗ ਪਿਆ। ਕੁਝ ਦੇਰ ਅਸੀਂ ਚੁੱਪ ਟੁਰਦੇ ਗਏ।
‘‘ਸਰ! %ਪੰਜਾਬੀ ਮੇਂ ਕਿਤਨੇ ਨੰਬਰ ਆ ਜਾਤੇ ਹੈਂ?” ਆਪਣੇ ਮਤਲਬ ਦੀ ਗੱਲ ਕਰਕੇ ਉਹਨੇ ਗੱਲਬਾਤ ਸ਼ੁਰੂ ਕੀਤੀ। ਮੈਨੂੰ ਪਹਿਲਾਂ ਦਾ ਅੰਦਾਜ਼ਾ ਸੀ ਕਿ ਉਹ ਵੀ ਵਧੇਰੇ ਦੂਜੇ ਪੜ੍ਹਿਆਰਾਂ ਵਾਂਗ ਨੰਬਰ ਲੈਣ ਲਈ ਪੰਜਾਬੀ ਵਾਲੇ ਪਾਸੇ ਆਇਆ ਏ।
‘‘ਬਰਖ਼ੁਰਦਾਰ ਤੁਸੀਂ ਜਿੰਨੀ ਮਿਹਨਤ ਕਰੋਗੇ, ਓਨੇ ਈ ਨੰਬਰ ਆਉਣਗੇ” ਮੇਰਾ ਜਵਾਬ ਉਹੀ ਸੀ ਜੋ ਅਜਿਹੇ ਮੌਕੇ ਦਿੱਤਾ ਜਾਂਦਾ ਏ।
‘‘ਸਰ ਫਿਰ ਭੀ?” ਉਹਨੇ ਅਸਰਾਰ ਕੀਤਾ। ਸ਼ਾਇਦ ਉਹਦਾ ਖ਼ਿਆਲ ਸੀ ਕਿ ਮੈਂ ਨੰਬਰ ਬਹੁਤੇ ਲੈਣ ਦਾ ਕੋਈ ਹੋਰ ਤਰੀਕਾ ਵੀ ਉਸਨੂੰ ਦਸਾਂਗਾ।
‘‘ਬਈ ਨੰਬਰਾਂ ਦਾ ਤਾਅਲੁੱਕ ਮਿਹਨਤ ਨਾਲ ਹੁੰਦਾ ਏ। ਜੇ ਤੁਸੀਂ ਰੱਜ ਕੇ ਮਿਹਨਤ ਕਰੋਗੇ ਤਾਂ ਦੋ ਸੌ ਵਿੱਚੋਂ ਡੇਢ ਸੌ ਤੱਕ ਆ ਜਾਣਗੇ।” ਇਹ ਗੱਲ ਕਰਦਿਆਂ ਮੈਨੂੰ ਖ਼ਿਆਲ ਆਇਆ ਕਿ ਖ਼ੌਰੇ ਉਹਨੇ ਲਫ਼ਜ਼ ਰੱਜ ਕੇ ਦਾ ਮਤਲਬ ਸਮਝਿਆ ਵੀ ਏ ਜਣ ਨਹੀਂ। ਇਹਨਾਂ ਦੇ ਪੰਜਾਬੀ ਮਾਪਿਆਂ ਨੇ ਇਹਨਾਂ ਨਾਲ ਉਰਦੂ ਬੋਲ ਕੇ ਤੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾ ਕੇ ਇਹਨਾਂ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਅਗੋਂ ਉਹ ਚੁੱਪ ਰਿਹਾ।
ਗੱਲ ਨੂੰ ਅੱਗੇ ਟੋਰਨ ਲਈ ਮੈਂ ਪੁੱਛਿਆ,। ‘‘ਤੁਸੀਂ ਮਜ਼ਮੂਨ ਤਬਦੀਲ ਕਰਕੇ ਸ਼ਾਇਦ ਇਸ ਲਈ ਪੰਜਾਬੀ ਵਿੱਚ ਆਏ ਓ ਕਿ ਤੁਹਾਡੇ ਨੰਬਰ ਬਹੁਤੇ ਆ ਸਕਣ।
ਉਹ ਕੁਝ ਹਿਚਕਚਾਇਆ। ‘‘ਸਰ ਅਸਲ ਮੇਂ ਉਰਦੂ ਅਡਵਾਂਸ ਬਹੁਤ ਮੁਸ਼ਕਲ ਹੈ। ਟੈਸਟ ਮੇਂ ਮੇਰੇ ਸਿਰਫ਼ ਪਾਸ ਮਾਰਕ੍ਰਸ ਆਏ ਤੋਂ ਮੇਰੀ ਅੰਮੀ ਬਹੁਤ ਨਾਰਾਜ਼ ਹੁਈਂ। ਵੋ ਹਾਈ ਬਲੱਡ ਪ੍ਰੈਸ਼ਰ ਔਰ ਸ਼ੂਗਰ ਕੀ ਮਰੀਜ਼ ਹੈਂ ਔਰ ਸੋਚਤੀ ਰਹਿਤੀ ਹੈਂ। ਤੋ ਫਿਰ ਮੈਨੇਂ ਸੋਚਾ ਕਿ ਉਰਦੂ ਅਡਵਾਂਸ ਮੇਂ ਤੋ ਹਮੇਸ਼ਾ ਨੰਬਰ ਕਮ ਆਏਂਗੇ ਔਰ ਮੇਰੀ ਅੰਮੀ ਹਮੇਸ਼ਾਂ ਪਰੇਸ਼ਾਨ ਰਹੇਗੀ। ਇਸ ਲੀਏ ਮੈਂ ਉਰਦੂ ਅਡਵਾਂਸ ਛੋੜ ਕਰ ਪੰਜਾਬੀ ਮੇਂ ਆ ਗਿਆ।”
‘‘ਪੰਜਾਬੀ ਤੁਹਾਨੂੰ ਕੈਸੀ ਲੱਗੀ?”
‘‘ਸਰ ਅੱਛੀ ਹੈ। ਉਰਦੂ ਅਡਵਾਂਸ ਸੇ ਤੋ ਆਸਾਨ ਹੈ। ਸਰ ਅਸਲ ਮੇਂ ਹਮਾਰੇ ਘਰ ਮੇਂ ਉਰਦੂ ਬੋਲੀ ਜਾਤੀ ਹੈ ਲੇਕਿਨ ਘਰ ਸੇ ਬਾਹਰ ਕਭੀ-ਕਭੀ ਪੰਜਾਬੀ ਬੋਲ ਲੇਤੇ ਥੇ। ਇਸ ਲੀਏ ਮੁਝੇ ਥੋੜ੍ਹੀ-ਥੋੜ੍ਹੀ ਪੰਜਾਬੀ ਆਤੀ ਹੈ।”
ਤੁਸੀਂ ਕੋਸ਼ਿਸ਼ ਕਰਿਆ ਕਰੋ ਨਾ, ਜ਼ਿਆਦਾ ਬੋਲਣ ਦੀ। ਜੇ ਤੁਸੀਂ ਪੰਜਾਬੀ ਵਿੱਚ ਚੰਗੇ ਨੰਬਰ ਲੈਣੇ ਨੇ ਤਾਂ ਪੰਜਾਬੀ ਚੰਗੀ ਤਰ੍ਹਾਂ ਬੋਲਣੀ ਤੇ ਲਿਖਣੀ ਪੜ੍ਹਨੀ ਆਉਣੀ ਚਾਹੀਦੀ ਏ।”
‘‘ਯੈਸ ਸਰ!”
‘‘ਤੇ ਫੇਰ ਮੇਰੇ ਨਾਲ ਕੋਈ ਪੰਜਾਬੀ ਦਾ ਫ਼ਿਕਰਾ ਬੋਲੋ!” ਮੈਂ ਫ਼ਰਮਾਇਸ਼ ਕਰ ਦਿੱਤੀ।
ਉਹਨੂੰ ਝਾਕਾ ਆ ਗਿਆ।
‘‘ਸਰ ਗੱਲ ਏ ਹੈ ਕਿ ਮੈਨੂੰ ਪਰੈਕਟਿਸ ਨਹੀਂ ਏ।”
‘‘ਬਈ ਕੋਈ ਕੰਮ ਕਰੋਗੇ ਤਾਂ ਉਹਦੀ ਪਰੈਕਟਿਸ ਹੋਵੇਗੀ। ਕਲਾਸ ਵਿੱਚ, ਕਮ ਅਜ ਕਮ ਪੰਜਾਬੀ ਦੇ ਪੀਰੀਅਡ ਵਿੱਚ ਪੰਜਾਬੀ ਬੋਲਿਆ ਕਰੋ, ਆਪੇ ਆ ਜਾਵੇਗੀ। ਫੇਰ ਨੰਬਰ ਵੀ ਚੰਗੇ ਆਉਣਗੇ।”
‘‘ਯੈਸ ਸਰ”
‘‘ਤੁਸੀਂ ਮੈਟਰਿਕ ਕਿੱਥੋਂ ਕੀਤੀ ਸੀ?”
ਜਵਾਬ ਵਿੱਚ ਉਹਨੇ ਇੱਕ ਮਸ਼ਹੂਰ ਅੰਗਰੇਜ਼ੀ -ਮੀਡੀਅਮ ਸਕੂਲ ਦਾ ਨਾਂ ਲੈ ਦਿੱਤਾ। ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਪੜ੍ਹ ਕੇ ਉਹ ਉਰਦੂ ਮੀਡੀਅਮ ਕਾਲਜ ਵਿੱਚ ਆਇਆ ਸੀ ਤੇ ਹੁਣ ਪੰਜਾਬੀ ਰਾਹੀਂ ਬਹੁਤੇ ਨੰਬਰ ਲੈ ਕੇ ਮਾਂ ਨੂੰ ਖੁਸ਼ ਕਰਨਾ ਚਾਹੁੰਦਾ ਸੀ।
ਬੱਸ ਸਟਾਪ ਵਾਲਾ ਚੌਂਕ ਆ ਚੁੱਕਿਆ ਸੀ, ਮੈਂ ਇੱਥੋਂ ਸਟੇਸ਼ਨ ਜਾਵਣ ਵਾਲੀ ਟਰੇਨ ਫੜਨੀ ਸੀ। ‘‘ਸਰ ਥੈਂਕ ਯੂ ਵੈਰੀ ਮਚ, ਆਪ ਨੇ ਮੁਝੇ ਕੰਪਨੀ ਦੀ। ਸੀ ਯੂ…” ਇਹ ਆਖ ਕੇ ਉਹ ਖੱਬੇ ਪਾਸੇ ਵੱਲ ਮੁੜਨ ਲੱਗਾ।
‘‘ਨਹੀਂ ਬਈ ਇੰਜ ਨਹੀਂ…” ਮੈਂ ਨਾਂਹ ਵਿੱਚ ਸਿਰ ਹਿਲਾਇਆ, ਉਹ ਖਲੋ ਗਿਆ ਤੇ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗ ਪਿਆ।
‘‘ਮੌਨੂੰ ਤੁਸੀਂ ਇੰਝ ਆਖੋਗੇ। ਸਰ ਤੁਹਾਡੀ ਮਿਹਰਬਾਨੀ ਕਿ ਤੁਸੀਂ ਮੇਰਾ ਸਾਥ ਦਿੱਤਾ, ਫੇਰ ਮਿਲਾਂਗੇ।” ਮੈਂ ਮੁਸਕਰਾ ਕੇ ਆਖਿਆ।
ਉਹ ਵੀ ਮੁਸਕਰਾਇਆ, ‘‘ਸਰ ਤੁਹਾਡੀ ਮਿਹਰਬਾਨੀ ਕਿ ਤੁਸੀਂ ਮੇਰਾ ਸਾਥ ਦਿੱਤਾ, ਫੇਰ ਮਿਲਾਂਗੇ।” ਉਹ ਮੁਸਕਰਾਉਣ ਦੇ ਨਾਲ ਸ਼ਰਮਾ ਵੀ ਗਿਆ।”
‘‘ਸ਼ਰਮਾਣ ਦੀ ਜ਼ਰੂਰਤ ਨਹੀਂ, ਪੰਜਾਬੀ ਬੋਲਿਆ ਕਰੋ।”
‘‘ਜੀ ਸਰ”
ਖੌਰੇ ਮੌਨੂੰ ਉਸ ਵੇਲੇ ਮਨੀ ਪਲਾਂਟ ਦਾ ਖਿਆਲ ਕਿਉਂ ਆ ਗਿਆ। ਬੇਜੜ੍ਹ ਮਨੀ ਪਲਾਂਟ ਪਾਣੀ ਵਾਲੀ ਬੋਤਲ ਵਿੱਚ ਲੱਗਾ ਜਿਹਨੂੰ ਪੱਟਣਾ ਚਾਹੋ ਤਾਂ ਜ਼ਰਾ ਵੀ ਮਜ਼ਾਹਮਤ ਨਾ ਕਰੇ। ਬੇਸ਼ਕ ਬੋਤਲ ‘ਚੋਂ ਖਿੱਚ ਕੇ ਪਰ੍ਹਾਂ ਵਗਾਹ ਮਾਰੋ। ਜੇ ਇਹਦੀਆਂ ਜੜ੍ਹਾਂ ਜ਼ਮੀਨ ਵਿੱਚ ਹੋਵਣ ਤਾਂ ਮਜ਼ਾਹਮਤ ਕਰੇ ਵੀ। ਵੇਖਣ ਨੂੰ ਚੰਗਾ ਪਰ ਅਸਲੇ ਤੋਂ ਖਾਲੀ। ਬੀਵੀ ਅਕਸਰ ਕਹਿੰਦੀ ਹੁੰਦੀ ਏ, ‘‘ਤੁਹਾਨੂੰ ਜ਼ਮੀਨ ਵਿੱਚ ਮਨੀ ਪਲਾਂਟ ਲਾਣ ਦਾ ਕੀ ਖ਼ਬਤ ਏ। ਚੰਗਾ ਭਲਾ ਬੋਤਲ ਵਿੱਚ ਲੱਗਾ ਸੋਹਣਾ ਲੱਗਦਾ ਏ। ਪਰ ਜ਼ਰਾ ਵੀ ਜੜ੍ਹਾਂ ਕੱਢਦਾ ਏ ਤਾਂ ਤੁਸੀਂ ਉਹਨੂੰ ਪਾਣੀ ਵਿੱਚੋਂ ਕੱਢ ਕੇ ਜ਼ਮੀਨ ਵਿੱਚ ਲਾ ਦਿੰਦੇ ਓ” ਹੁਣ ਆਖੇਗੀ ਤਾਂ ਉਹਨੂੰ ਦਸਾਂਗਾ ਕਿ ਭਾਵੇਂ ਕਿੰਨਾ ਸੋਹਣਾ ਪਿਆ ਲੱਗੇ, ਮਨੀ ਪਲਾਂਟ ਦੇ ਬੂਟੇ ਦਾ ਅਸਲ ਕੰਮ ਮਿੱਟੀ ਵਿੱਚ ਜੜ੍ਹਾਂ ਫੜ ਕੇ ਵੱਧਣਾ-ਫੁਲਣਾ ਏ ਨਾਲੇ ਸੁਹੱਪਣ ਦਾ ਬੋਤਲ ਨਾਲ ਕੀ ਤਾਅਲੁੱਕ? ਬੂਟਾ ਸਦਾ ਸੁਹਣਾ ਹੁੰਦਾ ਏ।
ਘਰ ਅੱਗੇ ਮੈਂ ਬੋਤਲ ਵਿੱਚ ਮਨੀ ਪਲਾਂਟ ਨੂੰ ਵੇਖਿਆ, ਜਿਹੜਾ ਹਿੱਸਾ ਪਾਣੀ ਵਿੱਚ ਡੁੱਬਿਆ ਸੀ ਉਹਦੇ ਜੋੜਾਂ ਉੱਤੇ ਜੜ੍ਹਾਂ ਦੀਆਂ ਜ਼ਰਾ-ਜ਼ਰਾ ਖੂੰਟੀਆਂ ਨਿਕਲਣ ਲੱਗ ਪਈਆਂ ਸਨ। ਇੱਕ ਦੋ ਦਿਨਾਂ ਨੂੰ ਇਹ ਖੂੰਟੀਆਂ ਜੜ੍ਹਾਂ ਬਣ ਜਾਵਣਗੀਆਂ, ਮੈਂ ਸੋਚਿਆ, ਬਸ ਜ਼ਰਾ ਜੜ੍ਹਾਂ ਕੱਢ ਲਵੇ ਫੇਰ ਮੈਂ ਇਹਨੂੰ ਮਿੱਟੀ ਵਿੱਚ ਲਾ ਦਿਆਂਗਾ।

ਜਮੀਲ ਅਹਿਮਦ ਪਾਲ

ਮਜ਼ਹਬ ਦਾ ਸ਼ਿਕਾਰ

by Jasmeet Kaur July 27, 2019

ਇਹ ਨਾ ਕਹੋ ਕਿ ਇੱਕ ਲੱਖ ਹਿੰਦੂ ਤੇ ਇੱਕ ਲੱਖ ਮੁਸਲਮਾਨ ਮਰੇ ਨੇ….ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ।ਟ੍ਰੈਜਡੀ ਤਾਂ ਅਸਲ ਵਿੱਚ ਇਹ ਹੈ ਕਿ ਮਾਰਨ ਤੇ ਮਰਨ ਵਾਲ਼ੇ ਕਿਸੇ ਵੀ ਖ਼ਾਤੇ ਚ ਨਹੀਂ ਗਏ।ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਸਮਝਿਆ ਹੋਏਗਾ ਹਿੰਦੂ ਧਰਮ ਮਰ ਗਿਆ ਹੈ,ਪਰ ਉਹ ਜਿਉਂਦਾ ਹੈ, ਤੇ ਜਿਉਂਦਾ ਰਹੇਗਾ, ਇੰਝ ਹੀ ਲੱਖ ਮੁਸਲਮਾਨਾਂ ਨੂੰ ਕਤਲ ਕਰਕੇ ਹਿੰਦੂਆਂ ਨੇ ਕੱਛਾਂ ਵਜਾਈਆਂ ਹੋਣਗੀਆਂ ਕੇ ਇਸਲਾਮ ਖ਼ਤਮ ਹੋ ਗਿਆ ਹੈ। ਪਰ ਹਕੀਕਤ ਤੁਹਾਡੇ ਸਾਹਮਣੇ ਹੈ,ਹਿੰਦੂ ਅਤੇ ਇਸਲਾਮ ਦੇ ਉੱਪਰ ਤਾਂ ਇੱਕ ਹਲਕੀ ਜਿਹੀ ਵੀ ਖਰੋਂਚ ਤੱਕ ਵੀ ਨਹੀਂ ਆਈ। ਉਹ ਲੋਕ ਬੇਵਕੂਫ਼ ਨੇ ਜੋ ਸਮਝਦੇ ਨੇ ਕਿ ਕਿਸੇ ਧਰਮ ਜਾਂ ਮਜ਼ਹਬ ਦਾ ਸ਼ਿਕਾਰ ਕੀਤਾ ਜਾ ਸਕਦਾ ਏ। ਮਜ਼ਹਬ, ਦੀਨ ,ਈਮਾਨ, ਧਰਮ,ਯਕੀਨ, ਵਿਸ਼ਵਾਸ਼,…ਇਹੋ ਜਿਹਾ ਜੋ ਕੁੱਝ ਵੀ ਆ ਲੋਕਾਂ ਦੇ ਜਿਸਮ ਵਿੱਚ ਨਹੀਂ, ਰੂਹ ਵਿੱਚ ਹੁੰਦਾ ਹੈ।ਸੋ ਚਾਕੂ, ਛੁਰੇ, ਗੋਲ਼ੀ ਨਾਲ਼ ਇਹ ਫ਼ਨਾਹ ਨਹੀਂ ਹੋ ਸਕਦਾ।

ਸਆਦਤ ਹਸਨ ਮੰਟੋ 

ਬੜਾ ਔਖਾ ਹੁੰਦਾ ਉਸ ਇਨਸਾਨ ਨੂੰ ਭੁੱਲਣਾ

by admin July 26, 2019

ਬੜਾ ਔਖਾ ਹੁੰਦਾ ਉਸ ਇਨਸਾਨ ਨੂੰ ਭੁੱਲਣਾ,
ਜਿਨ੍ਹੇ ਬਹੁਤ ਸਾਰੀਆਂ ਯਾਦਾਂ ਦਿੱਤੀਆਂ ਹੋਣ।

ਸੱਸ ਮੇਰੀ ਨੇ ਮੁੰਡੇ ਜੰਮੇ ,ਜੰਮ ਜੰਮ ਭਰੀ ਰਸੋਈ

by admin July 26, 2019

ਸੱਸ ਮੇਰੀ ਨੇ ਮੁੰਡੇ ਜੰਮੇ ,ਜੰਮ ਜੰਮ ਭਰੀ ਰਸੋਈ
ਸੱਸ ਮੇਰੀ ਨੇ ਮੁੰਡੇ ਜੰਮੇ ,ਜੰਮ ਜੰਮ ਭਰੀ ਰਸੋਈ…..
ਨੀ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ
ਨੀ ਸਾਰੇ ਮਾਂ ਵਰਗੇ ਪਿਓ ਵਰਗਾ ਨਾ ਕੋਈ।

ਜੇ ਮੁੰਡਿਆਂ ਸਾਡੀ ਤੋਰ ਤੂੰ ਵੇਖਣੀ

by admin July 26, 2019

ਜੇ ਮੁੰਡਿਆਂ ਸਾਡੀ ਤੋਰ ਤੂੰ ਵੇਖਣੀ
ਜੇ ਮੁੰਡਿਆਂ ਸਾਡੀ ਤੋਰ ਤੂੰ ਵੇਖਣੀ…
ਗੜਵਾ ਲੈਦੇ ਚਾਂਦੀ ਦਾ,
ਲੱਕ ਹਿੱਲੇ ਮਜਾਜਣ ਜਾਂਦੀ ਦਾ
ਵੇ ਲੱਕ ਹਿੱਲੇ ਮਜਾਜਣ ਜਾਂਦੀ ਦ।

ਚਿੱਟਾ ਕੁੱਕੜ ਬਨੇਰੇ ਤੇ

by admin July 26, 2019

ਚਿੱਟਾ ਕੁੱਕੜ ਬਨੇਰੇ ਤੇ
ਚਿੱਟਾ ਕੁੱਕੜ ਬਨੇਰੇ ਤੇ…
ਕਾਸ਼ਨੀ ਦੁਪੱਟੇ ਵਾਲੀਏ
ਮੁੰਡਾ ਆਸ਼ਿਕ ਤੇਰੇ ਤੇ।

ਚਿੜੀਆਂ ਵੇ ਬਾਰ ਦੀਆਂ

by admin July 26, 2019

ਚਿੜੀਆਂ ਵੇ ਬਾਰ ਦੀਆਂ…
ਰੱਜ ਕੇ ਨਾ ਦੇਖੀਆਂ ਵੇ
ਅੱਖਾਂ ਸਾਂਵਲੇ ਯਾਰ ਦੀਆਂ ।

ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਕੈਰੇ

by admin July 26, 2019

ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਕੈਰੇ,
ਏਸੇ ਪਿੰਡ ਦੇ ਮੁੰਡੇ ਸੁਣੀਂਦੇ ਹੱਦੋਂ ਵਧ ਨੇ ਭੈੜੇ,
ਹਾਂ ਕਰਵਾ ਕੇ ਹਟਦੇ ਮੇਲਣੇ ਪੈ ਜਾਂਦੇ ਨੇ ਖਹਿੜੇ,
ਕਿਹੜੇ ਪਿੰਡ ਦੀ, ਘਰ ਲਭ ਲਾਂਗੇ
ਮਾਰ ਮਾਰ ਕੇ ਗੇੜੇ ।
ਬਚ ਕੇ ਰਹਿ ਬੀਬਾ , ਬੜੇ ਜਮਾਨੇ ਭੈੜੇ,
ਬਚ ਕੇ ਰਹਿ ਬੀਬਾ…

  • 1
  • …
  • 29
  • 30
  • 31
  • 32
  • 33
  • …
  • 45

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close