• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Davinder Singh Johl

ਚੀਕ ਬੁਲ੍ਹਬਲੀ

by Sandeep Kaur April 25, 2020

ਮੇਰਾ ਬੇਟਾ ਤੇ ਮੈਂ ਕੰਮ ਦੇ ਸਿਲਸਿਲੇ ਵਿੱਚ ਕਿਤੇ ਬਾਹਰ ਸੀ ,ਕੋਲ ਪਾਰਕ ਵਿੱਚ ਕੁਝ ਛੋਟੇ ਬੱਚੇ ਖੇਡ ਰਹੇ ਸਨ ।ਉਹ ਖੇਡਦੇ ਹੋਏ ਬੜੀ ਉੱਚੀ ਉੱਚੀ ਚੀਕਾਂ ਮਾਰ ਰਹੇ ਸਨ ।ਕਈਆਂ ਦੇ ਚਿਹਰੇ ਸੇਬ ਵਾਂਗ ਲਾਲ ਹੋਏ ਪਏ ਸਨ ।ਮੇਰਾ ਬੇਟਾ,ਜੋ ਕਿ ਬਹੁਤ ਸ਼ਾਂਤੀ ਪਸੰਦ ਐ,ਚੀਕ ਚਿਹਾੜਾ ਬਿਲਕੁਲ ਈ ਪਸੰਦ ਨਹੀਂ ਕਰਦਾ ,ਬੱਚਿਆਂ ਦੇ ਇਸ ਸ਼ੋਰ ਤੋੰ ਥੋੜ੍ਹਾ ਪ੍ਰੇਸ਼ਾਨ ਹੋ ਗਿਆ ।ਕਹਿੰਦਾ ਕਿ ਇਹਨਾਂ ਦੀਆਂ ਸ਼ਕਲਾਂ ਤਾਂ ਬਹੁਤ ਸੋਹਣੀਆਂ ਨੇ ਪਰ ਜਦ ਸ਼ੋਰ ਪਾਉਂਦੇ ਨੇ ਤਾਂ ਬਹੁਤ ਬੁਰੇ ਲੱਗਦੇ ਨੇ।
ਮੈਂ ਉਸਨੂੰ ਕਿਹਾ ਕਿ ਬੇਟਾ,ਅਗਰ ਇਹ ਬੱਚੇ ਏਸ ਉਮਰੇ ਸ਼ੋਰ ਨਹੀਂ ਕਰਨਗੇ ਤਾਂ ਫਿਰ ਕਦੋਂ ਕਰਨਗੇ ?
ਇਹੀ ਤਾਂ ਉਮਰ ਐ ਜਿਵੇਂ ਮਰਜੀ ਅੰਦਰਲਾ ਗੁਬਾਰ ਕੱਢ ਸੁੱਟਣ ਦੀ ।ਅੰਦਰਲਾ ਸ਼ੋਰ ਬਾਹਰ ਆਏਗਾ ਤਾਂ ਈ ਅੰਦਰ ਸ਼ਾਂਤੀ ,ਖੁਸ਼ੀ ਲਈ ਯਗ੍ਹਾ ਬਣੇਗੀ ,ਬਚਪਨਾ ਕਾਇਮ ਰਹੇਗਾ।ਇਹੀ ਤਾਂ ਫਰਕ ਹੁੰਦਾ ਬੱਚੇ ਅਤੇ ਬੰਦੇ ਦਾ ।
ਦਰ ਅਸਲ ਜਿੰਦਗੀ ਦਾ ਇਹ ਬਹੁਤ ਵੱਡਾ ਸੱਚ ਐ ,ਇਨਸਾਨ ਤੇ ਜਿਵੇਂ ਜਿਵੇਂ ਬਾਹਰੀ ਬੋਝ ਵਧਦਾ ਏ ,ਉਹ ਤਿਵੇਂ ਤਿਵੇਂ ਅੰਦਰੋਂ ਅਸ਼ਾਂਤ ਹੋ ਜਾਂਦਾ ਏ ਪਰ ਬਾਹਰੋਂ ਚੁੱਪ ਦਿਖਾਈ ਦੇਂਦਾ ਏ ।
ਸਭ ਤੋਂ ਵੱਡਾ ਰੋਗ ,ਕੀ ਕਹਿਣਗੇ ਲੋਕ।
ਲੋਕ ਲਾਜ ,ਇਨਸਾਨ ਦੀ ਮੌਲਿਕਤਾ ਖੋਹ ਕੇ ਉਸਨੂੰ ਇੱਕ ਢਾਂਚੇ ਵਿੱਚ ਬੰਦ ਹੋਣ ਨੂੰ ਮਜਬੂਰ ਕਰ ਦੇਂਦੀ ਐ ।ਕਈ ਵਾਰ ਇਨਸਾਨ ਦਾ ਇਸ ਢਾਂਚੇ ਵਿੱਚ ਦਮ ਘੁੱਟਦਾ ਏ ,ਜਾਪਦਾ ਜਿਵੇਂ ਉਹ ਇੱਕ ਬਹੁਤ ਵੱਡੀ ਚੀਕ ਆਪਣੇ ਸੀਨੇ ਵਿੱਚ ਦੱਬੀ ਫਿਰਦਾ ਏ,ਇੱਕ ਸ਼ੂਕਦਾ ਤੂਫਾਨ ਘੁੱਟੀ ਬੈਠਾ ਏ ।ਏਸੇ ਘੁਟਣ ਨੂੰ ਖਾਰਜ ਕਰਨ ਲਈ ਕਈ ਵਾਰ ਨੈਣਾਂ ਦੀ ਗੰਗਾ ਵਹਿ ਤੁਰਦੀ ਏ ,ਕਈ ਸ਼ਰਾਬ ਦੇ ਨਸ਼ੇ ਵਿੱਚ ਆਪਣਾ ਗਰਦੋ ਗੁਬਾਰ ਹਲਕਾ ਕਰਦੇ ਨੇ ।ਕਈ ਇਨਸਾਨ ਏਸੇ ਦਬਾਅ ਨੂੰ ,ਬੋਝ ਨੂੰ ਹਲਕਾ ਨਹੀਂ ਕਰ ਪਾਉਂਦੇ ਤਾਂ ਪਾਗਲਪਨ ਦੇ ਸ਼ਿਕਾਰ ਹੋ ਜਾਂਦੇ ਨੇ,ਉੱਚੀ ਉੱਚੀ ਰੌਲਾ ਪਾਉਂਦੇ ਨੇ ,ਸ਼ੱਰੇਆਮ,ਫਿਰ ਇਹੀ ਸਮਾਜ ਉਸ ਸ਼ੋਰ ਨੂੰ ਬਰਦਾਸ਼ਤ ਵੀ ਕਰਦਾ ਐ ,ਪ੍ਰਵਾਨ ਵੀ ਕਰਦੈ ,ਇਹ ਕਹਿਕੇ ਕਿ ਇਸ ਵਿਚਾਰੇ ਦਾ ਕੋਈ ਦੋਸ਼ ਨਹੀਂ ,ਪਾਗਲ ਦਾ ਕੀ ਕਸੂਰ ।
ਪਰ ਸ਼ਾਇਦ ਥੋੜ੍ਹੇ ਬਹੁਤ ਪਾਗਲਪਨ ਦਾ ਸ਼ਿਕਾਰ ਤਾਂ ਅਸੀਂ ਸਾਰੇ ਈ ਆਂ ।ਬਾਹਰੋਂ ਸ਼ਾਂਤ ਦਿਖਾਈ ਦੇਂਦੇ ਮਨੁੱਖ ਦੇ ਧੁਰ ਅੰਦਰ ,ਮਨ ਵਿੱਚ ਪਤਾ ਨਹੀਂ ਕੀ ਕੀ ਜਵਾਰ ਭਾਟੇ ਚੱਲਦੇ ਨੇ ,ਵਾਰਤਾਲਾਪ ਚੱਲਦੀ ਐ ,ਅਗਰ ਇਹੀ ਵਾਰਤਾਲਾਪ ਸ਼ਰੇਆਮ ਬਾਹਰ ਆ ਜਾਵੇ ਤਾਂ ਇਨਸਾਨ ਪਾਗਲ ਅਖਵਾਉਂਦਾ ਏ।
ਜਿੰਦਗੀ ਦਾ ਪੱਧਰ ਉੱਚਾ ਚੁੱਕਦਿਆਂ ਅਸੀਂ ਜੀਵਨਜਾਚ ਈ ਭੁੱਲ ਗਏ ਆਂ।ਸਿਹਤ ਗਵਾ ਕੇ ਪੈਸਾ ਕਮੌਂਦੇ ਆਂ ਫਿਰ ਪੈਸਾ ਲੁਟਾ ਕੇ ਸਿਹਤ ਲੱਭਣ ਦੀ ਕੋਸ਼ਿਸ਼ ਕਰਦੇ ਆਂ ।ਸਾਡੇ ਅੰਦਰਲਾ ਇਨਸਾਨ ਸਮੇਂ ਤੋਂ ਬਹੁਤ ਪਹਿਲਾਂ ਰੁੱਖਾ ਹੋ ਜਾਂਦਾ ਏ ਤੇ ਬੁੱਢਾ ਵੀ । ਅਸੀਂ ਕੰਮ ਕਰਦੇ ਹਾਂ ਜਾਂ ਆਰਾਮ ਕਰਦੇ ਆਂ,ਜਿੰਦਗੀ ਨੂੰ ਕਦੇ ਜੀਉੰਦੇ ਈ ਨਹੀਂ ,ਸਿਰਫ ਸਾਹ ਲੈਂਦੇ ਆਂ ।ਖੁਦ ਨਾਲ ਵਾਰਤਾਲਾਪ ਤਾਂ ਕਦੀ ਹੁੰਦੀ ਈ ਨਹੀਂ ,ਕੋਈ ਬੱਚਿਆਂ ਦੀ ਖੇਡ ਵਰਗੀ ਕਿਰਿਆ ਤਾਂ ਰਹਿ ਈ ਨਹੀਂ ਗਈ ।
ਆਪਣੇਚੌਗਿਰਦੇ ਨਿਗਾਹ ਮਾਰੀਏ ਤਾਂ ਸਿਰਫ ਓਹੀ ਇਨਸਾਨ ਤੰਦਰੁਸਤ ,ਸੰਤੁਸ਼ਟ ,ਖੁਸ਼ ਨਜਰ ਆਉਣਗੇ ਜਿੰਨ੍ਹਾਂ ਨੇ ਆਪਣੇ ਅੰਦਰਲੇ ਬਚਪਨੇ ਨੂੰ ਕਾਇਮ ਰੱਖਿਆ ਹੋਇਆ,ਲੋੜੋਂ ਵੱਧ ਸਿਆਣੇ ਹੋਣ ਦੇ ਭਰਮ ਤੋਂ ਬਚੇ ਹੋਏ ਨੇ ,ਜਿੰਦਗੀ ਦੇ ਉਤਰਾਅ ਚੜ੍ਹਾਅ ਨੂੰ ਵੀ ਬੱਚਿਆਂ ਦੀ ਖੇਡ ਈ ਸਮਝਦੇ ਨੇ।ਜਿੰਦਗੀ ,ਓਨੀ ਦੇਰ ਈ ਅਸਲ ਜਿੰਦਗੀ ਐ ਜਦ ਤੱਕ ਇਸ ਵਿੱਚ ਸ਼ਰਾਰਤਾਂ ਨੇ ,ਚੁਲਬੁਲਾਪਨ ਐ ।ਜਦ ਸ਼ਰਾਰਤਾਂ ,ਸਾਜਿਸ਼ਾਂ ਬਣ ਜਾਣ ਤਾਂ ਉਹ ਜਿੰਦਗੀ ਨਹੀਂ ,ਸਜਾ ਬਣ ਜਾਂਦੀ ਏ ।

ਦਵਿੰਦਰ ਸਿੰਘ ਜੌਹਲ

ਯਾਦਾਂ

by Sandeep Kaur April 24, 2020

ਕੁਝ ਯਾਦਾਂ ਅਜਿਹੀਆਂ ਹੁੰਦੀਆਂ ਨੇ , ਜੋ ਉਮਰ ਭਰ ਜ਼ਿਹਨ ਵਿੱਚ ਤਾਜਾ ਰਹਿੰਦੀਆਂ ਨੇ । ਜਦੋਂ ਅਸੀਂ ਕੈਮਰੇ ਨਾਲ ਤਸਵੀਰਾਂ ਲੈਂਦੇ ਹਾਂ ਤਾਂ ਬਾਅਦ ਵਿੱਚ ਦੇਖਣ ਵਾਲੇ ਨੂੰ ਸਿਰਫ ਤਸਵੀਰ ਈ ਦਿਖਾਈ ਦੇਂਦੀ ਏ, ਪਰ ਤਸਵੀਰ ਖਿੱਚਣ ਵਾਲੇ ਨੂੰ ਓਸ ਤਸਵੀਰ ਨਾਲ ਜੁੜਿਆ ਹੋਰ ਕਈ ਕੁਝ ਯਾਦ ਰਹਿੰਦਾ ਏ ਜੋ ਯਾਦਾਂ ਵਿੱਚ ਜੁੜਿਆ ਰਹਿੰਦਾ ਏ। ਹੇਠਲੀ ਤਸਵੀਰ ਮੈ 2010 ਵਿੱਚ ਖਿੱਚੀ ਸੀ , ਜਦ ਮੈਂ ਫਰਾਂਸ ਰਹਿੰਦਾ ਸੀ। ਪੈਰਿਸ ਤੋਂ ਕੋਈ ਸੱਠ੍ਹ ਕੁ ਕਿਲੋਮੀਟਰ ਦੂਰ ਇੱਕ ਖ਼ੂਬਸੂਰਤ ਪਿੰਡ ਸੀ , ਨਾਮ ਸੀ ਗਾਰਜੌਵੀਲ ।ਜਿੱਥੇ ਅਸੀਂ ਕੰਮ ਕਰਦੇ ਸੀ , ਓਥੇ ਵਿਰਲੀ ਜਿਹੀ ਵਸੋਂ ਸੀ, ਸਰ੍ਹੋਂ ਅਤੇ ਕਣਕ ਦੇ ਖੇਤ ਕਿਸੇ ਸਵਰਗ ਦਾ ਨਜ਼ਾਰਾ ਪੇਸ਼ ਕਰਦੇ ਸਨ । ਸਾਡੇ ਕੰਮ ਕਰਨ ਵਾਲੀ ਸਾਈਟ ਜਿਸਨੂੰ ਫਰੈੰਚ ਵਿੱਚ ਸ਼ਾਂਤੀਏ ਕਹਿੰਦੇ ਨੇ ,ਦੇ ਨਾਲ ਲੱਗਦਾ ਇੱਕ ਸੋਹਣਾ ਜਿਹਾ ਘਰ ਸੀ । ਉਸ ਘਰ ਵਿੱਚ ਕੁੱਲ ਤਿੰਨ ਵਿਅਕਤੀ ਰਹਿੰਦੇ ਸਨ ,ਇੱਕ ਪਚਵੰਜਾ ਕੁ ਸਾਲ ਦੀ ਖ਼ੂਬਸੂਰਤ ਔਰਤ ਅਤੇ ਦੋ ਆਦਮੀ ,ਕਰੀਬ ਸੱਠ੍ਹਾਂ ਬਾਹਠਾਂ ਕੁ ਦੀ ਉਮਰ ਦੇ ।ਇੱਕ ਆਦਮੀ ਖੇਤੀ ਕਰਦਾ ਸੀ, ਜਦ ਵਿਹਲਾ ਹੁੰਦਾ ਤਾਂ ਘਰ ਦੇ ਪਿਛਵਾੜੇ ਬਗ਼ੀਚੇ ਵਿੱਚ ਕੰਮ ਕਰਦਾ ਸੀ । ਦੂਜਾ ਵਿਅਕਤੀ ਕਿਸੇ ਦੁਰਘਟਨਾ ਕਾਰਨ ਕੰਮ ਕਰਨ ਤੋਂ ਅਸਮਰੱਥ ਸੀ ,ਹਮੇਸ਼ਾਂ ਵੀਲ ਚੇਅਰ ਤੇ ਹੀ ਹੁੰਦਾ ਸੀ ।ਉਸ ਘਰ ਦਾ ਬਗ਼ੀਚਾ ਐਨਾ ਕੁ ਸੰਵਾਰਿਆ ਹੁੰਦਾ ਸੀ ਕਿ ਦਿਲ ਕਰਦਾ ਸੀ ,ਬਸ ਦੇਖੀ ਜਾਈਏ ।ਮਜਾਲ ਐ ਕਦੇ ਇੱਕ ਤੀਲਾ ਵੀ ਫਾਲਤੂ ਖਿੱਲਰਿਆ ਹੋਵੇ । ਮਿਰਚਾਂ , ਟਮਾਟਰ, ਸ਼ਿਮਲਾ ਮਿਰਚਾਂ ਤੇ ਹੋਰ ਮੌਸਮੀ ਸਬਜ਼ੀਆਂ ਫੀਤੇ ਨਾਲ ਮਿਣਕੇ ਬਰਾਬਰ ਫ਼ਾਸਲੇ ਤੇ ਲਾਈਆਂ ਹੋਈਆਂ ਅਤੇ ਸੁਪੋਟਾਂ ਨਾਲ ਸਹਾਰਾ ਦੇ ਕੇ ਸੱਜਾਈਆਂ ਹੋਈਆਂ ਸਨ । ਬਗ਼ੀਚੇ ਨੂੰ ਪਾਣੀ ਦੇਣ ਦਾ ਪ੍ਰਬੰਧ ਬਰਸਾਤੀ ਪਾਣੀ ਨੂੰ ਵੱਡੀ ਟੈਂਕੀ ਵਿੱਚ ਭੰਡਾਰ ਕਰਕੇ ਅੱਗੇ ਟੂਟੀ ਲਾ ਕੇ ਬੜੇ ਈ ਸਲੀਕੇ ਨਾਲ ਕੀਤਾ ਹੋਇਆ ਸੀ । ਘਰ ਵਿੱਚ ਰਹਿਣ ਵਾਲੇ ਤਿੰਨੇ ਜੀਅ ਇੱਕ ਦੂਜੇ ਨਾਲ ਬੇਹੱਦ ਪਿਆਰ ਇਤਫਾਕ ਨਾਲ ਰਹਿੰਦੇ ਸਨ , ਆਪਣੀ ਦੁਨੀਆਂ ਵਿੱਚ ਮਸਤ ਪਰ ਇੱਕ ਦੂਜੇ ਪ੍ਰਤੀ ਸਮਰਪਿਤ ।
ਇੱਕ ਦਿਨ ਓਹਨਾ ਵਿੱਚੋਂ ਇੱਕ ਵਿਅਕਤੀ ਜੋ ਵੀਲ ਚੇਅਰ ਤੇ ਸੀ , ਓਹਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ,ਜੋ ਉਸਨੇ ਦੱਸਿਆ, ਸੁਣਕੇ ਉਸ ਪਰੀਵਾਰ ਬਾਰੇ ਜਾਣਕੇ ਮਨ ਵਿਸਮਾਦ ਨਾਲ ਭਰ ਗਿਆ।
ਉਹਨੇ ਆਪਣਾ ਨਾਮ ਜੋਜ਼ੇ , ਉਸ ਔਰਤ ਦਾ ਨਾਮ ਲੀਜ਼ਾ ਅਤੇ ਦੂਜੇ ਆਦਮੀ ਦਾ ਨਾਮ ਦਾਵਿਦ ਦੱਸਿਆ । ਉਹਨੇ ਦੱਸਿਆ ਕਿ ਉਸਦਾ ਵਿਆਹ 38 ਸਾਲ ਦੀ ਉਮਰ ਚ ਲੀਜ਼ਾ ਨਾਲ ਹੋਇਆ ਸੀ , ਬੱਚਾ ਕੋਈ ਨਹੀਂ ਸੀ । 42 ਸਾਲ ਦੀ ਉਮਰ ਵਿੱਚ ਉਸਦਾ ਰੋਡ ਐਕਸੀਡੈਂਟ ਹੋਇਆ ਫਲਸਰੂਪ ਉਹਦੀਆਂ ਨਸਾਂ ਫਿੱਸ ਗਈਆਂ , ਹੇਠਲਾ ਧੜ ਨਕਾਰਾ ਹੋ ਗਿਆ । ਉਸਦੀ ਪਤਨੀ ਨੇ ਓਹਦੀ ਬਹੁਤ ਸੰਭਾਲ਼ ਕੀਤੀ , ਜਾਨ ਤਾਂ ਬਚ ਗਈ ਪਰ ਪੀੜਾਦਾਇਕ ਅਪੰਗਤਾ ਪੱਲੇ ਪੈ ਗਈ , ਸੈਕਸੁਅਲੀ ਹਮੇਸ਼ਾਂ ਲਈ ਨਕਾਰਾ ਹੋ ਗਿਆ । ਸਰਕਾਰੀ ਭੱਤਾ , ਪੈਨਸ਼ਨ ਵੀ ਲੱਗ ਗਈ, ਚਾਹੁੰਦਾ ਤਾਂ ਸਰਕਾਰੀ ਸੰਭਾਲ਼ ਕੇਂਦਰ ਚ ਚਲਾ ਜਾਂਦਾ ਪਰ ਉਸਦੀ ਪਤਨੀ ਨੇ ਖ਼ੁਦ ਸੰਭਾਲ਼ ਕਰਨ ਦਾ ਤਹੱਈਆ ਕਰ ਲਿਆ ।ਜ਼ਿੰਦਗੀ ਜਿਵੇਂ ਕਿਵੇਂ ਰਿੜ੍ਹ ਪਈ । ਪਰ ਉਸ ਤੋਂ ਆਪਣੀ ਪਤਨੀ ਦਾ ਇਕੱਲ੍ਹਾਪਨ ਝੱਲਿਆ ਨਹੀ ਸੀ ਜਾਂਦਾ ।ਸੋ ਉਸਨੇ ਲੀਜ਼ਾ ਨੂੰ ਕਿਹਾ ਕਿ ਆਪਣਾ ਘਰ ਵਸਾ ਲਵੇ , ਪਹਾੜ ਜਿੱਡੀ ਜ਼ਿੰਦਗੀ ਇੱਕ ਅਪੰਗ ਬੰਦੇ ਨਾਲ ਕਿਵੇਂ ਗੁਜ਼ਾਰੇਂਗੀ , ਜੋ ਉਸਨੂੰ ਕੋਈ ਵੀ ਸੁਖ ਦੇਣ ਦੇ ਅਸਮਰਥ ਏ । ਪਰ ਲੀਜ਼ਾ ਨੇ ਨਾਂਹ ਵਿੱਚ ਸਿਰ ਫੇਰ ਦਿੱਤਾ । ਫਿਰ ਦੋ ਕੁ ਸਾਲ ਬਾਅਦ ਉਸਨੂੰ ਦਾਵਿਦ ਮਿਲਿਆ ਜਿਸਦੀ ਪਤਨੀ ਕੈਂਸਰ ਕਾਰਨ ਗੁਜ਼ਰ ਗਈ ਸੀ ।ਜੋਜ਼ੇ ਨੇ ਦਾਵਿਦ ਨਾਲ ਗੱਲ ਕੀਤੀ ਤੇ ਫਿਰ ਲੀਜ਼ਾ ਨੂੰ ਫ਼ਰਿਆਦ ਕੀਤੀ ਕਿ ਦਾਵਿਦ ਨਾਲ ਗ਼੍ਰਹਿਸਥੀ ਵਸਾ ਲਵੇ । ਕਈ ਦਿਨਾਂ ਦੀ ਕਸ਼ਮਕਸ਼ ਤੋਂ ਬਾਅਦ ਲੀਜ਼ਾ ਏਸ ਸ਼ਰਤ ਤੇ ਰਾਜ਼ੀ ਹੋਈ ਕਿ ਉਹ ਦਾਵਿਦ ਨਾਲ ਤਾਂ ਰਹੇਗੀ ਅਗਰ ਜੋਜ਼ੇ ਵੀ ਨਾਲ ਈ ਰਹੇ। ਦਾਵਿਦ ਵੀ ਨੇਕ ਰੂਹ ਇਨਸਾਨ ਸੀ , ਓਹ ਵੀ ਇਵੇਂ ਹੀ ਰਹਿਣ ਨੂੰ ਮੰਨ ਗਿਆ । ਤੇ ਉਸਤੋਂ ਬਾਅਦ ਓਹ ਤਿੰਨੇ ਇਕੱਠੇ ਜ਼ਿੰਦਗੀ ਬਸਰ ਕਰ ਰਹੇ ਨੇ,ਇੱਕ ਦੂਜੇ ਦੇ ਸਹਾਰੇ ਬਣਕੇ , ਹਮਸਾਏ ਬਣਕੇ । ਅਗਰ ਦਾਵਿਦ ਟਰੈਕਟਰ ਵਾਹੁੰਦਾ ਹੁੰਦਾ ਤਾਂ ਜੋਜ਼ੇ ਬੈਟਰੀ ਚਾਲਿਤ ਵੀਲ ਚੇਅਰ ਤੇ ਬਾਹਰ ਬੈਠਾ ਹੁੰਦਾ ।ਕਦੀ ਕਦੀ ਤਿੰਨੇ ਈ ਬਗ਼ੀਚੇ ਵਿੱਚ ਹੱਸਦੇ ਦਿਖਾਈ ਦੇਂਦੇ । ਓਹਨਾ ਦੀ ਆਪਸੀ ਸੂਝ-ਬੂਝ ਅਤੇ ਇੱਕ ਦੂਜੇ ਦਾ ਖਿਆਲ ਰੱਖਣ ਦੀ ਸੱਚੀ ਭਾਵਨਾ ਵੇਖਕੇ ਦਿਲ ਗਦ-ਗਦ ਹੋ ਜਾਂਦਾ ।
ਅੱਜ ਫਰਾਂਸ ਛੱਡ ਕੇ ਆਇਆਂ ਨੂੰ ਵੀ ਨੌਂ ਸਾਲ ਹੋ ਚਲੇ ਨੇ । ਪਰ ਹੁਣ ਵੀ ਜਦ ਜੋਜ਼ੇ,ਲੀਜ਼ਾ,ਦਾਵਿਦ ਦੀ ਪਿਆਰੀ ਤਿੱਕੜੀ ਦਾ ਚੇਤਾ ਆਉਂਦਾ ਏ ਤਾਂ ਦਿਲ ਚੋਂ ਅਰਦਾਸ ਈ ਨਿਕਲਦੀ ਏ ਕਿ ਐ ਖੁਦਾ , ਓਹਨਾਂ ਨੇਕ ਬਖ਼ਤ ਇਨਸਾਨਾਂ ਨੂੰ ਹੋਰ ਨਵਾਂ ਸਦਮਾ ਨਾ ਦੇਵੀਂ , ਭਰਪੂਰ ਜ਼ਿੰਦਗੀ ਜਿਉਣ ਨੂੰ ਦੇਵੀਂ ਓਹਨਾਂ ਦੇਵਤਾ ਰੂਹਾਂ ਨੂੰ ।

ਦਵਿੰਦਰ ਸਿੰਘ ਜੌਹਲ

ਘਰ ਸੁਖ ਵੱਸਿਆ ਬਾਹਰਿ ਸੁਖ ਪਾਇਆ

by Sandeep Kaur April 23, 2020

ਸਿਆਣੇ ਕਹਿੰਦੇ ਨੇ ਕਿ ਭਾਨ ਜੋੜਦੇ ਰਹੋ ਤਾਂ ਵੱਡੀ ਰਕਮ ਵੀ ਜੁੜ ਜਾਵੇਗੀ ,ਨਿੱਕੀਆਂ ਨਿੱਕੀਆਂ ਗੱਲਾਂ ਜ਼ਿੰਦਗੀ ਨੂੰ ਸੋਹਣਾ ਬਣਾਉਂਦੀਆਂ ਨੇ ,ਖੁਸ਼ ਹੋਣ ਲਈ ਕਿਸੇ ਵੱਡੀ ਗੱਲ ਦੇ ਵਾਪਰਨ ਦੀ ਉਡੀਕ ਵਿੱਚ ਦੁਖੀ ਮਨੁੱਖ ਖੁਸ਼ ਕਿਵੇ ਰਹਿ ਸਕਦਾ ਏ !
ਅੰਦਰੋ ਭਰਪੂਰ ਇਨਸਾਨ ਜੋ ਅਨਹਦ ਨਾਦ ਨਾਲ ਜੁੜ ਗਿਆ ਤਾਂ ਇਹ ਨਹੀ ਸੋਚਦਾ ਕਿ ਪਹਾੜ ਦੀ ਚੋਟੀ ਤੇ ਪਹੁੰਚ ਕੇ ਖੁਸ਼ ਹੋਵੇਗਾ, ਉਹ ਤਾਂ ਓਥੇ ਪਹੁੰਚਣ ਲਈ ਕੀਤੇ ਸਫਰ ਦੌਰਾਨ ਵੀ ਵਜਦ ਵਿੱਚ ਰਹੇਗਾ , ਨੱਚਦਾ ਗਾਉਂਦਾ ਈ ਜਾਵੇਗਾ ,ਆਪਣਾ ਸਫਰ ਤਾਂ ਸੁਹਾਵਣਾ ਕਰੇਗਾ ਈ , ਨਾਲ ਦੂਜਿਆਂ ਦੀ ਥਕਾਣ ਵੀ ਲਾਹ ਦੇਵੇਗਾ ।
ਖੁਦਾ ਦੇ ਰੰਗ ਵਿੱਚ ਰੰਗੇ ਮਨੁੱਖ ਨੇ ਇੱਕ ਦਿਨ ਬੈਂਗਣ ਲੱਗਾ ਤੱਕਿਆ ਬੂਟੇ ਨੂੰ, ਸਵੇਰ ਦੀ ਧੁੱਪ ਵਿੱਚ ਜੋ ਬੇਹੱਦ ਸੋਹਣਾ ਦਿਸ ਰਿਹਾ ਸੀ। ਨਿਰਮਲ ਰੂਹ ਇਨਸਾਨ ਹੱਥ ਜੋੜ ਕੇ ਵਜਦ ਵਿੱਚ ਆ ਗਿਆ , ਅੱਖਾਂ ਛਲ਼ਕ ਪਈਆਂ ਤੇ ਬੋਲਿਆ,”ਹੇ ਪ੍ਰਭੂ !ਤੁਸੀਂ ਬੈਂਗਣ ਦੇ ਰੂਪ ਵਿੱਚ ਕਿੰਨੇ ਸੋਹਣੇ ਲੱਗ ਰਹੇ ਓ, ਵਾਹ “
ਇੱਕ ਪ੍ਰੇਮ ਵਿੱਚ ਭਿੱਜੇ ਹਿਰਦੇ ਵਾਲੀ ਮੁਟਿਆਰ ਸਵੇਰੇ।ਸਵੇਰੇ ਖੂਹ ਤੋ ਪਾਣੀ ਭਰਨ ਗਈ ਜੋ ਘਰ ਦੇ ਨੇੜੇ ਸੀ , ਜਦ ਵੇਖਿਆ ਤਾਂ ਬਾਲਟੀ ਖਿੱਚਣ ਵਾਲੀ ਰੱਸੀ ਨੂੰ ਇਸ਼ਕ ਪੇਚੇ ਦੀ ਵੇਲ ਨੇ ਵਲ ਪਾਏ ਹੋਏ ਸਨ ਤੇ ਬੜੇ ਈ ਸੋਹਣੇ ਫੁੱਲ ਵੀ ਖਿੜ ਗਏ ਸਨ ਰਾਤੋ ਰਾਤ , ਵੇਖਕੇ ਮੁਟਿਆਰ ਦੀ ਤਾੜੀ ਲੱਗ ਗਈ , ਫਿਰ ਕਿਸੇ ਦੂਰ ਦੇ ਖੂਹ ਤੋ ਪਾਣੀ ਭਰ ਲਿਆਈ, ਰੱਸੀ ਨੂੰ ਲਿਪਟੀ ਵੇਲ ਨੂੰ ਲਾਹ ਕੇ ਵਗਾਹ ਮਾਰਨ ਦਾ ਹੀਆ ਨਾ ਕਰ ਸਕੀ ।
ਘਰ ਸੁਖ ਵੱਸਿਆ ਬਾਹਰਿ ਸੁਖ ਪਾਇਆ ।
ਤੇ ਘਰ ਵਾਲਾ ਸੁਖ ਸੰਗਮਰਮਰੀ ਇਮਾਰਤ ਦੇ ਅੰਦਰ ਲੱਗੀ ਮਖਮਲੀ ਸੇਜ ਤੇ ਪੈ ਕੇ ਈ ਨਸੀਬ ਹੋਵੇ , ਇਹ ਜਰੂਰੀ ਨਹੀਂ , ਓਹ ਘਰ ਤਾਂ ਇਹ ਸਰੀਰ ਏ, ਜਿਸ ਵਿੱਚ ਰਹਿਣ ਵਾਲੀ ਜੀਵ ਆਤਮਾ ਨੀਲੇ ਅਸਮਾਨ ਹੇਠਾਂ ਰਹਿ ਕੇ ਵੀ ਖੁਸ਼ ਰਹਿ ਸਕਦੀ ਏ, ਪੱਥਰਾਂ ਤੇ ਸੌ ਕੇ ਵੀ ਯਾਰੜੇ ਦੇ ਸੱਥਰ ਨੂੰ ਚੰਗਾ ਕਹਿ ਸਕਦੀ ਏ ।ਅਗਰ ਜਿਊਣ ਦਾ ਵੱਲ ਆ ਜਾਵੇ ਤਾਂ , ਖੁਦ ਨੂੰ ਪਿਆਰ ਕਰਨ ਵਾਲਾ ਮਨੁੱਖ ਦੂਜਿਆਂ ਲਈ ਵੀ ਪਿਆਰ ਨਾਲ ਭਰਪੂਰ ਰਹਿ ਸਕਦਾ ਏ, ਦੁੱਖ ਵਿੱਚ ਸੁੱਖ ਮਨਾ ਸਕਦਾ ਏ ।ਛੋਟੀਆਂ ਛੋਟੀਆਂ ਗੱਲਾਂ ਤੋ ਖੁਸ਼ੀ ਇਕੱਠੀ ਕਰ ਸਕਦਾ ਏ ।ਹਰ ਹਾਲ ਖੁਸ਼ ਰਹਿ ਸਕਦਾ ਏ ।

ਆਪਣਾ ਆਪ ਸਾੜ ਲੈਂਦਾ

by Sandeep Kaur April 22, 2020

ਇੱਕ ਵਾਰ ਇੱਕ ਸੂਝਵਾਨ ਅਧਿਆਪਕ ਨੇ ਬੜਾ ਸੋਹਣਾ ਤਜਰਬਾ ਕੀਤਾ।ਆਪਣੇ ਵਿਦਿਆਰਥੀਆ ਨੂੰ ਕਿਹਾ ਕਿ ਕੱਲ੍ਹ ਨੂੰ , ਹਰੇਕ ਵਿਦਿਆਰਥੀ ਇੱਕ ਇੱਕ ਟਮਾਟਰ ਲੈ ਕੇ ਆਓ ।ਸਭ ਵਿਦਿਆਰਥੀ ਟਮਾਟਰ ਲੈ ਕੇ ਆ ਗਏ । ਅਧਿਆਪਕ ਨੇ ਉਹਨਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਟਮਾਟਰ ਤੇ ਉਸ ਵਿਅਕਤੀ ਦਾ ਨਾਮ ਲਿਖਣ ਜਿਸਨੂੰ ਉਹ ਸਭ ਤੋ ਵੱਧ ਨਫ਼ਰਤ ਕਰਦੇ ਹਨ ।ਵਿਦਿਆਰਥੀਆਂ ਨੇ ਜਦ ਨਾਮ ਲਿਖ ਲਏ ਤਾਂ ਉਸਨੇ ਉਹਨਾਂ ਨੂੰ ਕਿਹਾ ਕਿ ਇਹ ਟਮਾਟਰ ਬਿਨਾ ਕਿਸੇ ਨੂੰ ਦਿਖਾਏ ਪੌਲੀਥੀਨ ਦੇ ਲਿਫ਼ਾਫ਼ਿਆਂ ਚ ਪਾ ਲਵੋ ਤੇ ਆਪਣੇ ਸਕੂਲ ਬੈਗ ਵਿੱਚ ਰੱਖ ਲਵੋ, ਪਰ ਯਾਦ ਰਹੇ, ਜਦ ਤੱਕ ਮੈ ਨਾ ਕਹਾਂ, ਸੁੱਟਣੇ ਨਹੀਂ।ਸਭ ਵਿਦਿਆਰਥੀਆਂ ਨੇ ਹੱਸਦੇ ਹੱਸਦੇ ਇਵੇਂ ਈ ਕੀਤਾ ਪਰ ਕਈ ਦਿਨ ਲੰਘਣ ਤੋ ਬਾਅਦ ਵੀ ਅਧਿਆਪਕ ਨੇ ਟਮਾਟਰ ਸੁੱਟਣ ਬਾਰੇ ਨਾ ਕਿਹਾ, ਨਤੀਜਾ ਕੀ ਹੋਇਆ ਕਿ ਟਮਾਟਰ ਗਲ਼ ਗਿਆ , ਪਾਣੀ ਬਣ ਗਿਆ ਤੇ ਬਦਬੂ ਦੇਣ ਲੱਗਾ , ਜਦ ਵਿਦਿਆਰਥੀ ਰੋਣ ਹਾਕੇ ਹੋ ਗਏ ਤਾਂ ਅਧਿਆਪਕ ਨੇ ਸਭ ਨੂੰ ਬੁਲਾਇਆ ਤੇ ਲਿਫ਼ਾਫ਼ੇ ਕੱਢਣ ਨੂੰ ਕਿਹਾ, ਜਦ ਲਿਫ਼ਾਫ਼ੇ ਖੋਲ੍ਹੇ ਤਾਂ ਸਭ ਪਾਸੇ ਸੜ੍ਹਾਂਦ ਫੈਲ ਗਈ , ਸਭ ਨੇ ਨੱਕ ਤੇ ਰੁਮਾਲ ਰੱਖ ਲਏ , ਜਦ ਦਮ ਘੱਟਣ ਲੱਗਾ ਤਾਂ ਅਧਿਆਪਕ ਨੇ ਸਭ ਨੂੰ ਉਹ ਗਲ਼ੇ ਹੋਏ ਟਮਾਟਰ ਕੂੜਾਦਾਨ ਚ ਸੁੱਟ ਦੇਣ ਲਈ ਕਿਹਾ ।ਹੱਥ ਸਾਫ ਕਰਨ ਤੋ ਬਾਅਦ ਅਧਿਆਪਕ ਨੇ ਸਵਾਲ ਕੀਤਾ ਕਿ ਕੀ ਤੁਸੀਂ ਟਮਾਟਰ ਈ ਸੁੱਟੇ ਨੇ ਜਾਂ ਉਸ ਇਨਸਾਨ ਪ੍ਰਤੀ ਆਪਣੀ ਨਫ਼ਰਤ ਵੀ ਸੁੱਟ ਦਿੱਤੀ ਏ , ਜਿਸਦਾ ਉਹਨਾਂ ਤੇ ਨਾਮ ਲਿਖਿਆ ਸੀ ? ਸਭ ਨੇ ਜਵਾਬ ਕਿ ਨਹੀਂ । ਇਸਤੇ ਅਧਿਆਪਕ ਨੇ ਸਮਝਾਇਆ ਕਿ ਜੇਕਰ ਬਸਤੇ ਅੰਦਰ ਰੱਖਿਆ ਟਮਾਟਰ ਬਦਬੂ ਮਾਰ ਸਕਦਾ ਏ ਤਾਂ ਸੋਚੋ ਕਿ ਸਾਡੇ ਨਾਜ਼ਕ ਹਿਰਦੇ ਦਾ ਕੀ ਹਾਲ ਹੁੰਦਾ ਹੋਵੇਗਾ ਜਿਸ ਵਿੱਚ ਅਸੀਂ ਈਰਖਾ, ਨਫ਼ਰਤ , ਗ਼ੁੱਸਾ,ਸਾੜਾ, ਬੁਰੀਆਂ ਯਾਦਾਂ ਹਮੇਸ਼ਾਂ ਈ ਨਾਲ ਚੁੱਕੀ ਦੁਨੀਆਂ ਵਿੱਚ ਵਿਚਰਦੇ ਹਾਂ ?
ਸਾਡੀ ਸੋਚ ਈ ਸਾਡਾ ਸੰਸਾਰ ਸਿਰਜਦੀ ਏ ਤੇ ਸਾਡੀ ਚੰਗੀ ਜਾਂ ਬੁਰੀ ਸੋਚ ਸਾਡੇ ਚਿਹਰੇ ਮੋਹਰੇ, ਕਾਰ ਵਿਹਾਰ ਚੋ ਝਲਕਦੀ ਏ । ਜਿਵੇਂ ਵਾਲ ਵਾਹੁਨੇ ਹਾਂ, ਵਿਹੜਾ ਸੁੰਵਰਦੇ ਹਾਂ, ਜਾਂ ਕੱਪੜੇ ਧੋਂਦੇ ਆਂ,ਉਵੇਂ ਈ ਇਸ ਹਿਰਦੇ ਦੀ ਸਫਾਈ ਵੀ ਹਰ ਰੋਜ ਨਾਲ ਦੀ ਨਾਲ ਈ ਕਰ ਲੈਣੀ ਬਣਦੀ ਏ । ਕਿਸੇ ਪ੍ਰਤੀ ਵੈਰ ਵਿਰੋਧ, ਕਰੋਧ ਦੀ ਭਾਵਨਾ ਲੈ ਕੇ ਜੀਣ ਵਾਲਾ ਇਨਸਾਨ ਉਸ ਮਨੁੱਖ ਦੀ ਨਿਆਈਂ ਏ, ਜੋ ਆਪਣੀ ਤਲੀ ਤੇ ਬਲਦਾਂ ਹੋਇਆ ਅੰਗਿਆਰ ਲਈ ਫਿਰਦਾ ਏ,ਜਿਸਤੇ ਸੁੱਟਣਾ ਚਾਹੁੰਦਾ ਏ, ਉਸਨੂੰ ਸ਼ਾਇਦ ਪਤਾ ਤੱਕ ਵੀ ਨਹੀ, ਪਰ ਆਪਣਾ ਆਪ ਸਾੜ ਲੈਂਦਾ ਏ ਉਸ ਅੰਗਿਆਰੇ ਦੁਆਰਾ ।
ਗੁਰਬਾਣੀ ਵੀ ਬਾਰ ਬਾਰ ਇਹੀ ਕਹਿੰਦੀ ਏ , ਉਦਾਹਰਣ ਦੇ ਤੌਰ ਤੇ

ਪਰ ਕਾ ਬੁਰਾ ਨਾ ਰਾਖਹੁ ਚੀਤੁ ।

ਫਰੀਦਾ ਮਨੁ ਮੈਦਾਨ ਕਰਿ ।

ਫਰੀਦਾ ਬੁਰੇ ਦਾ ਭਲਾ ਕਰਿ ..

ਜਹਾਂ ਸਫਾਈ ਵਹਾਂ ਖੁੱਦਾਈ ਕਿਹਾ ਜਾਂਦਾ ਏ ਪਰ ਹਿਰਦੇ ਦੀ ਸਫਾਈ ਤੋ ਬਿਨਾ ਬਾਕੀ ਦੀ ਸਫਾਈ ਅਧੂਰੀ ਏ।

ਜਿੰਦਗੀ ਦੇ ਰਸਤੇ ਨੂੰ ,
ਮੈਂ ਇੰਝ ਸਾਫ ਕਰਿਆ ।

ਦਿਲੋਂ ਮੰਗੀ ਮਾਫ਼ੀ ,
ਦਿਲੋਂ ਈ ਮਾਫ ਕਰਿਆ ।

ਦਵਿੰਦਰ ਸਿੰਘ ਜੌਹਲ

ਟੋਟੇ ਟੋਟੇ ਜ਼ਿੰਦਗੀ

by Sandeep Kaur April 21, 2020

ਇੰਗਲੈਂਡ ਦੀਆਂ ਗਰਮੀਆਂ ਦੀ ਸੁਹਾਵਣੀ ਸਵੇਰ , ਐਤਵਾਰ ਦਾ ਦਿਨ ਹੋਣ ਕਰਕੇ ਜ਼ਰਾ ਦੇਰ ਤੱਕ ਸੁਸਤਾਉਣ ਦਾ ਸੋਚਿਆ ਸੀ ਕਿ ਫ਼ੋਨ ਦੀ ਬੈੱਲ ਵੱਜਦੀ ਏ, ਵਟਸਐਪ ਕਾਲ ਏ ਪੰਜਾਬ ਤੋਂ , ਅਜ਼ੀਜ਼ ਦੋਸਤ ਦੀ । ਏਧਰ ਓਧਰ ਦੀਆਂ ਗੱਲਾਂ ਕਰਕੇ ਹੁਣੇ ਜਿਹੇ ਖਤਮ ਹੋਏ ਇੱਕ ਰੌਲੇ ਦਾ ਜ਼ਿਕਰ ਚੱਲ ਪਿਆ , ਸੱਚ ਕੀ ਹੁੰਦਾ ਏ, ਤੇ ਅਸੀਂ ਇੱਕੋ ਪੱਖ ਵੇਖਕੇ ਕਿਵੇ ਧਰਤੀ ਮੂਧੀ ਕਰਨ ਤੱਕ ਜਾਨੇ ਆਂ । ਉਹ ਵੀਰ ਦੱਸ ਰਿਹਾ ਏ , ਕੁਝ ਗੁੱਝੀਆਂ ਰਮਜ਼ਾਂ, ਕਿਵੇ ਕਾਰਪੋਰੇਟ ਸੈਕਟਰ , ਮਨੁੱਖਾਂ ਦੀ ਫਸਲ ਕੱਟਣ ਦੀ ਤਿਆਰੀ ਚ ਏ , ਨਸ਼ਿਆਂ ਦਾ ਕਾਰੋਬਾਰ ਕਿਵੇ ਗਿਣ ਮਿਥ ਕੇ ਸਾਡੀ ਨਸਲਕੁਸ਼ੀ ਕਰ ਰਿਹਾ ਏ,ਕਿਰਦਾਰ ਤਾਂ ਪਹਿਲਾਂ ਈ ਗਰਕ ਚੁੱਕਾ ਏ ।ਵਾੜ ਈ ਖੇਤ ਨੂੰ ਖਾ ਰਹੀ ਏ । ਗੱਲ ਖਤਮ ਹੋਈ । ਫ਼ੋਨ ਸਿਰਹਾਣੇ ਰੱਖ ਲਿਆ ।
ਫਿਰ ਟਨਨ ਦੀ ਆਵਾਜ਼ ਏ, ਵੀਡੀਓ ਸ਼ੇਅਰ ਕੀਤੀ ਏ ਕਿਸੇ ਨੇ । ਸਾਡੇ ਜਾਨ ਓ ਮਾਲ ਦੇ ਰਾਖੇ ਪੁਲਸੀਏ, ਪੰਦਰਾਂ ਕੁ ਜਣੇ ਰਲ ਕੇ ਹੱਡਾਰੋੜੀ ਦੇ ਕੁੱਤਿਆਂ ਦਾ ਰੂਪ ਧਾਰੀ ਖੜੇ ਨੇ , ਇੱਕ ਪਿਓ ਪੁੱਤਰ ਨੂੰ ਛੱਲੀਆਂ ਵਾਂਗ ਝੰਬ ਰਹੇ ਨੇ ।
ਇਹ ਕੁਝ ਦੇਖਿਆ ਈ ਏ ਤਾਂ ਇੱਕ ਹੋਰ ਸੀਨ ਆ ਗਿਆ, ਕੁਝ ਹੱਟੇ ਕੱਟੇ ਬੰਦੇ ਇੱਕ ਔਰਤ ਨੂੰ ਕਸਾਈਆਂ ਵਾਂਗ ਕੋਹ ਰਹੇ ਨੇ , ਮਾਸੂਮ ਦੁਹਾਈ ਪਾ ਰਿਹਾ ਏ ਕਿ ਮੇਰੀ ਮੰਮਾ ਨੇ ਮਰ ਜਾਣਾ ।
ਮੈ ਸੋਚ ਰਿਹਾ ਹਾਂ ਕਿ ਕਿਹੋ ਜਿਹਾ ਦਿਨ ਚੜ੍ਹਿਆ ਏ ਅੱਜ , ਹਾਲੇ ਚਾਹ ਵੀ ਨਹੀ ਪੀਤੀ ਕਿ ਮਨ ਉਦਾਸ ਹੋ ਗਿਆ । ਏਨੀ ਹੈਵਾਨੀਅਤ, ਏਨੀ ਅਫਰਾ ਤਫਰੀ, ਏਨੀ ਬੇਕਿਰਕੀ ।
ਪੰਦਰਾਂ ਕੁ ਸਾਲ ਪਹਿਲਾਂ ,ਜਦੋਂ ਸੋਸ਼ਲ ਮੀਡੀਆ, ਸਮਾਰਟਫੋਨ ਨਹੀ ਸਨ , ਤਾਂ ਸੱਤ ਯੁਰੋ ਦੇ ਕਾਰਡ ਤੋ ਪੈਂਤੀ ਮਿੰਟ ਗੱਲ ਕਰਨੀ ਆਪਣੇ ਵਤਨ। ਟਾਈਮ ਵੰਡ ਕੇ ਫ਼ੋਨ ਕਰਨੇ ਪਰ ਆਨੰਦ ਆ ਜਾਂਦਾ ਸੀ,ਪਰ ਤਕਨਾਲੋਜੀ ਦੇ ਪਸਾਰ ਨੇ ਸਹੂਲਤਾਂ ਦੇ ਕੇ ਸਕੂਨ ਖੋਹ ਲਿਆ ਏ , ਕਿਤੇ ਜ਼ਰਾ ਜਿੰਨੀ ਗੱਲ ਹੁੰਦੀ ਏ ਤਾ ਆਪੇ ਬਣੇ ਕੈਮਰਾਮੈਨ ਲਾਈਵ ਹੋ ਕੇ ਦੁਨੀਆਂ ਤੇ ਲਾਂਬੂ ਲਾ ਦੇਂਦੇ ਨੇ । ਇਹਨਾਂ ਸਹੂਲਤਾਂ ਨੇ ਸਰੀਰ ਨੂੰ ਵਿਹਲਾ ਤੇ ਨਿਕੰਮਾ ਕਰ ਦਿੱਤਾ ਏ ਪਰ ਮਨ ਲਈ ਇੱਕ ਪਲ ਵੀ ਚੈਨ ਨਹੀ ਰਹਿਣ ਦਿੱਤਾ ।
ਹਰ ਵਕਤ ਹਾਲਾ ਲਾਲਾ, ਦਗੜ ਦਗੜ । ਜਾਣੇ ਅਨਜਾਣੇ , ਅਸੀਂ ਵੀ ਪਤਾ ਨਹੀ ਲੱਗਦਾ ਕਦੋ ਇਸ ਨਾ ਮੁੱਕਣ ਵਾਲੀ ਮੈਰਾਥਨ ਚ ਭੱਜ ਪੈਂਦੇ ਆਂ, ਫਿਰ ਹੰਭਦੇ ਆਂ, ਫਿਰ ਭੱਜਦੇ ਆਂ । ਮਨ ਦਾ ਚੈਨ ਜੋ ਅਨਮੋਲ ਏ, ਖੋਹ ਬੈਠੇ ਆਂ। ਇਨਸਾਨ ਨਹੀਂ, ਰੋਬੋਟ ਬਣ ਕੇ ਵਿਚਰ ਰਹੇ ਆਂ, ਜੋ ਕੰਮ ਤਾ ਕਰਦੈ, ਪਰ ਅਹਿਸਾਸ ਤੋ ਹੀਣਾ,ਭਾਵਨਾਵਾਂ ਤੋ ਸੱਖਣਾ ।
ਕਿਤੇ ਘੁੰਮਣ ਫਿਰਨ ਜਾ ਰਹੇ ਆਂ ਤਾਂ ਪੁੱਜਣ ਦੀ ਕਾਹਲ ਚ ਸਫਰ ਦਾ ਆਨੰਦ ਗਵਾ ਲਿਆ, ਕਿਸੇ ਕੋਲ ਮਿਲਣ ਗਏ ਤਾਂ ਜਾ ਕੇ ਵੀ ਫ਼ੋਨ ਚ ਡੁੱਬੇ ਰਹੇ , ਕੋਈ ਮਿਲਣ ਆਇਆ ਏ ਦੂਰ ਦੁਰਾਡਿਓਂ, ਪਰ ਅੱਖਾਂ ਚਿਹਰਿਆਂ ਵੱਲ ਨਹੀ, ਫ਼ੋਨ ਸਕਰੀਨ ਵੱਲ ਬਾਰ ਬਾਰ ਜਾ ਰਹੀਆਂ ਨੇ ।
ਹਕੀਕਤ ਏ ਕਿ ਹਰ ਸ਼ੈਅ ਜ਼ਿੰਦਗੀ ਵਾਸਤੇ ਐ, ਪਰ ਅਸੀਂ ਵਸਤਾਂ ਚ ਜ਼ਿੰਦਗੀ ਰੋਲ ਬੈਠੇ ਆਂ।ਨਿੱਕੇ ਨਿੱਕੇ ਟੁਕੜਿਆਂ ਚ ਵੱਟ ਗਈ ਏ ਜ਼ਿੰਦਗੀ । ਸਹੂਲਤਾਂ ਦੀ ਹਨੇਰੀ ਚ ਸੁਖ ਦਾ ਸਾਹ ਲੈਣਾ ਵੀ ਦੁਸ਼ਵਾਰ ਹੋ ਗਿਆ ਏ ।ਕਿੱਥੇ ਕੁ ਰੁਕਾਂਗੇ ਜਾ ਕੇ , ਰੱਬ ਜਾਣੇ ।

ਦਵਿੰਦਰ ਸਿੰਘ ਜੌਹਲ

ਲਾਲਚ ਅਤੇ ਮਨੁੱਖ

by Sandeep Kaur April 20, 2020

ਲਾਲਚ ਇਨਸਾਨ ਨੂੰ ਇਨਸਾਨ ਰਹਿਣ ਈ ਨਹੀ ਦਿੰਦਾ । ਇਨਸਾਨ ਨੇ ਰੱਬ ਨੂੰ ਵੀ ਆਪਣੇ ਵਰਗਾ ਈ , ਲੈ ਦੇ ਕੇ ਕੰਮ ਕਰਨ ਵਾਲਾ ਸਮਝ ਛੱਡਿਆ , ਜਿਵੇ ਰੱਬ ਨਾ ਹੋਵੇ , ਕਿਸੇ ਦਫਤਰ ਵਿੱਚ ਬੈਠਾ ਰਿਸ਼ਵਤਖ਼ੋਰ ਅਧਿਕਾਰੀ ਹੋਵੇ । ਮਜੀਠੇ ਕੋਲ ਬਾਬੇ ਰੋਡੇ ਦੀ ਯਗਾ ਏ, ਲੋਕੀਂ ਆਪਣੇ ਜਾਇਜ਼ ਨਾਜਾਇਜ਼ ਕੰਮਾਂ ਲਈ ਸ਼ਰਾਬ ਦੀ ਸੁੱਖਣਾ ਸੁੱਖਦੇ ਨੇ ਓਥੇ । ਕਈ ਨਾਜਾਇਜ ਸ਼ਰਾਬ ਕੱਢਣ ਵਾਲੇ ਸੁੱਖਣਾ ਸੁੱਖਦੇ ਨੇ ਕਿ ਤੀਹ ਕਿੱਲੋ ਗੁੜ ਚੋ ਤੀਹ ਬੋਤਲਾਂ ਈ ਨਿੱਕਲਣ, ਦੋ ਬਾਬੇ ਦੀਆਂ ।ਨਾਲ ਇਹ ਵੀ ਸੁੱਖਦੇ ਨੇ ਕਿ ਬਾਬਾ ਕੁੱਤੇ ਬਿੱਲੇ ਤੋ ਬਚਾ ਕੇ ਰੱਖੀਂ, ਕਿਸੇ ਪੁਲਸੀਏ ਦਾ ਮੂੰਹ ਨਾ ਵਿਖਾਵੀਂ। ਕਈ ਪੁਲਸੀਏ ਵੀ ਅੰਗਰੇਜ਼ੀ ਸ਼ਰਾਬ ਦੀ ਬੋਤਲ ਸੁੱਖਦੇ ਵੇਖੇ ਨੇ ਕਿ ਬਾਬਾ ਜੀ , ਭੱਠੀ ਫੜਾਉਣ ਦੀ ਕਿਰਪਾ ਕਰੋ , ਬੋਤਲ ਪੱਕੀ ਤੁਹਾਡੀ ।
ਜਿਵੇ ਦੀ ਸਾਡੀ ਸੋਚ , ਉਵੇਂ ਦਾ ਈ ਸਾਡਾ ਰੱਬ ਸਿਹੁੰ ਵੀ ਡੌਲ ਛੱਡਿਆ ਅਸੀਂ ਲੋਕਾਂ । ਬੇਅਕਲੀ ਤੇ ਭੁੱਖ ਦਾ ਆਲਮ ਇਹ ਵੇ ਕਿ ਸਾਨੂੰ ਸੁਪਨੇ ਤੇ ਅਰਦਾਸਾਂ ਵੀ ਭੁੱਖੜਾਂ ਵਾਲੇ ਆਉੰਦੇ ਨੇ । ਆਪਣੇ ਈ ਬਣੇ ਇਸ ਮੱਕੜਜਾਲ ਚੋ ਨਿਕਲਦੇ ਨਹੀਂ, ਸਗੋਂ ਹੋਰ ਉਲਝ ਕੇ ਸ਼ਕਲਾਂ ਵੀ ਭੁੱਖੜਾਂ ਵਾਲੀਆਂ ਈ ਬਣਾ ਲੈਨੇ ਆਂ ਪੱਕੇ ਤੌਰ ਤੇ ਆਖਰ ਨੂੰ ਖਾਲਮਖਾਲੀ ਤੁਰ ਜਾਨੇ ਆਂ ।
ਅੰਮ੍ਰਿਤਸਰ ਜਿਲ੍ਹੇ ਦੀ ਇੱਕ ਦਿਲਚਸਪ ਘਟਨਾ ਸਾਂਝੀ ਕਰਾਂਗਾ । ਇੱਕ ਥਾਣੇ ਵਿੱਚ ਦੋ ਹੌਲਦਾਰ ਸਨ , ਸਿਰੇ ਦੇ ਭੁਿਖੜ ਤੇ ਕੁਰੱਪਟ । ਹਰ ਵਕਤ ਧਿਆਨ ਠੱਗੀਆਂ ਤੇ, ਦਾਅ ਮਾਰੀਆਂ ਤੇ । ਪਰ ਮੂੰਹ ਦੇ ਮਿੱਠੇ ਸਨ ਦੋਵੇੰ, ਬਣਦੀ ਵੀ ਬਹੁਤ ਸੀ ਦੋਵਾਂ ਰਾਮ ਲਖਨ ਦੀ । ਉਹ ਵੀ ਬਾਬੇ ਦੇ ਸੁੱਖਣਾ ਸੁਿਖ ਕੇ ਡਾਇਰੀ ਚ ਲਿਖ ਛੱਡਦੇ ਸਨ ਕਿ ਪੂਰੀ ਹੋਣ ਦੀ ਸੂਰਤ ਵਿੱਚ ਰੱਬ ਭਾਜੀ ਦਾ ਹਿੱਸਾ ਪੱਤੀ ਪੁੱਜਦਾ ਕੀਤਾ ਜਾਵੇ । ਇੱਕ ਦਿਨ ਕੀ ਹੋਇਆ ਕਿ ਸਵੇਰੇ ਸਵੇਰੇ ਕਿਸੇ ਮੁਖਬਰ ਨੇ ਉਹਨਾ ਨੂੰ ਮੁਖਬਰੀ ਕੀਤੀ ਕਿ ਫਲਾਣੇ ਜਿਮੀਦਾਰ ਦੇ ਘਰ ਭੱਠੀ ਲੱਗੀ ਏ, ਮਾਰ ਲਵੋ ਮੋਰਚਾ । ਦੋਵਾਂ ਦੀਆਂ ਵਾਛਾਂ ਖਿੜ ਗਈਆਂ , ਮੁਖਬਰ ਨੂੰ ਸੌ ਰੁਪਈਆ ਦੇ ਕੇ ਵਿਦਾ ਕੀਤਾ ਤੇ ਆਪ ਦੋਵੇਂ ਸਿਵਲ ਕੱਪੜਿਆਂ ਚ ਈ ਸਕੂਟਰ ਤੇ ਜਾ ਧਮਕੇ, ਕਿਸੇ ਹੋਰ ਮੁਲਾਜਮ ਨੂੰ ਵੀ ਨਾਲ ਲਿਜਾਣ ਦੀ ਖੇਚਲ ਨਾ ਕੀਤੀ ਕਿ ਕਾਹਤੋ ਹਿੱਸਾ ਦੇਣਾ ਬਾਅਦ ਚ । ਜਿਮੀਦਾਰ ਵਧੀਆ ਸਰਦਾ ਪੁੱਜਦਾ ਸੀ , ਪਹੁੰਚ ਵਾਲਾ ਤੇ ਦਿਮਾਗੀ ਵੀ ਸੀ । ਜਦ ਇਹ ਦੋਵੇਂ ਹੀਰੇ ਪੁੱਜੇ ਤਾਂ ਭੱਠੀ ਆਖਰੀ ਪੜਾਅ ਤੇ ਸੀ , ਬਾਰਾਂ ਤੇਰਾਂ ਬੋਤਲਾਂ ਨਿੱਕਲ ਚੁੱਕੀਆਂ ਸਨ , ਇੱਕ ਅੱਧ ਬਾਕੀ ਸੀ ਨਿਕਲਣੀ ।ਜਾ ਕੇ ਇਹਨਾ ਨੇ ਦਬਕਾ ਮਾਰਿਆ ਕਿ ਪਰਚਾ ਦੇਣਾ ਅਸੀਂ ਤੁਹਾਡੇ ਤੇ , ਸਾਡੇ ਨਾਲ ਤੁਰੋ। ਘਰ ਵਾਲੇ ਨੇ ਨਿਮਰਤਾ ਨਾਲ ਕਿਹਾ ਕਿ ਅਸੀ ਕੋਈ ਸ਼ਰਾਬ ਵੇਚਣ ਦਾ ਕੰਮ ਨਹੀ ਕਰਦੇ ,ਆਏ ਗਏ ਵਾਸਤੇ ਥੋੜ੍ਹ ਬਹੁਤ ਇੰਤਜ਼ਾਮ ਕੀਤਾ ਏ, ਤੁਸੀ ਜਲ ਪਾਣੀ ਛਕੋ ਤੇ ਜਾਣ ਦਿਓ, ਪਰ ਇਹ ਕਿੱਥੇ ਮੰਨਣ ,ਅਖੀਰ ਗੱਲ ਮੁੱਕੀ ਕਿ ਪੰਝੀ ਹਜਾਰ ਦਿਓ ਤੇ ਕੰਮ ਰਫਾ ਦਫਾ ਕਰੋ ।
ਘਰ ਦੇ ਮੁਖੀ ਨੇ ਦੋਵਾਂ ਹੌਲਦਾਰਾਂ ਨੂੰ ਬੈਠਕ ਵਿੱਚ ਬਿਠਾ ਲਿਆ ਤੇ ਇੱਕ ਮੁੰਡੇ ਨੂੰ ਸੈਨਤ ਮਾਰੀ ਕਿ ਜਾਹ, ਕਿਤੋ ਪੈਸੇ ਫੜ੍ਹ ਲਿਆਵੇ , ਘਰੇ ਏਨੀ ਰਕਮ ਨਹੀਂ ਐ ।ਨਾਲ ਈ ਕਾਮੇ ਨੂੰ ਕਹਿ ਕੇ ਭੱਠੀ ਸਾਂਭ ਦਿੱਤੀ , ਲਾਹਣ ਬੰਬੀ ਦੇ ਚੱਲਦੇ ਪਾਣੀ ਚ ਵਹਾ ਦਿੱਤੀ ।ਭਾਂਡੇ ਕਮਾਦ ਚ ਲੁਕੋ ਦਿੱਤੇ । ਨਾਲ ਈ ਇੱਕ ਚਾਲ ਹੋਰ ਵੀ ਖੇਡ ਦਿੱਤੀ ਕਿ ਹੌਲਦਾਰਾਂ ਨੂੰ ਤਾਜੀ ਕੱਢੀ ਸ਼ਰਾਬ ਚੋਂ ਦੋ ਦੋ ਪੈੱਗ ਪੁਚਕਾਰ ਕੇ ਲੁਆ ਦਿੱਤੇ । ਦੋਵੇ ਤਿੜੇ ਹੋਏ ਪੀ ਗਏ , ਪੰਝੀ ਹਜਾਰ ਦੇ ਚਾਅ ਵਿੱਚ । ਅੈਨੇ ਚਿਰ ਤੱਕ ਘਰਦਿਆਂ ਨੇ ਭੱਠੀ ਵਾਲੀ ਥਾਂ ਤੇ ਪੋਚਾ ਫੇਰ ਕੇ ਅਗਰਬੱਤੀਆਂ ਧੁਖਾ ਦਿੱਤੀਆਂ।
ਜਦ ਨੂੰ ਹੌਲਦਾਰਾਂ ਨੂੰ ਸਰੂਰ ਜਿਹਾ ਆਇਆ ਤਾਂ ਕਹਿਣ ਲੱਗੇ ਕਿ ਭਾਈ ਸਾਹਬ ,ਪੈਸੇ ਜਲਦੀ ਲਿਆਓ , ਅਸਾਂ ਜਾਣਾ ਵੀ ਏ । ਘਰ ਦਾ ਮੁਖੀ ਬੋਲਿਆ ਕਿ ਪੈਸੇ ਕਿਸ ਗੱਲ ਦੇ ਬਾਬਿਓ ? ਕਹਿੰਦੇ ਭੱਠੀ ਫੜੀ ਆ!
ਅਗਲਾ ਸਾਫ ਈ ਮੁੱਕਰ ਗਿਆ ਕਿ ਕਿਹੜੀ ਭੱਠੀ , ਅਸੀਂ ਤਾਂ ਸ਼ਰਾਬੀ ਦੀ ਮੁਕਾਣੇ ਨਹੀ ਜਾਂਦੇ ।
ਉਲਟਾ ਘਰ ਵਾਲੇ ਹੌਲਦਾਰਾਂ ਦੇ ਦੁਆਲੇ ਹੋ ਗਏ ਕਿ ਤੁਸੀ ਸ਼ਰਾਬੀ ਹੋ ਕੇ ਸਾਡੇ ਘਰ ਕਿਵੇ ਆ ਵੜੇ ?
ਅਖੀਰ ਇਹ ਹੰਸਾਂ ਦਾ ਜੋੜਾ ਹੱਥ ਜੋੜ ਕੇ ਛੁੱਟਾ ਕਿ ਅੱਗੇ ਤੋ ਇੰਜ ਨਹੀ ਕਰਾਂਗੇ । ਐਨਾ ਡਰ ਗਏ ਕਿ ਮੁਆਫੀਨਾਮਾ ਲਿਖਕੇ ਜਾਨ ਛੁਡਾਈ ।
ਹਾਲਾਤ ਬਦਲਗੇ, ਪਾਣੀ ਪੁਲਾਂ ਦੇ ਉੱਤੋਂ ਦੀ ਵਗ ਗਿਆ ।
ਸੋ, ਲਾਲਚ ਬੁਰੀ ਬਲਾਅ ਏ ਦੋਸਤੋ , ਪਰ ਆਖਰ ਨੂੰ ਪਛਤਾਵਾ ਈ ਪੱਲੇ ਪੈਂਦਾ ਏ ਲਾਲਚੀ ਇਨਸਾਨ ਦੇ ।

ਦਵਿੰਦਰ ਸਿੰਘ ਜੌਹਲ

ਸੱਤ ਰੰਗਾਂ ਦਾ ਸਮੂਹ

by Sandeep Kaur April 18, 2020

ਹਨੇਰੇ ਵਿੱਚ ਕੋਈ ਰੰਗ ਦਿਖਾਈ ਨਹੀ ਪੈਂਦਾ , ਸਭ ਰੰਗ ਰੋਸ਼ਨੀ ਵਿੱਚ ਈ ਦਿਸਦੇ ਨੇ । ਵਿਗਿਆਨ ਦੱਸਦਾ ਏ ਕਿ ਸੂਰਜ ਦੀ ਰੋਸ਼ਨੀ ਸੱਤ ਰੰਗਾਂ ਦਾ ਸਮੂਹ ਏ ਤੇ ਇਹਨਾਂ ਰੰਗਾਂ ਦੀ ਵਜ੍ਹਾ ਕਾਰਨ ਸਾਨੂੰ ਵਸਤੂਆਂ ਦੇ ਵੱਖ ਵੱਖ ਰੰਗ ਦਿਖਾਈ ਦਿੰਦੇ ਨੇ ।
ਜਦੋਂ ਸੂਰਜ ਦੀ ਰੋਸ਼ਨੀ ਕਿਸੇ ਵਸਤੂ ਨੂੰ ਪਰਕਾਸ਼ਿਤ ਕਰਦੀ ਐ ਤਾਂ ਉਹ ਵਸਤੂ ਸੱਤ ਰੰਗਾਂ ਚੋਂ ਜਿਹੜੇ ਰੰਗਾਂ ਨੂੰ ਸੋਖ ਲਵੇ, ਉਹ ਗਾਇਬ ਹੋ ਜਾਂਦੇ ਨੇ ਤੇ ਜਿਹੜਾ ਵਾਪਸ ਕਰ ਦੇਵੇ,ਓਹ ਵਸਤੂ ਸਾਨੂੰ ਓਸ ਰੰਗ ਦੀ ਵਿਖਾਈ ਦੇਂਦੀ ਏ ।
ਉੱਬਲਦੇ ਪਾਣੀ ਵਿੱਚ ਅੰਡਾ ਪਾ ਦੇਈਏ ਤਾਂ ਸਖ਼ਤ ਹੋ ਜਾਂਦਾ ਏ , ਆਲੂ ਪਾ ਦੇਈਏ ਤਾਂ ਨਰਮ ਹੋ ਜਾਂਦਾ ਏ , ਜਦ ਕਿ ਪਾਣੀ ਓਹੀ ਏ ।ਜ਼ਿੰਦਗੀ ਦੀਆਂ ਪ੍ਰਸਥਿਤੀਆਂ ਦੋ ਵਿਅਕਤੀਆਂ ਤੇ ਇੱਕੋ ਤਰਾਂ ਲਾਗੂ ਹੁੰਦੀਆਂ ਨੇ , ਪਰ ਦੋਵੇਂ ਵਿਅਕਤੀ ਇੱਕ ਈ ਤਰਾਂ ਦਾ ਅਸਰ ਨਹੀ ਕਬੂਲਦੇ, ਇੱਕ ਬਿੱਖਰਦਾ ਏ, ਦੂਜਾ ਨਿੱਖਰਦਾ ਏ। ਭਾਵ , ਹਾਲਾਤਾਂ ਨਾਲ ਜੂਝਣ ਤੋ ਬਾਅਦ ਪਤਾ ਲੱਗਦਾ ਐ ਕਿ ਅਸੀਂ ਕਿੱਸ ਵਸਤੂ ਦੇ ਬਣੇ ਹਾਂ ।
ਆਮ ਹਾਲਾਤਾਂ ਵਿੱਚ ਤਾਂ ਸਾਰੇ ਈ ਚੰਗੇ ਹੁੰਦੇ ਨੇ, ਹਨੇਰੇ ਵਿੱਚ ਰੰਗ ਵੀ ਪਤਾ ਨਹੀ ਲੱਗਦੇ । ਪਰ
ਦੁਨੀਆਂ ਉਹਨਾਂ ਨੂੰ ਮੰਨਦੀ ਆਈ ਏ ਜੋ ਹਾਲਾਤਾਂ ਸਾਹਮਣੇ ਵੀ ਆਪਣੇ ਆਦਰਸ਼ਾਂ ਨੂੰ ਨਹੀ ਭੁੱਲਦੇ, ਮੂਲ ਗੁਣ ਨਹੀ ਤਿਆਗਦੇ। ਦੁਨੀਆ ਨਹੀ ਬਲਕਿ ਉਹ ਖ਼ੁਦ ਤੈਅ ਕਰਦੇ ਨੇ ਕਿ ਰੋਸ਼ਨੀ ਚ ਆਉਣ ਤੇ ਉਹਨਾ ਕਿਹੜਾ ਰੰਗ ਦਿਖਾਉਣਾ ਏ ।
ਤੱਤੀ ਲੋਹ ਤੇ ਬੈਠਣਾ ਤਾਂ ਦੂਰ, ਬੈਠਣ ਦੇ ਤਸੱਵਰ ਮਾਤਰ ਤੋ ਈ ਆਮ ਬੰਦੇ ਦਾ ਤ੍ਰਾਹ ਨਿੱਕਲ ਜਾਵੇ , ਪਰ ਜੋ ਤੱਤੀ ਤਵੀ ਤੇ ਬੈਠਕੇ ਵੀ ਭਾਣਾ ਮੰਨਣ ਤੇ ਠੰਢ ਰੱਖਣ ਦੀ ਗੱਲ ਕਰੇ, ਉਹ ਗੁਰੂ ਅਰਜਨ ਅਖਵਾਉਂਦਾ ਏ ।
ਅਸਲ ਤਾਕਤ ਤੇ ਅਧਿਕਾਰ ਦੂਜਿਆਂ ਨੂੰ ਕਾਬੂ ਕਰਨ ਵਿੱਚ ਨਹੀ ਏ, ਬਲਕਿ ਖ਼ੁਦ ਤੇ ਕਾਬੂ ਰੱਖਣ ਵਿੱਚ ਏ , ਕੰਪਾਸ ਵਾਂਗ , ਜੋ ਕਿਸੇ ਵੀ ਹਾਲਤ ਵਿੱਚ ਉੱਤਰ ਦੱਖਣ ਦੀ ਦਿਸ਼ਾ ਤੋ ਮੂੰਹ ਨਹੀ ਮੋੜਦੀ।

ਦਵਿੰਦਰ ਸਿੰਘ ਜੌਹਲ

ਪੰਜਾਬੀ ਦੇ ਸ਼ਬਦ

by Sandeep Kaur April 18, 2020

ਪੰਜਾਬੀ ਦਾ ਇੱਕ ਸ਼ਬਦ ਸਭ ਨੇ ਈ ਸੁਣਿਆ ਹੋਵੇਗਾ,”ਹਊ ਪਰ੍ਹੇ” ਕਰਨਾ । ਮਾਝੇ ਦੇ ਪੁਰਾਣੇ ਬਜ਼ੁਰਗ ਆਮ ਤੌਰ ਤੇ ਇਹ ਸ਼ਬਦ ਵਰਤਦੇ ਸਨ ਕਿਸੇ ਨੂੰ ਹੌਸਲਾ ਦੇਣ ਲਈ , ਜਦ ਉਸਨੂੰ ਕਿਸੇ ਨੇ ਦੁੱਖ ਦਿੱਤਾ ਹੋਵੇ, ਧੋਖਾ ਦਿੱਤਾ ਹੋਵੇ । ਇਸਦਾ ਭਾਵ ਇਹ ਹੁੰਦਾ ਸੀ ਕਿ ਭਾਈ ਤੂੰ ਦਿਲ ਵੱਡਾ ਕਰਕੇ ਇਸ ਗੱਲ ਦੀ ਯਾਦ ਨੂੰ ਮਨੋਂ ਕੱਢ ਦੇ ਤੇ ਆਪਣੇ ਕੰਮ ਤੇ ਧਿਆਨ ਦੇਹ, ਅੱਗੇ ਤੋਂ ਖਿਆਲ ਰੱਖੀਂ ਕਿ ਫਿਰ ਅਜਿਹਾ ਨਾ ਹੋਵੇ । ਅਸਲ ਵਿੱਚ ਇਹ ਸ਼ਬਦ ਦੀ ਸਾਰਥਕਤਾ ਵੱਲ ਵੇਖੀਏ ਤਾਂ ਬੜਾ ਬਰਕਤ ਵਾਲਾ ਸ਼ਬਦ ਏ ।ਅੱਖਾਂ ਚ ਹੰਝੂ ਲੈ ਕੇ ਅਗਲਾ ਰਸਤਾ ਨਹੀਂ ਦਿਸਦਾ ਤੇ ਨਾ ਹੀ ਬੀਤੇ ਨੂੰ ਭੁੱਲ ਸਕਦੇ ਹਾਂ ,ਬਿਹਤਰ ਏ ਅੱਖਾਂ ਨੂੰ ਛਿੱਟੇ ਮਾਰ ਕੇ , ਤਾਜਾ ਦਮ ਹੋਇਆ ਜਾਵੇ ਤੇ ਆਪਣੀ ਖਿੱਲਰੀ ਹੋਈ ਤਾਕਤ ਨੂੰ ਇਕੱਠੀ ਕਰਕੇ ਸਹੀ ਦਿਸ਼ਾ ਵਿੱਚ ਲਾਇਆ ਜਾਵੇ ।
ਤੇ ਦੂਜਾ ਸ਼ਬਦ ਹੁੰਦਾ ਸੀ “ਓਹ ਜਾਣੇ !”
ਇਸ ਵਿੱਚ ਓਹ ਤੋ ਇਸ਼ਾਰਾ ਗੁਰੂ ਬਾਬੇ ਦੇ ਓਅੰਕਾਰ ਵੱਲ ਹੁੰਦਾ ਸੀ ਜੋ ਏਸ ਸੰਦਰਭ ਵਿੱਚ ਵਰਤਿਆ ਜਾਂਦਾ ਸੀ ਕਿ ਅੰਤਿਮ ਫੈਸਲਾ ਪਰਮਾਤਮਾ ਤੇ ਛੱਡ ਦਿਓ, ਪਰ ਆਪ ਗਲਤ ਨਾ ਹੋਵੋ । ਜਿੱਤ ਸੱਚ ਦੀ ਹੀ ਹੋਵੇਗੀ ।
ਹੀਰੋਸ਼ੀਮਾ ਤੇ ਨਾਗਾਸਾਕੀ ਦੀ ਘਟਨਾ ਦੁਨੀਆਂ ਦੀ ਸ਼ਾਇਦ ਸਭ ਤੋ ਬੁਰੀ ਘਟਨਾ ਸੀ , ਪਰ ਓਸ ਨਿੱਕੜੇ ਜਿਹੇ ਮੁਲਕ ਦੇ ਵਾਰੇ ਵਾਰੇ ਜਾਈਏ, ਜੋ ਏਨੀ ਮਾਰ ਤੋ ਬਾਦ ਵੀ ਉੱਠ ਖੜਾ ਹੋਇਆ , ਗੋਡਿਆਂ ਚ ਸਿਰ ਦੇ ਕੇ ਰੋਣ ਨਹੀ ਬੈਠਾ ਰਿਹਾ । ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਏ ਏਸ ਸਿਰੜੀ ਕੌਮ ਨੇ , ਸਾਰੀ ਦੁਨੀਆਂ ਨੂੰ ।
ਸਿੱਖ ਕੌਮ ਨੂੰ ਹਰ ਖ਼ੁਸ਼ੀ ਗ਼ਮੀ ਤੋ ਬਾਅਦ ਆਨੰਦ ਸਾਹਿਬ ਪੜ੍ਹਨ ਤੇ ਅਰਦਾਸ ਕਰਨ ਦਾ ਹੁਕਮ ਏ ਗੁਰੂ ਵੱਲੋਂ । ਕਹਿੰਦੇ , ਵੱਡੇ ਘੱਲੂਘਾਰੇ ਵਿੱਚ ਸਿੱਖਾਂ ਦੀ ਘੋਰ ਤਬਾਹੀ ਤੋ ਬਾਅਦ ਜਦ ਸ਼ਾਮ ਨੂੰ ਬਚੇ ਖੁਚੇ ਸਿੱਖਾਂ ਨੇ ਅਰਦਾਸ ਕੀਤੀ ਕਿ ‘ਤੇਰੇ ਭਾਣੇ ਅੰਦਰ ਚਾਰ ਪਹਿਰ ਦਿਨ ਸੁਖ ਦਾ ਬਤੀਤ ਹੋਇਆ ਏ, ਚਾਰ ਪਹਿਰ ਰੈਣ ਵੀ ਸੁਖ ਨਾਲ ਬਤੀਤ ਕਰਨੀ ‘ ਤੇ ਅਖੀਰ ਤੇ” ਤੇਰੇ ਭਾਣੇ ਸਰਬੱਤ ਦਾ ਭਲਾ” ਕਿਹਾ ਗਿਆ ਤਾਂ ਵਿਰੋਧੀ ਫੌਜ ਦੇ ਜਾਸੂਸ ਵੀ ਦੰਦਾਂ ਹੇਠ ਉੰਗਲਾਂ ਲੈ ਕੇ ਰਹਿ ਗਏ ।
ਬੀਤੇ ਨੂੰ ਕੋਈ ਤਾਕਤ ਨਹੀ ਬਦਲ ਸਕਦੀ, ਪਰ ਓਸ ਸਮੇਂ ਤੋ ਤਜਰਬਾ ਲੈ ਕੇ ਆਉਣ ਵਾਲੇ ਸਮੇਂ ਨੂੰ ਯਕੀਨਨ ਕੋਈ ਦਿਸ਼ਾ ਦਿੱਤੀ ਜਾ ਸਕਦੀ ਏ ।ਏਸੇ ਵਿੱਚ ਈ ਸਰਬੱਤ ਦਾ ਭਲਾ ਏ ।

ਕੁਦਰਤ ਦਾ ਵਰਦਾਨ ਜ਼ਿੰਦਗੀ

by Sandeep Kaur April 17, 2020

ਜ਼ਿੰਦਗੀ ਇੱਕ ਗੇਮ ਦੀ ਤਰਾਂ ਏ , ਅਜੀਬ ਤਰਾਂ ਦੀ ਗੇਮ , ਜਿਸ ਵਿੱਚ ਇਨਸਾਨ ਬੈਟ ਫੜ੍ਹ ਕੇ ਖੜਾ ਏ ਕ੍ਰੀਜ਼ ਤੇ ,ਕੋਈ ਵਿਕਟ ਕੀਪਰ ਨਹੀ , ਕੋਈ ਫੀਲਡਰ ਨਹੀਂ , ਪਰ ਕੁਦਰਤ ਰੁਕ ਰੁਕ ਕੇ ਗੇਂਦ ਸੁੱਟ ਰਹੀ ਏ , ਮੌਕਿਆਂ ਦੇ ਰੂਪ ਵਿੱਚ । ਪਰ ਇਹ ਇਨਸਾਨ ਤੇ ਨਿਰਭਰ ਏ ਕਿ ਉਹ ਗੇਂਦ ਦੀ ਕਿੰਨੀ ਕੁ ਰੀਝ ਨਾਲ ਉਡੀਕ ਕਰਦਾ ਏ ਤੇ ਕਿੰਨੇ ਕੁ ਉਤਸ਼ਾਹ ਨਾਲ ਬੈਟ ਘੁੰਮਾਉਂਦਾ ਏ,ਚੌਕਾ ਮਾਰਦਾ ਏ ਜਾਂ ਛੱਕਾ ।
ਕਿ ਜਾਂ ਅਵੇਸਲਾ ਹੋ ਕੇ ਮੂੰਹ ਤੇ ਬਾਊੰਸਰ ਖਾ ਲੈਂਦਾ ਏ , ਡਿੱਗ ਪੈਂਦਾ ਏ ਹੋਸ਼ ਗਵਾ ਕੇ ।
ਪਰ ਕੁਦਰਤ ਤਾਂ ਗੇਂਦਾਂ ਸੁੱਟਦੀ ਏ , ਲਗਾਤਾਰ, ਥੋੜੇ ਥੋੜੇ ਵਕਫ਼ੇ ਬਾਅਦ। ਖਿਡਾਰੀ ਉਸ ਗੇਂਦ ਨੂੰ ਹਿੱਟ ਕਰੇ ਜਾਂ ਨਾ ਕਰੇ ।
ਤੇ ਇਸ ਗੇਂਮ ਵਿੱਚ ਇਨਸਾਨ ਆਊਟ ਵੀ ਨਹੀ ਹੁੰਦਾ ,ਬੱਸ ਥੱਕ ਕੇ ਬਹਿ ਜਾਂਦਾ ਏ,ਕਿਸਮਤ ਨੂੰ ਕੋਸਦਾ ਏ ਕਿ ਕੋਈ ਢੰਗ ਦੀ ਗੇਂਦ ਈ ਨਹੀ ਸੁੱਟਦੀ , ਜਦੋਂ ਵੀ ਹਿੰਮਤ ਛੱਡਦਾ ਏ ਤਾਂ ਖੇਡਣਾ ਈ ਛੱਡਦਾ ਏ । ਹਰ ਪਲ ਗੇਂਦਾਂ ਸੁੱਟਦੀ ਏ ਜ਼ਿੰਦਗੀ , ਕਿਸੇ ਵੀ ਵਕਤ ਹਿੰਮਤ ਕਰੋ ਤੇ ਫੜੇ ਬੈਟ , ਮਾਰੋ ਛੱਕਾ ,ਦੇਹ ਦਨਾ ਦਨ ।
ਮੌਕੇ ਗੇਂਦਾਂ ਈ ਤਾਂ ਨੇ, ਆਫ਼ਤ ਸਮਝੀਏ ਜਾਂ ਅਵਸਰ , ਸਾਰਾ ਦਾਰੋ-ਮਦਾਰ ਸੋਚ ਤੇ ਈ ਐ ।
ਕਿਹੜਾ ਖਿਡਾਰੀ ਏ ਜੀਹਨੇ ਕਦੀ ਸੱਟ ਨਾ ਖਾਧੀ ਹੋਵੇ , ਪਰ ਦੁਨੀਆਂ ਉਹਨਾ ਨੂੰ ਸਿਜਦਾ ਕਰਦੀ ਏ ਜੋ ਫੱਟੜ ਹੋਣ ਤੇ ਬਾਅਦ ਵੀ ਸਿਹਤਯਾਬੀ ਦੀ ਤਮੰਨਾ ਰੱਖਦੇ ਨੇ । ਚੌਕੇ ਛੱਕੇ ਨਹੀ ਤਾਂ ਇੱਕਾ ਦੁੱਕਾ ਦੌੜਾਂ ਈ ਸਹੀ, ਡਟੇ ਰਹਿੰਦੇ ਨੇ ਮੈਦਾਨ ਵਿੱਚ ।
ਮੇਰੇ ਸਾਹਵੇ ਦੋ ਮਿਸਾਲਾਂ ਨੇ ਪੰਜਾਬ ਦੀਆਂ ।
ਪਹਿਲੀ ,
ਇੱਕ ਨੌਜਵਾਨ ,ਪੜ੍ਹ ਲਿਖਕੇ ,ਡਿਗਰੀਆਂ ਦਾ ਥੱਬਾ ਇਕੱਠਾ ਕਰਕੇ ਦਰ ਦਰ ਸਰਕਾਰੀ ਨੌਕਰੀ ਲਈ ਲੇਲ੍ਹੜੀਆਂ ਕੱਢਦਾ ਰਿਹਾ , ਜ਼ਿੰਦਗੀ ਨੇ ਗੇਂਦਾਂ ਸੁੱਟੀਆਂ ਹੋਣਗੀਆਂ ,ਚੌਕੇ ਛੱਕੇ ਨਹੀ ਵੱਜੇ, ਬੈਟ ਭਵਾਂ ਕੇ ਮਾਰਿਆ ਕੰਧ ਨਾਲ, ਤੇ ਆਪ ਤੁਰਦਾ ਬਣਿਆਂ , ਸਕੋਰ ਬੋਰਡ ਖਾਲ਼ੀ ਛੱਡ ਤੁਰ ਗਿਆ , ਦੁਨੀਆਂ ਤੇ ਕੂਚ ਤਰ ਗਿਆ ।
ਤੇ ਦੂਜੀ ,
ਇੱਕ ਇਵੇਂ ਦਾ ਈ ਪੜ੍ਹਿਆ ਲਿਖਿਆ ਇੱਕ ਹੋਰ ਨੌਜਵਾਨ ,ਨੌਕਰੀਆਂ ਨੂੰ ਜੁੱਤੀ ਦੀ ਨੋਕ ਤੇ ਰੱਖ ਕੇ ਆਪ ਮੋਰਚਾ ਸੰਭਾਲ਼ਦਾ ਏ , ਬਰਗਰਾਂ ਦੀ ਰੇੜ੍ਹੀ ਲਾਉੰਦਾ ਏ । ਕੁਦਰਤ ਮਿਹਰਬਾਨ ਹੁੰਦੀ ਏ । ਰੇੜ੍ਹੀ ਤੇ ਸੋਲਰ ਪੈਨਲ ਲਵਾਉਂਦਾ ਏ। ਨੌਕਰੀ ਲੱਭਣ ਦੀ ਥਾਂ ਤਿੰਨ ਹੋਰ ਨੌਜਵਾਨਾਂ ਨੂੰ ਵੀ ਰੁਜ਼ਗਾਰ ਦਿੰਦਾ ਏ । ਮੈਂ ਪੜ੍ਹ ਰਿਹਾ ਸੀ ਕਿ ਪੰਜ ਹਜ਼ਾਰ ਰੁਪਏ ਤੋਂ ਵੀ ਜਿਆਦਾ ਦਿਹਾੜੀ ਪਾ ਰਿਹਾ ਏ ਰੋਜ਼ਾਨਾ ।
ਕਿਸਨੂੰ ਹੀਰੋ ਕਹੋਗੇ ?
ਜ਼ਿੰਦਗੀ ਤੋ ਭਗੌੜੇ ਨੂੰ ਜਾਂ ਜ਼ਿੰਦਗੀ ਨੂੰ ਨਵੇਂ ਮੁਕਾਮ ਤੇ ਲਿਜਾਣ ਵਾਲੇ ਨੂੰ ।
ਕਦੀ ਜ਼ਿੰਦਗੀ ਫਾਲਤੂ ਜਾਪੇ ਤਾਂ ਮਿਲਿਓ ਕਿਸੇ ਕੈਂਸਰ ਦੇ ਮਰੀਜ਼ ਨੂੰ,ਕਦੀ ਵੇਦਨਾ ਜਾਣਿਓ ਉਸ ਬੰਦੇ ਦੀ ਜਿਸਦੇ ਦੋਵੇਂ ਗੁਰਦੇ ਫ਼ੇਲ੍ਹ ਹੋਣ ਤੋ ਬਾਅਦ ਮੌਤ ਦੇ ਬਲੈਕ ਹੋਲ ਵੱਲ ਸਰਕ ਰਿਹਾ ਏ ਪਲ ਪਲ । ਇਹ ਬੋਝਲ ਜਿਹਾ ਸਰੀਰ ਵੀ ਰੱਬੀ ਰਹਿਮਤ ਦਿਖਾਈ ਦੇਵੇਗਾ । ਇੱਕ ਚਮਤਕਾਰ ਦਿਸੇਗਾ ।
ਸਫਰ ਕਰਦਿਆਂ ਅੱਖ ਵਿੱਚ ਕਚਰਾ ਪੈ ਜਾਵੇ ਤਾਂ ਰੁਕਣਾ ਪੈ ਸਕਦਾ ਏ, ਪਰ ਪਾਣੀ ਦੇ ਛਿੱਟੇ ਮਾਰ ਕੇ, ਅੱਖਾਂ ਸਾਫ ਕਰਨਾ ਤੇ ਸਫਰ ਤੇ ਤੁਰ ਪੈਣਾ ਈ ਸਮਝਦਾਰੀ ਏ , ਭੀੜ ਵਿੱਚ ਤੁਰੇ ਰਹਿਣਾ ਈ ਅਕਲਮੰਦੀ ਏ, ਲੰਮੇ ਪੈ ਗਏ ਤਾਂ ਲਿਤੜੇ ਜਾਵਾਂਗੇ , ਦੋਸ਼ੀ ਕੋਈ ਹੋਰ ਨਹੀ, ਅਸੀਂ ਖ਼ੁਦ ਹੋਵਾਂਗੇ ।
ਹਿੰਮਤ ਏ ਮਰਦਾਂ
ਮਦਦ ਏ ਖੁਦਾ ।
ਹਿੱਕ ਤੇ ਪਿਆ ਅੰਬ ਮੂੰਹ ਤੀਕਰ ਲਿਜਾਣਾ ਇਨਸਾਨੀ ਫਰਜ ਏ, ਅਗਰ ਉਡੀਕਦੇ ਰਹੇ ਕਿ ਰਸ ਵੀ ਆਪੇ ਈ ਮੂੰਹ ਪੈ ਜਾਵੇ ਤਾਂ ਗ਼ਫ਼ਲਤ ਚ ਓ, ਅੰਬ ਗਲ਼ ਜਾਵੇਗਾ, ਤਾਕਤ ਦੀ ਥਾਂ ਬਦਬੂ ਦੇਵੇਗਾ ।

ਦਵਿੰਦਰ ਸਿੰਘ ਜੌਹਲ

ਇਹਨਾਂ ਤੋਂ ਸਿੱਖਿਆ

by Sandeep Kaur April 16, 2020

ਇੱਕ ਸੁਚੱਜੇ ਇਨਸਾਨ ਦਾ ਜੀਵਨ ਬੜੇ ਸਲੀਕੇ ਨਾਲ ਨਿਯਮਿਤ ਹੁੰਦਾ ਏ । ਉਸਦਾ ਸਵੇਰੇ ਜਾਗਣਾ, ਸਰੀਰ ਦੀ ਸਾਫ ਸਫਾਈ, ਖਾਣ ਪੀਣ , ਕਾਰ ਵਿਹਾਰ ਲੈਅ ਬੱਧ ਹੁੰਦਾ ਏ । ਹਰ ਕੰਮ ਵਿੱਚ ਸਲੀਕਾ , ਸਬਰ , ਹੌਸਲਾ,ਦਿਸਦਾ ਏ । ਇਹੀ ਗੱਲਾਂ ਨੇ ਜੋ ਰਲ ਮਿਲ ਕੇ ਸਮੁੱਚੀ ਜ਼ਿੰਦਗੀ ਨੂੰ ਸੁਹਾਵਣਾ ਬਣਾਉਦੀਆਂ ਨੇ । ਜਦ ਬਹੁਤ ਸਾਰੇ ਸੁਚੱਜੇ ਲੋਕ ਰਲ ਮਿਲ ਕੇ ਰਹਿਣ ਤਾਂ ਸੋਹਣਾ ਸਮਾਜ ਸਿਰਜਿਆਂ ਜਾਂਦਾ ਏ , ਜੋ ਰਲ ਮਿਲ ਕੇ ਇਨਸਾਨ ਦੀ ਜ਼ਿੰਦਗੀ ਨੂੰ ਸੁਖੈਨ ਤੇ ਜੀਊਣਯੋਗ ਬਣਾਉਂਦਾ ਏ ।
ਸੁਚੱਜੇ ਸਮਾਜ ਦੀ ਪਛਾਣ ਈ ਇਸ ਗੱਲ ਤੋ ਹੁੰਦੀ ਏ ਕਿ ਉਹ ਸਮੁੱਚੇ ਮਨੁੱਖੀ ਜੀਵਨ ਦੇ ਹਰ ਪੜਾਅ ਨੂੰ ਕਿਵੇਂ ਸਜਾਉਂਦਾ ਏ । ਇੱਕ ਇਨਸਾਨ ਦੀ ਜੀਵਨ ਯਾਤਰਾ ਮਾਂ ਦੇ ਗਰਭ ਤੋ ਲੈ ਕੇ ਵਾਪਸ ਪੰਜ ਤੱਤਾਂ ਵਿੱਚ ਵਿਲੀਨ ਹੋਣ ਤੱਕ ਏ , ਇੱਕ ਸੁਚੱਜਾ ਸਮਾਜ ਜੀਵਨ ਦੇ ਹਰ ਪਹਿਲੂ ਤੇ ਇਨਸਾਨ ਦੇ ਨਾਲ ਨਾਲ ਚੱਲਦਾ ਏ, ਉਸਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਲੱਭਦਾ ਏ ਵਕਤ ਬਾ ਵਕਤ ।
ਇਨਸਾਨ ਦੀਆਂ ਮੁੱਢਲੀਆਂ ਲੋੜਾਂ ਨੇ ਰੋਟੀ ਕੱਪੜਾ ਤੇ ਮਕਾਨ । ਜਦ ਇਹਨਾਂ ਲੋੜਾਂ ਦਾ ਫਿਕਰ ਨਾ ਹੋਵੇ, ਆਰਾਮ ਨਾਲ ਪੂਰੀਆਂ ਹੁੰਦੀਆਂ ਹੋਣ ਤਾਂ ਇਨਸਾਨੀਅਤ ਵਿਗਸਦੀ ਐ, ਮੌਲਦੀ ਐ, ਤਰੱਕੀ ਦੀਆਂ ਨਵੀਂਆਂ ਮੰਜਿਲਾਂ , ਦਿਸਹੱਦੇ ਤੈਅ ਕਰਦੀ ਏ ।
ਪੱਛਮ ਦਾ ਸਮਾਜ ਪੁਰਾਣੀਆਂ ਚੀਜ਼ਾਂ ਨੂੰ ਸੰਭਾਲਣ ਦਾ ਬੜਾ ਸਲੀਕਾ ਰੱਖਦਾ ਏ ,ਇੱਕ ਤਰਾਂ ਦਾ ਜਨੂੰਨ ਏ ਉਹਨਾਂ ਨੂੰ ਇਸ ਮਾਮਲੇ ਚ । ਪੁਰਾਣਾ ਇਤਿਹਾਸ, ਪੁਰਾਣੇ ਹਥਿਆਰ, ਇਤਿਹਾਸਿਕ ਇਮਾਰਤਾਂ ਨੂੰ ਸਾਂਭਣਾ ਕੋਈ ਇਹਨਾਂ ਤੋ ਸਿੱਖੇ ।
ਪੁਰਾਣੇ ਦੋਸਤ, ਪੁਰਾਣੀਆਂ ਕਿਤਾਬਾਂ , ਪੁਰਾਣੀ ਸ਼ਰਾਬ , ਇਹਨਾ ਦੀ ਅਹਿਮੀਅਤ ਵਧਦੀ ਏ ਜਿਉਂ ਜਿਉਂ ਪੁਰਾਣੇ ਹੋਣ ।
ਅਗਰ ਰਿਸ਼ਤਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਔਰਤ ਆਦਮੀ ਦਾ ਰਿਸ਼ਤਾ ਸਭ ਤੋਂ ਸਿਰਮੌਰ ਏ, ਜਿਸਤੋ ਅੱਗੇ ਸਾਰੇ ਰਿਸ਼ਤੇ ਬਣਦੇ ਨੇ ।
ਜਦੋਂ ਜਵਾਨੀ ਜ਼ੋਰ ਸੀ ਵੇ ਜਾਲਮਾਂ
ਵੰਝਲ਼ੀ ਵਰਗਾ ਬੋਲ ਸੀ ਵੇ ਜਾਲਮਾਂ
ਜਵਾਨੀ ਵੇਲੇ ਤਾਂ ਸਾਰੇ ਢੁੱਕ ਢੁੱਕ ਬਹਿੰਦੇ ਨੇ ਪਰ ਪਤਾ ਉਦੋਂ ਲੱਗਦਾ ਏ ਜਦ ਹੁਸਨ ਦੇ ਵਪਾਰੀ ਲੱਦ ਜਾਂਦੇ ਨੇ , ਸੱਤ ਜਨਮਾਂ ਦਾ ਸਾਥ ਦੇਣ ਦੇ ਵਾਅਦੇ ਕਰਨ ਵਾਲੇ ਦੋ ਮਨੁੱਖ ਇੱਕ ਈ ਜਨਮ ਦਾ ਸਾਥ ਕਿਵੇ ਪੂਰਾ ਕਰਦੇ ਨੇ , ਵੇਖਣਾ ਬਣਦਾ ਏ ।
ਯੂ ਕੇ ਵਿੱਚ ਰਹਿੰਦਿਆਂ ਅਕਸਰ ਇਹਨਾਂ ਦੇ ਬਜ਼ੁਰਗਾਂ ਦੇ ਜੀਵਨ ਵੱਲ ਨਜ਼ਰ ਜਾਂਦੀ ਏ, ਬਹੁਤਾਤ ਬਜ਼ੁਰਗ ਜ਼ਿੰਦਗੀ ਦੇ ਆਖਰੀ ਪੜਾਵ ਦਾ ਲੁਤਫ ਲੈ ਰਹੇ ਨਜ਼ਰ ਆਉਦੇ ਨੇ । ਜਵਾਨੀ ਵੇਲੇ ਕੰਮ ਕੀਤਾ ਏ ਤਾਂ ਪੈਨਸ਼ਨ ਤਾਂ ਮਿਲਣੀ ਹੀ ਏ, ਸਿਰ ਤੇ ਛੱਤ ਏ, ਆਪਣੀ ਨਹੀ ਤਾਂ ਸਰਕਾਰੀ ਸਹੀ । ਸਿਹਤ ਸਹੂਲਤਾਂ ਸਰਕਾਰ ਖਾਤੇ , ਬੱਚਿਆਂ ਦੀ ਚਿੰਤਾ ਕੋਈ ਨਹੀਂ , ਨਾਲ ਰਹਿਣ ਜਾਂ ਅਲੱਗ, ਪਰ ਦੋਵੇਂ ਜੀਅ ਬੱਚਿਆਂ ਦੇ ਬੱਚਿਆਂ ਦੀ ਚੌਕੀਦਾਰੀ ਖ਼ਾਤਰ ਅਲੱਗ ਨਹੀ ਹੁੰਦੇ । ਸਵੇਰੇ ਜ਼ਰਾ ਆਰਾਮ ਨਾਲ ਉੱਠਣਾ, ਚਾਹ , ਕੌਫੀ ਦਾ ਆਨੰਦ ਲੈਣਾ, ਬਰੇਕ ਫਾਸਟ ਕਰਨਾ, ਜਦ ਸੜਕਾਂ ਤੇ ਸਵੇਰ ਦਾ ਟਰੈਫਿਕ ਘਟ ਜਾਦਾ ਏ ਤਾਂ ਇਹ ਲੋਕ ਤਿਆਰ ਬਿਆਰ ਹੋ ਕੇ ਘਰਾਂ ਤੋ ਨਿੱਕਲਦੇ ਨੇ । ਸਾਫ ਸੁਥਰੀ , ਸੋਹਣੀ ਗੱਡੀ ਰੱਖਦੇ ਨੇ, ਜਦ ਵੀ ਬਾਹਰ ਨਿਕਲਦੇ ਨੇ ਤਾਂ ਸੋਹਣਾ ਲਿਬਾਸ ਪਹਿਨਦੇ ਨੇ , ਜਿਵੇ ਕਿਸੇ ਫੰਕਸ਼ਨ ਤੇ ਚੱਲੇ ਹੋਣ । ਇੱਕ ਗੱਲ ਹੋਰ ਜੋ ਇਹਨਾਂ ਦੀ ਅਲੱਗ ਏ ਅਸਾਂ ਤੋਂ, ਸਿਖਰਲੇ ਬੁਢਾਪੇ ਵਿੱਚ ਵੀ ਬਾਂਹ ਵਿੱਚ ਬਾਂਹ ਪਾ ਕੇ ਚੱਲਦੇ ਨੇ । ਸ਼ਾਮ ਨੂੰ ਥੋੜਾ ਬਹੁਤ ਸੈਰ ਕਰਨ ਜ਼ਰੂਰ ਨਿਕਲਦੇ ਨੇ , ਵਿਚਲੇ ਵਕਤ ਵਿੱਚ ਗਾਰਡਨ ਦੀ ਸਾਫ ਸਫਾਈ, ਘਰ ਦਾ ਰੱਖ ਰਖਾਵ ਕਰਦੇ ਨੇ ਤਾਂ ਜੋ ਘਰ ਵੀ ਸੰਵਰਿਆ ਰਹੇ ਤੇ ਸਰੀਰ ਵੀ ।
ਜਿਵੇਂ ਬਾਸਮਤੀ ਦੇ ਚਾਵਲ ਪੁਰਾਣੇ ਹੋ ਕੇ ਹੋਰ ਮਹਿਕਦੇ ਨੇ, ਇਵੇਂ ਈ ਇੱਕ ਦੂਜੇ ਨੂੰ ਹਰ ਪੱਖੋਂ ਸਮਝਣ , ਪਿਆਰਨ ਵਾਲੇ ਰਿਸ਼ਤੇ ਹੋਰ ਮਹਿਕਦੇ ਨੇ ਸਮਾਂ ਪਾ ਕੇ । ਬੇਸ਼ੱਕ ਬੁਰਾਈਆਂ ਵੀ ਨੇ ਇਹਨਾਂ ਦੇ ਸਮਾਜ ਵਿੱਚ ਵੀ, ਪਰ ਅੱਛਾਈਆਂ ਦੀ ਬਹੁਤਾਤ ਏ , ਬਹੁਤ ਕੁਝ ਏ ਜੋ ਇਹਨਾਂ ਤੋਂ ਸਿੱਖਿਆ ਜਾ ਸਕਦਾ ਏ ।

ਦਵਿੰਦਰ ਸਿੰਘ ਜੌਹਲ

ਹੱਥੀਂ ਤੋਰੇ ਸੱਜਣਾਂ ਨੂੰ

by Sandeep Kaur April 14, 2020

ਬਿਰਹਾ ਦਾ ਮਨੁੱਖੀ ਜੀਵਨ ਚ ਬਹੁਤ ਮਹੱਤਵਪੂਰਨ ਸਥਾਨ ਏ ।ਬਿਰਹਾ ਤੋ ਭਾਵ ਵਿਛੋੜਾ , ਵਿਛੋੜਾ ਬੇਸ਼ੱਕ ਤੰਦਰੁਸਤੀ ਦਾ ਹੋਵੇ, ਕਿਸੇ ਪ੍ਰਾਣ ਪਿਆਰੇ ਦਾ ਹੋਵੇ, ਜਾਂ ਸੰਪਤੀ ਦਾ ਹੋਵੇ , ਹਮੇਸ਼ਾਂ ਰੂਹ ਨੂੰ ਦਰਦ ਦੇਂਦਾ ਏ , ਸ਼ਾਇਦ ਜਗਾਉਂਦਾ ਏ ਇਨਸਾਨ ਨੂੰ ਗ਼ਫ਼ਲਤ ਦੀ ਨੀਂਦ ਚੋਂ, ਨਹੀਂ ਤਾਂ ਇਨਸਾਨ ਰਾਖਸ਼ ਈ ਬਣ ਜਾਵੇ , ਸੰਵੇਦਨਾ ਤੋਂ ਹੀਣਾ, ਚੰਡਾਲ , ਜਿਸਨੂੰ ਭੁੱਲ ਜਾਵੇ ਕਿ ਸਦਾ ਬੈਠ ਨਹੀ ਰਹਿਣਾ ਇਸ ਫ਼ਾਨੀ ਦੁਨੀਆਂ ਤੇ ।
ਛੋਟੇ ਹੁੰਦੇ ਸੁਣਦੇ ਸੀ ਕਿ ਕੋਈ ਕਿਸੇ ਨੂੰ ਨਹੀ ਰੋਂਦਾ , ਸਭ ਆਪਣਿਆਂ ਨੂੰ ਯਾਦ ਕਰਕੇ ਰੋਂਦੇ ਨੇ , ਪਰ ਸਮਝ ਨਹੀ ਸੀ ਆਉਦੀ ਕਿ ਮਤਲਬ ਕੀ ਏ ਇਸ ਗੱਲ ਦਾ, ਪਰ ਵਕਤ ਨੇ ਸਮਝਾ ਦਿੱਤਾ , ਬਾਖੂਬੀ ।
ਬਚਪਨ ਵਿੱਚ ਕੁਝ ਬਜ਼ੁਰਗ ਰੁਖ਼ਸਤ ਹੁੰਦੇ ਵੇਖੇ , ਮਨ ਵਿਚਲਿਤ ਹੋਇਆ, ਪਰ ਇਉਂ ਲੱਗਾ ਕਿ ਇਹ ਜੋ ਬਿਰਧ ਲੋਕ ਸਨ, ਹਮੇਸ਼ਾਂ ਤੋ ਬਿਰਧ ਈ ਸਨ, ਕਿਉਂਕਿ ਅਸੀ ਉਹਨਾ ਨੂੰ ਜਵਾਨੀ ਦੀ ਅਵੱਸਥਾ ਚ ਵੇਖਿਆ ਈ ਨਹੀ ਸੀ ਕਦੇ, ਵੈਸੇ ਵੀ, ਫਲ ਪੱਕ ਕੇ ਡਿੱਗੇ ਤਾਂ ਗਲਤ ਨਹੀ ਜਾਪਦਾ ,ਖ਼ੁਦ ਬਾਰੇ ਇਉਂ ਜਾਪਦਾ ਸੀ ਕਿ ਸਾਡੇ ਕੋਲ ਵਕਤ ਐ, ਕੋਈ ਤਰਕੀਬ ਲਾ ਲਵਾਂਗੇ , ਅਸੀਂ ਜਾਂ ਸਾਡੇ ਕਿਸੇ ਹਾਣੀ ਨੇ ਨਹੀ ਮਰਨਾ ਕਦੇ ਵੀ ।
ਜਿੰਦਗੀ ਦੇ ਚੌਧਵੇਂ ਕੁ ਸਾਲ ਚ ਇੱਕ ਦੋਸਤ ਮਿਲਿਆ , ਜੋ ਅਸਲ ਵਿੱਚ ਵੱਡੇ ਵੀਰ ਜੀ ਦਾ ਜਮਾਤੀ ਸੀ, ਮੇਰੇ ਤੋ ਤਿੰਨ , ਚਾਰ ਸਾਲ ਵੱਡਾ । ਸੂਰਤ ਤੋ ਰੱਜ ਕੇ ਸੋਹਣਾ ਤੇ ਸੀਰਤ ਦੇ ਕਿਆ ਕਹਿਣੇ । ਨਾਮ ਵੀ ਨਿਆਰਾ ਜਿਹਾ, ਨੰਦਨਜੀਤ । ਉਸਦੀ ਆਮਦ ਨੇ ਜਿੰਦਗੀ ਖੁਸ਼ਗਵਾਰ ਕਰ ਦਿੱਤੀ, ਭਰਾ ਤੇ ਦੋਸਤ ਵਜੋ ਵਿਚਰਨ ਲੱਗਾ ਉਹ । ਉਸਨੇ ਜਲੰਧਰ ਸਪੋਰਟਸ ਕਾਲੇਜ ਦਾਖਲਾ ਲੈ ਲਿਆ , ਹਰ ਹਫਤੇ ਸ਼ਨੀਵਾਰ ਪਿੰਡ ਆਉਣਾ , ਅੰਮ੍ਰਤਸਰ ਜਿਲ੍ਹੇ ਵਿਚਲੇ ਸਾਡੇ ਪਿੰਡ । ਮਚਵਿਆਹ ਨਾਲੋ ਵੱਧ ਚਾਅ ਹੋਣਾ ਉਸਦੇ ਆਉਣ ਦਾ । ਉਸਦੇ ਆਉਣ ਤੇ ਦੁਨੀਆਂ ਭੁੱਲ ਜਾਂਦੇ ਸੀ ਅਸੀਂ । ਪਰ ਇਹ ਖੁਸ਼ੀਆਂ ਥੋੜ੍ਹ ਚਿਰੀਆਂ ਸਨ ।
10/09/88 ਦਿਨ ਸ਼ਨੀਵਾਰ ਦਾ ਸੀ, ਜਦ ਸਾਈਕਲ ਤੇ ਉਹਨਾਂ ਦੇ ਘਰੋਂ ਬੰਦਾ ਸੁਨੇਹਾ ਦੇਣ ਆਇਆ ਕਿ ਨੰਦਨ ਗੁਜ਼ਰ ਗਿਆ ਏ, ਜਲੰਧਰ ਐਕਸੀਡੈੰਟ ਹੋਣ ਕਾਰਨ । ਜਾਪਿਆ ਕਿ ਭੈੜਾ ਸੁਪਨਾ ਏ, ਸੱਚ ਨਹੀਂ ਹੋ ਸਕਦਾ , ਪਰ ਕਾਸ਼ ਇਹ ਸੁਪਨਾ ਹੁੰਦਾ । ਜ਼ਿੰਦਗੀ ਨੇ ਕੌੜਾ ਸੱਚ ਚੱਬਣ ਲਈ ਮਜਬੂਰ ਕਰ ਤਾ , ਜਿਸ ਵਕਤ ਉਹ ਸ਼ਨੀਵਾਰ ਘਰ ਆਇਆ ਕਰਦਾ ਸੀ, ਕੱਫਨ ਚ ਲਿਪਟੀ ਲਾਸ਼ ਆ ਗਈ ਓਹਦੀ । ਸਵੇਰੇ ਦਸ ਵਜੇ ਤੱਕ ਜ਼ਿੰਦਗੀ ਨਾਲ ਲਬਾਲਬ ਭਰਿਆ ਇਨਸਾਨ , ਜੋ ਘਰ ਨੂੰ ਆਉਣ ਲਈ ਉਤਾਵਲਾ ਸੀ,ਓਸੇ ਸ਼ਾਮ ਸੱਤ ਵਜੇ ਚਿਖਾ ਚ ਬਲ਼ ਗਿਆ । ਸਭ ਫੁਰਨੇ , ਸੁਪਨੇ ਸਵਾਹ ਹੋ ਗਏ । ਮਾਂ ਬਾਪ ਦਾ ਅੱਤ ਦਾ ਲਾਡਲਾ , ਲੱਕ ਤੋੜ ਕੇ ਤੁਰ ਗਿਆ ਉਹਨਾਂ ਦਾ,ਰੋਂਦੇ ਛੱਡ ਗਿਆ ਸੰਗੀ ਸਾਥੀਆਂ ਨੂੰ ।ਇੰਝ ਜਾਪਿਆ ਕਿ ਜ਼ਿੰਦਗੀ ਰੁਕ ਗਈ ਏ, ਬੇਰੰਗ ਹੋ ਗਈ ਏ, ਪਰ ਕਿੱਥੇ ਰੁਕਦੀ ਏ ਜ਼ਿੰਦਗੀ । ਪਹਿਲਾਂ ਦੀ ਤਰਾਂ ਈ ਅਗਲਾ ਦਿਨ ਵੀ ਚੜ੍ਹਿਆ, ਤੇ ਫਿਰ ਉਸ ਤੋਂ ਅਗਲਾ ਵੀ, ਜ਼ਿੰਦਗੀ ਤੁਰ ਪਈ ਆਪਣੀ ਚਾਲ । ਕਿਰਿਆ ਕਰਮ ਹੋਏ। ਕੁਝ ਦਿਨਾਂ ਬਾਅਦ ਭਿਆਨਕ ਹੜ੍ਹ ਆਏ, ਨੰਦਨ ਦੀ ਰਾਖ ਵੀ ਪਤਾ ਨਹੀ ਕਿੱਧਰ ਨੂੰ ਵਹਿ ਗਈ ।
ਖੈਲਾਅ ਪੈ ਗਿਆ ਜ਼ਿੰਦਗੀ ਚ, ਜੋ ਨਾ ਪੂਰਨਯੋਗ ਸੀ । ਵਕਤ ਨੇ ਸਬਰ ਦੇ ਦਿੱਤਾ , ਭਾਣਾ ਮੰਨ ਲਿਆ ਸਭ ਨੇ ਕਿ ਸਾਡਾ ਓਹਦਾ ਏਨਾ ਕੁ ਈ ਸਾਥ ਸੀ , ਪਰ ਮਨ ਵਿੱਚ ਸ਼ੰਕਾ ਜਿਹਾ ਸੀ, ਕਿ ਜੇਕਰ ਆਖਰੀ ਵਕਤ ਨੰਦਨ ਦੇ ਲਾਗੇ ਹੁੰਦੇ ਤਾਂ ਬਚਾਅ ਲੈਂਦੇ , ਕਿੰਨਾ ਬਚਕਾਨਾ ਸ਼ੰਕਾ ਸੀ ਓਹ ਵੀ ।
ਤਿੰਨ ਕੁ ਸਾਲ ਗੁਜ਼ਰੇ, ਇੱਕ ਨਵਾਂ ਦੋਸਤ ਪ੍ਰਿਤਪਾਲ ਆਇਆ ਜ਼ਿੰਦਗੀ ਚ । ਪਿੱਛੋਕੜ ਬਠਿੰਡੇ ਜ਼ਿਲ੍ਹੇ ਦਾ ,ਪਰ ਜੰਮ ਪਲ ਅੰਮ੍ਰਿਤਸਰ ਸ਼ਹਿਰ ਦਾ ਸੀ ਉਹਦਾ । ਈਟੀਟੀ ਚ ਦਾਖਲ ਹੋਇਆ ਸੀ ਉਹ ਵੱਡੇ ਵੀਰ ਜੀ ਨਾਲ ਡਾਇਟ ਵੇਰਕਾ ਚ । ਮੈਨੂੰ ਪਹਿਲੀ ਵਾਰ ਮਿਲਿਆ , ਧਾਅ ਕੇ ਗਲ਼ ਲੱਗ ਮਿਲਿਆ ,ਜਿਵੇ ਸਦੀਆਂ ਤੋ ਜਾਣਦਾ ਹੋਵੇ , ਜਾਪਿਆ , ਨੰਦਨ ਈ ਆ ਗਿਆ ਰੂਪ ਵਟਾ ਕੇ ਜਿਵੇਂ । ਡੀ ਐੱਸ ਪੀ ਬਾਪ ਦਾ ਬੇਟਾ ਸੀ ਉਹ, ਪਰ ਆਕੜ , ਮਿਜ਼ਾਜ ਤੋ ਕੋਹਾਂ ਦੂਰ । ਸ਼ਕਲੋਂ ਸੋਹਣਾ, ਚੰਗਾ ਗਵੱਈਆ, ਭੰਗੜਾ ਵੀ ਬਹੁਤ ਵਧੀਆ ਪਾ ਲੈਂਦਾ ਸੀ ਉਹ । ਵੇਰਕੇ ਪੜ੍ਹਦੇ ਈ ਇੱਕ ਖ਼ੂਬਸੂਰਤ ਲੜਕੀ ਨਾਲ ਉਸਦਾ ਪਿਆਰ ਪੈ ਗਿਆ ਜੋ ਈਟੀਟੀ ਕਰਦੀ ਸੀ ਉਹਦੇ ਨਾਲ ।ਕੋਰਸ ਖਤਮ ਹੁੰਦੇ ਸਾਰ ਈ ਨੌਕਰੀਆਂ ਮਿਲ ਗਈਆਂ , ਨਾਲ ਈ ਲਵ ਮੈਰਿਜ ਵੀ ਹੋ ਗਈ ।
ਸਾਲ 1994 ਦੇ ਅਖੀਰ ਚ ਉਹਦੇ ਘਰੇ ਪਿਆਰੀ ਜਿਹੀ ਬੇਟੀ ਨੇ ਜਨਮ ਲਿਆ । ਪਰ ਉਹ ਦੋਸਤਾਂ ਵਿੱਚ ਇੰਜ ਵਿਚਰਦਾ ਰਿਹਾ ਕਿ ਜਿਵੇਂ ਅਜੇ ਵੀ ਕੁਵਾਰਾ ਈ ਹੋਵੇ, ਮੋਬਾਈਲ ਫ਼ੋਨ ਨਹੀ ਸਨ ਉਸ ਵਕਤ , ਪਰ ਉਹ ਗੁਰਦਾਸਪੁਰ , ਤਰਨ ਤਾਰਨ ਅੰਮ੍ਰਿਤਸਰ , ਸੱਤ ਅੱਠ ਦੋਸਤਾਂ ਦੇ ਘਰੇ ਜਾ ਜਾ ਕੇ ਪ੍ਰੋਗਰਾਮ ਤੈਅ ਕਰ ਲੈਂਦਾ ਸੀ ਕਿ ਇਕੱਠੇ ਹੋਣ ਦਾ । ਸੂਤਰਧਾਰ ਸੀ ਸਾਰੀ ਖੇਡ ਦਾ ਓਹ ਇੱਕ ਈ ਬੰਦਾ ।
ਜੂਨ 1995 ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋਈਆਂ , ਪ੍ਰਿਤਪਾਲ ਨੇ ਸਭ ਨੂੰ ਪ੍ਰੇਰ ਕੇ ਹਿਮਾਚਲ ਜਾਣ ਦੀ ਤਿਆਰੀ ਕਰ ਲਈ । ਕੁੱਲ ਸੱਤ ਜਣੇ ਗੱਡੀ ਲੈ ਕੇ ਵੀਹ ਜੂਨ ਨੂੰ ਨਿੱਕਲ ਗਏ ਪਿੰਡ ਤੋਂ , ਪਹਿਲੀ ਰਾਤ ਨੈਣੀ ਖੱਡ ਗੁਜ਼ਾਰੀ , ਅਗਲੀ ਡਲਹੌਜੀ ਤੇ ਤੀਸਰੀ ਧਰਮਸ਼ਾਲਾ ਫਿਰ ਕੁੱਲੂ ਮਨਾਲੀ, ਰੋਹਤਾਗ ਵੱਲ ਨੂੰ ਹੋ ਤੁਰੇ । ਸਭ ਯਗਾ ਘੁੰਮ ਕੇ ਵਾਪਸੀ ਵਾਇਆ ਰੋਪੜ ਕਰ ਲਈ । ਪੰਝੀ ਜੂਨ ਦੀ ਸ਼ਾਮ ਅਸੀਂ ਰਸਤੇ ਚ ਰੁਕ ਕੇ ਆਪ ਖਾਣਾ ਬਣਾਇਆ । ਖੂਬ ਨੱਚੇ, ਜੋ ਸਾਡਾ ਸਭ ਦਾ ਆਖਰੀ ਜਸ਼ਨ ਸੀ ,ਇਕੱਠਿਆਂ ਦਾ ।ਖਾਣਾ ਖਾ ਕੇ ਰਾਤ ਈ ਪਿੰਡ ਨੂੰ ਚਾਲੇ ਪਾ ਲਏ, ਕਿ ਟ੍ਰੈਫ਼ਿਕ ਘੱਟ ਪਵੇਗਾ । ਜਦੋਂ ਗੜ੍ਹ ਸ਼ੰਕਰ ਕੋਲ ਆਏ ਤਾਂ ਹਲਕੀ ਬਾਰਿਸ਼ ਸ਼ੁਰੂ ਹੋ ਗਈ । ਗੱਡੀ ਪ੍ਰਿਤਪਾਲ ਚਲਾ ਰਿਹਾ ਸੀ । ਸਾਹਮਣੇ ਤੋ ਟਰੱਕ ਆਉਦਾ ਦਿਸਿਆ , ਡਿੱਪਰ ਦਿੱਤੀ ਪਰ ਉਹਨੇ ਲਾਈਟਾਂ ਹਾਈ ਬੀਮ ਤੇ ਈ ਰੱਖੀਆਂ, ਜ਼ੋਰਦਾਰ ਧਮਾਕਾ ਹੋਇਆ ਤੇ ਹਨੇਰਾ ਛਾ ਗਿਆ, ਸਾਡੀ ਗੱਡੀ ਦੀਆਂ ਦੇ ਪਲਟੀਆਂ ਲੱਗ ਗਈਆਂ , ਪਤਾ ਨਾ ਲੱਗੇ ਕਿ ਅਸੀਂ ਕਿੰਨੇ ਜਣੇ ਬੱਚੇ ਆਂ ਤੇ ਕਿੰਨੇ ਖਤਮ । ਜਦ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਾ,ਪ੍ਰਿਤਪਾਲ ਥਾਂਏਂ ਈ ਮਰ ਚੁੱਕਾ ਸੀ, ਹਾਇ ਵੀ ਨਾ ਨਿਕਲੀ, ਮੌਤ ਮੇਰੇ ਨਾਲ ਖਹਿ ਕੇ ਲੰਘ ਗਈ ਤੇ ਸਭ ਤੋਂ ਪਿਆਰਾ ਦੋਸਤ ਪੰਜਿਆਂ ਚ ਅੜਾ ਕੇ ਲੈ ਗਈ , ਇਹ ਸ਼ੰਕਾ ਵੀ ਨਵਿਰਤ ਕਰ ਦਿੱਤਾ ਕਿ ਕੋਲ ਹੁੰਦੇ ਤਾਂ ਬੱਚਾ ਲੈਂਦੇ ।
ਕ੍ਰਮਵਾਰ ਇਕੱਤੀ ਸਾਲ , ਤੇ ਚੌਵੀ ਸਾਲ ਹੋ ਚੁੱਕੇ ਨੇ ਦੋਹਾਂ ਸੱਜਣਾਂ ਨੂੰ ਤੋਰਿਆਂ , ਪਰ ਅੱਜ ਵੀ ਇੰਜ ਲੱਗਦਾ ਜਿਵੇਂ ਅਜੇ ਕੱਲ੍ਹ ਈ ਗਏ ਹੋਣ । ਇੱਕ ਇੱਕ ਨਕਸ਼ ਯਾਦ ਏ ਤੁਰ ਗਈਆਂ ਸੂਰਤਾਂ ਦਾ । ਬੇਸ਼ੱਕ ਜਿਸਮਾਨੀ ਤੌਰ ਤੇ ਨਹੀ ਪਰ ਰੂਹਾਨੀ ਤੌਰ ਤੇ ਅੱਜ ਵੀ ਦਿਲ ਚ ਧੜਕਦੇ ਨੇ । ਜਦ ਕਿਸੇ ਦਾ ਦੁੱਖ ਵੇਖਦਾਂ ਤਾਂ ਉਹ ਆਣ ਖਲੋਂਦੇ ਨੇ ਅੱਖਾਂ ਮੂਹਰੇ , ਪਤਾ ਈ ਨਹੀ ਲੱਗਦਾ ਕਦੋਂ ਬਿਰਹਾ ਗਰਮ ਹੰਝੂ ਬਣ ਵਹਿ ਤੁਰਦਾ ਏ ।
ਉਹਨਾਂ ਤੋ ਬਾਅਦ ਕਈ ਲੋਕ ਜ਼ਿੰਦਗੀ ਚ ਆਏ , ਰੁਕੇ ਤੇ ਜਮਾਨੇ ਦੀ ਗਰਦਿਸ਼ ਚ ਗਵਾਚ ਗਏ, ਪਰ ਕਦੀ ਯਾਦ ਵੀ ਨਹੀ ਆਏ ।
ਯਾਦ ਸਿਰਫ ਓਹੀ ਰਹਿੰਦੇ ਨੇ ਜੋ ਦਿਲਾਂ ਤੋ ਜੁੜੇ ਹੁੰਦੇ ਨੇ,ਕੁਝ ਖ਼ਾਸ ਹੁੰਦਾ ਏ ਉਹਨਾਂ ਚ , ਹਮੇਸ਼ਾਂ ਜਿਉਂਦੇ ਨੇ ਮਿੱਤਰ ਪਿਆਰਿਆਂ ਦੇ ਦਿਲਾਂ ਵਿੱਚ ,ਕੋਈ ਰਿਮਾਈਂਡਰ ਨਹੀ ਲਾਉਣਾ ਪੈਂਦਾ । ਤੇ ਉਹਨਾਂ ਦੀ ਯਾਦ ਚ ਅੱਖਾਂ ਦਾ ਨਮ ਹੋਣਾ ਈ ਇਸ ਗੱਲ ਦਾ ਗਵਾਹ ਏ ਕਿ ਸੱਚੀ ਦੋਸਤੀ ਦਾ ਨਿੱਘ ਕਦੀ ਖਤਮ ਨਹੀ ਹੁੰਦਾ, ਤਾ ਉਮਰ ਨਾਲ ਨਾਲ ਤੁਰਦਾ ਏ , ਵਹਿ ਤੁਰਦਾ ਏ ਜਦ ਵੀ ਮੌਕਾ ਮਿਲੇ । ਕਦੇ ਇਕਾਂਤ ਚ ਬੈਠੋ ਤਾਂ ਸਰੂਰ ਵੀ ਦਿੰਦਾ ਏ, ਉਹਨਾਂ ਨਾਲ ਬੈਠ ਬਿਤਾਏ ਸੁਨਹਿਰੀ ਪਲਾਂ ਨੂੰ ਯਾਦ ਕਰਕੇ , ਜ਼ਿੰਦਗੀ ਦਾ ਸਰਮਾਇਆ ਹੁੰਦੇ ਨੇ ਸੱਚੇ ਦੋਸਤ ਤੇ ਉਹਨਾ ਦੀਆਂ ਯਾਦਾਂ ।
ਅਖੀਰ ਨੁਸਰਤ ਸਾਹਬ ਦੇ ਗਾਏ ਗੀਤਦੇ ਬੋਲ ਕਿ
“ ਲੱਖ ਗ਼ਮ ਆਵਣ ਨਹੀ ਪ੍ਰਵਾਹ
ਗਮਖਾਰ ਨਾ ਵਿੱਛੜੇ ।
ਕਿਸੇ ਦਾ , ਯਾਰ ਨਾ ਵਿੱਛੜੇ ……

ਦਵਿੰਦਰ ਸਿੰਘ ਜੌਹਲ

ਕੁਦਰਤ ਸਾਨੂੰ ਬੀਜ ਰਹੀ ਏ

by Sandeep Kaur April 13, 2020

ਬੈਠੇ ਬੈਠੇ ਉਸ ਘੁਮਿਆਰ ਦੀ ਕਹਾਣੀ ਯਾਦ ਆ ਗਈ ,ਜਿਸਦਾ ਗਧਾ ਢੱਠੇ ਖੂਹ ਵਿੱਚ ਜਾ ਪਿਆ ਸੀ। ਕੋਈ ਜੱਰੀਆ ਨਾ ਬਣਿਆਂ ਕਿ ਗਰੀਬ ਜਾਨਵਰ ਨੂੰ ਕੱਢਿਆ ਜਾਵੇ ਬਾਹਰ , ਕਿਸੇ ਤਰਾਂ । ਘੁਮਿਆਰ ਨੇ ਖੂਹ ਵਿੱਚ ਘਾਹ ਫ਼ੂਸ ਸੁੱਟਣਾ ਸ਼ੁਰੂ ਕਰ ਦਿੱਤਾ , ਲੋਕ ਵੀ ਰਹਿੰਦ ਖੂੰਹਦ, ਕੂੜਾ ਕਰਕਟ ਸੁੱਟਣ ਲੱਗ ਪਏ ਉਸ ਉਜਾੜ ਖੂਹ ਵਿੱਚ , ਘੁਮਿਆਰ ਨੇ ਵੀ ਸੋਚਿਆ ਕਿ ਗਧਾ ਮਿੱਟੀ ਘੱਟੇ ਹੇਠ ਦੱਬ ਕੇ ਮਰ ਮੁੱਕ ਜਾਵੇਗਾ , ਵੈਸੇ ਵੀ ਉਮਰ ਹੰਢਾ ਚੁੱਕਾ ਸੀ ਵਿਚਾਰਾ ਜਾਨਵਰ ।
ਪਰ ਇਹ ਕੀ, ਕੁਝ ਦਿਨਾਂ ਬਾਅਦ ਗਧਾ ਫਿਰ ਘੁਮਿਆਰ ਦੇ ਵਿਹੜੇ ਖੜਾ ਸੀ । ਜਿਉਂ ਜਿਉਂ ਮਿੱਟੀ ਘੱਟਾ ਖੂਹ ਚ ਡਿੱਗਦਾ ਰਿਹਾ, ਗਧਾ ਸਰੀਰ ਛੰਡ ਕੇ ਮਿੱਟੀ ਦੇ ਉੱਪਰ ਚੜ੍ਹ ਜਾਂਦਾ ਤੇ ਆਖਰ ਬਾਹਰ ਆ ਗਿਆ ।
ਹੈ ਤਾਂ ਕਹਾਣੀ , ਪਰ ਬੜੀ ਜਾਨਦਾਰ ਏ। ਜਦ ਅਣਕਿਆਸੇ ਹਾਲਾਤ ਉੱਭਰ ਆਉਦੇ ਨੇ ਜਿੰਦਗੀ ਚ, ਜਦ ਪਾਣੀ ਪੁਲਾਂ ਦੇ ਉੱਪਰੋਂ ਦੀ ਵਗਦਾ ਏ ਤਾਂ ਆਪਣੇ ਵੀ ਮੂੰਹ ਮੋੜ ਲੈਂਦੇ ਨੇ , ਜਿਨ੍ਹਾਂ ਦੀ ਖ਼ਾਤਰ ਇਨਸਾਨ ਗਧੇ ਵਾਂਗ ਭਾਰ ਢੋਂਦਾ ਏ ਸਾਰੀ ਉਮਰ । ਪਰ ਉਹੀ ਮੌਕਾ ਹੁੰਦਾ ਏ ਜਦ ਇਨਸਾਨ ਤੇ ਪਰਮਾਤਮਾ ਦੇ ਦਰਮਿਆਨ ਕੋਈ ਹੋਰ ਰਹਿ ਈ ਨਹੀ ਜਾਂਦਾ ।
ਤੇ ਕੋਈ ਅਦਿੱਖ ਸ਼ਕਤੀ ਬਾਂਹ ਫੜਦੀ ਏ ਉਸਦੀ , ਥਾਪੜਾ ਦਿੰਦਾ ਏ ਖ਼ੁਦ ਨੂੰ ਕੀ ਕੀ ਹੋਇਆ ਜੇ ਇਕੱਲਾ ਏਂ, ਜ਼ਿੰਦਾ ਤਾਂ ਏਂ । ਮਾਰ ਹਿੰਮਤ , ਛੰਡ ਦੇ ਬੁਰੇ ਵਕਤ ਦੀ ਗਰਦਿਸ਼ ਨੂੰ ਤੇ ਹਿੱਕ ਤਾਣ ਖੜ੍ਹ ਜਾ , ਆਪਣੇ ਪੈਰਾਂ ਸਿਰ । ਲੋੜ ਏ ਬਾਕੀ ਸ਼ੋਰ ਤੋ ਧਿਆਨ ਹਟਾ ਕੇ ਸਿਰਫ ਉਸ ਆਵਾਜ਼ ਨੂੰ ਸੁਣਨ ਦੀ, ਜੋ ਹਮੇਸ਼ਾਂ ਈ ਮੌਜੂਦ ਸੀ, ਮੌਜੂਦ ਹੈ ਤੇ ਮੌਜੂਦ ਰਹੇਗੀ । ਸਿਰਫ ਗ਼ਫ਼ਲਤ ਵੱਸ ਪੈ ਕਦੀ ਸੁਣੀ ਹੀ ਨਹੀ ਸੀ ।
ਜਦ ਅਸੀਂ ਡੂੰਘੇ ਦੱਬ ਗਏ ਮਹਿਸੂਸ ਕਰਦੇ ਆਂ ਤਾਂ ਇਹ ਵਿਸ਼ਵਾਸ਼ ਕਰਨਾ ਬਣਦਾ ਏ ਕਿ ਕੁਦਰਤ ਸਾਨੂੰ ਬੀਜ ਰਹੀ ਏ, ਫਿਰ ਤੋਂ ਕਿਸੇ ਨਵੇਂ ਰੂਪ ਵਿੱਚ ਵਿਸ਼ਾਲ ਦਰਖ਼ਤ ਬਣਨ ਲਈ ।

  • 1
  • 2
  • 3

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close