ਲਾਲਚ ਅਤੇ ਮਨੁੱਖ

by Sandeep Kaur

ਲਾਲਚ ਇਨਸਾਨ ਨੂੰ ਇਨਸਾਨ ਰਹਿਣ ਈ ਨਹੀ ਦਿੰਦਾ । ਇਨਸਾਨ ਨੇ ਰੱਬ ਨੂੰ ਵੀ ਆਪਣੇ ਵਰਗਾ ਈ , ਲੈ ਦੇ ਕੇ ਕੰਮ ਕਰਨ ਵਾਲਾ ਸਮਝ ਛੱਡਿਆ , ਜਿਵੇ ਰੱਬ ਨਾ ਹੋਵੇ , ਕਿਸੇ ਦਫਤਰ ਵਿੱਚ ਬੈਠਾ ਰਿਸ਼ਵਤਖ਼ੋਰ ਅਧਿਕਾਰੀ ਹੋਵੇ । ਮਜੀਠੇ ਕੋਲ ਬਾਬੇ ਰੋਡੇ ਦੀ ਯਗਾ ਏ, ਲੋਕੀਂ ਆਪਣੇ ਜਾਇਜ਼ ਨਾਜਾਇਜ਼ ਕੰਮਾਂ ਲਈ ਸ਼ਰਾਬ ਦੀ ਸੁੱਖਣਾ ਸੁੱਖਦੇ ਨੇ ਓਥੇ । ਕਈ ਨਾਜਾਇਜ ਸ਼ਰਾਬ ਕੱਢਣ ਵਾਲੇ ਸੁੱਖਣਾ ਸੁੱਖਦੇ ਨੇ ਕਿ ਤੀਹ ਕਿੱਲੋ ਗੁੜ ਚੋ ਤੀਹ ਬੋਤਲਾਂ ਈ ਨਿੱਕਲਣ, ਦੋ ਬਾਬੇ ਦੀਆਂ ।ਨਾਲ ਇਹ ਵੀ ਸੁੱਖਦੇ ਨੇ ਕਿ ਬਾਬਾ ਕੁੱਤੇ ਬਿੱਲੇ ਤੋ ਬਚਾ ਕੇ ਰੱਖੀਂ, ਕਿਸੇ ਪੁਲਸੀਏ ਦਾ ਮੂੰਹ ਨਾ ਵਿਖਾਵੀਂ। ਕਈ ਪੁਲਸੀਏ ਵੀ ਅੰਗਰੇਜ਼ੀ ਸ਼ਰਾਬ ਦੀ ਬੋਤਲ ਸੁੱਖਦੇ ਵੇਖੇ ਨੇ ਕਿ ਬਾਬਾ ਜੀ , ਭੱਠੀ ਫੜਾਉਣ ਦੀ ਕਿਰਪਾ ਕਰੋ , ਬੋਤਲ ਪੱਕੀ ਤੁਹਾਡੀ ।
ਜਿਵੇ ਦੀ ਸਾਡੀ ਸੋਚ , ਉਵੇਂ ਦਾ ਈ ਸਾਡਾ ਰੱਬ ਸਿਹੁੰ ਵੀ ਡੌਲ ਛੱਡਿਆ ਅਸੀਂ ਲੋਕਾਂ । ਬੇਅਕਲੀ ਤੇ ਭੁੱਖ ਦਾ ਆਲਮ ਇਹ ਵੇ ਕਿ ਸਾਨੂੰ ਸੁਪਨੇ ਤੇ ਅਰਦਾਸਾਂ ਵੀ ਭੁੱਖੜਾਂ ਵਾਲੇ ਆਉੰਦੇ ਨੇ । ਆਪਣੇ ਈ ਬਣੇ ਇਸ ਮੱਕੜਜਾਲ ਚੋ ਨਿਕਲਦੇ ਨਹੀਂ, ਸਗੋਂ ਹੋਰ ਉਲਝ ਕੇ ਸ਼ਕਲਾਂ ਵੀ ਭੁੱਖੜਾਂ ਵਾਲੀਆਂ ਈ ਬਣਾ ਲੈਨੇ ਆਂ ਪੱਕੇ ਤੌਰ ਤੇ ਆਖਰ ਨੂੰ ਖਾਲਮਖਾਲੀ ਤੁਰ ਜਾਨੇ ਆਂ ।
ਅੰਮ੍ਰਿਤਸਰ ਜਿਲ੍ਹੇ ਦੀ ਇੱਕ ਦਿਲਚਸਪ ਘਟਨਾ ਸਾਂਝੀ ਕਰਾਂਗਾ । ਇੱਕ ਥਾਣੇ ਵਿੱਚ ਦੋ ਹੌਲਦਾਰ ਸਨ , ਸਿਰੇ ਦੇ ਭੁਿਖੜ ਤੇ ਕੁਰੱਪਟ । ਹਰ ਵਕਤ ਧਿਆਨ ਠੱਗੀਆਂ ਤੇ, ਦਾਅ ਮਾਰੀਆਂ ਤੇ । ਪਰ ਮੂੰਹ ਦੇ ਮਿੱਠੇ ਸਨ ਦੋਵੇੰ, ਬਣਦੀ ਵੀ ਬਹੁਤ ਸੀ ਦੋਵਾਂ ਰਾਮ ਲਖਨ ਦੀ । ਉਹ ਵੀ ਬਾਬੇ ਦੇ ਸੁੱਖਣਾ ਸੁਿਖ ਕੇ ਡਾਇਰੀ ਚ ਲਿਖ ਛੱਡਦੇ ਸਨ ਕਿ ਪੂਰੀ ਹੋਣ ਦੀ ਸੂਰਤ ਵਿੱਚ ਰੱਬ ਭਾਜੀ ਦਾ ਹਿੱਸਾ ਪੱਤੀ ਪੁੱਜਦਾ ਕੀਤਾ ਜਾਵੇ । ਇੱਕ ਦਿਨ ਕੀ ਹੋਇਆ ਕਿ ਸਵੇਰੇ ਸਵੇਰੇ ਕਿਸੇ ਮੁਖਬਰ ਨੇ ਉਹਨਾ ਨੂੰ ਮੁਖਬਰੀ ਕੀਤੀ ਕਿ ਫਲਾਣੇ ਜਿਮੀਦਾਰ ਦੇ ਘਰ ਭੱਠੀ ਲੱਗੀ ਏ, ਮਾਰ ਲਵੋ ਮੋਰਚਾ । ਦੋਵਾਂ ਦੀਆਂ ਵਾਛਾਂ ਖਿੜ ਗਈਆਂ , ਮੁਖਬਰ ਨੂੰ ਸੌ ਰੁਪਈਆ ਦੇ ਕੇ ਵਿਦਾ ਕੀਤਾ ਤੇ ਆਪ ਦੋਵੇਂ ਸਿਵਲ ਕੱਪੜਿਆਂ ਚ ਈ ਸਕੂਟਰ ਤੇ ਜਾ ਧਮਕੇ, ਕਿਸੇ ਹੋਰ ਮੁਲਾਜਮ ਨੂੰ ਵੀ ਨਾਲ ਲਿਜਾਣ ਦੀ ਖੇਚਲ ਨਾ ਕੀਤੀ ਕਿ ਕਾਹਤੋ ਹਿੱਸਾ ਦੇਣਾ ਬਾਅਦ ਚ । ਜਿਮੀਦਾਰ ਵਧੀਆ ਸਰਦਾ ਪੁੱਜਦਾ ਸੀ , ਪਹੁੰਚ ਵਾਲਾ ਤੇ ਦਿਮਾਗੀ ਵੀ ਸੀ । ਜਦ ਇਹ ਦੋਵੇਂ ਹੀਰੇ ਪੁੱਜੇ ਤਾਂ ਭੱਠੀ ਆਖਰੀ ਪੜਾਅ ਤੇ ਸੀ , ਬਾਰਾਂ ਤੇਰਾਂ ਬੋਤਲਾਂ ਨਿੱਕਲ ਚੁੱਕੀਆਂ ਸਨ , ਇੱਕ ਅੱਧ ਬਾਕੀ ਸੀ ਨਿਕਲਣੀ ।ਜਾ ਕੇ ਇਹਨਾ ਨੇ ਦਬਕਾ ਮਾਰਿਆ ਕਿ ਪਰਚਾ ਦੇਣਾ ਅਸੀਂ ਤੁਹਾਡੇ ਤੇ , ਸਾਡੇ ਨਾਲ ਤੁਰੋ। ਘਰ ਵਾਲੇ ਨੇ ਨਿਮਰਤਾ ਨਾਲ ਕਿਹਾ ਕਿ ਅਸੀ ਕੋਈ ਸ਼ਰਾਬ ਵੇਚਣ ਦਾ ਕੰਮ ਨਹੀ ਕਰਦੇ ,ਆਏ ਗਏ ਵਾਸਤੇ ਥੋੜ੍ਹ ਬਹੁਤ ਇੰਤਜ਼ਾਮ ਕੀਤਾ ਏ, ਤੁਸੀ ਜਲ ਪਾਣੀ ਛਕੋ ਤੇ ਜਾਣ ਦਿਓ, ਪਰ ਇਹ ਕਿੱਥੇ ਮੰਨਣ ,ਅਖੀਰ ਗੱਲ ਮੁੱਕੀ ਕਿ ਪੰਝੀ ਹਜਾਰ ਦਿਓ ਤੇ ਕੰਮ ਰਫਾ ਦਫਾ ਕਰੋ ।
ਘਰ ਦੇ ਮੁਖੀ ਨੇ ਦੋਵਾਂ ਹੌਲਦਾਰਾਂ ਨੂੰ ਬੈਠਕ ਵਿੱਚ ਬਿਠਾ ਲਿਆ ਤੇ ਇੱਕ ਮੁੰਡੇ ਨੂੰ ਸੈਨਤ ਮਾਰੀ ਕਿ ਜਾਹ, ਕਿਤੋ ਪੈਸੇ ਫੜ੍ਹ ਲਿਆਵੇ , ਘਰੇ ਏਨੀ ਰਕਮ ਨਹੀਂ ਐ ।ਨਾਲ ਈ ਕਾਮੇ ਨੂੰ ਕਹਿ ਕੇ ਭੱਠੀ ਸਾਂਭ ਦਿੱਤੀ , ਲਾਹਣ ਬੰਬੀ ਦੇ ਚੱਲਦੇ ਪਾਣੀ ਚ ਵਹਾ ਦਿੱਤੀ ।ਭਾਂਡੇ ਕਮਾਦ ਚ ਲੁਕੋ ਦਿੱਤੇ । ਨਾਲ ਈ ਇੱਕ ਚਾਲ ਹੋਰ ਵੀ ਖੇਡ ਦਿੱਤੀ ਕਿ ਹੌਲਦਾਰਾਂ ਨੂੰ ਤਾਜੀ ਕੱਢੀ ਸ਼ਰਾਬ ਚੋਂ ਦੋ ਦੋ ਪੈੱਗ ਪੁਚਕਾਰ ਕੇ ਲੁਆ ਦਿੱਤੇ । ਦੋਵੇ ਤਿੜੇ ਹੋਏ ਪੀ ਗਏ , ਪੰਝੀ ਹਜਾਰ ਦੇ ਚਾਅ ਵਿੱਚ । ਅੈਨੇ ਚਿਰ ਤੱਕ ਘਰਦਿਆਂ ਨੇ ਭੱਠੀ ਵਾਲੀ ਥਾਂ ਤੇ ਪੋਚਾ ਫੇਰ ਕੇ ਅਗਰਬੱਤੀਆਂ ਧੁਖਾ ਦਿੱਤੀਆਂ।
ਜਦ ਨੂੰ ਹੌਲਦਾਰਾਂ ਨੂੰ ਸਰੂਰ ਜਿਹਾ ਆਇਆ ਤਾਂ ਕਹਿਣ ਲੱਗੇ ਕਿ ਭਾਈ ਸਾਹਬ ,ਪੈਸੇ ਜਲਦੀ ਲਿਆਓ , ਅਸਾਂ ਜਾਣਾ ਵੀ ਏ । ਘਰ ਦਾ ਮੁਖੀ ਬੋਲਿਆ ਕਿ ਪੈਸੇ ਕਿਸ ਗੱਲ ਦੇ ਬਾਬਿਓ ? ਕਹਿੰਦੇ ਭੱਠੀ ਫੜੀ ਆ!
ਅਗਲਾ ਸਾਫ ਈ ਮੁੱਕਰ ਗਿਆ ਕਿ ਕਿਹੜੀ ਭੱਠੀ , ਅਸੀਂ ਤਾਂ ਸ਼ਰਾਬੀ ਦੀ ਮੁਕਾਣੇ ਨਹੀ ਜਾਂਦੇ ।
ਉਲਟਾ ਘਰ ਵਾਲੇ ਹੌਲਦਾਰਾਂ ਦੇ ਦੁਆਲੇ ਹੋ ਗਏ ਕਿ ਤੁਸੀ ਸ਼ਰਾਬੀ ਹੋ ਕੇ ਸਾਡੇ ਘਰ ਕਿਵੇ ਆ ਵੜੇ ?
ਅਖੀਰ ਇਹ ਹੰਸਾਂ ਦਾ ਜੋੜਾ ਹੱਥ ਜੋੜ ਕੇ ਛੁੱਟਾ ਕਿ ਅੱਗੇ ਤੋ ਇੰਜ ਨਹੀ ਕਰਾਂਗੇ । ਐਨਾ ਡਰ ਗਏ ਕਿ ਮੁਆਫੀਨਾਮਾ ਲਿਖਕੇ ਜਾਨ ਛੁਡਾਈ ।
ਹਾਲਾਤ ਬਦਲਗੇ, ਪਾਣੀ ਪੁਲਾਂ ਦੇ ਉੱਤੋਂ ਦੀ ਵਗ ਗਿਆ ।
ਸੋ, ਲਾਲਚ ਬੁਰੀ ਬਲਾਅ ਏ ਦੋਸਤੋ , ਪਰ ਆਖਰ ਨੂੰ ਪਛਤਾਵਾ ਈ ਪੱਲੇ ਪੈਂਦਾ ਏ ਲਾਲਚੀ ਇਨਸਾਨ ਦੇ ।

ਦਵਿੰਦਰ ਸਿੰਘ ਜੌਹਲ

You may also like