ਟੋਟੇ ਟੋਟੇ ਜ਼ਿੰਦਗੀ

by Sandeep Kaur

ਇੰਗਲੈਂਡ ਦੀਆਂ ਗਰਮੀਆਂ ਦੀ ਸੁਹਾਵਣੀ ਸਵੇਰ , ਐਤਵਾਰ ਦਾ ਦਿਨ ਹੋਣ ਕਰਕੇ ਜ਼ਰਾ ਦੇਰ ਤੱਕ ਸੁਸਤਾਉਣ ਦਾ ਸੋਚਿਆ ਸੀ ਕਿ ਫ਼ੋਨ ਦੀ ਬੈੱਲ ਵੱਜਦੀ ਏ, ਵਟਸਐਪ ਕਾਲ ਏ ਪੰਜਾਬ ਤੋਂ , ਅਜ਼ੀਜ਼ ਦੋਸਤ ਦੀ । ਏਧਰ ਓਧਰ ਦੀਆਂ ਗੱਲਾਂ ਕਰਕੇ ਹੁਣੇ ਜਿਹੇ ਖਤਮ ਹੋਏ ਇੱਕ ਰੌਲੇ ਦਾ ਜ਼ਿਕਰ ਚੱਲ ਪਿਆ , ਸੱਚ ਕੀ ਹੁੰਦਾ ਏ, ਤੇ ਅਸੀਂ ਇੱਕੋ ਪੱਖ ਵੇਖਕੇ ਕਿਵੇ ਧਰਤੀ ਮੂਧੀ ਕਰਨ ਤੱਕ ਜਾਨੇ ਆਂ । ਉਹ ਵੀਰ ਦੱਸ ਰਿਹਾ ਏ , ਕੁਝ ਗੁੱਝੀਆਂ ਰਮਜ਼ਾਂ, ਕਿਵੇ ਕਾਰਪੋਰੇਟ ਸੈਕਟਰ , ਮਨੁੱਖਾਂ ਦੀ ਫਸਲ ਕੱਟਣ ਦੀ ਤਿਆਰੀ ਚ ਏ , ਨਸ਼ਿਆਂ ਦਾ ਕਾਰੋਬਾਰ ਕਿਵੇ ਗਿਣ ਮਿਥ ਕੇ ਸਾਡੀ ਨਸਲਕੁਸ਼ੀ ਕਰ ਰਿਹਾ ਏ,ਕਿਰਦਾਰ ਤਾਂ ਪਹਿਲਾਂ ਈ ਗਰਕ ਚੁੱਕਾ ਏ ।ਵਾੜ ਈ ਖੇਤ ਨੂੰ ਖਾ ਰਹੀ ਏ । ਗੱਲ ਖਤਮ ਹੋਈ । ਫ਼ੋਨ ਸਿਰਹਾਣੇ ਰੱਖ ਲਿਆ ।
ਫਿਰ ਟਨਨ ਦੀ ਆਵਾਜ਼ ਏ, ਵੀਡੀਓ ਸ਼ੇਅਰ ਕੀਤੀ ਏ ਕਿਸੇ ਨੇ । ਸਾਡੇ ਜਾਨ ਓ ਮਾਲ ਦੇ ਰਾਖੇ ਪੁਲਸੀਏ, ਪੰਦਰਾਂ ਕੁ ਜਣੇ ਰਲ ਕੇ ਹੱਡਾਰੋੜੀ ਦੇ ਕੁੱਤਿਆਂ ਦਾ ਰੂਪ ਧਾਰੀ ਖੜੇ ਨੇ , ਇੱਕ ਪਿਓ ਪੁੱਤਰ ਨੂੰ ਛੱਲੀਆਂ ਵਾਂਗ ਝੰਬ ਰਹੇ ਨੇ ।
ਇਹ ਕੁਝ ਦੇਖਿਆ ਈ ਏ ਤਾਂ ਇੱਕ ਹੋਰ ਸੀਨ ਆ ਗਿਆ, ਕੁਝ ਹੱਟੇ ਕੱਟੇ ਬੰਦੇ ਇੱਕ ਔਰਤ ਨੂੰ ਕਸਾਈਆਂ ਵਾਂਗ ਕੋਹ ਰਹੇ ਨੇ , ਮਾਸੂਮ ਦੁਹਾਈ ਪਾ ਰਿਹਾ ਏ ਕਿ ਮੇਰੀ ਮੰਮਾ ਨੇ ਮਰ ਜਾਣਾ ।
ਮੈ ਸੋਚ ਰਿਹਾ ਹਾਂ ਕਿ ਕਿਹੋ ਜਿਹਾ ਦਿਨ ਚੜ੍ਹਿਆ ਏ ਅੱਜ , ਹਾਲੇ ਚਾਹ ਵੀ ਨਹੀ ਪੀਤੀ ਕਿ ਮਨ ਉਦਾਸ ਹੋ ਗਿਆ । ਏਨੀ ਹੈਵਾਨੀਅਤ, ਏਨੀ ਅਫਰਾ ਤਫਰੀ, ਏਨੀ ਬੇਕਿਰਕੀ ।
ਪੰਦਰਾਂ ਕੁ ਸਾਲ ਪਹਿਲਾਂ ,ਜਦੋਂ ਸੋਸ਼ਲ ਮੀਡੀਆ, ਸਮਾਰਟਫੋਨ ਨਹੀ ਸਨ , ਤਾਂ ਸੱਤ ਯੁਰੋ ਦੇ ਕਾਰਡ ਤੋ ਪੈਂਤੀ ਮਿੰਟ ਗੱਲ ਕਰਨੀ ਆਪਣੇ ਵਤਨ। ਟਾਈਮ ਵੰਡ ਕੇ ਫ਼ੋਨ ਕਰਨੇ ਪਰ ਆਨੰਦ ਆ ਜਾਂਦਾ ਸੀ,ਪਰ ਤਕਨਾਲੋਜੀ ਦੇ ਪਸਾਰ ਨੇ ਸਹੂਲਤਾਂ ਦੇ ਕੇ ਸਕੂਨ ਖੋਹ ਲਿਆ ਏ , ਕਿਤੇ ਜ਼ਰਾ ਜਿੰਨੀ ਗੱਲ ਹੁੰਦੀ ਏ ਤਾ ਆਪੇ ਬਣੇ ਕੈਮਰਾਮੈਨ ਲਾਈਵ ਹੋ ਕੇ ਦੁਨੀਆਂ ਤੇ ਲਾਂਬੂ ਲਾ ਦੇਂਦੇ ਨੇ । ਇਹਨਾਂ ਸਹੂਲਤਾਂ ਨੇ ਸਰੀਰ ਨੂੰ ਵਿਹਲਾ ਤੇ ਨਿਕੰਮਾ ਕਰ ਦਿੱਤਾ ਏ ਪਰ ਮਨ ਲਈ ਇੱਕ ਪਲ ਵੀ ਚੈਨ ਨਹੀ ਰਹਿਣ ਦਿੱਤਾ ।
ਹਰ ਵਕਤ ਹਾਲਾ ਲਾਲਾ, ਦਗੜ ਦਗੜ । ਜਾਣੇ ਅਨਜਾਣੇ , ਅਸੀਂ ਵੀ ਪਤਾ ਨਹੀ ਲੱਗਦਾ ਕਦੋ ਇਸ ਨਾ ਮੁੱਕਣ ਵਾਲੀ ਮੈਰਾਥਨ ਚ ਭੱਜ ਪੈਂਦੇ ਆਂ, ਫਿਰ ਹੰਭਦੇ ਆਂ, ਫਿਰ ਭੱਜਦੇ ਆਂ । ਮਨ ਦਾ ਚੈਨ ਜੋ ਅਨਮੋਲ ਏ, ਖੋਹ ਬੈਠੇ ਆਂ। ਇਨਸਾਨ ਨਹੀਂ, ਰੋਬੋਟ ਬਣ ਕੇ ਵਿਚਰ ਰਹੇ ਆਂ, ਜੋ ਕੰਮ ਤਾ ਕਰਦੈ, ਪਰ ਅਹਿਸਾਸ ਤੋ ਹੀਣਾ,ਭਾਵਨਾਵਾਂ ਤੋ ਸੱਖਣਾ ।
ਕਿਤੇ ਘੁੰਮਣ ਫਿਰਨ ਜਾ ਰਹੇ ਆਂ ਤਾਂ ਪੁੱਜਣ ਦੀ ਕਾਹਲ ਚ ਸਫਰ ਦਾ ਆਨੰਦ ਗਵਾ ਲਿਆ, ਕਿਸੇ ਕੋਲ ਮਿਲਣ ਗਏ ਤਾਂ ਜਾ ਕੇ ਵੀ ਫ਼ੋਨ ਚ ਡੁੱਬੇ ਰਹੇ , ਕੋਈ ਮਿਲਣ ਆਇਆ ਏ ਦੂਰ ਦੁਰਾਡਿਓਂ, ਪਰ ਅੱਖਾਂ ਚਿਹਰਿਆਂ ਵੱਲ ਨਹੀ, ਫ਼ੋਨ ਸਕਰੀਨ ਵੱਲ ਬਾਰ ਬਾਰ ਜਾ ਰਹੀਆਂ ਨੇ ।
ਹਕੀਕਤ ਏ ਕਿ ਹਰ ਸ਼ੈਅ ਜ਼ਿੰਦਗੀ ਵਾਸਤੇ ਐ, ਪਰ ਅਸੀਂ ਵਸਤਾਂ ਚ ਜ਼ਿੰਦਗੀ ਰੋਲ ਬੈਠੇ ਆਂ।ਨਿੱਕੇ ਨਿੱਕੇ ਟੁਕੜਿਆਂ ਚ ਵੱਟ ਗਈ ਏ ਜ਼ਿੰਦਗੀ । ਸਹੂਲਤਾਂ ਦੀ ਹਨੇਰੀ ਚ ਸੁਖ ਦਾ ਸਾਹ ਲੈਣਾ ਵੀ ਦੁਸ਼ਵਾਰ ਹੋ ਗਿਆ ਏ ।ਕਿੱਥੇ ਕੁ ਰੁਕਾਂਗੇ ਜਾ ਕੇ , ਰੱਬ ਜਾਣੇ ।

ਦਵਿੰਦਰ ਸਿੰਘ ਜੌਹਲ

You may also like