• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Amritpal singh

ਕਾਲਜ ਦੀਆਂ ਸੁਨਹਿਰੀ ਯਾਦਾਂ

by admin December 12, 2018
ਕਾਲਜ ਦਾ ਗੇਟ ਲੰਘਦਿਆੰ ਈ ਸਾਹਮਣੇ ਅੰਬ ਦੀ ਛਾਵੇੰ ਤੁੱਕੇ ਖਾਣਾ ਚਿੱਟਾ ਕੁੜਤਾ ਪਜਾਮਾ ,ਤੋਤੇ ਰੰਗੀ ਪੱਗ ਬੰਨ੍ੀ ਟੌਹਰ ਕੱਢੀ ਖੜ੍ਾ ਦਿਖਿਆ . ਮੈਨੂੰ ਦੇਖਕੇ ਹਸਦਿਆੰ ਉੱਚੀ ਬੋਲਿਆ,” ਕਿੱਧਰ ਲੱਘ ਗਿਆ ਤਾ ਕਬੀਲਦਾਰਾ ? ਦੱਸਕੇ ਕੇ ਵੀ ਨੀ ਗਿਆ…
ਤੁੱਕੇ ਖਾਣੇ ਦਾ ਚਿਹਰਾ ਕਿਸੇ ਗੁੱਝੀ ਖੁਸ਼ੀ ਚ ਸੈਨਤਾੰ ਮਾਰਦਾ ਲਗਦਾ ਸੀ
ਚੰਡੀਗੜ੍ ਸੀ.. ਪੀ ਜੀ ਆਈ ਚ … ਬਾਬੇ ਦਾ ਬਲੱਡ ਫੇਰ ਉਪਰ ਥੱਲੇ ਹੋ ਗਿਆ ਤਾ…
ਕਿੱਕਣ ..? ਫੇਰ ਸ਼ੁਗਲ ਕਰ ਗਿਆ ਬਾਬਾ ?
ਆਹੋ.. ਅੰਗਲੈੰਡ ਆਲਾ ਤਾਇਆ ਲਿਆਇਆ ਤਾ ਬਾਹਰ ਤੇ …. ਬਾਬਾ ਰੋਕਦੇ ਰੋਕਦੇ ਪਿੱਤਲ੍ ਆਲੇ੍ 2-3 ਗਲਾਸ ਖਿੱਚ ਗਿਆ ਭਰਕੇ…
ਬੁੜਾ ਵੀ ਥੁਆਡਾ ਘੈੰਟ ਐ ਪੂਰਾ … ਚੰਡੀਗੜ੍ ਦੀ ਸੈਰ ਕਰਾਈਉ ਰੱਖਦੈ , ਬਾਕੀ ਦੇ ਟੱਬਰ ਦੀ ਵੀ ਨਾਲ ਏ..
ਤੂੰ ਤੁੱਕੇ ਖਾਣਿਆੰ ਕਿੱਕਣ ਮਖਾਣੇ ਡੋਲ੍ੀ ਜਾਨੈ ਅੱਜ ਸਵੇਰੇ ਸਵੇਰੇ ..?
ਕੁਸ਼ ਨੀ ਕੁਸ਼ ਨੀ..ਚੱਲ ਕਲਾਸ ਨੂੰ.. ਤੀਏ ਪੀਡ ਨੂੰ ਚਾਹ ਪਿਊੰਗੇ ਕੰਟੀਨ ਚ ਬੈਠਕੇ.. ਉੱਥੇ ਦੱਸੂੰ.
ਕਲਾਸ ਰੂਮ ਨੂੰ ਤੁਰੇ ਜਾੰਦੇ ਮੈੰ ਹੈਰਾਨ ਹੁੰਦਾ ਉਹਦੇ ਮੁਸਕੜੀਏੰ ਹਸਦੇ ਮੂੰਹ ਕੰਨੀ ਦੇਖਦਾ ਜਾ ਰਿਹਾ ਸੀ.
ਤੀਜਾ ਪੀਰਡ ਵੇਹਲਾ ਹੁੰਦਾ ਸੀ . ਕਲਾਸ ਰੂਮ ਚੋੰ ਨਿਕਲਦਿਆੰ ਈ ਸਾਹਮਣੇ ਵਰਾੰਡੇ ਚ ਬੀ ਏ ਫਾਈਨਲ ਆਲਾ੍ ਸਫਰੀ ਤੁਰਿਆ ਆਉੰਦਾ ਮਲਕ ਦੇਣੇ ਤੁੱਕੇ ਕੋਲ ਨੂੰ ਆ ਕੇ ਬੋਲਿਆ,” ਕੱਲ ਕਿੱਕਣ ਬਜਾਜ ਚੇਤਕ ਦੀ ਰੇਲ ਬਣਾਈ ਜਾੰਦਾ ਤਾ ਤੁੱਕੇ ਬਾਈ !!! ਨਾਲੇ੍ ਮਗਰ ਕੌਣ ਤੀ ?? ਸਫਰੀ ਵੀ ਰਹੱਸ ਭਰੀਆੰ ਅੱਖਾੰ ਨਾਲ ਗੁੱਝਾ ਹਸਦਾ ਲੱਗ ਰਿਹਾ ਸੀ
ਕੁਸ਼ ਨੀ ਸਫਰੀ ਕੁਸ਼ ਨੀ , ਬੈਠਕੇ ਕਰੂੰਗੇ ਗੱਲਾੰ ਕਿਸੇ ਦਿਨ ਆਖਦਿਆੰ ਤੁੱਕੇ ਖਾਣਾ ਕਾਹਲੀ ਨਾਲ ਮੈਨੂੰ ਖਿੱਚਕੇ ਕੰਟੀਨ ਵੱਲ ਲੈ ਤੁਰਿਆ..
ਕੰਟੀਨ ਕੋਲ ਅਲੀਅਰ ਦੀ ਵਾੜ ਉਹਲੇ ਪਏ ਬੈੰਚਾੰ ਉਪਰ ਸਾਡੇ ਮੰਡਲੀ ਮੈੰਬਰਾੰ ਵਿੱਚੋੰ 2-3 ਮੁੰਡੇ ਕੁੜੀਆੰ ਪਹਿਲਾੰ ਈ ਬੈਠੇ ਧੁੱਪ ਸੇਕ ਰਹੇ ਸੀ, ਸਾਨੂੰ ਆਉੰਦਿਆੰ ਦੇਖ ਮਿੱਠੀ ਮਿਸ਼ਰੀ ਸੁਭਾਅ ਮੁਤਾਬਕ ਖਿੱਲਾੰ ਡੋਹਲਦੀ ਬੋਲੀ,” ਕਬੀਲਦਾਰ ਵੀਰੇ ! ਕਿੱਥੇ ਤਾ ? ਦੋ ਦਿਨ ਦਿਖਿਆ ਏ ਨੀ .. ਤੇ ਮੇਰੇ ਕੁਛ ਬੋਲਣ ਤੋੰ ਪਹਿਲਾੰ ਈ ਫੇਰ ….
ਉ ਤੁੱਕੇ ਖਾਣੇ ਵੀਰੇ .. ਫਸਟ ਏਡ ਦਾ ਕੋਰਸ ਕਿੱਥੇ ਤੇ ਕਰਿਐ ਤੈੰ??
ਹੈੰ ?? …..ਫਸਟ ਏਡ ਦਾ ਕੋਰਸ ?? ਤੁੱਕੇ ਖਾਣੇ ਨੇ ?? ਮੈੰ ਹੈਰਾਨ ਹੁੰਦਿਆੰ ਤੁੱਕੇ ਖਾਣੇ ਵੱਲ ਤੇ ਫੇਰ ਮਿੱਠੀ ਮਿਸ਼ਰੀ ਵੱਲ ਦੇਖਿਆ ..
ਆਹੋ ਵੀਰੇ !! ਤੈਨੂੰ ਨੀ ਦੱਸਿਆ ਇਹਨੇ .. ਕਿਆ ਹੋਇਆ ਕੱਲ੍ ??
ਬਿਨਾ ਹੁੰਘਾਰਾ ਉਡੀਕੇ ਫਿਰ ਮਿੱਠੀ ਮਿਸ਼ਰੀ ਸ਼ੂਰੁ ਹੋ ਗਈ …. ਕੱਲ੍ ਨਾੰ ਵੀਰੇ ਆਹ ਜਰਾਬਾੰ ਆਲ੍ੀ ਫੁੜਕ ਚੱਲੀ ਤੀ … ਤੁੱਕੇ ਵੀਰੇ ਨੇ ਬਚਾਅ ਲੀ …
ਨਾਲ ਬੈਠੀ ਜਰਾਬਾੰ ਆਲੀ੍ ਨੀਵੀੰ ਪਾਈ ਹੱਸੀ ਜਾ ਰਹੀ ਸੀ , ਮਿੱਠੀ ਮਿਸ਼ਰੀ ਫੇਰ ਬੋਲੀ,”ਵੀਰੇ ! ਕੱਲ ਹਿਸਟਰੀ ਦਾ ਪੀਰਡ ਵਿਹਲਾ ਤਾ ! ਅਸੀੰ ਔਹ ਸਟੇਜ ਦੇ ਪਰਲੇ ਪਾਸੇ ਰਨਿੰਗ ਟਰੈਕ ਕੋਲ ਬੈਠੀਆੰ ਖੋਏ ਦੀਆੰ ਪਿੰਨੀਆੰ ਖਾੰਦੀਆੰ ਤੀਆੰ, ਆਹ ਜਰਾਬਾੰ ਆਲ੍ੀਉ ਲੈ ਕੇ ਆਈ ਤੀ, ਇਹਦੇ ਬੈਠੀ ਬੈਠੀ ਦੇ ਨਕਸੀਰ ਚੱਲ ਪੀ… ਦੇਖ ਲੈ ਕਬੀਲਦਾਰ ਵੀਰੇ … ਨਕਸੀਰ ” ਉਹ ਵੀ ਸਿਆਲ੍ ਚ….ਐਨੀ ਠੰਢ ਚ … ਇਹਨੇ ਰੁਮਾਲ ਨਾਲ ਅਪਣਾ ਨੱਕ ਘੁੱਟ ਲਿਆ, ਦੇਖਦੇ ਦੇਖਦੇ ਸਾਰਾ ਰੁਮਾਲ ਖੂੰਨ ਨਾਲ ਭਿੱਜਕੇ ਲਾਲ ਹੋ ਗਿਆ , ਇਹ ਤਾੰ ਦੇਖਕੇ ਐਨਾ ਖੂੰਨ ,, ਗਿਰਗੀ ਬੇਦਿਲ ਹੋਕੇ ਉੱਥੀ ਘਾਹ ਪਰ , ਅਸੀੰ ਵੀ ਡਰਗੀਆੰ ਬੀ ਪਤਾ ਨੀ ਕਿਆ ਹੋ ਗਿਆ ਇਹਨੂੰ, ਡਰਕੇ ਇਧਰ ਉਧਰ ਦੇਖਣ ਲੱਗੀਆੰ ਤਾੰ ਤੁੱਕਾ ਵੀਰਾ ਦੂਰ ਤੇ ਕੰਟੀਨ ਚ ਨੂੰ ਜਾੰਦਾ ਦਿਖਿਆ, ਮੈੰ ਉੱਚੀ ਦੇਣੇ ਹਾਕ ਮਾਰੀ ਇਹ ਆ ਗਿਆ ਭੱਜ ਕੇ ਫੇਰ ਸਾਹਮਣੇ ਟੂਟੀ ਤੋੰ ਅਪਣਾ ਰੁਮਾਲ ਪਾਣੀ ਨਾਲ ਭਿਉੰ ਲਿਆਇਆ, ਅਸੀੰ ਗਿੱਲੇ ਰੁਮਾਲ ਨਾਲ ਇਹਦਾ ਨੱਕ ਹੋਰ ਚੰਗੀ ਤਰਾੰ ਘੁੱਟ ਤਾ…
ਇਹ ਤਾੰ ਵੀਰੇ ਉੱਕਣੇ ਪਈ … ਨਾੰ ਕੁਸ਼ ਬੋਲੇ ਨਾੰ ਹਿੱਲੇ , ਮੈੰ ਇਹਦੇ ਹੱਥਾੰ ਦੀ ਮਾਲਸ਼ ਕਰਨ ਲੱਗ ਗੀ ਤੁੱਕੇ ਵੀਰੇ ਨੇ ਇਹਦੇ ਬੂਟ ਜਰਾਬਾੰ ਲਾਹ ਤੀਆੰ ਤੇ ਪੈਰਾੰ ਦੀਆੰ ਤਲੀ੍ਆੰ ਝੱਸਣ ਲੱਗ ਪਿਆ,, 2-3 ਮਿੰਟ ਬਾਅਦ ਇਹ ਸੁਰਤ ਫੜਿਆਈ , ਕਹਿੰਦੀ ਹੁਣ ਕੁਸ਼ ਠੀਕ ਐੰ ਮੈੰ, ਨੱਕ ਤੋੰ ਰੁਮਾਲ ਹਟਾਅ ਕੇ ਦੇਖਿਆ ਤਾੰ ਮਾੜਾ ਮਾੜਾ ਖੂੰਨ ਹਾਲੇ ਵੀ ਆਈ ਜਾੰਦਾ ਤਾ ..
ਤੁੱਕਾ ਵੀਰਾ ਕਹਿੰਦਾ ,” ਡਾਕਟਰ ਦੇ ਲੈ ਚੱਲੀਏ ਇਹਨੂੰ ?? ਮੈੰ ਪੁੱਛਿਆ,” ਠੀਕ ਐੰ ਜਰਾਬਾੰ ਆਲ੍ੀਏ ਹੁਣ? ਸਕੂਟਰ ਤੇ ਬੈਠ ਜੇੰਗੀ? ਇਹਨੇ ਮਾੜਾ ਜਿਆ ਸਿਰ ਹਿਲਾਇਆ ਤਾੰ ਤੁੱਕਾ ਵੀਰਾ ਭੱਜਕੇ ਅਪਣਾ ਬਜਾਜ ਸਕੂਟਰ ਲੈ ਆਇਆ, ਉਦੋੰ ਤੱਕ ਇਹ ਉੱਠਕੇ ਬੈਠਗੀ ਤੀ , ਕਹਿੰਦੀ ਹੁਣ ਠੀਕ ਐੰ ਮੈੰ … ਚਲੇ ਜਾੰਨੀ ਐੰ ਡਾਕਟਰ ਦੇ … ਤੇ ਬੈਠਗੀ ਤੁੱਕੇ ਖਾਣੇ ਵੀਰੇ ਦੇ ਮਗਰ ਸਕੂਟਰ ਤੇ … ਵੀਰੇ ਨੇ ਬਣਾਅ ਤਾ ਫੇਰ ਜਹਾਜ ਸਕੂਟਰ ਦਾ ….
ਅੱਛਿਆ, ਆਹ ਗੱਲ ਐ!! ਮੈੰ ਵੀ ਸਵੇਰ ਦਾ ਦੇਖੀ ਜਾਨੈ ਇਹਦੇ ਮੂੰਹ ਕੰਨੀ.. ਬੁੱਲ ਜੇ ਘੁੱਟ ਘੁੱਟਕੇ ਹੱਸੀ ਜਾੰਦੈ, ਦੱਸਦਾ ਕੁਸ਼ ਨੀ, ਪੱਗ ਵੀ ਤੋਤੇ ਰੰਗੀ ਬੰਨ੍ ਕੇ ਆਇਐ ਅੱਜ..ਤੇ ਸਵੈਟਰ ਦੇਖ ਇਹਦਾ .. ਪੀਲਾ੍ … ਭਰਿੰਡ ਦੇ ਰੰਗ ਵਰਗਾ….
ਤੇ ਤੂੰ ਜਰਾਬਾੰ ਆਲੀਏ… ਖੋਆ ਘੱਟ ਖਾ ਲਿਆ ਕਰ ….!!
ਮੈੰ ਦੋਹਾੰ ਨੂੰ ਹਸਦੇ ਹਸਦੇ ਛੇੜਿਆ …
ਲੈ… ਮੈੰ ਤਾੰ ਨੱਕ ਚੋੰ ਚੂਹਾ ਕੱਢਦੀ ਤੀ .. ਨਹੁੰ ਵੱਜ ਗਿਆ ਤਾ ਨੱਕ ਚ’ …. ਨਾਲੇ ਪਿੰਨੀਆੰ ਤਾੰ ਸਾਰੀਆੰ ਤੁਸੀੰ ਖਾ ਜਾਨੇ ਉੰ ਮੇਰੀਆੰ … ਮੈਨੂੰ ਤਾੰ ਇੱਕ ਅੱਧੀ ਮਸੀੰ ਬਚਦੀ ਐ .. ਉਹ ਵੀ ਕਦੇ ਕਦੇ …
ਦੇਖ ਲੈ, ਤੁੱਕੇ ਵੀਰੇ ਨੇ ਬਚਾਅ ਲੀ … ਹੁਣ ਗੱਲਾੰ ਮਾਰਦੀ ਐ.. ਨਾਲੇ ਮਾਲਸ਼ ਕਰੀ ਪੈਰਾੰ ਦੀ… ਕਰੀ ਐ ਕਿਸੇ ਨੇ ਐਕਣ ਸੇਵਾ ਤੇਰੀ ਕਦੇ? ਆ ਜਾਨੀ ਐੰ ਪਾ ਕੇ ਰੰਗ ਬਰੰਗੀਆੰ ਜਰਾਬਾੰ ਰੋਜ….!! ਮਿੱਠੀ ਮਿਸ਼ਰੀ ਨੇ ਛੇੜਿਆ..
ਲੈ ….ਸੇਵਾ ਕਾਹਦੀ? ਝਾੰਵੇੰ ਵਰਗੇ ਹੱਥਾੰ ਨਾਲ ਪੈਰ ਛਿੱਲਣੇ ਆਲੇ੍ ਕਰਤੇ ਮੇਰੇ….
ਹੁਣ ਗੱਲਾੰ ਆਉਨੀਐੰ ਇਹਨੂੰ… ਕੱਲ੍ ਦੇਖਿਆ ਕਿੱਕਣ ਟੱਚ ਮੀ ਨੌਟ ਆਲੇ੍ ਬੂਟੇ ਮੰਗਣ ਸੁੰਗੜੀ ਪਈ ਤੀ….. ਨੱਕ ਚੋੰ ਬੁਲਬੁਲੀਆੰ ਜਿਆੰ ਨਿਕਲਦੀਆੰ ਦੇਖਕੇ ਮੈੰ ਵੀ ਡਰ ਗਿਆ ਤਾ ਪਹਿਲਾੰ ਤਾੰ…. ਨਾਲੇ ਹੋਰ ਦੱਸਾੰ ਇੱਕ ਗੱਲ.. ਮੈੰ ਇਹਦੇ ਇੱਕ ਪੈਰਦੀ ਮਾਲਸ਼ ਕਰੀ ਜਾਵਾੰ ਦਬਾ ਦਬ …. ਦੋ ਕੁ ਮਿੰਟ ਮਗਰੋੰ ਉਹ ਪੈਰ ਪਰਾੰ ਨੂੰ ਖਿੱਚਕੇ ਦੂਆ ਪੈਰ ਕਰਤਾ ਮੇਰੇ ਕੋਲ ਨੂੰ …ਬੀ ਲੈ ਐਹਦੀ ਵੀ ਕਰ ਦੇਹ ਮਾਲਸ਼…. ਹੁਣ ਕਹਿੰਦੀ ਐ ਝਾੰਮੇ ਵਰਗੇ ਹੱਥ ਐੰ…
ਤੁੱਕੇ ਖਾਣੇ ਨੇ ਮੁੜਦਾ ਤੀਰ ਛੱਡਿਆ….
ਜਰਾਬਾੰ ਆਲੀ ਨੇ ਵਾਰ ਬੋਚਦਿਆੰ ਗੱਲ ਬਦਲੀ… ਉਹ ਤਾੰ ਛੱਡ !! ਤੂੰ ਸਕੂਟਰ ਬੜਾ ਘੈੰਟ ਚਲਾਉਨੈੰ ਬਜਾਰ ਚ’ ਐਨੀ ਭੀੜ ਚ… ਜਿਵੇੰ ਸਰਕਸ ਆਲ੍ੇ ਪਿੰਜਰੇ ਚ ਮੋਟਰ ਸੈਕਲ ਚਲਾਉੰਨੇ ਹੁੰਨੇ ਐੰ… ਕੰਮ ਕਰਿਆ ਲਗਦੈ ਸਰਕਸ ਚ ਵੀ….. ਨਾਲੇ ਹੋਰ ਗੱਲ ਦੱਸਾੰ ਥੁਆੰਨੂੰ ਇੱਕ …. ਜਦ ਅਸੀੰ ਡਾਕਟਰ ਦੀ ਕਲੀਨਿਕ ਪਹੁੰਚੇ, ਮੈੰ ਮਰੀਜਾੰ ਆਲੇ ਵਰਾੰਡੇ ਚ ਬੈੰਚ ਤੇ ਬੈਠ ਗੀ, ਇਹ ਸਾਹਮਣੇ ਕੁਰਸੀ ਤੇ ਬੈਠੀ ਨਰਸ ਕੋਲ ਜਾਕੇ ਦੱਸਣ ਲੱਗਿਆ, ਨਰਸ ਨੇ ਪੁਛਿਆ,” ਨਾਉੰ ਕੀ ਐ ਮਰੀਜ ਦਾ ?
ਫੱਟ ਦੇਕੇ ਕਹਿੰਦਾ, ” ਜੀ ਜਰਾਬਾੰ ਆਲ੍ੀ….. ਉ ਨਹੀੰ ਸੱਚ… ਰੁਕਿਉ ਜੀ…
ਕਹਿਕੇ ਛੇਤੀ ਦੇਣੇ ਮੁੜਕੇ ਮੇਰੇ ਕੋਲ ਆਕੇ ਹੌਲੀ ਕੁ ਦੇਣੇ ਬੋਲਿਆ,” ਜਰਾਬਾੰ ਆਲੀਏ! ਤੇਰਾ ਪੱਕਾ ਨਾੰਉੰ ਕੀ ਐ ਭਲਾੰ ??
ਮੇਰਾ ਤਾੰ ਭਾਈ ਹਾਸਾ ਨਾੰ ਰੁਕੇ ਤੇ ਨਰਸ ਸਾਡੇ ਕੰਨੀ ਸ਼ੱਕੀ ਨਜਰਾੰ ਨਾਲ ਦੇਖੇ ਮੁੜ ਮੁੜਕੇ … ਐਹਾ ਜਾੰ ਇਹ ਤੁੱਕੇ ਖਾਣੈੰ…
ਉ ਸੱਚ ਮੇਰੀਆੰ ਜਰਾਬਾੰ ਕਿੱਥੇ ਐੰ ?… ਉਹ ਤਾੰ ਮੋੜ ਦੇਹ ….
ਲੈ… ਮੈਨੂੰ ਕਿਆ ਪਤੈ ਕਿੱਥੇ ਐੰ .. ਉਦੋੰ ਜਰਾਬਾੰ ਸੁੱਝਦੀਆੰ ਤੀ..? ਵੀ ਲਾਹ ਕੇ ਤਹਿ ਲਾਕੇ ਰੱਖਦਾ ਤੇਰੀਆੰ ਰੇਸ਼ਮੀ ਜਰਾਬਾੰ ਨੂੰ…..
ਨਾੰ ਦੇਹ … ਕੋਈ ਨੀ ਰੱਖ ਲੈ .. ਰੱਖ ਲੈ….
🌼🌻🌹🌷
ਅੱਜ ਕਈ ਸਾਲ ਬਾਅਦ ਤੁੱਕੇ ਖਾਣੇ ਨਾਲ ਫੋਨ ਤੇ ਗੱਲਾੰ ਕਰਦਿਆੰ ਸਰਕਾਰੀ ਕਾਲਜ ਰੋਪੜ ਦੇ ਉਹ ਪੁਰਾਣੇ ਸੁਨਿਹਰੀ ਦਿਨ ਫੇਰ ਯਾਦ ਆ ਰਹੇ ਸੀ , ਬੀ ਏ ਸੈਕਿੰਡ ਯੀਅਰ ਚ ਅਸੀੰ ਅਪਣੇ ਗਰੁੱਪ ਚ ਸਭ ਮੁੰਡੇ ਕੁੜੀਆੰ ਦੇ ਵੰਨ ਸੁਵੰਨੇ ਨਾਉੰ ਰੱਖੇ ਹੋਏ ਸੀ…
ਤੁੱਕੇ ਖਾਣਾ ਮੇਰਾ ਪੱਕਾ ਬੇਲੀ ਸੀ, ਰੋਪੜ ਕੋਲ ਨਦੀ ਕੰਢੇ ਦੇ ਇੱਕ ਪਿੰਡ ਦਾ ਸੈਣੀਆੰ ਦਾ ਮੁੰਡਾ. ਪੂਰਾ ਨਾਉੰ ਸੀਤਲ ਸਿੰਘ ਸੈਣੀ ਸੀ, ਥੋੜੀ ਜੀ ਘਰ ਦੀ ਜਮੀਨ ਸੀ ,ਉਹਦਾ ਬਾਪੂ ਨਦੀ ਦੇ ਨਾਲ ਲਗਦੀ ਹੋਰ ਜਮੀਨ ਠੇਕੇ ਤੇ ਲੈਕੇ ਖੇਤੀ ਕਰਦਾ ਸੀ, ਸਬਜੀਆੰ ਬੀਜਦੇ, ਗਰਮੀਆੰ ਚ ਖਰਬੂਜੇ, ਤਰਬੂਜ, ਖੀਰੇ, ਕੱਕੜੀਆੰ ਦੀ ਫਸਲ ਉਗਾਉੰਦੇ, ਉਹਨਾੰ ਦੀ ਜਮੀਨ ਚ ਨਦੀ ਦੇ ਨਾਲ ਨਾਲ ਦੇਸੀ ਕਿੱਕਰਾੰ ਦਾ ਝੁੰਡ ਸੀ, ਤੁੱਕਿਆੰ ਦੇ ਸੀਜਨ ਚ ਸੀਤਲ ਕੱਚੇ ਤੁੱਕੇ ਤੋੜ ਤੋੜਕੇ ਬੋਰੀ ਭਰ ਲਿਆਉੰਦਾ, ਉਹਦੀ ਮਾਤਾ ਤੁੱਕਿਆੰ ਦਾ ਅਚਾਰ ਪਾ ਲੈੰਦੀ, ਹਫਤੇ ਚ ਦੋ ਕੁ ਦਿਨ ਸਾਡੀਆੰ ਕਲਾਸਾੰ ਦੁਪਿਹਰ ਮਗਰੋੰ ਵੀ ਲਗਦੀਆੰ, ਅਸੀੰ ਕਈ ਜਣੇ ਘਰਾੰ ਤੋੰ ਰੋਟੀ ਲੈ ਜਾੰਦੇ, ਸੀਤਲ ਕੋਲ ਹਮੇਸ਼ਾ ਰੋਟੀ ਨਾਲ ਤੁੱਕਿਆੰ ਦਾ ਅਚਾਰ ਹੁੰਦਾ ਸੀ, ਸਾਰੀ ਮੰਡਲੀ ਇਕੱਠੇ ਹੋਕੇ ਕੰਟੀਨ ਦੇ ਬਾਹਰ ਅੰਬਾੰ ਥੱਲੇ ਬੈਠਕੇ ਰੋਟੀ ਖਾੰਦੇ ਤੇ ਸੀਤਲ ਦੇ ਤੁੱਕਿਆੰ ਦੇ ਅਚਾਰ ਦੀ ਮੰਗ ਦੂਰ ਦੂਰ ਤੱਕ ਹੁੰਦੀ , ਸੀਤਲ ਦੇ ਤੁੱਕੇ ਖਾ ਕੇ ਉਹਦਾ ਨਾੰਉੰ ਵੀ ਤੁੱਕੇ ਖਾਣਾ ਰੱਖ ਲਿਆ ਸੀ
ਮਿੱਠੀ ਮਿਸ਼ਰੀ ਦਾ ਨਾਉੰ ਸੀ ਦਿਲਜੀਤ ਕੌਰ ਕੰਗ, ਬਹੁਤ ਮਿੱਠਾ ਬੋਲਦੀ, ਹਮੇਸ਼ਾ ਖਿੜੀ ਰਹਿੰਦੀ ,ਰੋਟੀ ਖਾੰਦਿਆੰ ਸੀਤਲ ਤੋੰ ਤੁੱਕੇ ਮੰਗਦਿਆੰ ਬੋਲਦੀ,” ਤੁੱਕੇ ਵੀਰੇ !!! ਦੋ ਕ ਤੁੱਕੇ ਦਈੰ ਵੀਰ ਬਣਕੇ…!
ਮੇਰੇ ਕੋਲ ਕਾਲਜ ਆਉੰਣ ਨੂੰ ਪੁਰਾਣੀ ਜੌੰਗਾ ਜੀਪ ਹੁੰਦੀ ਸੀ, ਸਾਡਾ ਬੜਾ ਟੱਬਰ ਸੀ, ਬਾਪੂ ਉਹਨੀ ਚਾਰ ਭਾਈ ਸਾਰੇ ਇਕੱਠੇ ਸੀ, ਮੇਰਾ ਬਾਬਾ ਵੀ ਹਾਲੇ ਤਕੜਾ ਸੀ, ਬਾਪੂ ਉਹਨਾੰ ਨਾਲ ਖੇਤੀ ਦਾ ਪੂਰਾ ਕੰਮ ਕਰਾਉੰਦਾ , ਮੇਰੇ ਤੋੰ ਛੋਟੀ ਭੈਣ ਤੇ ਇੱਕ ਭਾਈ ਅਤੇ 3-4 ਚਾਚੇ ਤਾਇਆੰ ਦੇ ਨਿਆਣੇ, 2-3 ਨਿਆਣੇ ਗੁਆੰਢੀਆੰ ਦੇ ਸਭ ਰੋਪੜ ਸਕੂਲ ਚ ਪੜ੍ਂਦੇ ਸੀ, ਸਵੇਰੇ ਮੇਰੇ ਨਾਲ ਈ ਜੌੰਗੇ ਤੇ ਆਉੰਦੇ, ਉਹਨਾੰ ਸਭਨਾੰ ਨੂੰ ਸਕੂਲ ਲਾਹਕੇ ਫੇਰ ਮੈੰ ਕਾਲਜ ਆਉੰਦਾ, ਮੇਰੇ ਜੌੰਗੇ ਚ ਮਿੰਨੀ ਬੱਸ ਜਿੰਨੀਆੰ ਘਰ ਦੀਆੰ ਸਵਾਰੀਆੰ ਹੋਣ ਕਰਕੇ ਮੇਰਾ ਨਾੰਉੰ ਕਬੀਲਦਾਰ ਪੈ ਗਿਆ ਸੀ, ਅਜਮੇਰ ਸਿੰਘ ਸੋਹੀ ਉਰਫ ਕਬੀਲਦਾਰ..
ਜਰਾਬਾੰ ਆਲੀ੍ ਖੱਤਰੀਆੰ ਦੀ ਕੁੜੀ ਸੀ ਰੋਪੜ ਤੋੰ, ਉਹਦੇ ਪਿਤਾ ਜੀ ਦੀਆੰ 2-3 ਮਨਿਆਰੀ ਦੀਆੰ ਦੁਕਾਨਾੰ ਸੀ, ਰੋਜ ਨਮੇ ਨਮੇ ਰੰਗਾੰ ਦੀਆੰ ਫੁੱਲਾੰ ਬੂਟੀਆੰ ਆਲ੍ੀਆੰ ਜਰਾਬਾੰ ਪਾ ਕੇ ਕਾਲਜ ਆੰਉੰਦੀ, ਗਰਮੀਆੰ ਚ’ ਵੀ ਸੈੰਡਲਾੰ ਨਾਲ ਜਰਾਬਾੰ ਪਾ ਕੇ ਰੱਖਦੀ, ਮਿੱਠੀ ਮਿਸ਼ਰੀ ਉਹਨੂੰ ਛੇੜਦੀ,”ਮੌਜਾੰ ਨੇ ਭੈਣੇ ਜਰਾਬਾੰ ਆਲੀਏ ਤੈਨੂੰ ਤਾੰ… ਨਾੰ ਤੈੰ ਕਦੇ ਪਾਥੀਆੰ ਪੱਥਣੀਐੰ, ਨਾੰ ਕਦੇ ਧਾਰਾੰ ਚੋਣੀਐੰ..ਡੈਡੀ ਦੀ ਦਕਾੰਨ ਤੋੰ ਰੋਜ ਨਮੇੰ ਨਮੇੰ ਡੱਬਿਆੰ ਚੋੰ ਕੱਢਕੇ ਰੰਗ ਬਰੰਗੀਆੰ ਜਰਾਬਾੰ ਪਾ ਕੇ ਆ ਜਾਨੀ ਐੰ…
ਉਹਦਾ ਨਾੰਉੰ ਸੀ ਦੀਪਿਕਾ ਅਰੋੜਾ ਉਰਫ ਜਰਾਬਾੰ ਆਲ੍ੀ ਪਰ ਖੁੱਲੇ੍ ਡੁੱਲੇ ਸੁਭਾਅ ਦੀ ਸ਼ਹਿਰਨ ਕੁੜੀ ਸੀ…
ਹੋਰ ਵੀ ਸੀਗੇ੍ ਕਈ… ਇੱਕ ਮਤਾਬੀ ਡੱਬੀ ਹੁੰਦੀ ਸੀ, ਇੱਕ “ਦੱਬ ਕੇ ਕੱਢਿਆ ” ਹੁੰਦਾ ਸੀ,ਇੱਕ ਹੋਰ ਹੁੰਦਾ ਸੀ ਬਾਈ ਦੁਖੀਆ ਯੂਨੀਅਨ ਦਾ ਪਰਧਾਨ.. ਪਰ ਇਹ ਸਾਡੀ ਮੰਡਲੀ ਚ ਕਦੇ ਕਦੇ ਈ ਸ਼ਾਮਲ ਹੁੰਦੇ…
🦋🦋🦋🦋🦋
ਤੁੱਕੇ ਦੀ ਕਾਰਗੁਜਾਰੀ ਸੁਣਕੇ ਮੈੰ ਉਹਨੂੰ ਛੇੜਿਆ,”ਤੁੱਕਿਆ ਤੂੰ ਕਿੱਧਰ ਕਾਗਜੀ ਪਤੰਗੀ ਤੇ ਗਾਟ੍ੀ ਪਾਉਣ ਲੱਗ ਪਿਆ….!!
ਕਬੀਲਦਾਰਾ ਬਾਈ ! ਕੁਛ ਨੀ ਬੱਸ ਐੰਵੇੰ ਈ…
ਤੁੱਕੇ ਖਾਣੇ ਨੂੰ ਕੋਈ ਜੁਆਬ ਨਾੰ ਆਉੜਿਆ, ਕਈ ਦਿਨ ਲੰਘਿਆੰ ਤੇ ਤੁੱਕਾ ਇੱਕ ਦਿਨ ਫੇਰ ਮੇਰੇ ਨੇੜੇ ਜੇ ਨੂੰ ਹੋ ਕੇ ਹੌਲੀ ਜੇ ਬੋਲਿਆ,”ਬਾਈ ਉਹਨੇ ਅਜੇ ਤੱਕ ਮੇਰਾ ਰੁਮਾਲ ਨੀ ਮੋੜਿਆ..
ਮੈਨੂੰ ਲਗਦੈ………
ਹਾੰ ਕੀ ਲਗਦੈ….??
ਬੱਸ ਬਾਈ… ਆਪੇ ਸਮਝ ਲੈ…
ਨਾਲੇ ਕੱਲ੍ ਦੇਖਿਐ ਤੈੰ !! ਦੁਪਿਹਰੇ ਮੇਰੇ ਕੋਲ ਬੈਠਕੇ ਰੋਟੀ ਖਾਧੀ ਐ ਉਹਨੇ… ਤੁੱਕਿਆੰ ਦਾ ਅਚਾਰ ਵੀ ਦੋ ਵਾਰੀ ਲਿਐ ਮੇਤੇ…. ਨਾਲੇ ਘਰ ਪਰਵਾਰ ਦੀਆੰ ਗੱਲਾੰ ਕਰੀਆੰ ਅਸੀੰ ਦੋਹਾੰ ਨੇ…
ਨਾਲੇ ਆਹ ਦੇਖ ਬਾਈ ਇੱਕ ਚੀਜੋ ਦਖਾੰਮਾ ਤੈਨੂੰ…ਬੁੱਲ ਘੁੱਟਕੇ ਹਸਦੇ ਤੁੱਕੇ ਨੇ ਪਰ੍ਾੰ ਜੇ ਨੂੰ ਹੋ ਕੇ ਇੱਕ ਫੁੱਲਾੰ ਆਲੇ ਰੁਮਾਲ ਦੀਆੰ ਚਾਰੇ ਤਹਿਆੰ ਹੌਲੀ ਹੌਲੀ ਕਰਕੇ ਖੋਲ੍ੀਆੰ, ਦੇਖਿਆ ਤਾੰ ਰੁਮਾਲ ਚ ਚਿੱਤਮ ਚਿੱਤੀਆੰ ਬੂਟੀਆੰ ਆਲੀਆੰ ਕੁੜੀਆੰ ਆਲੀਆੰ ਜਰਾਬਾੰ ਤਹਿ ਕਰਕੇ ਰੱਖੀਆੰ ਚਮਕੀਆੰ..
ਬੱਲੇ ਉਏ ਰਾੰਝੇ ਦਿਆ ਭਤੀਜਿਆ !!! ਹੱਦ ਏ ਕਰੀ ਜਾਨੈ… ਕਿਆ ਵਧੀਆ ਕੀਮਤੀ ਖਜਾਨਾ ਸਾੰਭਕੇ ਰੱਖਿਐ ਤੁੱਕਿਆ.. ਮੈੰ ਉੱਚੀ ਹਸਦਿਆੰ ਬੋਲਿਆ…
ਹੌਲੀ ਬਾਈ ਹੌਲੀ…. ਐਮੇ ਰੌਲਾ ਨਾੰ ਪਾ ਯਾਰ ਕਬੀਲਦਾਰਾ…
ਸਮਾੰ ਲੰਘਦਾ ਗਿਆ, ਤੁੱਕੇ ਤੇ ਜਰਾਬਾੰ ਆਲੀ ਦੇ ਪਿਆਰ ਦੀ ਚੰਗਿਆੜੀ ਮਾੜ੍ੀ ਮਾੜ੍ੀ ਸੁਲਘਦੀ ਰਹੀ ਪਰ ਲਟ ਲਟ ਨਾੰ ਬਲ੍ੀ ਤੇ ਨਾੰ ਈ ਬੁਝੀ,ਤੁੱਕੇ ਖਾਣਾ ਆਰਥਿਕ ਪੱਖੋੰ ਹੌਲ੍ਾ ਹੋਣ ਕਰਕੇ ਵੀ ਬਹੁਤਾ ਜੇਰਾ ਨਾੰ ਕੱਢ ਸਕਿਆ ਤੇ ਦੀਪਿਕਾ ਨੇ ਚਾਹੁੰਦੇ ਹੋਏ ਵੀ ਅੱਗੇ ਬਹੁਤਾ ਹੱਥ ਨਾੰ ਵਧਾਇਆ, ਸ਼ਾਇਦ ਉਹ ਵੀ ਜਾਣਦੀ ਸੀ ਕਿ ਉਹਦੇ ਸ਼ਹਿਰੀ ਪਰਿਵਾਰ ਨੇ ਇਹ ਰਿਸ਼ਤਾ ਕਦੇ ਮਨਜੂਰ ਨੀ ਸੀ ਕਰਨਾ
ਫੇਰ ਅਚਾਨਕ ਸਾਡੀਆੰ ਸਭ ਦੀਆੰ ਜਿੰਦਗੀਆੰ ਕਈ ਟੇਢੇ ਮੇਢੇ ਮੋੜ ਮੁੜਦੀਆੰ ਆਪੋ ਅਪਣੇ ਰਾਹ ਪੈ ਗਈਆੰ, ਬੀ ਏ ਫਾਇਨਲ ਸ਼ੁਰੂ ਹੁੰਦੇ ਸਾਰ ਏ ਜਰਾਬਾੰ ਆਲੀ ਦਾ ਵਿਆਹ ਆਸਟਰੇਲੀਆ ਤੋੰ ਆਏ ਮੁੰਡੇ ਨਾਲ ਹੋ ਗਿਆ, ਸ਼ਾਇਦ ਚੁੰਨੀ ਚੜ੍ਾਅ ਕੇ ਈ ਫੇਰੇ ਕਰ ਦਿੱਤੇ ਸੀ,ਤੁੱਕੇ ਖਾਣੇ ਦਾ ਬਾਪੂ ਅਚਾਨਕ ਚੱਲ ਵਸਿਆ, ਪਰਿਵਾਰ ਦੀ ਸਾਰੀ ਜੁੰਮੇਵਾਰੀ ਤੁੱਕੇ ਤੇ ਆ ਗਈ ਸੀ, ਉਹ ਬੀ ਏ ਫਾਈਨਲ ਸ਼ੁਰੂ ਈ ਨਾੰ ਕਰ ਸਕਿਆ, ਪੜ੍ਾਈ ਵਿੱਚੇ ਛੱਡਕੇ ਮਿੰਨੀ ਬੱਸ ਤੇ ਕੰਡਕਟਰ ਜਾ ਲੱਗਿਆ, ਤਿੰਨ ਕੁ ਮਹੀਨੇ ਬਾਅਦ ਮੈੰ ਵੀ ਕੋਈ ਜੁਗਾੜ ਲਾਕੇ ਕਨੇਡਾ ਆ ਗਿਆ, ਇੱਥੇ ਆਕੇ ਕਈ ਸਾਲਾੰ ਦੀ ਉਡੀਕ ਬਾਅਦ ਪੱਕਾ ਹੋਕੇ ਮੁੜਕੇ ਦੇਸ ਗਿਆ..
ਸੀਤਲ ਸਿੰਘ ਤੁੱਕਾ ਪੂਰਾ ਕਬੀਲਦਾਰ ਬਣ ਗਿਆ ਸੀ, ਵਿਆਹ ਹੋ ਗਿਆ ਸੀ, ਉਹਨੇ ਅਪਣੀ ਇਨੋਵਾ ਗੱਡੀ ਲੈਕੇ ਟੂਰਿਸਟ ਪਰਮਿਟ ਨਾਲ ਟੈਕਸੀ ਪਾਈ ਹੋਈ ਸੀ, ਮੈੰ ਸਭ ਦਾ ਹਾਲ ਪੁਛਿਆ, ਮਿੱਠੀ ਮਿਸ਼ਰੀ ਬੀ ਏ ਬੀ ਐਡ ਕਰਕੇ ਭਰਤਗੜ੍ ਸਕੂਲ ਚ ਟੀਚਰ ਲੱਗ ਗਈ ਸੀ, ਜਰਾਬਾੰ ਆਲੀ ਦੀ ਕੋਈ ਖਬਰ ਨੀ ਸੀ, ਪਰ ਉਹਦਾ ਡੈਡੀ ਮਨਿਆਰੀ ਵਾਲਾ ਚੱਲ ਵਸਿਆ ਸੀ, ਕੈਨੇਡਾ ਵਾਪਸ ਮੁੜਕੇ ਆਕੇ ਹੁਣ ਮੈੰ ਤੁੱਕੇ ਨਾਲ ਫੋਨ ਤੇ ਗੱਲ ਬਾਤ ਕਰਦਾ ਰਹਿੰਦਾ ..
ਇੱਕ ਦਿਨ ਸਵੇਰੇ ਸਾਝਰੇ ਈ ਫੋਨ ਖੜਕਿਆ, ਅੱਗਿਉੰ ਤੁੱਕੇ ਖਾਣਾ ਟਹਿਕਿਆ..
ਕਿੱਕਣ ਐੰ ਕਬੀਲਦਾਰਾ..!! ਕੈ ਦਿਨ ਹੋਗੇ ਫੋਨ ਏੰ ਨੀ ਕਰਿਆ !!! ਠੀਕ ਐੰ……??
ਕਿਆ ਗੱਲ ਤੁੱਕੇ !! ਕਿੱਕਣ ਪਤਾਸੇ ਭੋਰਨ ਲੱਗ ਪਿਆ ਸਵੇਰੇ ਸਵੇਰੇ… ਕਿਆ ਲੱਭ ਗਿਆ ਤੈਨੂੰ …??
ਬੁੱਝ ਤਾੰ ਬਾਈ ਭਲਾੰ ਕਿਆ ਲੱਭਿਆ ਹੋਊ.. ਫੇਰ ਆਪੇ ਈ ਬਿਨਾ ਹੁੰਘਾਰਾ ਉਡੀਕੇ ਉਧੜ ਪਿਆ….. ਬਾਈ ਇੱਕ ਵਾਰੀ ਤਾੰ ਪੂਰਨਮਾਸ਼ੀ ਆਲੇ ਦਿਆਲੇ ਆਲੀ ਫੀਲਿੰਗ ਆਗੀ ਤੀ, ਯਾਦ ਐ ਜਦ ਸ਼ਾਮੋ ਕਿੰਨੇ ਸਾਲਾੰ ਬਾਅਦ ਦਿਆਲੇ ਦੇ ਟਾੰਗੇ ਪਰ ਚੜਦ੍ੀ ਐ….
ਮਹੀਨਾ ਕੁ ਹੋਇਆ, ਦਿੱਲੀ ਆਇਆ ਮੈੰ ਏਅਰਪੋਟ ਤੋੰ ਸਵਾਰੀ ਲੈਣ, ਬੇਲੇ ਚੌੰਕ ਤੋੰ ਬੁੱਕ ਹੋਈ ਤੀ ਗੱਡੀ, ਇੱਕ 16-17 ਸਾਲ ਦਾ ਮੁੰਡਾ ਨਾਲ ਆਇਆ ਮੇਰੇ ਦਿੱਲੀ ਨੂੰ ਕਹਿੰਦਾ ਮੇਰੀ ਭੂਆ ਜੀ ਨੇ ਆਉਣੈ, ਪੰਜ ਨੰਬਰ ਗੇਟ ਦੇ ਬਾਹਰ ਜੰਗਲੇ ਨਾਲ ਲੱਗੇ ਖੜ੍ੇ ਅਸੀੰ ਦੋਏ ਜਣੇ ਅੰਦਰੋੰ ਆੰਉੰਦੀਆੰ ਰੰਗ ਬਰੰਗੀਆੰ ਸਵਾਰੀਆੰ ਦੀਆੰ ਟੋਲੀਆੰ ਦੇਖਦੇ ਅਪਣੀ ਸਵਾਰੀ ਉਡੀਕਣ ਲੱਗੇ…
ਔਹ ਆਗੀ ਭੂਆ ਜੀ…! ਖੁਸ਼ ਹੁੰਦਿਆੰ ਮੁੰਡੇ ਨੇ ਹੱਥ ਉੱਚਾ ਕਰਕੇ ਹਿਲਾਇਆ, ਅਚਾਨਕ ਇਕ ਦਮ ਸਾਹਮਣੇ ਸਮਾਨ ਆਲੀ ਰੇੜ੍ੀ ਰੋੜ੍ੀ ਆਉੰਦੀ ਜਰਾਬਾੰ ਆਲੀ ਨੂੰ ਦੇਖਕੇ ਕਬੀਲਦਾਰਾ ਮੈੰ ਤਾੰ ਡੌਰ ਭੌਰਾ ਜਾ ਏ ਹੋ ਗਿਆ, ਨੇੜੇ ਆਕੇ ਮੈਨੂੰ ਬਿਨਾ ਦੇਖੇ ਰੇੜ੍ੀ ਛੱਡਕੇ ਭਤੀਜੇ ਨੂੰ ਘੁੱਟਕੇ ਜੱਫੀ ਪਾਕੇ ਮਿਲੀ, ਪਿਆਰ ਦਿੱਤਾ, ਐਨੇ ਚਿਰ ਨੂੰ ਮੈੰ ਸੰਭਲਦਿਆੰ ਰੇੜ੍ੀ ਫੜਕੇ ਸਤ ਸ੍ੀ ਕਾਲ ਬਲਾਈ…
ਤੁੱਕੇ ਤੂੰ……..!!! ਮੈਨੂੰ ਦੇਖਕੇ ਜਣੀ ਬਾਈ ਉਹ ਇਕ ਪਲ ਲਈ ਸਾਹ ਲੇਣਾ ਏ ਭੁੱਲ ਗੀ..
ਹਾੰ ਜੀ ਹਾੰ ਜੀ .. ਲੇਣ ਆਏ ਐੰ ਥੁਆੰਨੂੰ, ਕਹਿੰਦਿਆੰ ਮੈੰ ਰੇੜ੍ੀ ਧੱਕਦਾ ਪਾਰਕਿੰਗ ਵੱਲ ਨੂੰ ਤੁਰ ਪਿਆ, ਪਿੱਛੇ ਤੁਰੀ ਆਉੰਦਿਆੰ ਦੋ ਕੁ ਗੱਲਾੰ ਭਤੀਜੇ ਨਾਲ ਕਰੀਆੰ , ਸ਼ਾਇਦ ਮੇਰੇ ਵਾਰੇ , ਫੇਰ ਤੇਜ ਹੋਕੇ ਨਾਲ ਆ ਰਲ੍ੀ ਮੇਰੇ…
ਤੁੱਕੇ ਆਹ ਕਿਆ….?? ਡਰੈਵਰ ਬਣ ਗਿਆ… !! ਬੀ ਏ ਨੀ ਕਰੀ……??
ਨਹੀੰ ਜੀ….
ਕਿਸਮਤ ਚ ਡਰੈਵਰੀ ਉ ਤੀ ਜੀ…
ਉਏ ਆਹ ਕੀ ਜੀ ਜੀ ਲਾਈ ਐ……????
ਮੈਨੂੰ ਕਬੀਲਦਾਰਾ ਭੱਜਕੇ ਪਈ… ਮੈੰ ਚੁੱਪ ਕਰ ਗਿਆ, ਪਰ ਬਾਈ ਸੱਚ ਜਾਣੀ, ਉਹਦੀ ਇਹ ਘੂਰੀ ਨਾਲ ਮੈਨੂੰ ਧੁਰ ਅੰਦਰ ਤੱਕ ਉਹ ਸਕੂਨ ਮਿਲਿਆ… ਬੱਸ ਪੁੱਛ ਨਾੰ ਕਬੀਲਦਾਰਾ !! ਅੰਦਰ ਠਰ ਗਿਆ ਜਣੀ…
ਗੱਡੀ ਚ ਸਾਰੇ ਰਾਹ ਗੱਲਾੰ ਕਰਦੀ ਆਈ, ਮੈੰ ਉਹਦੇ ਡੈਡੀ ਦਾ ਅਫਸੋਸ ਕੀਤਾ, ਉਹਦਾ ਭਾਈ ਮੇਨ ਬਜਾਰ ਆਲੀਆੰ ਦੁਕਾਨਾੰ ਵੇਚਕੇ ਬੇਲੇ ਚੌੰਕ ਨੇੜੇ ਰਹਿਣ ਲੱਗ ਪਿਆ ਸੀ, ਭਾਈ ਵੀ ਬਿਮਾਰ ਏ ਰਹਿੰਦਾ ਸੀ, ਹੁਣ ਭਤੀਜਾ ਨਾਲ ਦੁਕਾਨ ਤੇ ਬੈਠਦਾ..
ਤੁੱਕੇ ਮੈੰ ਤਾੰ ਸੋਚਦੀ ਤੀ ਵਈ ਬੀ ਐੱਡ ਕਰਕੇ ਹੁਣ ਤੱਕ ਕਿਤੇ ਟੀਚਰ ਲੱਗ ਗਿਆ ਹੋਮੇੰਗਾ ਜਾੰ ਗਹਾੰ ਐਮ ਏ ਕਰ ਗਿਆ ਹੋਮੇੰਗਾ, ਮੈੰ ਜਦ ਬਾਪੂ ਦੇ ਤੁਰ ਜਾਣ ਵਾਰੇ ਤੇ ਮਗਰੋੰ ਮਿੰਨੀ ਬੱਸ ਦੀ ਕੰਡਕਟਰੀ ਤੋੰ ਲੈਕੇ ਆਹ ਟੈਕਸੀ ਤੱਕ ਦਾ ਸਫਰ ਸੁਣਾਇਆ ਤਾੰ ਬਾਈ ਕਬੀਲਦਾਰਾ ਉਹਨੇ ਧੁਰ ਅੰਦਰੋੰ ਹਾਉਕਾ ਭਰਿਆ.. ਮੈਨੂੰ ਗੱਡੀ ਚਲਾਉੰਦੇ ਨੂੰ ਦੂਰ ਤੱਕ ਡੂੰਘਾ ਜਾੰਦਾ ਸਾਹ ਸੁਣਿਆੰ ਉਹਦਾ, ਫੇਰ ਖਾਸਾ ਚਿਰ ਸਾਡੇ ਦੋਹਾੰ ਚੋੰ ਕੋਈ ਨਾੰ ਬੋਲਿਆ….
ਤਿੰਨ ਹਫਤੇ ਦੀ ਛੁੱਟੀ ਚ ਮੈੰ ਈ ਉਹਨੂੰ ਕਈ ਰਿਸ਼ਤੇਦਾਰਾੰ ਦੇ ਮਿਲਾਉਣ ਲੇਕੇ ਗਿਆ, ਆਨੰਦਪੁਰ ਸਾਹਿਬ, ਨੰਗਲ ਤੇ ਇਕ ਦਿਨ ਨੈਣਾ ਦੇਵੀ ਦਰਸ਼ਣ ਕਰਵਾ ਕੇ ਲਿਆਇਆ, ਥੁਆਡਾ ਸਭਨਾ ਦਾ ਹਾਲ ਪੁੱਛਦੀ ਰਹੀ, ਕੌਣ ਕਿਆ ਕਰਦੈ, ਕਿੱਥੇ ਐ, ਸਭ ਪੁੱਛਿਆ ਉਹਨੇ ਬਾਈ…. ਕਬੀਲਦਾਰਾ ਮੇਰਾ ਵੀ ਦਿਲ ਕਰਿਆ ਬੀ ਉਹਦੀ ਜਿੰਦਗੀ ਦਾ ਵਰਕਾ ਫੋਲਾੰ ਪਰ ਹਿੰਮਤ ਨਾੰ ਪਈ ਪੁੱਛਣ ਦੀ, ਪਹਿਰਾਵੇ ਤੋੰ ਤਾੰ ਅਮੀਰੀ ਝਲਕਦੀ ਤੀ ਉਹ ਦਪਿਹਰ ਖਿੜੀ ਆਲਾ ਹਾਸਾ ਨੀ ਸੁਣਿਆੰ , ਸੱਤਰੰਗੀਆੰ ਜਰਾਬਾੰ ਦਾ ਰੰਗ ਵੀ ਮੱਧਮ ਪੈਕੇ ਉਦਾਸ ਭੂਰੇ ਜੇ ਰੰਗ ਚ ਬਦਲ ਗਿਆ ਤਾ, ਸਾਰੀਆੰ ਛੁੱਟੀਆੰ ਉਹੀ ਰੰਗ ਰਿਹਾ…
ਤਿੰਨ ਹਫਤੇ ਮਗਰੋੰ ਮੈੰ ਈ ਉਹਨੂੰ ਦਿੱਲੀ ਛੱਡਣ ਆਇਆ, ਭਾਈ ਤੇ ਭਤੀਜੇ ਨੇ ਦੁਕਾਨ ਬੰਦ ਨਾ ਕਰੀ…ਦੀਪਿਕਾ ਅੰਦਰ ਜਾਣ ਨੂੰ ਤਿਆਰ ਤੀ ਡੀਪਾਰਚਰ ਗੇਟ ਦੇ ਸਾਹਮਣੇ ਅਸੀੰ ਦੋਏ ਬਰਾੰਡੇ ਚ ਖੜ੍ੇ ਤੇ…
ਚੰਗਾ ਫੇਰ ਤੁੱਕੇ..! ਵਧੀਆ ਵੀ ਲੱਗਿਆ, ਐਨੇ ਚਿਰ ਬਅਦ ਮਿਲਕੇ ਤੇ ਦੁਖੀ ਵੀ ਹੋਈ ਤੇਰੀ ਤੋਤੇ ਰੰਗੀ ਪੱਗ ਦਾ ਘਸਮੈਲ੍ਾ ਹੋਇਆ ਰੰਗ ਦੇਖਕੇ….
ਉਹੀ ਪੁਰਾਣੇ ਸੁਭਾਅ ਮੰਗਣ ਸਿੱਧੀ ਉ ਬੋਲੀ..
ਚਲ ਕੋਈ ਨੀ ਖੁਸ਼ ਰਿਹਾ ਕਰ …..
ਚੰਗਾ ਜਰਾਬਾੰ ਆਲੀਏ..! ਤੂੰ ਵੀ ਖਿਆਲ ਰੱਖਿਆ ਕਰੀੰ ਅਪਣਾ… ਖਬਰ ਸਾਰ ਭੇਜਦੀ ਰਹੀੰ…. ਹਿੰਮਤ ਕਰਕੇ ਮੈੰ ਵੀ ਪੁਰਾਣੇ ਅੰਦਾਜ ਚ ਬੋਲ ਗਿਆ…. ਇੱਕ ਦਮ ਚਮਕਦੀਆੰ ਅੱਖਾੰ ਨਾਲ ਉਹਨੇ ਮੇਰੇ ਕੰਨੀੰ ਦੇਖਿਆ.. ਉਹਦੇ ਬੁਲ੍ਾੰ ਤੇ ਉਹੀ ਕਾਲਜ ਟੈਮ ਆਲਾ੍ ਸ਼ਰਾਰਤੀ ਹਾਸਾ ਉਭਰ ਆਇਆ ਤੀ…
ਜੁਗੜਿਆੰ ਮਗਰੋੰ ਤੇਰੇ ਮੂੰਹੋੰ ਜਰਾਬਾੰ ਆਲੀ ਨਾਉੰ ਸੁਣਕੇ ਲੱਗਿਐ ਜਿਕਣ ਪਤਾ ਨੀ ਕਦ ਦੀ ਮੇਲੇ ਚ ਖੋਈ ਹੋਈ ਮੁੜਕੇ ਘਰ ਆਗੀ ਹੋਮਾੰ… ਤਿੰਨ ਹਫਤੇ ਹੋਗੇ ਤੇ ਉਡੀਕਦੀ ਨੂੰ… ਪਰ ਭਰੋਸਾ ਤਾ ਵਈ ਇੱਕ ਵਾਰੀ ਕਹੇੰਗਾ ਜਰੂਰ .. ਚਾਹੇ ਜਾਣ ਲੱਗੀ ਨੂੰ ਕਹੇੰ…
ਜਰਾਬਾੰ ਆਲੀ ਅਪਣਾ ਨਾਉੰ ਸੁਣਕੇ ਫੁਲਝੜੀ ਮੰਗਣ ਜਗਣ ਲੱਗਪੀ ਤੀ ਬਾਈ….
ਤੁੱਕੇ ਹੁਣ ਤਾੰ ਦੱਸ ਦੇਹ ਫੇਰ ਕਿੱਥੇ ਐੰ ਜਰਾਬਾੰ ਜਿਹੜੀਆੰ ਨਕਸੀਰ ਚੱਲੀ ਟੈਮ ਲਾਹੀਆੰ ਤੀ ਤੂੰ….? ਮੈੰ ਪਈ ਪਈ ਨੇ ਚੋਰੀ ਦੇਣੇ ਦੇਖ ਲਿਆ ਤਾ ਤੈਨੂੰ ਚੱਕ ਕੇ ਖੀਸੇ ਚ ਪਾਉੰਦੇ ਨੂੰ……
ਪਹਿਲਾੰ ਤਾੰ ਸਾੰਭ ਕੇ ਰੱਖੀਆੰ… ਫੇਰ ਵਿਆਹ ਤੋੰ ਬਾਅਦ ਘਰ ਆਲੀ੍ ਨੂੰ ਦੇ ਤੀਆੰ… ਦਿਨ ਸੁਦ ਨੂੰ ਪਾ ਲੈੰਦੀ ਤੀ…. ਜਦ ਮੈੰ ਕਹਿੰਦਾ ਤਾ ਪਾਉਣੇ ਨੂੰ…. ਫੇਰ ਹੌਲੀ ਹੌਲੀ ਘਸਕੇ ਪਾਟ ਗੀਆੰ … ਪਾਉਣੇ ਜੋਗੀਆੰ ਨੀ ਰਹੀਆੰ… ਸਿੱਟੀਆੰ ਤਾੰ ਨੀ… ਪਰ ਫੇਰ ਟਿੱਡੀਆੰ ਨੇ ਖਾ ਲੀਆੰ ਟਰੰਕ ਚ ਪਈਆੰ ਪਈਆੰ…..
ਤੇਰੇ ਆਹੀ ਸਿੱਧ ਪੁੱਧਰੇ ਬੋਲਾੰ ਨੇ ਦੂਰ ਹੋਕੇ ਵੀ ਦੂਰ ਨੀ ਹੋਣ ਦਿੱਤਾ ਤੇਰੇ ਤੋੰ ਹੁਣ ਤੱਕ ਤੁੱਕੇ…
ਦੀਪਿਕਾ ਨੇ ਅਪਣੇ ਦੋਨਾੰ ਹੱਥਾੰ ਚ ਮੇਰਾ ਸੱਜਾ ਹੱਥ ਘੁੱਟ ਕੇ ਫੜ ਲਿਆ ਤਾ…
ਤੁੱਕਿਆ !! ਜੇ ਕਿਤੇ ਤੇਰੀ ਕਿੱਕਰ ਛਾੰਮੇ ਈ ਬੈਠ ਲੈੰਦੀ ਦੋ ਘੜੀਆੰ… ਤੁੱਕਿਆੰ ਦੇ ਕਾੰਟੇ ਪਾ ਕੇ…..ਆਹ ਸੋਨੇ ਦੇ ਕਾੰਟਿਆੰ ਨੇ ਤਾੰ ਮੇਰੇ ਕੰਨ ਤੋੜਨੇ ਆਲੇ ਕਰਤੇ…..
ਤੂੰ ਹਾਮ੍ੀ ਤਾੰ ਭਰਦੀ ਜਰਾਬਾੰ ਆਲੀਏ… ਰੇਸ਼ਮੀ ਡੋਰੀਆੰ ਦੀ ਪੀੰਘ ਪਾ ਦਿੰਦਾ ਕਿੱਕਰ ਪਰ ਤੇਰੇ ਵਾਸਤੇ…ਕਿੱਕਰ ਨੂੰ ਵੀ ਪਤਾਸੇ ਲੱਗਿਆ ਕਰਨੇ ਤੇ ਫੇਰ ਤਾੰ …
ਅਸੀੰ ਦੋਏ ਜਣੇ ਇੱਕ ਪਲ ਲਈ ਮੁੜਕੇ ਫੇਰ ਰੋਪੜ ਕਾਲਜ ਦੀ ਕੰਟੀਨ ਆਲੇ ਅੰਬ ਥੱਲੇ ਜਾ ਖੜ੍ੇ ਤੇ ….
ਮੇਰਾ ਹੱਥ ਹਾਲੇ ਵੀ ਉਹਨੇ ਘੁੱਟਕੇ ਫੜਿਆ ਹੋਇਆ ਤਾ…
ਝਾੰਮੇ ਵਰਗਾ ਹੱਥ ਐ, ਜਰਾਬਾੰ ਆਲੀਏ !! ਦੇਖੀੰ ਕਿਤੇ ਤੇਰੇ ਹੱਥਾੰ ਪਰ …..
ਕਹਿੰਦਾ ਮੈੰ ਹੱਸ ਪਿਆ…
ਖਰਖਰੇ ਨਾਲੋੰ ਤਾੰ ਮਲਾਇਮੇੰ ਹੁੰਦੈ ਝਾੰਮਾ….
ਲੰਬਾ ਸਾਹ ਲੈੰਦਿਆੰ ਦੀਪਿਕਾ ਇੱਕੇ ਸ਼ਬਦ ਚ ਅਪਣੀ ਜਿੰਦਗੀ ਦੀ ਕਿਤਾਬ ਖੋਲ੍ ਕੇ ਦਿਖਾਅ ਚੱਲੀ ਤੀ….
ਫੇਰ ਹਸਦਿਆੰ ਮੇਰਾ ਹੱਥ ਛੱਡਕੇ ਅਲਵਿਦਾ ਕਹਿੰਦਿਆੰ ਉਹ ਗੇਟ ਵੱਲ ਨੂੰ ਤੁਰ ਪਈ,
ਅੰਦਰ ਵੜਨ ਤੋੰ ਪਹਿਲਾੰ ਮੁੜਕੇ ਦੇਖਿਆ ਤੇ ਉੱਚੀ ਦੇਣੇ ਬੋਲੀ…..
“”ਰੁਮਾਲ ਹੈਗਾ ਹਾਲੇ ਵੀ ਤੁੱਕੇ……
ਨਾੰ ਘਸਿਐ …… ਨਾੰ ਟਿੱਡੀਆੰ ਨੇ ਟੁੱਕਿਐ…
ਕਹਿਕੇ ਚਾੰਦੀ ਰੰਗੀ ਕੰਧ ਉਹਲੇ ਹੋ ਗਈ…
🌸🌺. 💐🌼. 🌷🌹
ਸੁਣਦੈੰ ਕਬੀਲਦਾਰਾ ….???
ਉ ਕਬੀਲਦਾਰਾ …… ਕੱਟ ਗਿਆ ਫੋਨ ……??
ਨਹੀੰ ਨਹੀੰ ਸੁਣੀ ਜਾਨੈ…. ਹਾੰ ਹਾੰ ਬੋਲ ….
ਬੱਸ ਫੇਰ ਕਬੀਲਦਾਰਾ … ਮੈੰ ਅਰ ਉਹ ਚਾੰਦੀ ਰੰਗੀ ਕੰਧ …ਕਿੰਨਾ ਈ ਚਿਰ ਇੱਕ ਦੂਜੇ ਕੰਨੀ ਦੇਖ ਦੇਖ ਮੁਸਕਰਾਉੰਦੇ ਰਹੇ….
ਮੈਨੂੰ ਤੁੱਕੇ ਖਾਣਾ ਅਪਣੀ ਕਿੱਕਰ ਥੱਲੇ ਬਾਗੋ ਬਾਗ ਹੋਇਆ ਬੈਠਾ ਦਿਖਾਈ ਦੇ ਰਿਹਾ ਸੀ, …ਉਹਦੇ ਪਿੱਛੇ ਕਿੱਕਰ ਦੇ ਉਪਰ ਦੀ ਬੁੜ੍ੀ ਮਾਈ ਦੀ ਸਤਰੰਗੀ ਪੀੰਘ ਪਈ ਹੋਈ ਸੀ…
ਦੂਰ ਰੋਪੜ ਥਰਮਲ ਦੀਆੰ ਚਿਮਨੀਆੰ ਚੋੰ ਯਾੰਦਾੰ ਦਾ ਸੁਰਮੇ ਰੰਗਾੰ ਧੂੰਆੰ ਮਹਿਕਾੰ ਛੱਡਦਾ ਉੱਠ ਰਿਹਾ ਸੀ……

ਨਵਾਂ ਕੋਟ

by admin December 11, 2018

ਐਤਕੀੰ ਦੇ ਸਿਆਲ ਆੰਉਦਿਆੰ ਈ ਠੰਢ ਤੋੰ ਬਚਣ ਲਈ ਨਵਾੰ ਕੋਟ ਲੈਣ ਦੀਆੰ ਸਲਾਹਾੰ ਕਰਦਾ ਸੋਚਾੰ ਚ ਪਿਆ ਹੋਇਆ ਸੀ …ਨਵਾੰ ਕੋਟ ਲੈ ਲਵਾੰ ਕਿ ਹਾਲੇ ਆਹ ਸਾਲ ਵੀ ਪੁਰਾਣੇ ਨਾਲ ਈ ਕੱਢ ਲਵਾੰ..ਜੋਤ ਮੁੜ ਮੁੜ ਕਹੀ ਜਾਵੇ,’ਹੁਣ ਤਾੰ ਲੈ ਲੈ ਚੱਜ ਦੇ ਕੱਪੜੇ ਦੋ ਚਾਰ!!ਡਾ: ਬਣ ਗਿਐੰ..ਰੋਜ਼ ਕਲੀਨਿਕ ਆਹ ਪੁਰਾਣਾ ਕੋਟ ਪਾ ਕੇ ਜਾਇਆ ਕਰੇੰਗਾ?? ਬਜ਼ਾਰਾੰ ਚ ਸਿਆਲੂ ਮੋਟੇ ਕੋਟ ,ਕੋਟੀਆੰ ,ਸਵੈਟਰ ਪਹੁੰਚ ਗਏ ਸੀ ਟੌਮੀ ਪੋਲੋ ਸੀ ਕੇ ਤੇ ਹੋਰ ਕਈ ਜਿੰਨਾੰ ਦੇ ਪਹਿਲਾੰ ਕਦੇ ਨਾੰਉ ਵੀ ਨੀ ਸੀ ਸੁਣੇ,ਨਾਮੀ ਗਰਾਮੀ ਕੰਪਨੀਆੰ ਦੇ ਨਵੇੰ ਨਵੇੰ ਡਿਜ਼ਾਇਨਾ ਵਾਲੇ ਕੋਟ ਸਵੈਟਰ ਸਜੇ ਪਏ ਸੀ ਪਰ ਇਹਨਾੰ ਚੋੰ ਬਹੁਤਿਆੰ ਦੇ ਮੁੱਲ ਵਾਲੀ ਪਰਚੀ ਪੜ੍ ਕੇ ਕੋਟ ਦੇ ਕੱਪੜੇ ਚੋੰ ਤੱਤਾ ਤੱਤਾ ਸੇਕ ਮਾਰਨ ਲਗਦਾ, ਪਰ ਫੋਲਾ ਫਾਲੀ ਕਰਦਿਆੰ ਇੱਕ ਦਰਮਿਆੰਨਾੰ ਜਿਹਾ ਕੋਟ ਚੁੱਕ ਕੇ ਪਾ ਕੇ ਦੇਖਿਆ ਤੇ ਦੁਕਾੰਨ ਚ ਲੱਗੇ ਸ਼ੀਸ਼ੇ ਅੱਗੇ ਖੜ੍ਕ ਕੇ ਬਟਣ ਬੰਦ ਕਰਕੇ ਸੱਜੇ ਖੱਬੇ ਘੁੰਮਦਿਆੰ ਪਸੰਦ ਕਰਕੇ ਖਰੀਦ ਲਿਆੰਦਾ ਦਿਨਾੰ ਚ ਹੀ ਚੰਗੀ ਠੰਢ ਉਤਰ ਆਈ ,ਬਰਫ ਦੇ ਢੇਰ ਲੱਗ ਗਏ ।

ਹੁਣ ਰੋਜ਼ ਸਵੇਰੇ ਜਦ ਕੰਮ ਤੇ ਜਾਣ ਲੱਗਿਆ ਇਹ ਨਮਾੰ ਕੋਟ ਪਾਉਨੈੰ ਤਾੰ 30 ਸਾਲ ਪਹਿਲਾੰ ਲੁਧਿਆਣੇ ਘੰਟਾਘਰ ਕੋਲ ਬੈਠੇ ਨਿਪਾਲੀਆੰ ਤੋੰ ਬਾਬੇ ਦਾ ਲੈਕੇ ਦਿੱਤਾ ਭੂਰੇ ਰੰਗ ਦਾ ਕੋਟ ਚੇਤੇ ਆ ਜਾੰਦੈ…..ਬੜਾ ਨਿੱਘਾ ਕੋਟ ਸੀ, ਲੋਹੜੀ ਵੇਲੇ ਦੇ ਧੁੰਦਾੰ ਵਾਲੇ ਦਿਨਾੰ ਚ ਵੀ ਠੰਢ ਨੀ ਸੀ ਲੱਗਣ ਦਿੰਦਾ ਸ਼ਾਇਦ ਪਹਿਲਾੰ ਕਿਸੇ ਹੋਰ ਠੰਢੇ ਮੁਲਕ ਚ ਵਰਤ ਹੋ ਫਿਰ ਇਧਰ ਮੇਰੇ ਭਾਗਾੰ ਦਾ ਨਿੱਘ ਲੈਕੇ ਆਇਆ ਸੀ ਪਹਿਲੇ 2-3 ਸਿਆਲ੍ ਤਾੰ ਵਧੀਆ ਕੱਢ ਗਿਆ,ਅਗਲੇ ਸਾਲ ਨੂੰ ਕੂਹਣੀਆੰ ਤੋੰ ਘਸਣ ਲੱਗ ਗਿਆ ਸੀ, ਗੁੱਟਾੰ ਕੋਲੋੰ ਵੀ ਢਿੱਲਾ ਹੋ ਗਿਆ , ਜੇਬ੍ਾੰ ਤੋੰ ਪਾਟ ਚੱਲਿਆ ਸੀ ਮਾਤਾ ਨੇ ਪਾਟਿਆ ਸਿਉੰ ਕੇ ਘਸੇ ਹੋਏ ਤੇ ਮੋਟੇ ਕੱਪੜੇ ਦੀਆੰ ਟਾਕੀਆੰ ਲਾ ਫੇਰ ਵਧੀਆ ਪਾਉਣ ਜੋਗਾ ਕਰ ਦਿੱਤਾ ਥੋੜਾ ਜਿਹਾ ਉੱਚਾ ਤਾੰ ਹੋ ਚੱਲਿਆ ਸੀ ਪਰ ਦੋ ਸਿਆਲ ਹੋਰ ਕੱਢ ਗਿਆ ਉਹਤੋੰ ਅਗਲੇ ਸਾਲ ਮੈੰ ਤੇ ਮੇਰੇ ਬੇਲੀ ਤਾਰੀ ਨੇ ਮਾਘੀ ਦੇ ਮੇਲੇ ਤਖਤੂਪੁਰੇ ਨੂੰ ਜਾੰਣ ਦੀ ਤਿਆਰੀ ਖਿੱਚਦਿਆੰ ਜਦ ਮੈੰ ਟਰੰਕ ਚੋੰ ਕੋਟ ਕੱਢ ਕੇ ਪਾਇਆ ਤਾੰ ਬਾਹਾੰ ਉਚੀਆੰ ਹੋ ਗਈਆੰ ਤੇ ੳਧਰੋੰ ਮਸੀੰ ਖਿੱਚ ਖੁੱਚ ਕੇ ਧੁੰਨੀ ਢਕੀ… ਐਧਰ ਤਾਰੀ ਦੀ ਕੋਟੀ ਨੂੰ ਵੀ ਟਿੱਡੀਆੰ ਟੁੱਕ ਗੀਆੰ ਸੀ ਮੈੰ ਤਾਰੀ ਨੂੰ ਪਾਟੀ ਕੋਟੀ ਨੂੰ ਕੁੜਤੇ ਦੇ ਹੇਠਾੰ ਦੀ ਪਾਉਣ ਦੇ ਜੁਗਾੜ ਕਰਦੇ ਨੂੰ ਰੋਕ ਕੇ ਆਪਣਾ ਉੱਚਾ ਕੋਟ ਫੜਾਉੰਦਿਆੰ ਕਿਹਾ,” ਤਾਰੀ..ਆਹ ਦੇਖੀੰ ਤਾੰ ਪਾਕੇ , ਤੇਰੇ ਆਜੂ ਮੇਚ !! ਮੱਧਰੇ ਕੱਦ ਦਾ ਤਾਰੀ ਐਨ੍ ਮੇਚ ਦਾ ਕੋਟ ਪਾਕੇ ਬਾਬੂ ਬਣਿਆੰ ਖੜ੍ਾ ਸੀ ਨਾਲੇ ਸੰਗਦੇ ਦਾ ਹਾਸਾ ਵੀ ਨੀ ਸੀ ਰੁਕ ਰਿਹਾ ਆਹ ਤਾੰ ਗੱਲ ਬਣਗੀ ਬਾਈ ..ਮੇਲਾ ਦੇਖਣ ਦਾ ਸੁਆਦ ਆਜੂ ਪਰ ਬਾਈ ਤੂੰ ??? ਬਾਗੋ ਬਾਗ ਹੁੰਦੇ ਤਾਰੀ ਨੂੰ ਮੇਰਾ ਫਿਕਰ ਪੈ ਚੱਲਿਆ ਸੀ ਤਾਰੀ ਆਲਾ ਜੁਗਾੜ ਹੁਣ ਮੈੰ ਕਰ ਲਿਆ ਸੀ ਠੀਕ ਐ ਬਾਈ … ਅੱਜ ਸਾਰੇ ਰਾਹ ਸੈਕਲ ਹੁਣ ਮੈੰ ਈ ਚਲਾਉੰ। ਲੰਬੇ ਕੁੜਤੇ ਦੇ ਹੇਠਾੰ ਦੀ ਤਾਰੀ ਆਲੀ ਪਾਟੀ ਕੋਟੀ ਪਾਕੇ ਉੱਤੋੰ ਦੀ ਚਿੱਤਮ ਚਿੱਤੀ ਖੇਸੀ ਦੀ ਬੁੱਕਲ ਮਾਰਕੇ ਹੌਲੀ ਤੋਰਦੇ ਤਾਰੀ ਦੇ ਸੈਕਲ ਮਗਰ ਮਾੜਾ ਜਿਹਾ ਭੱਜ ਕੇ ਹੁਝਕਾ ਜਿਹਾ ਮਾਰਦਿਆੰ ਮੈੰ ਬੈਠ ਗਿਆ ਅਤੇ ਕੋਟ ਤੇ ਮੇਲੇ ਦੇ ਚਾਅ ਚ ਤਾਰੀ ਨੇ ਸੈਕਲ ਦਾ ਬੰਬੂਕਾਟ ਬਣਾਅ ਦਿੱਤਾ।

ਲੰਘੇ ਸਮੇ ਨਾਲ ਬਹੁਤ ਕੁਛ ਬਦਲ ਗਿਆ ਪਰ ਅੱਜ ਆਹ ਪੋਲੋ ਦਾ ਕੋਟ ਵੀ ਉਹ ਟਾਕੀਆੰ ਵਾਲੇ ਕੋਟ ਤੇ ਖੇਸੀ ਜਿੰਨਾੰ ਨਿੱਘ ਨੀ ਦਿੰਦਾ ਹੁਣ ਸ਼ਾਇਦ ਮਨ ਤੇ ਲੱਗੀਆੰ ਫਿਕਰਾੰ ਦੀਆੰ ਟਾਕੀਆੰ ਚੋੰ ਠੰਢ ਅੰਦਰ ਨੂੰ ਸਿਮਦੀ ਰਹਿੰਦੀ ਐ… ਬਾਹਰਲਾ ਮਨ ਆਖਦੈ …ਵਈ ਪਛਾਣ ਕਿੱਥੋੰ ਹੁੰਦੀ ਐ ਇਨਸਾਨ ਦੀ ???? ਹੁਣ ਤਾੰ ਕੱਪੜੇ,ਕਾਰਾੰ,ਜੁੱਤੀਆੰ ਈ ਔਕਾਤ ਤੈਅ ਕਰਦੀਆੰ ਨੇ ਬੰਦੇ ਦੀ…… ,”ਬੋਰੀ ਤੇ ਬੈਠਦੇ ਨੂੰ ਪੀਹੜੀ ਮਿਲ ਗਈ ਰੱਬ ਦਾ ਸ਼ੁਕਰ ਕਰਿਆ ਕਰ .. ਨਮਾਰੀ ਪਲੰਘਾੰ ਤੇ ਚੜਨ੍ਾੰ ਬਹੁਤ ਔਖੇ ਤੇ ਮੁੜਕੇ ਧਰਤੀ ਤੇ ਪੈਰ ਰੱਖਣ ਨੂੰ ਤਰਸੇੰਗਾ.. ਹੈਸੀਅਤ ਵਾਲੀ ਬਾੰਸ ਦੀ ਚਾਰ ਕੁ ਡੰਡਿਆੰ ਵਾਲੀ ਪੌੜੀ ਈ ਠੀਕ ਰਹੂ ਤੈਨੂੰ…ਸੰਗਮਰਮਰ ਦੀਆੰ ਉੱਚੀਆੰ ਪੌੜੀਆੰ ਤੋੰ ਤਿਲਕ੍ ਗਿਆ ਤਾੰ ਮੁੜਕੇ ਉੱਠ ਨੀ ਹੋਣਾ……

ਇਉੰ ਅੰਦਰਲਾ ਬਾਈ ਬਾਹਰਲੇ ਮਨ ਨੂੰ ਸ਼ੀਸ਼ਾ ਦਿਖਾੰਉਦੈ ਤੇ ਬਾਹਰਲਾ ਦੇਖਣਾ ਨੀ ਚਾਹੁੰਦਾ

***ਅਪਨਾ ਚਿਹਰਾ ਨਾੰ ਬਦਲਾ ਗਿਆ…

ਆਇਨੇ ਪੇ ਖ਼ਫਾ ਹੋ ਗਏ******

ਪਤਲੀ ਨਿੱਬ ਵਾਲਾ ਪਾਈਲਟ ਦਾ ਪੈੱਨ

by admin December 10, 2018

ਉੱਚੀ ਪੜ੍ਹਾਈ ਦੇ ਕੋਰਸ ਚ ਦਾਖਲਾ ਮਿਲਿਆ ਤੇ ਪਹਿਲੀ ਵਾਰੀ ਘਰੋੰ ਬਾਹਰ ਹੋਸਟਲ ਚ ਜਾਕੇ ਰਹਿਣਾ ਸੀ , ਬਾਪੂ ਨੂੰ ਪੁੱਛਕੇ ਜਗਰਾਵਾੰ ਦੇ ਲੱਡੂ ਟੇਲਰ ਤੋੰ 3 ਪੈੰਟਾੰ ਤੇ 3 ਝੱਗੇ ਨਮੇ ਡਿਜ਼ਾਇਨ ਦੇ ਸੰਵਾਅ ਲਏ… ਕੋਰਸ ਸ਼ੁਰੂ ਹੋਣ ਤੋੰ 3-4 ਦਿਨ ਪਹਿਲਾੰ ਈ ਮੈੰ ਤੇ ਬਾਪੂ ਦੱਖਣੀ ਭਾਰਤ ਦੇ ਵੱਡੇ ਸ਼ਹਿਰ ਪਹੁੰਚ ਗਏ , ਦੱਖਣ ਚ ਆਰਜ਼ੀ ਬਜ਼ਾਰ ਮੇਲਿਆੰ ਵਾੰਗੂ ਲਗਦੇ ਨੇ , ਹਰ ਕਿਸਮ ਦੀਆੰ ਚੀਜ਼ਾੰ ਸਸਤੀਆੰ ਮਿਲ ਜਾੰਦੀਆੰ ਨੇ , ਅਸੀੰ ਵੀ ਇੱਕ ਮੇਲੇ ਚ ਵੜ ਗਏ , ਰੰਗ ਬਿਰੰਗੀਆੰ ਰੈਡੀਮੇਡ ਪੈੰਟਾੰ ਕਮੀਜ਼ਾੰ ਪਹਿਲੀ ਵਾਰ ਥੋਕ ਚ ਪਈਆੰਦੇਖੀਆੰ , 35 ਰੁ: ਤੋੰ ਲੈਕੇ 50 ਰੁ: ਦਾ ਝੱਗਾ , ਸੌ ,ਸਵਾ ਸੌ ਤੱਕ ਦੀਆੰ ਪੈੰਟਾੰ .. 150 ਰੁ: ਨੂੰ ਜ਼ੀਨ ਦੀਆੰ ਪੈੰਟਾੰ ਦੇਖਕੇ ਬਾਪੂ ਆਖਣ ਲੱਗਿਆ,” ਮੱਲਾ ! ਐਹੇਜੀ ਪੈੰਟ ਵੀ ਲੈ ਲੈੰਦਾ ਇੱਕ , ਧੋਣ ਧੂਣ ਦੀ ਸੌਖ ਰਹੂ , ਚੰਗਾ ਟੈਮ ਲੰਘ ਜਿਆ ਕਰੂ ” ਪਰ ਮੇਰੀ ਹਿੰਮਤ ਨਾੰ ਪਈ , ਨਵੀੰ ਚੀਜ਼ ਸੀ, ਕਦੇ ਪਾਈ ਨੀ ਸੀ , ਕੋਈ ਨੀ ਬਾਪੂ ! ਰੁਕ ਜਾ , ਹੋਰ ਦੇਖ ਲੀਏ ਮੇਲਾ ਹਾਲੇ…. ਨਾਲੇ ਮੈਨੂੰ ਬਾਪੂ ਦੀ ਜ਼ੇਬ੍ ਦਾ ਵੀ ਪਤਾ ਸੀ .. ਦੇਖਦੇ ਦੇਖਦੇ ਇੱਕ ਦੁਕਾੰਨ ਤੇ ਬਾਪੂ ਪੈੱਨ ਦੇਖਣ ਲੱਗ ਪਿਆ , ਪੁਰਾਣੇ ਜ਼ਮਾਨੇ ਦੀਆੰ 12 ਜਮਾਤਾੰ ਪਾਸ ਬਾਪੂ ਭਾੰਤ ਭਾੰਤ ਦੇ ਪੈੱਨ ਰੱਖਣ ਦਾ ਸ਼ੁਕੀਨ ਸੀ , ਕੁੜਤੇ ਦੀ ਜੇਬ੍ ਨੂੰ ਹਮੇਸ਼ਾੰ ਪੈੰਨ ਲਾਕੇ ਰੱਖਦਾ …. ਸੂਈ ਦੇ ਨੱਕੇ ਵਰਗੀ ਪਤਲੀ ਨਿੱਬ ਵਾਲਾ ਪਾਈਲਟ ਦਾ ਪੈੱਨ ਪਹਿਲੀ ਵਾਰੀ ਦੇਖਕੇ ਮੈੰ ਤੇ ਬਾਪੂ ਹੈਰਾਨ ਰਹਿ ਗਏ , ਲਿਖਕੇ ਦੇਖਿਆ, ਮਾੜਾ ਜਿਹਾ ਹੱਥ ਲਾਇਆੰ ਈ ਪੈੰਨ ਕਾਗਜ਼ ਉੱਤੇ ਭੱਜ ਤੁਰਿਆ, ਅੰਗਰੇਜ਼ੀ ਚ ਅਪਣੇ ਦਸਖ਼ਤ ਕਰਕੇ ਦੇਖਦੇ ਬਾਪੂ ਦਾ ਹਾਸਾ ਨੀ ਸੀ ਰੁਕਦਾ , ਮੁੱਲ ਪੁੱਛਿਆ .. 20 ਰੁ: .. ਜੱਕਾੰ ਤੱਕਾੰ ਕਰਦੇ ਦੇਖਕੇ ਦੁਕਾੰਨਦਾਰ ਬੋਲਿਆ,”ਏਟੀਨ ਰੂਪੀਸ.. ਲਾਸਟ ਪਰਾਈਸ….ਸਧਰਾੰ ਨਾਲ ਵਾਰ ਵਾਰ ਪੈੱਨ ਨੂੰ ਦੇਖਦਾ ਬਾਪੂ ਫਿੱਕਾ ਜਿਹਾ ਹਸਦਿਆੰ ਪੈੱਨ ਵਾਪਸ ਰੱਖਕੇ ਦੁਕਾਨਦਾਰ ਦਾ ਧੰਨਵਾਦ ਕਰਦਿਆੰ ਮੇਰਾ ਹੱਥ ਫੜਕੇ ਦੁਕਾਨ ਤੋੰ ਬਾਹਰ ਆ ਗਿਆ .. ਬਾਪੂ ! ਵਧੀਆ ਪੈੱਨ ਸੀ !! ਤੇਰੇ ਰੱਖਣ ਦਾ .. ਲੈ ਲੈੰਦਾ !! ਕੋਈ ਨੀ ਮੱਲਾ , ਫੇਰ ਲੈਲੂੰਗਾ , ਹਾਲੇ ਪੈੱਨ ਨਾਲੋੰ ਤੇਰੀ ਉਹ ਮੋਟੀ ਜੀਨ ਵਾਲੀ ਪੈੰਟ ਜਰੂਰੀ ਐ , ਨਾਲੇ ਝੱਗਾ ਲੈ ਲੈ ਹੋਰ ਇੱਕ , ਪਰਦੇਸ ਦਾ ਮਾਮਲੈ, ਸ਼ਹਿਰੀ ਮੁੰਡਿਆੰ ਚ ਰਹਿਣੈ ਹੁਣ ਤੂੰ!!! ਬਦਲੇ ਸਮੇੰ ਨਾਲ ਸਾਡੇ ਵੀ ਦਿਨ ਫਿਰਗੇ , ਵਧੀਆ ਪੈੱਨ ਰੱਖਣ ਦਾ ਬਾਪੂ ਦਾ ਸ਼ੌੰਕ ਜਿਉੰ ਦਾ ਤਿਉੰ ਐ , ਹੁਣ ਬਾਪੂ ਦੀ ਅਲਮਾਰੀ ਚ ਦੁਨਿਆੰ ਭਰ ਦੇ ਘੈੰਟ ਤੋੰ ਘੈੰਟ ਪੈੱਨ ਪਏ ਨੇ .. ਪਰ 25 ਸਾਲ ਪਹਿਲਾੰ ਪਾਇਲਟ ਦੇ ਪੈੱਨ ਨੂੰ ਸਧਰਾੰ ਨਾਲ ਦੇਖਦਾ ਬਾਪੂ ਦਾ ਚਿਹਰਾ ਮੈੰਨੂੰ ਹਾਲੇ ਤੱਕ ਨੀ ਭੁੱਲਿਆ …..

ਚਰੀ ਦਾ ਟੋਕਾ

by Bachiter Singh August 2, 2017

ਹੁਣ ਤਾਂ 25 ਸਾਲ ਤੋਂ ਉੱਤੇ ਸਮਾਂ ਹੋ ਗਿਆ ਸੀ ਕਾਟੀ ਨੂੰ ਮਿਲਿਆਂ , ਉਦੋਂ ਕਾਟੀ ਸਾਡੇ ਘਰ ਮੇਰੀ ਮਾਤਾ ਨਾਲ ਘਰ ਦੇ ਕੰਮਾਂ ਚ ਹੱਥ ਵਟਾਉਣ ਆ ਜਾਇਆ ਕਰਦੀ ਸੀ ! ਮੈਂ ਅੱਠਵੀਂ ਚ ਪੜਦਾ੍ ਸੀ ਤੇ ਕਾਟੀ 10ਵੀਂ ਕਰਕੇ ਹਟਗੀ ਸੀ ਮੈਥੋਂ 2ਕੁ ਸਾਲ ਵੱਡੀ ਸੀ ,ਸਾਡੀ ਗੁਆਂਢਣ ਤੇਜੋ ਚਾਚੀ ਕਾਟੀ ਦੀ ਭੂਆ ਲਗਦੀ ਸੀ, ਛੋਟੀ ਹੁੰਦੀ ਤੋਂ ਇੱਥੇ ਹੀ ਰਹੀ ਸੀ ,ਜਦੋਂ ਮੈਂ ਸ਼ਾਮ ਨੂੰ ਸਕੂਲੋਂ ਆਉਂਦਾ, ਮੈਂ ਤੇ ਕਾਟੀ ਦੋਵੇਂ ਮੈ੍ਸਾਂ ਵਾਸਤੇ ਮਸ਼ੀਨ ਤੇ ਬਰਸੀਣ ਜਾਂ ਹਾੜਾਂ ਚ ਚਰ੍ੀ ਦਾ ਟੋਕਾ ਕਰਦੇ,ਅਸੀਂ ਵਾਰੀ ਵਾਰੀ ਮਸ਼ੀਨ ਗੇੜਦੇ ਮੈਂ ਮਸ਼ੀਨ ਗੇੜਦਾ,ਕਾਟੀ ਰੁੱਗ ਲਾਉਂਦੀ ਜਦੋਂ ਮੈਂ ਥੱਕ ਜਾਂਦਾ ਤਾਂ ਕਾਟੀ ਮਸ਼ੀਨ ਗੇੜਨ ਲਗਦੀ ਤੇ ਮੈਂ ਰੁੱਗ ਲਾਉਣ ਲਗਦਾ
ਕਦੇ ਕਾਟੀ ਤੋਂ ਵੱਧ ਰੁੱਗ ਲੱਗ ਜਾਂਦਾ ,ਮੈਥੋਂ ਮਸ਼ੀਨ ਗੇੜ ਨਾਂ ਹੁੰਦੀ ਮੈਂ ਜ਼ੋਰ ਲਾਉਂਦਾ ਪਰ ਮਸ਼ੀਨ ਦਾ ਚੱਕਰ ਹੌਲੀ ਹੌਲੀ ਚਲਦਾ ਚਲਦਾ ਰੁਕ ਜਾਂਦਾ,ਮੈਂ ਰੌਲਾ੍ ਪਾਉਣ ਲਗਦਾ ਕਾਟੀ ਮੈਂਨੂੰ ਸਾਹੋ ਸਾਹ ਹੋਇਆ ਦੇਖ ਕੇ ਹਸਦੀ ਮੇਰੇ ਨਾਲ ਆ ਕੇ ਜੋਰ ਲੁਆਉਣ ਲਗਦੀ,ਅਸੀਂ ਦੋਵੇਂ ਰਲ੍ ਕੇ ਮਸ਼ੀਨ ਗੇੜਦੇ ਤੇ ਭਾਰਾ ਰੁੱਗ ਕੱਢ ਲੈ਼ਦੇ
ਜਦ ਕਾਟੀ ਮਸ਼ੀਨ ਗੇੜਦੀ ਤਾਂ ਮੈਂ ਵੀ ਕਦੇ ਕਦੇ ਜਾਂਣ ਕੇ ਭਾਰਾ ਰੁੱਗ ਲਾ ਦਿੰਦਾ , ਪਰ ਕਾਟੀ ਮੇਰੇ ਤੋਂ ਵੱਡੀ ਤੇ ਤਕੜੀ ਵੀ ਸੀ ਉਹ ਸਾਰਾ ਜੋਰ ਲਾ ਦਿੰਦੀ ਪਰ ਅਖੀਰ ਥੱਕ ਜਾਂਦੀ ਤੇ ਮੈਂਨੂੰ ਆ ਕੇ ਨਾਲ ਜੋਰ ਲੁਆਉਣ ਨੂੰ ਕਹਿੰਦੀ ,ਇਉਂ ਅਸੀਂ ਦੋਵੇਂ ਲੜਦੇ ਝਗੜਦੇ ,ਹਸਦੇ ਟੋਕਾ ਕਰ ਲੈਂਦੇ
ਸਮਾਂ ਲੰਘਦਾ ਗਿਆ, 10ਵੀਂ ਜਮਾਤ ਤੱਕ ਆਉਂਦਿਆਂ ਮੈਂ ਅਪਣੇ ਆਪ ਨੂੰ ਵੱਡਾ ਤੇ ਤਕੜਾ ਸਮਝਣ ਲੱਗ ਪਿਆ ਸੀ , ਹੁਣ ਟੋਕਾ ਕਰਦੇ ਸਮੇਂ ਵਾਹ ਲਗਦੀ ਮੈਂ ਇਕੱਲਾ ਹੀ ਮਸ਼ੀਨ ਗੇੜਦਾ ਕਾਟੀ ਰੁੱਗ ਲਾਈ ਜਾਂਦੀ ਤੇ ਮੈਂ ਪਸੀਨੋ ਪਸੀਨਾ ਹੋਇਆ ਜੁਟਿਆ ਰਹਿੰਦਾ ਪਰ ਕਦੇ ਕਦੇ ਕਾਟੀ ਫੇਰ ਜਾਂਣ ਕੇ ਵੱਧ ਰੁੱਗ ਲਾ ਦਿੰਦੀ ਮੇਰਾ ਚਲਦਾ ਚੱਕਰ ਹੌਲੀ ਹੋਣ ਲਗਦਾ ਤਾਂ ਕਾਟੀ ਹਸਦੀ ਮੈਂਨੂੰ ਆਖਦੀ “ਥੱਕ ਚੱਲਿਆ ਦੀਪਿਆ!!ਲੁਆਂਮਾਂ ਜੋਰ ਆ ਕੇ??ਪਰ ਮੈਂ ਬਿਨਾਂ ਕੁਛ ਬੋਲੇ ਮੁਸਕਾਂਉਦਾ ਹੋਰ ਜੋਰ ਲਾਉਣ ਲਗਦਾ ਚੱਕਰ ਹੋਰ ਹੌਲੀ ਹੁੰਦਾ ਦੇਖ ਕਾਟੀ ਹਸਦੀ ਹਸਦੀ ਆ ਲਗਦੀ !!
ਸਾਰਾ ਟੋਕਾ ਕਰਨ ਮਗਰੋਂ ਮੈਂ ਅਪਣਾ ਪਰਨਾ ਲਾਹ ਕੇ ਮੱਥੇ ਤੇ ਗਰਦਣ ਤੋਂ ਪਸੀਨਾ ਪੂੰਝਦਾ ਮਸ਼ੀਨ ਵਾਲੇ ਛਤੜੇ ਤੋਂ ਬਾਹਰ ਆਉਂਦਾ ਐਨੇ ਨੂੰ ਕਾਟੀ ਨਲਕਾ ਗੇੜਨ ਜਾ ਲਗਦੀ ਤੇ ਪਿੱਤਲ੍ ਦਾ ਠੰਡੇ ਪਾਣੀ ਦਾ ਗਲਾਸ ਮੈਨੂੰ ਨਲਕੇ ਕੋਲ੍ ਨਿੰਮ ਥੱਲੇ ਖੜੇ੍ ਨੂੰ ਲਿਆ ਫੜਾਉਂਦੀ , ਕਾਟੀ ਹੱਥੋਂ ਲੈ ਕੇ ਪੀਤਾ ਪਾਣੀ ਅੰਦਰ ਠਾਰਦਾ ਜਾਂਦਾ ,ਕਾਟੀ ਦੀਆਂ ਹਸਦੀਆਂ ਅੱਖਾਂ ਜਿਵੇਂ ਪਾਣੀ ਚ ਦੋ ਡਲ੍ੀਆਂ ਮਿਸ਼ਰੀ ਦੀਆਂ ਵੀ ਪਾ ਜਾਂਦੀਆਂ
ਸਿਆਲ੍ ਦੀ ਰੁੱਤ ਸੀ,ਕਾਟੀ ਮਾਤਾ ਨਾਲ ਬਾਹਰਲੇ ਚੁੱਲੇ੍ ਚੌਂਕੇ ਆਲੇ੍ ਅੋਟੇ ਚ ਬੈਠੀ ਖੋਏ ਦੀਆਂ ਪਿੰਨੀਆਂ ਵੱਟਦੀ ਗੱਲੀਂ ਪਈ ਹੋਈ ਸੀ
“”ਭੂਆ!! ਪਸ਼ਮ ਲਿਆ ਦੀਂ ਸ਼ਹਿਰੋਂ ਕਿਸੇ ਦਿਨ…ਮੈਂ ਬੁਣਤੀ ਸਿੱਖੀ ਐ ਇਕ ਵਧੀਆ ਜੀ !!ਸਵੈਟਰ ਬੁਣ ਦੂੰਗੀ ਦੀਪੇ ਦਾ ਇੱਕ…ਕੋਟੀ ਕਹੇਂ ਤਾਂ ਕੋਟੀ ਬੁਣ ਦੂੰਗੀ ..ਊਂ ਤਾਂ ਦਸਤਾਨੇ ਵੀ ਚਾਹੀਦੇ ਨੇ ,ਤੜਕੇ ਟਿਊਸ਼ਨ ਪੜਨ੍ ਜਾਂਦੇ ਦੇ ਹੱਥ ਠਰਦੇ ਹੋਣਗੇ , ਮੈਂ ਪਰਾਂ੍ ਕੰਧ ਨਾਲ ਧੁੱਪੇ ਬੈਠ ਕੇ ਪੜਦਾ੍ ਵਿੱਚ ਵਿੱਚ ਉਹਨਾਂ ਦੀਆਂ ਗੱਲਾਂ ਸੁਣੀ ਜਾਂਦਾ ਸੀ ,ਕਾਟੀ ਦੀ ਭੂਆ ਵਿਹੜੇ ਅੰਦਰ ਆਈ , ਪਿੰਨੀਆਂ ਵੱਟਦੀ ਕਾਟੀ ਨੂੰ ਦੇਖਦੀ ਮੈਨੂੰ ਕਹਿਣ ਲੱਗੀ “ਦੇਖ ਲੈ ਪਾੜਿ੍ਆ!ਕੁੜੀ ਤੇਰਾ ਕਿੰਨਾ ਖਿਆਲ ਰੱਖਦੀ ਐ …ਮੈ ਉਠ ਕੇ ਕੋਲ ਆਉਂਦਿਆ ਚਾਚੀ ਨੂੰ ਮੱਥਾ ਟੇਕਦਾਂ ਕਿਹਾ ,ਜਿਉਂਦਾ ਰਹਿ ਦੀ ਅਸੀਸ ਦਿੰਦਿਆਂ ਫੇਰ ਮਾਤਾ ਵੱਲ ਮੁੜਦਿਆਂ ਬੋਲੀ,”ਸਾਕ ਲੈ ਲਾ ਕਾਟੀ ਦਾ ਪਾੜੇ੍ ਨੂੰ…ਮੌਜ ਕਰੀਂ ਮੁੜ ਕੇ ਨੂੰਹ ਦੇ ਸਿਰ ਤੇ ਛੱਡ ਕੇ ਸਾਰਾ ਕੰਮ ….ਮੈਂ ਦੇਖਿਆ ,ਕਾਟੀ ਮੂੰਹ ਚ ਚੁੰਨੀ ਦਾ ਪੱਲਾ ਲੈ ਕੇ ਸੰਗਦੀ ਮੁਸਕੁਰਾਅ ਰਹੀ ਸੀ , ਮੈਂ ਵੀ ਮੂੰਹ ਪਰਾਂ੍ ਨੂੰ ਘੁਮਾਅ ਲਿਆ ਸੀ ਹਾਸਾ ਮੇਰਾ ਵੀ ਨੀ ਸੀ ਰੁਕਦਾ…..ਸੁਨੱਖੀ , ਸਰੂ ਵਰਗੀ ਲੰਬੀ ਕਾਮੀ ਕੁੜੀ ਕਾਟੀ ਮੇਰੇ ਵਰਗੇ ਸਿਧਰੇ ਦੇ ਕਰਮਾਂ ਚ”???
ਪਰ ਕਾਟੀ ਵਿਚਾਰੀ ਦਾ ਸਰੂ ਕੱਦ ਘਰਦਿਆਂ ਦੀਆਂ ਦੇ ਮੇਚ ਕਿੱਥੋਂ ਆਉਣਾ ਸੀ ?ਕਾਟੀ ਦੀ ਭੂਆ ਕੋਲ ਲੈਣ ਦੇਣ ਨੂੰ ਕੁਛ ਨੀ ਸੀ ਤੇ ਮਾਤਾ ਉੱਚੀਆਂ ਆਸਾਂ ਦਾ ਸੰਸਾਰ ਬੁਣੀ ਬੈਠੀ ਸੀ ,ਘਰਦਿਆਂ ਦੀਆਂ ਹਸਰਤਾਂ ਅਸਮਾਨ ਤੇ..ਕਾਟੀ ਦੀ ਹਕੀਕਤ ਜ਼ਮੀਨ ਤੇ..ਕਾਟੀ ਦਾ ਸੁਪਨਿਆਂ ਦਾ ਸਵੈਟਰ ਤਾਂ ਬਿਨਾ ਬੁਣਿਆਂ ਹੀ ਉਧੜ ਗਿਆ ਸੀ
ਦਸਵੀਂ ਤੋਂ ਬਾਅਦ ਮੈਂ ਹੋਸਟਲ ਚਲਿਆ ਗਿਆ ਤੇ ਭੂਆ ਨੇ ਕਾਟੀ ਦਾ ਵਿਆਹ ਕਰ ਦਿੱਤਾ,
ਹੋਰ ਸਮਾਂ ਲੰਘਿਆ ਤੇ ਘਰਦਿਆਂ ਦੀਆਂ ਸਧਰਾਂ ਤੇ ਕੈਨੇਡਾ ਦੇ ਸੁਨਿਹਰੀ ਸੁਪਨੇ ਭਾਰੂ ਹੋ ਗਏ ਕਨੇਡੇ ਆ ਕੇ ਸ਼ੁਰੂ ਸ਼ੁਰੂ ਚ ਬੜੇ ਝਟਕੇ ਲੱਗੇ ਸਟੋਰ ਚ ਸ਼ੈਲਫਾਂ ਭਰਨ ਦਾ ਪਹਿਲਾ ਕੰਮ ਮਿਲਿਆ ਤੜਕੇ ਸਾਢੇ ਚਾਰ ਵਜੇ ਉੱਠ ਕੇ ਕੰਮ ਤੇ ਜਾਂਣ ਤੋਂ ਪਹਿਲਾਂ ਜਦੋਂ ਠੰਡੇ ਦੁੱਧ ਨਾਲ 2-3 ਬਿਸਕੁਟ ਖਾਣ ਲਗਦਾ ਤਾਂ ਕਾਟੀ ਦੀਆਂ ਵੱਟੀਆਂ ਖੋਏ ਦੀਆਂ ਪਿੰਨੀਆਂ ਯਾਦ ਆਉਂਦੀਆਂ ਕਦੇ ਕਦੇ ਮਨ ਕਰਦਾ ਘਰਦਿਆਂ ਨੂੰ ਦੱਸਾਂ ..ਪਰ ਕੀ ਦਸਦਾ ???
ਫੇਰ ਟਰੱਕ ਚਲਾਉਂਣ ਦਾ ਕੰਮ ਮਿਲਿਆ ਤੇ ਐਨੇ ਸਾਲਾਂ ਬਾਅਦ ਟੋਕੇ ਵਾਲੀ ਮਸ਼ੀਨ ਦੀ ਇਕੱਲੇ ਨੂੰ ਹਥੜੀ ਘਮਾਂਉਣੀ ਪਈ …ਮੈਂ ਹਰ ਰੋਜ ਸ਼ਾਮ ਨੂੰ ਕੰਮ ਸ਼ੁਰੂ ਕਰਦਾ ਰੇਲਵੇ ਦੇ ਗੋਦਾਮ ਵਿੱਚੋਂ ਜਾ ਕੇ ਟਰੱਕ ਨਾਲ ਕੰਨਟੇਨਰ ਖਿੱਚ ਕੇ ਲਿਆਉਣੇ ਹੁੰਦੇ ਰੇਲਵੇ ਲੈਨ ਦੇ ਨਾਲ ਨਾਲ ਲੰਬੀ ਕਤਾਰ ਚ ਕੰਨਟੇਨਰ ਖੜੇ੍ ਹੁੰਦੇ ਮੈਂ ਇੱਕ ਇੱਕ ਕਰਕੇ ਟਰੱਕ ਨਾਲ ਜੋੜ ਕੇ ਲਈ ਆਉਂਦਾ ਸਵੇਰੇ ਤੜਕੇ ਤੱਕ ਇਸੇ ਤਰਾਂ ਕੰਮ ਚੱਲੀ ਜਾਂਦਾ
ਜਦ ਕੰਨਟੇਨਰ ਨੂੰ ਟਰੱਕ ਨਾਲ ਜੋੜਨਾ ਹੁੰਦਾ,ਤਾਂ ਉਸ ਦੇ ਅਗਲੇ ਹਿੱਸੇ ਦੇ ਹੇਠਾਂ ਟਰੱਕ ਲੈ ਜਾ ਕੇ ਕੰਨਟੇਨਰ ਦੇ ਅਗਲੇ ਪਾਸੇ ਲੱਗੀ ਹਥੜੀ ਘੁਮਾਅ ਕੇ ਉਸ ਨੂੰ ਟਰੱਕ ਨਾਲ ਜੋੜ ਲਿਆ ਜਾਂਦਾ ਤੇ ਬਾਹਰ ਦੂਜੀ ਇਮਾਰਤ ਨੂੰ ਲੈ ਤੁਰਦਾ ਪਰ ਕੋਈ ਕੋਈ ਕੰਨਟੇਨਰ ਬਹੁਤ ਉੱਚਾ ਕਰਕੇ ਖੜਾ੍ਇਆ ਹੁੰਦਾ ਜਦ ਉਸ ਦੇ ਹੇਠਾਂ ਟਰੱਕ ਜਾਂਦਾ ਤਾਂ ਉਹ ਟਰੱਕ ਨਾਲ ਨਾ ਜੁੜਦਾ ਕਈ ਵਾਰੀ ਤਾਂ ਗਿੱਠ ਡੇਢ ਗਿੱਠ ਉੱਚਾ ਖੜਾ੍ 60-65 ਹਜ਼ਾਰ ਪੌਂਡ ਭਾਰਾ ਕੰਨਟੇਨਰ ਨੀਵਾਂ ਕਰਨ ਲਈ ਉਹਦੀ ਹਥੜੀ ਘੁਮਾਂਉਦਿਆਂ ਇਉਂ ਜੋਰ ਲਗਦਾ ਜਿਵੇਂ ਚਰ੍ੀ ਭਰੀ ਹੋਈ ਪੂਰੀ ਰੇੜ੍ੀ ਦਾ ਟੋਕਾ ਕਰਨਾ ਹੋਵੇ
ਅੱਧੀ ਰਾਤ ਦਾ ਸਮਾਂ ,ਚਾਰੇ ਪਾਸੇ ਸੁੰਨਸਾਨ ,ਠੰਡੀ ਸ਼ੂਕਦੀ ਹਵਾ ਰੇਲਵੇ ਗੁਦਾਮ ਦੀਆਂ ਬੱਤੀਆਂ ਵੀ ਠੰਡ ਨਾਲ ਸੁੰਗੜੀਆਂ ਸੁੰਗੜੀਆਂ ਜਗਦੀਆਂ
ਮੈਂ ਹਥੜੀ ਘੁਮਾਂਉਦਾ ਥੱਕ ਜਾਂਦਾ , ਥੋੜਾ ਚਿਰ ਸਾਹ ਲੈਂਦਾ ਟਰੱਕ ਚ ਜਾ ਕੇ ਪਲਾਸਟਿਕ ਦੀ ਬੋਤਲ ਚੋਂ ਪਾਣੀ ਦੀਆਂ ਘੁੱਟਾਂ ਭਰਦਾ ,ਕਾਟੀ ਹੱਥੋਂ ਸਾਲਾਂ ਬੱਧੀ ਪਿੱਤਲ ਦੇ ਗਲਾਸ ਚ ਪੀਤੇ ਸ਼ਰਬਤ ਵਰਗੇ ਪਾਣੀ ਨੂੰ ਯਾਦ ਕਰਦਾ ਆ ਕੇ ਫੇਰ ਹਥੜੀ ਘੁਮਾਂਉਣ ਲਗਦਾ ਕਾਟੀ ਨੂੰ ਮਸ਼ੀਨ ਗੇੜਦੀ ਨੂੰ ਲਾਏ ਭਾਰੇ ਰੁੱਗ ਹੁਣ ਐਥੇ ਮੈਂਨੂੰ ਇਕੱਲੇ ਨੂੰ ਕੁਤਰਨੇ ਪੈ ਰਹੇ ਸੀ , ਐਥੇ ਤਾਂ ਰੌਲਾ ਵੀ ਨੀ ਸੀ ਪਾ ਸਕਦਾ !ਕੀਹਨੇ ਸੁਣਨਾ ਸੀ??ਮਨ ਵਿੱਚ ਸੋਚਦਾ …ਹੁਣ ਤਾਂ ਕਾਟੀ ਦੇ ਨਿਆਂਣੇ ਵੀ ਵਡੇ ਹੋਗੇ ਹੋਣਗੇ ਪਿਛਲੀ ਵਾਰੀ ਦੇਸ਼ ਗਏ ਨੂੰ ਪਤਾ ਲੱਗਿਆ ਸੀ ਕਿ ਕਾਟੀ ਦਾ ਪਰੌ੍ਣਾ ਫੌਜ ਚੋਂ ਪੈਨਸ਼ਨ ਆ ਗਿਆ ਸੀ ,ਕਾਟੀ ਦੇ ਗਭਰੂ ਹੋਏ ਮੁੰਡੇ ਸਾਰਾ ਕੰਮ ਕਰ ਲੈਂਦੇ ਹੋਣਗੇ ..ਸੁਰਤੀ ਦੂਰ ਪਿੰਡ ਉਪੜ ਜਾਂਦੀ ਇਉਂ ਲਗਦਾ ਜਿਵੇਂ ਹੁਣ ਵੀ ਕਾਟੀ ਮੈਂਨੂੰ ਸਾਹੋ ਸਾਹ ਹੋਏ ਨੂੰ ਦੇਖ ਕੇ ਹਸਦੀ ਹਸਦੀ ਕਿਧਰੋਂ ਆਊਗੀ ਤੇ ਮੇਰੇ ਨਾਲ ਲੱਗ ਭਾਰਾ ਰੁੱਗ ਕੁਤਰਾਉਣ ਲੱਗੂਗੀ ….
ਇਉਂ ਸੋਚਾਂ ਚ ਡੁੱਬਿਆ ਹਥੜੀ ਫੇਰੀ ਜਾਂਦਾ , ਜੋਰ ਲੁਆਂਉਦੀ ਹਥੜੀ ਹੌਲੀ ਹੌਲੀ ਹਲਕੀ ਚੱਲਣ ਲਗਦੀ ਕਿਉਂਕਿ ਭਾਰਾ ਰੁੱਗ ਕੁਤਰਿਆ ਗਿਆ ਹੁੰਦਾ …ਕੰਨਟੇਨਰ ਨੀਂਵਾਂ ਹੋ ਕੇ ਟਰੱਕ ਨਾਲ ਜੁੜ ਗਿਆ ਹੁੰਦਾ……
ਟਰੱਕ ਚ ਚਲਦੀ ਟੇਪ ਚੋਂ ਗੀਤ ਦੇ ਬੋਲ ਕੰਨੀਂ ਪੈਂਦੇ….
ਮੁੰਡਿਆਂ ਦੇ ਵਿੱਚੋਂ ਤੂੰ ਵੀ ਸਿਰ ਕੱਢਵਾਂ….
ਵੇ ਰੂਪ ਮੇਰੇ ਤੇ ਵੀ ਦੂਣ ਸਵਾਇਆ…..
ਸਾਰੇ ਮੇਲੇ ਵਿੱਚ ਤੈਂਨੂੰ ਰਹੀ ਲੱਭਦੀ…..
ਵੇ ਚੀਰੇ ਵਾਲਿਆ ਨਜ਼ਰ ਨਾਂ ਆਇਆ….
ਸੁਣਦਿਆਂ ਮੇਰੇ ਚਿਹਰੇ ਤੇ ਮੁਸਕਾਂਨ ਆ ਜਾਂਦੀ:):):):):):):)

ਬਾਪੂ ਜੀ ਦੀ ਡਿਸਪੈਂਸਰੀ

by Bachiter Singh July 27, 2017

ਛੇ ਵਜੇ ਤੋਂ ਪਹਿਲਾਂ ਤੁਰਜੀਂ। ਨੇਰਾ੍ ਹੋਏ ਤੋਂ ਬਾਅਦ ਮਰਿਆ ਬੰਦਾ ਮੜੀ੍ਆਂ ਨੀ ਛਡਦਾ ਹੁੰਦਾ। ਸਾਰੇ ਰਾਹ ਕਿਸੇ ਨਾਲ੍ ਗੱਲ ਨਾਂ ਕਰੀਂ ਨਹੀਂ ਤਾਂ ਪਿਉ ਵੀ ਗੱਲਾਂ ਦਾ ਹੁੰਘਾਰਾ ਭਰਨ ਲੱਗ ਜੂ।ਫੁੱਲਾਂ ਵਾਲੀ ਥੈਲੀ ਗਲ੍ ਚ ਪਾ ਕੇ ਰੱਖੀਂ ਰਾਹ ਚ ਕਿਤੇ ਬੈਠੀਂ ਨਾਂ ਕਿਤੇ ਝਪਕੀ ਵੀ ਨਾਂ ਲਈਂਂ।ਅਜਿਹਾ ਕੀਤਿਆਂ ਬਾਪੂ ਨੇ ਵੀ ਸੌਂ ਜਾਣੈਂ।ਫੇਰ ਅੱਖ ਖੁਲਿਆਂ ਉਹਦੇ ਕੋਲੋਂ ਸੁਰਗ ਦਾ ਰਾਹ ਖੁੰਝ ਜੂ।॥ ਬਾਪੂ ਦੇ ਫੁੱਲ ਪਾਉਣ ਜਾਣ ਤੋਂ ਪਹਿਲਾਂ ਤਾਈ ਦੀਆਂ ਕਹੀਆਂ ਸਭ ਗੱਲਾਂ ਉਹਨੰੂ ਇੱਕ ਇੱਕ ਕਰਕੇ ਯਾਦ ਆ ਰਹੀਆਂ ਸੀ॥ਭਰੀਆਂ ਅੱਖਾਂ ਪੂੰਝਦਿਆਂ ਉਹਦੇ ਮੂੰਹੋਂ ਮਸੀਂ ਬੋਲ ਨਿਕਲਿਆ ਬਾਪੂ ਚਲ ਹਰਦੁਆਰ ਚਲੀਏ॥

॥ ਉਪਰੋਕਤ ਲਿਖਤ ਮੈਨੂੰ ਨਾਂਨੇ ਦੀ ਡਿਸਪੈਂਸਰੀ ਵਿਚੋਂ ਮਿਲੀ ਸੀ।ਨਾਂਨਾਂ ਮੇਰੀ ਮਾਤਾ ਦਾ ਚਾਚਾ ਲਗਦਾ ਸੀ।ਪੁਰਾਣੇ ਸਮਿਆਂ ਦੇ 12ਵੀਂ ਪਾਸ ਪਰ ਖੇਤੀ ਕਰਦੇ ਨਾਂਨੇ ਕੋਲ੍ ਪੰਜਾਬੀ ਸਹਿਤ ਦੀ ਪੂਰੀ ਪੰਡ ਸੀ।ਮੈਂ ਦਸਵੀਂ ਚ ਪੜ੍ਦਦੇ ਨੇ ਈ ਪੂਰਨਮਾਸੀ਼ ਨਾਂਨੇ ਤੋਂ ਲੈ ਕੇ ਪੜ੍ ਲਿਆ ਸੀ।ਹੁਣ ਜਦ ਵੀ ਦੇਸ ਜਾਂਦਾ ਨਾਂਨੇ ਨੂੰ ਮਿਲਦਾ ਦੋਨੋ ਬੈਠ ਪੁਰਾਣੀਆਂ ਗੱਲਾਂ ਮੁੜ ਮੁੜ ਕਰਦੇ।ਸੰਨ 2011ਚ ਦੇਸ ਗਿਆ ਮੁੜਨ ਸਮੇਂ ਨਾਂਨੇ ਨੇ ਹਰੇਕ ਵਾਰੀ ਦੀ ਤਰਾਂ 100 ਰੁਪਈਏ ਦਾ ਨੋਟ ਮੇਰੀ ਮੁਠੀ ਚ ਰੱਖ ਕੇ ਘੁੱਟਿਆ ਤੇ ਮੈਂ ਵੀ ਹਰ ਵਾਰੀ ਦੀ ਤਰਾਂ ਲੈਣ ਤੋਂ ਝਿਜਕਿਆ ਰੱਖ ਲੈ ਬਚੜਿਆ ਰੱਖ ਲੈ !!ਜਦ ਅਗਲੀ ਵਾਰ ਨੂੰ ਆਮੇਗਾ ਉਦੋਂ ਤੱਕ ਕੀ ਪਤਾ ਨਾਂਨਾਂ ਅਗਲੇ ਜਹਾਂਨ ਨੂੰ ਤੁਰਜੇ॥

ਸੰਨ2013 ਚ ਨਾਂਨਾਂ ਸਚੀਉਂ ਤੁਰ ਗਿਆ। ਦਸੰਬਰ ਚ ਦੇਸ ਗਿਆ ਨਾਂਨੇ ਦੇ ਘਰ ਗਿਆ ਬੇਬੇ(ਨਾਂਨੀ) ਨੇ ਘੁੱਟ ਕੇ ਪਿਆਰ ਦਿੱਤਾ।ਭਰੀਆਂ ਅੱਖਾਂ ਕਰਕੇ ਨਾਂਨੇ ਦੀ ਬੈਠਕ ਦਾ ਦਰਵਾਜਾ ਧੁੰਦਲਾ ਹੋ ਗਿਆ ਸੀ।ਬੈਠਕ ਚ ਵੜਿਆ ਨਾਂਨੇ ਦਾ ਮੰਜਾ ਮੇਜ ਤੇ ਕੁਰਸੀ ਉਸੇ ਤਰਾਂ ਪਈਆਂ ਸੀ।ਅਲਮਾਰੀ ਖੋਹਲੀ ਤਾਂ ਖਜ਼ਾਨਾ ਖਾਲੀ ਸੀ।ਸ਼ਾਇਦ ਮਾਂਮੀ ਨੇ ਸਭ ਕਿਤਾਬਾਂ ਕਿਸੇ ਰੱਦੀ ਵਾਲੇ ਨੂੰ ਚੁਕਾਅ ਦਿੱਤੀਆਂ ਸੀ।

ਬੇਬੇ ਕੋਲ੍ ਬੈਠ ਕੇ ਨਾਂਨੇ ਦੀਆਂ ਰੱਜ ਕੇ ਗੱਲਾਂ ਕੀਤੀਆਂ ਤੁਰਨ ਲੱਗੇ ਮਨ ਚ ਖਿਆਲ ਆਇਆ ਪੁੱਛਿਆ ਬੇਬੇ !ਨਾਂਨੇ ਦੀ ਕੋਈ ਨਸ਼ਾਨੀ ਨੀ ਪਈ?

ਹੋਰ ਤਾਂ ਕੁਸ਼ ਨੀ ਪੁੱਤ! ਔਹ ਕੰਸ ਤੋਂ ਡਿਸਪੈਂਸਰੀ ਚੱਕ! ਉਹਦੇ ਹੋਊ ਉਹਦਾ ਮਾੜਾ ਮੋਟਾ ਸਮਾਂਨ!! ਡਿਸਪੈਂਸਰੀ ਇੱਕ ਟੀਨ ਦਾ ਛੋਟਾ ਜਿਹਾ ਡੱਬਾ ਸੀ ਜੀਹਦੇ ਚ ਨਾਂਨਾਂ ਕਰੋਸੀਂਨ ਦੀਆਂ ਗੋਲੀਆਂ,ਪੁਦੀਨ ਹਰਾ,ਟਾਈਗਰ ਬਾਮ ਤੇ ਹੋਰ ਨਿੱਕ ਸੁੱਕ ਰੱਖਦਾ ਹੁੰਦਾ ਸੀ।ਮੈਂ ਡਿਸਪੈਂਸਰੀ ਚੁੱਕ ਕੇ ਖੋਹਲੀ, ਵਿੱਚ ਨਾਨੇ ਦੀਆਂ ਐਨਕਾ,ਇੱਕ ਸਿਮਰਨਾਂ ਤੇ ਲੇਖਾਂ ਵਾਲੀ੍ ਕਾਪੀ ਦਾ ਵਰਕਾ ਚਾਰ ਤਹਿਆਂ ਕਰਕੇ ਰੱਖਿਆ ਹੋਇਆ ਸੀ।ਵਰਕਾ ਖੋਲ ਕੇ ਪੜਿਆ ਉਪਰ ਵਾਲੀਆਂ ਸਤਰਾਂ ਲਿਖੀਆਂ ਹੋਈਆਂ ਸੀ।

ਨਾਂਨਾਂ ਹਮੇਸ਼ਾਂ ਹੀ ਕਿਤਾਬਾਂ ਵਿਚੋਂ ਕੁਛ ਕੁਛ ਸਤਰਾਂ ਆਪਣੀ ਇੱਕ ਕਾਪੀ ਤੇ ਲਿਖਦਾ ਹੁੰਦਾ ਸੀ ਤੇ ਹੇਠਾਂ ਕਿਤਾਬ ਦਾ ਨਾਂਊਂ ਲਿਖ ਲੈਂਦਾ ਸੀ ਪਰ ਉਹ ਕਾਪੀ ਤਾਂ ਸ਼ਾਇਦ ਖਜ਼ਾਨੇ ਦੇ ਨਾਲ ਹੀ ਚਲੀ ਗਈ ਸੀ।ਕਾਗਜ਼ ਤੇ ਲਿਖੀ ਇਸ ਲਿਖਤ ਦੇ ਹੇਠਾਂ ਕਿਸੇ ਕਿਤਾਬ ਦਾ ਨਾਂਉਂ ਨਹੀਂ ਸੀ।ਦੇਸੋਂ ਮੁੜਦੇ ਸਮੇਂ ਨਾਂਨੇ ਦਾ 2011ਚ ਦਿੱਤਾ ਸੌ ਦਾ ਨੋਟ ਜਿਹੜਾ ਹਮੇਸ਼ਾ ਬਟੂਏ ਵਿੱਚ ਹੀ ਹੁੰਦਾ ਸੀ ਤੇ ਉਹ ਕਾਗਜ਼ ਲੈਮੀਨੇਟ ਕਰਵਾਅ ਲਿਆਇਆ। ਸ਼ਾਇਦ ਕਿਤਾਂਬਾਂ ਦੀ ਦੁਨੀਆਂ ਦੇ ਵਿਦਵਾਂਨ ਜਾਂਣਦੇ ਹੋਣਗੇ ਕਿ ਇਹ ਸਤਰਾਂ ਕਿਹੜੀ ਕਿਤਾਬ ਚੋਂ ਲਈਆਂ ਹੋਣਗੀਆਂ ਨਾਂਨੇ ਨੇ!!!

ਧੰਨਵਾਦ ਸਹਿਤ “!!!!!!

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close