ਚਰੀ ਦਾ ਟੋਕਾ

by Bachiter Singh

ਹੁਣ ਤਾਂ 25 ਸਾਲ ਤੋਂ ਉੱਤੇ ਸਮਾਂ ਹੋ ਗਿਆ ਸੀ ਕਾਟੀ ਨੂੰ ਮਿਲਿਆਂ , ਉਦੋਂ ਕਾਟੀ ਸਾਡੇ ਘਰ ਮੇਰੀ ਮਾਤਾ ਨਾਲ ਘਰ ਦੇ ਕੰਮਾਂ ਚ ਹੱਥ ਵਟਾਉਣ ਆ ਜਾਇਆ ਕਰਦੀ ਸੀ ! ਮੈਂ ਅੱਠਵੀਂ ਚ ਪੜਦਾ੍ ਸੀ ਤੇ ਕਾਟੀ 10ਵੀਂ ਕਰਕੇ ਹਟਗੀ ਸੀ ਮੈਥੋਂ 2ਕੁ ਸਾਲ ਵੱਡੀ ਸੀ ,ਸਾਡੀ ਗੁਆਂਢਣ ਤੇਜੋ ਚਾਚੀ ਕਾਟੀ ਦੀ ਭੂਆ ਲਗਦੀ ਸੀ, ਛੋਟੀ ਹੁੰਦੀ ਤੋਂ ਇੱਥੇ ਹੀ ਰਹੀ ਸੀ ,ਜਦੋਂ ਮੈਂ ਸ਼ਾਮ ਨੂੰ ਸਕੂਲੋਂ ਆਉਂਦਾ, ਮੈਂ ਤੇ ਕਾਟੀ ਦੋਵੇਂ ਮੈ੍ਸਾਂ ਵਾਸਤੇ ਮਸ਼ੀਨ ਤੇ ਬਰਸੀਣ ਜਾਂ ਹਾੜਾਂ ਚ ਚਰ੍ੀ ਦਾ ਟੋਕਾ ਕਰਦੇ,ਅਸੀਂ ਵਾਰੀ ਵਾਰੀ ਮਸ਼ੀਨ ਗੇੜਦੇ ਮੈਂ ਮਸ਼ੀਨ ਗੇੜਦਾ,ਕਾਟੀ ਰੁੱਗ ਲਾਉਂਦੀ ਜਦੋਂ ਮੈਂ ਥੱਕ ਜਾਂਦਾ ਤਾਂ ਕਾਟੀ ਮਸ਼ੀਨ ਗੇੜਨ ਲਗਦੀ ਤੇ ਮੈਂ ਰੁੱਗ ਲਾਉਣ ਲਗਦਾ
ਕਦੇ ਕਾਟੀ ਤੋਂ ਵੱਧ ਰੁੱਗ ਲੱਗ ਜਾਂਦਾ ,ਮੈਥੋਂ ਮਸ਼ੀਨ ਗੇੜ ਨਾਂ ਹੁੰਦੀ ਮੈਂ ਜ਼ੋਰ ਲਾਉਂਦਾ ਪਰ ਮਸ਼ੀਨ ਦਾ ਚੱਕਰ ਹੌਲੀ ਹੌਲੀ ਚਲਦਾ ਚਲਦਾ ਰੁਕ ਜਾਂਦਾ,ਮੈਂ ਰੌਲਾ੍ ਪਾਉਣ ਲਗਦਾ ਕਾਟੀ ਮੈਂਨੂੰ ਸਾਹੋ ਸਾਹ ਹੋਇਆ ਦੇਖ ਕੇ ਹਸਦੀ ਮੇਰੇ ਨਾਲ ਆ ਕੇ ਜੋਰ ਲੁਆਉਣ ਲਗਦੀ,ਅਸੀਂ ਦੋਵੇਂ ਰਲ੍ ਕੇ ਮਸ਼ੀਨ ਗੇੜਦੇ ਤੇ ਭਾਰਾ ਰੁੱਗ ਕੱਢ ਲੈ਼ਦੇ
ਜਦ ਕਾਟੀ ਮਸ਼ੀਨ ਗੇੜਦੀ ਤਾਂ ਮੈਂ ਵੀ ਕਦੇ ਕਦੇ ਜਾਂਣ ਕੇ ਭਾਰਾ ਰੁੱਗ ਲਾ ਦਿੰਦਾ , ਪਰ ਕਾਟੀ ਮੇਰੇ ਤੋਂ ਵੱਡੀ ਤੇ ਤਕੜੀ ਵੀ ਸੀ ਉਹ ਸਾਰਾ ਜੋਰ ਲਾ ਦਿੰਦੀ ਪਰ ਅਖੀਰ ਥੱਕ ਜਾਂਦੀ ਤੇ ਮੈਂਨੂੰ ਆ ਕੇ ਨਾਲ ਜੋਰ ਲੁਆਉਣ ਨੂੰ ਕਹਿੰਦੀ ,ਇਉਂ ਅਸੀਂ ਦੋਵੇਂ ਲੜਦੇ ਝਗੜਦੇ ,ਹਸਦੇ ਟੋਕਾ ਕਰ ਲੈਂਦੇ
ਸਮਾਂ ਲੰਘਦਾ ਗਿਆ, 10ਵੀਂ ਜਮਾਤ ਤੱਕ ਆਉਂਦਿਆਂ ਮੈਂ ਅਪਣੇ ਆਪ ਨੂੰ ਵੱਡਾ ਤੇ ਤਕੜਾ ਸਮਝਣ ਲੱਗ ਪਿਆ ਸੀ , ਹੁਣ ਟੋਕਾ ਕਰਦੇ ਸਮੇਂ ਵਾਹ ਲਗਦੀ ਮੈਂ ਇਕੱਲਾ ਹੀ ਮਸ਼ੀਨ ਗੇੜਦਾ ਕਾਟੀ ਰੁੱਗ ਲਾਈ ਜਾਂਦੀ ਤੇ ਮੈਂ ਪਸੀਨੋ ਪਸੀਨਾ ਹੋਇਆ ਜੁਟਿਆ ਰਹਿੰਦਾ ਪਰ ਕਦੇ ਕਦੇ ਕਾਟੀ ਫੇਰ ਜਾਂਣ ਕੇ ਵੱਧ ਰੁੱਗ ਲਾ ਦਿੰਦੀ ਮੇਰਾ ਚਲਦਾ ਚੱਕਰ ਹੌਲੀ ਹੋਣ ਲਗਦਾ ਤਾਂ ਕਾਟੀ ਹਸਦੀ ਮੈਂਨੂੰ ਆਖਦੀ “ਥੱਕ ਚੱਲਿਆ ਦੀਪਿਆ!!ਲੁਆਂਮਾਂ ਜੋਰ ਆ ਕੇ??ਪਰ ਮੈਂ ਬਿਨਾਂ ਕੁਛ ਬੋਲੇ ਮੁਸਕਾਂਉਦਾ ਹੋਰ ਜੋਰ ਲਾਉਣ ਲਗਦਾ ਚੱਕਰ ਹੋਰ ਹੌਲੀ ਹੁੰਦਾ ਦੇਖ ਕਾਟੀ ਹਸਦੀ ਹਸਦੀ ਆ ਲਗਦੀ !!
ਸਾਰਾ ਟੋਕਾ ਕਰਨ ਮਗਰੋਂ ਮੈਂ ਅਪਣਾ ਪਰਨਾ ਲਾਹ ਕੇ ਮੱਥੇ ਤੇ ਗਰਦਣ ਤੋਂ ਪਸੀਨਾ ਪੂੰਝਦਾ ਮਸ਼ੀਨ ਵਾਲੇ ਛਤੜੇ ਤੋਂ ਬਾਹਰ ਆਉਂਦਾ ਐਨੇ ਨੂੰ ਕਾਟੀ ਨਲਕਾ ਗੇੜਨ ਜਾ ਲਗਦੀ ਤੇ ਪਿੱਤਲ੍ ਦਾ ਠੰਡੇ ਪਾਣੀ ਦਾ ਗਲਾਸ ਮੈਨੂੰ ਨਲਕੇ ਕੋਲ੍ ਨਿੰਮ ਥੱਲੇ ਖੜੇ੍ ਨੂੰ ਲਿਆ ਫੜਾਉਂਦੀ , ਕਾਟੀ ਹੱਥੋਂ ਲੈ ਕੇ ਪੀਤਾ ਪਾਣੀ ਅੰਦਰ ਠਾਰਦਾ ਜਾਂਦਾ ,ਕਾਟੀ ਦੀਆਂ ਹਸਦੀਆਂ ਅੱਖਾਂ ਜਿਵੇਂ ਪਾਣੀ ਚ ਦੋ ਡਲ੍ੀਆਂ ਮਿਸ਼ਰੀ ਦੀਆਂ ਵੀ ਪਾ ਜਾਂਦੀਆਂ
ਸਿਆਲ੍ ਦੀ ਰੁੱਤ ਸੀ,ਕਾਟੀ ਮਾਤਾ ਨਾਲ ਬਾਹਰਲੇ ਚੁੱਲੇ੍ ਚੌਂਕੇ ਆਲੇ੍ ਅੋਟੇ ਚ ਬੈਠੀ ਖੋਏ ਦੀਆਂ ਪਿੰਨੀਆਂ ਵੱਟਦੀ ਗੱਲੀਂ ਪਈ ਹੋਈ ਸੀ
“”ਭੂਆ!! ਪਸ਼ਮ ਲਿਆ ਦੀਂ ਸ਼ਹਿਰੋਂ ਕਿਸੇ ਦਿਨ…ਮੈਂ ਬੁਣਤੀ ਸਿੱਖੀ ਐ ਇਕ ਵਧੀਆ ਜੀ !!ਸਵੈਟਰ ਬੁਣ ਦੂੰਗੀ ਦੀਪੇ ਦਾ ਇੱਕ…ਕੋਟੀ ਕਹੇਂ ਤਾਂ ਕੋਟੀ ਬੁਣ ਦੂੰਗੀ ..ਊਂ ਤਾਂ ਦਸਤਾਨੇ ਵੀ ਚਾਹੀਦੇ ਨੇ ,ਤੜਕੇ ਟਿਊਸ਼ਨ ਪੜਨ੍ ਜਾਂਦੇ ਦੇ ਹੱਥ ਠਰਦੇ ਹੋਣਗੇ , ਮੈਂ ਪਰਾਂ੍ ਕੰਧ ਨਾਲ ਧੁੱਪੇ ਬੈਠ ਕੇ ਪੜਦਾ੍ ਵਿੱਚ ਵਿੱਚ ਉਹਨਾਂ ਦੀਆਂ ਗੱਲਾਂ ਸੁਣੀ ਜਾਂਦਾ ਸੀ ,ਕਾਟੀ ਦੀ ਭੂਆ ਵਿਹੜੇ ਅੰਦਰ ਆਈ , ਪਿੰਨੀਆਂ ਵੱਟਦੀ ਕਾਟੀ ਨੂੰ ਦੇਖਦੀ ਮੈਨੂੰ ਕਹਿਣ ਲੱਗੀ “ਦੇਖ ਲੈ ਪਾੜਿ੍ਆ!ਕੁੜੀ ਤੇਰਾ ਕਿੰਨਾ ਖਿਆਲ ਰੱਖਦੀ ਐ …ਮੈ ਉਠ ਕੇ ਕੋਲ ਆਉਂਦਿਆ ਚਾਚੀ ਨੂੰ ਮੱਥਾ ਟੇਕਦਾਂ ਕਿਹਾ ,ਜਿਉਂਦਾ ਰਹਿ ਦੀ ਅਸੀਸ ਦਿੰਦਿਆਂ ਫੇਰ ਮਾਤਾ ਵੱਲ ਮੁੜਦਿਆਂ ਬੋਲੀ,”ਸਾਕ ਲੈ ਲਾ ਕਾਟੀ ਦਾ ਪਾੜੇ੍ ਨੂੰ…ਮੌਜ ਕਰੀਂ ਮੁੜ ਕੇ ਨੂੰਹ ਦੇ ਸਿਰ ਤੇ ਛੱਡ ਕੇ ਸਾਰਾ ਕੰਮ ….ਮੈਂ ਦੇਖਿਆ ,ਕਾਟੀ ਮੂੰਹ ਚ ਚੁੰਨੀ ਦਾ ਪੱਲਾ ਲੈ ਕੇ ਸੰਗਦੀ ਮੁਸਕੁਰਾਅ ਰਹੀ ਸੀ , ਮੈਂ ਵੀ ਮੂੰਹ ਪਰਾਂ੍ ਨੂੰ ਘੁਮਾਅ ਲਿਆ ਸੀ ਹਾਸਾ ਮੇਰਾ ਵੀ ਨੀ ਸੀ ਰੁਕਦਾ…..ਸੁਨੱਖੀ , ਸਰੂ ਵਰਗੀ ਲੰਬੀ ਕਾਮੀ ਕੁੜੀ ਕਾਟੀ ਮੇਰੇ ਵਰਗੇ ਸਿਧਰੇ ਦੇ ਕਰਮਾਂ ਚ”???
ਪਰ ਕਾਟੀ ਵਿਚਾਰੀ ਦਾ ਸਰੂ ਕੱਦ ਘਰਦਿਆਂ ਦੀਆਂ ਦੇ ਮੇਚ ਕਿੱਥੋਂ ਆਉਣਾ ਸੀ ?ਕਾਟੀ ਦੀ ਭੂਆ ਕੋਲ ਲੈਣ ਦੇਣ ਨੂੰ ਕੁਛ ਨੀ ਸੀ ਤੇ ਮਾਤਾ ਉੱਚੀਆਂ ਆਸਾਂ ਦਾ ਸੰਸਾਰ ਬੁਣੀ ਬੈਠੀ ਸੀ ,ਘਰਦਿਆਂ ਦੀਆਂ ਹਸਰਤਾਂ ਅਸਮਾਨ ਤੇ..ਕਾਟੀ ਦੀ ਹਕੀਕਤ ਜ਼ਮੀਨ ਤੇ..ਕਾਟੀ ਦਾ ਸੁਪਨਿਆਂ ਦਾ ਸਵੈਟਰ ਤਾਂ ਬਿਨਾ ਬੁਣਿਆਂ ਹੀ ਉਧੜ ਗਿਆ ਸੀ
ਦਸਵੀਂ ਤੋਂ ਬਾਅਦ ਮੈਂ ਹੋਸਟਲ ਚਲਿਆ ਗਿਆ ਤੇ ਭੂਆ ਨੇ ਕਾਟੀ ਦਾ ਵਿਆਹ ਕਰ ਦਿੱਤਾ,
ਹੋਰ ਸਮਾਂ ਲੰਘਿਆ ਤੇ ਘਰਦਿਆਂ ਦੀਆਂ ਸਧਰਾਂ ਤੇ ਕੈਨੇਡਾ ਦੇ ਸੁਨਿਹਰੀ ਸੁਪਨੇ ਭਾਰੂ ਹੋ ਗਏ ਕਨੇਡੇ ਆ ਕੇ ਸ਼ੁਰੂ ਸ਼ੁਰੂ ਚ ਬੜੇ ਝਟਕੇ ਲੱਗੇ ਸਟੋਰ ਚ ਸ਼ੈਲਫਾਂ ਭਰਨ ਦਾ ਪਹਿਲਾ ਕੰਮ ਮਿਲਿਆ ਤੜਕੇ ਸਾਢੇ ਚਾਰ ਵਜੇ ਉੱਠ ਕੇ ਕੰਮ ਤੇ ਜਾਂਣ ਤੋਂ ਪਹਿਲਾਂ ਜਦੋਂ ਠੰਡੇ ਦੁੱਧ ਨਾਲ 2-3 ਬਿਸਕੁਟ ਖਾਣ ਲਗਦਾ ਤਾਂ ਕਾਟੀ ਦੀਆਂ ਵੱਟੀਆਂ ਖੋਏ ਦੀਆਂ ਪਿੰਨੀਆਂ ਯਾਦ ਆਉਂਦੀਆਂ ਕਦੇ ਕਦੇ ਮਨ ਕਰਦਾ ਘਰਦਿਆਂ ਨੂੰ ਦੱਸਾਂ ..ਪਰ ਕੀ ਦਸਦਾ ???
ਫੇਰ ਟਰੱਕ ਚਲਾਉਂਣ ਦਾ ਕੰਮ ਮਿਲਿਆ ਤੇ ਐਨੇ ਸਾਲਾਂ ਬਾਅਦ ਟੋਕੇ ਵਾਲੀ ਮਸ਼ੀਨ ਦੀ ਇਕੱਲੇ ਨੂੰ ਹਥੜੀ ਘਮਾਂਉਣੀ ਪਈ …ਮੈਂ ਹਰ ਰੋਜ ਸ਼ਾਮ ਨੂੰ ਕੰਮ ਸ਼ੁਰੂ ਕਰਦਾ ਰੇਲਵੇ ਦੇ ਗੋਦਾਮ ਵਿੱਚੋਂ ਜਾ ਕੇ ਟਰੱਕ ਨਾਲ ਕੰਨਟੇਨਰ ਖਿੱਚ ਕੇ ਲਿਆਉਣੇ ਹੁੰਦੇ ਰੇਲਵੇ ਲੈਨ ਦੇ ਨਾਲ ਨਾਲ ਲੰਬੀ ਕਤਾਰ ਚ ਕੰਨਟੇਨਰ ਖੜੇ੍ ਹੁੰਦੇ ਮੈਂ ਇੱਕ ਇੱਕ ਕਰਕੇ ਟਰੱਕ ਨਾਲ ਜੋੜ ਕੇ ਲਈ ਆਉਂਦਾ ਸਵੇਰੇ ਤੜਕੇ ਤੱਕ ਇਸੇ ਤਰਾਂ ਕੰਮ ਚੱਲੀ ਜਾਂਦਾ
ਜਦ ਕੰਨਟੇਨਰ ਨੂੰ ਟਰੱਕ ਨਾਲ ਜੋੜਨਾ ਹੁੰਦਾ,ਤਾਂ ਉਸ ਦੇ ਅਗਲੇ ਹਿੱਸੇ ਦੇ ਹੇਠਾਂ ਟਰੱਕ ਲੈ ਜਾ ਕੇ ਕੰਨਟੇਨਰ ਦੇ ਅਗਲੇ ਪਾਸੇ ਲੱਗੀ ਹਥੜੀ ਘੁਮਾਅ ਕੇ ਉਸ ਨੂੰ ਟਰੱਕ ਨਾਲ ਜੋੜ ਲਿਆ ਜਾਂਦਾ ਤੇ ਬਾਹਰ ਦੂਜੀ ਇਮਾਰਤ ਨੂੰ ਲੈ ਤੁਰਦਾ ਪਰ ਕੋਈ ਕੋਈ ਕੰਨਟੇਨਰ ਬਹੁਤ ਉੱਚਾ ਕਰਕੇ ਖੜਾ੍ਇਆ ਹੁੰਦਾ ਜਦ ਉਸ ਦੇ ਹੇਠਾਂ ਟਰੱਕ ਜਾਂਦਾ ਤਾਂ ਉਹ ਟਰੱਕ ਨਾਲ ਨਾ ਜੁੜਦਾ ਕਈ ਵਾਰੀ ਤਾਂ ਗਿੱਠ ਡੇਢ ਗਿੱਠ ਉੱਚਾ ਖੜਾ੍ 60-65 ਹਜ਼ਾਰ ਪੌਂਡ ਭਾਰਾ ਕੰਨਟੇਨਰ ਨੀਵਾਂ ਕਰਨ ਲਈ ਉਹਦੀ ਹਥੜੀ ਘੁਮਾਂਉਦਿਆਂ ਇਉਂ ਜੋਰ ਲਗਦਾ ਜਿਵੇਂ ਚਰ੍ੀ ਭਰੀ ਹੋਈ ਪੂਰੀ ਰੇੜ੍ੀ ਦਾ ਟੋਕਾ ਕਰਨਾ ਹੋਵੇ
ਅੱਧੀ ਰਾਤ ਦਾ ਸਮਾਂ ,ਚਾਰੇ ਪਾਸੇ ਸੁੰਨਸਾਨ ,ਠੰਡੀ ਸ਼ੂਕਦੀ ਹਵਾ ਰੇਲਵੇ ਗੁਦਾਮ ਦੀਆਂ ਬੱਤੀਆਂ ਵੀ ਠੰਡ ਨਾਲ ਸੁੰਗੜੀਆਂ ਸੁੰਗੜੀਆਂ ਜਗਦੀਆਂ
ਮੈਂ ਹਥੜੀ ਘੁਮਾਂਉਦਾ ਥੱਕ ਜਾਂਦਾ , ਥੋੜਾ ਚਿਰ ਸਾਹ ਲੈਂਦਾ ਟਰੱਕ ਚ ਜਾ ਕੇ ਪਲਾਸਟਿਕ ਦੀ ਬੋਤਲ ਚੋਂ ਪਾਣੀ ਦੀਆਂ ਘੁੱਟਾਂ ਭਰਦਾ ,ਕਾਟੀ ਹੱਥੋਂ ਸਾਲਾਂ ਬੱਧੀ ਪਿੱਤਲ ਦੇ ਗਲਾਸ ਚ ਪੀਤੇ ਸ਼ਰਬਤ ਵਰਗੇ ਪਾਣੀ ਨੂੰ ਯਾਦ ਕਰਦਾ ਆ ਕੇ ਫੇਰ ਹਥੜੀ ਘੁਮਾਂਉਣ ਲਗਦਾ ਕਾਟੀ ਨੂੰ ਮਸ਼ੀਨ ਗੇੜਦੀ ਨੂੰ ਲਾਏ ਭਾਰੇ ਰੁੱਗ ਹੁਣ ਐਥੇ ਮੈਂਨੂੰ ਇਕੱਲੇ ਨੂੰ ਕੁਤਰਨੇ ਪੈ ਰਹੇ ਸੀ , ਐਥੇ ਤਾਂ ਰੌਲਾ ਵੀ ਨੀ ਸੀ ਪਾ ਸਕਦਾ !ਕੀਹਨੇ ਸੁਣਨਾ ਸੀ??ਮਨ ਵਿੱਚ ਸੋਚਦਾ …ਹੁਣ ਤਾਂ ਕਾਟੀ ਦੇ ਨਿਆਂਣੇ ਵੀ ਵਡੇ ਹੋਗੇ ਹੋਣਗੇ ਪਿਛਲੀ ਵਾਰੀ ਦੇਸ਼ ਗਏ ਨੂੰ ਪਤਾ ਲੱਗਿਆ ਸੀ ਕਿ ਕਾਟੀ ਦਾ ਪਰੌ੍ਣਾ ਫੌਜ ਚੋਂ ਪੈਨਸ਼ਨ ਆ ਗਿਆ ਸੀ ,ਕਾਟੀ ਦੇ ਗਭਰੂ ਹੋਏ ਮੁੰਡੇ ਸਾਰਾ ਕੰਮ ਕਰ ਲੈਂਦੇ ਹੋਣਗੇ ..ਸੁਰਤੀ ਦੂਰ ਪਿੰਡ ਉਪੜ ਜਾਂਦੀ ਇਉਂ ਲਗਦਾ ਜਿਵੇਂ ਹੁਣ ਵੀ ਕਾਟੀ ਮੈਂਨੂੰ ਸਾਹੋ ਸਾਹ ਹੋਏ ਨੂੰ ਦੇਖ ਕੇ ਹਸਦੀ ਹਸਦੀ ਕਿਧਰੋਂ ਆਊਗੀ ਤੇ ਮੇਰੇ ਨਾਲ ਲੱਗ ਭਾਰਾ ਰੁੱਗ ਕੁਤਰਾਉਣ ਲੱਗੂਗੀ ….
ਇਉਂ ਸੋਚਾਂ ਚ ਡੁੱਬਿਆ ਹਥੜੀ ਫੇਰੀ ਜਾਂਦਾ , ਜੋਰ ਲੁਆਂਉਦੀ ਹਥੜੀ ਹੌਲੀ ਹੌਲੀ ਹਲਕੀ ਚੱਲਣ ਲਗਦੀ ਕਿਉਂਕਿ ਭਾਰਾ ਰੁੱਗ ਕੁਤਰਿਆ ਗਿਆ ਹੁੰਦਾ …ਕੰਨਟੇਨਰ ਨੀਂਵਾਂ ਹੋ ਕੇ ਟਰੱਕ ਨਾਲ ਜੁੜ ਗਿਆ ਹੁੰਦਾ……
ਟਰੱਕ ਚ ਚਲਦੀ ਟੇਪ ਚੋਂ ਗੀਤ ਦੇ ਬੋਲ ਕੰਨੀਂ ਪੈਂਦੇ….
ਮੁੰਡਿਆਂ ਦੇ ਵਿੱਚੋਂ ਤੂੰ ਵੀ ਸਿਰ ਕੱਢਵਾਂ….
ਵੇ ਰੂਪ ਮੇਰੇ ਤੇ ਵੀ ਦੂਣ ਸਵਾਇਆ…..
ਸਾਰੇ ਮੇਲੇ ਵਿੱਚ ਤੈਂਨੂੰ ਰਹੀ ਲੱਭਦੀ…..
ਵੇ ਚੀਰੇ ਵਾਲਿਆ ਨਜ਼ਰ ਨਾਂ ਆਇਆ….
ਸੁਣਦਿਆਂ ਮੇਰੇ ਚਿਹਰੇ ਤੇ ਮੁਸਕਾਂਨ ਆ ਜਾਂਦੀ:):):):):):):)

You may also like