ਮਈ ਨੂੰ ਮਜਦੂਰ ਦਿਵਸ ਮਨਾਇਆ ਗਿਆ । 2500 ਬੰਦਿਆਂ ਦਾ ਖਾਣਾ ਤਿਆਰ ਕਰਵਾਇਆ ਗਿਆ ਸੀ । ਬਾਈ ਕੁ ਸੌ ਬੰਦਾ ਆਇਆ । ਖਾਣਾ ਦੋ ਕੁ ਹਜਾਰ ਬੰਦੇ ਨੇ ਖਾਧਾ । ਇਹਨਾਂ ਦੋ ਕੁ ਹਜਾਰ ਬੰਦਿਆਂ ਨੇ ਪੱਚੀ ਸੌ ਬੰਦਿਆਂ ਦਾ ਖਾਣਾ,ਖਾਧਾ ਘੱਟ ਖੇਹ ਖਰਾਬ ਵੱਧ ਕਰਿਆ । ਡਸਟਬਿੰਨਾਂ ਵਿੱਚ ਰੋਟੀਆਂ ਦੇ ਥੱਬੇ,ਚਾਵਲ,ਦਾਲਾਂ ਸਬਜੀਆਂ,ਅਚਾਰ,ਦਹੀਂ,ਸਲਾਦ,ਮਤਲਬ ਖਾਣ ਲਈ ਰੱਖਿਆ ਸਾਰਾ ਕੁੱਝ ਈ ਸਾਡੇ ਪ੍ਰਬੰਧਕਾਂ ਦਾ ਮੂੰਹ ਚਿੜਾ ਰਿਹਾ ਸੀ । ਕਿਉਂਕਿ ਸਾਡੇ ਸਮੇਤ ਹੋਰਨਾਂ ਲੋਕਾਂ ਦੇ ਖਾਣ ਲਈ,ਕੁੱਝ ਵੀ ਨਹੀਂ ਸੀ । ਹਾਂ,ਵੇਖਣ ਲਈ ਬਚੇ ਹੋਏ ਵੇਸਟੇਜ ਖਾਣੇ ਦੇ ਭਰੇ ਡਸਟਬਿੰਨ ਜਰੂਰ ਸਨ ।
ਉਦਾਹਰਨਾਂ ਹੋਰ ਵੀ ਬਹੁਤ ਨੇ,ਪਰ ਸਿਰਫ ਦੋ ਲਿਖਦਾਂ । ਸਾਡੀ ਯੂਨੀਅਨ ਦੇ ਪ੍ਰਧਾਨ ਸ੍ਰ ਹਰੀ ਸਿੰਘ ਟੌਹੜਾ ਦੀ ਰਿਟਾਇਰਮੈਂਟ ਸੀ । ਇੱਕੋ ਗੱਲ ਲਿਖਾਂਗਾ,ਬਾਕੀ ਤੁਸੀਂ ਖੁਦ ਸਮਝ ਲਿਓ,ਬੀ ਕੀ ਹੋਇਆ ਹੋਊ । ਹੋਰ ਆਈਟਮਾਂ ਤੋਂ ਇਲਾਵਾ,ਜਲੇਬੀਆਂ ਵੀ ਸਨ । ਲੋਕਾਂ ਨੇ ਪਹਿਲਾਂ ਉਹ ਜਲੇਬੀਆਂ ਸਾਂਭੀਆਂ, ਜੋ ਤਿਆਰ ਸਨ । ਫੇਰ ਓਧਰ ਟੁੱਟ ਕੇ ਪੈ ਗਏ,ਜਿੱਧਰ ਜਲੇਬੀਆਂ ਤਿਆਰ ਕੀਤੀਆਂ ਜਾ ਰਹੀਆਂ ਸੀ । ਪਤੰਦਰਾਂ ਨੇ,ਚਾਸਣੀ ਵਿੱਚ ਡੁੱਬਣ ਦਾ ਇੰਤਜਾਰ ਵੀ ਨਹੀਂ ਕੀਤਾ । ਕੱਚੀਆਂ, ਭਾਵ ਸਿਰਫ ਤਲੀਆਂ ਹੋਈਆਂ ਈ ਬਿਨਾਂ ਮਿੱਠੇ ਤੋਂ ਸਮੇਟ ਲਈਆਂ ।
ਇਉਂ ਈ,ਇਕੇਰਾਂ ਧਰਨੇ ਤੋਂ ਬਾਅਦ, ਰੋਟੀਆਂ ਨਾਲ ਆਲੂ ਜੀਰਾ ਵਰਤਾਉਣ ਦਾ ਪ੍ਰੋਗਰਾਮ ਸੀ । ਮੈਂ,ਬਾਤਸ਼,ਚੀਮਾ ਤੇ ਦੋ ਚਾਰ ਹੋਰ,ਵਰਤਾ ਰਹੇ ਸੀ । ਰੋਟੀਆਂ ਅਤੇ ਆਲੂਆਂ ਵਾਲੇ ਦੇਗੇ ਜਿਪਸੀ ਵਿੱਚ ਰੱਖੇ ਹੋਏ ਸਨ । ਲੋਕਾਂ ਨੂੰ ਲਾਈਨ ਵਿੱਚ ਲੱਗਣ ਲਈ ਕਿਹਾ ਗਿਆ । ਕਿਹੜੀ ਲਾਈਨ !!!! ਅਜਿਹੀ ਭੁੱਖ ਜਾਗੀ ਕਿ ਮਾਰ ਮਾਰ ਹੁੱਡੇ,ਜਿਪਸੀ ਦੀ ਤ੍ਰਿਪਾਲ ਪਾੜ ਦਿੱਤੀ ਤੇ ਕੁਸ਼ ਮਿੰਟਾਂ ਵਿੱਚ ਹੀ,ਸਾਰਾ ਕੁੱਝ ਕਲੀਨ । ਬਾਅਦ ਵਿੱਚ ਥਾਂ ਥਾਂ ‘ਤੇ ਰੋਟੀਆਂ ਤੇ ਆਲੂ ਖਿੱਲਰੇ ਮਿਲੇ ।
ਪਰਸੋਂ ਚੌਥ, Surjit Singh ਜੀ ਨਾਲ ਇਸੇ ਵਿਸ਼ੇ ‘ਤੇ ਗੱਲ ਹੋ ਰਹੀ ਸੀ । 2011 ਵਿੱਚ, ਜਪਾਨ ਵਿੱਚ ਤਸੁਨਾਮੀ ਸਮੁੰਦਰੀ ਤੂਫਾਨ ਆਇਆ ਸੀ । ਹਜਾਰਾਂ ਲੋਕ ਮਾਰੇ ਗਏ ਸਨ । ਲੱਖਾਂ ਘਰੋਂ ਬੇਘਰ ਹੋ ਗਏ ਸਨ । ਜਪਾਨੀਆਂ ਦਾ ਸਬਰ ਸੰਤੋਖ ਵੇਖੋ । ਜੇਕਰ ਦੋ ਸੌ ਬੰਦੇ ਨੂੰ ਸੌ ਪੈਕੇਟ ਬਰੈਡਾਂ ਦੇ ਮਿਲਦੇ ਤਾਂ ਉਹ ਅਰਾਮ ਨਾਲ ਆਪਸ ਵਿੱਚ ਵੰਡ ਕੇ ਛਕ ਲੈਂਦੇ ।
1993 ਵਿੱਚ ਪੰਜਾਬ ਵਿੱਚ ਹੜ੍ਹ ਆਏ । ਸਾਡੇ ਪਿੰਡ ਦੇ ਇੱਕ ਬੰਦੇ ਨੇ ਰਸਦ ਵੰਡਣ ਆਉਣ ਵਾਲਿਆਂ ਤੋਂ ਏਨਾ ਆਟਾ ਜਮ੍ਹਾਂ ਕਰ ਲਿਆ ਕਿ ਬਾਅਦ ਵਿੱਚ ਸੁੱਟਣਾ ਪਿਆ । ਕਿਉਂਕ ਸੁੰਡ ਪੈਣ ਕਾਰਨ ਉਹ ਆਟਾ ਡੰਗਰਾਂ ਨੇ ਵੀ ਨਹੀਂ ਸੀ ਖਾਧਾ । ਬਾਬੇ ਨਾਨਕ ਨੂੰ ਜਪਾਨ ਵਾਲੇ ਲੋਕ ਜਾਣਦੇ ਨਹੀਂ ਹੋਣੇ । ਨਾ ਹੀ ਉਹਨਾਂ ਨੂੰ ਬਾਬੇ ਦੇ ਵੰਡ ਛਕਣ ਦੇ ਸਿਧਾਂਤ ਦਾ ਪਤਾ ਹੋਣਾ । ਪਰ ਓਹਨਾਂ ਲੋਕਾਂ ਵਿੱਚ ਇਹ ਸਾਰਾ ਕੁੱਝ ਹੈ । ਪਰ ਅਸੀਂ ਇਸ ਨੂੰ ਤਿਆਗ ਰਹੇ ਹਾਂ ।
ਸਾਡੇ ਵਡੇਰਿਆਂ ਨੇ ਜੰਗਲਾਂ ਵਿੱਚ ਲੁਕ ਛਿਪ ਕੇ ਰਹਿੰਦਿਆਂ, ਜੋ ਮਿਲਿਆ ਉਸਨੂੰ ਵੰਡ ਕੇ ਛਕਿਆ । ਭੁੱਖੇ ਭਾਣੇ,ਵੈਰੀਆਂ ‘ਤੇ ਟੁੱਟ ਕੇ ਪੈਂਦੇ ਰਹੇ । ਪਰ ਅਸੀਂ ਲੋਕ ਰੱਜ ਕੇ ਵੀ ਬਹੁਤੀ ਵੇਰਾਂ ਭੁੱਖ ਵਿਖਾ ਦਿੰਦੇ ਆਂ ।
admin
ਅਸੀਂ ਦੋ ਕੁ ਸਾਲ ਹੋਏ ਜਦੋਂ ਅਸੀਂ ਹਫ਼ਤੇ ਦੀਆਂ ਛੁੱਟੀਆਂ ਮੈਕਸੀਕੋ ਵਿੱਚ ਕੱਟਣ ਗਏ ! ਤੇ ਉੱਥੇ ਜਾ ਕੇ ਇਕ ਦੋ ਟੂਰ ਵੀ ਕੀਤੇ !
ਇਕ ਦਿਨ ਅਸੀਂ ਉਹ ਪੈਰਾਮਿਡ ਦੇਖਣ ਗਏ ਜੋ ਦੁਨੀਆਂ ਭਰ ਦੇ ਅਜੂਬਿਆਂ ਵਿੱਚੋਂ ਇਕ ਹੈ । ਦੁਪਹਿਰ ਨੂੰ ਪੂਰੀ ਗਰਮੀ ਤੇ ਅਸੀਂ ਉੱਥੇ ਦਰਖ਼ਤਾਂ ਥੱਲੇ ਨਿੱਕੀਆਂ ਨਿੱਕੀਆਂ ਦੁਕਾਨਾਂ ਤੋਂ ਸਮਾਨ ਵੇਚ ਰਹੇ ਲੋਕਾਂ ਕੋਲੋਂ ਕੁਝ ਚੀਜ਼ਾਂ ਦੇਖਣ ਲੱਗ ਪਏ ! ਹੱਥੀਂ ਬਣੀਆਂ ਸੈਂਕੜੇ ਚੀਜ਼ਾਂ ਲੋਕ ਵੇਚ ਰਹੇ ਸੀ ਤੇ ਉਹ ਇੰਡੀਆ ਵਾਂਗ ਕੀਮਤਾਂ ਵਧਾ ਕੇ ਦੱਸਦੇ ਹਨ ਤੇ ਫੇਰ ਜੇ ਭਾਅ ਤੋੜਨ ਲੱਗ ਜਾਉ ਤਾਂ ਬਹੁਤ ਥੱਲੇ ਵੀ ਆ ਜਾਂਦੇ ਹਨ ! ਅਸੀਂ ਦੋ ਚਾਰ ਚੀਜ਼ਾਂ ਖਰੀਦ ਕੇ ਉੱਥੇ ਹੀ ਠੰਢਾ ਜਿਹਾ ਥਾਂ ਦੇਖ ਕੇ ਛਾਂਵੇ ਬਹਿ ਗਏ ਕਿਉਂਕਿ ਸਾਡੇ ਟੂਰ ਵਾਲੀ ਬੱਸ ਚੱਲਣ ਵਿੱਚ ਹਾਲੇ ਘੰਟਾ ਪਿਆ ਸੀ ! ਥੋੜੀ ਦੇਰ ਬਾਅਦ ਇਕ ਬਜ਼ੁਰਗ ਮਾਈ ਜੋ 80 ਸਾਲ ਦੇ ਕਰੀਬ ਹੋਣੀ ਹੈ ਉਹ ਹੱਥ ਨਾਲ ਕੱਢੇ ਰੁਮਾਲ ਵੇਚ ਰਹੀ ਸੀ ! ਮੈਨੂੰ ਸਿੰਘਣੀ ਕਹਿੰਦੀ ਕਿ ਚੱਲ ਇਹਦੇ ਕੋਲੋਂ ਇਕ ਲੈ ਲੈ ! ਵਿਚਾਰੀ ਗਰੀਬ ਹੈ ! ਮੈ ਜਦੋਂ ਰੁਮਾਲ ਦੀ ਕੀਮਤ ਪੁੱਛੀ ਤਾਂ ਉਹ ਕਹਿੰਦੀ ਇਕ ਡਾਲਰ ਦਾ ਇਕ ਰੁਮਾਲ ਹੈ !
ਉਹ ਅਮਰੀਕਾ ਦੇ ਡਾਲਰ ਵਿੱਚ ਸਮਾਨ ਵੇਚਦੇ ਹਨ ! ਮੈ ਉਹਨੂੰ ਕਿਹਾ ਕਿ ਡਾਲਰ ਦੇ ਦੋ ਦੇ ਦੇ ! ਉਹ ਨਹੀਂ ਮੰਨੀ ਤੇ ਮੈ ਦੋ ਚਾਰ ਵਾਰ ਕਿਹਾ ਜਦੋਂ ਨਾ ਮੰਨੀ ਤਾਂ ਮੈ ਕਿਹਾ ਮੈ ਨਹੀਂ ਲੈਣੇ ! ਤੇ ਮੈ ਮਨ ਹੀ ਮਨ ਸੋਚਿਆ ਕਿ ਇਹ ਬਾਹਰੋਂ ਆਇਆਂ ਨੂੰ ਕਿੱਦਾਂ ਲੁੱਟਦੇ ਹਨ !
ਉਹ ਔਰਤ ਦੂਰ ਚਲੇ ਗਈ ਤੇ ਸਿੰਘਣੀ ਕਹਿੰਦੀ ਮੈ ਦੁਕਾਨ ਤੋਂ ਲੈ ਕੇ ਆਉਂਦੀ ਹਾਂ ਉਹ ਸਸਤਾ ਦੇ ਦੇਣਗੇ ! ਮੈਨੂੰ ਰੁਮਾਲ ਵਧੀਆ ਲੱਗਾ ਤੇ ਮੈ ਇਕ ਜ਼ਰੂਰ ਲੈ ਕੇ ਜਾਣਾ ! ਮੈ ਕਿਹਾ ਤੂੰ ਲੈ ਆ ਮੈ ਇੱਥੇ ਹੀ ਬਹਿੰਨਾ ਨਹੀਂ ਸੀਟਾਂ ਮੱਲੀਆਂ ਜਾਣੀਆਂ ! ਤੇ ਉਹ ਦਸ ਕੁ ਮਿੰਟ ਬਾਅਦ ਦੋ ਰੁਮਾਲ ਲੈ ਕੇ ਆ ਗਈ ! ਮੈ ਪੁਛਿਆ ਕਿੰਨੇ ਦੇ ? ਕਹਿੰਦੀ ਡਾਲਰ ਦੇ ਦੋ ਮਿਲ ਗਏ ! ਮੈ ਬੜਾ ਖੁਸ਼ ਕਿ ਮਾਈ ਐਵੇਂ ਵੱਧ ਪੈਸੇ ਲਾਉਂਦੀ ਸੀ !
ਜਦੋਂ ਅਸੀਂ ਘਰੇ ਆ ਕੇ ਸੂਟਕੇਸ ਖੋਲੇ ਤਾਂ ਵਿੱਚੋਂ 20 ਰੁਮਾਲ ਨਿਕਲੇ ? ਮੈ ਕਿਹਾ ਇਹ ਕੀ ?
ਮੈਨੂੰ ਕਹਿੰਦੀ ਮੈ ਉਸ ਮਾਈ ਕੋਲੋਂ ਸਾਰੇ ਹੀ ਖਰੀਦ ਲਏ ਸੀ ! 20 ਡਾਲਰ ਦੇ 20 ! ਮੈ ਕਿਹਾ ਤੂੰ ਐਵੇਂ ਉਹਨੂੰ ਪੈਸੇ ਲੁਟਾ ਆਈ ! ਉਹ ਮੈਨੂੰ ਪੁੱਛਣ ਲੱਗੀ ਕਿ ਜਦੋਂ ਦੋ ਹਜ਼ਾਰ ਡਾਲਰ ਦੀ ਟਿਕਟ ਲਈ ਕਿਸੇ ਨੇ ਡਾਲਰ ਘੱਟ ਕੀਤਾ ? ਹੋਟਲ ਵਾਲ਼ਿਆਂ ਨੇ ਪੈਸਾ ਘੱਟ
ਕੀਤਾ ? ਟੈਕਸੀ ਵਾਲੇ ਨੇ ? ਥਾਂ ਥਾਂ ਤੇ ਟਿਪ ਦਿੰਦੇ ਆਏ ਹਾਂ ਤੇ ਇਕ ਗਰੀਬ ਦੀ ਕਮਾਈ ਮੋਹਰੇ ਤੈਨੂੰ ਡਾਲਰ ਦੁਖਦਾ ਸੀ ! ਉਹ ਤੇਰੀ ਮਾਂ ਵਰਗੀ ਸੀ ! ਉਹਦਾ ਦਿਲ ਕਿੰਨਾ ਦੁਖਿਆ ਹੋਊ ? ਤੇ ਉਹ ਇਹ ਕਹਿ ਕੇ ਰੋਣ ਲੱਗ ਪਈ !
ਮੈ ਉਦੋਂ ਚੁੱਪ ਸਾਂ !
ਲੱਗਦਾ ਅੱਜ ਪਿਆਰ ਮੋਹਰੇ ਗਿਆਨ ਹਾਰ ਗਿਆ ਸੀ !
ਅਸਲੀ ਰਿਸ਼ਤਾ
ਕਿਸੇ ਵਿਆਹੇ ਜੋੜੇ ਉੱਪਰ ਐਸਾ ਵਖ਼ਤ ਪਿਆ, ਕਿ ਓਹਨਾਂ ਦਾ ਘਰ ਤੱਕ ਵਿਕਣ ਦੀ ਨੌਬਤ ਆ ਗਈ
ਪਤਨੀਂ ਨੇਂ ਆਪਣੇਂ ਸਾਰੇ ਗਹਿਣੇਂ ਵੇਚ ਦਿੱਤੇ…
ਪਤੀ ਬੋਲਿਆ ” ਮੈਂ ਤਾਂ ਤੈਨੂੰ ਵੀ ਗ਼ਰੀਬੜੀ ਬਣਾ ਦਿੱਤਾ…ਕਾਸ਼ ਤੂੰ ਕਿਸੇ ਹੋਰ ਨੂੰ ਵਿਆਹੀ ਹੁੰਦੀ…ਸ਼ਾਇਦ ਅੱਜ ਖੁਸ਼ ਹੁੰਦੀ….ਬਿਹਤਰ ਜ਼ਿੰਦਗ਼ੀ ਗੁਜ਼ਾਰ ਰਹੀ ਹੁੰਦੀ…”
ਪਤਨੀਂ ਨੇਂ ਬੜੀ ਦ੍ਰਿੜ੍ਹਤਾ ਨਾਲ ਕਿਹਾ ” ਤੁਸੀਂ ਮੈਨੂੰ ਗ਼ੈਰ ਸਮਝ ਲਿਆ? ??… ਕਦੇ ਕਹਿੰਦੇ ਹੁੰਦੇ ਸੀ ਇੱਕ ਰੂਹ ‘ਤੇ ਦੋ ਜ਼ਿਸਮ ਹਾਂ ਆਪਾਂ ….ਇਹਨਾਂ ਚੀਜਾਂ ਦਾ ਕੀ ਏ? ??? ਕਦੇ ਫਿਰ ਬਣਾ ਲਵਾਂਗੇ…..ਮੇਰੇ ਲਈ ਤਾਂ ਤੁਸੀਂ ਹੀ ਓਂ ਸਭ ਕੁੱਝ…ਅੱਧੀ ਰੋਟੀ ਖਾ ਲਵਾਂਗੀ…ਤਨ ਢਕਣ ਲਈ ਤੁਹਾਡੇ ਪੁਰਾਣੇਂ ਕੱਪੜੇ ਪਾ ਕੇ ਸਾਰ ਲਵਾਂਗੀ…ਕੁੱਝ ਨਹੀਂ ਚਾਹੀਦਾ ਮੈਨੂੰ….”
ਕੁੱਝ ਸਾਲਾਂ ਬਾਅਦ ਕੰਮ ਲੀਹ ਉੱਤੇ ਪਰਤਿਆ ….ਤਾਂ ਪਤੀ ਨੇਂ ਪਹਿਲਾਂ ਨਾਲੋਂ ਵੱਧ ਗਹਿਣੇਂ ਬਣਵਾ ਕੇ ਪਤਨੀਂ ਨੁੰ ਪਹਿਨਾ ਦਿੱਤੇ.
” ਤੇਰੀ ਖ਼ੂਬਸ਼ੂਰਤੀ ਸ਼ਾਇਦ ਇਸ ਦਾ ਕੋਈ ਤੋੜ ਨਹੀਂ ਨਾਂ ਹੀ ਤੇਰੇ ਕਿਰਦਾਰ ਦੀ ਕੋਈ ਮਿਸ਼ਾਲ ਏ ਮੈਂ ਖੁਸ਼ਕਿਸਮਤ ਹਾਂ ਕਿ ਤੇਰੇ ਨਾਲ ਵਿਆਹਿਆ ਗਿਆ ਪਤੀ ਨੇਂ ਖੁਸ਼ੀ ਨੂੰ ਅੱਖਾਂ ਰਾਹੀਂ ਵਹਿਣ ਤੋਂ ਰੋਕ ਕੇ ਮਸਾਂ ਕਿਹਾ.
“ਝੂਠੇ ਓਂ ਤੁਸੀਂ ਹਾ ਹਾ ਹਾ ” ਪਤਨੀਂ ਸ਼ਰਾਰਤੀ ਜਿਹੇ ਅੰਦਾਜ਼ ‘ਚ ਬੋਲੀ.
ਅਸਲ ਪਤਨੀ ਪਤੀ ਦਾ ਰਿਸ਼ਤਾ ਤਾ ੲਿਸ ਤਰਾ ਦਾ ਹੀ ਹੁੰਦਾ
ਵਿਚਾਰ ਮਿਲਣੇ ਚਾਹਿਦੇ ਹਨ
ਜਿਥੇ ਵਿਚਾਰ ਨਹੀ ਮਿਲਦੇ ੳੁਹ ਰਿਸ਼ਤਾ ਨਰਕ ਤੋ ਵੱਧ ਕੇ ਕੁਝ ਨਹੀ
ਜਦੋਂ ਨਵਾਂ ਨਵਾਂ ਕਨੇਡਾ ਆਇਆ ਤਾਂ ਕੋਈ ਪੰਜੀ ਤੀਹ ਜਗਾ ਅਰਜੀ ਦਿੱਤੀ..
ਕਿਤੇ ਨੌਕਰੀ ਨਾ ਮਿਲ਼ੀ..ਤਿੰਨ ਮਹੀਨਿਆਂ ਮਗਰੋਂ ਮਸੀਂ-ਮਸੀਂ ਬੱਸਾਂ ਬਣਾਉਣ ਵਾਲੀ ਕੰਪਨੀ ਵਿਚ ਕੰਮ ਮਿਲਿਆ..
ਹਜਾਰ ਡਾਲਰ ਦੀ ਮੁੱਲ ਲਈ ਸਤੱਤਰ ਮਾਡਲ ਕਾਰ ਪਹਿਲੇ ਹਫਤੇ ਹੀ ਜੁਆਬ ਦੇ ਗਈ..
ਮਗਰੋਂ ਕਿਸੇ ਦੇ ਨਾਲ ਰਾਈਡ (ਲਿਫਟ) ਲੈ ਕੇ ਹੀ ਕੰਮ ਤੇ ਆਉਣਾ ਜਾਣਾ ਪਿਆ ਕਰਦਾ…!
ਨਵੰਬਰ ਦੇ ਦੂਜੇ ਹਫਤੇ ਸਾਰਾ ਆਲਾ ਦੁਆਲਾ ਬਰਫ ਨਾਲ ਢਕਿਆ ਗਿਆ..
ਇੱਕ ਦਿਨ ਗੋਰੇ ਸੁਪਰਵਾਈਜ਼ਰ ਨੇ ਤਿੰਨ ਤੋਂ ਪੰਜ ਵਜੇ ਤੱਕ ਦਾ ਓਵਰ ਟਾਈਮ ਆਫਰ ਕੀਤਾ…
ਮੈਂ ਬਿਨਾ ਕੁਝ ਸੋਚਿਆ ਹਾਂ ਕਰ ਦਿੱਤੀ..ਇਹ ਵੀ ਖਿਆਲ ਨਾ ਰਿਹਾ ਕੇ ਪੰਜ ਵਜੇ ਘਰ ਕਿਦਾਂ ਜਾਣਾ..
ਲਿਫਟ ਦੇਣ ਵਾਲਾ ਤਾਂ ਤਿੰਨ ਵਜੇ ਆਪਣੀ ਸ਼ਿਫਟ ਮੁਕਾ ਕੇ ਘਰ ਚਲਾ ਗਿਆ ਹੋਵੇਗਾ
ਫੇਰ ਸੋਚਿਆ ਕੇ ਹੁਣ ਜੋ ਹੋਊ ਦੇਖੀ ਜਾਊ….
ਪੰਜ ਵਜੇ ਓਵਰਟਾਈਮ ਮੁੱਕਿਆ ਤਾਂ ਮੈਂ ਆਪਣੀ ਰੋਟੀ ਵਾਲਾ ਡੱਬਾ ਚੁੱਕ ਬਾਹਰ ਸੜਕ ਤੇ ਆਣ ਖਲੋਤਾ..
ਇੱਕ ਕੋਲੋਂ ਲੰਘਦੇ ਗੋਰੇ ਨੂੰ ਬੇਨਤੀ ਕੀਤੀ ਬੀ ਫਲਾਣੀ ਜਗਾ ਜਾਣਾ ਜੇ ਟਰੱਕ ਤੇ ਚੜਾ ਲਵੇ ਤਾਂ…
ਮੰਨ ਤਾਂ ਗਿਆ ਪਰ ਕਿਲੋਮੀਟਰ ਅਗਾਂਹ ਜਾ ਕੇ ਆਖਣ ਲੱਗਾ ਬੀ ਏਦੂੰ ਅੱਗੇ ਆਪਣਾ ਬੰਦੋਬਸਤ ਆਪ ਕਰ ਲੈ
ਬੰਦੋਬਸਤ ਕਾਹਦਾ ਕਰਨਾ ਸੀ..ਬਸ ਟੈਕਸੀ ਹੀ ਕਰ ਸਕਦਾ ਸਾਂ ਪਰ ਜਿੰਨੇ ਓਵਰਟਾਈਮ ਚ ਕਮਾਏ ਸੀ ਓਦੂੰ ਵੱਧ ਤੇ ਟੈਕਸੀ ਵਾਲੇ ਨੇ ਲੈ ਜਾਣੇ ਸੀ
ਸੋ ਪੈਦਲ ਹੀ ਹੋ ਤੁਰਿਆ…
ਓਥੋਂ ਘਰ ਦੀ ਵਾਟ ਕੋਈ ਬਾਰਾਂ ਕਿਲੋਮੀਟਰ ਸੀ
ਅੱਧ ਵਿਚਾਲੇ ਤਕ ਆਉਂਦਿਆਂ ਆਉਂਦਿਆਂ ਪੂਰਾ ਜ਼ੋਰ ਹੋ ਗਿਆ…
ਉੱਤੋਂ ਮਨਫ਼ੀ ਤਾਪਮਾਨ ਵਿਚ ਭਾਰੇ ਬੂਟਾਂ ਨਾਲ ਬਰਫ ਤੇ ਤੁਰਦਿਆਂ ਤੁਰਦਿਆਂ ਭੁੱਖ ਵੀ ਲੱਗ ਗਈ..
ਸੋਚੀਂ ਪੈ ਗਿਆ ਕੇ ਹੁਣ ਕੀ ਕੀਤਾ ਜਾਵੇ…
ਆਸੇ ਪਾਸੇ ਤੋਂ ਕੁਝ ਲੈ ਕੇ ਖਾਣ ਦੀ ਵੀ ਹਿੰਮਤ ਨਾ ਪਈ ਕਿਓੰਕੇ ਓਹਨੀ ਦਿਨੀ ਖਰਚ ਕੀਤਾ ਹਰੇਕ ਡਾਲਰ ਆਪਣੇ ਆਪ ਹੀ ਪੰਜਾਹਾਂ ਨਾਲ ਜਰਬ ਹੋ ਜਾਇਆ ਕਰਦਾ ਸੀ
ਖੈਰ ਥੋੜਾ ਹੋਰ ਤੁਰਿਆ ਤਾਂ ਅਚਾਨਕ ਹੀ ਚੇਤਾ ਆਇਆ ਕੇ ਦੁਪਹਿਰ ਵੇਲੇ ਦੀ ਟਿਫਨ ਵਿਚ ਇੱਕ ਰੋਟੀ ਅਤੇ ਗਾਜਰਾਂ ਦੀ ਥੋੜੀ ਜਿਹੀ ਸਬਜ਼ੀ ਬਚੀ ਪਈ ਹੈ…
ਓਸੇ ਵੇਲੇ ਟਿਫਨ ਖੋਲ ਸਬਜ਼ੀ ਰੋਟੀ ਵਿਚ ਚੰਗੀ ਤਰਾਂ ਲਪੇਟ ਲਈ ਤੇ ਰੋਟੀ ਦੇ ਇੱਕ ਪਾਸੇ ਤੋਂ ਕੰਢੇ ਮੋੜ ਲਏ ਤਾਂ ਕੇ ਸਬਜ਼ੀ ਹੇਠਾਂ ਨਾ ਡਿੱਗੇ ਤੇ ਤੁਰਿਆਂ ਜਾਂਦਿਆਂ ਹੀ ਖਾਣਾ ਸ਼ੁਰੂ ਕਰ ਦਿੱਤਾ…
ਕਿਸੇ ਵੇਲੇ ਅਮ੍ਰਿਤਸਰ ਦੇ ਇੱਕ ਮਸ਼ਹੂਰ ਹੋਟਲ ਵਿਚ ਹਮੇਸ਼ਾਂ ਸੁਆਦੀ ਪਕਵਾਨਾਂ ਵਿਚ ਘਿਰਿਆ ਰਹਿਣ ਵਾਲਾ ਇਨਸਾਨ ਅੱਜ ਬਰਫ਼ਾਂ ਦੇ ਦੇਸ਼ ਵਿਚ ਪਰਿਵਾਰ ਪਾਲਣ ਦੇ ਚੱਕਰ ਵਿਚ ਕੱਲਾ ਤੁਰਿਆ ਜਾਂਦਾ ਠੰਡ ਨਾਲ ਆਕੜੀ ਹੋਈ ਰੋਟੀ ਦਾ ਬਣਾਇਆ ਹੋਇਆ ਦੇਸੀ ਸੈਂਡਵਿਚ ਖਾ ਰਿਹਾ ਸੀ…ਵਕਤ ਵਕਤ ਦੀ ਗੱਲ ਏ ਦੋਸਤੋ…
ਖੈਰ ਸਾਢੇ ਬਾਰਾਂ ਕਿਲੋਮੀਟਰ ਦਾ ਪੈਂਡਾ ਗਿੱਟਿਆਂ ਤੇ ਪੈ ਗਏ ਛਾਲਿਆਂ ਕਾਰਨ ਮਸੀਂ ਦੋ ਘੰਟੇ ਦਸਾਂ ਮਿੰਟਾ ਵਿਚ ਮੁਕਾਇਆ…ਘਰੇ ਪਹੁੰਚਿਆ ਤਾਂ ਦੋ ਦਿਨ ਪੈਰਾਂ ਦੀ ਸੋਜ ਨਾ ਉੱਤਰੀ!
ਅੱਜ ਇੰਨੇ ਵਰ੍ਹਿਆਂ ਮਗਰੋਂ ਵੀ ਜਦੋਂ ਕਦੀ ਓਸੇ ਰੂਟ ਤੋਂ ਦੋਬਾਰਾ ਲੰਘਣ ਦਾ ਸਬੱਬ ਬਣ ਜਾਂਦਾ ਏ ਤਾਂ ਠੰਡ ਨਾਲ ਆਕੜੀ ਹੋਈ ਰੋਟੀ,ਠੰਡੀਆਂ ਗਾਜਰਾਂ ਵਾਲਾ ਦੇਸੀ ਸੈਂਡਵਿਚ,ਬਾਰਾਂ ਕਿਲੋਮੀਟਰ ਵਾਲਾ ਪੈਂਡਾ ਅਤੇ ਗਿੱਟਿਆਂ ਤੇ ਪਏ ਛਾਲੇ ਚੇਤੇ ਕਰ ਕਿਸੇ ਕਾਰਨ ਉਤਲੀ ਹਵਾਏ ਪਹੁੰਚ ਗਿਆ ਦਿਮਾਗ ਓਸੇ ਵੇਲੇ ਜਮੀਨ ਤੇ ਆਣ ਉੱਤਰਦਾ ਏ..!
ਕਹਿੰਦੇ ਕਿਸੇ ਬੰਦੇ ਨੇ ਮਠਿਆਈ ਦੀ ਦੁਕਾਨ ਪਾਈ ਅਤੇ ਦੁਕਾਨ ਦੇ ਬਾਹਰ ਬੋਰਡ ਲਾ ਦਿੱਤਾ, “ਇੱਥੇ ਤਾਜ਼ੀ ਮਠਿਆਈ ਮਿਲਦੀ ਹੈ।”
ਇੱਕ ਮੁਫ਼ਤ ਦਾ ਸਲਾਹਕਾਰ ਆ ਕੇ ਕਹਿੰਦਾ, “ਜਦੋਂ ਬੋਰਡ ਦੁਕਾਨ ‘ਤੇ ਹੀ ਲੱਗਾ ਹੈ ਤਾਂ ਫੇਰ ਲਫਜ਼ “ ਇੱਥੇ “ ਲਿਖਣ ਦੀ ਕੀ ਲੋੜ ਹੈ?”
ਦੁਕਾਨ ਵਾਲੇ ਨੇ ਲਫਜ਼ “ਇੱਥੇ” ਕੱਟ ਦਿੱਤਾ ਤੇ ਬੋਰਡ ‘ਤੇ ਲਿੱਖ ਦਿੱਤਾ “ਤਾਜ਼ੀ ਮਠਿਆਈ ਮਿਲਦੀ ਹੈ।“
ਫਿਰ ਦੂਜੇ ਦਿਨ ਆ ਕੇ ਇੱਕ ਹੋਰ ਮੁਫ਼ਤ ਦਾ ਸਲਾਹਕਾਰ ਕਹਿਣ ਲੱਗਾ, “ਕੀ ਤੂੰ ਬਾਸੀ ਮਠਿਆਈ ਵੀ ਵੇਚਦਾ ਏਂ?”
ਦੁਕਾਨਦਾਰ :- ਜੀ ਨਹੀਂ।
ਸਲਾਹਕਾਰ :- ਫੇਰ ਤਾਜ਼ੀ ਲਿਖਣ ਦਾ ਕੀ ਮਤਲਬ ?
ਦੁਕਾਨਦਾਰ ਨੇ ਲਫ਼ਜ ‘ਤਾਜ਼ੀ’ ਵੀ ਕੱਟ ਦਿੱਤਾ ਅਤੇ ਸਿਰਫ ਇੰਨਾ ਹੀ ਲਿਖ ਦਿੱਤਾ, “ਮਠਿਆਈ ਮਿਲਦੀ ਹੈ।”
ਅਗਲੇ ਦਿਨ ਇੱਕ ਹੋਰ ਸਲਾਹਕਾਰ ਆਕੇ ਕਹਿੰਦਾ, “ਤੁਸੀਂ ਗੱਡੀਆਂ ਦੇ ਸਪੇਅਰ ਪਾਰਟ ਵੀ ਵੇਚਦੇ ਹੋ?”
ਦੁਕਾਨਦਾਰ :- ਜੀ ਨਹੀਂ।
ਸਲਾਹਕਾਰ :- “”ਫੇਰ ਲਫਜ਼ ਮਠਿਆਈ ਲਿਖਣ ਦਾ ਕੀ ਮਤਲਬ?”
ਦੁਕਾਨਦਾਰ ਨੇ ਕੱਟ ਕੇ ਸਿਰਫ ਏਨਾ ਹੀ ਲਿੱਖ ਦਿੱਤਾ, “ਮਿਲਦੀ ਹੈ।“
ਅਗਲੇ ਦਿਨ ਇੱਕ ਹੋਰ ਸਲਾਹਕਾਰ ਆ ਕੇ ਕਹਿੰਦਾ “” ਜਦੋਂ ਮਠਿਆਈ ਸਜਾ ਕੇ ਰੱਖੀ ਹੋਈ ਹੈ, ਦੁਕਾਨ ਦਾ ਸ਼ਟਰ ਖੁੱਲਾ ਹੈ ਤਾਂ ਫਿਰ ਲਿਖਣ ਦੀ ਕੀ ਫਾਇਦਾ ਕਿ “ਮਿਲਦੀ ਹੈ” ਸਭ ਨੂੰ ਪਤਾ ਹੀ ਹੈ ਕਿ ਮਿਲਦੀ ਹੈ।
ਇਹ ਸੁਣਕੇ ਦੁਕਾਨਦਾਰ ਨੇ ਬੋਰਡ ਉਤਾਰ ਦਿੱਤਾ।
ਥੋੜੇ ਦਿਨਾਂ ਬਾਦ ਇੱਕ ਹੋਰ ਮੁਫ਼ਤ ਦਾ ਸਲਾਹਕਾਰ ਆ ਕੇ ਦੁਕਾਨਦਾਰ ਨੂੰ ਕਹਿੰਦਾ “” ਯਾਰ ਏਨੀ ਸੋਹਣੀ ਤੇਰੀ ਦੁਕਾਨ ਹੈ, ਤਾਜੀ ਮਠਿਆਈ ਦੀ ਖੁਸ਼ਬੋ ਆ ਰਹੀ ਹੈ, ਤੂੰ ਇੱਕ ਬੋਰਡ ਵੀ ਲਿਖ ਕੇ ਲਾ ਦੇ ਕਿ “ਇੱਥੇ ਤਾਜ਼ੀ ਮਠਿਆਈ ਮਿਲਦੀ ਹੈ।
ਅਣਕਿਆਸੀ ਵੰਡ ਆਲੀ ਅਜ਼ਾਦੀ ‘ਚ ਸਿੱਖਾਂ ਦੇ ਨਾਲ ਨਾਲ ਹਿੰਦੂ ਮਹਾਜਨ ਵੀ ਉੱਜੜੇ ਸੈਨ ।ਸਾਡੇ ਵਰਗੀ ਪੰਜਾਬੀ ਬੋਲਦੇ ਸਾਡੇ ਵਰਗਿਆਂ ਚੁਲ਼ਿਆਂ -ਚੌਂਤਰਿਆਂ ਆਲੇ ਪਰਿਵਾਰਾਂ ਦੇ ਜੀਅ ,ਸਾਡੇ ਨਾਲ ਵਿਆਹਾਂ ਚ ਹੱਥ ਵਟਾਉਂਦੇ ,ਮਰਗਦ -ਸਥਰਾਂ ਚ ਸਾਡੇ ਨਾਲ ਭੂਜੇ ਦੋੜੇ ਤੇ ਬਰਾਬਰ ਬਹਿੰਦੇ।ਬੇਸ਼ਕ ਘਰਾਂ ਚ ਜੋ ਮਰਜ਼ੀ ਪੂਜਾ ਆਰਤੀ ਕਰਦੇ ਪਰ ਗੁਰਦੁਆਰੇ ਭੋਗਾਂ-ਪਾਠਾਂ ਤੇ ਸਾਡੇ ਨਾਲੋ ਅੱਗੇ ਹੁੰਦੇ ਸੀ।ਉਨਾਂ ਦੇ ਨਾਂਓ ਬੇਸ਼ਕ ਗੋਕਲ,ਬਾਨੀ,ਨੱਥੂ ,ਵੇਦ ਆਦਿ ਤੋਂ ਸ਼ੁਰੂ ਹੁੰਦੇ ,ਦਾੜੀ ਸੇਵ ਤੇ ਵਾਲ ਵੀ ਕਟਾ ਕੇ ਰੱਖਦੇ ਪਰ ਜੇਠਾ ਪੁੱਤ ਸਿੱਖ ਸਜਾਉਂਦੇ ਤੇ ਨਾਂਓ ਰੱਖਦੇ ਗੁਰਮੀਤ ,ਹਰਮੀਤ,ਗੁਰਾਂਦਿਤਾ ਆਦਿ ।ਸਿੱਖ ਸਜਾਏ ਪੁੱਤ ਦੇ ਨੰਦ-ਕਾਰਜ ਕਰਦੇ ਤੇ ਬਾਕੀਆਂ ਦੇ ਅੱਧੀ ਰਾਤ ਨੁੰ ਪੰਡਿਤ ਤੋਂ ਫੇਰੇ ਕਰਾਉਂਦੇ ,ਸਾਰਾ ਪਿੰਡ ਫੇਰਿਆਂ ‘ਚ ਮੇਲ ਗੇਲ ਹੁੰਦਾ ।ਐਨੇ ਗੂੜ੍ਹੇ ਸਾਕ ਸੀ ਜਦ ਕਿ ਲੋਕ ਕਿਸੇ ਦੇ ਰਿੜਕਣੇ ਚੋ ਲੱਸੀ ਵੀ ਬਿਨਾ ਦੱਸੇ ਡੌਲ ਭਰ ਕੇ ਲੈ ਜਾਂਦੇ ਸੀ ।ਖਿਓ ਖੰਡ ਵਾਂਗ ਲੋਕ ਰਹਿੰਦੇ ਸੈਨ।
ਨਿੱਕਾ ਜਿਹਾ ਸਾਂ ਪਰ ਸਾਡੇ ਪੁਰਾਣੇ ਛੱਤੇ ਚ ਬੈਠੀ ਵੱਡੀ ਮਰਹੂਮ ਬੇਬੇ ਨੇ ਠੰਡਾ ਸਾਹ ਭਰਨਾਂ ਤੇ ਹੌਂਕਾਂ ਲੈ ਕੇ ਕਹਿਣਾ ,”ਚਾਲੀ ਵਰੇ ਹੋ ਗਏ ਉੱਜੜਿਆਂ ਨੁੰ” ਸ਼ਾਇਦ ਇਹ ਸ਼ਬਦ ਏਨੀ ਵਾਰ ਸੁਣਿਆਂ ਮੈ ਮੇਰੇ ਡੈਡੀ ਦੀ ਨਾਨੀ (ਸਮਾਂ ਕੌਰ) ਦੇ ਮੁਖੋ ਕਿ ਅੱਜ ਵੀ ਚੇਤਿਆਂ ਚ ਵੱਸਿਆ ਪਿਆ ।ਜਾਣੋ ਅੱਜ ਵੀ ਸਾਹਮਣੇ ਬੈਠੀ ਵਾਣ ਦੇ ਮੰਜੇ ਬੈਠ ਕੇ ਭੂਜੇ ਪਈ ਪੀੜੀ ਦੀ ਦੌਣ ਤੇ ਲੱਤਾਂ ਲਮਕਾ ਕੇ ਕਹਿ ਰਹੀ ਹੋਵੇ “ਚਾਲੀ ਵਰੇ ਹੋ ਗਏ ਉੱਜੜਿਆ ਨੁ ਤੇ ਲਗਦਾ ਅਜੇ ਕਲ ਦੀ ਗਲ ਅਾ”ਤਾਂ ਸਚ ਜਾਣਿਓ ਧਰਮਨਾਂ ਕਾਲਜੇ ਦਾ ਰੁੱਗ ਭਰਿਆ ਜਾਂਦਾ “ਅਜ ਵੀ …
ਸਾਡੇ ਬਜੁਰਜ ਬਹੋਲਪੁਰ ‘ਚੋ ਉਜੜ ਕੇ ਆਏ ਸੈਨ ,ਬੱਸ ਦੇਹੀ ਹੀ ਜਿਸ ਨੁ ਵੱਢ ਟੁਕ ਤੋਂ ਬਚਾ ਕੇ ਲੈ ਆਏ ਸੀ ,ਖ਼ਬਰੇ ਇਸ ਦੇਹੀ ਨੇ ਹੋਰ ਕਿੰਨੇ ਕੁ ਕਸ਼ਟ ਦੇਖਣੇ ਸੀ ,ਸ਼ੈਂਤ ਤਾਂ ਛੱਡ ਤੀ ਹੋਣੀ ਆ ਕਰਤਾਰ ਨੇ ।
ਮਹਾਜਨਾਂ ਨੁੰ ਨਾਂ ਤਾਂ ਵਖਰੇ ਦੇਸ਼ ਦੀ ਝਾਕ ਸੀ ਤੇ ਨਾਂ ਹੀ ਕੇਂਦਰ ਚ ਨਾਂ ਵਜ਼ੀਰੀਆਂ ਮਿਲਣ ਦਾ ਸੰਨਸਾ ।ਪੀੜੀ ਦਰ ਪੀੜੀ ਬੈਠੇ ਸੈਨ ਪਿੰਡਾਂ ਚ ਨਿੱਕੀਆਂ ਨਿੱਕੀਆਂ ਗੁੜ ਚਾਹ ਦੀਆਂ ਹਟੀਆਂ ਖੋਲੀ ,ਤੋਰੀ ਫੁਲਕਾ ਸੋਹਣਾ ਚਲੀ ਜਾਂਦਾ ਸੀ ।ਬੱਸ ਫਿਕਰ ਸੀ ਕਿ ਹੁਣ ਬਣੁ ਗਾ ਕੀ ਅੱਗੇ !ਕਿਉਕਿ ਹਿੰਦੂ ਸਿੱਖ ਦੋ ਜਾਤਾਂ ਇਹ ਕਦੇ ਵੰਡ ਤੋਂ ਪਹਿਲਾਂ ਕਦੇ ਪਿੰਡਾਂ ਚ ਘੁਗ ਵਸਦਿਆਂ ਕਿਸੇ ਮਾਈ ਭਾਈ ਨੇ ਸੁਫਨੇ ਚ ਵੀ ਚਿਤਵਿਆ ਹੀ ਨਹੀਂ ਸੀ ।ਬਜ਼ੁਰਗ ਦੱਸਦੇ ਆ ਕਿ ਉਨਾਂ ਨੁੰ ਤਾਂ ਕਦੇ ਮੁਸਲਮਾਨ ਵੀ ਦੂਜੇ ਨਹੀਂ ਸੈਨ ਲੱਗੇ ।
ਜਦੋ ਜੱਟਾਂ ਜਿਮੀਦਾਰਾਂ ਦੀ ਪੈਲੀ ਨੁੰ ਕਾਟ ਲੱਗੀ ਤਾਂ ਮਹਾਜਨਾਂ ਨੁੰ ਕਾਟ ਲਾ ਕੇ ਕੀ ਮਿਲਣੀ ਸੀ? ਜਦੋਂ ਕਿ ਬਹੁਤੇ ਮਹਾਜਨ ਤਾਂ ਹੈ ਵੀ ਬੇਜ਼ਮੀਨੇ ਸੀ।ਜੋ ਕੱਪੜੇ ਦੀਆਂ ਡੱਗੀਆਂ ਸਿਰ ਤੇ ਰੱਖ ਕੇ ਪਿੰਡ ਪਿੰਡ ਲੀੜਾ ਲੱਤਾ ਵੇਚਦੇ ।ਨਿੱਕੀਆਂ ਮੋਟੀਆਂ ਹਟੀਆਂ ਵਹੁੰਦੇ।ਹਾਂ ਇਕ ਅੱਧਾ ਧੰਨੇ ਸ਼ਾਹ ਵਰਗਾ (ਸੋਹਣ ਸਿੰਘ ਸ਼ੀਤਲ ਦੇ ਤੂਤਾਂ ਆਲੇ ਖੂਹ )ਵਿਆਜੜੀਆ ਸ਼ਾਹੂਕਾਰ ਵੀ ਹੁੰਦਾ ਸੀ ਪਰ ਰਹਿਣਾ ਸਹਿਣਾ ਓਸ ਦਾ ਜੀ ਸਧਾਰਨ ਜ਼ਿਮੀਂਦਾਰਾਂ ਵਰਗਾ ਹੀ ਹੁੰਦਾ ਸੀ ।ਦੋ ਚਾਰ ਘਰ ਹਰੇਕ ਪਿੰਡ ਚ ਜੱਟਾਂ ਵਰਗੇ ਮਹਾਜਨਾਂ ਦੇ ਘਰ ਜਰੂਰ ਹੁਦੇ ਸੁਰਤ ਚ ਜੋ ਰਹਿਤ ਬਹਿਤ ਤੇ ਦਿੱਖ ਤੋਂ ਜੱਟ ਮਹਾਜਨ ਲੱਗਦੇ ।
ਵੰਡ ਦੇ ਉਜਾੜੇ ਨੇ ਇਹਨਾਂ ਨੁੰ ਵੀ ਝੰਬ ਸੁੱਟਿਆ ਲੁਟਿਅਾ ਪੁਟਿਅਾ ।ਬੇਬੇ ਹੋਰੀ ਦੱਸਦੇ ਹੁੰਦੇ ਸੀ ਕਿ ਇਹ ਵੀ ਉਜਾੜੇ ਮੌਕੇ ਸਾਡੇ ਉਠ ਗਡਿਆਂ ਤੇ ਬੈਠ ,ਸਾਡੇ ਵਰਗਿਅਾ ਦੀ ਉਗਲ ਫੜ ਏਧਰ ਆਣ ਪਿੰਡਾਂ ਚ ,ਸਾਡੇ ਨਾਲ ਘਰ ਪਾ ਰਹਿਣ ਲੱਗੇ ।ਬੜਾ ਆਸਰਾ ਦਿੱਤਾ ਜ਼ਿਮੀਂਦਾਰ ਬਜ਼ੁਰਗਾਂ ਨੇ ਇਨਾਂ ਨੁੰ ਦੂਜਾ ਕੌਮ ਸਿਆਣੀ ਸੀ ਸੋ ਛੇਤੀ ਜੜਾਂ ਲਾ ਗੇ ।ਮਹਾਜਨੀਆਂ ਨੇ ਲੋਕਾਂ ਦੀਆਂ ਕੋਟੀਆਂ ਸਵਾਟਰਾਂ ਬੁਣੀਆਂ,ਘਰੇ ਮਸ਼ੀਨ ਤੇ ਲੀੜੇ ਸਿਉਤੇ ਤੇ ਸੂਮਪੁਣੇ ਚ ਘਰ ਬਨੇ ।
ਪਾਕਿਸਤਾਨ ਦੀ ਵੰਡ ਤੋਂ ਉੱਭਰ ਕੇ ਆਏ ਇੰਨਾਂ ਪਰਿਵਾਰਾਂ ਦੀ ਏਧਰ ਜੰਮੀ ਪੀੜੀ ਉਡਾਰ ਹੋਣ ਲੱਗੀ ।ਜਵਾਕ ਮੱਝਾਂ ਗਾਵਾਂ ਟਰੈਕਟਰਾਂ ਆਦਿ ਦੀ ਦਲਾਲੀ ਕਰਨ ਲੱਗੇ ਮਨੀਮੀਅਾ ਕਰਨ ਲਗੇ ਤੇ ਦਿਨ ਫਿਰਨੇ ਸ਼ੁਰੂ ਹੋ ਗਏ ਇਨ੍ਹਾਂ ਵਿਚਾਰਿਆਂ ਦੇ ਵੀ ਇਕ ਵਾਰ ਫਿਰ ਤੋ ਅਛੇ ਦਿਨ ।
ਚਾਣਚਕ ਫੇਰ ਇਕ ਕਾਲਾ ਝੱਖੜ ਝੁਲਿਆ ,ਪੰਜਾਬ ਚ ਜੱਟਾਂ ਦੇ ਪੁੱਤਾਂ ਦੇ ਹੱਥ ਦਾਣੇ ਬੀਜਨ ਆਲੀਆਂ ਮਸ਼ੀਨਾਂ ਦੇ ਪੋਰ ਚ ਦਾਣੇ ਕੇਰਦੇ ਕੇਰਦੇ ਅਚਾਨਕ ਏ ਕੇ ਸੰਤਾਲੀਆਂ ਚੋ ਅੱਗ ਕੇਰਨ ਲੱਗ ਪਏ ।ਦਿਨ ਢਲਦੇ ਹੀ ਸੋਗ ਜਿੰਨੀ ਚੁੱਪ ਛਾ ਜਾਂਦੀ ।ਮਹਾਜਨ ਜੋ ਜ਼ਿਮੀਂਦਾਰਾਂ ਵਰਗੀ ਕੌਮ ਸੀ ,ਚਿੜੀ ਦੇ ਬੱਚੇ ਵਾਂਗ ਛੈਂਅ ਰਹਿੰਦੇ ।ਕਿਉਕਿ ਇਹ ਗਲ ਤਾਂ ਪਹਿਲਾਂ ਹੀ ਮਸ਼ਹੂਰ ਸੀ ਕਿ ਇਨਾਂ ਦਾ ਦਿਲ ਚਿੜੀ ਦੇ ਬਚੇ ਜਿਡਾ ਹੁਦਾ
ਕੇਰਾਂ ਮੈ ਕਲਿਹਣੇ ਕਾਲੇ ਦੌਰ ਦੇ ਦਿਨਾਂ ਚ ਵਕਤ ਦੇ ਮਾਰੇ ,ਕੁਝ ਪੇਡੁ ਮਹਾਜਨਾਂ ਨੁੰ ਪੱਗਾਂ ਵਰਗੇ ਕੇਸਰੀ ਪਰਨੇ ਬੰਨਿਆਂ ਚ ਦੇਖਿਆ ,ਜੇਠੇ ਪੁਤ ਅਾਲੀ ਪਗੜੀ ਤੇ ਡਰ ਦੇ ਮਾਰੇ ਬੰਨੀ ਪਗ ਚ ਫਰਕ …ਮੇਰਾ ਰੱਬ ਜਾਣਦਾ ਕਿ ੳੁਦਣ ਮੇਰਾ ਕਾਲਜਾਂ ਜਿਵੇ ਮੂਹ ਚ ਆ ਗਿਆ ਹੋਵੇ । ਉਦੋਂ ਮੈਨੁ ਮੇਰਾ ਸਿੱਖ ਹੋਣਾ ਚੁਭ ਰਿਹਾ ਸੀ ,ਜਿਵੇ ਮੈ ਗੁਨਾਹਗਾਰ ਹੋਵਾਂ ਇਨਾਂ ਦਾ ।।
ਪਿੰਡਾਂ ‘ਚ ਜਟ ਮਿਜੀਦਾਰ ,ਮਹਾਜਣਾ ਨੁੰ ਅਾਸਰਾ ਦਿਂਦੇ ਕਿੳ ਕਿ ਪੁਰਾਣੀ ਦੁਖਾਂ ਸੁਖਾਂ ਦੀ ਸਾਂਝ ਸੀ …ਦਿਲ ਧਰਾਂਉਦੇ …ਕਿਤੇ ਕਿਤੇ ਤਾਂ ਉਨਾਂ ਦੇ ਬੂਹਿਆਂ ਚ ਮੰਜਾ ਢਾਹ ਕੇ ਵੀ ਸੌਦੇ ,ਮਾੜੇ ਦਿਨਾਂ ਚ …ਪਰ ਅਖਬਾਰਾਂ ‘ਚ ਅਣਪਛਾਤਿਅਾ ਵਲੋ ਇਕ ਫਿਰਕੇ ਨੁੰ ਬਸ ਚੋ ਕਢ ਕੇ ਲਾਈਨ ਬਣਾ ਕੇ…..ਖਬਰੇ ਅੈਸੇ ਕਾਰੇ ਸਚੇ ਲੋਕ ਕਰਦੇ ,ਖਬਰੇ ੲਜੰਸੀਅਾ ਦੇ ਬੰਦੇ ,ਖਬਰੇ ਝੂਠੇ ਲੁਟਾਂ ਖੋਹਾਂ ਕਰਨ ਅਾਲੇ ਰਬ ਜਾਣਦਾ ਪਰ ਮਹਾਜਨਾਂ ਦੇ ਦੂਰ ਸ਼ਹਿਰਾਂ ਚ ਰਹਿੰਦੇ ਰਿਸ਼ਤੇਦਾਰਾਂ ਦਾ ਇਹ ਖਬਰਾਂ ,ਸਾਹ ਸੂਤ ਲੈਂਦੀਅਾ…ਬਸ ਚੜ ਅਾਣ ਪਿੰਡਾਂ ਚ ਵਜਦੇ ਦਿਨ ਖੜੇ ….ਹੌਲੀ ਹੌਲੀ ਡਰਦੇ ਕੁਝ ਅਾਪ ਪਿੰਡ ਛਡ ਸ਼ਹਿਰਾਂ ਚ ਅਾਪਣੇ ਰਿਸਤੇਦਾਰਾਂ ਕੋਲ ਚਲੇ ਗਏ ।ਅਾਪ ਕਾਰਖਾਨਿਅਾ ਚ ਨੌਕਰੀ ਕਰ ਲਗੇ ਤੇ ਜਵਾਕ ਸਕੂਲਾਂ ਚ ਪੜਨ ਲਾ ਲਏ ਤੇ ਕਈਅਾ ਦੇ ਰਿਸ਼ਤੇਦਾਰ ਧਕੇ ਨਾਲ ਲੈ ਗਏ,ਜਿਨਾਂ ਦੀ ਵਢੀ ਰੂਹ ਵੂ ਨੀ ਚਾਹੁਦੀ ਪਿੰਡ ਛਡਣਾ ਅਾਖਰ ਓਹ ਵੀ ਹਥ ਝਾੜ ਕੇ ਤੁਰ ਗਏ ਅਾਪਣੇ ਗਰਾਂ ਚੋ ਪਰਾਇਅਾ ਵਾਂਗ।
ਇੰਝ ਮਹਾਜਨ ਜਿਮੀਦਾਰ ਦੋ ਵਾਰ ਉਜੜੇ ।ਹੁਣੇ ਹੁਣੇ ਉਨਾਂ ਦੀ ਗੁਭਰੇਟ ਹੋਈ ਪੀੜੀ ਕੁਝ ਨੀ ਜਾਣਦੀ ।ਇਤਾਹਾਸਕਾਰਾਂ ਦੀ ਕਲਮ ਨੇ ਇਨਾਂ ਪੇਂਡੂ ਮਹਾਜਨਾਂ ਦੇ ਇੰਝ ਉਜੜਨ ਦਾ ਕਦੀ ਜਿਕਰ ਨਹੀ ਕੀਤਾ ਜਿਸ ਦਾ ਦੁਖ ਅਾ ਤੇ ਗਿਲਾ ਵੀ
ਇਕ ਮਿਕ ਪਰਿਵਾਰਾਂ ਦੀ ਰਹਿ ਚੁਕੀ ਸਾਂਝ ਦਾ ਜਿਕਰ ਵੀ ਨਾਂ ਹੀ ਮਾਤਰ ਹੋਇਅਾ ਵਰਕਿਅਾ ਤੇ ਜਿਹੜੇ ਕਦੇ ਪੈਂਦ -ਸਰਾਂਹਣ੍ਹੀ ਬੈਠ ਇਕੋ ਚੁਲੇ ਚੌਤਰੇ ਤੋ ਬਿਨਾਂ ਹਿਦੂ ਸਿਖ ਦੇ ਭੇਦ ਤੋ ਨਾਵਾਕਫ਼ ,ਕਠੇ ਰੋਟੀ ਟੁਕ ਖਾ ਲੈਦੇ ਸੈਨ ।।
ਇਕ ਹੋਸਟਲ ਵਿਚ ਕੰਟੀਨ ਵਾਲੇ ਦੇ ਰੋਜ ਨਾਸ਼ਤੇ ਵਿਚ ਉਪਮਾ ਦੇਣ ਕਾਰਨ 100 ਵਿਚੋ 80 ਬੱਚਿਆ ਨੇ ਹੋਸਟਲ ਵਾਰਡਨ ਨੂੰ ਸਿਕਾਇਤ ਕੀਤੀ ਕਿ
100 ਚੋ ਸਿਰਫ 20 ਬੱਚੇ ਉਪਮਾ ਪਸੰਦ ਕਰਦੇ ਹਨ ਬਾਕੀ ਨਹੀ।
ਉਹ ਚਾਹੁੰਦੇ ਹਨ ਕਿ ਹੋਰ ਕੁਝ ਬਣਾਇਆ ਜਾਵੇ। ਨਾਸ਼ਤਾ ਬਦਲੋ।
ਵਾਰਡਨ ਨੇ ਕਿਹਾ ਵੋਟਾਂ ਪਵਾ ਲਵੋ
ਜਿਸ ਦੀਆ ਵੋਟਾਂ ਵਧ ਹੋਣਗੀਆਂ
ਓਹੀ ਚੀਜ ਬਣੇਗੀ।
ਜਿਹਨਾ ਨੂੰ ਉਪਮਾ ਪਸੰਦ ਸੀ ਉਹਨਾ ਨੇ ਠੋਕ ਕੇ 20 ਵੋਟਾਂ ਉਪਮਾ ਖਾਣ ਦੇ ਹੱਕ ਵਿਚ ਪਾਈਆ।
ਬਾਕੀ 80 ਨੇ ਬਿਨਾ ਸਲਾਹ ਮਸ਼ਵਰਾ ਕੀਤਿਆਂ ਆਪਣੀ ਆਪਣੀ ਵੋਟ ਆਪਣੀ ਪਸੰਦ ਦੇ ਸਮਾਣ ਨੂੰ ਪਾਈ।
18 ਨੇ ਡੋਸਾ
16 ਨੇ ਪਰਾਂਠੇ
14 ਨੇ ਦਹੀਂ ਨਾਲ ਮਿਸੀ ਰੋਟੀ
12 ਨੇ ਬਰੈਡ ਬਟਰ
10 ਨੇ ਨਿਉਡਲ
10 ਨੇ ਪੂੜੀ ਸ਼ਬਜੀ ਨੂੰ ਵੋਟ ਪਾਈ
ਹੁਣ ਸੋਚੋ ਕੀ ਹੋਇਆ
ਹੁਣ ਵੀ ਉਸ ਕੰਟੀਨ ਦੇ 80 ਬੱਚੇ ਉਪਮਾ ਖਾਣ ਲਈ ਮਜਬੂਰ ਹਨ।
ਆਪਣੀ ਵੋਟ ਸੋਚ ਸਮਝ ਕੇ ਪਾਓ
ਨਹੀ ਤਾ ਫਿਰ ,,,,,,,,,,,,,,,,,ਖਾਣ ਨੂੰ ਤਿਆਰ ਰਹੋ।
ਅਗਰ ਇਹ ਪੋਸਟ ਪੜ੍ਹ ਕੇ ਵੀ ਸਮਝ ਨਾ ਆਵੇ ਤਾਂ ਪੁੱਛ ਲੈਣਾ. ……..
ਇੱਕ ਵਾਰ ਇੱਕ ਬੇਹੱਦ ਕੰਜੂਸ ਅਰਬਪਤੀ ਬੇਸ਼ੁਮਾਰ ਦੌਲਤ ਛੱਡ ਕੇ ਮਰ ਗਿਆ। ਮਗਰੋਂ ਜੁਆਨ ਪਤਨੀ ਨੇ ਇੱਕ ਮੂੰਹ-ਮੱਥੇ ਲੱਗਦੇ ਨੌਕਰ ਨਾਲ ਵਿਆਹ ਕਰਵਾ ਲਿਆ। ਘੋੜਿਆਂ ਦੀਆਂ ਲਿੱਦਾਂ ਸਾਫ ਕਰਦਾ ਅਗਲਾ ਰਾਤੋ ਰਾਤ ਸਾਰੀ ਦੌਲਤ ਦਾ ਮਲਿਕ ਬਣ ਗਿਆ। ਇੱਕ ਦਿਨ ਖੁਸ਼ਗਵਾਰ ਮਾਹੌਲ ਵਿਚ ਬੈਠਾ ਵਹੁਟੀ ਦਾ ਹੱਥ ਆਪਣੇ ਹੱਥਾਂ ਵਿਚ ਲੈ ਆਖਣ ਲੱਗਾ ਕੇ ਤੇਰੇ ਖਸਮ ਕੋਲੋਂ ਝਿੜਕਾਂ ਤੇ ਗਾਲਾਂ ਖਾਂਦਾ ਹੋਇਆ ਅਕਸਰ ਹੀ ਸੋਚਦਾ ਹੁੰਦਾ ਸਾਂ ਕੇ ਸ਼ਾਇਦ ਸਾਰੀ ਉਮਰ ਉਸ ਵਾਸਤੇ ਕੰਮ ਕਰਦਾ ਕਰਦਾ ਹੀ ਮਰ ਜਾਵਾਂਗਾ। ਪਰ ਹੁਣ ਪਤਾ ਲੱਗਾ ਕੇ ਮੈਂ ਉਸਦੇ ਲਈ ਨਹੀਂ ਸਗੋਂ ਅਸਲ ਵਿਚ ਓਹ ਮੇਰੇ ਲਈ ਦੌਲਤ ਕੱਠੀ ਕਰਦਾ ਕਰਦਾ ਮਰ ਗਿਆ।
ਰਿਸ਼ਤੇਦਾਰੀ ਵਿਚ ਇੱਕ ਔਰਤ, ਕੰਜੂਸ ਇਥੋਂ ਤੱਕ ਕੇ ਦੁੱਧ ਰਿੜਕ ਕੇ ਬਾਕੀ ਬਚੀ ਲੱਸੀ ਤੱਕ ਵੀ ਵੇਚ ਲਿਆ ਕਰਦੀ ਸੀ। ਇੱਕ ਵਾਰ ਸੌਣ ਭਾਦਰੋਂ ਦੇ ਚੋਮਾਸੇ ਵਿਚ ਪਿੰਡ ਜਾਂਦੀ ਹੋਈ ਨੇ ਟਾਂਗੇ ਦਾ ਕਿਰਾਇਆ ਬਚਾਉਣ ਖਾਤਿਰ ਪੈਦਲ ਤੁਰਨ ਦਾ ਪੰਗਾ ਲੈ ਲਿਆ ਤੇ ਮੁੜਕੇ ਚੜੇ ਦਿਮਾਗੀ ਬੁਖਾਰ ਨਾਲ ਦਿਨਾਂ ਵਿਚ ਹੀ ਮੁੱਕ ਗਈ।
ਘਰਵਾਲੇ ਨੇ ਦੂਜਾ ਵਿਆਹ ਕਰਵਾ ਲਿਆ ਤੇ ਨਿਆਣਿਆਂ ਨੇ ਸਰਫ਼ੇ ਕਰ ਕਰ ਕੱਠੀ ਕੀਤੀ ਹੋਈ ਦੇ ਦਿੰਨਾਂ ਵਿਚ ਹੀ ਤਵਾਹੇ ਲਾ ਸਿੱਟੇ। ਅੱਜ ਤੋਂ ਕੋਈ ਪੰਜਾਹ ਕੂ ਸਾਲ ਪਹਿਲਾਂ “ਆਨੰਦ”ਨਾਮ ਦੀ ਫਿਲਮ ਆਈ ਸੀ। ਡਾਕਟਰਾਂ ਹੀਰੋ ਨੂੰ ਆਖ ਦਿੱਤਾ ਹੁੰਦਾ ਕੇ ਮਿੱਤਰਾ ਸਿਰਫ ਛੇ ਮਹੀਨੇ ਨੇ ਤੇਰੀ ਜਿੰਦਗੀ ਦੇ। ਏਨੀ ਗੱਲ ਸੁਣ ਫੇਰ ਬਾਕੀ ਰਹਿੰਦੇ ਛੇ ਮਹੀਨੇ ਜਿੱਦਾਂ ਲੰਗਾਉਂਦਾ ਏ,ਧਰਮ ਨਾਲ ਹੰਜੂ ਆ ਜਾਂਦੇ ਨੇ ਦੇਖ ਕੇ, ਜੇ ਮੌਕਾ ਲੱਗੇ ਤਾਂ ਜਰੂਰ ਦੇਖਿਓ। ਇੱਕ ਡਾਇਲਾਗ ਸੀ ਉਸ ਫਿਲਮ ਦਾ ਕੇ “ਦੋਸਤੋ ਜਿੰਦਗੀ ਲੰਮੀਂ ਨਹੀਂ ਵੱਡੀ ਹੋਣੀ ਚਾਹੀਦੀ”..ਮਤਲਬ ਹੱਦੋਂ ਵੱਧ ਕੰਜੂਸੀਆਂ ਕਰ ਕਰ ਲੰਘਾਏ ਸੋਂ ਵਰ੍ਹਿਆਂ ਨਾਲੋਂ ਖੁੱਲ ਕੇ ਮਾਣੇ ਹੋਏ ਪੰਜਾਹ ਸਾਲ ਕਈ ਗੁਣਾ ਬੇਹਤਰ ਹੁੰਦੇ ਨੇ।
ਸੋ ਦੋਸਤੋ ਜਿੰਦਗੀ ਇੱਕ ਸੰਖੇਪ ਜਿਹੀ ਯਾਤਰਾ ਹੈ। ਪਤਾ ਹੀ ਨਹੀਂ ਲੱਗਦਾ ਕਦੋ ਜੁਆਨੀ ਆਉਂਦੀ ਤੇ ਕਦੋਂ ਬੁਢੇਪਾ ਆਣ ਦਸਤਕ ਦਿੰਦਾ। ਬਹੁਤੇ ਲੰਮੇ ਚੌੜੇ ਹਿਸਾਬ ਕਿਤਾਬ ਵਿਚ ਪੈ ਕੇ ਅਣਮੁੱਲੇ ਪਲ ਅਜਾਈਂ ਨਾ ਗੁਆ ਛੱਡਿਓ। ਇੱਕ ਇੱਕ ਮਿੰਟ ਨੂੰ ਮਾਣੋਂ, ਜੇ ਬੰਦ ਕਮਰੇ ਵਿਚ ਸਾਹ ਘੁਟਦਾ ਏ ਤਾਂ ਖੁੱਲੇ ਆਸਮਾਨ ਹੇਠ ਬਾਹਰ ਨਿੱਕਲ ਕੁਦਰਤ ਦੀਆਂ ਸਿਰਜੀਆਂ ਹੋਈਆਂ ਅਨੇਕਾਂ ਨੇਮਤਾਂ ਦੇ ਦਰਸ਼ਨ ਮੇਲੇ ਕਰੋ। ਅਜੇ ਉਹ ਸਹੂਲਤ ਇਜਾਦ ਨਹੀਂ ਹੋਈ ਕੇ ਇਨਸਾਨ ਕਰੋੜ ਰੁਪਈਏ ਦੇ ਕੇ ਜਿੰਦਗੀ ਦੇ ਕੁਝ ਪਲ ਮੁੱਲ ਲੈ ਸਕੇ। ਵਾਜ ਪਈ ਤੇ ਲੱਖਪਤੀ ਨੂੰ ਵੀ ਜਾਣਾ ਪੈਣਾ ਤੇ ਕੱਖ ਪਤੀ ਨੂੰ ਵੀ, ਸਗੋਂ ਜਿਆਦਾਤਰ ਕੇਸਾਂ ਵਿਚ ਕੱਠੀ ਕੀਤੀ ਦੇ ਢੇਰ ਉੱਤੇ ਕੱਲੇ ਖਲੋਤਿਆਂ ਦੀ ਜਾਨ ਬੜੀ ਔਖੀ ਨਿੱਕਲਦੀ ਦੇਖੀ ਏ।
ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਕੱਲ ਤੱਕ ਲਈ ਮੁਲਤਵੀ ਕਰੀ ਜਾਣਾ ਕੋਈ ਸਿਆਣਪ ਨਹੀਂ। ਜੇ ਪਰਿਵਾਰ ਵਾਸਤੇ ਪੈਸੇ ਕਮਾਉਣੇ ਸਾਡਾ ਫਰਜ ਹੈ ਤਾਂ ਖੂਨ ਪਸੀਨਾ ਨਿਚੋੜ ਕੇ ਕੀਤੀ ਹੱਕ ਹਲਾਲ ਦੀ ਕਮਾਈ ਦਾ ਜਿਉਂਦੇ ਜੀ ਸਭਿਅਕ ਤਰੀਕੇ ਨਾਲ ਸੁਖ ਮਾਨਣਾ ਵੀ ਸਾਡਾ ਹੱਕ ਹੈ, ਖੁੱਲ ਕੇ ਜਿਓ, ਹਮੇਸ਼ਾਂ ਖੁਸ਼ ਤੇ ਚੜ੍ਹਦੀ ਕਲਾ ਵਿਚ ਰਹੋ ਤੇ ਬਾਕੀਆਂ ਨੂੰ ਵੀ ਖੁਸ਼ ਰੱਖੋ ਕਿਓੰਕੇ (Negativity) ਵਾਲਾ ਰੋਗ ਜਿਆਦਾਤਰ ਲੋਕਾਂ ਨੂੰ ਐਸਾ ਚੰਬੜਿਆ ਹੈ ਕੇ ਬਹੁਤਿਆਂ ਦੀ ਜਿੰਦਗੀ ਬਸ ਦੂਜਿਆਂ ਦੀ ਬੇੜੀ ਵਿਚ ਵੱਟੇ ਪਾਉਂਦਿਆਂ ਹੀ ਨਿੱਕਲ ਜਾਂਦੀ ਏ। ਆਪਣਾ ਭਾਵੇਂ ਜਿੰਨਾ ਮਰਜੀ ਨੁਕਸਾਨ ਹੋ ਜਾਵੇ ਪਰ ਅਗਲੇ ਦਾ ਫਾਇਦਾ ਨਹੀਂ ਹੋਣ ਦੇਣਾ।
ਸਰੋਤ ਫੇਸਬੁੱਕ
ਅੱਜ ਹਰਪ੍ਰੀਤ ਦੇ ਦਾਦਾ ਜੀ ਪਾਰਕ ‘ਚ ਗਰੀਬ ਬੱਚਿਆਂ ਤੋਂ ਕੇਕ ਕਟਵਾ ਕੇ ਉਨ੍ਹਾਂ ਨਾਲ ਜਨਮ ਦਿਨ ਮਨਾ ਰਹੇ ਸਨ। ਹਰਪ੍ਰੀਤ ਨੇ ਹੈਰਾਨ ਹੋ ਕੇ ਦਾਦਾ ਜੀ ਤੋਂ ਪੁੱਛਿਆ, “ਦਾਦਾ ਜੀ …… ਦਾਦਾ ਜੀ, ਇਹ ਤੁਸੀਂ ਕਿਸ ਦਾ ਜਨਮ ਦਿਨ ਮਨਾ ਰਹੇ ਹੋ? ਅੱਜ ਨਾ ਮੇਰਾ, ਨਾ ਪਾਪਾ ਦਾ, ਨਾ ਹੀ ਘਰੋਂ ਕਿਸੇ ਹੋਰ ਦਾ ਪਰ ਤੁਸੀਂ ਹਰ ਸਾਲ ਇਸ ਦਿਨ ਜਨਮ ਦਿਨ ਮਨਾਉੰਦੇ ਹੋ, ਅੱਜ ਤੁਸੀਂ ਇਹ ਰਾਜ਼ ਖੋਲ੍ਹ ਹੀ ਦਿਓ।”
ਦਾਦਾ ਜੀ ਨੇ ਕਿਹਾ, “ਹਰਪ੍ਰੀਤ, ਅੱਜ ਮੇਰੇ ਦੋਸਤ ਸੁਲੇਮਾਨ ਦਾ ਜਨਮ ਦਿਨ ਹੈ।” ਹਰਪ੍ਰੀਤ ਨੇ ਕਿਹਾ, “ਦਾਦਾ ਜੀ, ਉਹ ਮੈਨੂੰ ਕਦੇ ਮਿਲੇ ਹੀ ਨਹੀਂ, ਨਾ ਕਦੇ ਘਰ ਆਏ ਹਨ। ਉਹ ਕਿੱਥੇ ਰਹਿੰਦੇ ਹਨ?” ਦਾਦਾ ਜੀ ਨੇ ਕਿਹਾ, “ਬੇਟਾ, ਸੁਲੇਮਾਨ ਬਾਰੇ ਮੈਂ ਤੈਨੂੰ ਰਾਤੀਂ ਸੌਣ ਵੇਲੇ ਦੱਸਾਂਗਾ। ਹੁਣ ਤੂੰ ਜਾ ਕੇ ਦੋਸਤਾਂ ਨਾਲ ਖੇਡ।”
ਰਾਤੀਂ ਸੌਣ ਸਮੇਂ ਹਰਪ੍ਰੀਤ ਨੇ ਦਾਦਾ ਜੀ ਦੇ ਕੰਨ ‘ਚ ਕਿਹਾ, “ਦਾਦਾ ਜੀ, ਮੈਨੂੰ ਹੁਣ ਤੁਸੀਂ ਆਪਣੇ ਦੋਸਤ ਸੁਲੇਮਾਨ ਬਾਰੇ ਦੱਸੋ।”
ਦਾਦਾ ਜੀ ਨੇ ਦੱਸਿਆ ਕਿ ਸੁਲੇਮਾਨ, ਉਨ੍ਹਾਂ ਦਾ ਬਚਪਨ ਦਾ ਦੋਸਤ ਹੈ। ਉਹ ਦੋਵੇਂ ਇਕੱਠੇ ਖੇਡਣ, ਪੜ੍ਹਣ ਤੇ ਘੁੰਮਣ ਜਾਂਦੇ ਸਨ। ਇਹ ਉਸ ਵੇਲੇ ਦੀ ਗੱਲ ਹੈ। ਜਦ ਭਾਰਤ ਤੇ ਪਾਕਿਸਤਾਨ ਇੱਕ ਹੁੰਦੇ ਸਨ। ਉਸ ਵੇਲੇ ਸਿਰਫ ਅਸੀਂ ਦੋਵੇਂ ਪਰਿਵਾਰ ਹੀ ਨਹੀਂ ਸਗੋਂ ਹਰ ਵਿਅਕਤੀ ਚਾਹੇ ਉਹ ਕਿਸੇ ਵੀ ਜਾਤ-ਧਰਮ ਦਾ ਹੋਵੇ, ਮਿਲ-ਜੁਲ ਕੇ ਰਹਿੰਦਾ ਸੀਂਂ।
ਜਦ ਅੰਗ੍ਰੇਜਾਂ ਤੋਂ ਸਿੱਖ-ਹਿੰਦੂ-ਮੁਸਲਿਮ ਭਾਈਚਾਰਾ ਸਹਿਣ ਨਾ ਹੋ ਸਕਿਆ ਤਾਂ ਉਨ੍ਹਾਂ ਨੇ 1947 ਵਿਚ ਸਾਡੇ ‘ਚ ਫੁੱਟ ਪੁਆ ਕੇ ਇਕ ਵੱਡੀ ਜੰਗ ਕਰਵਾ ਦਿੱਤੀ। ਜਿਸ ਵਿੱਚ ਕਈਂ ਬੱਚੇ ਆਪਣੇ ਮਾਂ-ਬਾਪ ਅਤੇ ਮੇਰੇ ਤੇ ਸੁਲੇਮਾਨ ਵਰਗੇ ਕਈਂ ਦੋਸਤ ਇਕ ਦੂਜੇ ਤੋਂ ਵਿਛੜ ਗਏ। ਉਸ ਵੇਲੇ ਸਾਡੇ ਮੁਲਕ ਦੇ ਦੋ ਹਿੱਸੇ ਕੀਤੇ ਗਏ, ਜਿਸ ਦਾ ਇਕ ਹਿੱਸਾ ਭਾਰਤ ਵਿੱਚ ਹੀ ਰਿਹਾ ਤੇ ਇੱਕ ਪਾਕਿਸਤਾਨ ਬਣ ਗਿਆ। ਉਸ ਵੇਲੇ ਜਿਆਦਾਤਰ ਮੁਸਲਮਾਨ ਪਾਕਿਸਤਾਨ ਤੇ ਸਿੱਖ-ਹਿੰਦੂ ਭਾਰਤ ‘ਚ ਆ ਗਏ।
ਗੱਲ ਦੱਸਦੇ-ਦੱਸਦੇ ਹੀ ਦਾਦਾ ਜੀ, ਆਪਣੇ ਦੋਸਤ ਸੁਲੇਮਾਨ ਬਾਰੇ ਸੋਚ ਕੇ ਰੌਣ ਲੱਗ ਪਏ। ਹਰਪ੍ਰੀਤ ਨੇ ਦਾਦਾ ਜੀ ਦੇ ਹੰਝੂ ਪੁੰਝੇ ਤੇ ਕਿਹਾ, “ਦਾਦਾ ਜੀ, ਮੈਂ ਵੱਡਾ ਹੋ ਕੇ ਦੋਵੇਂ ਦੇਸ਼ਾਂ ਦੇ ਲੋਕਾਂ ‘ਚ ਇਕ ਦੂਜੇ ਪ੍ਰਤੀ ਨਫਰਤ ਖਤਮ ਕਰਕੇ ਦੁਬਾਰਾ ਭਾਈਚਾਰਾ ਕਾਇਮ ਕਰਨ ਦਾ ਯਤਨ ਕਰਾਂਗਾ।
ਇੱਕ ਰਾਜਾ ਸੀ, ਇਕ ਦਿਨ ਉਸ ਨੇ ਅਪਣੇ 3 ਮੰਤਰੀਆਂ ਨੂੰ ਸੱਦਿਆ ਤੇ ਹੁਕਮ ਦਿੱਤਾ ਕੇ ਬਾਗ ਵਿੱਚ ਜਾਉ ਤੇ ਇੱਕ ਇੱਕ ਥੈਲਾ ਤਾਜ਼ਾ ਅਤੇ ਵਧੀਆ ਫਲ ਭਰ ਕੇ ਲੈ ਆਉ
ਤਿੰਨੋ ਮੰਤਰੀ ਥੈਲੇ ਲੈ ਕੇ ਅਲੱਗ ਅਲੱਗ ਬਾਗਾਂ ਵਿੱਚ ਚਲੇ ਗਏ
ਪਹਿਲੇ ਮੰਤਰੀ ਨੇ ਰਾਜੇ ਦੀ ਪਸੰਦ ਵਾਲੇ ਤਾਜੇ ਫਲ ਇਕੱਠੇ ਕੀਤੇ ਥੈਲਾ ਭਰ ਲਿਆ
ਦੂਜੇ ਮੰਤਰੀ ਨੇ ਸੋਚਿਆ ਕਿ ਰਾਜੇ ਨੇ ਕਿਹੜਾ ਸਾਰੇ ਫਲਾਂ ਦੀ ਜਾਂਚ ਪੜਤਾਲ ਕਰਨੀ ਉਸ ਨੇ ਜਲਦੀ ਜਲਦੀ ਗਲੇ ਸੜੇ ਤੇ ਕੁੱਝ ਚੰਗੇ ਫਲ ਸਭ ਤੋੰ ਉਪਰ ਥੈਲੇ ਚ ਪਾ ਲਏ
ਤੀਸਰੇ ਮੰਤਰੀ ਨੇ ਸੋਚਿਆ ਰਾਜੇ ਨੇ ਤਾਂ ਭਰਿਆ ਥੈਲਾ ਹੀ ਦੇਖਣਾ ਉਸ ਨੇ ਕਿਹੜਾ ਖੋਲ ਕੇ ਦੇਖਣਾ, ਉਸ ਨੇ ਜਲਦੀ ਜਲਦੀ ਘਾਹ ਕੱਖ ਪੱਤਿਆਂ ਨਾਲ ਥੈਲਾ ਭਰ ਲਿਆ
ਤਿੰਨੋ ਮੰਤਰੀ ਵਾਪਿਸ ਆਪਣੇ ਆਪਣੇ ਘਰ ਚਲੇ ਗਏ
ਦੂਸਰੇ ਦਿਨ ਰਾਜੇ ਨੇ ਤਿੰਨਾਂ ਮੰਤਰੀਆਂ ਨੂੰ ਰਾਜ ਦਰਬਾਰ ਵਿੱਚ ਫਲਾਂ ਨਾਲ ਭਰੇ ਥੈਲਿਆਂ ਸਮੇਤ ਸੱਦਿਆ ਅਤੇ
ਬਿਨਾ ਥੈਲੇ ਖੋਲੇ ਤਿੰਨਾਂ ਨੂੰ ਥੈਲਿਆ ਸਮੇਤ ਦੂਰ ਇੱਕ ਜੇਲ ਚ ਬੰਦ ਕਰਨ ਦਾ ਹੁਕਮ ਦੇ ਦਿੱਤਾ
ਹੁਣ ਜੇਲ ਵਿੱਚ ਖਾਣ ਨੂੰ ਕੁੱਝ ਵੀ ਨਹੀ ਸੀ ਸਿਵਾਏ ਉਹਨਾਂ ਥੈਲਿਆਂ ਦੇ
ਹੁਣ ਜਿਸ ਮੰਤਰੀ ਨੇ ਚੰਗੇ ਤਾਜਾ ਫਲ ਇੱਕਠੇ ਕੀਤੇ ਸੀ ਮਜੇ ਨਾਲ ਖਾਂਦਾ ਰਿਹਾ ਤੇ 3 ਮਹੀਨੇ ਅਰਾਮ ਨਾਲ ਗੁਜਰ ਗਏ,
ਹੁਣ ਦੂਸਰੇ ਮੰਤਰੀ ਨੇ ਜਿਸ ਨੇ ਕੁੱਝ ਤਾਜਾ ਫਲ ਤੇ ਬਾਕੀ ਗਲੇ ਸੜੇ ਕੱਚੇ ਫਲ ਇੱਕਠੇ ਕੁੱਝ ਦਿਨ ਤਾਂ ਗੁਜ਼ਾਰਾ ਚੱਲਿਆ ਪਰ ਬਾਅਦ ਵਿੱਚ ਬਿਮਾਰ ਹੋ ਗਿਆ ਤੇ ਬਹੁਤ ਤਕਲੀਫ ਝੱਲਣੀ ਪਈ,
ਹੁਣ ਤੀਸਰਾ ਮੰਤਰੀ ਜੋ ਮੇਰੇ ਵਰਗਾ ਚਲਾਕ ਸੀ ਉਸ ਕੋਲ ਕੁੱਝ ਖਾਣ ਨੂੰ ਤਾਂ ਹੈ ਨਹੀ ਸੀ ਭੁੱਖ ਦੀ ਮਾਰ ਨਾ ਝੱਲਦਾ ਹੋਇਆ ਜਲਦੀ ਮਰ ਗਿਆ
ਹੁਣ ਤੁਸੀਂ ਆਪਣੇ ਆਪ ਨੂੰ ਪੁੱਛੋ ਕੀ ਤੁਸੀਂ ਕੀ ਜਮਾਂ ਤੇ ਇੱਕਠਾ ਕਰ ਰਹੇ ਹੋ……
ਤੁਸੀਂ ਹੁਣ ਇਸ ਜਿੰਦਗੀ ਦੇ ਬਾਗ ਵਿੱਚ ਹੋ ਜਿਥੋੰ ਤੁਸੀਂ
ਚਾਹੋ ਚੰਗੇ ਕਰਮ ਜਮਾ ਕਰ ਸਕਦੇ ਹੋ…
ਚਾਹੋ ਮਾੜੇ ਕਰਮ ਜਮਾ ਕਰ ਸਕਦੇ ਹੋ
ਮਗਰ ਯਾਦ ਰੱਖੋ ਜੋ ਜਮਾ ਕਰੋਗੇ ਉਹੀ ਆਖਰੀ ਸਮੇੰ ਕੰਮ ਆਉਣਗੇ
ਕਿਉਕਿ ਦੁਨੀਆਂ ਦਾ ਰਾਜਾ ਤੁਹਾਨੂੰ ਚਾਰੋੰ ਤਰਫੋੰ ਦੇਖ ਰਿਹਾ ਹੈ
ਵਾਹਿਗੁਰੂ ਜੀ ਕਿਰਪਾ ਕਰਨ 🙏
ਗੁਰੂ ਰੂਪੀ ਸਾਧ ਸੰਗਤ ਜੀ ਇਸ ਵਾਰ ਆਪਣੇ ਗੁਰਦੁਆਰੇ ਦੀ ਗੋਲਕ 70 ਹਜਾਰ ਰੁਪਏ ਨਿਕਲੀ ਹੈ ਸਭ ਖਰਚੇ ਕੱਢ ਕਿ 50 ਹਜਾਰ ਰੁਪਏ ਦੀ ਬੱਚਤ ਹੋਈ ਹੈ। ਮਾਇਆ ਦਾ ਬਹੁਤ ਸਹਿਯੌਗ ਦਿਤਾ ਸੰਗਤਾਂ ਨੇ ਇਸੇ ਤਰਾਂ ਹੀ ਮਾਇਆ ਦੇ ਖਜ਼ਾਨੇ ਭਰਪੂਰ ਕਰਦੇ ਰਹੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ ਇਹ ਸਭ ਇੱਕੋ ਸਾਹੇ ਗੁਰਦੁਆਰੇ ਦਾ ਪ੍ਰਧਾਨ ਬੋਲ ਰਿਹਾ ਸੀ । ਇਹ ਸਾਰੇ ਬੋਲ ਮੇਰੇ ਕੰਨਾ ਵਿੱਚ ਵੀ ਪਏ ਮੈਂ ਆਪਣੇ ਮੈਡੀਕਲ ਸਟੋਰ ਤੇ ਬੈਠਾ ਸੀ ਜੋ ਬਿਲਕੁਲ ਗੁਰਦੁਆਰੇ ਦੇ ਨਾਲ ਹੈ* *ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਆਉਂਦਿਆਂ ਬੋਲਿਆ ! ਡਾਕਟਰ ਸਾਬ੍ਹ ਦੋ ਖੁਰਾਕਾਂ ਮੈਨੂੰ ਵੀ ਬਣਾ ਦਿਓ! ਅੰਕਲ ਪਹਿਲਾਂ ਸਾਨੂੰ ਦਵਾਈ ਦਿਓ ਪਾਪਾ ਘਰ ਉਡੀਕਦੇ ਹੋਣਗੇ ਮੈਂ ਜਲਦੀ ਨਾਲ ਬੱਚਿਆਂ ਨੂੰ ਦਵਾਈ ਦਿੱਤੀ ਤੇ ਜਾਣ ਲਈ ਕਿਹਾ* *ਬੱਲੇ ਡਾਕਟਰ ਸਾਬ੍ਹ ਤੇਰੇ ਸਾਹਮਣੇ ਪ੍ਰਧਾਨ ਖੜਾ ਗੁਰਦੁਆਰੇ ਦਾ ਤੇ ਤੂੰ ਪਹਿਲਾਂ ਆਹ ਘਸੇ ਪੁਰਾਣੇ ਕੱਪੜੇ ਪਾਈ ਬੱਚਿਆਂ ਨੂੰ ਦਵਾਈ ਦੇ ਤੋੜ ਤਾਂ ਨਾ ਸਾਡੇ ਤੋਂ ਕੋਈ ਗੁਨਾਹ ਹੋਇਆ* *ਜਾਂ ਤੇਰੇ ਖਾਸ ਸੀ ਬੱਚੇ ਜਿੰਨਾ ਕੋਲੋ ਤੂੰ ਪੈਸੇ ਵੀ ਨਹੀਂ ਲਏ ! ਪ੍ਰਧਾਨ ਨੇ ਹੱਸਦੇ ਹੋਏ ਟਿੱਚਰ ਨਾਲ ਕਿਹਾ* *ਪ੍ਰਧਾਨ ਸਾਬ੍ਹ ਮੇਰੇ ਕੋਈ ਖ਼ਾਸ ਨਹੀਂ ਪਰ ਤੁਹਾਡੀ ਜਾਣਕਾਰੀ ਲਈ ਇਹ ਦਸ ਦੇਵਾਂ ਜਿਸ ਗੁਰਦੁਆਰੇ ਤੁਸੀਂ ਉੱਚਾ ਲੰਮਾ ਭਾਸ਼ਣ ਮਾਇਆ ਬਾਰੇ ਬੋਲ ਕਿ ਆਏ ਹੋ ਇਹ ਪਾਟੇ ਘਸੇ ਕੱਪੜੇ ਵਾਲੇ ਬੱਚੇ ਉਸ ਗੁਰਦੁਆਰੇ ਦੇ (ਗ੍ਰੰਥੀ ਦੇ ਬੱਚੇ) ਨੇ
ਅੱਜ ਗ੍ਰੰਥੀ ਸਿੰਘ ਬਿਮਾਰ ਸੀ ਘਰ ਇਸ ਲਈ ਪਹਿਲਾਂ ਤੋੜ ਦਿੱਤਾ ਬੱਚਿਆਂ ਨੂੰ ! ਤੇ ਪੈਸੇ ਮੈਂ ਇਸ ਲਈ ਨਹੀਂ ਲਏ ਕਿਊਂ ਕਿ ਗੁਰੂ ਘਰ ਦੀ ਖ਼ੁਸ਼ੀ ਲੋੜਵੰਦਾਂ ਦੀ ਸੇਵਾ ਕੀਤੀਆਂ ਮਿਲਦੀ !! ਆਹ ਗੁਰਦੁਆਰੇ ਦੀਆਂ ਉੱਚੀਆਂ ਬਿਲਡਿੰਗਾਂ ਬਣਾਉਣ ਨਾਲ ਨਹੀਂ !!! ਪ੍ਰਧਾਨ ਸਾਬ੍ਹ ਗ੍ਰੰਥੀ ਸਿੰਘਾਂ ਨੂੰ ਆਪਣੇ ਬਰਾਬਰ ਕਰੋ ਬਿਲਡਿੰਗਾਂ ਨੂੰ ਨਹੀਂ ,ਏਨੀ ਗੱਲ ਸੁਣ ਪ੍ਰਧਾਨ ਕਦੇ ਜਾਂਦੇ ਬੱਚਿਆਂ ਵੱਲ ਵੇਖਦਾ ਕਦੇ ਗੁਰਦੁਆਰੇ ਦੀ ਉੱਚੀ ਬਿਲਡਿੰਗ ਵੱਲ
💐💐
ਫੌਜੀ ਕਰਮਜੀਤ ਸਿੰਘ ਛੁੱਟੀ ਆਇਆ ਹੋਇਆ ਹੈ। ਉਸਨੂੰ ਆਏ ਦੋ ਦਿਨ ਹੋਏ ਸਨ। ਉਸਨੂੰ ਵਾਪਸ ਬੁਲਾ ਲਿਆ ।ਬਾਡਰਾਂ ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਜੰਗ ਲੱਗਣ ਦੇ ਹਾਲਾਤ ਬਣ ਗਏ।
ਫੌਜੀ ਦੀ ਪਤਨੀ ਨੇ ਉਸਨੂੰ ਜਾਣ ਤੋਂ ਰੋਕ ਦਿੱਤਾ। ਉਸਦੀ ਪਤਨੀ ਨੇ ਤਾਂ ਮਰਨ ਦੀ ਧਮਕੀ ਦੇ ਦਿੱਤੀ ਜੇ ਤੂੰ ਵਾਪਸ ਫੌਜ ਵਿੱਚ ਗਿਆ ਤਾਂ ਮੈਂ ਜ਼ਹਿਰ ਖਾ ਲਵਾਂਗੇ। ਫੌਜ਼ੀ ਕਰਮਜੀਤ ਸਿੰਘ ਦੁਚਿੱਤੀ ਵਿੱਚ ਪੈ ਗਿਆ। ਉਹ ਆਪਣੀ ਪਤਨੀ ਨੂੰ ਦੁੱਖੀ ਕਰਕੇ ਜਾਣਾ ਨਹੀਂ ਚਾਹੁੰਦਾ।
ਉਸਦੇ ਦਾਦਾ ਜੀ ਹਰ ਸਮੱਸਿਆ ਦਾ ਹੱਲ ਚੁੱਟਕੀਆਂ ਵਿਚ ਕਰ ਦਿੰਦੇ ਹਨ। ਉਸਨੇ ਆਪਣਾ ਕੇਸ ਦਾਦਾ ਜੀ ਦੀ ਕਚਹਿਰੀ ਵਿੱਚ ਦਾਖਲ ਕੀਤੀ। ਪੁੱਤ ।ਇਹ ਤਾਂ ਛੋਟੀ ਜਿਹੀ ਸਮੱਸਿਆ ਹੈ। ਮਿੰਟਾਂ ਵਿੱਚ ਹੱਲ ਹੋ ਜਾਏਗੀ ।
ਉਸੇ ਸਮੇਂ ਦਾਦਾ ਜੀ ਦੇ ਦੋਸਤ ਆ ਗਏ। ਗੱਲਾਂਬਾਤਾਂ ਕਰਦੇ ਕਹਿਣ ਲੱਗੇ ਯਾਰਾਂ ਬਚਪਨ ਦੇ ਦਿਨ ਕਿਨੇ ਵਧੀਆ ਸਨ।ਪਾਕੀਸਤਾਨ ਵਿੱਚ ਅਬਦੁੱਲ ਤੇ ਅਸੀਂ ਇੱਕਠੇ ਖੇਡਦੇ ਤੇ ਸਕੂਲ ਜਾਦੇ ਸੀ। ਇੱਕਠੇ ਖੇਤਾਂ ਵਿੱਚ ਕੰਮ ਕਰਦੇ ਸੀ। ਸਾਡੀ ਤਿੰਨਾਂ ਦੀ ਦੋਸਤੀ ਪੱਕੀ ਸੀ। ਰਾਤ ਅਬਦੁਲ ਦਾ ਫੋਨ ਆਇਆ ਸੀ। ਉਹ ਕਹਿੰਦਾ ਸੀ ਜੰਗ ਬਹੁਤ ਮਾੜੀ ਹੈ। ਜੰਗ ਵਿੱਚ ਦੋਵਾਂ ਦੇਸ਼ਾਂ ਦੀਆਂ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਤੇ ਸੁਹਾਗਣਾਂ ਦਾ ਸੁਹਾਗ ਉਜੜ ਜਾਂਦੇ ਹਨ। ਲੁੱਟਾਂ, ਬਲਾਤਕਾਰਾਂ ਦਾ ਮਹੌਲ ਬਣ ਜਾਂਦਾ ਹੈ।
ਜੰਗ ਵਿੱਚ ਕਰਮਜੀਤ ਦੇ ਫੌਜੀ ਪਿਤਾ ਲੜਾਈ ਸਮੇਂ ਸ਼ਹੀਦ ਹੋ ਗਏ ਸਨ। ਮੈਂ ਤਾਂ ਉਸੇ ਸਮੇਂ ਸੋਚਿਆ ਪੋਤੇ ਨੂੰ ਦੇਸ਼ ਦੀ ਰੱਖਿਆਂ ਲਈ ਫੋਜ ਵਿੱਚ ਭੇਜਂਗਾ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ। ਆਪਸੀ ਗੱਲਬਾਤ ਤੇ ਮੀਟਿੰਗਾਂ ਨਾਲ ਸਮੱਸਿਆ ਦਾ ਹੱਲ ਹੁੰਦਾ ਹੈ।
ਹਾਂ……… ਹਾਂ ਦਾਦਾ ਜੀ ਮੈਂ ਵੀ ਤਾਂ ਇਹ ਹੀ ਕਹਿਣਾ ਚਾਹੁੰਦੀ ਹਾਂ ਉਸਦੇ ਚਿਹਰੇ ਤੇ ਮੁਸਕਰਾਹਟ ਛਾਂ ਗਈ ।ਫੌਜ਼ੀਦੀ ਪਤਨੀ ਨੇ ਕਿਹਾ।
ਬਸ….. ਬਸ ਯਾਰਾਂ ਮੇਰੀ ਬਹੂ ਸਭ ਸਮਝ ਗਈ ਹੈ। ਉਸਦੀਆਂ ਅੱਖਾਂ ਵਿੱਚੋਂ ਅਥਰੂ ਡਿੱਗ ਰਹੇ ਹਨ। ਉਸਨੇ ਕਰਮਜੀਤ ਸਿੰਘ ਨੂੰ ਫੌਜ਼ ਵਿੱਚ ਵਾਪਸ ਭੇਜ ਦਿੱਤਾ ।ਥੋੜੇ ਸਮੇਂ ਵਿੱਚ ਫੌਜੀ ਕਰਮਜੀਤ ਸਿੰਘ ਵਾਪਸ ਆ ਗਿਆ।
ਕਰਮਜੀਤ ਸਿੰਘ ਨੇ ਕਿਹਾ, “ਅਫਸਰ ਦਾ ਫੋਨ ਆਇਆ ਉਨਾਂ ਨੇ ਦੱਸਿਆ ਜੰਗ ਦੇ ਬੱਦਲ ਛੱਟ ਗਏ ਹਨ।ਸਾਰੇ ਖੁਸ਼ ਹੋ ਗਏ।
ਭੁਪਿੰਦਰ ਕੌਰ ਸਾਢੌਰਾ