ਕੰਜੂਸੀ ਛੱਡ ਕੇ ਜਿੰਦਗੀ ਨੂੰ ਜਿਓਣਾ ਸਿੱਖੋ

by admin

ਇੱਕ ਵਾਰ ਇੱਕ ਬੇਹੱਦ ਕੰਜੂਸ ਅਰਬਪਤੀ ਬੇਸ਼ੁਮਾਰ ਦੌਲਤ ਛੱਡ ਕੇ ਮਰ ਗਿਆ। ਮਗਰੋਂ ਜੁਆਨ ਪਤਨੀ ਨੇ ਇੱਕ ਮੂੰਹ-ਮੱਥੇ ਲੱਗਦੇ ਨੌਕਰ ਨਾਲ ਵਿਆਹ ਕਰਵਾ ਲਿਆ। ਘੋੜਿਆਂ ਦੀਆਂ ਲਿੱਦਾਂ ਸਾਫ ਕਰਦਾ ਅਗਲਾ ਰਾਤੋ ਰਾਤ ਸਾਰੀ ਦੌਲਤ ਦਾ ਮਲਿਕ ਬਣ ਗਿਆ। ਇੱਕ ਦਿਨ ਖੁਸ਼ਗਵਾਰ ਮਾਹੌਲ ਵਿਚ ਬੈਠਾ ਵਹੁਟੀ ਦਾ ਹੱਥ ਆਪਣੇ ਹੱਥਾਂ ਵਿਚ ਲੈ ਆਖਣ ਲੱਗਾ ਕੇ ਤੇਰੇ ਖਸਮ ਕੋਲੋਂ ਝਿੜਕਾਂ ਤੇ ਗਾਲਾਂ ਖਾਂਦਾ ਹੋਇਆ ਅਕਸਰ ਹੀ ਸੋਚਦਾ ਹੁੰਦਾ ਸਾਂ ਕੇ ਸ਼ਾਇਦ ਸਾਰੀ ਉਮਰ ਉਸ ਵਾਸਤੇ ਕੰਮ ਕਰਦਾ ਕਰਦਾ ਹੀ ਮਰ ਜਾਵਾਂਗਾ। ਪਰ ਹੁਣ ਪਤਾ ਲੱਗਾ ਕੇ ਮੈਂ ਉਸਦੇ ਲਈ ਨਹੀਂ ਸਗੋਂ ਅਸਲ ਵਿਚ ਓਹ ਮੇਰੇ ਲਈ ਦੌਲਤ ਕੱਠੀ ਕਰਦਾ ਕਰਦਾ ਮਰ ਗਿਆ।

ਰਿਸ਼ਤੇਦਾਰੀ ਵਿਚ ਇੱਕ ਔਰਤ, ਕੰਜੂਸ ਇਥੋਂ ਤੱਕ ਕੇ ਦੁੱਧ ਰਿੜਕ ਕੇ ਬਾਕੀ ਬਚੀ ਲੱਸੀ ਤੱਕ ਵੀ ਵੇਚ ਲਿਆ ਕਰਦੀ ਸੀ। ਇੱਕ ਵਾਰ ਸੌਣ ਭਾਦਰੋਂ ਦੇ ਚੋਮਾਸੇ ਵਿਚ ਪਿੰਡ ਜਾਂਦੀ ਹੋਈ ਨੇ ਟਾਂਗੇ ਦਾ ਕਿਰਾਇਆ ਬਚਾਉਣ ਖਾਤਿਰ ਪੈਦਲ ਤੁਰਨ ਦਾ ਪੰਗਾ ਲੈ ਲਿਆ ਤੇ ਮੁੜਕੇ ਚੜੇ ਦਿਮਾਗੀ ਬੁਖਾਰ ਨਾਲ ਦਿਨਾਂ ਵਿਚ ਹੀ ਮੁੱਕ ਗਈ।
ਘਰਵਾਲੇ ਨੇ ਦੂਜਾ ਵਿਆਹ ਕਰਵਾ ਲਿਆ ਤੇ ਨਿਆਣਿਆਂ ਨੇ ਸਰਫ਼ੇ ਕਰ ਕਰ ਕੱਠੀ ਕੀਤੀ ਹੋਈ ਦੇ ਦਿੰਨਾਂ ਵਿਚ ਹੀ ਤਵਾਹੇ ਲਾ ਸਿੱਟੇ। ਅੱਜ ਤੋਂ ਕੋਈ ਪੰਜਾਹ ਕੂ ਸਾਲ ਪਹਿਲਾਂ “ਆਨੰਦ”ਨਾਮ ਦੀ ਫਿਲਮ ਆਈ ਸੀ। ਡਾਕਟਰਾਂ ਹੀਰੋ ਨੂੰ ਆਖ ਦਿੱਤਾ ਹੁੰਦਾ ਕੇ ਮਿੱਤਰਾ ਸਿਰਫ ਛੇ ਮਹੀਨੇ ਨੇ ਤੇਰੀ ਜਿੰਦਗੀ ਦੇ। ਏਨੀ ਗੱਲ ਸੁਣ ਫੇਰ ਬਾਕੀ ਰਹਿੰਦੇ ਛੇ ਮਹੀਨੇ ਜਿੱਦਾਂ ਲੰਗਾਉਂਦਾ ਏ,ਧਰਮ ਨਾਲ ਹੰਜੂ ਆ ਜਾਂਦੇ ਨੇ ਦੇਖ ਕੇ, ਜੇ ਮੌਕਾ ਲੱਗੇ ਤਾਂ ਜਰੂਰ ਦੇਖਿਓ। ਇੱਕ ਡਾਇਲਾਗ ਸੀ ਉਸ ਫਿਲਮ ਦਾ ਕੇ “ਦੋਸਤੋ ਜਿੰਦਗੀ ਲੰਮੀਂ ਨਹੀਂ ਵੱਡੀ ਹੋਣੀ ਚਾਹੀਦੀ”..ਮਤਲਬ ਹੱਦੋਂ ਵੱਧ ਕੰਜੂਸੀਆਂ ਕਰ ਕਰ ਲੰਘਾਏ ਸੋਂ ਵਰ੍ਹਿਆਂ ਨਾਲੋਂ ਖੁੱਲ ਕੇ ਮਾਣੇ ਹੋਏ ਪੰਜਾਹ ਸਾਲ ਕਈ ਗੁਣਾ ਬੇਹਤਰ ਹੁੰਦੇ ਨੇ।

ਸੋ ਦੋਸਤੋ ਜਿੰਦਗੀ ਇੱਕ ਸੰਖੇਪ ਜਿਹੀ ਯਾਤਰਾ ਹੈ। ਪਤਾ ਹੀ ਨਹੀਂ ਲੱਗਦਾ ਕਦੋ ਜੁਆਨੀ ਆਉਂਦੀ ਤੇ ਕਦੋਂ ਬੁਢੇਪਾ ਆਣ ਦਸਤਕ ਦਿੰਦਾ। ਬਹੁਤੇ ਲੰਮੇ ਚੌੜੇ ਹਿਸਾਬ ਕਿਤਾਬ ਵਿਚ ਪੈ ਕੇ ਅਣਮੁੱਲੇ ਪਲ ਅਜਾਈਂ ਨਾ ਗੁਆ ਛੱਡਿਓ। ਇੱਕ ਇੱਕ ਮਿੰਟ ਨੂੰ ਮਾਣੋਂ, ਜੇ ਬੰਦ ਕਮਰੇ ਵਿਚ ਸਾਹ ਘੁਟਦਾ ਏ ਤਾਂ ਖੁੱਲੇ ਆਸਮਾਨ ਹੇਠ ਬਾਹਰ ਨਿੱਕਲ ਕੁਦਰਤ ਦੀਆਂ ਸਿਰਜੀਆਂ ਹੋਈਆਂ ਅਨੇਕਾਂ ਨੇਮਤਾਂ ਦੇ ਦਰਸ਼ਨ ਮੇਲੇ ਕਰੋ। ਅਜੇ ਉਹ ਸਹੂਲਤ ਇਜਾਦ ਨਹੀਂ ਹੋਈ ਕੇ ਇਨਸਾਨ ਕਰੋੜ ਰੁਪਈਏ ਦੇ ਕੇ ਜਿੰਦਗੀ ਦੇ ਕੁਝ ਪਲ ਮੁੱਲ ਲੈ ਸਕੇ। ਵਾਜ ਪਈ ਤੇ ਲੱਖਪਤੀ ਨੂੰ ਵੀ ਜਾਣਾ ਪੈਣਾ ਤੇ ਕੱਖ ਪਤੀ ਨੂੰ ਵੀ, ਸਗੋਂ ਜਿਆਦਾਤਰ ਕੇਸਾਂ ਵਿਚ ਕੱਠੀ ਕੀਤੀ ਦੇ ਢੇਰ ਉੱਤੇ ਕੱਲੇ ਖਲੋਤਿਆਂ ਦੀ ਜਾਨ ਬੜੀ ਔਖੀ ਨਿੱਕਲਦੀ ਦੇਖੀ ਏ।

ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਕੱਲ ਤੱਕ ਲਈ ਮੁਲਤਵੀ ਕਰੀ ਜਾਣਾ ਕੋਈ ਸਿਆਣਪ ਨਹੀਂ। ਜੇ ਪਰਿਵਾਰ ਵਾਸਤੇ ਪੈਸੇ ਕਮਾਉਣੇ ਸਾਡਾ ਫਰਜ ਹੈ ਤਾਂ ਖੂਨ ਪਸੀਨਾ ਨਿਚੋੜ ਕੇ ਕੀਤੀ ਹੱਕ ਹਲਾਲ ਦੀ ਕਮਾਈ ਦਾ ਜਿਉਂਦੇ ਜੀ ਸਭਿਅਕ ਤਰੀਕੇ ਨਾਲ ਸੁਖ ਮਾਨਣਾ ਵੀ ਸਾਡਾ ਹੱਕ ਹੈ, ਖੁੱਲ ਕੇ ਜਿਓ, ਹਮੇਸ਼ਾਂ ਖੁਸ਼ ਤੇ ਚੜ੍ਹਦੀ ਕਲਾ ਵਿਚ ਰਹੋ ਤੇ ਬਾਕੀਆਂ ਨੂੰ ਵੀ ਖੁਸ਼ ਰੱਖੋ ਕਿਓੰਕੇ (Negativity) ਵਾਲਾ ਰੋਗ ਜਿਆਦਾਤਰ ਲੋਕਾਂ ਨੂੰ ਐਸਾ ਚੰਬੜਿਆ ਹੈ ਕੇ ਬਹੁਤਿਆਂ ਦੀ ਜਿੰਦਗੀ ਬਸ ਦੂਜਿਆਂ ਦੀ ਬੇੜੀ ਵਿਚ ਵੱਟੇ ਪਾਉਂਦਿਆਂ ਹੀ ਨਿੱਕਲ ਜਾਂਦੀ ਏ। ਆਪਣਾ ਭਾਵੇਂ ਜਿੰਨਾ ਮਰਜੀ ਨੁਕਸਾਨ ਹੋ ਜਾਵੇ ਪਰ ਅਗਲੇ ਦਾ ਫਾਇਦਾ ਨਹੀਂ ਹੋਣ ਦੇਣਾ।

ਸਰੋਤ ਫੇਸਬੁੱਕ

ਅਗਿਆਤ

You may also like