ਕਨੇਡਾ

by admin

ਜਦੋਂ ਨਵਾਂ ਨਵਾਂ ਕਨੇਡਾ ਆਇਆ ਤਾਂ ਕੋਈ ਪੰਜੀ ਤੀਹ ਜਗਾ ਅਰਜੀ ਦਿੱਤੀ..
ਕਿਤੇ ਨੌਕਰੀ ਨਾ ਮਿਲ਼ੀ..ਤਿੰਨ ਮਹੀਨਿਆਂ ਮਗਰੋਂ ਮਸੀਂ-ਮਸੀਂ ਬੱਸਾਂ ਬਣਾਉਣ ਵਾਲੀ ਕੰਪਨੀ ਵਿਚ ਕੰਮ ਮਿਲਿਆ..
ਹਜਾਰ ਡਾਲਰ ਦੀ ਮੁੱਲ ਲਈ ਸਤੱਤਰ ਮਾਡਲ ਕਾਰ ਪਹਿਲੇ ਹਫਤੇ ਹੀ ਜੁਆਬ ਦੇ ਗਈ..
ਮਗਰੋਂ ਕਿਸੇ ਦੇ ਨਾਲ ਰਾਈਡ (ਲਿਫਟ) ਲੈ ਕੇ ਹੀ ਕੰਮ ਤੇ ਆਉਣਾ ਜਾਣਾ ਪਿਆ ਕਰਦਾ…!
ਨਵੰਬਰ ਦੇ ਦੂਜੇ ਹਫਤੇ ਸਾਰਾ ਆਲਾ ਦੁਆਲਾ ਬਰਫ ਨਾਲ ਢਕਿਆ ਗਿਆ..
ਇੱਕ ਦਿਨ ਗੋਰੇ ਸੁਪਰਵਾਈਜ਼ਰ ਨੇ ਤਿੰਨ ਤੋਂ ਪੰਜ ਵਜੇ ਤੱਕ ਦਾ ਓਵਰ ਟਾਈਮ ਆਫਰ ਕੀਤਾ…
ਮੈਂ ਬਿਨਾ ਕੁਝ ਸੋਚਿਆ ਹਾਂ ਕਰ ਦਿੱਤੀ..ਇਹ ਵੀ ਖਿਆਲ ਨਾ ਰਿਹਾ ਕੇ ਪੰਜ ਵਜੇ ਘਰ ਕਿਦਾਂ ਜਾਣਾ..
ਲਿਫਟ ਦੇਣ ਵਾਲਾ ਤਾਂ ਤਿੰਨ ਵਜੇ ਆਪਣੀ ਸ਼ਿਫਟ ਮੁਕਾ ਕੇ ਘਰ ਚਲਾ ਗਿਆ ਹੋਵੇਗਾ
ਫੇਰ ਸੋਚਿਆ ਕੇ ਹੁਣ ਜੋ ਹੋਊ ਦੇਖੀ ਜਾਊ….
ਪੰਜ ਵਜੇ ਓਵਰਟਾਈਮ ਮੁੱਕਿਆ ਤਾਂ ਮੈਂ ਆਪਣੀ ਰੋਟੀ ਵਾਲਾ ਡੱਬਾ ਚੁੱਕ ਬਾਹਰ ਸੜਕ ਤੇ ਆਣ ਖਲੋਤਾ..
ਇੱਕ ਕੋਲੋਂ ਲੰਘਦੇ ਗੋਰੇ ਨੂੰ ਬੇਨਤੀ ਕੀਤੀ ਬੀ ਫਲਾਣੀ ਜਗਾ ਜਾਣਾ ਜੇ ਟਰੱਕ ਤੇ ਚੜਾ ਲਵੇ ਤਾਂ…
ਮੰਨ ਤਾਂ ਗਿਆ ਪਰ ਕਿਲੋਮੀਟਰ ਅਗਾਂਹ ਜਾ ਕੇ ਆਖਣ ਲੱਗਾ ਬੀ ਏਦੂੰ ਅੱਗੇ ਆਪਣਾ ਬੰਦੋਬਸਤ ਆਪ ਕਰ ਲੈ
ਬੰਦੋਬਸਤ ਕਾਹਦਾ ਕਰਨਾ ਸੀ..ਬਸ ਟੈਕਸੀ ਹੀ ਕਰ ਸਕਦਾ ਸਾਂ ਪਰ ਜਿੰਨੇ ਓਵਰਟਾਈਮ ਚ ਕਮਾਏ ਸੀ ਓਦੂੰ ਵੱਧ ਤੇ ਟੈਕਸੀ ਵਾਲੇ ਨੇ ਲੈ ਜਾਣੇ ਸੀ
ਸੋ ਪੈਦਲ ਹੀ ਹੋ ਤੁਰਿਆ…
ਓਥੋਂ ਘਰ ਦੀ ਵਾਟ ਕੋਈ ਬਾਰਾਂ ਕਿਲੋਮੀਟਰ ਸੀ
ਅੱਧ ਵਿਚਾਲੇ ਤਕ ਆਉਂਦਿਆਂ ਆਉਂਦਿਆਂ ਪੂਰਾ ਜ਼ੋਰ ਹੋ ਗਿਆ…
ਉੱਤੋਂ ਮਨਫ਼ੀ ਤਾਪਮਾਨ ਵਿਚ ਭਾਰੇ ਬੂਟਾਂ ਨਾਲ ਬਰਫ ਤੇ ਤੁਰਦਿਆਂ ਤੁਰਦਿਆਂ ਭੁੱਖ ਵੀ ਲੱਗ ਗਈ..
ਸੋਚੀਂ ਪੈ ਗਿਆ ਕੇ ਹੁਣ ਕੀ ਕੀਤਾ ਜਾਵੇ…
ਆਸੇ ਪਾਸੇ ਤੋਂ ਕੁਝ ਲੈ ਕੇ ਖਾਣ ਦੀ ਵੀ ਹਿੰਮਤ ਨਾ ਪਈ ਕਿਓੰਕੇ ਓਹਨੀ ਦਿਨੀ ਖਰਚ ਕੀਤਾ ਹਰੇਕ ਡਾਲਰ ਆਪਣੇ ਆਪ ਹੀ ਪੰਜਾਹਾਂ ਨਾਲ ਜਰਬ ਹੋ ਜਾਇਆ ਕਰਦਾ ਸੀ

ਖੈਰ ਥੋੜਾ ਹੋਰ ਤੁਰਿਆ ਤਾਂ ਅਚਾਨਕ ਹੀ ਚੇਤਾ ਆਇਆ ਕੇ ਦੁਪਹਿਰ ਵੇਲੇ ਦੀ ਟਿਫਨ ਵਿਚ ਇੱਕ ਰੋਟੀ ਅਤੇ ਗਾਜਰਾਂ ਦੀ ਥੋੜੀ ਜਿਹੀ ਸਬਜ਼ੀ ਬਚੀ ਪਈ ਹੈ…
ਓਸੇ ਵੇਲੇ ਟਿਫਨ ਖੋਲ ਸਬਜ਼ੀ ਰੋਟੀ ਵਿਚ ਚੰਗੀ ਤਰਾਂ ਲਪੇਟ ਲਈ ਤੇ ਰੋਟੀ ਦੇ ਇੱਕ ਪਾਸੇ ਤੋਂ ਕੰਢੇ ਮੋੜ ਲਏ ਤਾਂ ਕੇ ਸਬਜ਼ੀ ਹੇਠਾਂ ਨਾ ਡਿੱਗੇ ਤੇ ਤੁਰਿਆਂ ਜਾਂਦਿਆਂ ਹੀ ਖਾਣਾ ਸ਼ੁਰੂ ਕਰ ਦਿੱਤਾ…

ਕਿਸੇ ਵੇਲੇ ਅਮ੍ਰਿਤਸਰ ਦੇ ਇੱਕ ਮਸ਼ਹੂਰ ਹੋਟਲ ਵਿਚ ਹਮੇਸ਼ਾਂ ਸੁਆਦੀ ਪਕਵਾਨਾਂ ਵਿਚ ਘਿਰਿਆ ਰਹਿਣ ਵਾਲਾ ਇਨਸਾਨ ਅੱਜ ਬਰਫ਼ਾਂ ਦੇ ਦੇਸ਼ ਵਿਚ ਪਰਿਵਾਰ ਪਾਲਣ ਦੇ ਚੱਕਰ ਵਿਚ ਕੱਲਾ ਤੁਰਿਆ ਜਾਂਦਾ ਠੰਡ ਨਾਲ ਆਕੜੀ ਹੋਈ ਰੋਟੀ ਦਾ ਬਣਾਇਆ ਹੋਇਆ ਦੇਸੀ ਸੈਂਡਵਿਚ ਖਾ ਰਿਹਾ ਸੀ…ਵਕਤ ਵਕਤ ਦੀ ਗੱਲ ਏ ਦੋਸਤੋ…

ਖੈਰ ਸਾਢੇ ਬਾਰਾਂ ਕਿਲੋਮੀਟਰ ਦਾ ਪੈਂਡਾ ਗਿੱਟਿਆਂ ਤੇ ਪੈ ਗਏ ਛਾਲਿਆਂ ਕਾਰਨ ਮਸੀਂ ਦੋ ਘੰਟੇ ਦਸਾਂ ਮਿੰਟਾ ਵਿਚ ਮੁਕਾਇਆ…ਘਰੇ ਪਹੁੰਚਿਆ ਤਾਂ ਦੋ ਦਿਨ ਪੈਰਾਂ ਦੀ ਸੋਜ ਨਾ ਉੱਤਰੀ!

ਅੱਜ ਇੰਨੇ ਵਰ੍ਹਿਆਂ ਮਗਰੋਂ ਵੀ ਜਦੋਂ ਕਦੀ ਓਸੇ ਰੂਟ ਤੋਂ ਦੋਬਾਰਾ ਲੰਘਣ ਦਾ ਸਬੱਬ ਬਣ ਜਾਂਦਾ ਏ ਤਾਂ ਠੰਡ ਨਾਲ ਆਕੜੀ ਹੋਈ ਰੋਟੀ,ਠੰਡੀਆਂ ਗਾਜਰਾਂ ਵਾਲਾ ਦੇਸੀ ਸੈਂਡਵਿਚ,ਬਾਰਾਂ ਕਿਲੋਮੀਟਰ ਵਾਲਾ ਪੈਂਡਾ ਅਤੇ ਗਿੱਟਿਆਂ ਤੇ ਪਏ ਛਾਲੇ ਚੇਤੇ ਕਰ ਕਿਸੇ ਕਾਰਨ ਉਤਲੀ ਹਵਾਏ ਪਹੁੰਚ ਗਿਆ ਦਿਮਾਗ ਓਸੇ ਵੇਲੇ ਜਮੀਨ ਤੇ ਆਣ ਉੱਤਰਦਾ ਏ..!

You may also like